ਲੋਕ ਬੁੱਧੀਜੀਵੀ ਕੌਣ ਹਨ? •ਰੋਮਿਲਾ ਥਾਪਰ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਨਵੀਂ ਦਿੱਲੀ ਦੀ ਜਵਾਹਰ ਲਾਲ ਯੂਨੀਵਰਸਿਟੀ ਦੇ ਸੇਵਾ-ਮੁਕਤ ਪ੍ਰੋਫੈਸਰ ਰੋਮਿਲਾ ਥਾਪਰ ਜਿਹੜੇ ਹੁਣ 83 ਸਾਲਾਂ ਦੇ ਹੋ ਚੁੱਕੇ ਹਨ, ਪ੍ਰਾਚੀਨ ਭਾਰਤ ਦੇ ਇਤਿਹਾਸ ਦੇ ਸਭ ਤੋਂ ਚੰਗੇ ਜਾਣਕਾਰਾਂ ਵਿੱਚੋਂ ਹਨ। ਥਾਪਰ ਜਿਹਨਾਂ ਦੇ ਲੇਖ ਹਾਲ ਹੀ ਛਪੇ ਇੱਕ ਲੇਖ-ਸੰਗ੍ਰਹਿ ‘ਪਬਲਿਕ ਇੰਟਲੈਕਚੁਅਲ ਇਨ ਇੰਡੀਆ’ ਵਿੱਚ ਸ਼ਾਮਲ ਹਨ, ਨੇ ਇਸ ਇੰਟਰਵਿਊ ਵਿੱਚ ਇੰਡੀਅਨ ਐਕਸਪ੍ਰੈੱਸ ਦੀ ਪੱਤਰਕਾਰ ਸੀਮਾ ਚਿਸ਼ਤੀ ਨਾਲ ਭਾਰਤ ਵਿੱਚ ਵਧ ਰਹੀ ਅਸਹਿਣਸ਼ੀਲਤਾ, ਅਸਹਿਮਤੀ ਪ੍ਰਗਟ ਕਰਨ ਦੀ ਲੋੜ ਅਤੇ ਲੋਕ ਬੁੱਧੀਜੀਵੀ ਦੀ ਵਿਆਖਿਆ ਉੱਤੇ ਗੱਲ ਕੀਤੀ ਹੈ। ਇੱਥੇ ਇਹ ਸਪੱਸ਼ਟ ਕਰ ਦੇਈਏ ਕਿ ਪ੍ਰੋ: ਥਾਪਰ ਦੇ ਸਾਰੇ ਵਿਚਾਰਾਂ ਨਾਲ਼ ਸਾਡੀ ਸਹਿਮਤੀ ਜ਼ਰੂਰੀ ਨਹੀਂ ਹੈ। – ਸੰਪਾਦਕ)

ਆਖ਼ਿਰ ਪਬਲਿਕ ਇੰਟਲੈਕਚੁਅਲ ਅਰਥਾਤ ਲੋਕ ਬੁੱਧੀਜੀਵੀ ਕੌਣ ਹਨ?

ਜਮਹੂਰੀਅਤ ਕਾਰਜਪਾਲਿਕਾ, ਵਿਧਾਨਪਾਲਿਕਾ ਅਤੇ ਨਿਆਂਪਾਲਿਕਾ ਦੀ ਬੁਨਿਆਦ ਉੱਤੇ ਖੜੀ ਹੁੰਦੀ ਹੈ, ਪਰ ਇਸ (ਜਮਹੂਰੀਅਤ) ਲਈ ਕੀਤੇ ਗਏ ਫੈਸਲਿਆਂ ਉੱਤੇ ਲੋਕਾਂ ਦੁਆਰਾ ਬਹਿਸ, ਸਹਿਮਤੀ ਤੇ ਅਸਹਿਮਤੀ ਵੀ ਜ਼ਰੂਰੀ ਹੈ। ਪਰ ਸਾਡੀ ਜਮਹੂਰੀਅਤ ਨੂੰ ਕਾਣ ਪਿਆ ਹੋਇਆ ਹੈ ਕਿਉਂਕਿ ਅਸੀਂ ਅਜੇ ਵੀ ਇੱਕ ਸਥਾਈ ਬਹੁਗਿਣਤੀ ਅਤੇ ਘੱਟਗਿਣਤੀ ਦੀ ਹਾਲਤ ਨੂੰ ਕਾਇਮ ਰੱਖਿਆ ਹੋਇਆ ਹੈ। ਇੱਕ ਮੁਕੰਮਲ ਜਮਹੂਰੀ ਢਾਂਚੇ ਵਿੱਚ ਬਹੁਗਿਣਤੀ ਵੱਖ-ਵੱਖ ਰਾਵਾਂ ਰੱਖਦੇ ਅਜਿਹੇ ਲੋਕਾਂ ਨੂੰ ਮਿਲਕੇ ਬਣਦੀ ਹੈ ਜਿਹੜੇ ਕਿਸੇ ਖਾਸ ਮੁੱਦੇ ਉੱਤੇ ਇਕੱਠੇ ਹੋ ਕੇ ਬਹੁਗਿਣਤੀ ਬਣਾਉਂਦੇ ਹਨ, ਅਤੇ ਇਸਦੀ (ਬਹੁਗਿਣਤੀ ਦੀ) ਬਣਤਰ ਮੁੱਦਾ-ਦਰ-ਮੁੱਦਾ ਬਦਲਦੀ ਰਹਿੰਦੀ ਹੈ। ਧਰਮ ਜਾਂ ਜਾਤ ਜਾਂ ਅਜਿਹੀ ਹੀ ਕਿਸੇ ਹੋਰ ਪਛਾਣ ਦੇ ਅਧਾਰ ‘ਤੇ ਬਣੀ ਇੱਕ ਸਥਾਈ ਬਹੁਗਿਣਤੀ ਨਹੀਂ ਹੋ ਸਕਦੀ। ਅਜਿਹੀ ਬਹੁਗਿਣਤੀ ਜਮਹੂਰੀਅਤ ਨੂੰ ਸਿਰਫ਼ ਕਮਜ਼ੋਰ ਹੀ ਕਰ ਸਕਦੀ ਹੈ। ਅਜਿਹੇ ਲੋਕਾਂ ਦਾ ਹੋਣਾ ਜ਼ਰੂਰੀ ਹੈ ਜਿਹੜੇ ਮੁੱਦਿਆਂ ਉੱਤੇ ਬੋਲਦੇ ਹੋਣ ਅਤੇ ਜਮਹੂਰੀ ਕੰਮਢੰਗ ਉੱਤੇ ਟਿੱਪਣੀ ਕਰਦੇ ਹੋਣ। ਇਸ ਲਈ ਲੋਕ ਬੁੱਧੀਜੀਵੀ ਅਜਿਹਾ ਵਿਅਕਤੀ ਹੀ ਹੋ ਸਕਦਾ ਹੈ ਜਿਹੜਾ ਬੋਲਣ ਦੀ ਇੱਛਾ ਰੱਖਦਾ ਹੋਵੇ, ਜਿਹੜਾ ਕਿਸੇ ਕਿੱਤੇ ਜਾਂ ਵਿਸ਼ਾ-ਵਿਸ਼ੇਸ਼ ਨਾਲ ਜੁੜਿਆ ਹੋਵੇ ਕਿਉਂਕਿ ਅਜਿਹਾ ਹੋਣਾ ਆਮ ਤੌਰ ‘ਤੇ ਵਧੇਰੇ ਜ਼ਾਬਤਾਬੱਧ ਸੋਚਣੀ ਨੂੰ ਸੰਭਵ ਬਣਾਉਂਦਾ ਹੈ।

ਕੀ ਤੁਸੀਂ ਸੋਚਦੇ ਹੋ ਕਿ ਭਾਰਤ ਵਿੱਚ ਜਿਹੜਾ ਧਰੁਵੀਕਰਨ ਅੱਜ ਅਸੀਂ ਦੇਖ ਰਹੇ ਹਾਂ, ਉਸ ਦੀਆਂ ਜੜ੍ਹਾਂ ਬੀਤੇ ਵਿੱਚ ਹਨ?

ਇਸ ਸਵਾਲ ਦਾ ਜਵਾਬ ਦੇਣ ਲਈ ਮੈਨੂੰ ਇਤਿਹਾਸ-ਲੇਖਣ ਵੱਲ ਮੁੜਨਾ ਪਵੇਗਾ, ਉਸ ਅਮਲ ਵੱਲ ਮੁੜਨਾ ਪਵੇਗਾ ਜਿਸ ਰਾਹੀਂ ਕੌਮ ਦੇ ਸੰਕਲਪ ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਹਾਸਲ ਕੀਤੀਆਂ ਗਈਆਂ। ਇਹ ਬਸਤੀਵਾਦੀ ਵਿਦਵਾਨਾਂ ਤੋਂ ਸ਼ੁਰੂ ਹੁੰਦਾ ਹੈ ਅਤੇ ਇਹ ਜੇਮਜ਼ ਮਿੱਲ ਤੋਂ ਸ਼ੁਰੂ ਹੁੰਦਾ ਹੈ ਜਿਸਨੇ ਭਾਰਤੀ ਇਤਿਹਾਸ ਨੂੰ ਹਿੰਦੂ, ਮੁਸਲਿਮ ਅਤੇ ਬ੍ਰਿਟਿਸ਼ ਕਾਲ਼ਾਂ ਵਿੱਚ ਵੰਡਣ ਵਾਲੀ ਕਿਤਾਬ ਲਿਖੀ, ਅਤੇ ਦੋ ਕੌਮਾਂ ਦੇ ਸਿਧਾਂਤ ਦਾ ਆਗਾਜ਼ ਕੀਤਾ। 1947 ਵਿੱਚ ਦੇਸ਼ ਦੀ ਵੰਡ ਕਰਵਾਉਣ ਤੱਕ ਲੈ ਜਾਣ ਵਾਲੀ ਲਹਿਰ ਅਤੇ ਭਾਰਤ ਨੂੰ ਅੱਜ ਇੱਕ ਹਿੰਦੂ ਮੁਲਕ ਬਣਾਉਣ ਦੀ ਪੈਦਾ ਹੋ ਰਹੀ ਸੰਭਾਵਨਾ, ਦੋਵਾਂ ਦੀ ਬੁਨਿਆਦ ਇਹੀ ਹੈ। ਦੋ ਕੌਮਾਂ ਦੇ ਸਿਧਾਂਤ ਨੇ ਦੋ ਅੱਤਵਾਦੀ (Extremist) ਧਾਰਮਿਕ ਕੌਮਪ੍ਰਸਤੀਆਂ ਨੂੰ ਜਾਇਜ਼ ਠਹਿਰਾਉਣ ਦਾ ਕੰਮ ਕੀਤਾ। ਪਾਕਿਸਤਾਨ ਦੀ ਕਾਇਮੀ ਮੁਸਲਿਮ ਅੱਤਵਾਦੀ ਕੌਮਪ੍ਰਸਤੀ ਦੇ ਸਿੱਟੇ ਵਜੋਂ ਹੋਈ, ਇਸ ਲਈ ਇਹ ਦਲੀਲ ਪੇਸ਼ ਕੀਤੀ ਜਾਂਦੀ ਹੈ ਕਿ ਇਸ ਦੇ ਬਰਾਬਰ ਹਿੰਦੂ ਰਾਸ਼ਟਰ ਹੀ ਹੋ ਸਕਦਾ ਹੈ। ਅਜਿਹੀ ਦਲੀਲਬਾਜ਼ੀ ਭਾਰਤ ਦੇ ਧਰਮਨਿਰਪੱਖ ਰਾਜ ਹੋਣ ਦੀ ਜਾਇਜ਼ਤਾ ਦਾ ਵਿਰੋਧ ਕਰਦੀ ਹੈ। ਜੇ ਧਰਮਨਿਰਪੱਖਤਾ ਤੋਂ ਮੁਨਕਰ ਹੋਇਆ ਜਾਂਦਾ ਹੈ, ਤਾਂ ਇਹ ਜਮਹੂਰੀਅਤ ਤੋਂ ਮੁਨਕਰ ਹੋਣਾ ਹੈ।

