ਲੁਹਾਰ ਗਲਿਆਰਦੀ •ਮੈਕਸਿਮ ਗੋਰਕੀ

gorky 5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਚੁੱਪ ਦੀ ਚਾਦਰ ਤਾਣੀ ਟਾਪੂ ਸੁੱਤਾ ਹੋਇਆ ਹੈ। ਸਮੁੰਦਰ ‘ਤੇ ਵੀ ਕਬਰਸਤਾਨ ਵਰਗੀ ਚੁੱਪ ਛਾਈ ਹੋਈ ਹੈ। ਇੰਜ ਲਗਦਾ ਹੈ ਕਿ ਕਿਸੇ ਤਗੜੇ ਹੱਥ ਨੇ ਅਸਮਾਨ ਵਿੱਚੋਂ ਇਸ ਟਾਪੂ ਦੀ ਕਾਲ਼ੀ, ਬੇਢੰਗੀ ਚੱਟਾਨ ਨੂੰ ਸਮੁੰਦਰ ਦੀ ਛਾਤੀ ਵਿੱਚ ਵਗਾਹ ਮਾਰਿਆ ਹੋਵੇ ਜਿਸ ਨਾਲ਼ ਉਹ ਨਿਰਜਿੰਦ ਹੋ ਗਈ ਹੋਵੇ।

ਜਿੱਥੇ ਅਕਾਸ਼-ਗੰਗਾ ਦੀ ਸੁਨਹਿਰੀ ਗੁਲ਼ਾਈ ਸਮੁੰਦਰ ਦੇ ਕਾਲ਼ੇ ਪਾਣੀ ਨੂੰ ਛੋਂਹਦੀ ਹੈ, ਉੱਥੋਂ ਇਸ ਟਾਪੂ ਨੂੰ ਵੇਖਣ ‘ਤੇ ਉਹ ਉਸ ਜਾਨਵਰ ਵਾਂਗ ਲਗਦਾ ਹੈ, ਜੋ ਆਪਣੀ ਕਮਰ ਕਮਾਨ ਵਾਂਗ ਨਿਵਾ ਕੇ ਚੁੱਪ-ਚੁਪੀਤਾ ਸਮੁੰਦਰ ਦਾ ਪਾਣੀ ਪੀ ਰਿਹਾ ਹੈ।

ਮੌਤ ਵਰਗੀ ਚੁੱਪ ਦੀਆਂ ਇਹ ਕਾਲ਼ੀਆਂ ਰਾਤਾਂ ਦਸੰਬਰ ਮਹੀਨੇ ਵਿੱਚ ਆਮ ਤੌਰ ‘ਤੇ ਵੇਖੀਆਂ ਜਾ ਸਕਦੀਆਂ ਹਨ। ਇਨ੍ਹਾਂ ਰਾਤਾਂ ਵਿੱਚ ਅਜਿਹਾ ਅਜੀਬ ਸੰਨਾਟਾ ਹੁੰਦਾ ਹੈ ਕਿ ਰਤਾ ਕੁ ਵੀ ਉੱਚੀ ਬੋਲਣ ਨੂੰ ਦਿਲ ਨਹੀਂ ਚਾਹੁੰਦਾ ਮਤੇ ਰਾਤ ਦੇ ਅਸਮਾਨ ਦੇ ਨੀਲੇ ਚੰਦੋਏ ਥੱਲੇ ਪਥਰਾਈ ਹੋਈ ਚੁੱਪ ਵਿੱਚ ਗੁਪਤ ਤਰੀਕੇ ਨਾਲ਼ ਚਲ ਰਹੀ ਕਿਸੇ ਕਾਰਵਾਈ ਵਿੱਚ ਥੋੜੇ ਜਿਹੇ ਰੌਲ਼ੇ ਨਾਲ਼ ਵਿਘਨ ਪੈ ਜਾਏ।

ਕੰਢੇ ‘ਤੇ ਪਈਆਂ ਉੱਘੜ ਦੁੱਘੜੀਆਂ ਚੱਟਾਨਾਂ ਵਿਚਕਾਰ ਬੈਠੇ ਹੋਏ ਦੋ ਆਦਮੀ ਦੱਬੀ ਹੋਈ ਅਵਾਜ਼ ਵਿੱਚ ਗੱਲਾਂ ਕਰ ਰਹੇ ਹਨ। ਉਨ੍ਹਾਂ ਵਿੱਚੋਂ ਇੱਕ ਹੈ ਚੁੰਗੀ ਦਾ ਸਿਪਾਹੀ, ਜਿਸਨੇ ਪੀਲ਼ੀ ਕਿਨਾਰੀ ਵਾਲ਼ੀ ਵਰਦੀ ਦਾ ਜੈਕਟ ਪਾਇਆ ਹੋਇਆ ਹੈ ਤੇ ਉਸ ਦੀ ਪਿੱਠ ‘ਤੇ ਇੱਕ ਨਿੱਕੀ ਜਿਹੀ ਬੰਦੂਕ ਲਟਕੀ ਹੋਈ ਹੈ। ਮਾਹੀਗੀਰਾਂ ਅਤੇ ਕਿਸਾਨਾਂ ਨੂੰ ਚੱਟਾਨਾਂ ਦੀਆਂ ਦਰਾਰਾਂ ਵਿੱਚ ਜੰਮਿਆਂ ਹੋਇਆ ਲੂਣ ‘ਕੱਠਾ ਕਰਨੋਂ ਰੋਕਣ ਲਈ ਹੀ ਉਹ ਏਥੇ ਖੜੋਤਾ ਹੈ। ਦੂਜਾ ਆਦਮੀ ਹੈ ਕਿ ਇੱਕ ਬੁੱਢਾ ਮਾਹੀਗੀਰ—ਕਾਲਾ, ਕਿਸੇ ਸਪੇਨੀ ਵਰਗਾ ਚਿਹਰਾ, ਚਿੱਟੀਆਂ ਮੁੱਛਾਂ ਤੇ ਤੋਤੇ ਦੀ ਚੁੰਝ ਵਰਗਾ ਮੁੜਿਆ ਹੋਇਆ ਵੱਡਾ ਸਾਰਾ ਨੱਕ।

ਚੱਟਾਨਾਂ ਚਾਂਦੀ ਨਾਲ਼ ਢੱਕੀਆਂ ਹੋਈਆਂ ਜਾਪਦੀਆਂ ਹਨ ਤੇ ਇਹ ਚਾਂਦੀ ਚੱਟਾਨਾਂ ਲੂਣੇ ਪਾਣੀ ਨਾਲ਼ ਕੁੱਝ ਕਾਲ਼ੀਆਂ ਪੈ ਗਈਆਂ ਹਨ।

ਸਿਪਾਹੀ ਜਵਾਨ ਹੈ ਤੇ ਜਵਾਨ ਹੋਣ ਕਰ ਕੇ ਉਹ ਉਸੇ ਵਿਸ਼ੇ ‘ਤੇ ਬੋਲਦਾ ਹੈ ਜੋ ਉਸ ਦੇ ਜਵਾਨ ਦਿਲ ਨੂੰ ਵਧਰੇ ਪਸੰਦ ਹੈ। ਬੁੱਢਾ ਆਲਸ ਵਿੱਚ ਤੇ ਕਦੇ ਕਦੇ ਸਖ਼ਤੀ ਨਾਲ਼ ਜਵਾਬ ਦਿੰਦਾ ਹੈ:
”ਦਸੰਬਰ ਵਿੱਚ ਵੀ ਕੋਈ ਪਿਆਰ ਸ਼ੁਰੂ ਕਰਦੈ?” ਉਹ ਕਹਿੰਦਾ ਹੈ। ”ਵਰ੍ਹੇ ਦੇ ਇਨ੍ਹਾਂ ਦਿਨਾਂ ਵਿੱਚ ਬੱਚੇ ਜੰਮਣ ਲਗਦੇ ਨੇ…”

”ਛੱਡ ਇਹ ਗੱਲਾਂ। ਜਦ ਆਦਮੀ ਜਵਾਨ ਹੁੰਦੇ ਹਨ ਤਾਂ ਉਹ ਉਡੀਕਦੇ ਨਹੀਂ…”

”ਉਨ੍ਹਾਂ ਨੂੰ ਪਿਆਰ ਤਾਂ ਕਰਨਾ ਚਾਹੀਦੈ…”

”ਕੀ ਤੂੰ ਕੀਤਾ ਸੀ?”

”ਮੇਰੇ ਦੋਸਤ, ਮੈਂ ਕਦੇ ਫ਼ੌਜੀ ਨਹੀਂ ਸੀ। ਮੈਂ ਕੰਮ ਕਰਦਾ ਰਿਹਾਂ ਤੇ ਵੇਲ਼ੇ ਸਿਰ ਉਨ੍ਹਾਂ ਸਾਰੀਆਂ ਗੱਲਾਂ ਦਾ ਮੈਂ ਤਜ਼ਰਬਾ ਲਿਆ ਜੋ ਕਿ ਆਦਮੀ ਲਈ ਲੋੜੀਂਦੀਆਂ ਹਨ।”

”ਮੈਂ ਨਹੀਂ ਸਮਝਿਆ।”

”ਕਿਸੇ ਦਿਨ ਜ਼ਰੂਰ ਸਮਝ ਜਾਏਂਗਾ।”

ਕੰਢੇ ਦੇ ਲਾਗੇ ਹੀ ਸਮੁੰਦਰ ਵਿੱਚ ਲੁਬਸਕ ਤਾਰੇ ਦਾ ਨੀਲਾ ਚਾਨਣ ਦਿਸ ਰਿਹਾ ਸੀ। ਇਸ ਮੱਧਮ ਚਾਨਣ ਵਿੱਚ ਜੇ ਦੇਰ ਤਾਈਂ ਵੇਖਦੇ ਰਹੀਏ ਤਾਂ ਪਾਣੀ ‘ਤੇ ਮਨੁੱਖੀ ਸਿਰ ਵਾਂਗ ਇੱਕ ਗੋਲ਼ ਤੇ ਅਹਿੱਲ ਤਰਦਾ ਹੋਇਆ ਪੀਪਾ ਦਿਸਦਾ ਹੈ।

”ਤੂੰ ਸੌਂਦਾ ਕਿਉਂ ਨਹੀਂ?”

ਬੁੱਢਾ ਆਪਣਾ ਪੁਰਾਣਾ, ਫਿੱਕਾ ਪਿਆ, ਬਿਨਾਂ ਬਾਹਾਂ ਵਾਲ਼ਾ ਚੋਗ਼ਾ ਲਾਹ ਲੈਂਦਾ ਹੈ ਤੇ ਖੰਘਦਾ ਹੋਇਆ ਜਵਾਬ ਦਿੰਦਾ ਹੈ:

”ਅਸੀਂ ਏਥੇ ਆਪਣੇ ਜਾਲ਼ ਸੁੱਟੇ ਹਨ। ਔਹ ਤਰਦਾ ਹੋਇਆ ਪੀਪਾ ਵੇਖਦੈਂ ਨਾ?”

”ਹਾਂ।”

”ਤਿੰਨ ਦਿਨ ਪਹਿਲਾਂ ਉਥੇ ਇੱਕ ਜਾਲ਼ ਪਾਇਆ ਸੀ।”

”ਸ਼ੈਤ ਡਾਲਫਿਨਾਂ ਨੇ ਪਾੜ ਸੁੱਟਿਆ ਹੋਵੇ।”

”ਸਿਆਲ਼ਾਂ ਵਿੱਚ ਡਾਲਫਿਨ? ਨਹੀਂ! ਇਹ ਸ਼ੈਤ ਸ਼ਾਰਕਾਂ ਦਾ ਕੰਮ ਹੈ। ਕੌਣ ਜਾਣੇ?”

ਕਿਸੇ ਅਦਿੱਖ ਜਾਨਵਰ ਦੇ ਪੈਰ ਨਾਲ਼ ਉੱਖੜਿਆ ਹੋਇਆ ਇੱਕ ਨਿੱਕਾ ਜਿਹਾ ਪੱਥਰ ਪਹਾੜੀ ਉੱਤੋਂ, ਸੁੱਕੇ ਘਾਹ ਵਿੱਚ ਰਿੜ੍ਹਦਾ  ਹੋਇਆ ਆਇਆ ਤੇ ਉੱਛਲ਼ ਕੇ ਸਮੁੰਦਰ ਵਿੱਚ ਛਪਾਕ ਕਰ ਕੇ ਡਿੱਗ ਪਿਆ। ਚੁੱਪ-ਚਪੀਤੀ ਰਾਤ ਇਸ ਨਿੱਕੀ ਜਿਹੀ ਅਵਾਜ਼ ਨੂੰ ਫੜਦੀ ਹੈ ਤੇ ਉਸ ਦੀ ਡੂੰਘਾਣ ‘ਚੋਂ ਉਸ ਦੀ ਪ੍ਰਤੀਧੁੰਨੀ ਗੂੰਜਦੀ ਹੈ, ਜਿਵੇਂ ਰਾਤ ਆਪਣੇ ਦਿਲ ਵਿੱਚ ਸਦਾ ਲਈ ਉਸ ਦਾ ਸਵਾਦ ਮਾਨਣਾ ਚਾਹੁੰਦੀ ਹੈ।

ਫ਼ੌਜੀ ਨੇ ਨਰਮੀ ਨਾਲ਼ ਇੱਕ ਹਸਾਉਣਾ ਗੀਤ ਗਾਉਣਾ ਸ਼ੁਰੂ ਕੀਤਾ:

“ਬੁੱਢਿਆਂ ਨੂੰ ਨੀਂਦ ਭੈੜੀ ਕਿਉਂ ਆਉਂਦੀ ਹੈ

ਉਮਬੇਰਤੋ, ਕੀ ਤੂੰ ਇਸ ਦਾ ਅਨੁਮਾਨ ਲਾ ਸਕਦੈਂ?

