ਲੁਧਿਆਣੇ ‘ਚ ‘ਇਸਤਰੀ ਮਜ਼ਦੂਰ ਸੰਗਠਨ’ ਦੀ ਸ਼ੁਰੂਆਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

2 ਅਕਤੂਬਰ 2016 ਨੂੰ ਮਜ਼ਦੂਰ ਲਾਇਬ੍ਰੇਰੀ, ਲੁਧਿਆਣਾ ਵਿਖੇ ਔਰਤਾਂ ਦੀ ਇੱਕ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਮਾਜ ‘ਚ ਔਰਤਾਂ ਦੀ ਬੁਰੀ ਹਾਲਤ ਬਾਰੇ ਅਤੇ ਇਸ ਹਾਲਤ ਨੂੰ ਬਦਲਣ ਲਈ ਔਰਤਾਂ ਨੂੰ ਜਾਗਰੂਕ ਤੇ ਜੱਥੇਬੰਦ ਕਰਨ ਦੀ ਲੋੜ ਸਬੰਧੀ ਗੱਲਬਾਤ ਕੀਤੀ ਗਈ। ਮਜ਼ਦੂਰ ਔਰਤਾਂ ਦੀ ਹਾਲਤ ਹੋਰ ਵੀ ਵੱਧ ਬੁਰੀ ਹੈ। ਘਰ ਅਤੇ ਬਾਹਰ ਦੋਵਾਂ ਥਾਵਾਂ ‘ਤੇ ਔਰਤ ਮਜ਼ਦੂਰਾਂ ਨੂੰ ਬੇਹੱਦ ਭਿਅੰਕਰ ਹਾਲਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਰਦਾਂ ਦੇ ਬਰਾਬਰ ਜਾਂ ਜ਼ਿਆਦਾ ਕੰਮ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਮਰਦ ਮਜ਼ਦੂਰਾਂ ਤੋਂ ਘੱਟ ਤਨਖਾਹ ਮਿਲਦੀ ਹੈ। ਉਹਨਾਂ ਲਈ ਕਾਰਖਾਨਿਆਂ ਤੇ ਹੋਰ ਕੰਮ ਥਾਵਾਂ ‘ਤੇ ਲੋੜੀਂਦੀਆਂ ਸਹੂਲਤਾਂ ਦੀ ਵੀ ਕਮੀ ਹੈ। ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਵੀ ਨਹੀਂ ਹਨ। ਜਿਸ ਕਾਰਨ ਉਹ ਰੋਜ਼ਮਰ੍ਹਾ ਅਨੇਕ ਤਰਾਸਦੀਆਂ ਝੱਲਦੀਆਂ ਹਨ। ਜਿੱਥੇ ਇੱਕ ਪਾਸੇ ਉਹਨਾਂ ਦੀ ਕਿਰਤ ਦੀ ਲੁੱਟ ਹੁੰਦੀ ਹੈ ਉੱਥੇ ਉਹਨਾਂ ਨੂੰ ਛੇੜਛਾੜ, ਗੰਦੀ ਸ਼ਬਦਾਬਲੀ ਤੇ ਗਾਲ਼ੀ-ਗਲੌਚ ਵੀ ਸਹਿਣਾ ਪੈਂਦਾ ਹੈ। ਉਹਨਾਂ ਨੂੰ ਬਲਾਤਕਾਰ ਜਿਹੇ ਅਪਰਾਧਾਂ ਦਾ ਵੱਡੇ ਪੱਧਰ ‘ਤੇ ਸਾਹਮਣਾ ਕਰਨਾ ਪੈ ਰਿਹਾ ਹੈ। ਮਰਦ-ਪ੍ਰਧਾਨ ਮਾਨਸਿਕਤਾ ਨੇ ਉਹਨਾਂ ਨੂੰ ਦੂਜੇ ਦਰਜ਼ੇ ਦੀ ਨਾਗਰਿਕ, ਮਰਦਾਂ ਦੀ ਗੁਲਾਮ ਬਣਾ ਦਿੱਤਾ ਹੈ।।ਹਰ ਰੋਜ਼ ਔਰਤਾਂ ਖਿਲਾਫ਼ ਅਪਰਾਧ ਵੱਧਦੇ ਜਾ ਰਹੇ ਹਨ। ਫਿਲਮਾਂ, ਨਾਟਕਾਂ, ਗੀਤਾਂ, ਮਸ਼ਹੂਰੀਆਂ ਆਦਿ ਵਿੱਚ ਔਰਤਾਂ ਨੂੰ ਇੱਕ ਅਸ਼ਲੀਲ ਵਸਤੂ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਔਰਤਾਂ ਨੂੰ ਸਰਮਾਏਦਾਰਾ ਲੁੱਟ ਖਿਲਾਫ਼ ਲੜਨਾ ਪਵੇਗਾ।। ਲੁੱਟ ਅਧਾਰਿਤ ਸਮਾਜ ਵਿਚਲੀ ਮਰਦ ਪ੍ਰਧਾਨ ਮਾਨਸਿਕਤਾ ਖਿਲਾਫ਼ ਜੂਝਣਾ ਪਵੇਗਾ। ਔਰਤ ਹੋਣ ਕਾਰਨ ਉਹਨਾਂ ਨਾਲ਼ ਕਦਮ-ਕਦਮ ‘ਤੇ ਹੋਣ ਵਾਲ਼ੇ ਧੱਕੇ ਖਿਲਾਫ਼ ਜਾਗਰੂਕ ਤੇ ਜਥੇਬੰਦ ਹੋਣਾ ਪਵੇਗਾ। ਇਹ ਠੀਕ ਹੈ ਕਿ ਮਜ਼ਦੂਰ ਔਰਤਾਂ ਨੂੰ ਮਰਦ ਮਜ਼ਦੂਰਾਂ ਦੇ ਮੋਢੇ ਨਾਲ਼ ਮੋਢਾ ਜੋੜ ਕੇ ਸਰਮਾਏਦਾਰਾ ਲੁੱਟ ਖਿਲਾਫ਼ ਜੂਝਣਾ ਪਵੇਗਾ। ਪਰ ਮਜ਼ਦੂਰ ਔਰਤਾਂ ਨੂੰ ਉਹਨਾਂ ਦੇ ਹੱਕਾਂ ਲਈ ਲੋੜੀਂਦੇ ਰੂਪ ਵਿੱਚ ਜਾਗਰੂਕ ਤੇ ਜਥੇਬੰਦ ਕਰਨ ਲਈ ਇਹ ਜ਼ਰੂਰੀ ਹੈ ਕਿ ਮਜ਼ਦੂਰ ਔਰਤਾਂ ਦੀਆਂ ਵੱਖਰੀਆਂ ਜਥੇਬੰਦੀਆਂ ਬਣਾਈਆਂ ਜਾਣ।  ਇਸ ਵਿਚਾਰ ਚਰਚਾ ਤੋਂ ਬਾਅਦ ਲੁਧਿਆਣੇ ਵਿੱਚ ‘ਇਸਤਰੀ ਮਜ਼ਦੂਰ ਸੰਗਠਨ’ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ। ਕਨਵੀਨਰ ਦੀ ਜ਼ਿੰਮਵਾਰੀ ਬਲਜੀਤ ਨੂੰ ਸੌਂਪੀ ਗਈ ਹੈ।

•ਪੱਤਰ ਪ੍ਰੇਰਕ

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 62, 16 ਅਕਤੂਬਰ 2016 ਵਿੱਚ ਪ੍ਰਕਾਸ਼ਤ

Advertisements