ਹਿੰਦੂ ਕੌਮ ਦੇ ਸੰਕਲਪ ਦਾ ਤਰਕ 1930ਵਿਆਂ ਵਿੱਚ ਦਿੱਤਾ ਜਾਂਦਾ ਸੀ। ਬਾਅਦ ਦੇ ਭਾਰਤ ਦੇ ਇਤਿਹਾਸਕਾਰਾਂ ਦੁਆਰਾ ਇਹਨਾਂ ਸਿਧਾਂਤਕਾਰੀਆਂ ਨੂੰ ਝੁਠਲਾਉਣ ਦੇ ਬਾਵਜੂਦ ਇਹ ਸੰਕਲਪ ਬਦਲਿਆ ਨਹੀਂ ਹੈ। ਜੋ ਕੁਝ ਅੱਜ ਅਸੀਂ ਦੇਖ ਰਹੇ ਹਾਂ, ਉਹ ਬਹੁਤ ਹੱਦ ਤੱਕ ਹਿੰਦੂ ਰਾਸ਼ਟਰ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਹੀ ਹਨ। ਮੈਂ ਸੋਚਦੀ ਹਾਂ ਕਿ ਇਹਨਾਂ ਚੋਣਾਂ ਨੇ ਹਿੰਦੂ ਰਾਸ਼ਟਰ ਦੇ ਹਮਾਇਤੀਆਂ ਵਿੱਚ ਇਹ ਭਾਵਨਾ ਭਰ ਦਿੱਤੀ ਹੈ ਕਿ ਇਹ “ਹੁਣ ਨਹੀਂ ਤਾਂ ਕਦੇ ਨਹੀਂ” ਵਾਲ਼ਾ ਮੌਕਾ ਹੈ। ਸਾਰਰੂਪ ਵਿੱਚ ਇਸਦਾ ਅਰਥ 1930ਵਿਆਂ ਦੇ ਹਿੰਦੂਤਵੀ ਵਿਚਾਰਧਾਰਕਾਂ ਦੀਆਂ ਪ੍ਰਸਥਾਪਨਾਵਾਂ ਵੱਲ ਵਾਪਸ ਮੁੜਨਾ ਹੈ। ਪਿੱਤਰਭੂਮੀ ਅਤੇ ਆਰੀਆ ਲੋਕਾਂ ਦੀ ਪਵਿੱਤਰ ਭੂਮੀ ਹਿੰਦੂਆਂ ਦੇ ਪੂਰਵਜਾਂ ਅਤੇ ਧਰਮ ਦੀ ਹੋਮਲੈਂਡ ਹੈ, ਸਿਰਫ਼ ਉਹੀ ਅਜਿਹੇ ਦੇਸ਼ ਦੇ ਵਿਸ਼ੇਸ਼ਾਧਿਕਾਰ ਪ੍ਰਾਪਤ ਮੁੱਢਲੇ ਸ਼ਹਿਰੀ ਹਨ ਅਤੇ ਜਿਸਦੀਆਂ ਹੱਦਾਂ ਬ੍ਰਿਟਿਸ਼ਕਾਲੀਨ ਭਾਰਤ ਦੀਆਂ ਹੱਦਾਂ ਹਨ। ਅੱਜ ਜੋ ਰਿਹਾ ਹੈ, ਉਸਦਾ ਬਹੁਤਾ ਕੁਝ ਅਜਿਹਾ ਮਾਹੌਲ ਪੈਦਾ ਕਰਨਾ ਹੈ ਜਿਸ ਵਿੱਚ ਅਜਿਹਾ ਦੇਸ਼ ਪ੍ਰਵਾਨਗੀਯੋਗ ਬਣ ਜਾਵੇ। ਜੇ ਇਸ ਲਈ ਲੋਕਾਂ ਵਿੱਚ ਦਹਿਸ਼ਤ ਫੈਲਾਉਣੀ ਪਵੇ ਤਾਂ ਉਸ ਤੋਂ ਵੀ ਕੋਈ ਇਨਕਾਰ ਨਹੀਂ।

ਇਹ ਧਿਆਨਦੇਣ ਯੋਗ ਹੈ ਕਿ ਇਨੀਂ ਦਿਨੀਂ ਕਿਸੇ ਨੇ ਕਿਹਾ ਹੈ, “ਸਾਨੂੰ ਸੰਵਿਧਾਨ ਵਿੱਚ ਧਰਮਨਿਰਪੱਖਤਾ ਕਿਉਂ ਰੱਖਣੀ ਪੈ ਰਹੀ ਹੈ?” ਇਹ ਐਵੇਂ ਇੱਕ ਚਲਵਾਂ ਬਿਆਨ ਦਿਖਾਈ ਦੇ ਸਕਦਾ ਹੈ, ਪ੍ਰੰਤੂ ਇਹ ਬਿਲਕੁਲ ਵੀ ਲਾਪਰਵਾਹੀ ਨਾਲ ਦਿੱਤਾ ਗਿਆ ਬਿਆਨ ਨਹੀਂ ਹੈ ਕਿਉਂਕਿ ਜੇ ਇੱਕ ਧਰਮ-ਅਧਾਰਤ ਰਾਜ ਕਾਇਮ ਕਰਨਾ ਹੈ ਤਾਂ ਇਹ ਲਾਜ਼ਮੀ ਹੈ ਕਿ ਧਰਮਨਿਰਪੱਖਤਾ ਦੀ ਧਾਰਨਾ ਨੂੰ ਖਤਮ ਕੀਤਾ ਜਾਵੇ। ਜੋ ਅਸੀਂ ਇਸ ਪਲ਼ ਦੇਖ ਰਹੇ ਹਾਂ, ਉਹ ਹਿੰਦੂਵਾਦ ਵੱਲ ਮੁੜਨਾ ਘੱਟ, ਹਿੰਦੂਤਵ ਵੱਲ ਮੋੜਾ ਜ਼ਿਆਦਾ ਹੈ – ਅਤੇ ਮੈਂ ਇਹਨਾਂ ਦੋਵਾਂ ਵਿੱਚ ਫ਼ਰਕ ਕਰਦੀ ਹਾਂ। ਪਹਿਲਾ ਇੱਕ ਧਰਮ ਹੈ, ਦੂਜਾ ਧਰਮ-ਅਧਾਰਤ ਇੱਕ ਸਿਆਸੀ ਵਿਚਾਰਧਾਰਾ ਹੈ। ਹਿੰਦੂਵਾਦ ਕਦੇ ਵੀ ਧਰਮ-ਅਧਾਰਤ ਰਾਜ ਕਾਇਮ ਕਰਨ ਦਾ ਵਾਹਕ ਨਹੀਂ ਰਿਹਾ ਹੈ, ਇਸ ਲਈ ਹਿੰਦੂਤਵ ਧਰਮ ਦੀ ਇਸ ਮਕਸਦ ਲਈ ਮੁੜ-ਵਿਆਖਿਆ ਹੈ। ਜਿਹੜੀ ਧਾਰਮਿਕ ਮੁੜ-ਸੁਰਜੀਤੀ ਅਸੀਂ ਦੇਖ ਰਹੇ ਹਾਂ, ਇਹ ਸਿਰਫ਼ ਭਗਤੀ ਅਤੇ ਆਸਥਾ ਦੀ ਮੁੜ-ਸੁਰਜੀਤੀ ਨਹੀਂ ਹੈ, ਇਸ ਨਾਲ ਇੱਕ ਖਾਸ ਕਿਸਮ ਦਾ ਰਾਜ ਕਾਇਮ ਕਰਨ ਦਾ ਸਿਆਸੀ ਪ੍ਰੋਜੈਕਟ ਜੁੜਿਆ ਹੋਇਆ ਹੈ।