ਕਿਉਂਕਿ ਆਪਣੀ ਜਵਾਨੀ ਦੇ ਦਿਨੀਂ

ਉਨ੍ਹਾਂ ਬਹੁਤ ਜ਼ਿਆਦਾ ਸ਼ਰਾਬ ਪੀਤੀ ਸੀ…”

”ਮੈਂ ਨਹੀਂ।” ਬੁੱਢੇ ਨੇ ਕਿਹਾ।

“ਹੋਰ ਕੀ ਕਾਰਨ ਹੈ ਕਿ ਬੁੱਢਿਆਂ ਦੀ ਭੈੜੀ ਨੀਂਦ ਦਾ?

ਹੁਸ਼ਿਆਰ ਬੇਰਗੀਤੇ, ਕੀ ਤੈਨੂੰ ਪਤੈ?

ਕਿਉਂਕਿ ਆਪਣੀ ਜਵਾਨੀ ਦੇ ਦਿਨੀਂ ਉਨ੍ਹਾਂ ਚੋਖਾ ਪਿਆਰ ਨਹੀਂ ਕੀਤਾ।”

”ਕਿਉਂ, ਪਸੂਕਾਕੇ ਚਾਚਾ, ਚੰਗਾ ਗੀਤ ਏ?”

”ਜਦ ਤੂੰ ਆਪਣੀ ਉਮਰ ਦੇ ਸੱਠਵੇਂ ਵਰ੍ਹੇ ਨੂੰ ਲੰਘ ਜਾਏਂਗਾ ਤਦ ਆਪ ਹੀ ਇਸ ਦਾ ਜਵਾਬ ਪਾ ਲਏਂਗਾ। ਮੈਥੋਂ ਕਿਉਂ ਪੁੱਛਦੈਂ?”

ਕਿੰਨਾ ਚਿਰ ਦੋਵੇਂ ਚੁੱਪ ਰਹੇ—ਇੰਨ ਬਿੰਨ ਉਸੇ ਤਰ੍ਹਾਂ ਜਿਸ ਤਰ੍ਹਾਂ ਰਾਤ ਵੇਲ਼ੇ ਸਾਰਾ ਸੰਸਾਰ ਚੁੱਪ ਸੀ। ਫੇਰ ਬੁੱਢੇ ਨੇ ਆਪਣੇ ਮੂੰਹ ‘ਚੋਂ ਪਾਈਪ ਹਟਾਇਆ, ਇੱਕ ਪੱਥਰ ‘ਤੇ ਉਸ ਨੂੰ ਠਕੋਰਿਆ ਤੇ ਉਸ ਦੀ ਅਵਾਜ਼ ਸੁਣਦਿਆਂ ਕਿਹਾ:

”ਤੁਸੀਂ ਜਵਾਨ ਮੁੰਡੇ ਬੜਾ ਹੱਸਦੇ ਹੋ, ਪਰ ਪਤਾ ਨਹੀਂ, ਬੀਤੇ ਜ਼ਮਾਨੇ ਦੇ ਲੋਕਾਂ ਵਾਂਗ ਪਿਆਰ ਕਰਨਾ ਜਾਣਦੇ ਹੋ ਕਿ ਨਹੀਂ…”

”ਉਹੀ ਪੁਰਾਣੀ ਕਹਾਣੀ। ਮੈਂ ਮੰਨਦਾ ਹਾਂ ਕਿ ਪਿਆਰ ਸਦਾ ਇੱਕੋ ਜਿਹਾ ਰਹਿੰਦਾ ਹੈ…”

”ਤੂੰ ਮੰਨਦਾ ਏ, ਪਰ ਜਾਣਦਾ ਨਹੀਂ! ਓਧਰ ਪਹਾੜੀ ਦੇ ਪਿੱਛੇ ਸੇਂਤਸਾਮਾਨੇ ਪਰਿਵਾਰ ਰਹਿੰਦਾ ਹੈ। ਉਨ੍ਹਾਂ ਨੂੰ ਆਖ ਕਿ ਉਹ ਤੈਨੂੰ ਬਾਬੇ ਕਰਲੋ ਦੀ ਕਹਾਣੀ ਸੁਣਾਉਣ। ਤੇਰੀ ਵਹੁਟੀ ਲਈ ਇਹ ਬੜਾ ਚੰਗਾ ਰਹੇਗਾ।”

”ਮੈਂ ਓਪਰਿਆਂ ਤੋਂ ਕਿਉਂ ਪੁੱਛਾਂ, ਜਦ ਤੂੰ ਹੀ ਉਹ ਸੁਣਾ ਸਕਦਾ ਹੈਂ?”

ਕਿਤਿਓਂ ਰਾਤ ਦੇ ਅਦਿੱਖ ਪੰਛੀ ਦੇ ਉੱਡਣ ਦੀ ਅਵਾਜ਼ ਆਈ ਤੇ ਉਸ ਨੇ ਵਾਯੂਮੰਡਲ ਵਿੱਚ ਇੱਕ ਕੰਬਣੀ ਪੈਦਾ ਕੀਤੀ। ਇਸ ਅਜੀਬ ਅਵਾਜ਼ ਨੂੰ ਸੁਣ ਕੇ ਇੰਜ ਲੱਗਾ ਕਿ ਗਰਮ ਕੱਪੜੇ ਨਾਲ਼ ਸੁੱਕੀਆਂ ਚੱਟਾਨਾਂ ਨੂੰ ਰਗੜਿਆ ਜਾ ਰਿਹਾ ਹੈ।

ਹਨੇਰਾ ਵਧੇਰੇ ਸੰਘਣਾ, ਸਿੱਲ੍ਹਾ ਤੇ ਗਰਮ ਹੁੰਦਾ ਗਿਆ, ਅਸਮਾਨ ਉਤਾਂਹ ਉੱਠ ਗਿਆ ਤੇ ਅਕਾਸ਼ ਗੰਗਾ ਦੀ ਚਾਂਦੀ ਵੰਨੀ, ਧੁੱਪ ਵਿੱਚ ਤਾਰੇ ਹੋਰ ਵਧੇਰੇ ਚਮਕਣ ਲੱਗੇ।

”ਪੁਰਾਣੇ ਜ਼ਮਾਨੇ ਵਿੱਚ ਤੀਵੀਆਂ ਦਾ ਵਧੇਰੇ ਮੁੱਲ ਸੀ…”

”ਸੱਚੀਂ? ਮੈਨੂੰ ਇਹ ਪਤਾ ਨਹੀਂ ਸੀ…”

”ਹਾਂ, ਤੇ ਵਿਧਵਾਵਾਂ ਤੀਵੀਆਂ ਦੀ ਗਿਣਤੀ ਚੋਖੀ ਵਧ ਜਾਂਦੀ ਸੀ…”

”ਸਦਾ ਹੀ ਸਮੁੰਦਰੀ ਡਾਕੂਆਂ ਅਤੇ ਫ਼ੌਜੀਆਂ ਦਾ ਡਰ ਰਹਿੰਦਾ ਸੀ ਤੇ ਹਰ ਪੰਜਾਂ ਛਿਆਂ ਵਰ੍ਹਿਆਂ ਪਿੱਛੋਂ ਨੇਪਲਸ ਵਿੱਚ ਨਵੇਂ ਹਾਕਮ ਆਉਂਦੇ ਸਨ। ਤੀਵੀਆਂ ਨੂੰ ਜੰਦਰੇ ਮਾਰ ਕੇ ਬੰਦ ਰੱਖਣਾ ਪੈਂਦਾ ਸੀ।”

”ਅੱਜ ਵੀ ਇੰਜ ਕਰਨਾ ਠੀਕ ਹੋਵੇਗਾ…”

”ਉਨ੍ਹਾਂ ਨੂੰ ਕੁੱਕੜੀਆਂ ਵਾਂਗ ਚੁਰਾ ਲਿਆ ਜਾਂਦਾ…”

”ਭਾਵੇਂ ਉਹ ਲੂੰਮੜੀਆਂ ਨਾਲ਼ ਵਧੇਰੇ ਮੇਲ਼ ਖਾਂਦੀਆਂ ਹਨ…”

ਬੁੱਢਾ ਚੁੱਪ ਰਿਹਾ ਤੇ ਉਸ ਨੇ ਆਪਣਾ ਪਾਈਪ ਜਲ਼ਾਇਆ। ਅਹਿਲ ਖੜੋਤੀ ਹਵਾ ਵਿੱਚ ਚਿੱਟੇ, ਮਹਿਕੇ ਹੋਏ ਧੂੰਏਂ ਦਾ ਬੱਦਲ ਲਟਕਣ ਲੱਗਾ, ਪਾਈਪ ਦੇ ਚਾਨਣ ਵਿੱਚ ਉਸ ਦਾ ਕਾਲ਼ਾ ਟੇਢਾ ਲੱਕ ਅਤੇ ਨਿੱਕੀਆਂ-ਨਿੱਕੀਆਂ ਮੁੱਛਾਂ ਚਮਕ ਉੱਠੀਆਂ।

”ਅੱਛਾ, ਫੇਰ ਕੀ ਹੋਇਆ?” ਸਿਪਾਹੀ ਨੇ ਨੀਂਦ ਵਿੱਚ ਪੁੱਛਿਆ।

”ਜੇ ਸੁਣਨਾ ਚਾਹੁੰਦੈ ਤਾਂ ਚੁੱਪ ਰਹਿ।”

ਲੁਬਸਕ ਤਾਰਾ ਏਨਾ ਤਿੱਖਾ ਚਮਕਣ ਲੱਗਾ ਕਿ ਜਾਪਿਆ, ਇਹ ਮਾਣਮੱਤਾ ਤਾਰਾ ਅਸਮਾਨ ਦੇ ਸਾਰੇ ਤਾਰਿਆਂ ਨੂੰ ਮਾਤ ਪਾਉਣੀ ਚਾਹੁੰਦਾ ਹੈ। ਸਮੁੰਦਰ ‘ਤੇ ਸੁਨਹਿਰੀ ਧੂੜ ਪੱਸਰੀ ਹੋਈ ਸੀ ਤੇ ਅਸਮਾਨ ਦੇ ਧੁੰਦਲੇ ਪਰਛਾਵੇਂ ਨੇ ਉਸ ਹਨੇਰੇ ਤੇ ਸ਼ਾਂਤ ਵੀਰਾਨੇ ਨੂੰ ਜ਼ਿੰਦਗੀ ਤੇ ਜਗਮਗਾਹਟ ਦਿੱਤੀ ਸੀ। ਇੰਝ ਲੱਗਦਾ ਸੀ ਜਿਵੇਂ ਸਮੁੰਦਰ ਦੀ ਡੂੰਘਾਣ ਵਿੱਚੋਂ ਹਜ਼ਾਰਾਂ ਲਿਸ਼ਕਣੀਆਂ ਅੱਖਾਂ ਚਮਕ ਰਹੀਆਂ ਹੋਣ।

”ਮੈਂ ਸੁਣ ਰਿਹਾ ਹਾਂ।” ਮਾਹੀਗੀਰ ਦੀ ਨਰਾਜ਼ਗੀ ਭਰੀ ਚੁੱਪ ਸਦਕਾ ਅਧੀਰ ਹੋ ਕੇ ਸਿਪਾਹੀ ਨੇ ਕਿਹਾ ਤੇ ਬੁੱਢੇ ਨੇ ਇੱਕ ਅਜਿਹੀ ਕਹਾਣੀ ਸੁਣਾਨੀ ਸ਼ੁਰੂ ਕੀਤੀ ਜੋ ਸਦਾ ਸਵਾਦ ਨਾਲ਼ ਸੁਣੀ ਜਾਏਗੀ:

”ਲਗਭਗ ਸੌ ਵਰ੍ਹੇ ਪਹਿਲਾਂ, ਉਸ ਪਹਾੜ ਦੇ ਸਿਖਰ ‘ਤੇ ਜਿੱਥੇ ਦਿਓਦਾਰ ਦੇ ਬਿਰਛ ਖੜੋਤੇ ਹਨ, ਇੱਕ ਕੁੱਬਾ ਤੇ ਬੁੱਢਾ ਯੂਨਾਨੀ ਰਹਿੰਦਾ ਸੀ। ਉਸ ਦਾ ਨਾ ਸੀ ਏਕੇਲਾਨੀ। ਉਹ ਚੁੰਗੀ-ਚੋਰ ਸੀ ਤੇ ਲੋਕ ਮੰਨਦੇ ਸਨ ਕਿ ਉਹ ਕਾਲ਼ਾ ਜਾਦੂ ਜਾਣਦਾ ਹੈ। ਏਕੇਲਾਨੀ ਦਾ ਇੱਕ ਪੁੱਤਰ ਸੀ ਅਰਿਸਤੀਏ। ਉਹ ਸ਼ਿਕਾਰੀ ਸੀ। ਉਹਨੀਂ ਦਿਨੀਂ ਟਾਪੂਆਂ ਵਿੱਚ ਜੰਗਲ਼ੀ ਬੱਕਰੇ ਘੁੰਮਿਆ ਕਰਦੇ ਸਨ। ਏਥੇ ਗਲਿਆਰਦੀਆਂ ਦਾ ਸਭ ਤੋਂ ਅਮੀਰ ਪਰਵਾਰ ਰਹਿੰਦਾ ਸੀ। ਅੱਜ ਕੱਲ ਉਹ ਆਪਣੇ ਬਾਬੇ ਦਾ ਨਾਂ, ਯਾਨੀ ਸੇਂਤਸਾਮਨੇ ਵਰਤਦੇ ਹਨ। ਪੰਜਾਹ ਫੀਸਦੀ ਅੰਗੂਰ-ਬਾਗ਼ਾਂ ਦੇ ਤੇ ਸ਼ਰਾਬ ਦੇ ਅੱਠਾਂ ਤਹਿਖਾਨਿਆਂ ਦੇ ਓਹ ਮਾਲਕ ਸਨ। ਇਨ੍ਹਾਂ ਤਹਿਖ਼ਾਨਿਆਂ ਵਿੱਚ ਇੱਕ ਹਜ਼ਾਰ ਤੋਂ ਵੀ ਵੱਧ ਪੀਪੇ ਸਨ। ਉਹਨੀਂ ਦਿਨੀਂ ਸਾਡੀ ਚਿੱਟੀ ਸ਼ਰਾਬ ਫ਼ਰਾਂਸ ਵਿੱਚ ਵੀ ਕਾਫ਼ੀ ਮਹਿੰਗੀ ਵਿਕਦੀ ਸੀ। ਸੁਣਿਆ ਏ ਕਿ ਫਰਾਂਸ ਵਿੱਚ ਲੋਕ ਸ਼ਰਾਬ ਤੋਂ ਛੁੱਟ ਹੋਰ ਕਿਸੇ ਵੀ ਚੀਜ਼ ਦੀ ਕਦਰ ਨਹੀਂ ਕਰ ਸਕਦੇ। ਇਹ ਫ਼ਰਾਂਸੀਸੀ ਲੋਕ ਸਾਰੇ ਸ਼ਰਾਬੀ ਤੇ ਜੁਆਰੀ ਹੁੰਦੇ ਹਨ। ਸ਼ੈਤਾਨ ਨਾਲ਼ ਉਨ੍ਹਾਂ ਆਪਣੇ ਬਾਦਸ਼ਾਹ ਦੇ ਸਿਰ ਤੱਕ ਦੀ ਬਾਜ਼ੀ ਲਾਈ ਹੈ…”

