ਲੁਧਿਆਣੇ ‘ਚ ਗੁੰਡਾਗਰਦੀ ਖਿਲਾਫ਼ ਜਨਤਕ ਘੋਲ਼

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਬੀਤੀ 6 ਸਤੰਬਰ ਨੂੰ ਲੁਧਿਆਣਾ ਵਿਖੇ ਵਿਸ਼ਾਲ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਟਿੱਬਾ ਰੋਡ ਲੁੱਟ-ਮਾਰ ਕਾਂਡ ਅਤੇ ਲੁਧਿਆਣੇ ਵਿੱਚ ਵੱਧਦੀ ਗੁੰਡਾਗਰਦੀ ਖਿਲਾਫ਼ ਤਿੰਨ ਜੁਝਾਰੂ ਜਨਤਕ ਜੱਥੇਬੰਦੀਆਂ ‘ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ’, ‘ਨੌਜਵਾਨ ਭਾਰਤ ਸਭਾ’ ਅਤੇ ‘ਕਾਰਖਾਨਾ ਮਜ਼ਦੂਰ ਯੂਨੀਅਨ’ ਦੇ ਸਾਂਝੇ ਬੈਨਰ ਹੇਠ ਬਸਤੀ ਜੋਧੇਵਾਲ਼ ਥਾਣੇ ‘ਤੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ”ਲੋਕਾਂ ਦੀ ਸੁਰੱਖਿਆ ਦੀ ਗਰੰਟੀ ਕਰੋ!”, ”ਟਿੱਬਾ ਰੋਡ ਲੁੱਟ-ਮਾਰ ਕਾਂਡ ਦੇ ਦੋਸ਼ੀਆਂ ਬਿੱਲਾ-ਹੈਪੀ ਨੂੰ ਜੇਲ੍ਹ ‘ਚ ਡੱਕੋ!”, ”ਬਸਤੀ ਜੋਧੇਵਾਲ਼ ਪੁਲੀਸ ਮੁਰਦਾਬਾਦ!”, ”ਲੋਕ ਏਕਤਾ ਜ਼ਿੰਦਾਬਾਦ!” ਆਦਿ ਅਸਮਾਨ ਗੂੰਜਵੇਂ ਨਾਅਰੇ ਬੁਲੰਦ ਕਰਦੇ ਹੋਏ ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਟਿੱਬਾ ਰੋਡ ਲੁੱਟ ਮਾਰ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ‘ਚ ਡੱਕਿਆ ਜਾਵੇ ਅਤੇ ਲੁਧਿਆਣੇ ਵਿੱਚ ਵੱਧਦੀ ਜਾ ਰਹੀ ਗੁੰਡਾਗਰਦੀ, ਲੁੱਟ-ਮਾਰ, ਛੁਰੇਬਾਜ਼ੀ, ਔਰਤਾਂ ਨਾਲ਼ ਛੇੜਛਾੜ, ਅਗਵਾ, ਬਲਾਤਕਾਰ ਆਦਿ ਅਪਰਾਧਾਂ ਨੂੰ ਠੱਲ੍ਹ ਪਾਉਣ ਲਈ ਜ਼ਰੂਰੀ ਕਦਮ ਚੁੱਕੇ ਜਾਣ।

ਮੁਜ਼ਾਹਰੇ ਨੂੰ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਰਾਜਵਿੰਦਰ, ਨੌਜਵਾਨ ਭਾਰਤ ਸਭਾ ਦੇ ਨਵਕਰਨ, ਯੂਨੀਅਨ ਆਗੂਆਂ ਛੋਟੇਲਾਲ, ਮਹੇਸ਼, ਪ੍ਰੇਮਨਾਥ, ਵਿਸ਼ਾਲ ਆਦਿ ਨੇ ਸੰਬੋਧਿਤ ਕੀਤਾ।

