ਲੋਕ ਭਲਾਈ ਦੇ ਨਾਂ ਹੇਠ ਬੱਚੀਆਂ ਦੀ ਤਸਕਰੀ ਦਾ ਮਾਮਲਾ : ਆਰ.ਐਸ.ਐਸ. ਦਾ ਭ੍ਰਿਸ਼ਟ, ਫਿਰਕੂ, ਔਰਤ ਵਿਰੋਧੀ, ਲੋਕ ਧ੍ਰੋਹੀ ਕਿਰਦਾਰ ਹੋਇਆ ਹੋਰ ਨੰਗਾ •ਲਖਵਿੰਦਰ

6

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਜੂਨ 2015 ਵਿੱਚ ਪਟਿਆਲਾ ਸਥਿਤ ‘ਮਾਤਾ ਗੁਜ਼ਰੀ ਕੰਨਿਆ ਛਾਤਰਾਵਾਸ’ ਵਿੱਚ 11 ਹੋਰ ਲੜਕੀਆਂ ਨੂੰ ਲਿਆਂਦਾ ਗਿਆ। ਇਹਨਾਂ ਲੜਕੀਆਂ ਨਾਲ਼ ਅਸਾਮ ਤੋਂ ਆਈਆਂ ਹੋਰ 20 ਲੜਕੀਆਂ ਨੂੰ ਗੁਜ਼ਰਾਤ ਦੇ ਹਲਵਾਦ ਸਥਿਤ ‘ਸਰਸਵਤੀ ਸ਼ਿਸ਼ੂ ਮੰਦਿਰ’ ਆਸ਼ਰਮ ਭੇਜ ਦਿੱਤਾ ਗਿਆ। ‘ਸਰਸਵਤੀ ਸਿਸ਼ੂ ਮੰਦਿਰ’ ਸੰਨ 2002 ਵਿੱਚ ਨਰੇਂਦਰ ਮੋਦੀ (ਉਸ ਸਮੇਂ ਮੁੱਖ ਮੰਤਰੀ, ਗੁਜ਼ਰਾਤ) ਨੇ ਉਦਘਾਟਿਤ ਕੀਤਾ ਸੀ। ਗੁਜ਼ਰਾਤ ਸਰਕਾਰ ਵੱਲੋਂ ਦਿੱਤੇ ਗਏ ਸਰਟੀਫਿਕੇਟ ਵਿੱਚ ਇਸ ਨੂੰ ”ਸੂਬੇ ਦਾ ਮਾਣ” ਕਿਹਾ ਗਿਆ ਹੈ। ਪਰਦੇ ਪਿੱਛੇ ਆਰ.ਐਸ.ਐਸ. ਵੱਲੋਂ ਚਲਾਈਆਂ ਜਾ ਰਹੀਆਂ ਇਹਨਾਂ ਸੰਸਥਾਵਾਂ ਦਾ ਦਾਅਵਾ ਹੈ ਕਿ ਅਸਾਮ ਤੋਂ ਲਿਆਂਦੀਆਂ ਗਈਆਂ ਇਹ ਤਿੰਨ ਤੋਂ ਗਿਆਰਾਂ ਸਾਲ ਤੱਕ ਦੀਆਂ ਲੜਕੀਆਂ ਅਨਾਥ ਹਨ ਜਾਂ ਬੇਹੱਦ ਗਰੀਬ ਪਰਿਵਾਰਾਂ ਤੋਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਥੇ ਇਹਨਾਂ ਦਾ ਸਹੀ ਢੰਗ ਨਾਲ਼ ਪਾਲ਼ਣ-ਪੋਸ਼ਣ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਪੜਾਇਆ-ਲਿਖਾਇਆ ਜਾ ਰਿਹਾ ਹੈ। ਪਰ ਇਹ ਸਭ ਕਹਿਣ ਨੂੰ ਹੀ ਲੋਕ ਭਲਾਈ ਹੈ। ਪਿਛਲੇ ਦਿਨੀਂ ਆਊਟਲੁੱਕ ਅਤੇ ਕੋਬਰਾਪੋਸਟ ਵਿੱਚ ਛਪੇ ਡੂੰਘੀ ਜਾਂਚ-ਪੜਤਾਲ ਅਧਾਰਿਤ ਲੇਖਾਂ ਵਿੱਚ ਆਰ.ਐਸ.ਐਸ. ਅਤੇ ਇਸਦੀਆਂ ਵਿੱਦਿਆ ਭਾਰਤੀ, ਸੇਵਾ ਭਾਰਤੀ, ਵਿਸ਼ਵ ਹਿੰਦੂ ਪ੍ਰੀਸ਼ਦ ਜਿਹੀਆਂ ਸ਼ਾਖਾ ਜਥੇਬੰਦੀਆਂ ਦੀਆਂ ਨਜ਼ਾਇਜ, ਗੈਰਜਮਹੂਰੀ, ਫਿਰਕੂ ਤੇ ਗੈਰਕਨੂੰਨੀ ਕਾਰਵਾਈਆਂ ਦਾ ਪਰਦਾਫਾਸ਼ ਹੋਇਆ ਹੈ। ਇਹਨਾਂ ਰਿਪੋਰਟਾਂ ਤੋਂ ਸਾਫ਼ ਹੁੰਦਾ ਹੈ ਕਿ ਆਰ.ਐਸ.ਐਸ. ਆਪਣੇ ਫਿਰਕੂ ਫਾਸੀਵਾਦੀ ਨਾਪਾਕ ਇਰਾਦਿਆਂ ਲਈ ਵੱਡੇ ਪੱਧਰ ‘ਤੇ ਲੜਕੀਆਂ ਦੀ ਤਸਕਰੀ ਕਰ ਰਹੀ ਹੈ। ਇਹਨਾਂ ਰਿਪੋਰਟਾਂ ਵਿੱਚ ਜੋ ਸੱਚ ਸਾਹਮਣੇ ਆਇਆ ਹੈ ਉਹ ਤਾਂ ਬਸ ਇੱਕ ਝਲਕ ਹੀ ਹੈ। ਦਹਾਕਿਆਂ ਤੋਂ ਆਰ.ਐਸ.ਐਸ. ਜਿਸ ਪੱਧਰ ‘ਤੇ ਅਜਿਹੀਆਂ ਕਾਰਵਾਈਆਂ ਨੂੰ ਅੰਜ਼ਾਮ ਦੇ ਰਹੀ ਹੈ ਉਸਦਾ ਤਾਂ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ।

ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਵੇਂ ਕਿ ਪੰਜਾਬ ਅਤੇ ਗੁਜ਼ਰਾਤ ਵਿੱਚ ਦੱਸਿਆ ਗਿਆ ਹੈ ਕਿ ਅਸਾਮ ਤੋਂ ਜੂਨ 2015 ਵਿੱਚ ਲਿਆਂਦੀਆਂ ਗਈਆਂ ਲੜਕੀਆਂ ਅਨਾਥ ਹਨ, ਸਰਾਸਰ ਝੂਠ ਹੈ। ਇਹ ਲੜਕੀਆਂ ਅਨਾਥ ਨਹੀਂ ਹਨ। ਇਹ ਲੜਕੀਆਂ ਅਸਾਮ ਦੇ ਕੋਕਰਾਝਰ, ਬੋਂਗਾਈਗਾਓਂ, ਗੋਪਾਲਪਾਰਾ, ਤੇ ਚਿਰਾਂਗ ਖੇਤਰਾਂ ਤੋਂ ਲਿਆਂਦੀਆਂ ਗਈਆਂ ਹਨ। ਵਿੱਦਿਆ ਭਾਰਤੀ ਦੀਆਂ ਪ੍ਰਚਾਰਕਾਵਾਂ ਵੱਲੋਂ ਮਾਪਿਆਂ ਨੂੰ ਕਿਹਾ ਗਿਆ ਕਿ ਗੁਜ਼ਰਾਤ ਅਤੇ ਪੰਜਾਬ ਵਿੱਚ ਉਹਨਾਂ ਦੀਆਂ ਲੜਕੀਆਂ ਦਾ ਵਧੀਆ ਢੰਗ ਨਾਲ਼ ਪਾਲਣ-ਪੋਸ਼ਣ ਹੋਵੇਗਾ। ਚੰਗੀ ਪੜਾਈ-ਲਿਖਾਈ ਕਰਵਾ ਕੇ ਉਹਨਾਂ ਦੀ ਜ਼ਿੰਦਗੀ ਬਣਾ ਦਿੱਤੀ ਜਾਵੇਗੀ। ਮਾਪਿਆਂ ਨਾਲ਼ ਵਾਅਦਾ ਕੀਤਾ ਗਿਆ ਕਿ ਉਹ ਆਪਣੀਆਂ ਬੱਚੀਆਂ ਨਾਲ਼ ਫੋਨ ‘ਤੇ ਅਕਸਰ ਗੱਲਬਾਤ ਕਰ ਸਕਣਗੇ। ਬੱਚੀਆਂ ਸਾਲ ਵਿੱਚ ਕਈ ਵਾਰ ਘਰ ਭੇਜਣ ਦਾ ਭਰੋਸਾ ਵੀ ਦਿੱਤਾ ਗਿਆ। ਇਹਨਾਂ ਬੱਚੀਆਂ ਦਾ ਪਾਲ਼ਣ-ਪੋਸ਼ਣ ਕਿਸ ਤਰ੍ਹਾਂ ਕੀਤਾ ਜਾ ਰਿਹਾ ਹੈ, ਕਿਸ ਤਰ੍ਹਾਂ ਦੀ ਪੜ੍ਹਾਈ ਲਿਖਾਈ ਕਰਵਾਈ ਜਾ ਰਹੀ ਹੈ ਇਸ ਬਾਰੇ ਅੱਗੇ ਗੱਲ ਹੋਵੇਗੀ। ਦੋ-ਤਿੰਨ ਬੱਚੀਆਂ (ਜੋ ਚੰਗੇ ਖਾਂਦੇ ਪੀਂਦੇ ਘਰਾਂ ਤੋਂ ਹਨ) ਨੂੰ ਛੱਡ ਕੇ ਬਾਕੀ ਸਾਲ ਭਰ ਤੋਂ ਮਾਪਿਆਂ ਨਾਲ਼ ਗੱਲ ਨਹੀਂ ਕਰ ਸਕੀਆਂ। ਸਾਲ ਭਰ ਤੋਂ ਮਾਪੇ ਆਪਣੀਆਂ ਬੱਚੀਆਂ ਨੂੰ ਮਿਲਣ ਅਤੇ ਗੱਲਬਾਤ ਕਰਨ ਲਈ ਤਰਸ ਰਹੇ ਹਨ ਪਰ ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ। ਵਿੱਦਿਆ ਭਾਰਤੀ ਵਾਲ਼ੇ ਹੁਣ ਮਾਪਿਆਂ ਨੂੰ ਕਹਿ ਰਹੇ ਹਨ ਕਿ ਉਹ ਆਪਣੀਆਂ ਬੱਚੀਆਂ ਨੂੰ 4-5 ਸਾਲ ਬਾਅਦ ਹੀ ਮਿਲ ਸਕਦੀਆਂ ਹਨ। ਮਾਪੇ ਸਵਾਲ ਕਰ ਰਹੇ ਹਨ ਕਿ ਇਹ ਕਿਹੋ ਜਿਹੀ ਸਿੱਖਿਆ ਹੈ ਜਿਸ ਵਾਸਤੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਇੱਕ ਦੂਜੇ ਨੂੰ ਮਿਲਣ ਅਤੇ ਗੱਲਬਾਤ ਕਰਨ ਤੋਂ ਵੀ ਰੋਕਿਆ ਜਾ ਰਿਹਾ ਹੈ। ਵਿੱਦਿਆ ਭਾਰਤੀ ਵਾਲ਼ਿਆਂ ਨੇ ਆਨੇ-ਬਹਾਨੇ ਮਾਪਿਆਂ ਤੋਂ ਉਹਨਾਂ ਦੀਆਂ ਬੱਚੀਆਂ ਦੇ ਸਾਰੇ ਦਸਤਾਵੇਜ਼ ਅਤੇ ਤਸਵੀਰਾਂ ਵੀ ਆਪਣੇ ਕਬਜ਼ੇ ਵਿੱਚ ਲੈ ਲਈਆਂ ਹਨ।  

ਸੁਪਰੀਮ ਕੋਰਟ ਨੇ ਸੰਨ 2005 ਵਿੱਚ ਆਪਣੇ ਇੱਕ ਫੈਸਲੇ ਵਿੱਚ ਬੱਚਿਆਂ ਦੀ ਸੁਰੱਖਿਆ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਸਨ। ਇਹਨਾਂ ਹਿਦਾਇਤਾਂ ਮੁਤਾਬਿਕ ਅਸਾਮ ਅਤੇ ਮਨੀਪੁਰ ਦੇ ਬੱਚੇ ਸਿੱਖਿਆ ਜਾਂ ਹੋਰ ਮਕਸਦ ਲਈ ਵੀ ਹੋਰਨਾਂ ਰਾਜਾਂ ਵਿੱਚ ਨਹੀਂ ਲਿਜਾਏ ਜਾ ਸਕਦੇ। ਵਿਦਿਆ ਭਾਰਤੀ, ਸੇਵਾ ਭਾਰਤੀ ਅਤੇ ਰਾਸ਼ਟਰੀ ਸੇਵਿਕਾ ਸਮਿਤੀ, ਵਿਸ਼ਵ ਹਿੰਦੂ ਪ੍ਰੀਸ਼ਦ ਰਾਹੀਂ ਆਰ.ਐਸ.ਐਸ. ਨੇ ਬੱਚੀਆਂ ਨੂੰ ਅਸਾਮ ਤੋਂ ਬਾਹਰ ਲਿਜਾ ਕੇ ਸੁਪਰੀਮ ਕੋਰਟ ਦੇ ਇਹਨਾਂ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ।

ਇਸਦੇ ਨਾਲ਼ ਹੀ ਬਾਲ ਨਿਆਂ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਕਨੂੰਨ ਦੀ ਵੀ ਘੋਰ ਉਲੰਘਣਾ ਕੀਤੀ ਗਈ ਹੈ। ਬਾਲ ਨਿਆਂ ਕਨੂੰਨ ਤਹਿਤ ਸੂਬਾ ਸਰਕਾਰਾਂ ਵੱਲੋਂ ਬਾਲ ਭਲਾਈ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ। ਜਿਲ੍ਹਾ ਪੱਧਰ ਦੀ ਹਰ ਬਾਲ ਭਲਾਈ ਕਮੇਟੀ ਨੂੰ ਮੈਟਰੋਪੋਲੀਟਨ ਮੈਜੀਸਟ੍ਰੇਰਟ ਪੱਧਰ ਦੀਆਂ ਤਾਕਤਾਂ ਹਾਸਿਲ ਹਨ। ਇਹ ਕਮੇਟੀਆਂ ਗ੍ਰਿਫ਼ਤਾਰੀਆਂ ਦੇ ਆਦੇਸ਼ ਦੇ ਸਕਦੀਆਂ ਹਨ, ਬੱਚਿਆਂ ਦੀ ਭਲਾਈ ਤੇ ਸੁਰੱਖਿਆ ਲਈ ਵੱਖੋ-ਵੱਖਰੇ ਕਦਮ ਚੁੱਕ ਸਕਦੀਆਂ ਹਨ। ਇਹ ਕਮੇਟੀਆਂ ਵੱਖ-ਵੱਖ ਜਿਲ੍ਹਿਆਂ ਦੀਆਂ ਕਮੇਟੀਆਂ ਨਾਲ਼ ਰਾਬਤਾ ਕਰ ਸਕਦੀਆਂ ਹਨ। ਬੱਚਿਆਂ ਦੇ ਘਰ ਦੇ ਨੇੜੇ ਦੀ ਬਾਲ ਭਲਾਈ ਕਮੇਟੀ ਨੂੰ ਕੇਸ ਅਤੇ ਬੱਚੇ ਜ਼ਰੂਰੀ ਕਾਰਵਾਈ ਲਈ ਭੇਜ ਸਕਦੀਆਂ ਹਨ। ਪੁਲਿਸ, ਸਰਕਾਰੀ ਮੁਲਾਜਮ ਜਾਂ ਕੋਈ ਵੀ ਨਾਗਰਿਕ ਬੱਚਿਆਂ ਨੂੰ ਇਹਨਾਂ ਕਮੇਟੀਆਂ ਸਾਹਮਣੇ ਪੇਸ਼ ਕਰ ਸਕਦੇ ਹਨ ਜਾਂ ਕੋਈ ਸ਼ਿਕਾਇਤ ਦਰਜ਼ ਕਰਾ ਸਕਦੇ ਹਨ। ਕਮੇਟੀ ਸਾਹਮਣੇ ਬੱਚਾ ਪੇਸ਼ ਹੋਣ ਦੇ ਚਾਰ ਮਹੀਨਿਆਂ ਦੇ ਅੰਦਰ-ਅੰਦਰ ਕਮੇਟੀ ਨੇ ਕੇਸ ਸਬੰਧੀ ਫੈਸਲਾ ਸੁਣਾਉਣਾ ਹੁੰਦਾ ਹੈ। ਜੇਕਰ ਕੋਈ ਸੰਸਥਾ ਬੱਚਿਆ ਨੂੰ ਪੜ੍ਹਾਈ ਜਾਂ ਕਿਸੇ ਹੋਰ ਮਕਸਦ ਲਈ ਸੂਬੇ ਤੋਂ ਬਾਹਰ ਲੈ ਕੇ ਜਾਂਦੀ ਹੈ ਤਾਂ ਇਸਤੋਂ ਪਹਿਲਾਂ ਮੂਲ ਬਾਲ ਭਲਾਈ ਕਮੇਟੀ ਤੋਂ ਐਨ.ਓ.ਸੀ. (ਕੋਈ ਇਤਰਾਜ ਨਹੀਂ ਸਰਟੀਫਿਕੇਟ) ਲੈਣਾ ਹੁੰਦਾ ਹੈ।। ਇਹਨਾਂ 31 ਬੱਚੀਆਂ ਦੇ ਮਾਮਲੇ ਵਿੱਚ ਕੋਈ ਐਨ.ਓ.ਸੀ. ਨਹੀਂ ਲਿਆ ਗਿਆ। ਅਸਾਮ ਦੀਆਂ ਵੱਖ-ਵੱਖ ਬਾਲ ਕਲਿਆਣ ਕਮੇਟੀਆਂ ਅਤੇ ਹੋਰ ਵਿਭਾਗ ਦੇ ਹੁਕਮਾਂ ਦੀ ਵੀ ਪਾਲਣਾ ਨਹੀਂ ਕੀਤੀ ਗਈ।

16 ਜੂਨ 2015 ਨੂੰ ਅਸਾਮ ਦੇ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਵੱਲੋਂ ਅਸਾਮ ਪੁਲੀਸ ਅਤੇ ਭਾਰਤ ਦੇ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਤੇ ਹੋਰਾਂ ਨੂੰ ਲਿਖੀ ਇੱਕ ਚਿੱਠੀ ਵਿੱਚ ਬੱਚੀਆਂ ਨੂੰ ਸਾਰੇ ਨਿਯਮ-ਕਨੂੰਨਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਗੁਜ਼ਰਾਤ ਤੋਂ ਬਾਹਰ ਲਿਜਾਏ ਜਾਣ ਨੂੰ ”ਬਾਲ ਤਸਕਰੀ” ਅਤੇ ਬਾਲ ਨਿਆਂ ਕਨੂੰਨ ਖਿਲਾਫ਼ ਕਰਾਰ ਦਿੱਤਾ। ਪੁਲੀਸ ਨੂੰ ਆਦੇਸ਼ ਦਿੱਤਾ ਗਿਆ ਕਿ ਸਾਰੀਆਂ 31 ਬੱਚੀਆਂ ਨੂੰ ਉਹਨਾਂ ਦੇ ਮਾਪਿਆਂ ਕੋਲ਼ ਪਹੁੰਚਾਇਆ ਜਾਵੇ। ਪਰ ਸਰਕਾਰੀ ਮਸ਼ੀਨਰੀ ਦੇ ਇੱਕ ਹਿੱਸੇ ਦੀਆਂ ਕੋਸ਼ਿਸਾਂ ਦੇ ਬਾਵਜੂਦ ਆਰ.ਐਸ.ਐਸ. ਅਤੇ ਇਸਦੀਆਂ ਉੱਪ-ਜਥੇਬੰਦੀਆਂ ਭਾਜਪਾ, ਵਿਸ਼ਵ ਹਿੰਦੂ ਪ੍ਰੀਸ਼ਦ, ਬਜ਼ਰੰਗ ਦਲ ਆਦਿ ਦੇ ਸਰਕਾਰੀ ਪ੍ਰਬੰਧ ‘ਤੇ ਕਬਜ਼ੇ, ਅਸਰ-ਰਸੂਖ ਤੇ ਗੁੰਡਾਗਰਦੀ ਕਾਰਨ ਸਾਲ ਬਾਅਦ ਵੀ ਬੱਚੀਆਂ ਆਪਣੇ ਮਾਪਿਆਂ ਕੋਲ਼ ਨਹੀਂ ਪਹੁੰਚ ਸਕੀਆਂ ਹਨ।

9 ਜੂਨ 2015 ਨੂੰ ਰਾਸ਼ਟਰੀ ਸੇਵਿਕਾ ਸਮਿਤੀ ਦੀ ਪ੍ਰਚਾਰਕ ਸੰਧਿਆ ਅਸਾਮ ਦੀਆਂ ਇਹਨਾਂ ਤਿੰਨ ਤੋਂ ਗਿਆਰਾਂ ਸਾਲ ਦੀ ਉਮਰ ਦੀਆਂ ਆਦਿਵਾਸੀ ਲੜਕੀਆਂ ਨੂੰ ਟ੍ਰੇਨ ਰਾਹੀਂ ਗੁਜ਼ਰਾਤ ਤੇ ਪੰਜਾਬ ਲਈ ਰਵਾਨਾ ਹੋਈ। ਦਿੱਲੀ ਪਹੁੰਚਦੇ ਹੀ ਸੰਧਿਆ ਨੂੰ ਪੁਲਿਸ ਨੇ ਫੜ ਲਿਆ। ਸੰਧਿਆ ਅਤੇ ਬੱਚੀਆਂ ਨੂੰ ਪਹਾੜਗੰਜ ਪੁਲਿਸ ਸਟੇਸ਼ਨ ਲਿਜਾਇਆ ਗਿਆ। ਆਰ.ਐਸ.ਐਸ. ਦੇ ਦੋ ਸੌ ਤੋਂ ਵਧੇਰੇ ਮੈਂਬਰ ਇਕੱਠੇ ਹੋ ਕੇ ਪੁਲੀਸ ‘ਤੇ ਸੰਧਿਆ ਨੂੰ ਛੱਡਣ ਅਤੇ ਬੱਚੀਆਂ ਨੂੰ ਉਸ ਨਾਲ਼ ਭੇਜਣ ਲਈ ਦਬਾਅ ਪਾਉਣ ਲੱਗੇ। ਸਿਆਸੀ ਦਬਾਅ ਅਤੇ ਬਾਲ ਭਲਾਈ ਕਮੇਟੀ, ਸੁਰੇਂਦਰ ਨਗਰ (ਗੁਜ਼ਰਾਤ) ਕਾਰਨ ਸੰਧਿਆ ਨੂੰ ਛੱਡ ਦਿੱਤਾ ਗਿਆ ਅਤੇ ਬੱਚੀਆਂ ਨੂੰ ਉਸਦੇ ਨਾਲ਼ ਹੀ ਭੇਜ ਦਿੱਤਾ ਗਿਆ। ਇਹ ਮਾਮਲਾ ਅਖਬਾਰਾਂ ਦੀਆਂ ਸੁਰਖੀਆਂ ਬਣਨ ਤੋਂ ਪਹਿਲਾਂ ਹੀ ਢੱਕ ਦਿੱਤਾ ਗਿਆ।

18 ਜੂਨ, 2015 ਨੂੰ ਕੁਮੁਡ ਕਾਲਿਟਾ, ਆਈ.ਏ.ਐਸ. ਮੈਂਬਰ ਸਕੱਤਰ, ਸੂਬਾ ਬਾਲ ਸੁਰੱਖਿਆ ਸਮਾਜ, ਅਸਾਮ ਨੇ ਬਾਲ ਭਲਾਈ ਕਮੇਟੀ, ਕੋਕਰਾਝਰ ਅਤੇ ਗੋਸਾਈਗਾਓਂ ਨੂੰ 11 ਜੂਨ ਨੂੰ ਦਿੱਲੀ ‘ਚ ਵਾਪਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਇਸ ਵਿੱਚ ਉਸਨੇ ਬਾਲ ਭਲਾਈ ਕਮੇਟੀ, ਸੁਰੇਂਦਰਨਗਰ (ਗੁਜ਼ਰਾਤ) ਦੇ ਰਵੱਈਏ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਬੱਚੀਆਂ ਦੇ ਘਰਾਂ ਦੇ ਨਾਲ਼ ਸਬੰਧਤ ਬਾਲ ਭਲਾਈ ਕਮੇਟੀ ਨੂੰ ਸੂਚਿਤ ਕੀਤੇ ਬਿਨਾਂ ਅਤੇ ਜ਼ਰੂਰੀ ਜਾਣਕਾਰੀ ਇਕੱਠੇ ਕੀਤੇ ਬਿਨਾਂ ਉਸਨੇ ਬੱਚੀਆਂ ਨੂੰ ਆਰ.ਐਸ.ਐਸ. ਕਾਰਕੁੰਨਾਂ ਨਾਲ਼ ਕਿਉਂ ਜਾਣ ਦਿੱਤਾ। ਕੁਮੁਡ ਕਾਲਿਟਾ ਨੇ ਵੱਖ-ਵੱਖ ਬਾਲ ਭਲਾਈ ਕਮੇਟੀਆਂ ਨੂੰ ਕਿਹਾ ਕਿ ਬੱਚੀਆਂ ਨੂੰ ਅਸਾਮ ‘ਚ ਵਾਪਸ ਉਹਨਾਂ ਦੇ ਘਰ ਪਹੁੰਚਾਇਆ ਜਾਵੇ। 22 ਜੂਨ 2015 ਨੂੰ ਕੋਕਰਾਝਰ (ਅਸਾਮ) ਦੀ ਬਾਲ ਭਲਾਈ ਕਮੇਟੀ ਨੇ ਬਾਲ ਭਲਾਈ ਕਮੇਟੀ, ਸੁਰੇਂਦਰਨਗਰ (ਗੁਜਰਾਤ) ਨੂੰ ਅਪੀਲ ਕੀਤੀ ਕਿ ਬੱਚੀਆਂ ਨੂੰ ਵਾਪਿਸ ਅਸਾਮ ਭੇਜਿਆ ਜਾਵੇ। ਭਾਜਪਾ ਸ਼ਾਸਿਤ ਗੁਜਰਾਤ ਦੀ ਇਸ ਕਮੇਟੀ ਨੇ ਕੋਈ ਜਵਾਬ ਦੇਣਾ ਹੀ ਜ਼ਰੂਰੀ ਨਹੀਂ ਸਮਝਿਆ!