ਆਪਣੀ ਕਿਤਾਬ ਵਿੱਚ ਤੁਸੀਂ ਭਾਰਤ ਵਿੱਚ ਲੋਕ ਬੁੱਧੀਜੀਵੀ ਦੇ ਰੂਪ ਵਿੱਚ ਬੁੱਧ, ਏਕਨਾਥ… ਉਹ ਲੋਕ ਜਿਹਨਾਂ ਨੇ ਆਪਣੀ ਅਵਾਜ਼ ਬੁਲੰਦ ਕੀਤੀ, ਦਾ ਨਾਂ ਲਿਆ ਹੈ?

ਇਹਨਾਂ ਲੋਕਾਂ ਦਾ ਜ਼ਿਕਰ ਉਹਨਾਂ ਅਰਥਾਂ ਵਿੱਚ ਨਹੀਂ ਕੀਤਾ ਗਿਆ ਜਿਹਨਾਂ ਅਰਥਾਂ ਵਿੱਚ ਅਸੀਂ ਅੱਜ ਲੋਕ ਬੁੱਧੀਜੀਵੀ ਦੀ ਗੱਲ ਕਰਦੇ ਹਾਂ। ਉਹ ਅਜਿਹੇ ਬੁੱਧੀਜੀਵੀ ਸਨ ਜਿਹੜੇ ਹਰੇਕ ਧਰਮ ਅਤੇ ਸਭਨਾਂ ਵਿਚਾਰਕ ਕੱਟੜਤਾਵਾਂ ਉੱਤੇ ਸਵਾਲ ਉਠਾਉਣ ਦੀ ਹਿੰਮਤ ਰੱਖਦੇ ਸਨ। ਇਸ ਲਈ ਉਹ ਅੱਜ ਦੇ ਲੋਕ ਬੁੱਧੀਜੀਵੀਆਂ ਦੇ ਇੱਕ ਤਰ੍ਹਾਂ ਨਾਲ ਪੂਰਵਜ ਸਨ ਅਤੇ ਮੈਂ ਇਸ ਗੱਲ ਉੱਤੇ ਜ਼ੋਰ ਦੇ ਰਹੀ ਹਾਂ ਕਿ ਸਾਨੂੰ ਚਿੰਤਨ ਦੀ ਇਸ ਰਵਾਇਤ ਤੋਂ ਜਾਣੂ ਹੋਣਾ ਚਾਹੀਦਾ ਹੈ। ਵੈਦਿਕ ਬ੍ਰਾਹਮਣਵਾਦ ਨੂੰ ਸ਼੍ਰਮਨਾਂ, ਬੋਧੀਆਂ, ਜੈਨਾਂ ਅਤੇ ਦੂਜੇ ਸਨਿਆਸੀਆਂ ਜਿਹਨਾਂ ਨੂੰ ਉਹ ਨਾਸਤਿਕ ਕਹਿੰਦੇ ਸਨ, ਦਾ ਸਾਹਮਣਾ ਕਰਨਾ ਪਿਆ ਅਤੇ ਇਹਨਾਂ ਨੂੰ ਅੱਗੇ ਚਾਰਵਕਾਂ ਜਾਂ ਪਦਾਰਥਵਾਦੀਆਂ ਨਾਲ਼ ਟੱਕਰ ਲੈਣੀ ਪਈ। ਧਰਮ ਕਦੇ ਵੀ ਇੱਕ ਇਕਹਿਰੀ ਚੀਜ਼ ਨਹੀਂ ਰਿਹਾ ਸਗੋਂ ਸਨਾਤਨੀ ਤੋਂ ਗੈਰ-ਸਨਾਤਨੀ, ਕਈ ਤਰ੍ਹਾਂ ਦੀਆਂ ਰੰਗਤਾਂ ਵਾਲੇ ਬਹੁਤ ਸਾਰੇ ਫਿਰਕਿਆਂ ਦੀ ਇੱਕ ਲੜੀ ਵਜੋਂ ਰਿਹਾ ਹੈ। ਬਾਅਦ ਵਿੱਚ ਆਉਣ ਵਾਲੇ ਧਰਮਾਂ ਨੇ ਵੀ ਇਹੀ ਪੈਟਰਨ ਅਪਣਾਈ ਰੱਖਿਆ। ਅਜਿਹਾ ਹੋਣ ਦਾ ਇੱਕ ਕਾਰਨ ਫਿਰਕਿਆਂ ਦੀਆਂ ਤੰਦਾਂ ਦਾ ਜਾਤ ਨਾਲ਼ ਉਲਝਿਆ ਹੋਣਾ ਸੀ। ਸਾਰੇ ਧਰਮਾਂ ਨੇ ਜਾਤ ਨੂੰ ਵੱਧ ਜਾਂ ਘੱਟ, ਆਪਣੇ ਅੰਦਰ ਸਮੋਇਆ ਹੈ। ਸਾਰੇ ਧਰਮਾਂ ਵਿੱਚ ਦਲਿਤਾਂ ਨਾਲ ਹੁੰਦੇ ਭੇਦਭਾਵ ਤੋਂ ਇਹ ਸਾਫ਼ ਦਿਖਾਈ ਦਿੰਦਾ ਹੈ।

ਸਨਾਤਨੀ ਅਤੇ ਉਹਨਾਂ ਉੱਤੇ ਸਵਾਲ ਉਠਾਉਣ ਵਾਲ਼ਿਆਂ ਵਿੱਚ ਮਤਭੇਦ ਪ੍ਰਾਚੀਨ ਭਾਰਤ ਵਿੱਚ ਮੌਜੂਦ ਸਨ। ਉਹ ਮਤਭੇਦ ਕਿਵੇਂ ਦੂਰ ਹੋਏ?

