ਲੈਨਿਨਗਰਾਦ ਦੇ ਘੇਰੇ ਅਤੇ ਸੋਵੀਅਤ ਲੋਕਾਂ ਦੀ ਕਹਾਣੀ ਬਿਆਨ ਕਰਦਾ ਨਾਵਲ – ‘ਬਾਲਟਕ ਦੇ ਅੰਬਰ’ •ਅਜੇ ਪਾਲ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਜਿੰਨਾ ਸਾਹਿਤ ਦੂਜੀ ਸੰਸਾਰ ਜੰਗ ਦੌਰਾਨ ਸੋਵੀਅਤ ਯੂਨੀਅਨ ਅਤੇ ਉਸਦੇ ਲੋਕਾਂ ‘ਤੇ ਲਿਖਿਆ ਗਿਆ ਹੈ ਕਿਸੇ ਹੋਰ ਇਤਿਹਾਸਕ ਘਟਨਾ ‘ਤੇ ਇਸ ਤੋਂ ਵੱਧ ਜਾਂ ਬਰਾਬਰ ਗਿਣਤੀ ਵਿੱਚ ਲਿਖਿਆ ਗਿਆ ਹੋਵੇ ਤਾਂ ਮੈਨੂੰ ਅਜਿਹੀ ਕੋਈ ਘਟਨਾ ਨਹੀਂ ਪਤਾ। ਦੂਜੀ ਸੰਸਾਰ ਜੰਗ ਦੌਰਾਨ ਹਿਟਲਰ ਜਿਸ ਦੀਆਂ ਕੁੱਲ 254 ਡਵੀਜ਼ਨਾਂ ਵਿੱਚ 54 ਨੇ ਪੂਰਾ ਯੂਰਪ ਫਤਿਹ ਕੀਤਾ ਸੀ ਅਤੇ ਉਸਦੀਆਂ ਬਾਕੀ 200 ਸਭ ਤੋਂ ਉੱਤਮ ਡਵੀਜ਼ਨਾਂ ਸੋਵੀਅਤ ਰੂਸ ਵੱਲ ਸੇਧਤ ਹੋਈਆਂ ਤਾਂ ਜੰਗੀ ਮਾਹਿਰਾਂ ਦਾ ਕਹਿਣਾ ਸੀ ਕਿ ਹਿਟਲਰ ਲਈ ਰੂਸ ਕੁੱਝ ਮਹੀਨਿਆਂ ਦੀ ਹੀ ਖੇਡ ਹੈ ਪਰ ਆਉਣ ਵਾਲ਼ੇ ਇੱਕ ਹਜ਼ਾਰ ਚਾਰ ਸੋ ਅਠਾਰਾਂ ਦਿਨਾਂ ਅਤੇ ਇੱਕ ਹਜ਼ਾਰ ਚਾਰ ਸੋ ਅਠਾਰਾਂ ਰਾਤਾਂ ਇਸ ਗੱਲ ਦੀਆਂ ਗਵਾਹ ਬਣੀਆਂ ਕਿ ਸੋਵੀਅਤ ਰੂਸ ਹਿਟਲਰ ਲਈ ਖੇਡ ਦੀ ਬਜਾਇ ਉਹ ਦਲਦਲ ਸਾਬਤ ਹੋਈ ਜਿਸ ਵਿੱਚ ਧੱਸਕੇ ਉਸਦੀ ਨਾਜ਼ੀ ਫੌਜ ਦੀਆਂ ਅੰਤਮ ਰਸਮਾਂ ਪੂਰੀਆਂ ਹੋਈਆਂ ਅਤੇ ਜਿਸ ਦਾ ਡਰ ਅਤੇ ਨਮੋਸ਼ੀ ਹਿਟਲਰ ਦੀ ਆਤਮ ਹੱਤਿਆ ਦਾ ਕਾਰਨ ਬਣੀ। ਜਿਸ ਹਿਟਲਰ ਨੇ ਪੂਰਾ ਯੂਰਪ ਫਤਿਹ ਕੀਤਾ, ਆਖ਼ਰ ਉਸ ਰੂਸ ਵਿੱਚ ਕੀ ਖਾਸੀਅਤ ਸੀ, ਉਸਦੇ ਸਮਾਜਵਾਦ ਵਿੱਚ ਉਹ ਕਿਹੜੀ ਗੱਲ ਸੀ ਤੇ ਉਹ ਕਿਹੇ ਲੋਕ ਸਨ ਕਿ ਆਪਣੇ ਤੋਂ ਕਈ ਗੁਣਾਂ ਤਾਕਤਵਰ ਦੁਸ਼ਮਣ ਨੂੰ ਉਹਨਾਂ ਹਾਰ ਦਿਖਾਈ? ਇਹਨਾਂ ਹੀ ਸਵਾਲਾਂ ਦਾ ਜਵਾਬ ਦੂਜੀ ਸੰਸਾਰ ਜੰਗ ਦਾ ਸੋਵੀਅਤ ਸਾਹਿਤ ਸਾਨੂੰ ਦਿੰਦਾ ਹੈ। ਅਜਿਹੇ ਸਾਹਿਤ ਦੇ ਹੀ ਇੱਕ ਨਾਵਲ ‘ਬਾਲਟਿਕ ਦੇ ਅੰਬਰ’ ਬਾਰੇ ਮੈਂ ਅੱਜ ਗੱਲ ਕਰਾਂਗਾ।