ਚਾਈਲਡ ਲਾਈਨ, ਪਟਿਆਲਾ ਨੂੰ ਜਦ ਅਸਾਮ ਤੋਂ ਪਟਿਆਲਾ ‘ਚ ਹੋਈ ਬੱਚੀਆਂ ਦੀ ਤਸਕਰੀ ਦੀ ਸੂਚਨਾ ਮਿਲੀ ਤਾਂ ਜਾਂਚ ਪੜਤਾਲ ਲਈ ਚਾਈਲਡ ਲਾਈਨ, ਪਟਿਆਲਾ ਤੋਂ ਹਰਜਿੰਦਰ ਕੌਰ ਤੇ ਹੋਰ ਜਣੇ ‘ਮਾਤਾ ਗੁਜ਼ਰੀ ਕੰਨਿਆ ਛਾਤਰਾਵਾਸ’, ਨੇੜੇ ਸਰਹੰਦੀ ਗੇਟ, ਪਟਿਆਲਾ ਪਹੁੰਚੇ। ਜਾਂਚ-ਪੜਤਾਲ ਦੌਰਾਨ ਪਤਾ ਲੱਗਿਆ ਕਿ ਇਹ ਸੰਸਥਾ ਗੈਰਕਨੂੰਨੀ ਹੈ ਅਤੇ ਲੜਕੀਆਂ ਕਾਫ਼ੀ ਬੁਰੀ ਹਾਲਤ ਵਿੱਚ ਰਹਿ ਰਹੀਆਂ ਹਨ। ਜਾਂਚ-ਪੜਤਾਲ ਦੌਰਾਨ ਉਹਨਾਂ ਨੂੰ ਆਰ.ਐਸ.ਐਸ. ਦੀ ਗੁੰਡਾਗਰਦੀ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੂੰ ਧਮਕਾਇਆ ਗਿਆ ਤੇ ਹਮਲਾ ਕੀਤਾ ਗਿਆ। ਇਸੇ ਤਰ੍ਹਾਂ ਬਾਲ ਭਲਾਈ ਕਮੇਟੀ ਦਾ ਇੱਕ ਅਫ਼ਸਰ ਜਦ 31 ਬੱਚੀਆਂ ਦੇ ਮਾਪਿਆਂ ਨੂੰ ਜਾਂਚ-ਪੜਤਾਲ ਲਈ ਮਿਲਣ ਗਿਆ ਤਾਂ ਆਰ.ਐਸ.ਐਸ. ਦੇ ਮੈਂਬਰਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ। ਅਫਸਰ ਦੀ ਸ਼ਿਕਾਇਤ ‘ਤੇ ਐਫ.ਆਈ.ਆਰ. ਵੀ ਦਰਜ਼ ਹੋਈ।

ਬਾਲ ਭਲਾਈ ਕਮੇਟੀ, ਕੋਕਰਾਝਰ ਨੇ ਹਾਈਕੋਰਟ, ਅਸਾਮ, ਸੀ.ਜੇ.ਐਮ. ਅਤੇ ਜਿਲ੍ਹਾ ਸੈਸ਼ਨ ਜੱਜ, ਕੋਕਰਾਝਰ ਨੂੰ ਆਰ.ਐਸ.ਐਸ. ਖਿਲਾਫ਼ ਸ਼ਿਕਾਇਤਾਂ ਭੇਜੀਆਂ। ਅਸਾਮ ਦੀਆਂ ਬਾਲ ਭਲਾਈ ਕਮੇਟੀਆਂ ਵੱਲ਼ੋਂ ਆਰ.ਐਸ.ਐਸ. ਦੀ ਕਾਰਵਾਈ ਨੂੰ ‘ਬਾਲ ਤਸਕਰੀ’ ਕਰਾਰ ਦੇਣ ਅਤੇ ਬੱਚੀਆਂ ਨੂੰ ਵਾਪਿਸ ਅਸਾਮ ਭੇਜਣ ਦੇ ਆਦੇਸ਼ਾਂ ਤੋਂ ਬਾਅਦ ਸਬੰਧਤ ਸੰਸਥਾਵਾਂ ਨੇ ਮਾਪਿਆਂ ਤੋਂ ਹਲਫਨਾਮੇ ਬਣਵਾ ਲਏ। ਇਹ ਐਲਾਨਨਾਮੇ ਪੂਰੀ ਤਰ੍ਹਾਂ ਗੈਰਕਨੂੰਨੀ ਤੇ ਨਾਜ਼ਾਇਜ਼ ਸਨ। ਸੁਪਰੀਮ ਕੋਰਟ ਦੇ ਫੈਸਲੇ ਮੁਤਾਬਿਕ ਅਸਾਮ ਅਤੇ ਮਨੀਪੁਰ ਤੋਂ ਬੱਚਿਆਂ ਨੂੰ ਹੋਰ ਰਾਜਾਂ ਵਿੱਚ ਨਹੀਂ ਭੇਜਿਆ ਜਾ ਸਕਦਾ। ਇਸ ਲਈ ਇਸ ਵਾਸਤੇ ਮਾਪਿਆਂ ਤੋਂ ਸਹਿਮਤੀ ਲੈਣ ਦਾ ਅਤੇ ਹਲਫ਼ਨਾਮੇ ਬਣਵਾਉਣ ਦਾ ਕੋਈ ਮਤਲਬ ਨਹੀਂ ਬਣਦਾ। ਦੂਜੀ ਗੱਲ, ਇਹ ਹਲਫ਼ਨਾਮੇ ਬੱਚੀਆਂ ਨੂੰ ਲਿਜਾਏ ਜਾਣ ਤੋਂ ਮਹੀਨਾ ਬਾਅਦ ਬਣਵਾਏ ਗਏ ਸਨ। ਅਗਲੀ ਗੱਲ ਇਹਨਾਂ ਹਲਫ਼ਨਾਮਿਆਂ ‘ਚ ਇਹ ਲਿਖਿਆ ਗਿਆ ਸੀ ਕਿ ਮਾਪੇ ਹੜ੍ਹ ਪੀੜਤ ਹਨ ਤੇ ਬਹੁਤ ਗਰੀਬ ਹਨ ਤੇ ਉਹ ਆਪਣੀਆਂ ਬੱਚੀਆਂ ਦਾ ਪਾਲਣ-ਪੋਸ਼ਣ ਨਹੀਂ ਕਰ ਸਕਦੇ। ਸਾਰੇ ਹਲਫ਼ਨਾਮਿਆਂ ‘ਚ ਨਾਵਾਂ, ਪਤਿਆਂ ਨੂੰ ਛੱਡੇ ਕੇ ਬਾਕੀ ਸਾਰੇ ਸ਼ਬਦ ਇਕੋ ਹੀ ਹਨ ਅਤੇ ਇਹ ਹਲਫਨਾਮੇ ਅੰਗਰੇਜ਼ੀ ‘ਚ ਬਣਾਏ ਗਏ ਹਨ। ਅੰਗਰੇਜ਼ੀ ‘ਚ ਹੋਣ ਕਾਰਨ ਇਹ ਹਲਫਨਾਮੇ ਮਾਪਿਆਂ ਦੇ ਸਮਝ ਵਿੱਚ ਨਹੀਂ ਆਏ। ਇਹਨਾਂ ਸਾਰੇ ਪਰਿਵਾਰਾਂ ‘ਚੋਂ ਕੋਈ ਵੀ ਪਰਿਵਾਰ ਹੜ੍ਹ ਪੀੜਤ ਨਹੀਂ ਹੈ। ਇਹਨਾਂ ਚੋਂ ਕਈ ਮਾਪੇ ਤਾਂ ਗਰੀਬ ਵੀ ਨਹੀਂ ਹਨ। ਸਾਫ਼ ਪਤਾ ਲੱਗਦਾ ਹੈ ਕਿ ਇਹ ਹਲਫ਼ਨਾਮੇ ਮਾਪਿਆਂ ਨੂੰ ਧੋਖੇ ਵਿੱਚ ਰੱਖ ਕੇ ਬਣਾਏ ਗਏ ਹਨ।

