ਲਾਤੀਨੀ ਅਮਰੀਕਾ – ‘ਗੁਲਾਬੀ ਲਹਿਰ’ ਲਹਾਅ ‘ਚ •ਅੰਮ੍ਰਿਤ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

7 ਦਸੰਬਰ ਨੂੰ ਵੇਨਜ਼ੂਏਲਾ ਦੀ ਰਾਜਧਾਨੀ ਵਿੱਚ ਪਾਰਲੀਮਾਨੀ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਇਆ ਤਾਂ 1998 ਤੋਂ ਸੱਤ੍ਹਾ ਉੱਤੇ ਕਾਬਜ਼ ਸੋਸ਼ਲਿਸਟ ਪਾਰਟੀ ਨੂੰ ਤਕੜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹਨਾਂ ਚੋਣਾਂ ਵਿੱਚ ਸੱਜੇ-ਪੱਖੀ ਵਿਰੋਧੀ ਗੁੱਟ, ਡੈਮੋਕ੍ਰੇਟਿਕ ਯੂਨਿਟੀ ਰਾਊਂਡਟੇਬਲ, ਨੂੰ 56% ਵੋਟਾਂ ਮਿਲ਼ੀਆਂ ਤੇ ਦੋ-ਤਿਹਾਈ ਤੋਂ ਉੱਪਰ ਸੀਟਾਂ ਉੱਤੇ ਇਹ ਗੁੱਟ ਕਾਬਜ਼ ਹੋ ਗਿਆ ਹੈ। ਯਾਦ ਰਹੇ, 1998 ਵੇਨਜ਼ੂਏਲਾ ਲਾਤੀਨੀ ਅਮਰੀਕਾ ਵਿੱਚ ਖੱਬੇ-ਪੱਖੀ ਸਰਕਾਰਾਂ ਬਣਨ ਦੇ ਉਸ ਸਿਲਸਿਲੇ ਵਿੱਚ ਜਿਸਨੂੰ ਕਿ ‘ਗੁਲਾਬੀ ਲਹਿਰ’ ਦਾ ਨਾਂ ਦਿੱਤਾ ਗਿਆ, ਪਹਿਲਾ ਮੁਲਕ ਸੀ। ਉਸ ਤੋਂ ਬਾਅਦ ਉੱਥੇ ਹੋਈਆਂ 20 ਵੱਖ-ਵੱਖ ਚੋਣਾਂ ਵਿੱਚ ਹਿਊਗੋ ਸਾਵੇਜ਼ ਦੀ ਅਗਵਾਈ ਵਾਲ਼ੀ ਖੱਬੇ-ਪੱਖੀ ਧਿਰ ਨੂੰ ਸਿਰਫ਼ 2007 ਦੇ ਇੱਕ ਰੈਫ਼ਰੈਂਡਮ ਵਿੱਚ ਮਾਮੂਲੀ ਫ਼ਰਕ ਨਾਲ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤਰ੍ਹਾਂ ਲਗਭਗ ਦੋ ਦਹਾਕਿਆਂ ਬਾਅਦ ਸੱਜੇ-ਪੱਖੀ ਵਿਰੋਧੀ ਦੁਬਾਰਾ ਸੱਤ੍ਹਾ ਵਿੱਚ ਆਏ ਹਨ, ਭਾਵੇਂ ਉਹਨਾਂ ਦੀ ਜ਼ਮੀਨੀ ਸਰਗਰਮੀ ਇਹਨਾਂ ਦੋ ਦਹਾਕਿਆਂ ਦੌਰਾਨ ਲਗਾਤਾਰ ਜਾਰੀ ਸੀ ਤੇ ਇੱਕ ਵਾਰ ਤਾਂ 2003 ਵਿੱਚ ਉਹ ਹਿਊਗੋ ਸਾਵੇਜ਼ ਦਾ ਫੌਜੀ ਤਖ਼ਤਾਪਲਟ ਕਰਨ ਵਿੱਚ ਲਗਭਗ ਕਾਮਯਾਬ ਹੋ ਗਏ ਸਨ। ਉਧਰ ਲਾਤੀਨੀ ਅਮਰੀਕਾ ਦੇ ਇੱਕ ਹੋਰ ਦੇਸ਼ ਅਰਜਨਟੀਨਾ ਜਿਹੜਾ ਗੁਲਾਬੀ ਲਹਿਰ ਦਾ ਹਿੱਸਾ ਸੀ, ਵਿੱਚ ਖੱਬੇ-ਪੱਖੀ ਦੇਸ਼ ਦੇ ਰਾਸ਼ਟਰਪਤੀ ਦੀ ਚੋਣ ਹਾਰ ਗਏ ਹਨ ਤੇ ਸੱਜ-ਪਿਛਾਖੜੀ ਸਿਆਸੀ ਧਿਰਾਂ ਦਾ ਉਮੀਦਵਾਰ ਮੌਰੀਸਿਓ ਮਾਰਸੀ ਨਵਾਂ ਰਾਸ਼ਟਰਪਤੀ ਬਣ ਗਿਆ ਹੈ। ਗੁਲਾਬੀ ਲਹਿਰ ਦੇ ਇੱਕ ਹੋਰ ਦੇਸ਼ ਬ੍ਰਾਜ਼ੀਲ ਵਿੱਚ ਮੌਜੂਦਾ ਖੱਬੇ-ਪੱਖੀ ਰਾਸ਼ਟਰਪਤੀ ਦਿਲੇਮਾ ਰੌਸੇਫ਼ ਦੀ ਸਿਆਸੀ ਹਾਲਤ ਕਾਫ਼ੀ ਪਤਲੀ ਹੈ, ਭ੍ਰਿਸ਼ਟਾਚਾਰ, ਉਲੰਪਿਕ ਤੇ ਸੰਸਾਰ ਫੁਟਬਾਲ ਕੱਪ ਲਈ ਆਮ ਲੋਕਾਂ ਦੇ ਕੀਤੇ ਉਜਾੜੇ ਅਤੇ ਆਰਥਿਕ ਸੰਕਟ ਦੇ ਡੂੰਘਾ ਹੋਣ ਕਾਰਨ ਪੈਦਾ ਹੋਈ ਬੇਰੁਜਗਾਰੀ, ਬੇਘਰੀ, ਮਹਿੰਗਾਈ ਆਦਿ ਕਾਰਨ ਅਗਲੇ ਸਾਲ ਦੀਆਂ ਚੋਣਾਂ ਵਿੱਚ ਉਸਦਾ ਜਿੱਤਣਾ ਲਗਭਗ ਅਸੰਭਵ ਹੈ। ਬੋਲੀਵੀਆ ਵੀ ਗੁਲਾਬੀ ਲਹਿਰ ਦਾ ਇੱਕ ‘ਚਮਕਦਾ ਸਿਤਾਰਾ’ ਹੈ, ਪਰ ਇੱਥੇ ਖੱਬੇ-ਪੱਖੀ ਰਾਸ਼ਟਰਪਤੀ ਇਵੋ ਮੋਰਾਲਜ਼ ਦੇ ਸਾਹਮਣੇ ਹੀ ਉਹ ਕੁਝ ਹੋ ਰਿਹਾ ਹੈ ਜਿਹੜਾ ਸੱਜੇ ਪੱਖੀ ਸਿਆਸੀ ਧਿਰ ਨੇ ਸੱਤ੍ਹਾ ਵਿੱਚ ਆ ਕੇ ਕਰਨਾ ਹੈ, ਇਸ ਬਾਰੇ ਅੱਗੇ ਅਸੀਂ ਹੋਰ ਵਿਸਥਾਰ ਵਿੱਚ ਗੱਲ ਕਰਾਂਗੇ।