ਸਿਪਾਹੀ ਹੌਲ਼ੀ ਜਿਹੀ ਹੱਸਿਆ ਤੇ ਜਿਵੇਂ ਉਸ ਦੇ ਹਾਸੇ ਦੀ ਪ੍ਰਤੀ-ਧੁਨੀ ਦੇ ਰੂਪ ਵਿੱਚ ਕਿਤਿਓਂ ਨੇੜਿਓਂ ਪਾਣੀ ਦੀ ਛਲਛਲਾਹਟ ਸੁਣਾਈ ਦਿੱਤੀ। ਦੋਹਾਂ ਦੇ ਕੰਨ ਖੜੋ ਗਏ ਤੇ ਉਨ੍ਹਾਂ ਨੇ ਸਮੁੰਦਰ ਵੱਲ ਵੇਖਿਆ ਜਿਥੇ ਹਲਕੀਆਂ ਲਹਿਰਾਂ ਕੰਢੇ ਨਾਲ਼ੋਂ ਪਿਛਾਂਹ ਹਟ ਰਹੀਆਂ ਸਨ।

”ਸ਼ੈਦ ਮੱਛੀ ਕੰਡੇ ਨਾਲ਼ ਲੱਗਾ ਮਾਸ ਖਾ ਰਹੀ ਏ।”

”ਅੱਗੇ ਸੁਣਾ…”

”ਹਾਂ…ਗਲਿਆਰਦੀ ਪਰਿਵਾਰ ਬਾਰੇ ਮੈਂ ਦੱਸ ਰਿਹਾ ਸਾਂ। ਇਹ ਤਿੰਨ ਭਰਾ ਸਨ। ਮੇਰੀ ਕਹਾਣੀ ਹੈ ਵਿਚਕਾਰਲੇ ਭਰਾ ਕਰਲੋਨੇ ਬਾਰੇ। ਇਹ ਨਾਂ ਉਸ ਨੂੰ ਇਸ ਲਈ ਦਿੱਤਾ ਗਿਆ ਸੀ ਕਿ ਉਸ ਦਾ ਮੂੰਹ ਬੜਾ ਵੱਡਾ ਸੀ ਤੇ ਅਵਾਜ਼ ਬੱਦਲਾਂ ਦੀ ਗਰਜ ਵਰਗੀ ਸੀ। ਲੁਹਾਰ ਦੀ ਧੀ ਜੂਲੀਆ ਉੱਤੇ ਉਹ ਲੱਟੂ ਸੀ, ਜੋ ਬੜੀ ਚਲਾਕ ਕੁੜੀ ਸੀ, ਕਿਸੇ ਨਾ ਕਿਸੇ ਵਜ੍ਹਾ ਕਰਕੇ ਉਨ੍ਹਾਂ ਦਾ ਵਿਆਹ ਹੀ ਅਟਕ ਜਾਂਦਾ ਰਿਹਾ ਤੇ ਦੋਵੇਂ ਬੜੀ ਉਤਾਵਲ ਨਾਲ਼ ਵਿਆਹ ਦੇ ਦਿਨ ਨੂੰ ਉਡੀਕਦੇ ਰਹੇ। ਏਧਰੀ ਜੂਲੀਆ ਉੱਤੇ ਯੂਨਾਨੀ ਦੇ ਮੁੰਡੇ ਦੀ ਵੀ ਅੱਖ ਲੱਗੀ ਹੋਈ ਸੀ ਤੇ ਉਹ ਚੁੱਪ ਨਹੀਂ ਸੀ ਬੈਠਾ ਹੋਇਆ। ਚੋਖੇ ਚਿਰ ਤੋਂ ਉਹ ਜੂਲੀਆ ਦੇ ਪਿਆਰ ਨੂੰ ਜਿੱਤਣ ਦਾ ਯਤਨ ਕਰਦਾ ਰਿਹਾ, ਪਰ ਉਸ ਨੂੰ ਸਫਲਤਾ ਨਾ ਮਿਲ਼ੀ। ਫੇਰ ਉਸ ਮੁੰਡੇ ਨੇ ਇਹ ਸੋਚ ਕੇ ਜੂਲੀਆ ਨੂੰ ਬਦਨਾਮ ਕਰਨ ਬਾਰੇ ਸੋਚਿਆ ਕਿ ਕਰਲੋਨੇ ਗਲਿਆਰਦੀ ਉਸ ਨੂੰ ਠੁਕਰਾ ਦਏਗਾ ਤੇ ਮਗਰੋ ਉਹ ਸੌਖੀ ਤਰ੍ਹਾਂ ਉਸ ਦੇ ਹੱਥ ਆ ਜਾਏਗੀ। ਉਹਨੀਂ ਦਿਨੀਂ ਲੋਕ ਅੱਜ ਨਾਲ਼ੋਂ ਵਧੇਰੇ ਸਖ਼ਤ ਸਨ…”

”ਪਰ ਅੱਜ ਕੱਲ੍ਹ ਵੀ…”

”ਅੱਯਾਸ਼ੀ ਵਿਹਲੜ ਅਮੀਰਾਂ ਦਾ ਮਨ ਪਰਚਾਵਾ ਹੈ। ਏਥੇ ਅਸੀਂ ਸਾਰੇ ਗ਼ਰੀਬ ਲੋਕ ਹਾਂ।” ਬੁੱਢੇ ਨੇ ਸਖ਼ਤੀ ਨਾਲ਼ ਕਿਹਾ ਤੇ ਪੁਰਾਣੇ ਵੇਲ਼ਿਆਂ ਨੂੰ ਚੇਤੇ ਕਰਦਿਆਂ ਕਹਾਣੀ ਅੱਗੇ ਤੋਰੀ:

”ਇੱਕ ਦਿਨ ਜਦ ਕੁੜੀ ਅੰਗੂਰ-ਵੇਲਾਂ ਦੀਆਂ ਵੱਢੀਆਂ ਹੋਈਆਂ ਟਹਿਣੀਆਂ ‘ਕੱਠੀਆਂ ਕਰ ਰਹੀ ਸੀ ਤਾਂ ਯੂਨਾਨੀ ਦਾ ਮੁੰਡਾ ਓਥੇ ਆ ਪੁੱਜਾ ਤੇ ਇਹ ਪੱਜ ਪਾ ਕੇ ਕਿ ਅੰਗੂਰ-ਬਾਗ਼ ਦੀ ਕੰਧ ਦੇ ਪਿੱਛੇ ਦੀ ਪਗਡੰਡੀ ਤੋਂ ਉਸ ਦਾ ਪੈਰ ਤਿਲਕ ਗਿਆ ਹੈ, ਉਹ ਧੜਾਮ ਕਰਕੇ ਜੂਲੀਆ ਦੇ ਪੈਰਾਂ ਕੋਲ਼ ਆ ਡਿੱਗਿਆ। ਜੂਲੀਆ, ਜੋ ਇੱਕ ਚੰਗੀ ਈਸਾਈ ਸੀ, ਨਿਉਂ ਕਿ ਵੇਖਣ ਲੱਗੀ ਕਿ ਉਸ ਕਿਤੇ ਸੱਟ ਤਾਂ ਨਹੀਂ ਵੱਜੀ। ਉਹ ਕਰਾਹ ਉੱਠਿਆ।

” ‘ਜੂਲੀਆ,’ ਉਸ ਨੇ ਕਮਜ਼ੋਰ ਅਵਾਜ਼ ਵਿੱਚ ਗਿੜਗਿੜਾ ਕੇ ਕਿਹਾ, ‘ਮਦਦ ਲਈ ਕਿਸੇ ਨੂੰ ਬੁਲਾਈਂ ਨਾ ਮੈਂ ਤੇਰੀ ਮਿੰਨਤ ਕਰਦਾ ਹਾਂ। ਮੈਨੂੰ ਡਰ ਲਗਦੈ। ਜੇ ਤੇਰੇ ਈਰਖਾਲੂ ਮੰਗੇਤਰ ਨੇ ਮੈਨੂੰ ਏਥੇ ਤੇਰੇ ਕੋਲ਼ ਵੇਖ ਲਿਆ ਤਾਂ ਉਹ ਮੈਨੂੰ ਮਾਰ ਸੁੱਟੇਗਾ। ਮੈਨੂੰ ਏਥੇ ਰਤਾ ਕੁ ਆਰਾਮ ਕਰਨ ਦੇ ਤੇ ਫੇਰ ਮੈਂ ਚਲਾ ਜਾਵਾਂਗਾ…’”

”ਜੂਲੀਆ ਦੇ ਗੋਡਿਆਂ ‘ਤੇ ਸਿਰ ਰੱਖ ਕੇ ਉਸ ਨੇ ਬੇਹੋਸ਼ੀ ਦਾ ਬਹਾਨਾ ਕੀਤਾ। ਬਸ ਘਾਬਰੀ ਹੋਈ ਕੁੜੀ ਨੇ ਮਦਦ ਲਈ ‘ਵਾਜ਼ ਮਾਰੀ, ਪਰ ਲੋਕ ਭੱਜੇ ਹੋਏ ਓਥੇ ਪੁੱਜੇ ਤਾਂ ਉਹ ਚਾਣਚੱਕ ਉੱਠ ਖੜੋਤਾ— ਇੰਨ ਬਿੰਨ ਚੰਗਾ ਭਲਾ। ਉਸ ਨੇ ਬੜੀ ਘਬਰਾਹਟ ਦਾ ਵਿਖਾਵਾ ਕੀਤਾ ਤੇ ਜ਼ੋਰ-ਸ਼ੋਰ ਨਾਲ਼ ਜੂਲੀਆ ਲਈ ਆਪਣੇ ਪਿਆਰ ਦਾ ਐਲਾਨ ਕਰਦਿਆਂ ਆਪਣੇ ਚੰਗੇ ਖ਼ਿਆਲਾਂ ਦੀ ਦੁਹਾਈ ਦਿੱਤੀ। ਉਸ ਨੇ ਕਿਹਾ ਕਿ ਇਸ ਕੁੜੀ ਨਾਲ਼ ਵਿਆਹ ਕਰ ਕੇ ਉਹ ਉਸ ਦੇ ਕਲੰਕ ਨੂੰ ਲੁਕਾ ਲਏਗਾ। ਸੰਖੇਪ ਵਿੱਚ ਉਸ ਨੇ ਅਜਿਹਾ ਵਿਖਾਵਾ ਕੀਤਾ ਕਿ ਕੁੜੀ ਦੀਆਂ ਬਾਹਾਂ ਵਿੱਚ ਢਿੱਲਾ ਪੈ ਕੇ ਉਹ ਉਸ ਦੀ ਗੋਦ ਵਿੱਚ ਸੌਂ ਗਿਆ ਸੀ। ਕੁੜੀ ਨੇ ਗੁੱਸੇ ਵਿੱਚ ਆ ਕੇ ਬਥੇਰਾ ਕਿਹਾ ਕਿ ਇਹ ਝੂਠ ਹੈ, ਪਰ ਉਨ੍ਹਾਂ ਸਿੱਧੇ ਸਾਦੇ ਲੋਕਾਂ ਨੇ ਮੁੰਡੇ ਦੀ ਹੀ ਗੱਲ ‘ਤੇ ਯਕੀਨ ਕੀਤਾ। ਉਹ ਭੁੱਲ ਗਏ ਕਿ ਕੁੜੀ ਨੇ ਆਪ ਹੀ ਮਦਦ ਲਈ ‘ਵਾਜ਼ ਮਾਰੀ ਸੀ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਚਲਾਕੀ ਯੂਨਾਨੀ ਦੇ ਸੁਭਾ ਵਿੱਚ ਹੀ ਹੈ ਤੇ ਸ਼ੈਤਾਨ ਨੇ ਆਪ ਈਸਾਈਆਂ ਦੇ ਕੰਮ ਵਿੱਚ ਉਲ਼ਝਨ ਪਾਉਣ ਲਈ ਹੀ ਯੂਨਾਨੀਆਂ ਨੂੰ ਇਸਾਈ ਬਣਾਇਆ ਹੈ। ਕੁੜੀ ਸੌਹਾਂ ਖਾ ਕੇ ਕਹਿ ਰਹੀ ਸੀ ਕਿ ਯੂਨਾਨੀ ਮੁੰਡਾ ਝੂਠ ਬੋਲ ਰਿਹਾ ਹੈ ਪਰ ਮੁੰਡੇ ਨੇ ਕਿਹਾ ਕਿ ਉਹ ਸਿਰਫ਼ ਸੱਚਾਈ ਨੂੰ ਕਬੂਲ ਕਰਨ ਵਿੱਚ ਸ਼ਰਮਾਉਂਦੀ ਹੈ ਤੇ ਕਰਲੋਨੇ ਤੋਂ ਉਸ ਨੂੰ ਡਰ ਲੱਗ ਰਿਹਾ ਹੈ। ਮੁੰਡੇ ਨੇ ਲੋਕਾਂ ਨੂੰ ਯਕੀਨ ਕਰਾ ਦਿੱਤਾ, ਪਰ ਕੁੜੀ ਪਾਗਲ ਜਿਹੀ ਹੋ ਗਈ। ਉਹ ਪੱਥਰ ਚੁੱਕ ਚੁੱਕ ਕੋ ਲੋਕਾਂ ‘ਤੇ ਸੁੱਟਣ ਲੱਗੀ ਤੇ ਤਦ ਉਨ੍ਹਾਂ ਨੇ ਉਸ ਨੂੰ ਰੱਸੀ ਨਾਲ਼ ਬੰਨ੍ਹ ਦਿੱਤਾ। ਫੇਰ ਸਾਰਾ ਪਿੰਡ ਸ਼ਹਿਰ ਲਈ ਤੁਰ ਪਿਆ। ਏਧਰ ਕਾਰਲੋਨੇ ਨੇ ਜੂਲੀਆ ਦਾ ਰੋਣਾ-ਧੋਣਾ ਸੁਣਿਆ ਤਾਂ ਉਸ ਨੂੰ ਮਿਲਣ ਲਈ ਭੱਜਾ। ਪਰ ਜਦ ਲੋਕਾਂ ਨੇ ਉਸ ਨੂੰ ਅਸਲੀਅਤ ਦੱਸੀ ਤਾਂ ਉਹ ਭੀੜ ਵਿੱਚ ਗੋਡਿਆਂ ਭਾਰ ਬਹਿ ਗਿਆ, ਫੇਰ ਉੱਛਲ਼ ਕੇ ਖੜਾ ਹੋਇਆ ਤੇ ਉਸ ਨੇ ਆਪਣੇ ਖੱਬੇ ਹੱਥ ਨਾਲ਼ ਆਪਣੀ ਮੰਗੇਤਰ ਦੇ ਮੂੰਹ ‘ਤੇ ਇੱਕ ਚਪੇੜ ਮਾਰੀ ਤੇ ਸੱਜੇ ਹੱਥ ਨਾਲ਼ ਯੂਨਾਨੀ ਦੀ ਧੌਣ ਮਰੋੜਨ ਲੱਗਾ। ਬੜੀ ਔਖਿਆਈ ਨਾਲ਼ ਲੋਕ ਉਸ ਨੂੰ ਓਥੋਂ ਹਟਾ ਸਕੇ।”

”ਕਿਹਾ ਮੂਰਖ ਸੀ।” ਸਿਪਾਹੀ ਘੁਰਕਿਆ।

”ਇਮਾਨਦਾਰ ਆਦਮੀ ਦਾ ਦਿਮਾਗ਼ ਉਸ ਦੇ ਦਿਲ ਵਿੱਚ ਹੁੰਦਾ ਏ! ਮੈਂ ਤੈਨੂੰ ਕਿਹਾ ਸੀ ਨਾ ਕਿ ਇਹ ਸਾਰੀ ਘਟਨਾ ਸਿਆਲ਼ ਵਿੱਚ, ਬਾਲ-ਈਸਾ ਦਾ ਜਨਮ-ਪੁਰਬ ਤੋਂ ਕੁੱਝ ਹੀ ਦਿਨ ਪਹਿਲਾਂ ਹੋਈ ਸੀ। ਉਸ ਦਿਨ ਸਾਰੇ ਲੋਕ ਆਪਣੇ ਘਰਾਂ ਦੀਆਂ ਫ਼ਾਲਤੂ ਚੀਜ਼ਾਂ—ਸ਼ਰਾਬ, ਫਲ, ਮੱਛੀਆਂ, ਕੁੱਕੜੀਆਂ ਆਦਿ— ਇੱਕ ਦੂਜੇ ਨੂੰ ਤੋਹਫ਼ੇ ਵਜੋਂ ਦਿੰਦੇ ਹਨ। ਹਰ ਕੋਈ ਦਿੰਦਾ ਰਹਿੰਦਾ ਹੈ ਤੇ ਸਭ ਤੋਂ ਵਧੇਰੇ ਹਾਸਲ ਕਰਦੇ ਹਨ ਸਭ ਤੋਂ ਗਰੀਬ ਲੋਕ। ਮੈਨੂੰ ਚੇਤੇ ਨਹੀਂ ਕਿ ਕਰਲੋਨੇ ਨੂੰ ਸੱਚੀ ਗੱਲ ਦਾ ਕਿਵੇਂ ਪਤਾ ਲੱਗਾ, ਪਰ ਉਸ ਨੂੰ ਪਤਾ ਜ਼ਰੂਰ ਲੱਗ ਗਿਆ ਸੀ ਤੇ ਪੁਰਬ ਤੋਂ ਪਹਿਲੇ ਦਿਨ ਜੂਲੀਆ ਦੇ ਮਾਂ ਪਿਓ ਨੂੰ, ਜੋ ਗਿਰਜੇ ਜਾਣ ਲਈ ਵੀ ਘਰੋਂ ਬਾਹਰ ਨਹੀਂ ਸਨ ਨਿੱਕਲ਼ੇ, ਇੱਕੋ ਤੋਹਫ਼ਾ ਮਿਲ਼ਿਆ—ਦਿਓਦਾਰ ਦੀਆਂ ਟਹਿਣੀਆਂ ਨਾਲ਼ ਭਰੀ ਹੋਈ ਇੱਕ ਟੋਕਰੀ ਅਤੇ ਟਹਿਣੀਆਂ ਦੇ ਵਿਚਕਾਰ—ਕਲੋਨੇ ਗਲਿਆਰਦੀ ਦਾ ਖੱਬਾ ਹੱਥ, ਓਹੀ ਹੱਥ, ਜਿਸ ਨੇ ਜੂਲੀਆ ਦੇ ਚਪੇੜ ਮਾਰੀ ਸੀ। ਜੂਲੀਆ ਦੇ ਮਾਂ ਪਿਓ ਧੀ ਨੂੰ ਨਾਲ਼ ਲਈ ਘਾਬਰੇ ਹੋਏ ਕਰਲੋਨੇ ਦੇ ਘਰ ਗਏ। ਉਸ ਨੇ ਆਪਣੇ ਘਰ ਦੀ ਦਲ੍ਹੀਜ਼ ‘ਤੇ ਗੋਡੇ ਟੇਕ ਕੇ ਉਨ੍ਹਾਂ ਨੂੰ ਜੀ ਆਇਆ ਕਿਹਾ। ਉਸ ਦੀ ਲੁੰਞੀ ਬਾਂਹ ‘ਤੇ ਇੱਕ ਚੀਥੜਾ ਲਪੇਟਿਆ ਹੋਇਆ ਸੀ, ਜਿਸ ‘ਤੇ ਲਹੂ ਦੇ ਦਾਗ਼ ਸਨ। ਉਹ ਬੱਚੇ ਵਾਂਗ ਸਿਸਕ ਸਿਸਕ ਕੇ ਰੋ ਰਿਹਾ ਸੀ।

” ‘ਤੂੰ ਇਹ ਕੀ ਕੀਤਾ?’ ਉਨ੍ਹਾਂ ਨੇ ਪੁੱਛਿਆ।

”ਤੇ ਉਸ ਨੇ ਜਵਾਬ ਦਿੱਤਾ :