ਲੁਧਿਆਣੇ ਦੇ ਆਮ ਲੋਕ ਖ਼ਾਸਕਰ ਪ੍ਰਵਾਸੀ ਮਜ਼ਦੂਰ ਅਕਸਰ ਗੁੰਡਾਗਰਦੀ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਪੁਲੀਸ ਹਮੇਸ਼ਾ ਮੂਕ-ਦਰਸ਼ਕ ਬਣਕੇ ਵੇਖਦੀ ਹੀ ਨਹੀਂ ਰਹਿੰਦੀ ਸਗੋਂ ਗੁੰਡਾਗਰਦੀ ਦਾ ਸਾਥ ਵੀ ਦਿੰਦੀ ਹੈ। ਲੰਘੀ 27 ਅਗਸਤ ਨੂੰ ਟਿੱਬਾ ਰੋਡ ‘ਤੇ ਦੋ ਗੁੰਡਿਆਂ ਨੇ ਥੋੜ੍ਹੇ ਸਮੇਂ ਦੇ   ਵਕਫ਼ੇ ‘ਚ ਦੋ ਮਜ਼ਦੂਰਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ। ਇਸ ਮਾਮਲੇ ਵਿੱਚ ਧਾਰਾ 382, 34, 323 ਤਹਿਤ ਐਫ.ਆਈ.ਆਰ. ਦਰਜ਼ ਹੋ ਚੁੱਕੀ ਹੈ। ਇਹ ਐਫ਼.ਆਈ.ਆਰ. ਵੀ ਥਾਣੇ ‘ਤੇ ਰੋਸ ਮੁਜ਼ਾਹਰੇ ਤੋਂ ਬਾਅਦ ਹੀ ਦਰਜ਼ ਹੋਈ ਸੀ। ਪੁਲੀਸ ਨੇ ਐਫ਼.ਆਈ.ਆਰ. ਦਰਜ਼ ਹੋਣ ਤੋਂ ਚਾਰ ਦਿਨ ਬਾਅਦ ਦੋਸ਼ੀ ਗੁੰਡਾ ਗਿਰੋਹ ਨੂੰ ਫੜ੍ਹ ਤਾਂ ਲਿਆ ਪਰ ਬਿਨਾਂ ਅਦਾਲਤ ਵਿੱਚ ਪੇਸ਼ ਕੀਤਿਆਂ ਅਤੇ ਬਿਨਾਂ ਜਮਾਨਤ ਤੋਂ ਉਹਨਾਂ ਨੂੰ ਛੱਡ ਦਿੱਤਾ। ਬਿੱਲਾ ਅਤੇ ਹੈਪੀ ਹੁਣ ਫਿਰ ਪੁਲੀਸ ਦੀ ਮਿਲੀਭੁਗਤ ਨਾਲ਼ ਅਜ਼ਾਦ ਘੁੰਮ ਰਹੇ ਸਨ। ਪਰ ਇਸ ਮੁਜ਼ਾਹਰੇ ਤੋਂ ਪਹਿਲਾਂ ਹੀ ਪੁਲੀਸ ਨੇ ਦੋਹਾਂ ਦੋਸ਼ੀਆਂ ਨੂੰ ਫਿਰ ਤੋਂ ਗ੍ਰਿਫ਼ਤਾਰ ਕਰ ਲਿਆ। ਇਹ ਰਿਪੋਰਟ ਲਿਖੇ ਜਾਣ ਤੱਕ ਪੁਲੀਸ ਨੇ ਕਾਗਜ਼ਾਂ ਵਿੱਚ ਦੋਸ਼ੀਆਂ ਦੀ ਗ੍ਰਿ੍ਰਫ਼ਤਾਰੀ ਦਰਜ਼ ਨਹੀਂ ਕੀਤੀ ਹੈ।

ਟਿੱਬਾ ਰੋਡ ਮਾਮਲੇ ਦੇ ਇਹ ਦੋਸ਼ੀ ਅਤੇ ਇਹਨਾਂ ਦੇ ਸਾਥੀਆਂ ਤੋਂ ਇਸ ਇਲਾਕੇ ਦੇ ਲੋਕ ਖ਼ਾਸਕਰ ਮਜ਼ਦੂਰ ਕਾਫ਼ੀ ਪ੍ਰੇਸ਼ਾਨ ਹਨ। ਮਜ਼ਦੂਰਾਂ ਨਾਲ਼ ਕੁੱਟਮਾਰ ਕਰਨੀ, ਉਹਨਾਂ ਤੋਂ ਪੈਸੇ-ਮੋਬਾਇਲ ਖੋਹ ਲੈਣੇ, ਕੁੜੀਆਂ ਨੂੰ ਛੇੜਨਾ ਆਦਿ ਇਹਨਾਂ ਦੇ ਲਈ ਰੋਜ਼ ਦਾ ਕੰਮ ਬਣ ਗਿਆ ਹੈ। ਪੁਲੀਸ ਕੋਲ਼ ਕੁੱਝ ਸ਼ਿਕਾਇਤਾਂ ਵੀ ਇਹਨਾਂ ਖ਼ਿਲਾਫ਼ ਹੋਈਆਂ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਹੁਣ ਫਿਰ ਪੁਲੀਸ ਇਹਨਾਂ ਗੁੰਡਿਆਂ ਨੂੰ ਬਚਾਉਣ ਲਈ ਲੱਗੀ ਹੋਈ ਹੈ। ਪੁਲੀਸ ਇਸ ਨੂੰ ਲੁੱਟ-ਮਾਰ ਦੀ ਥਾਂ ਆਪਸੀ ਝਗੜੇ ਦਾ ਮਾਮਲਾ ਕਹਿ ਰਹੀ ਹੈ। ਇਲਾਕੇ ਦੇ ਇੱਕ ਅਕਾਲੀ ਲੀਡਰ ਅਤੇ ਇੱਕ ਦੋ ਹੋਰ ਵਿਅਕਤੀ ਗੁੰਡਿਆਂ ਦੀ ਮਦਦ ਕਰ ਰਹੇ ਹਨ। ਮਜ਼ਦੂਰਾਂ ਤੋਂ ਬਿਨਾਂ ਬਾਕੀ ਲੋਕ ਗੁੰਡਿਆਂ ਖਿਲਾਫ਼ ਖੁੱਲ੍ਹ ਕੇ ਸਾਮਹਣੇ ਨਹੀਂ ਆ ਰਹੇ ਪਰ ਮਜ਼ਦੂਰਾਂ ਦੇ ਗੁੰਡਾਗਰਦੀ ਦੇ ਖਿਲਾਫ਼ ਸੰਘਰਸ਼ ਤੋਂ ਲੋਕ ਕਾਫ਼ੀ ਖ਼ੁਸ਼ ਹਨ।

ਲੁੱਟ-ਮਾਰ ਦਾ ਸ਼ਿਕਾਰ ਮਜ਼ਦੂਰਾਂ ਨੂੰ ਕੇਸ ਵਾਪਿਸ ਨਾ ਲੈਣ ਕਰਕੇ ਲਗਾਤਾਰ ਜਾਨ ਤੋਂ ਮਾਰਨ, ਪੀੜਤ ਸੰਭੂ ਦੀਆਂ ਕੁੜੀਆਂ ਨੂੰ ਤੰਗ-ਪਰੇਸ਼ਾਨ ਕਰਨ ਆਦਿ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਥਾਣੇ ਵਿੱਚ ਸ਼ਿਕਾਇਤ ਹੋਣ ਤੋਂ ਬਾਅਦ ਵੀ ਸ਼ੰਭੂ ‘ਤੇ ਉਪਰੋਕਤ ਗੁੰਡਾ ਗਿਰੋਹ ਵੱਲੋਂ ਦੋ ਜਾਨਲੇਵਾ ਹਮਲੇ ਹੋ ਚੁੱਕੇ ਹਨ। ਸ਼ੰਭੂ ਦੇ ਬੱਚਿਆਂ ਨੂੰ ਡਰ ਕਾਰਨ ਸਕੂਲ ਛੱਡਣਾ ਪਿਆ ਹੈ। ਬਸਤੀ ਜੋਧੇਵਾਲ ਪੁਲੀਸ ਦੀ ਇਸ ਘਟੀਆ ਕਾਰਗੁਜ਼ਾਰੀ ਬਾਰੇ ਏ.ਡੀ.ਸੀ.ਪੀ. -4 ਸਤਪਾਲ ਸਿੰਘ ਅਟਵਾਲ਼ ਨੂੰ ਮਿਲਕੇ ਲਿਖ਼ਤ ਸ਼ਿਕਾਇਤ ਕੀਤੀ ਗਈ ਹੈ। ਮੁੱਖ-ਮੰਤਰੀ, ਡੀ.ਜੀ.ਪੀ., ਪੁਲੀਸ ਕਮਿਸ਼ਨਰ, ਹਾਈਕੋਰਟ ਦੇ ਮੁੱਖ ਜੱਜ, ਮਨੁੱਖੀ-ਅਧਿਕਾਰ ਕਮਿਸ਼ਨ ਨੂੰ ਚਿੱਠੀਆਂ ਭੇਜੀਆਂ ਗਈਆਂ ਹਨ। ਪਰ ਪੀੜਤਾਂ ਦੀ ਸੁਰੱਖਿਆ ਵੱਲ਼ ਕੋਈ ਧਿਆਨ ਤੱਕ ਨਹੀਂ  ਦਿੱਤਾ ਗਿਆ। ਯੂਨੀਅਨ ਨੇ ਆਪਣੇ ਦਮ ‘ਤੇ ਉਹਨਾਂ ਦੀ ਸੁਰੱਖਿਆ ਲਈ ਕਦਮ ਚੁੱਕੇ ਹਨ। ਇਸ ਤਰ੍ਹਾਂ ਇਹ ਸਪੱਸ਼ਟ ਸਮਝਿਆ ਜਾ ਸਕਦਾ ਹੈ ਕਿ ਪੁਲੀਸ, ਪ੍ਰਸ਼ਾਸਨ, ਸਰਕਾਰ ਤੋਂ ਲੋਕਾਂ ਦੀ ਸੁਰੱਖਿਆ ਦੀ ਉਮੀਦ ਨਹੀਂ ਰਖਣੀ ਚਾਹੀਦੀ। ਲੋਕਾਂ ਨੂੰ ਆਪਣੀ ਸੁਰੱਖਿਆ ਦੇ ਲਈ ਗੁੰਡਾ-ਪੁਲੀਸ-ਪ੍ਰਸ਼ਾਸ਼ਨ-ਸਿਆਸੀ ਅਟੁੱਟ ਗੱਠਜੋੜ ਖਿਲਾਫ਼ ਜਾਗਰੂਕ, ਇੱਕਜੁਟ ਅਤੇ ਲਾਮਬੰਦ ਹੋਕੇ ਆਪਣੀ ਰੱਖਿਆ ਲਈ ਕਦਮ ਚੁੱਕਣੇ ਹੋਣਗੇ।

– ਪੱਤਰ ਪ੍ਰੇਰਕ

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 44, ਅਕਤੂਬਰ 2015 ਵਿਚ ਪਰ੍ਕਾਸ਼ਤ

Advertisements