‘ਬਾਲਟਕ ਦੇ ਅੰਬਰ’ ਨਿਕੋਲਾਈ ਚੂਕੋਵਸਕੀ (1904-1905) ਦੁਆਰਾ ਲਿਖਿਆ ਗਿਆ ਹੈ। 1939 ਤੋਂ ਬਾਅਦ ਅੱਠ ਸਾਲ ਚੂਸੋਕਵਸਕੀ ਨੇ ਸੋਵੀਅਤ ਹਵਾਈ ਫ਼ੌਜ ਵਿੱਚ ਇੱਕ ਅਫ਼ਸਰ ਵਜੋਂ ਬਿਤਾਏ ਅਤੇ ਹਵਾਈ ਫ਼ੌਜ ਦੇ ਅਖਬਾਰਾਂ ਲਈ ਉਸਨੇ ਰਿਪੋਰਟਿੰਗ ਕੀਤੀ। ਆਪਣੇ ਇਹਨਾਂ ਹੀ ਦਿਨਾਂ ਦੇ ਤਜ਼ਰਬਿਆਂ ਨੇ ਉਸਨੂੰ ‘ਬਾਲਟਕ ਦੇ ਅੰਬਰ’ ਲਿਖਣ ਲਈ ਪ੍ਰੇਰਿਆ।

‘ਬਾਲਟਕ ਦੇ ਅੰਬਰ’ ਨਾਜ਼ੀ ਫ਼ੌਜ ਦੁਆਰਾ ਲੈਨਿਨਗਰਾਦ (ਹੁਣ ਸੇਂਟ ਪੀਟਰਜ਼ਬਰਗ) ਦੇ ਨਾਜ਼ੀ ਫ਼ੌਜਾਂ ਦੁਆਰਾ ਘੇਰੇ ‘ਤੇ ਲਿਖਿਆ ਗਿਆ ਹੈ। ਇਹ ਘੇਰਾ ਕੁੱਲ 872 ਦਿਨ ਤੱਕ ਚੱਲਿਆ ਯਾਨੀ ਦੋ ਸਾਲ ਅਤੇ 142 ਦਿਨ। ਨਾਵਲ ਆਪਣੇ ਮੁੱਖ ਪਾਤਰ ਹਵਾਈ ਫੌਜ ਦੇ ਮੇਜਰ ਲੂਨਿਨ ਦੇ ਜੰਗ ਦੌਰਾਨ ਲੈਨਿਨਗਰਾਦ ਹਵਾਈ ਅੱਡੇ ਪਹੁੰਚਣ ਤੋਂ ਸ਼ੁਰੂ ਹੋ ਕੇ ਲੈਨਿਨਗਰਾਦ ਵਿੱਚ ਵਸਦੇ ਮਾਰੀਆ ਸਰਗੇਯੇਵਨਾ, ਸੋਨੀਆ, ਬਜ਼ੁਰਗ ਅੰਨਾ ਸਤੇਪਾਨੋਵਾ, ਛੋਟੇ ਸਲਾਵਾ, ਅਨਤੋਨੀਆ ਤਰੋਫੀਮੋਵਨਾ ਅਤੇ ਪ੍ਰੋਫੈਸਰ ਮੇਦੀਨਕੋਵ ਆਦਿ ਪਾਤਰਾਂ ਨਾਲ਼ ਵਿਸਥਾਰ ਪਾਉਂਦਾ ਹੈ। ਨਾਵਲ ਉਹਨਾਂ ਲੋਕਾਂ ਦਾ ਜ਼ਿੰਦਾ ਚਿੱਤਰਣ ਕਰਦਾ ਹੈ ਜੋ ਇਸ ਮਹਾਨ ਦੇਸ਼-ਭਗਤਕ ਜੰਗ ਵਿੱਚ ਲੜੇ ਅਤੇ ਉਹਨਾਂ ਆਮ ਲੋਕਾਂ ਦਾ ਵੀ ਜਿਹਨਾਂ ਦੋ ਸਾਲ ਤੇ 142 ਦਿਨ ਦੀ ਘੇਰਾਬੰਦੀ ਝੱਲੀ ਪਰ ਫਿਰ ਵੀ ਆਪਣੇ ਦੇਸ਼ ਅਤੇ ਸਮਾਜਵਾਦ ਪ੍ਰਤੀ ਸਿਦਕ ਦਿਲੀ ਨਾਲ਼ ਕਾਇਮ ਰਹੇ। ਹਵਾਈ ਫ਼ੌਜ ਅਤੇ ਖਾਸ ਕਰਕੇ ਹਵਾਈ ਲੜਾਈਆਂ ਦਾ ਚਿਤਰਣ ਪਾਠਕ ਨੂੰ ਕੀਲ ਲੈਣ ਅਤੇ ਅਵਾਕ ਕਰਨ ਵਾਲ਼ਾ ਹੈ। ਕੀਲਣ ਵਾਲ਼ਾ ਇਸ ਲਈ ਕਿ ਪੜ•ਦੇ ਹੋਏ ਸਾਰੇ ਜਹਾਜ਼, ਉਹਨਾਂ ਦੇ ਚਾਲਕ, ਬੰਬ, ਗੋਲ਼ੀਆਂ ਤੇ ਹਵਾਈ ਕਲਾਬਾਜ਼ੀਆਂ ਦੇ ਸਾਰੇ ਦ੍ਰਿਸ਼ ਕਿਸੇ ਥ੍ਰੀ ਡੀ ਫਿਲਮ ਵਾਂਗ ਅੱਖਾਂ ਅੱਗੇ ਤੈਰਨ ਲੱਗਦੇ ਹਨ ਅਤੇ ਅਵਾਕ ਕਰਨ ਵਾਲ਼ੇ ਇਸ ਲਈ ਕਿ ਗਿਣਤੀ ਦੇ ਛੇ ਤੋਂ ਅੱਠ ਜਹਾਜ਼ ਸੱਤਰ ਤੋਂ ਅੱਸੀ ਦੀ ਗਿਣਤੀ ਵਿਚਲੇ ਨਾਜ਼ੀ ਜਰਮਨੀ ਦੇ ਜੁੰਕਰ ਅਤੇ ਮਿਸ਼ਰਮਿਟ ਜਹਾਜ਼ਾਂ ਨੂੰ ਮੂਹਰੇ ਲਾਕੇ ਭੱਜਣ ਲਈ ਮਜ਼ਬੂਰ ਕਰ ਦਿੰਦੇ ਹਨ। ਸੋਵੀਅਤ ਹਵਾਈ ਫ਼ੌਜ ਦੇ ਹਵਾਈ ਲੜਾਈ ਦੇ ਦਾਅ-ਪੇਚਾਂ ਨੂੰ ਚੰਗੀ ਤਰਾਂ ਚਿੱਤਰਿਆ ਗਿਆ ਹੈ। ਸੋਵੀਅਤ ਹਵਾਈ ਫ਼ੌਜ ਨੇ ਦੁਸ਼ਮਣ ਦੇ ਜਹਾਜ ਡੇਗਣ ਦੀ ਬਜਾਏ ਇਹ ਦਾਅ-ਪੇਚ ਅਪਣਾਇਆ ਕਿ ਦੁਸ਼ਮਣ ਜਹਾਜਾਂ ਨੂੰ ਜ਼ਮੀਨ ‘ਤੇ ਚੱਲ ਰਹੀ ਮੁੱਖ ਲੜਾਈ ਵਿੱਚ ਸੋਵੀਅਤ ਫ਼ੌਜਾਂ ਅਤੇ ਸ਼ਹਿਰੀ ਅਬਾਦੀ ਉੱਤੇ ਬੰਬਾਰੀ ਤੋਂ ਰੋਕਿਆ ਜਾਵੇ। ਦੁਸ਼ਮਣ ਦੇ ਮੁਕਾਬਲੇ ਆਪਣੀ ਤਾਕਤ ਨੂੰ ਵੇਖਦੇ ਹੋਏ ਇਹ ਉੱਤਮ ਦਾਅ-ਪੇਚ ਸੀ ਅਤੇ ਲੈਨਿਨਗਰਾਦ ਦੀ ਹਵਾਈ ਫ਼ੌਜ ਨੇ ਨਾ ਸਿਰਫ਼ ਇਹ ਦਾਅ-ਪੇਚ ਅਪਣਾਇਆ ਸਗੋਂ ਕਾਮਯਾਬ ਵੀ ਕੀਤਾ।

ਚੂਕੋਵਸਕੀ ਨੇ ਲਨਿਨਗਰਾਦ ਸ਼ਹਿਰ ਦੇ ਆਮ ਲੋਕਾਂ ਦਾ ਬਹਾਦਰੀ ਨਾਲ਼ ਡਟੇ ਰਹਿਣ ਦਾ ਚਿੱਤਰਣ ਤਾਂ ਕੀਤਾ ਪਰ ਨਾਲ਼ ਹੀ ਘੇਰੇਬੰਦੀ ਕਾਰਨ ਸ਼ਹਿਰ ਵਿੱਚ ਰਾਸ਼ਨ ਦੀ ਘਾਟ ਤੋਂ ਉਪਜੀ ਭੁੱਖਮਰੀ ਦੇ ਆਮ ਲੋਕਾਂ ‘ਤੇ ਪ੍ਰਭਾਵਾਂ ਦਾ ਮਾਰਮਿਕ ਚਿੱਤਰਣ ਵੀ ਕੀਤਾ। ਮੁੱਖ ਪਾਤਰ ਲੂਨਿਨ ਜਦ ਸ਼ਹਿਰ ਵਿੱਚ ਕਿਸੇ ਨੂੰ ਭਾਲਣ ਲਈ ਨਿਕਲਦਾ ਹੈ ਤਾਂ ਉਸਨੂੰ ਅਜਿਹੇ ਕਈ ਲੋਕ ਮਿਲ਼ਦੇ ਹਨ ਜਿਹਨਾਂ ਵਿੱਚ ਇਨੀ ਸਮਰੱਥਾ ਵੀ ਨਹੀਂ ਸੀ ਬਚੀ ਕਿ ਉਹ ਇੱਕ ਛੋਟੀ ਜਿਹੀ ਗਲ਼ੀ ਪਾਰ ਕਰ ਸਕਣ। ਬੱਚਿਆਂ ਦੀ ਹਾਲਤ ਤਾਂ ਹੋਰ ਵੀ ਬੁਰੀ ਸੀ। ਉਹਨਾਂ ਦੇ ਨੰਗੇ ਸ਼ਰੀਰ ਦੀ ਇਕੱਲੀ-ਇਕੱਲੀ ਹੱਡੀ ਗਿਣੀ ਜਾ ਸਕਦੀ ਸੀ। ਖੁਰਾਕ ਦੀ ਅਣਹੋਂਦ ਕਾਰਨ ਸ਼ਰੀਰ ਕਮਜ਼ੋਰ ਹੋ ਚੁੱਕੇ ਸਨ ਲੋਕਾਂ ਦੀਆਂ ਹੱਡੀਆਂ ਉਹਨਾਂ ਦਾ ਆਪਣਾ ਭਾਰ ਚੁੱਕਣ ਤੋਂ ਵੀ ਅਸਮਰੱਥ ਸਨ ਅਤੇ ਜੋੜ ਵਿੰਗੇ ਹੋ ਰਹੇ ਸਨ। ਬਾਲਣ ਦੀ ਇੰਨੀ ਘਾਟ ਸੀ ਕਿ ਲੋਕਾਂ ਨੇ ਆਜ਼ਰ ਨੂੰ ਘਰਾਂ ਦਾ ਫਰਨੀਚਰ ਅਤੇ ਕਮਰਿਆਂ ਦੀਆਂ ਚੌਗਾਠਾਂ ਤੱਕ ਬਾਲ਼ ਕੇ ਸੇਕ ਲਈਆਂ ਸਨ। ਪਰ ਇਹਨਾਂ ਹਾਲਤਾਂ ਵਿੱਚ ਵੀ ਲੋਕਾਂ ਵਿੱਚ ਨਾਜ਼ੀਆਂ ਵਿਰੁੱਧ ਨਫ਼ਰਤ ਅਤੇ ਆਪਣੇ ਦੇਸ਼ ਅਤੇ ਸਮਾਜਵਾਦ ਦੀ ਜਿੱਤ ਵਿੱਚ ਅਟੁੱਟ ਵਿਸ਼ਵਾਸ ਸੀ। ਆਪਣੇ ਸਕੇ-ਸਬੰਧੀਆਂ ਨੂੰ ਮੌਤ ਦੇ ਮੂੰਹ ਜਾਂਦੇ ਵੇਖ ਉਹ ਦੁਖੀ ਅਤੇ ਨਿਰਾਸ਼ ਤਾਂ ਜ਼ਰੂਰ ਹੁੰਦੇ ਪਰ ਢਹਿੰਦੀਆਂ ਕਲਾਂ ਵਿੱਚ ਨਹੀਂ ਸਨ ਸਗੋਂ ਇਹ ਕਹਿਣਾ ਜਾਇਜ਼ ਹੋਵੇਗਾ ਕਿ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਨੇ ਉਹਨਾਂ ਨੂੰ ਢਹਿੰਦੀਆਂ ਕਲਾਂ ਵਿੱਚ ਜਾਣ ਨਹੀਂ ਦਿੱਤਾ ਅਤੇ ਇਸਦਾ ਚਿਤਰਣ ਵੀ ਚੂਕੋਵਸਕੀ ਨੇ ਬਾਖੂਬੀ ਕੀਤਾ ਹੈ। ਕਮਿਊਨਿਸਟ ਪਾਰਟੀ ਦੀ ਮੈਂਬਰ ਅਤੇ ਸਿਆਸੀ ਜਥੇਬੰਦਕ ਅਨਤੋਨੀਆ ਤਰੋਫੀਮੋਵਨਾ ਰਾਹੀਂ ਨਾਵਲਕਾਰ ਨੇ ਲੋਕਾਂ ਵਿੱਚ ਕਮਿਊਨਿਸਟ ਪਾਰਟੀ ਦੇ ਕੰਮ ਅਤੇ ਉਸਦੇ ਚਰਿੱਤਰ ਨੂੰ ਚਿੱਤਰਿਆ ਹੈ। ਲੈਨਿਨਗਰਾਦ ਦੇ ਕਮਿਊਨਿਸਟ ਵਰਕਰਾਂ ਵਿੱਚ ਇੱਕ ਨਾਹਰਾ ਅਨਤੋਨੀਆ ਤਰੋਫੀਮੋਵਨਾ ਹਰਮਨ ਪਿਆਰਾ ਬਣਾਉਂਦੀ ਹੈ ‘ਜੋ ਆਤਮ-ਸਮਰਪਣ ਨਹੀਂ ਕਰਦੇ ਉਹ ਨਹੀਂ ਮਰਦੇ’ ਅਨਤੋਨੀਆ ਖ਼ੁਦ ਇਸੇ ਨਾਹਰੇ ਦੀ ਉਦਾਹਰਣ ਸੀ। ਉਸਦਾ ਚਰਿੱਤਰ ਅਤੇ ਹਾਲਤਾਂ ਮੂਹਰੇ ਚੱਟਾਨ ਬਣ ਖੜਨਾ ਹੀ 16 ਸਾਲਾਂ ਦੀ ਸੋਨੀਆ ਨੂੰ ਇੰਨਾ ਪ੍ਰਭਾਵਤ ਕਰਦਾ ਹੈ ਕਿ ਉਹ ਜੰਗ ਦੇ ਖ਼ਤਮ ਹੋਣ ਤੱਕ ਪਾਰਟੀ ਦੀ ਇੱਕ ਸਰਗਰਮ ਕਾਰਕੁੰਨ ਬਣ ਜਾਂਦੀ ਹੈ।