” ‘ਮੈਂ ਓਹੀ ਕੀਤਾ, ਜੋ ਕਰਨਾ ਚਾਹੀਦਾ ਸੀ। ਜਿਸ ਆਦਮੀ ਨੇ ਮੇਰੇ ਪਿਆਰ ਦਾ ਨਿਰਾਦਰ ਕੀਤਾ, ਉਹ ਜੀਊਂਦਾ ਨਹੀਂ ਰਹਿ ਸਕਦਾ ਸੀ ਤੇ ਮੈਂ ਉਸ ਦਾ ਖ਼ਾਤਮਾ ਕਰ ਸੁੱਟਿਆ ਹੈ। ਜਿਸ ਹੱਥ ਨਾਲ਼ ਮੈਂ ਨਿਦੋਸ਼ੀ ਪ੍ਰੇਮਿਕਾ ਨੂੰ ਚਪੇੜ ਮਾਰੀ ਸੀ, ਉਸ ਨੇ ਮੈਨੂੰ ਪੀੜ ਪੁਚਾਈ ਏ, ਇਸ ਲਈ ਮੈਂ ਉਸ ਨੂੰ ਵੱਢ ਸੁੱਟਿਆ ਹੈ…। ਜੂਲੀਆ, ਏਸ ਵੇਲ਼ੇ ਮੈਂ ਸਿਰਫ਼ ਇਹੀ ਚਾਹੁੰਦਾ ਹਾਂ ਕਿ ਤੂੰ ਤੇ ਤੇਰੇ ਘਰ ਵਾਲ਼ੇ ਮੈਨੂੰ ਮਾਫ਼ ਕਰ ਦਿਓ…

”ਭਾਵੇਂ, ਉਨ੍ਹਾਂ ਨੇ ਉਸ ਨੂੰ ਮਾਫ਼ ਕਰ ਦਿੱਤਾ ਪਰ ਅਜਿਹਾ ਕਨੂੰਨ ਵੀ ਤਾਂ ਹੈ ਜੋ ਬਦਮਾਸ਼ਾਂ ਦੀ ਵੀ ਰੱਖਿਆ ਕਰਦਾ ਹੈ। ਯੂਨਾਨੀ ਮੁੰਡੇ ਦੀ ਹੱਤਿਆ ਲਈ ਗਲਿਆਰਦੀ ਨੂੰ ਦੋ ਵਰ੍ਹਿਆਂ ਲਈ ਜੇਲ ਭੇਜ ਦਿੱਤਾ ਗਿਆ ਤੇ ਉਸ ਨੂੰ ਜੇਲ੍ਹ ‘ਚੋਂ ਛੁਡਾਉਣ ਲਈ ਉਸ ਦੇ ਭਰਾਵਾਂ ਨੂੰ ਵੱਡਾ ਮੁੱਲ ਤਾਰਨਾ ਪਿਆ…

”ਮਗਰੋਂ ਉਸ ਨੇ ਜੂਲੀਆ ਨਾਲ਼ ਵਿਆਹ ਕੀਤਾ ਤੇ ਦੋਹਾਂ ਨੇ ਬੁਢਾਪੇ ਤੱਕ ਲੰਮੀ ਤੇ ਸੁਖੀ ਜ਼ਿੰਦਗੀ ਬਿਤਾਈ। ਇਨ੍ਹਾਂ ਸਦਕਾ ਏਥੇ ਇੱਕ ਨਵਾਂ ਨਾਂ ਆਇਆ—ਸੇਂਤਸਾਮਾਨੇ, ਬਿਨਾਂ ਹੱਥ ਦਾ।”

ਬੁੱਢਾ ਚੁੱਪ ਹੋ ਗਿਆ ਤੇ ਉਸ ਨੇ ਪਾਈਪ ਦਾ ਇੱਕ ਲੰਮਾ ਕਸ਼ ਖਿੱਚਿਆ।

”ਮੈਨੂੰ ਇਹ ਕਹਾਣੀ ਪਸੰਦ ਨਹੀਂ ਏ।” ਸਿਪਾਹੀ ਨੇ ਕਿਹਾ। ”ਤੇਰਾ ਉਹ ਕਰਲੋਨੇ ਬੜਾ ਜਾਂਗਲ਼ੀ ਸੀ। ਉਂਝ ਸਾਰੀ ਗੱਲ ਹੀ ਮੂਰਖਤਾ ਭਰੀ ਸੀ।”

”ਅੱਜ ਤੋਂ ਇੱਕ ਸੌ ਵਰ੍ਹੇ ਮਗਰੋਂ ਤੇਰੀ ਜ਼ਿੰਦਗੀ ਵੀ ਮੂਰਖਤਾ ਭਰੀ ਲੱਗੇਗੀ।” ਬੁੱਢੇ ਨੇ ਗੰਭੀਰਤਾ ਨਾਲ਼ ਕਿਹਾ ਤੇ ਚਿੱਟੇ ਧੂੰਏਂ ਦਾ ਇੱਕ ਬੱਦਲ਼ ਉਡਾਉਂਦਾ ਹੋਇਆ ਅੱਗੇ ਬੋਲਿਆ :

”ਹਾਂ, ਪਰ ਇਹ ਤਦੇ ਹੋ ਸਕਦੈ ਜਦ ਕਿਸੇ ਨੂੰ ਚੇਤੇ ਰਹੇ ਕਿ ਤੂੰ ਇਸ ਧਰਤੀ ‘ਤੇ ਕਦੇ ਰਹਿੰਦਾ ਵੀ ਸੀ…”

ਫੇਰ ਉਸ ਚੁੱਪ ਵਿੱਚ ਇੱਕ ਜ਼ੋਰ ਦੀ ਛਪਛਪਾਹਟ ਸੁਣਾਈ ਦਿੱਤੀ। ਏਸ ਵਾਰ ਇਹ ਬੜੀ ਤੇਜ਼ ਤੇ ਉੱਚੀ ਸੀ। ਬੁੱਢੇ ਨੇ ਆਪਣਾ ਚੋਗਾ ਸੁੱਟ ਦਿੱਤਾ, ਕਾਹਲ਼ੀ ਨਾਲ਼ ਉੱਠ ਕੇ ਖੜਾ ਹੋਇਆ ਤੇ ਇੰਜ ਅੱਖੋਂ ਉਹਲੇ ਹੋ ਗਿਆ ਜਿਵੇਂ ਕਾਲ਼ੇ ਅਤੇ ਅਹਿੱਲ ਪਾਣੀ ਨੇ ਉਸ ਨੂੰ ਨਿਗਲ਼ ਲਿਆ ਹੋਵੇ। ਸਮੁੰਦਰ ਦੀ ਸਥਿਰਤਾ ਵਿੱਚ ਸਿਰਫ਼ ਕੰਢੇ ਕੋਲ਼ ਨੀਲੀ ਭਾਹ ਵਾਲ਼ੀਆਂ ਹਲਕੀਆਂ ਹਲਕੀਆਂ ਲਹਿਰਾਂ ਥਿਰਕਦੀਆਂ ਰਹੀਆਂ ਜੋ ਚਾਂਦੀ ਵੰਨੀਆਂ ਮੱਛੀਆਂ ਵਾਂਗ ਜਾਪ ਰਹੀਆਂ ਸਨ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 53, 1 ਮਈ 2016 ਵਿੱਚ ਪਰ੍ਕਾਸ਼ਤ

Advertisements