ਅਸੀਂ ਉੱਪਰ ਵੇਖਿਆ ਹੈ ਕਿ ਕਿਸ ਭ੍ਰਿਸ਼ਟ ਢੰਗ ਨਾਲ਼ ਨਿੱਕੀਆਂ-ਨਿੱਕੀਆਂ ਆਦਿਵਾਸੀ ਅਸਾਮੀ ਬੱਚੀਆਂ ਨੂੰ ਉਹਨਾਂ ਦੇ ਮਾਂ-ਬਾਪ ਤੋਂ ਦੂਰ ਕਰ ਦਿੱਤਾ ਗਿਆ ਹੈ। ਇਸ ਨੂੰ ਬੱਚਿਆਂ ਦੀ ਤਸਕਰੀ ਤੋਂ ਸਿਵਾ ਹੋਰ ਕੁੱਝ ਨਹੀਂ ਕਿਹਾ ਜਾ ਸਕਦਾ। ਪੰਜਾਬ ਅਤੇ ਗੁਜ਼ਰਾਤ ਵਿੱਚ ਹੋਈ 31 ਬੱਚੀਆਂ ਦੀ ਤਸਕਰੀ ਦੀ ਜਾਂਚ-ਪੜਤਾਲ ਨੇ ਇੱਕ ਵਾਰ ਫਿਰ, ਆਪਣੇ ਆਪ ਨੂੰ ”ਦੇਸ਼ ਭਗਤ”, ”ਇਮਾਨਦਾਰ”, ”ਲੋਕ ਸੇਵਕ”, ”ਸਭ ਤੋਂ ਮਹਾਨ” ਦੱਸਣ ਵਾਲ਼ੀ ਹਿੰਦੂਤਵਵਾਦੀ ਕੱਟੜਪੰਥੀ ਆਰ.ਐਸ.ਐਸ. ਅਤੇ ਇਸਦੀਆਂ ਭਾਜਪਾ, ਵਿੱਦਿਆ ਭਾਰਤੀ, ਵਿਸ਼ਵ ਹਿੰਦੂ ਪ੍ਰੀਸ਼ਦ ਜਿਹੀਆਂ ਜਥੇਬੰਦੀਆਂ ਦਾ ਨਿੱਘਰਿਆ ਭ੍ਰਿਸ਼ਟ, ਲੋਕ ਧ੍ਰੋਹੀ ਚਿਹਰਾ ਸਾਹਮਣੇ ਲੈ ਆਂਦਾ ਹੈ। ਅਸੀਂ ਵੇਖਿਆ ਹੈ ਕਿ ਕਿਸ ਤਰ੍ਹਾਂ ਸਰਕਾਰੀ ਮਸ਼ੀਨਰੀ ਨੇ ਇਹਨਾਂ ਦੀ ਮਦਦ ਕੀਤੀ ਹੈ। ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਹੈ ਅਤੇ ਗੁਜ਼ਰਾਤ ਵਿੱਚ ਭਾਜਪਾ ਦੀ ਸਰਕਾਰ ਹੈ। ਸਰਕਾਰ ਉੱਤੇ ਕਾਬਜ਼ ਹੋਣ ਕਾਰਨ ਇਹਨਾਂ ਨੂੰ ਆਪਣੇ ਘਟੀਆ ਮਨਸੂਬਿਆਂ ਨੂੰ ਪੂਰਾ ਕਰਨ ਦੇ ਹੋਰ ਖੁੱਲ੍ਹੇ ਮੌਕੇ ਮਿਲ ਰਹੇ ਹਨ ਅਤੇ ਇਹ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਟਿੱਚ ਜਾਣ ਰਹੇ ਹਨ। ਹੁਣ ਅਸਾਮ ਵਿੱਚ ਵੀ ਭਾਜਪਾ ਦੀ ਸਰਕਾਰ ਆ ਗਈ ਹੈ। ਆਰ.ਐਸ.ਐਸ. ਨੂੰ ਹੁਣ ਬੱਚੀਆਂ ਦੀ ਤਸਕਰੀ ਜਿਹੀਆਂ ਕਾਰਵਾਈਆਂ ਨੂੰ ਅੰਜ਼ਾਮ ਦੇਣ ਵਿੱਚ ਉੱਥੇ ਵੀ ਹੋਰ ਖੁੱਲ੍ਹ ਮਿਲ ਗਈ ਹੈ।

ਆਊਟਲੁੱਕ ਵਿੱਚ ਰਿਪੋਰਟ ਛਪਣ ਤੋਂ ਬਾਅਦ ਆਰ.ਐਸ.ਐਸ. ਨੇ ਪੱਤਰਕਾਰ ਨੇਹਾ ਦੀਕਸ਼ਤ (ਜਿਸ ਨੇ ਇਹ ਜਾਂਚ-ਪੜਤਾਲ ਕੀਤੀ ਤੇ ਵਿਸਤਾਰਿਤ ਰਿਪੋਰਟ ਤਿਆਰ ਕੀਤੀ), ਮੈਗਜ਼ੀਨ ਦੇ ਸੰਪਾਦਕ ਕ੍ਰਿਸ਼ਨਾ ਪ੍ਰਸਾਦ ਅਤੇ ਪ੍ਰਕਾਸ਼ਕ ਖਿਲਾਫ਼ ਐਫ.ਆਈ.ਆਰ. ਦਰਜ ਕਰਵਾ ਦਿੱਤੀ। ਬਾਲ ਤਸਕਰੀ ਦੇ ਦੋਸ਼ੀ ਆਰ.ਐਸ.ਐਸ. ਦੇ ਵਿਅਕਤੀਆਂ ਖਿਲਾਫ਼ ਕਾਰਵਾਈ ਕਰਨ ਦੀ ਥਾਂ ਪੁਲੀਸ ਨੇ ਨੇਹਾ ਦੀਕਸ਼ਤ, ਸੰਪਾਦਕ ਤੇ ਪ੍ਰਕਾਸ਼ਕ ਖਿਲਾਫ਼ ਕਾਰਵਾਈ ਕਰ ਦਿੱਤੀ। ਆਊਟਲੁੱਟ ‘ਤੇ ਆਰ.ਐਸ.ਐਸ. ਦੇ ਫਾਸੀਵਾਦੀ ਹਮਲਿਆਂ ਨਾਲ਼ ਪਏ ਦਬਾਅ ਕਾਰਨ ਸੰਪਾਦਕ ਕ੍ਰਿਸ਼ਨਾ ਪ੍ਰਸਾਦ ਨੂੰ ਹਟਾ ਦਿੱਤਾ ਗਿਆ ਤੇ ਉਸਦੀ ਥਾਂ ਰਾਜੇਸ਼ ਰਾਮਾਚੰਦਰਨ ਨੂੰ ਸੰਪਾਦਕ ਲਾ ਦਿੱਤਾ ਗਿਆ।

ਬੱਚੀਆਂ ਦੀ ਤਸਕਰੀ ਪਿੱਛੇ ਆਰ.ਐਸ.ਐਸ. ਦੇ ਬੇਹੱਦ ਖਤਰਨਾਕ ਫਿਰਕੂ ਫਾਸੀਵਾਦੀ ਇਰਾਦੇ ਹਨ। ਤਸਕਰ ਕੀਤੀਆਂ ਆਦਿਵਾਸੀ ਬੱਚੀਆਂ ਨੂੰ ਕੱਟੜ ਹਿੰਦੂ ਬਣਾਇਆ ਜਾਂਦਾ ਹੈ। ਇਹ ਬੱਚੀਆਂ ਬੋਡੋ ਤਬਕੇ ਨਾਲ਼ ਸਬੰਧਤ ਹਨ। ਬੋਡੋ ਲੋਕ ਹਿੰਦੂ ਧਰਮ ਦਾ ਹਿੱਸਾ ਨਹੀਂ ਹਨ। ਪਰ ਆਰ.ਐਸ.ਐਸ. ਆਪਣੇ ਫਿਰਕੂ ਇਰਾਦਿਆਂ ਤਹਿਤ ਭਾਰਤ ਦੇ ਸਾਰੇ ਲੋਕਾਂ ਨੂੰ ਹਿੰਦੂ ਕਹਿ ਰਹੀ ਹੈ। ਇਸਦੇ ਲੀਡਰ ਭਾਰਤ ਹੀ ਨਹੀਂ ਸਗੋਂ ਦੁਨੀਆਂ ਦੇ ਸਾਰੇ ਲੋਕਾਂ ਨੂੰ ਮੂਲ ਰੂਪ ਵਿੱਚ ਹਿੰਦੂ ਕਹਿ ਰਹੇ ਹਨ। ਇਹਨਾਂ ਹਿੰਦੂਤਵਵਾਦੀਆਂ ਦਾ ਸਪੱਸ਼ਟ ਕਹਿਣਾ ਹੈ ਕਿ ਭਾਰਤ ਵਿੱਚ ਰਹਿ ਰਹੇ ਗੈਰ-ਹਿੰਦੂਆਂ ਨੂੰ ”ਵਾਪਸ” ਹਿੰਦੂ ਧਰਮ ਵਿੱਚ ਲਿਆਂਦਾ ਜਾਵੇਗਾ। ਇਸ ਮਕਸਦ ਦੀ ਪੂਰਤੀ ਲਈ ਇਹਨਾਂ ਗੈਰ ਹਿੰਦੂ ਆਦਿਵਾਸੀਆਂ ‘ਚ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਮੂਲ ਰੂਪ ਵਿੱਚ ਹਿੰਦੂ ਹੀ ਹਨ, ਕਿ ਉਹਨਾਂ ਨੂੰ ਆਪਣੇ ਆਪ ਦੇ ਹਿੰਦੂ ਹੋਣ ਦੀ ਪਹਿਚਾਣ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਮੁਸਲਮਾਨਾਂ ਅਤੇ ਇਸਾਈਆਂ ਬਾਰੇ ਆਮ ਹਿੰਦੂ ਲੋਕ ਮਨਾਂ ਵਿੱਚ ਆਰ.ਐਸ.ਐਸ. ਨਫ਼ਰਤ ਪੈਦਾ ਕਰਦੀ ਹੈ ਉਸੇ ਤਰ੍ਹਾਂ ਆਦਿਵਾਸੀਆਂ ਨੂੰ ਵੀ ਮੁਸਲਮਾਨਾਂ ਤੇ ਇਸਾਈਆਂ ਖਿਲਾਫ਼ ਭੜਕਾਇਆ ਜਾ ਰਿਹਾ ਹੈ। ਆਦਿਵਾਸੀਆਂ ਦੇ ਹਿੰਦੂਤਵੀਕਰਨ ਰਾਹੀਂ ਭਾਜਪਾ ਲਈ ਵੋਟ ਬੈਂਕ ਵੀ ਪੱਕਾ ਕੀਤਾ ਜਾਂਦਾ ਹੈ। ਇਸ ਹਿੰਦੂਤਵੀਕਰਨ ਦੀ ਪ੍ਰਕਿਰਿਆ ਤਹਿਤ ਆਦਿਵਾਸੀਆਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਹਿੰਦੂ ਰੀਤੀ-ਰਿਵਾਜ ਨਿਭਾਉਣ ਲਈ ਕਿਹਾ ਜਾਂਦਾ ਹੈ। ਔਰਤਾਂ ਨੂੰ ਪਤੀ, ਪਿਤਾ, ਭਰਾ (ਯਾਨਿ ਪੁਰਸ਼) ਦੇ ਕਹਿਣੇ ਵਿੱਚ ਰਹਿਣ, ਉਹਨਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਲੜਕੀਆਂ ਅਤੇ ਉਹਨਾਂ ਦੇ ਮਾਪਿਆਂ ‘ਚ ਲੜਕੀਆਂ ਦੇ ਪ੍ਰੇਮ ਕਰਨ (ਖਾਸਕਰ ਮੁਸਲਮਾਨਾਂ ਤੇ ਇਸਾਈਆਂ ਨਾਲ਼), ”ਪੱਛਮੀ ਪਹਿਰਾਵਾ” ਪਹਿਨਣ, ਮੋਬਾਈਲ ਵਰਤਣ ਖਿਲਾਫ਼ ਮਾਨਸਿਕਤਾ ਪੈਦਾ ਕੀਤੀ ਜਾਂਦੀ ਹੈ।

ਆਦਿਵਾਸੀਆਂ ਵਿੱਚ ਹਿੰਦੂਤਵਵਾਦੀ ਫਿਰਕੂ ਏਜੰਡੇ ਨੂੰ ਲਾਗੂ ਕਰਨ ਲਈ ਔਰਤ ਪ੍ਰਚਾਰਕ ਕਾਫ਼ੀ ਅਸਰਦਾਇਕ ਸਾਬਿਤ ਹੋ ਰਹੀਆਂ ਹਨ। ਆਰ.ਐਸ.ਐਸ. ਨੇ ਅਸਾਮ ਦੇ ਬੋਡੋ ਆਦਿਵਾਸੀਆਂ ਵਿੱਚੋਂ ਕੁੱਝ ਔਰਤ ਪ੍ਰਚਾਰਕਾਵਾਂ ਤਿਆਰ ਕੀਤੀਆਂ ਹਨ। ਉਹਨਾਂ ਦਾ ਵੀ ਅਸਾਮ ਤੋਂ ਬਾਹਰ ਆਰ.ਐਸ.ਐਸ. ਦੀਆਂ ਸੰਸਥਾਵਾਂ ਵਿੱਚ ਪਾਲਣ ਪੋਸ਼ਣ ਹੋਇਆ ਹੈ। ਇਹਨਾਂ ਚੋਂ ਕੁੱਝ ਹੁਣ ਅਸਾਮ ਵਿੱਚ ਕੁਲਵਕਤੀ ਦੇ ਤੌਰ ‘ਤੇ ਕੰਮ ਕਰ ਰਹੀਆਂ ਹਨ ਅਤੇ ਬਾਕੀ ਜੁਜਵਕਤੀ ਦੇ ਤੌਰ ‘ਤੇ ਕੰਮ ਕਰ ਰਹੀਆਂ ਹਨ। ਕੁੱਲ ਵਕਤੀ ਪ੍ਰਚਾਰਕ ਲੜਕੀਆਂ ਵਿਆਹ ਨਹੀਂ ਕਰਵਾਉਂਦੀਆਂ। ਜੁਜਵਕਤੀ ਔਰਤਾਂ ਘਰ-ਬਾਰ ਸੰਭਾਲਦੇ ਹੋਏ ਆਰ.ਐਸ.ਐਸ. ਲਈ (ਵਿਦਿਆ ਭਾਰਤੀ, ਸੇਵਾ ਭਾਰਤੀ ਜਿਹੀਆਂ ਸੰਸਥਾਵਾਂ ਵਿੱਚ) ਕੰਮ ਕਰਦੀਆਂ ਹਨ। ਪੁਰਸ਼ਾਂ ਦੇ ਮੁਕਾਬਲੇ ਔਰਤਾਂ ਆਦਿਵਾਸੀਆਂ ਦਾ ਭਰੋਸਾ ਜਿੱਤਣ ਵਿੱਚ ਵੱਧ ਕਾਮਯਾਬ ਹੁੰਦੀਆਂ ਹਨ। ਉਹਨਾਂ ਰਾਹੀਂ ਹਿੰਦੂਤਵੀ ਸੋਚ ਨੂੰ ਆਦਿਵਾਸੀਆਂ ਦੇ ਮਨਾਂ ਦਾ ਹਿੱਸਾ ਬਣਾਉਣ ਵਿੱਚ ਵੱਧ ਕਾਮਯਾਬੀ ਮਿਲਦੀ ਹੈ। ਵੱਧ ਤੋਂ ਵੱਧ ਕੁਲਵਕਤੀ ਔਰਤ ਪ੍ਰਚਾਰਕ ਅਤੇ ਜੁਜਵਕਤੀ ਔਰਤ ਕਾਰਕੁੰਨ ਤਿਆਰ ਕਰਨ ਲਈ ਅਸਾਮ ਤੋਂ ਛੋਟੀਆਂ-ਛੋਟੀਆਂ ਆਦਿਵਾਸੀ ਬੱਚੀਆਂ ਨੂੰ ਲੋਕ ਭਲਾਈ ਦੇ ਨਾਂ ਹੇਠ ਆਰ.ਐਸ.ਐਸ. ਸੰਚਾਲਿਤ ਟ੍ਰੇਨਿੰਗ ਕੈਂਪਾਂ ਵਿੱਚ ਭੇਜਿਆ ਜਾ ਰਿਹਾ ਹੈ। ਜਿਹਨਾਂ ਇਲਾਕਿਆਂ ਤੋਂ 31 ਬੱਚੀਆਂ ਦੀ ਗੁਜ਼ਰਾਤ ਅਤੇ ਪੰਜਾਬ ਵਿੱਚ ਤਸਕਰੀ ਕੀਤੀ ਗਈ ਹੈ ਉਹਨਾਂ ਇਲਾਕਿਆਂ ‘ਚ ਤਿੰਨ ਸਾਲ ਪਹਿਲਾਂ 3 ਨੌਜਵਾਨ ਬੋਡੋ ਔਰਤ ਪ੍ਰਚਾਰਕਾਂ ਦੀ ਤੈਨਾਤੀ ਕੀਤੀ ਗਈ ਸੀ। ਉਹਨਾਂ ਨੇ ਆਰ.ਐਸ.ਐਸ. ਦੇ ਏਜੰਡੇ ਨੂੰ ਕਿੰਨੇ ਅਸਰਦਾਇਕ ਢੰਗ ਨਾਲ਼ ਲਾਗੂ ਕੀਤਾ ਹੈ ਇਸਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਦੋ ਸਾਲਾਂ ਦੇ ਅੰਦਰ ਹੀ ਉਹਨਾਂ ਲਗਭਗ 500 ਲੜਕੀਆਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚਲੇ ਟ੍ਰੇਨਿੰਗ ਕੈਂਪਾਂ ਵਿੱਚ ਭੇਜਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ।

ਇਹਨਾਂ ਟ੍ਰੇਨਿੰਗ ਕੈਂਪਾਂ, ਜਿੱਥੇ ਬੱਚੀਆਂ ਨੂੰ ਰੱਖਿਆ ਜਾਂਦਾ ਹੈ, ਕੱਟੜ ਹਿੰਦੂਤਵਵਾਦੀ ਸੋਚ ਨਾਲ਼ ਲੈਸ ਕੀਤਾ ਜਾਂਦਾ ਹੈ। ਛੋਟੀਆਂ-ਛੋਟੀਆਂ ਬੱਚੀਆਂ ਨੂੰ ਮੰਤਰ ਰਟਾਏ ਜਾਂਦੇ ਹਨ। ਉਹਨਾਂ ਨੂੰ ”ਹਿੰਦੂ ਕੌਮ” ਦੀ ਸੇਵਿਕਾ ਦੇ ਰੂਪ ਵਿੱਚ ਜੀਵਨ ਬਤੀਤ ਕਰਨ ਲਈ ਪ੍ਰੇਰਿਆ ਜਾਂਦਾ ਹੈ। ਮਰਦ ਪ੍ਰਧਾਨ ਸੋਚ ਉਹਨਾਂ ਦੇ ਮਨਾਂ ਵਿੱਚ ਕੁੱਟ-ਕੁੱਟ ਕੇ ਭਰੀ ਜਾਂਦੀ ਹੈ। ਮੁਸਲਮਾਨਾਂ ਤੇ ਇਸਾਈਆਂ ਨੂੰ ਖਲਨਾਇਕ, ਹਿੰਦੂਆਂ ਦੇ ਦੁਸ਼ਮਣ ਦੇ ਤੌਰ ‘ਤੇ ਪੇਸ਼ ਕਰਨ ਵਾਲ਼ੀਆਂ ਕਹਾਣੀਆਂ ਸੁਣਾਈਆਂ ਤੇ ਰਟਾਈਆਂ ਜਾਂਦੀਆਂ ਹਨ। ਕਸ਼ਮੀਰ ਤੇ ਹੋਰ ਕੌਮੀਅਤਾਂ ਦੇ ਲੋਕਾਂ ਦੇ ਸੰਘਰਸ਼ਾਂ ਨਾਲ਼ ਨਫ਼ਰਤ ਕਰਨੀ ਸਿਖਾਈ ਜਾਂਦੀ ਹੈ। ਆਰ.ਐਸ.ਐਸ. ਦਾ ਮੰਨਣਾ ਹੈ ਕਿ ਬਾਲਗ ਵਿਅਕਤੀਆਂ ਨੂੰ ਕੱਟੜ ਹਿੰਦੂ ਬਣਾਉਣਾ ਕਾਫ਼ੀ ਔਖਾ ਹੁੰਦਾ ਹੈ। ਜੇਕਰ ਬਚਪਨ ਤੋਂ ਹੀ ਉਹਨਾਂ ਦੀ ਹਿੰਦੂਤਵਵਾਦੀ ਢਲਾਈ ਕੀਤੀ ਜਾਵੇ ਤਾਂ ਹਿੰਦੂਤਵਵਾਦੀ ਕੱਟੜ ਮਾਨਸਿਕਤਾ ਕਾਫ਼ੀ ਚੰਗੀ ਤਰ੍ਹਾਂ ਮਨਾਂ ਵਿੱਚ ਭਰੀ ਜਾ ਸਕਦੀ ਹੈ। ਇਸੇ ਕਰਕੇ ਤਿੰਨ-ਤਿੰਨ ਸਾਲ ਦੀਆਂ ਬੱਚੀਆਂ ਨੂੰ ਹਿੰਦੂਤਵਵਾਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਹਨਾਂ ਦੇ ਮਨਾਂ ਵਿੱਚ ”ਬਹਾਦਰੀ” ਦਾ ਸੰਕਲਪ ਆਰ.ਐਸ.ਐਸ. ਦੇ ਹਿੰਦੂ ਰਾਜ ਦੀ ਉਸਾਰੀ ਲਈ ਪਤਨੀਆਂ, ਮਾਵਾਂ, ਭੈਣਾਂ ਦੀ ਬਹਾਦਰੀ ਦੇ ਰੂਪ ਵਿੱਚ ਹੀ ਬਿਠਾਇਆ ਜਾਂਦਾ ਹੈ। ਆਰ.ਐਸ.ਐਸ. ਦੇ ਬਹਾਦਰੀ ਦੇ ਸੰਕਲਪ ਵਿੱਚ ਮਰਦ-ਪ੍ਰਧਾਨਤਾ ਮੁੱਢਲੀ ਚੀਜ਼ ਹੈ, ਨਿਰਵਿਵਾਦ ਹੈ (ਹਰ ਧਰਮ ਦੇ ਕੱਟੜਪੰਥੀਆਂ ਵਿੱਚ ਇਹ ਗੱਲ ਸਾਂਝੀ ਹੈ)। ਔਰਤਾਂ ਦੀ ਬਹਾਦਰੀ ਦੇ ਹਿੰਦੂਤਵਵਾਦੀ ਸੰਕਲਪ ਵਿੱਚ ਲੋੜ ਮੁਤਾਬਿਕ ਕੁੱਝ ਥਾਂ ਕੁਲਵਕਤੀ ਔਰਤ ਪ੍ਰਚਾਰਕਾਂ ਲਈ ਵੀ ਹੈ। ਪਰ ਇਹ ਮੁੱਖ ਨਹੀਂ ਹੈ, ਇਹ ਦੋਮ ਰੂਪ ਵਿੱਚ ਹੀ ਸ਼ਾਮਲ ਹੈ।

ਆਰ.ਐਸ.ਐਸ. ਦੇ ਇਹਨਾਂ ਟ੍ਰੇਨਿੰਗ ਕੈਂਪਾਂ ਵਿੱਚ ਬੱਚੀਆਂ ਨੂੰ ਸਹੂਲਤਾਂ ਦੀ ਤਾਂ ਵੱਡੇ ਪੱਧਰ ‘ਤੇ ਘਾਟ ਰਹਿੰਦੀ ਹੀ ਹੈ ਇਸਦੇ ਨਾਲ਼ ਹੀ ਉਹਨਾਂ ‘ਤੇ ਇੱਕ ਵੱਡਾ ਜੁਲਮ ਇਹ ਵੀ ਹੈ ਕਿ ਉਹਨਾਂ ਨੂੰ ਮੂਲ ਅਸਾਮੀ ਮਹੌਲ ਤੋਂ ਕੱਟ ਦਿੱਤਾ ਗਿਆ ਹੈ। ਉਹ ਆਪਣੇ ਲੋਕਾਂ, ਭਾਸ਼ਾ, ਸੱਭਿਆਚਾਰ ਤੋਂ ਪੂਰੀ ਤਰ੍ਹਾਂ ਕੱਟ ਗਈਆਂ ਹਨ। ਉਹਨਾਂ ਉੱਤੇ ਇੱਕ ਓਪਰੀ ਭਾਸ਼ਾ ਤੇ ਸੱਭਿਆਚਾਰ ਥੋਪ ਦਿੱਤਾ ਗਿਆ ਹੈ। ਇਹ ਉਹਨਾਂ ‘ਤੇ ਤਸ਼ੱਦਦ ਨਹੀਂ ਤਾਂ ਹੋਰ ਕੀ ਹੈ? ਇਸਨੂੰ ਉਹਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨਾ ਨਾ ਕਿਹਾ ਜਾਵੇ ਤਾਂ ਹੋਰ ਕੀ ਕਿਹਾ ਜਾਵ?   ਆਪਣੇ ਫਿਰਕੂ ਫਾਸੀਵਾਦੀ ਏਜੰਡੇ ਨੂੰ ਅੱਗੇ ਵਧਾਉਣ ਲਈ ਆਰ.ਐਸ.ਐਸ. ਵੱਡੇ ਪੱਧਰ ‘ਤੇ ”ਲੋਕ ਭਲਾਈ” ਦਾ ਸਹਾਰਾ ਲੈਂਦੀ ਹੈ। ਆਰ.ਐਸ.ਐਸ. ਇਹ ਕੰਮ ਵੀ ਜ਼ਿਆਦਾਤਰ ਆਪਣਾ ਨਾਂ ਪਿੱਛੇ ਰੱਖ ਕੇ ਕਰ ਰਹੀ ਹੈ। ਵਿੱਦਿਆ ਭਾਰਤੀ, ਸੇਵਾ ਭਾਰਤੀ ਜਿਹੀਆਂ ”ਸਮਾਜ ਸੁਧਾਰਕ”, ”ਸਮਾਜ ਭਲਾਈ ਦੇ ਕੰਮ ਕਰਨ ਵਾਲ਼ੀਆਂ” ਉਪ-ਜਥੇਬੰਦੀਆਂ ਰਾਹੀਂ ਇਹ ਕੰਮ ਜ਼ਿਆਦਾ ਕੀਤਾ ਜਾਂਦਾ ਹੈ। ਸੰਨ 1986 ਤੋਂ ਆਰ.ਐਸ.ਐਸ. ਏਕਲ ਵਿੱਦਿਆਲੇ ਸਕੂਲ ਚਲਾ ਰਹੀ ਹੈ। ਇਹਨਾਂ ਸਕੂਲਾਂ ਵਿੱਚ ਆਮ ਤੌਰ ‘ਤੇ ਇੱਕ ਹੀ ਅਧਿਆਪਕ ਹੁੰਦਾ ਹੈ। ਸੰਨ 2013 ਦੇ ਇੱਕ ਅੰਕੜੇ ਮੁਤਾਬਿਕ ਭਾਰਤ ਦੇ ਆਦਿਵਾਸੀ ਇਲਾਕਿਆਂ ਵਿੱਚ 52 ਹਜ਼ਾਰ ਏਕਲ ਵਿੱਦਿਆਲੇ ਹਨ। ਇਹ ਏਕਲ ਵਿੱਦਿਆਲੇ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ਼ ਜੁੜੇ ਹੋਏ ਹਨ ਜੋ ਅੱਗੇ ਆਰ.ਐਸ.ਐਸ.ਦੀ ਉੱਪ-ਜੱਥੇਬੰਦੀ ਹੈ। ਇਸ ਸਮੇਂ ਅਸਾਮ ਦੇ ਕੋਕਰਾਝਰ ਜਿਲ੍ਹੇ ਵਿੱਚ 290 ਤੋਂ ਵਧੇਰੇ ਏਕਲ ਸਕੂਲ ਹਨ। ਇਹਨਾਂ ਸਕੂਲਾਂ ਵਿੱਚ ਕੁੱਝ ਘੰਟੇ ”ਪੜ੍ਹਾਇਆ” ਜਾਂਦਾ ਹੈ। ਇਹ ਇੱਕ ਤਰ੍ਹਾਂ ਦੇ ਟਿਊਸ਼ਨ ਸੈਂਟਰ ਹਨ ਜੋ ਸਕੂਲੀ ਪੜਾਈ ਵਿੱਚ ਮਦਦ ਕਰਨ ਦੇ ਨਾਂ ‘ਤੇ ਚਲਾਏ ਜਾ ਰਹੇ ਹਨ। ਪਰ ਇਹਨਾਂ ਏਕਲ ਸਕੂਲਾਂ ਵਿੱਚ ਬੱਚਿਆਂ ਨੂੰ ਇਤਿਹਾਸ, ਜੀਵ ਵਿਗਿਆਨ, ਤੇ ਭੁਗੋਲ ਦੀ ਹਿੰਦੂਤਵਵਾਦੀ ਸਮਝ ਮੁਤਾਬਿਕ ਪੜ੍ਹਾਈ ਕਰਵਾਈ ਜਾਂਦੀ ਹੈ। ਬੱਚਿਆਂ ਨੂੰ ਧਰਮ-ਚੇਤਨ, ਆਗਿਆਕਾਰੀ ਤੇ ਕੁਰਬਾਨੀ ਦੇ ਜ਼ਜਬੇ ਵਾਲ਼ੇ ਹਿੰਦੂਤਵਵਾਦੀ ਬਣਾਉਣ ‘ਤੇ ਜ਼ੋਰ ਦਿੱਤਾ ਜਾਂਦਾ ਹੈ। ਵਿੱਦਿਆ ਭਾਰਤੀ ਜੋ ਸਕੂਲ ਚਲਾਉਂਦੀ ਹੈ ਉਹ ਵੱਖ ਹਨ।

ਆਰ.ਐਸ.ਐਸ. ਦੀਆਂ ਉੱਪ-ਜਥੇਬੰਦੀਆਂ ਖੂਨ ਦਾਨ ਕੈਂਪ, ਸਾਫ਼-ਸਫਾਈ ਮੁਹਿੰਮਾਂ ਜਿਹੇ ”ਸਮਾਜ ਭਲਾਈ” ਦੇ ਕੰਮ ਕਰਦੀਆਂ ਹਨ। ਔਰਤਾਂ ਦੀਆਂ ਮੀਟਿੰਗਾਂ ਕਰਦੀਆਂ ਹਨ ਜਿਸ ਵਿੱਚ ਉਹਨਾਂ ਨੂੰ ਕੁੱਝ ਫਾਇਦੇਮੰਦ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਸਮਾਜ ਸੁਧਾਰ ਦੇ ਬਹਾਨੇ ਜਾਲ ਵਿੱਚ ਫਸਾ ਲਿਆ ਜਾਂਦਾ ਹੈ। ਅੱਗੇ ਜੋ ਹੁੰਦਾ ਹੈ ਉਸਦੀ ਇੱਕ ਝਲਕ ਉੱਪਰ ਅਸੀਂ ਵੇਖ ਆਏ ਹਾਂ। ਲੋਕ ਭਲਾਈ ਦੇ ਕੰਮ ਵੇਖ ਕੇ ਆਰ.ਐਸ.ਐਸ. ਦੇ ਜਾਲ ਵਿੱਚ ਫਸਣ ਵਾਲ਼ਿਆਂ ਨੂੰ ਪਤਾ ਵੀ ਨਹੀਂ ਲੱਗਦਾ ਉਹ ਕਦੋਂ ਕੱਟੜ ਹਿੰਦੂਤਵਵਾਦੀ ਫਿਰਕਾਪ੍ਰਸਤ ਬਣ ਜਾਂਦੇ ਹਨ। ਮਾਪੇ ”ਲੋਕ ਭਲਾਈ” ਵੇਖ ਕੇ ਆਪਣੇ ਲੜਕੇ-ਲੜਕੀਆਂ ਨੂੰ ਹਿੰਦੂਤਵਵਾਦੀਆਂ ਨੂੰ ਸੌਂਪ ਦਿੰਦੇ ਹਨ।

ਸਮਾਜ ਵਿੱਚ ਹਿੰਦੂਤਵਵਾਦੀ ਕੱਟੜਤਾ ਫੈਲਾ ਕੇ, ਆਮ ਹਿੰਦੂਆਂ ਤੇ ਗੈਰ ਹਿੰਦੂ ਆਦਿਵਾਸੀਆਂ ਅਤੇ ਦਲਿਤਾਂ ਨੂੰ ਮੁਸਲਮਾਨਾਂ ਤੇ ਇਸਾਈਆਂ ਖਿਲਾਫ਼ ਭੜਕਾ ਕੇ ਕਤਲੇਆਮ ਕਰਵਾਏ ਜਾਂਦੇ ਹਨ, ਦੰਗੇ ਭੜਕਾਏ ਜਾਂਦੇ ਹਨ। ਸਮਾਜ ਨੂੰ ਵੱਧ ਤੋਂ ਵੱਧ ਆਪਣੇ ਕਾਬੂ ਵਿੱਚ ਕਰਨ, ਲੋਕਾਂ ਨੂੰ ਆਪਸ ਵਿੱਚ ਵੰਡਣ-ਲੜਾਉਣ, ਸੱਤਾ ਦੀਆਂ ਪੌੜੀਆਂ ਚੜ੍ਹਨ ਤੇ ਇਸ ਤਰ੍ਹਾਂ ਹਾਕਮ ਸਰਮਾਏਦਾਰ ਜਮਾਤ ਦੀ ਸੇਵਾ ਕਰਨ ਦਾ ਆਰ.ਐਸ.ਐਸ. ਦਾ ਇਹੋ ਕੰਮ-ਢੰਗ ਹੈ।

ਆਰ.ਐਸ.ਐਸ. ਆਪਣੇ ਖਤਰਨਾਕ ਹਿੰਦੂਤਵਵਾਦੀ ਲੋਕ ਧ੍ਰੋਹੀ ਇਰਾਦਿਆਂ ਨੂੰ ਪੂਰਾ ਕਰਨ ਲਈ ਕਿਸੇ ਵੀ ਹੱਦ ਤੱਕ ਡਿੱਗ ਸਕਦੀ ਹੈ। ਨੰਨ੍ਹੀਆਂ ਬੱਚੀਆਂ ਦੀਆਂ ਜ਼ਿੰਦਗੀਆਂ ਨਾਲ਼ ਖੇਡਣ ਤੋਂ ਵੀ ਗੁਰੇਜ਼ ਨਹੀਂ ਕਰਦੀ। ਇਸ ਲੇਖ ਵਿੱਚ ਅਸੀਂ ਇਸਦੀ ਸਿਰਫ਼ ਇੱਕ ਝਲਕ ਹੀ ਵੇਖੀ ਹੈ। ਅਸਲ ਵਿੱਚ ਆਰ.ਐਸ.ਐਸ. ਇਸਤੋਂ ਕਿਤੇ ਵੱਡੇ ਪੱਧਰ ‘ਤੇ ਅਣਗਿਣਤ ਘਟੀਆ ਕਾਰਵਾਈਆਂ ਕਰ ਰਹੀ ਹੈ। ਜੇਕਰ ਅਸੀਂ ਸਮਾਜ ਵਿੱਚ ਸਭਨਾਂ ਧਰਮਾਂ ਨਾਲ਼ ਸਬੰਧਤ ਲੋਕਾਂ ਵਿੱਚ ਭਾਈਚਾਰਾ ਚਾਹੁੰਦੇ ਹਾਂ, ਲੋਕਾਂ ਨੂੰ ਉਹਨਾਂ ਦੇ ਅਸਲ ਮੁੱਦਿਆਂ ‘ਤੇ ਇਕਮੁੱਠ ਤੇ ਸੰਘਰਸ਼ ਕਰਦੇ ਵੇਖਣਾ ਚਾਹੁੰਦੇ ਹਾਂ ਅਤੇ ਜੇਕਰ ਅਸੀਂ ਬੱਚੇ-ਬੱਚੀਆਂ ਨੂੰ ਫਿਰਕੂ ਜਨੂੰਨੀ ਗਿਰਝਾਂ ਦਾ ਸ਼ਿਕਾਰ ਹੋਣ ਤੋਂ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਰ.ਐਸ.ਐਸ. ਤੇ ਅਜਿਹੀਆਂ ਹੋਰ ਫਿਰਕੂ ਜਥੇਬੰਦੀਆਂ ਦਾ ਡੱਟ ਕੇ ਵਿਰੋਧ ਕਰਨਾ ਹੋਵੇਗਾ, ਇਹਨਾਂ ਦਾ ਲੋਕਾਂ ਵਿੱਚ ਜ਼ੋਰਦਾਰ ਪਰਦਾਫਾਸ਼ ਕਰਨਾ ਹੋਵੇਗਾ ਤੇ ਲੋਕਾਂ ਨੂੰ ਇਹਨਾਂ ਖਿਲਾਫ਼ ਲਾਮਬੰਦ-ਜਥੇਬੰਦ ਕਰਨਾ ਪਵੇਗਾ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 63, 16 ਨਵੰਬਰ 2016 ਵਿੱਚ ਪ੍ਰਕਾਸ਼ਤ

Advertisements