ਮਤਭੇਦ ਹਮੇਸ਼ਾਂ ਹੀ ਹੱਲ ਨਹੀਂ ਹੁੰਦੇ ਸਨ, ਕਿਉਂਕਿ ਜ਼ਰੂਰੀ ਨਹੀਂ ਕਿ ਕਿਸੇ ਵੀ ਜੀਵੰਤ ਸੱਭਿਆਚਾਰ ਵਿੱਚ ਇਹ ਹਮੇਸ਼ਾਂ ਹੱਲ ਹੋਣ ਹੀ, ਪ੍ਰੰਤੂ ਬਹੁਤ ਸਾਰੇ ਮਤਭੇਦ ਵੱਖ-ਵੱਖ ਫਿਰਕਿਆਂ ਵਿਚਾਲੇ ਆਪਸੀ ਸੰਵਾਦ ਰਾਹੀਂ ਕੁਝ ਹੱਦ ਤੱਕ ਹੱਲ ਹੋ ਜਾਂਦੇ ਸਨ। ਰਾਵਾਂ ਦਾ ਵਖਰੇਵਾਂ ਸਵੀਕਾਰਿਆ ਜਾਂਦਾ ਸੀ ਤੇ ਉਸ ਉੱਤੇ ਬਹਿਸ ਹੁੰਦੀ ਸੀ ਅਤੇ ਸਾਨੂੰ ਅਜਿਹੀਆਂ ਬਹਿਸਾਂ ਨਾਲ਼ ਸਬੰਧਿਤ ਕਈ ਲਿਖਤਾਂ ਮਿਲਦੀਆਂ ਹਨ। ਇਹਨਾਂ ਵਿੱਚੋਂ ਸਭ ਤੋਂ ਦਿਲਚਸਪ ਲਿਖਤਾਂ ਵਿੱਚੋਂ ਇੱਕ ਏਕਨਾਥ ਦੁਆਰਾ ਲਿਖੀ ਹੋਈ ਹੈ ਜੋ ਕਿ ਖੁਦ ਮਹਾਂਰਾਸ਼ਟਰ ਦਾ ਇੱਕ ਬ੍ਰਾਹਮਣ ਸੀ ਤੇ ਵੱਖਰੇ ਵਿਚਾਰ ਰੱਖਦਾ ਸੀ ਅਤੇ ਉਸਨੇ ਹਿੰਦੂਆਂ-ਤੁਰਕਾਂ ਦੇ ਆਪਸੀ ਧਾਰਮਿਕ ਸਹਿਯੋਗ ਬਾਰੇ ਬੜੇ ਮਖ਼ੌਲ ਭਰੇ ਵਿਅੰਗਾਤਮਕ ਲਹਿਜ਼ੇ ਵਿੱਚ ਲਿਖਿਆ ਹੈ। ਬਿਨਾਂ ਸ਼ੱਕ, ਜਦੋਂ ਕਦੇ ਸ਼ਾਹੀ ਛਤਰਛਾਇਆ ਹਾਸਲ ਕਰਨ ਦੀ ਹੋੜ੍ਹ ਲੱਗ ਜਾਂਦੀ ਸੀ ਤਾਂ ਇਹਨਾਂ ਸਬੰਧਾਂ ਵਿੱਚ ਕੜਵਾਹਟ ਆ ਜਾਂਦੀ ਸੀ। ਪਹਿਲੀ ਈਸਵੀ ਦਹਿ-ਸਦੀ ਦੇ ਮੱਧ ਵਿੱਚ ਗੰਧਾਰ ਵਿੱਚ ਕੁਝ ਬੋਧੀ ਭਿਖਸ਼ੂਆਂ ਦੀ ਹੱਤਿਆ ਹੋ ਗਈ ਸੀ ਅਤੇ ਕੁਝ ਸਦੀਆਂ ਬਾਅਦ ਦੱਖਣੀ ਭਾਰਤ ਵਿੱਚ ਕੁਝ ਜੈਨ ਭਿਖਸ਼ੂਆਂ ਨਾਲ਼ ਵੀ ਇਹੀ ਹੋਇਆ। ਪਰ ਯੂਰਪ ਜਿੱਥੇ ਕਿ ਮੱਧਯੁੱਗ ਵਿੱਚ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪੀਣਾ ਪਿਆ ਸੀ, ਜਿੱਥੇ ਕੈਥੋਲਿਕ ਚਰਚ ਦੀ ਚੌਧਰ ਥੱਲੇ ਕਿਤਾਬਾਂ ਉੱਤੇ ਪਾਬੰਦੀ ਲਗਾ ਦਿੱਤੀ ਜਾਂਦੀ ਸੀ ਤੇ ਲੇਖਕਾਂ ਨੂੰ ਜਿੰਦਾ ਜਲਾ ਦਿੱਤਾ ਸੀ ਜਾਂ ਪਛਤਾਵਾ ਕਰਨ ਲਈ ਤੇ ਮੁਆਫ਼ੀ ਮੰਗਣ ਮਜਬੂਰ ਕੀਤਾ ਜਾਂਦਾ ਸੀ, ਦੇ ਮੁਕਾਬਲੇ ਭਾਰਤ ਵਿੱਚ ਵੱਖ-ਵੱਖ ਵਿਚਾਰਧਾਰਕ ਗਰੁੱਪਾਂ ਵਿੱਚ ਵਧੇਰੇ ਪਰਸਪਰ ਸ਼ਹਿਣਸ਼ੀਲਤਾ ਰਹੀ ਹੈ। ਇਹ ਵੀ ਦਿਲਚਸਪੀ ਵਾਲੀ ਗੱਲ ਹੈ ਕਿ ਅੱਜ ਭਾਰਤ ਵਿੱਚ ਆਜ਼ਾਦ-ਚਿੰਤਕਾਂ ਅਤੇ ਤਰਕਸ਼ੀਲਾਂ ਨਾਲ਼ ਬਿਲਕੁਲ ਉਹੀ ਹੋ ਰਿਹਾ ਹੈ, ਜਿਹੜਾ ਵੈਟੀਕਨ ਨੇ ਇਹੋ-ਜਿਹੇ ਲੋਕਾਂ ਨਾਲ਼ ਮੱਧਯੁਗੀ ਯੂਰਪ ਵਿੱਚ ਕੀਤਾ ਸੀ।

ਕੀ ਭਾਰਤ ਵਿੱਚ ਹੋਏ ਆਰਥਿਕ ਬਦਲਾਵਾਂ ਨੇ ਸੋਚ ਦੇ ਮੌਜੂਦਾ ਤੌਰ-ਤਰੀਕੇ ਨੂੰ ਡੌਲ਼ਿਆ ਹੈ?