ਲੋਕਾਂ ਦਾ ਮਨੋਬਲ ਉੱਪਰ ਚੁੱਕਣ ਉਹਨਾਂ ਨੂੰ ਭੁੱਖਮਰੀ ਨਾਲ਼ ਮਰਨ ਤੋਂ ਬਚਾਉਣ ਅਤੇ ਜ਼ਿੰਦਾ ਰੱਖਣ ਲਈ ਕਮਿਊਨਿਸਟ ਪਾਰਟੀ ਨੇ ਕਿਵੇਂ ਕੰਮ ਕੀਤਾ ਇਹ ਸੋਨੀਆ ਅਤੇ ਅਨਤੋਨੀਆ ਤਰੋਫੀਮੋਵਨਾ ਦਿਖਾਉਂਦੀਆਂ ਹਨ। ਜਿਵੇਂ ਆਪਣੇ ਘਰ ਤੋਂ ਬਾਹਰ ਨਾ ਨਿਕਲ ਸਕਣ ਵਾਲ਼ੇ ਲੋਕਾਂ ਲਈ ਸੋਨੀਆ ਬਾਲਣ ਦੀ ਲੱਕੜ ਦਾ ਇੰਤਜ਼ਾਮ ਕਰਦੀ ਹੈ। ਜੋ ਲੋਕ ਤੁਰ ਫਿਰ ਨਹੀਂ ਸਕਦੇ ਅਤੇ ਘਰਾਂ ਵਿੱਚ ਇਕੱਲੇ ਰਹਿ ਗਏ ਸਨ, ਸੋਨੀਆ ਉਹਨਾਂ ਨਾਲ਼ ਸਿਰਫ਼ ਗੱਲਾਂ ਕਰਨ ਜਾਂਦੀ ਹੈ, ਉਹਨਾਂ ਲਈ ਸਮਾਵਰ ਭਖਾ ਦਿੰਦੀ ਹੈ ਤੇ ਖਾਣ ਤੇ ਪੀਣ ਦਾ ਪ੍ਰਬੰਧ ਕਰਦੀ ਹੈ। ਗੱਲ ਕੀ ਸੋਨੀਆ ਉਹਨਾਂ ਦੀ ਇਕੱਲ ਅਤੇ ਉਸਤੋਂ ਉੱਠਿਆ ਅਵਸਾਦ ਤੋੜਦੀ ਹੈ।

ਲੈਨਿਨਗਰਾਦ ਵਿੱਚ ਕੋਈ ਜਵਾਨ ਮਰਦ ਨਹੀਂ ਸੀ ਕਿਉਂਕਿ ਮਰਦ ਸਾਰੇ ਮੁਹਾਜ਼ ‘ਤੇ ਸਨ ਅਤੇ ਸ਼ਹਿਰ ਵਿੱਚ ਬੱਚੇ, ਔਰਤਾਂ ਅਤੇ ਬਜ਼ੁਰਗ ਹੀ ਬਚੇ ਸਨ ਤੇ ਉਹ ਵੀ ਭੁੱਖ ਨਾਲ਼ ਮਰ ਰਹੇ ਸਨ। ਗਲ਼ੀਆਂ ਅਤੇ ਬਜ਼ਾਰਾਂ ਵਿੱਚ ਲਾਸ਼ਾਂ ਅਕਸਰ ਦਿਖਦੀਆਂ ਸਨ। ਇੱਕ ਖੂਹ ਦੇ ਆਲ਼ੇ-ਦੁਆਲ਼ੇ ਮਰੇ ਲੋਕ ਅਤੇ ਉਪਰੋਂ ਬਰਫ ਪੈਣ ਤੋਂ ਬਾਅਦ ਉਹਨਾਂ ਦਾ ਬਰਫ ਵਿੱਚ ਜੜੀਆਂ ਮੂਰਤੀਆਂ ਜਿਹਾ ਇਸ ਨਾਵਲ ਵਿਚਲਾ ਚਿਤਰਣ ਨਾ ਸਿਰਫ਼ ਦਿਲ ਨੂੰ ਹੂਕ ਪਾਉਂਦਾ ਹੈ ਸਗੋਂ ਹਰ ਕਿਸਮ ਦੇ ਫਾਸੀਵਾਦੀਆਂ ਵਿਰੁੱਧ ਨਫ਼ਰਤ ਵੀ ਉਪਜਾਉਂਦਾ ਹੈ। ਪਰ ਅਜਿਹੀਆਂ ਹਾਲਤਾਂ ਵਿੱਚ ਵੀ ਕਮਿਊਨਿਸਟ ਪਾਰਟੀ ਹਾਰ ਨਹੀਂ ਮੰਨਦੀ ਅਤੇ ਨਾ ਹੀ ਆਪਣੇ ਲੋਕਾਂ ਨੂੰ ਹਾਰ ਮੰਨਣ ਦਿੰਦੀ ਹੈ। ਇੱਥੋਂ ਤੱਕ ਧਿਆਨ ਰੱਖਿਆ ਜਾਂਦਾ ਹੈ ਕਿ ਬੰਦ ਪਏ ਸਾਂਝੇ ਇਸ਼ਨਾਨ-ਘਰ ਅਤੇ ਹਮਾਮ ਦੁਬਾਰਾ ਚਾਲੂ ਕੀਤੇ ਜਾਂਦੇ ਹਨ ਅਤੇ ਘਰਾਂ ‘ਚੋਂ ਕੱਢਕੇ ਕਈ-ਕਈ ਮਹੀਨਿਆਂ ਤੋਂ ਨਹੀਂ ਨਹਾ ਸਕੇ ਲੋਕਾਂ ਨੂੰ ਨਵਾਇਆ ਜਾਂਦਾ ਹੈ ਤਾਂ ਕਿ ਸਰੀਰ ਥੋੜੇ ਖੁੱਲ ਸਕਣ ਤੇ ਲੋਕ ਆਪਣੇ ਆਪ ਨੂੰ ਹੌਲ਼ੇ ਮਹਿਸੂਸ ਕਰ ਸਕਣ। ਅਨਤੋਨੀਆ ਤਰੋਫੀਮੋਵਨਾ ਅਤੇ ਸੋਨੀਆ ਲੋਕਾਂ ਨੂੰ ਜਥੇਬੰਦ ਕਰਕੇ ਸ਼ਹਿਰ ਦੇ ਅੰਦਰ ਸਬਜ਼ੀਆਂ ਅਤੇ ਫਲ਼ਾਂ ਦੀ ਖੇਤੀ ਸ਼ੁਰੂ ਕਰਦੀਆਂ ਹਨ। ਹਰ ਬਾਗ, ਪਾਰਕਾਂ, ਖਾਲੀ ਪਏ ਪਲਾਟਾਂ ਜਾਂ ਜੰਗ ਕਾਰਨ ਢਹਿ ਗਏ ਮਕਾਨਾਂ ਨੂੰ ਗਲ਼ੀਆਂ ਜਾਂ ਸੜਕਾਂ ਦੇ ਆਸ-ਪਾਸ ਖਾਣ ਲਈ ਖੇਤੀ ਕੀਤੀ ਜਾਂਦੀ ਹੈ। ਹਰ ਉਹ ਥਾਂ ਜਿੱਥੇ ਤਿੰਨ ਹੱਥ ਮਿੱਟੀ ਹੋਵੇ ਵਿੱਚ ਸਬਜ਼ੀਆਂ ਬੀਜੀਆਂ ਜਾਂਦੀਆਂ ਹਨ ਅਤੇ ਇਸ ਖੇਤੀ ਨੇ ਸ਼ਹਿਰ ਨੂੰ ਕਾਫ਼ੀ ਹੱਦ ਤੱਕ ਰਾਹਤ ਵੀ ਪਹੁੰਚਾਈ। ਪਾਰਟੀ ਇੱਕ ਹੋਰ ਬਹੁਤ ਚੰਗਾ ਉਪਰਾਲਾ ਕਰਦੀ ਹੈ। ਜੰਗ ਦੌਰਾਨ ਪੈਦਾ ਹੋਏ ਅਜਿਹੇ ਬੱਚਿਆਂ ਨੂੰ ਘਰ-ਘਰ ਜਾ ਕੇ ਲੱਭਿਆ ਜਾਂਦਾ ਹੈ ਜਿਹਨਾਂ ਨੂੰ ਪਾਲਣ ਵਾਲ਼ਾ ਕੋਈ ਵੀ ਜ਼ਿੰਦਾ ਨਹੀਂ ਰਿਹਾ। ਉਹਨਾਂ ਨੂੰ ਪਾਲਣ ਲਈ ਜੰਗ ਦੌਰਾਨ ਇੱਕ ਇਮਾਰਤ ਨੂੰ ਇਹਨਾਂ ਬੱਚਿਆਂ ਦੇ ਪਾਲਣ-ਘਰ ਵਜੋਂ ਵਰਤਿਆ ਜਾਂਦਾ ਹੈ। ਉਹ ਸਾਰੇ (ਪਾਲਣ ਵਾਲ਼ੇ ਵਲੰਟਿਅਰ) ਨਵਜੰਮੇ ਬੱਚਿਆਂ ਨੂੰ ਪਹਿਲਾਂ-ਪਹਿਲ ਲੈਨਿਨਗਰਾਦਸਕੀ ਕਹਿੰਦੇ ਸਨ। ਅਜਿਹੇ ਹੋਰ ਕਈ ਚਿਤਰਣ ਇਸ ਨਾਵਲ ਵਿੱਚ ਹਨ ਜੋ ਮਨੁੱਖਤਾ ਵਿੱਚ ਅਟੁੱਟ ਵਿਸ਼ਵਾਸ ਨਾਲ਼ ਪਾਠਕ ਦੀਆਂ ਅੱਖਾਂ ਨਮ ਕਰ ਦਿੰਦੇ ਹਨ।

ਏਨੇ ਬੁਰੀ ਹਾਲਤ ਦੇ ਬਾਵਜੂਦ ਵੀ ਸੋਵੀਅਤ ਲੋਕ ਨੈਤਿਕਤਾ ‘ਤੇ ਕਾਇਮ ਰਹਿੰਦੇ ਹਨ। ਜੰਗ ਦੌਰਾਨ ਅਨੈਤਿਕਤਾ ਦੀ ਦਰ ਬਹੁਤ ਹੀ ਘੱਟ ਸੀ। ਜੰਗਾਂ ਵਿੱਚ ਅਨੈਤਿਕਤਾ, ਵਿਭਚਾਰ ਤੇ ਵੇਸਵਾਗਮਨੀ ਉਹ ਬਿਮਾਰੀਆਂ ਹੁੰਦੀਆਂ ਹਨ ਜੋ ਕਿ ਜੰਗਾਂ ਵਧਣ ਨਾਲ਼ ਚੌਗੁਣੀ ਤਰੱਕੀ ਕਰਦੀਆਂ ਹਨ ਪਰ ਅਜਿਹਾ ਰੂਸ ਵਿੱਚ ਵੇਖਣ ਨੂੰ ਨਹੀਂ ਮਿਲ਼ਦਾ। ਹਾਂ, ਪਰ ਚੂਕੋਵਸਕੀ ਦਿਖਾਉਂਦਾ ਹੈ ਕਿ ਰੂਸੀ ਪਿਆਰ ਕਰਨਾ ਨਹੀਂ ਭੁੱਲਦੇ। ਮਾਰੀਆ ਸਰਗੇਯੇਵਨਾ ਦਾ ਪਾਤਰ ਇੱਕ ਅਜਿਹਾ ਹੀ ਪ੍ਰਤੀਕ ਪਾਤਰ ਹੈ ਜੋ ਜੰਗ ਦੌਰਾਨ ਵੀ ਮਨੁੱਖੀ ਪ੍ਰੇਮ ਵਿੱਚ ਵਿਸ਼ਵਾਸ ਪੈਦਾ ਕਰਦਾ ਹੈ ਅਤੇ ਦੂਜੇ ਪਾਸੇ ਮੁੱਖ ਪਾਤਰ ਲੂਨਿਨ ਇੱਕ ਅਜਿਹਾ ਪ੍ਰਤੀਕ ਪਾਤ ਰਹੈ ਜਿਸਨੂੰ ਪਿਆਰ ਨਹੀਂ ਮਿਲ਼ਿਆ ਫਿਰ ਵੀ ਇਹ ਉਹਦੀ ਜ਼ਿੰਦਗੀ ਦੀ ਘਾਟ ਤਾਂ ਦਿਖਦੀ ਹੈ ਪਰ ਇਹ ਉਹਦੀ ਕਮਜ਼ੋਰੀ ਤਾਂ ਬਿਲਕੁਲ ਵੀ ਨਹੀਂ ਹੈ ਕਿ ਜਿਸ ਦੀ ਘਾਟ ਸਦਕਾ ਉਹ ਆਪਣੇ ਮਕਸਦ ਤੋਂ ਡੋਲ ਜਾਵੇ। ਅਸਲੋਂ ਹੀ ਇਹਨਾਂ ਪਾਤਰਾਂ ਤੋਂ ਸਾਨੂੰ ਨੈਤਿਕ ਤੌਰ ‘ਤੇ ਸਿੱਖਣ ਲਈ ਬਹੁਤ ਕੁੱਝ ਮਿਲ਼ਦਾ ਹੈ।

ਨਾ ਸਿਰਫ਼ ਸ਼ਹਿਰ ਦੇ ਅੰਦਰ ਦਾ ਸਗੋਂ ਲੇਖਕ ਲੜ ਰਹੀ ਸੋਵੀਅਤ ਫ਼ੌਜ ਦਾ ਚਿਤਰਣ ਵੀ ਬਾਖੂਬੀ ਕਰਦਾ ਹੈ। ਉਹ ਬਾਲਟਕ ਸਾਗਰ ‘ਤੇ ਲੜ ਰਹੇ ਸੋਵੀਅਤ ਫ਼ੌਜੀ ਹੋਣ ਜਾਂ ਹਵਾ ਵਿਚਲੇ ਪਾਇਲਟ ਜਾਂ ਫਿਰ ਹਵਾਈ ਬੇਸ ‘ਤੇ ਉਥੋਂ ਦੇ ਕਰਿੰਦੇ, ਸਿਪਾਹੀ, ਤਕਨੀਕੀ-ਮਾਹਿਰ ਅਤੇ ਪਾਇਲਟਾਂ ਵਿਚਲੇ ਸਬੰਧਾਂ ਨੂੰ ਚਿੱਤਰਣ ਦੀ ਗੱਲ ਹੋਵੇ ਲੇਖਕ ਨੇ ਮਨੁੱਖੀ ਰਿਸ਼ਤਿਆਂ ਦੀ ਗੂੰਝਲਦਾਰ ਤਾਣੀ ਨੂੰ ਬਾਖੂਬੀ ਚਿੱਤਰਿਆ ਹੈ। ਜੋ ਦ੍ਰਿਸ਼ ਨਾਵਲ ਵਿੱਚ ਮੈਨੂੰ ਸਭ ਤੋਂ ਵੱਧ ਪ੍ਰਭਾਵਤ ਕਰਨ ਵਾਲ਼ੇ ਲੱਗੇ ਉਹਨਾਂ ‘ਚੋਂ ਇੱਕ ਲਦੋਗਾ ਝੀਲ ਉੱਤੇ ਬਰਫ਼ ਜੰਮਣ ਤੋਂ ਬਾਅਦ ਸੋਵੀਅਤ ਫ਼ੌਜ ਦੁਆਰਾ ਪੰਝੀ ਮੀਲ ਲੰਬੀ ਸੜਕ ਬਣਾਉਣ ਅਤੇ ਉਸ ਸੜਕ ਦਾ ਨਾਜ਼ੀਆਂ ਤੋਂ ਬਚਾਅ ਦਾ ਦ੍ਰਿਸ਼ ਹੈ। ਇਹ ਸੜਕ ਬਹੁਤ ਹੀ ਗੁਪਤ ਢੰਗ ਨਾਲ਼ ਰਾਤਾਂ ਦੇ ਹਨੇਰਿਆਂ ਵਿੱਚ ਉਸਾਰੀ ਗਈ ਸੀ ਜਰਮਨਾਂ ਨੇ ਕਦੇ ਸੁਫਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਅਜਿਹੀ ਕੋਈ ਸੜਕ ਬਣਾਈ ਵੀ ਜਾ ਸਕਦੀ ਹੈ। 18 ਜਨਵਰੀ 1942 ਨੂੰ ਇਹ ਸੜਕ ਪੂਰੀ ਹੁੰਦੀ ਹੈ ਅਤੇ ਫਿਰ ਇਸੇ ਸੜਕ ਰਾਹੀਂ 23 ਜਨਵਰੀ 1942 ਨੂੰ ਰਾਸ਼ਨ ਦੀ ਪਹਿਲੀ ਖੇਪ ਲੈਨਿਨਗਰਾਦ ਅੰਦਰ ਪਹੁੰਚਦੀ ਅਤੇ ਲੋਕਾਂ ਨੂੰ ਸ਼ਹਿਰ ਤੋਂ ਬਾਹਰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਜਾਂਦਾ ਹੈ। ਜੇਕਰ ਸੋਵੀਅਤ ਫ਼ੌਜ ਦੇ ਹੌਂਸਲੇ ਦੇ ਚਿਤਰਨ ਦੀ ਗੱਲ ਕਰਨੀ ਹੋਵੇ ਤਾਂ ਲੂਨਿਨ ਦੀ ਆਪਣੇ ਸਾਥੀ ਨਾਲ਼ ਛੋਟੀ ਜਿਹੀ ਗੱਲਬਾਤ ਦਾ ਜ਼ਿਕਰ ਇੱਥੇ ਕੁਥਾਵਾਂ ਨਹੀਂ ਹੋਵੇਗਾ। ਇੱਕ-ਇੱਕ ਕਰਕੇ ਹਵਾਈ ਫ਼ੌਜ ਦੇ ਕਈ ਪਾਇਲਟ ਸ਼ਹੀਦ ਹੋ ਜਾਂਦੇ ਹਨ ਤਾਂ ਆਖ਼ਰ ਵਿੱਚ ਸਿਰਫ਼ ਲੂਨਿਨ ਅਤੇ ਉਸਦਾ ਇੱਕ ਸਾਥੀ ਪਾਇਲਟ ਹੀ ਰਹਿ ਜਾਂਦੇ ਹਨ ਪਰ ਲੂਨਿਨ ਫਿਰ ਵੀ ਇਸਨੂੰ ਡਵੀਜ਼ਨ ਹੀ ਕਹਿੰਦਾ ਹੈ ਤਾਂ ਉਸਦਾ ਸਾਥੀ ਇਤਰਾਜ਼ ਕਰਦਾ ਹੋਇਆ ਕਹਿੰਦਾ ਹੈ ‘ਕਾਹਦੀ ਡਵੀਜ਼ਨ? ਅਸੀਂ ਸਿਰਫ਼ ਦੋ ਹੀ ਹਾਂ’ ਤਾਂ ਲੂਨਿਨ ਜਵਾਬ ਦਿੰਦਾ ਹੈ, ”ਜੇਕਰ ਸਿਰਫ਼ ਜਰਮਨ ਸਾਨੂੰ ਇੱਕ ਮੰਨਦੇ ਹਨ ਤਾਂ ਅਸੀਂ ਹੁਣ ਵੀ ਇੱਕ ਡਵੀਜ਼ਨ ਹਾਂ”। ਲੂਨਿਨ ਦੇ ਕਹੇ ਇਹ ਸ਼ਬਦ ਇਸ ਨਾਵਲ ਵਿਚਲੇ ਮੇਰੇ ਸਭ ਤੋਂ ਵੱਧ ਪਸੰਦੀਦਾ ਸ਼ਬਦ ਹਨ।

8 ਸਤੰਬਰ 1941 ਤੋਂ ਸ਼ੁਰੂ ਹੋ ਕੇ 27 ਜਨਵਰੀ 1944 ਤੱਕ ਚੱਲੀ ਲੈਨਿਨਗਰਾਦ ਦੀ ਲੜਾਈ ਦਾ ਇਹ 631 ਪੰਨਿਆਂ ਦਾ ਵੱਡ ਆਕਾਰੀ ਸਜੀਵ ਚਿਤਰਨ ਪੜ•ਨ ਤੋਂ ਕਈ ਦਿਨ ਬਾਅਦ ਵੀ ਮਨ ਵਿੱਚ ਕਿਸੇ ਫਿਲਮ ਵਾਂਗ ਚਲਦਾ ਹੈ। ਚੂਕੋਵਸਕੀ ਨੇ 1946 ਵਿੱਚ ਇਹ ਨਾਵਲ਼ ਲਿਖਣਾ ਸ਼ੁਰੂ ਕੀਤਾ ਅਤੇ ਵੇਰਵੇ ਇਕੱਠੇ ਕਰਦੇ ਹੋਏ 1953 ਵਿੱਚ ਪੂਰਾ ਕੀਤਾ ਅਤੇ 1954 ਵਿੱਚ ਇਹ ਛਪਿਆ। ਪੂਰੇ ਨਾਵਲ ਵਿੱਚ ਅਜਿਹੇ ਹੋਰ ਵੀ ਬਹੁਤ ਸਾਰੇ ਪਾਤਰ ਹਨ ਜੋ ਮੇਰੇ ਉਪਰੋਕਤ ਦੱਸੇ ਪਾਤਰਾਂ ਵਾਂਗ ਹੀ ਦਿਲਚਸਪ ਅਤੇ ਪ੍ਰੇਰਨਾਦਾਈ ਹਨ। ਜਿਸ ਕਿਸੇ ਨੇ ਵੀ ਸਮਾਜਵਾਦ ਦੀ ਤਾਕਤ ਦੀ ਜਿਊਂਦੀ ਤਸਵੀਰ ਦੇਖਣੀ ਹੋਵੇ ਉਸਨੂੰ ਇਹ ਨਾਵਲ ਲਾਜ਼ਮੀ ਹੀ ਪੜ•ਨਾ ਚਾਹੀਦਾ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 23, 16 ਤੋਂ 31 ਜਨਵਰੀ 2018 ਵਿੱਚ ਪ੍ਰਕਾਸ਼ਿਤ