ਬਹੁਤ ਹੱਦ ਤੱਕ ਅਜਿਹਾ ਹੀ ਹੈ। ਮੇਰੇ ਖਿਆਲ ਵਿੱਚ ਸੋਚ ਦੇ ਢੰਗ ਵਿੱਚ ਇਹ ਤਬਦੀਲੀ 1991 ਵਿੱਚ ਆ ਕੇ ਭਾਰਤ ਵਿੱਚ ਸਪੱਸ਼ਟ ਪ੍ਰਗਟ ਹੋਈ। ਇਹ ਅਜ਼ਾਦ ਭਾਰਤ ਦਾ ਇੱਕ ਨਿਖੇੜ-ਬਿੰਦੂ ਹੈ। ਅਰਥਚਾਰੇ ਨੂੰ ਬਦਲਣ ਦੇ ਇਹਨਾਂ ਜਤਨਾਂ ਦਾ ਅਸਰ ਇਹ ਹੋਇਆ ਹੈ ਕਿ ਹੁਣ ਉੱਚ-ਇੱਛਾਵਾਂ ਪਾਲ਼ਣ ਵਾਲ਼ੇ ਨੌਜਵਾਨ ਲੋਕਾਂ ਦੀ ਭਰਮਾਰ ਵਾਲ਼ਾ ਇੱਕ ਮੱਧਵਰਗੀ ਤਬਕਾ ਪੈਦਾ ਹੋਇਆ ਹੈ ਜਿਹੜੇ ਘਟੀਆ ਵਿੱਦਿਅਕ ਢਾਂਚੇ ਵਿੱਚੋਂ ਗੁਜ਼ਰੇ ਹਨ, ਜਿੱਥੇ ਉਹਨਾਂ ਨੇ ਕੁਝ ਵੀ ਸਾਰਥਿਕ ਨਹੀਂ ਸਿੱਖਿਆ ਹੈ। ਉਹਨਾਂ ਨੂੰ ਇਹ ਕਿਸੇ ਨਹੀਂ ਸਿਖਾਇਆ ਕਿ ਸੋਚਣਾ ਕਿਵੇਂ ਹੈ, ਪਾਸ ਹੋਣ ਲਈ ਜ਼ਰੂਰੀ ਘੱਟੋ-ਘੱਟ ਪੜ੍ਹਾਈ ਤੋਂ ਵਧੇਰੇ ਕਿਵੇਂ ਪੜ੍ਹਨਾ ਹੈ। ਇੱਥੋਂ ਤੱਕ ਕਿ ਉਹਨਾਂ ਤੱਕ ਕੋਈ ਜਾਣਕਾਰੀ ਵੀ ਅਫ਼ਵਾਹ ਦੇ ਰੂਪ ਵਿੱਚ ਪਹੁੰਚਦੀ ਹੈ। ਨੌਜਵਾਨ ਇਹ ਮਹਿਸੂਸ ਕਰਦੇ ਹਨ ਕਿ ਉਹਨਾਂ ਨਾਲ਼ ਧੋਖਾ ਹੋਇਆ ਹੈ, ਨੌਕਰੀਆਂ ਲਈ ਗਲ਼ਵੱਢ ਮੁਕਾਬਲੇ ਜਿਸ ਲਈ ਉਹ ਪੂਰੀ ਤਰ੍ਹਾਂ ਤਿਆਰ ਨਹੀਂ ਹਨ, ਵਿੱਚੋਂ ਅਸੁਰੱਖਿਆ ਦਾ ਬੋਧ ਪੈਦਾ ਹੋ ਰਿਹਾ ਹੈ। ਗਿਆਨ ਦੇਣ ਦੀ ਥਾਂ ਇਸ ਅੱਧੀ-ਅਧੂਰੀ ਸਿੱਖਿਆ ਨੂੰ ਵੱਖ-ਵੱਖ ਤਰ੍ਹਾਂ ਦੀਆਂ ਮਿਥਿਹਾਸਕ ਕਥਾਵਾਂ ਦਾ ਤੜਕਾ ਲਗਾ ਕੇ ਉਹਨਾਂ ਦੀ ਬੌਧਿਕ ਯੋਗਤਾ ਦੀ ਹੋਰ ਬੇਇੱਜ਼ਤੀ ਕੀਤੀ ਜਾ ਰਹੀ ਹੈ। ਨੌਜਵਾਨ ਤਬਕੇ ਦੀ ਅਜਿਹੀ ਹਾਲਤ ਸਭ ਤਰ੍ਹਾਂ ਦੇ ਧਾਰਮਿਕ ਕੱਟੜਪੰਥੀਆਂ ਲਈ ਆਪਣੇ ਪਿੱਛਲੱਗ ਭਰਤੀ ਕਰਨ ਲਈ ਇੱਕ ਜ਼ਰਖੇਜ ਜ਼ਮੀਨ ਬਣ ਜਾਂਦੀ ਹੈ।

ਤੁਸੀਂ ਲਿਖਿਆ ਹੈ ਕਿ ਲੋਕ-ਬੁੱਧੀਜੀਵੀ ਨੂੰ ਖੁੱਲ੍ਹੇ ਦਿਮਾਗ ਵਾਲ਼ਾ ਹੋਣਾ ਚਾਹੀਦਾ ਹੈ, ਪਰ ਕੀ ਰੂੜ੍ਹੀਵਾਦੀ ਲੋਕ-ਬੁੱਧੀਜੀਵੀ ਨਹੀਂ ਹੋ ਸਕਦੇ?

ਅਜਿਹਾ ਹੋ ਸਕਦਾ ਹੈ ਬਸ਼ਰਤੇ ਕਿ ਲੋਕ-ਬੁੱਧੀਜੀਵੀ ਕੋਲ਼ ਉਸ ਸਮਾਜ ਦੀ ਜਿਹੜਾ ਉਹ ਚਾਹੁੰਦਾ ਹੈ, ਇੱਕ ਭਵਿੱਖਦ੍ਰਿਸ਼ਟੀ ਹੋਵੇ ਅਤੇ ਉਹ ਇਸ ਬਾਰੇ ਬਹਿਸ ਕਰਨ ਲਈ ਅਤੇ ਬਹਿਸ ਹੋਣ ਦੇਣ ਲਈ ਇੱਛਾ ਰੱਖਦਾ ਹੋਵੇ। ਇੱਕ ਲੋਕ-ਬੁੱਧੀਜੀਵੀ ਤੋਂ ਤਾਨਾਸ਼ਾਹੀ ਰਵੱਈਏ ਅਤੇ ਦੂਜਿਆਂ ਦੀ ਦਲੀਲ ਨੂੰ ਗੰਭੀਰਤਾ ਨਾਲ ਸੁਣੇ ਵਗੈਰ ਇੱਕੋ ਜਵਾਬ ਉੱਤੇ ਅੜੇ ਰਹਿਣ ਦੀ ਤਵੱਕੋ ਨਹੀਂ ਕੀਤੀ ਜਾਂਦੀ। ਬਹਿਸ ਨੂੰ ਰੱਦ ਕਰਨਾ ਪ੍ਰਗਟਾਵੇ ਦੀ ਅਜ਼ਾਦੀ ਦੇ ਮੁੱਢਲੇ ਹੱਕ ਨੂੰ ਰੱਦਣਾ ਹੈ। ਭਾਰਤੀ ਦਾਰਸ਼ਨਿਕ ਰਵਾਇਤ ਵੀ ਇਹੀ ਹੈ ਕਿ ਬਹਿਸ ਵਿਰੋਧੀ ਦੇ ਨਜ਼ਰੀਏ ਨੂੰ ਹਰ ਸੰਭਵ ਹੱਦ ਤੱਕ ਸਹੀ ਅਤੇ ਪੂਰਨ ਰੂਪ ਵਿੱਚ ਪੇਸ਼ ਕਰਕੇ ਸ਼ੁਰੂ ਹੁੰਦੀ ਹੈ, ਫਿਰ ਇਸਦਾ ਖੰਡਨ ਕੀਤਾ ਜਾਂਦਾ ਹੈ, ਅਤੇ ਪ੍ਰਸਤਾਵਨਾ ਅਤੇ ਖੰਡਨ ਵਿੱਚੋਂ ਲੰਘਣ ਸਮੇਂ ਇੱਕ ਸਰਬ-ਪ੍ਰਵਾਨਿਤ ਨਜ਼ਰੀਆ ਵੀ ਅਪਣਾਇਆ ਜਾ ਸਕਦਾ ਹੈ। ਇਸਦਾ ਅਰਥ ਵਿਰੋਧੀ ਦੇ ਨਜ਼ਰੀਏ ਨੂੰ ਜਾਣਨਾ ਅਤੇ ਉਸਦਾ ਅਧਿਐਨ ਕਰਨਾ ਹੈ। ਹੈਂਕੜਬਾਜ਼ ਲੱਗਣ ਦੇ ਖਤਰੇ ਦੇ ਬਾਵਜੂਦ ਮੈਂ ਇਸ ਗੱਲ ਉੱਤੇ ਜ਼ੋਰ ਦੇਣਾ ਚਾਹਾਂਗੀ ਕਿ ਕਿਸੇ ਮੁੱਦੇ ਉੱਤੇ ਬਹਿਸ ਕਰਨ ਲਈ ਕੁਝ ਹੱਦ ਤੱਕ ਬੌਧਿਕ ਪੜ੍ਹਾਈ-ਲਿਖਾਈ ਕਰਨੀ ਜ਼ਰੂਰੀ ਹੈ।

ਹਾਲ ਹੀ ਵਿੱਚ ਤਿੰਨ ਚੰਗੇ ਤਰਕਸ਼ੀਲ ਵਿਦਵਾਨਾਂ ਦਾ ਕਤਲ ਕਰ ਦਿੱਤਾ ਗਿਆ ਹੈ। ਅਜਿਹੇ ਮਾਹੌਲ ਵਿੱਚ ਲੋਕ-ਬੁੱਧੀਜੀਵੀ ਦੀ ਕੀ ਭੂਮਿਕਾ ਬਣਦੀ ਹੈ?

ਮੇਰੇ ਖਿਆਲ ਵਿੱਚ ਲੋਕ-ਬੁੱਧੀਜੀਵੀ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਪੂਰੇ ਜ਼ੋਰ ਨਾਲ ਆਪਣਾ ਵਿਰੋਧ ਦਰਜ ਕਰਵਾਉਣਾ ਚਾਹੀਦਾ ਹੈ, ਜਿਵੇਂ ਕਿ ਮੇਰੇ ਖਿਆਲ ‘ਚ ਹੁਣੇ-ਹੁਣੇ ਉਹਨਾਂ ਲੇਖਕਾਂ ਦੁਆਰਾ ਬਹੁਤ ਅਸਰਦਾਰ ਢੰਗ ਨਾਲ ਕੀਤਾ ਗਿਆ ਹੈ ਜਿਹਨਾਂ ਨੇ ਆਪਣੇ ਐਵਾਰਡ ਵਾਪਸ ਕੀਤੇ ਹਨ ਅਤੇ ਆਪਣੇ ਇਸ ਕਦਮ ਦੀ ਵਿਆਖਿਆ ਕਰਦੇ ਹੋਏ ਬਿਆਨ ਜਾਰੀ ਕੀਤੇ। ਮੇਰੇ ਖਿਆਲ ਵਿੱਚ ਇਹ ਬਹੁਤ ਸ਼ਾਨਦਾਰ ਹੈ, ਬਿਲਕੁਲ ਇਹੀ ਉਹ ਕੰਮ ਹੈ ਜਿਸਦੀ ਇੱਕ ਲੋਕ-ਬੁੱਧੀਜੀਵੀ ਤੋਂ ਉਮੀਦ ਹੁੰਦੀ ਹੈ, ਅਸਹਿਮਤੀ ਨੂੰ ਜ਼ਾਹਰ ਕਰਨਾ ਜਿੱਥੇ ਉਹ ਜ਼ਰੂਰੀ ਸਮਝੇ ਅਤੇ ਇਸ ਉੱਤੇ ਵਿਚਾਰ ਕਰੇ। ਨਾ ਹੀ ਹੱਤਿਆ ਅਤੇ ਨਾ ਹੀ ਭੀੜ ਦੁਆਰਾ ਕਤਲ ਇਸਦਾ ਜਵਾਬ ਹਨ।

ਲੋਕ-ਬੁੱਧੀਜੀਵੀ ਵੱਖ-ਵੱਖ ਮਸਲਿਆਂ ਉੱਤੇ ਵਿਚਾਰ ਦੇ ਸਕਦੇ ਹਨ, ਪਰ ਕੀ ਉਹ ਸਮਾਜ ਨੂੰ ਪ੍ਰਭਾਵਿਤ ਕਰ ਸਕਦੇ ਹਨ?

ਜੇ ਲੋਕ-ਬੁੱਧੀਜੀਵੀ ਇੱਕ ਪੈਂਤੜਾ ਮੱਲਦੇ ਹਨ, ਤਾਂ ਘੱਟੋ-ਘੱਟ ਇੰਨਾ ਜ਼ਰੂਰ ਹੁੰਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਉਸ ਬਾਰੇ ਸੋਚਣ ਲੱਗਦੇ ਹਨ ਜੋ ਉਸ ਸਮੇਂ ਵਾਪਰ ਰਿਹਾ ਹੁੰਦਾ ਹੈ। ਉਹ ਭਾਵੇਂ ਝਟਪਟ ਸਹਿਮਤ ਨਹੀਂ ਹੋ ਜਾਂਦੇ ਪਰ ਉਹਨਾਂ ਦੇ ਦਿਮਾਗਾਂ ਵਿੱਚ ਕੁਝ ਵਿਚਾਰ, ਕੁਝ ਸ਼ੱਕ ਪੈਦਾ ਹੋ ਜਾਂਦੇ ਹੈ। ਲੋਕ-ਬੁੱਧੀਜੀਵੀ ਇੱਕ ਸਿਆਸੀ ਪਾਰਟੀ ਨਹੀਂ ਹਨ, ਉਹ ਸਰਕਾਰ ਨੂੰ ਉਲਟਾਉਣ ਨਹੀਂ ਲੱਗੇ, ਪ੍ਰੰਤੂ ਉਹ ਇਸ ਸਮਝ ਨੂੰ ਬਦਲਣ ਵਿੱਚ ਮਦਦਗਾਰ ਸਾਬਿਤ ਹੋ ਸਕਦੇ ਹਨ ਕਿ ਸਾਡੇ ਉੱਤੇ ਕਿਸ ਤਰ੍ਹਾਂ ਹਕੂਮਤ ਕੀਤੀ ਜਾ ਰਹੀ ਹੈ।

ਕੁਝ ਇਸਨੂੰ ਕੁਲੀਨਾਂ ਅਤੇ ਉੱਚ-ਇੱਛਾਵਾਂ ਪਾਲ਼ਣ ਵਾਲੀਆਂ “ਨਵੀਆਂ” ਜਮਾਤਾਂ ਵਿਚਾਲੇ ਵਿਰੋਧਤਾ ਵਜੋਂ ਦੇਖਦੇ ਹਨ…

ਬੁਨਿਆਦੀ ਗੱਲਾਂ ਵਿੱਚੋਂ ਇੱਕ ਜਿਸਨੂੰ ਅਸੀਂ ਭੁੱਲ ਗਏ ਹਾਂ, ਉਹ ਇਹ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਸਿੱਖਿਅਤ ਕਰਨਾ ਬੰਦ ਕਰ ਦਿੱਤਾ ਹੈ। ਇਹ ਇਕ ਬਹੁਤ ਵੱਡੀ ਘਾਟ ਹੈ, ਉਨੀ ਡਰਾਉਣੇ ਰੂਪ ਵਿੱਚ ਵੱਡੀ ਜਿੰਨੀ ਕਿ ਗਰੀਬੀ ਰੇਖਾ ਦੇ ਨੇੜੇ ਖੜੇ ਜਾਂ ਉਸ ਤੋਂ ਥੱਲੇ ਰਹਿੰਦੇ ਲੋਕਾਂ ਦੀ ਗਿਣਤੀ ਹੈ। ਇਸ ਨੂੰ ਪਹਿਚਾਣਿਆ ਨਹੀਂ ਗਿਆ ਹੈ, ਇੱਥੋਂ ਤੱਕ ਕਿ ਆਮ ਲੋਕਾਂ ਦੁਆਰਾ ਵੀ। ਧਨ ਦੀ ਵੰਡ ਵਿੱਚ ਗੈਰ-ਬਰਾਬਰੀ ਹੈ ਪਰ ਕੁਲੀਨ ਪੈਸੇ ਪੱਖੋਂ ਕੁਲੀਨ ਹੈ, ਇੱਕ ਬੌਧਿਕ ਕੁਲੀਨ ਨਹੀਂ। ਮੇਰੀ ਇੱਛਾ ਹੈ ਕਿ ਅਜਿਹਾ ਹੁੰਦਾ! ਬੁੱਧੀਜੀਵੀਆਂ ਨੂੰ ਆਰਥਿਕ ਰੂਪ ਵਿੱਚ ਗਰੀਬਾਂ ਦੇ ਵਿਰੋਧ ਵਿੱਚ ਖੜਾਉਣਾ ਇੱਕ ਸਿਆਸੀ ਚਾਲ ਹੈ, ਜਿੱਥੇ ਗਰੀਬਾਂ ਦੀ ਮਦਦ ਦੇ ਐਲਾਨ ਉਹਨਾਂ ਲੋਕਾਂ ਵੱਲੋਂ ਕੀਤੇ ਜਾਂਦੇ ਹਨ ਜਿਹੜੇ ਉਹਨਾਂ ਤੋਂ ਸਭ ਤੋਂ ਵਧੇਰੇ ਦੂਰੀ ਬਣਾ ਕੇ ਰੱਖਦੇ ਹਨ।

(ਅੰਗਰੇਜ਼ੀ ਤੋਂ ਅਨੁਵਾਦ – ਅੰਮ੍ਰਿਤ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 50, 16 ਮਾਰਚ 2016 ਵਿਚ ਪਰ੍ਕਾਸ਼ਤ

Advertisements