ਸਭ ਤੋਂ ਪਹਿਲਾਂ ਗੁਲਾਬੀ ਲਹਿਰ ਬਾਰੇ ਕੁਝ ਗੱਲ ਹੋ ਜਾਵੇ। ਜਿਵੇਂ ਕਿ ਅਸੀਂ ਉੱਪਰ ਜ਼ਿਕਰ ਕੀਤਾ ਹੈ, ਇਸ ਲਹਿਰ ਦੀ ਸ਼ੁਰੂਆਤ 1998 ਵਿੱਚ ਹਿਊਗੋ ਸਾਵੇਜ਼ ਦੇ ਵੇਨਜ਼ੂਏਲਾ ਦੇ ਰਾਸ਼ਟਰਪਤੀ ਚੋਣ ਜਿੱਤਣ ਨਾਲ ਹੋਈ। ਇਸ ਤੋਂ ਬਾਅਦ 2003 ਵਿੱਚ ਬ੍ਰਾਜ਼ੀਲ ਵਿੱਚ ਬ੍ਰਾਜ਼ੀਲ ਵਰਕਰਜ਼ ਪਾਰਟੀ ਚੋਣਾਂ ਵਿੱਚ ਜੇਤੂ ਰਹੀ ਤੇ ਆਟੋਮੋਬਾਈਲ ਯੂਨੀਅਨ ਦਾ ਆਗੂ ਲੂਲਾ-ਦ-ਸਿਲਵਾ ਰਾਸ਼ਟਰਪਤੀ ਬਣਿਆ। ਇਸੇ ਸਾਲ ਹੀ ਆਰਥਿਕ ਬਦਹਾਲੀ ਦੇ ਝੰਬੇ ਅਰਜਨਟੀਨਾ ਵਿੱਚ ਨੈਸਟਰ ਕਿਰਚਨਰ ਦੀ ਅਗਵਾਈ ਵਾਲ਼ੇ ਖੱਬੇ-ਪੱਖੀ, ਪੇਰੋਨਿਸਟ, ਥੋੜੇ ਜਿਹੇ ਫ਼ਰਕ ਨਾਲ਼ ਚੋਣ ਜਿੱਤ ਗਏ। ਫਿਰ ਇੱਕ ਤੋਂ ਬਾਅਦ ਇੱਕ, ਬੋਲੀਵੀਆ, ਉਰੂਗਏ, ਇਕੁਆਡੋਰ, ਪੈਰਾਗੁਏ, ਚਿੱਲੀ ਦੇਸ਼ਾਂ ਵਿੱਚ ਖੱਬੇ-ਪੱਖੀ ਚੋਣਾਂ ਜਿੱਤ ਕੇ ਸੱਤ੍ਹਾ ਵਿੱਚ ਆਏ। ਇੱਥੋਂ ਤੱਕ ਕਿ ਅਮਰੀਕੀ ਸਾਮਰਾਜ ਦੇ ਸਭ ਤੋਂ ਮਜ਼ਬੂਤ ਗੜ੍ਹ ਤੇ ਸੱਜੇ-ਪੱਖੀਆਂ ਦੇ ਸਭ ਤੋਂ ਪੱਕੇ ਕਿਲ੍ਹੇ ਕੋਲੰਬੀਆ ਵਿੱਚ ਖੱਬਿਆਂ ਦੇ ਜਿੱਤਣ ਦੀਆਂ ਕਿਆਸਰਾਈਆਂ ਹੋਣ ਲੱਗੀਆਂ, ਭਾਵੇਂ ਇਸ ਕਿਆਸਰਾਈਆਂ ਨੂੰ ਬੂਰ ਨਾ ਪਿਆ, ਅਮਰੀਕੀ ਸਾਮਰਾਜ ਨੇ ਆਪਣਾ ਇਹ ਕਿਲ੍ਹਾ ਬਚਾ ਲਿਆ ਤੇ ਇਸਨੂੰ ਉਸ ਤੋਂ ਬਾਅਦ ਹਿਊਗੋ ਸਾਵੇਜ਼ ਖਿਲਾਫ਼ ਵਰਤਿਆ ਵੀ। ਖੱਬਿਆਂ ਦੇ ਸੱਤ੍ਹਾ ਵਿੱਚ ਆਉਣ ਦੀ ਇਸ “ਲਹਿਰ” ਨੂੰ ਗੁਲਾਬੀ ਭਾਵ ਲਾਲ ਤੋਂ “ਘੱਟ ਲਾਲ” ਰੰਗ ਇਸ ਲਈ ਕਿਹਾ ਗਿਆ ਕਿਉਂਕਿ ਇਹਨਾਂ ਸਭਨਾਂ ਥਾਈਂ ਪਾਰਲੀਮਾਨੀ ਜਿੱਤਾਂ ਰਾਹੀਂ ਸਰਕਾਰਾਂ ਬਣੀਆਂ ਅਤੇ ਲਾਲ ਤੋਂ ਅੱਡਰੇ ਗੁਲਾਬੀ ਰੰਗ ਨੂੰ ’21ਵੀਂ ਸਦੀ ਦੇ ਸਮਾਜਵਾਦ’ ਦੇ ਰੰਗ ਵਜੋਂ ਪੇਸ਼ ਕੀਤਾ ਗਿਆ। ਦੁਨੀਆਂ ਭਰ ਦੇ ਖੱਬੇ-ਪੱਖੀ, ਤਰ੍ਹਾਂ-ਤਰ੍ਹਾਂ ਦੇ “ਮਾਰਕਸਵਾਦੀ” ਸਿਧਾਂਤਕਾਰਾਂ ਨੇ ਕਿਤਾਬਾਂ ਦੇ ਢੇਰ ਲਿਖ ਮਾਰੇ ਕਿ ਹੁਣ 21ਵੀਂ ਸਦੀ ਵਿੱਚ ਸਮਾਜਵਾਦ ਵੋਟ-ਬਕਸੇ ਵਿੱਚੋਂ ਨਿੱਕਲ਼ੇਗਾ, ਇਨਕਲਾਬ ਬੱਸ ਵੋਟ-ਪਰਚੀ ਉੱਤੇ ‘ਇਨਕਲਾਬ’ ਸ਼ਬਦ ਲਿਖ ਦੇਣ ਨਾਲ਼ ਆ ਜਾਵੇਗਾ। ਗੁਲਾਬੀ ਲਹਿਰ ਅਧੀਨ ਬਣੀਆਂ ਸਰਕਾਰਾਂ ਨੇ ਬੇਸ਼ੱਕ ਕਈ ਅਗਾਂਹਵਧੂ ਕਦਮ ਚੁੱਕੇ, ਕਲਿਆਣਕਾਰੀ ਸਕੀਮਾਂ ਰਾਹੀਂ ਲੋਕਾਂ ਨੂੰ ਵਕਤੀ ਤੌਰ ਉੱਤੇ ਕੁਝ ਰਾਹਤ ਵੀ ਦਿੱਤੀ ਅਤੇ ਸਭ ਤੋਂ ਉੱਤੇ, ਜਿਹੜਾ ਕਿ ਲਾਤੀਨੀ ਅਮਰੀਕੀ ਦੇਸ਼ਾਂ ਦੀ ਮਾਨਸਿਕਤਾ ਵਿੱਚ ਬਹੁਤ ਗੂੜ੍ਹਾ ਰਚਿਆ ਹੋਇਆ ਹੈ, ਅਮਰੀਕੀ ਸਾਮਰਾਜ ਖਿਲਾਫ਼ ਕੁਝ ਹੱਦ ਤੱਕ ਪੈਂਤੜਾ ਵੀ ਮੱਲ੍ਹਿਆ ਪਰ ਜਿਸ ਨੂੰ “21ਵੀਂ ਸਦੀ ਦਾ ਸਮਾਜਵਾਦ” ਕਿਹਾ ਜਾ ਰਿਹਾ ਸੀ, ਉਹ ਇੱਕ ਦਹਾਕੇ ਦੇ ਪੂਰਾ ਹੋਣ ਤੋਂ ਪਹਿਲਾਂ ਹੀ ਭੁਰਨਾ ਸ਼ੁਰੂ ਹੋ ਗਿਆ।

ਗੁਲਾਬੀ ਲਹਿਰ ਦੀ ਪਿੱਠਭੂਮੀ ਵਿੱਚ ਅਮਰੀਕੀ ਸਾਮਰਾਜੀਆਂ ਵੱਲੋਂ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਕਰਵਾਏ ਗਏ ਇੱਕ ਤੋਂ ਬਾਅਦ ਇੱਕ ਰਾਜਪਲਟੇ ਕਰਕੇ ਕਾਇਮ ਕੀਤੀਆਂ ਗਈਆਂ ਕੱਠਪੁਤਲੀ ਸਰਕਾਰਾਂ ਤੇ ਫੌਜੀ ਤਾਨਾਸ਼ਾਹਾਂ ਪ੍ਰਤੀ ਲੋਕਾਂ ਦੀ ਨਫ਼ਰਤ ਸੀ। ਇਹਨਾਂ ਰਾਜਪਲਟਿਆਂ ਵਿੱਚ ਹਜ਼ਾਰਾਂ-ਲੱਖਾਂ ਲੋਕਾਂ, ਲੋਕ-ਪੱਖੀ ਤੇ ਕਮਿਊਨਿਸਟ ਕਾਰਕੁੰਨਾਂ, ਬੁੱਧੀਜੀਵੀਆਂ ਦੇ ਕਤਲੇਆਮ ਕੀਤੇ ਗਏ। ਚਿੱਲੀ ਵਿੱਚ ਰਾਸ਼ਟਰਪਤੀ ਸਲਵੇਡੋਰ ਦੇ ਕਤਲ ਤੇ ਉਸ ਤੋਂ ਬਾਅਦ ਉੱਥੇ ਕੀਤਾ ਗਿਆ ਕਤਲੇਆਮ ਅਮਰੀਕੀ ਕੁਕਰਮਾਂ ਦੀ ਇੱਕ ਮੂੰਹ-ਬੋਲਦੀ ਮਿਸਾਲ ਹੈ, ਲਗਭਗ ਹਰ ਲਾਤੀਨੀ ਅਮਰੀਕੀ ਦੇਸ਼ ਵਿੱਚ ਅਜਿਹਾ ਕੁਝ ਦੁਹਰਾਇਆ ਗਿਆ ਤੇ ਕਈ ਵਾਰ ਦੁਹਰਾਇਆ ਗਿਆ। ਲਾਤੀਨੀ ਅਮਰੀਕੀ ਦੇਸ਼ਾਂ ਦੀਆਂ ਅਰਥਚਾਰੇ ਕੌਮਾਂਤਰੀ ਮੁਦਰਾ ਕੋਸ਼ ਤੇ ਵਰਲਡ ਬੈਂਕ ਜਿਹੀਆਂ ਸਾਮਰਾਜੀ ਸੰਸਥਾਵਾਂ ਦੇ ਅਧੀਨ ਹੋ ਗਏ, ਆਰਥਿਕ ਵਿਕਾਸ ਬੁਰੀ ਤਰ੍ਹਾਂ ਰੁਕ ਗਿਆ, ਵਿਸ਼ਾਲ ਬਹੁਗਿਣਤੀ ਗਰੀਬੀ ਵਿੱਚ ਰਹਿ ਰਹੀ ਸੀ ਅਤੇ ਇਹਨਾਂ ਦੇਸ਼ਾਂ ਦੇ ਕੁਦਰਤੀ ਸਾਧਨਾਂ ਨੂੰ ਅਮਰੀਕਾ ਤੇ ਹਰ ਸਾਮਰਾਜੀ ਦੇਸ਼ਾਂ ਦੀਆਂ ਕੰਪਨੀਆ ਲੁੱਟਦੀਆਂ ਰਹੀਆਂ।

ਅਮਰੀਕੀ ਸਾਮਰਾਜ ਦੀਆਂ ਕੱਠਪੁਤਲੀ ਤਾਨਾਸ਼ਾਹ ਸਰਕਾਰਾਂ ਦੇ ਜ਼ਬਰ, ਖੜੋਤ ਮਾਰੇ ਅਰਥਚਾਰੇ ਕਾਰਨ ਪਸਰੀ ਭਿਅੰਕਰ ਗਰੀਬੀ ਅਤੇ ਸਾਮਰਾਜ-ਵਿਰੋਧੀ ਲੋਕ-ਭਾਵਨਾ, ਜੋ ਲਾਤੀਨੀ ਅਮਰੀਕੀ ਲੋਕਾਂ ਦੀਆਂ ਨਸਾਂ ਵਿੱਚ ਸਮੋਈ ਹੋਈ ਹੈ, ਇਹਨਾਂ ਸਾਰੇ ਕਾਰਕਾਂ ਨੇ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਆ ਕੇ ਇੱਕ ਵਾਰ ਫਿਰ ਤੋਂ ਲੋਕਾਂ ਦੇ ਦਬੇ ਹੋਏ ਗੁੱਸੇ ਨੂੰ ਲੋਕ-ਲਹਿਰਾਂ ਦਾ ਰੂਪ ਦੇਣਾ ਸ਼ੁਰੂ ਕਰ ਦਿੱਤਾ। ਬਿਲਕੁਲ ਇਸੇ ਸਮੇਂ ਦੁਨੀਆਂ ਭਰ ਵਿੱਚ ਕਮਿਊਨਿਸਟ ਤਹਿਰੀਕ ਖਿੰਡਾਅ ਦੇ ਦੌਰ ਵਿੱਚ ਸੀ, ਸੋਵੀਅਤ ਯੂਨੀਅਨ ਦੇ ਟੁੱਟਣ ਤੇ ਚੀਨ ਵਿੱਚ ਸਮਾਜਵਾਦੀ ਕਿਲ੍ਹਾ ਢਹਿਣ ਤੋਂ ਬਾਅਦ ਬਾਕੀ ਦੁਨੀਆਂ ਵਾਂਗ ਲਾਤੀਨੀ ਅਮਰੀਕਾ ਵਿੱਚ ਵੀ ਕਮਿਊਨਿਸਟ ਪਾਰਟੀਆਂ ਦਾ ਵਜੂਦ ਨਾ ਦੇ ਬਰਾਬਰ ਹੋ ਚੁੱਕਾ ਸੀ। ਕੋਲੰਬੀਆ ਤੇ ਪੇਰੂ ਵਿੱਚ ਭਾਵੇਂ ਕੁਝ ਖਰੀਆਂ ਕਮਿਊਨਿਸਟ ਧਿਰਾਂ ਸੰਘਰਸ਼ ਕਰ ਰਹੀਆਂ ਸਨ ਪਰ ਉਹ ਵੀ ਸਮੇਂ ਦੀਆਂ ਬਦਲੀਆਂ ਹਾਲਤਾਂ ਮੁਤਾਬਕ ਖੁਦ ਨੂੰ ਬਦਲ ਨਾ ਸਕਣ ਕਾਰਨ ਲੋਕਾਂ ਦੇ ਗੁੱਸੇ ਦੇ ਨਵੇਂ ਗੁਬਾਰ ਨੂੰ ਅਗਵਾਈ ਦੇਣ ਤੇ ਦਿਸ਼ਾ ਦੇਣ ਤੋਂ ਕੋਹਾਂ ਦੂਰ ਸਨ, ਬਾਕੀ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਤਾਂ ਅਜਿਹੀ ਕਮਿਊਨਿਸਟ ਧਿਰ ਦੀ ਅਜਿਹੀ ਕੋਈ ਜ਼ਿਕਰਯੋਗ ਹੋਂਦ ਹੀ ਨਹੀਂ ਸੀ। ਸਿੱਟੇ ਵਜੋਂ ਕਮਿਊਨਿਸਟ ਤਾਕਤਾਂ ਲੋਕਾਈ ਦੀ ਅਗਵਾਈ ਕਰਨ ਲਈ ਮੌਜੂਦ ਨਹੀਂ ਸਨ। ਲੋਕ-ਲਹਿਰਾਂ ਨੇ ਕਈ-ਕਈ ਕਿਸਮ ਦੇ ਰੂਪ ਅਖਤਿਆਰ ਕੀਤੇ; ਬੋਲੀਵੀਆ ਵਿੱਚ ਸਥਾਨਕ ਇੰਡੀਅਨ ਲੋਕਾਂ ਜੋ ਇਸ ਦੇਸ਼ ਦੀ ਕੁੱਲ ਅਬਾਦੀ ਦਾ ਦੋ-ਤਿਹਾਈ ਹਿੱਸਾ ਹਨ, ਨੇ ਅਮਰੀਕੀ ਸਾਮਰਾਜੀ ਨੀਤੀਆਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤੇ ਅਗਲੇ ਇੱਕ ਦਹਾਕੇ ਤੱਕ ਇਹ ਇੱਕ ਵਿਸ਼ਾਲ ਲੋਕ-ਲਹਿਰ ਬਣ ਗਈ। ਬ੍ਰਾਜ਼ੀਲ ਵਿੱਚ “ਭੂਮੀਹੀਣ ਮਜ਼ਦੂਰਾਂ ਦੀ ਲਹਿਰ” ਨਾਮ ਹੇਠ ਇੱਕ ਲਹਿਰ ਖੜੀ ਹੋਈ, ਜਿਸ ਦੇ ਨਾਲ਼-ਨਾਲ਼ ਸ਼ਹਿਰੀ ਖੇਤਰਾਂ ਵਿੱਚ ਟ੍ਰੇਡ-ਯੂਨੀਅਨਾਂ ਵੀ ਜ਼ੋਰ ਫੜਨ ਲੱਗੀਆਂ। ਅਰਜਨਟੀਨਾ ਵਿੱਚ ਅਰਥਚਾਰੇ ਦੇ ਸੰਕਟ ਵਿੱਚ ਫਸਣ ਤੋਂ ਬਾਅਦ ਪਹਿਲਾਂ-ਪਹਿਲ ਸਥਾਨਕ ਪੱਧਰਾਂ ਉੱਤੇ ਵਿਰੋਧ ਫੁੱਟਣ ਲੱਗੇ ਜਿਹਨਾਂ ਨੇ ਮਜ਼ਦੂਰਾਂ ਦੁਆਰਾ ਫੈਕਟਰੀਆਂ ਉੱਤੇ ਕਬਜ਼ਾ ਕਰਕੇ ਖੁਦ ਫ਼ੈਕਟਰੀਆਂ ਚਲਾਉਣ, ਅਧਿਕਾਰਤ ਮੁਦਰਾ ਦੀ ਵਰਤੋਂ ਕਰਨ ਦੀ ਥਾਂ ਚੀਜ਼ਾਂ-ਵਸਤਾਂ ਦੇ ਵਟਾਂਦਰੇ ਉੱਤੇ ਅਧਾਰਤ ਮੰਡੀਆਂ ਤੇ ਭਾਈਚਾਰਿਆਂ ਦੇ ਬਣਨ ਦਾ ਰੂਪ ਲਿਆ; ਬਾਅਦ ਵਿੱਚ ਇਹ ਵਿਰੋਧ ਵਿਸ਼ਾਲਤਾ ਹਾਸਲ ਕਰਨ ਲੱਗੇ। ਵੇਨਜ਼ੂਏਲਾ, ਇਕੁਆਡੋਰ, ਚਿੱਲੀ ਆਦਿ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਅਜਿਹੇ ਹੀ ਵਿਰੋਧ ਫੁਟਾਰੇ ਹੋ ਰਹੇ ਸਨ। ਇਹਨਾਂ ਵਿਰੋਧ-ਫੁਟਾਰਿਆਂ ਦੇ ਸਿਰ ਉੱਤੇ ਸਾਮਰਾਜ-ਵਿਰੋਧੀ ਤਾਕਤਾਂ ਸਭ ਤੋਂ ਪਹਿਲਾਂ ਹਿਊਗੋ ਸਾਵੇਜ਼ ਦੀ ਅਗਵਾਈ ਹੇਠ ਵੇਨਜ਼ੂਏਲਾ ਵਿੱਚ ਸੱਤ੍ਹਾ ਤੱਕ ਪਹੁੰਚਣ ਵਿੱਚ ਕਾਮਯਾਬ ਹੋਈਆਂ ਤੇ ਗੁਲਾਬੀ ਲਹਿਰ ਦਾ ਮੁੱਢ ਬੱਝਾ। ਅਸੀਂ ਵੇਨਜ਼ੂਏਲਾ ਦੀ ਉਦਾਹਰਨ ਸਭ ਤੋਂ ਪਹਿਲਾਂ ਲੈਂਦੇ ਹਾਂ, ਕਿਉਂਕਿ ਇਹੀ ਉਹ ਦੇਸ਼ ਸੀ ਜਿਸ ਵਿੱਚ “ਬੋਲੀਵਾਰੀਅਨ ਇਨਕਲਾਬ” ਜਿਵੇਂ ਕਿ ਹਿਊਗੋ ਸਾਵੇਜ਼ ਨੇ ਇਸਦਾ ਨਾਮਕਰਨ ਕੀਤਾ, ਨੇ ਆਪਣਾ ਸਭ ਤੋਂ ਪ੍ਰਗਟ ਰੂਪ ਪੇਸ਼ ਕੀਤਾ।

ਹਿਊਗੋ ਸਾਵੇਜ਼ ਨੇ 1992 ਵਿੱਚ ਫ਼ੌਜੀ ਤਖ਼ਤਾਪਲਟ ਕਰਕੇ ਸੱਤ੍ਹਾ ਹਥਿਆਉਣ ਦਾ ਯਤਨ ਕੀਤਾ ਪਰ ਕਾਮਯਾਬ ਨਾ ਹੋਇਆ ਅਤੇ ਉਸਨੂੰ ਜੇਲ੍ਹ ਅੰਦਰ ਸੁੱਟ ਦਿੱਤਾ ਗਿਆ। ਦੋ ਸਾਲਾਂ ਬਾਅਦ ਉਸਨੂੰ ਉੱਥੋਂ ਦੀ ਸਰਕਾਰ ਨੂੰ ਰਿਹਾਅ ਕਰਨਾ ਪਿਆ। ਜੇਲ੍ਹ ਵਿੱਚੋਂ ਬਾਹਰ ਆਉਣ ਉੱਤੇ ਸਾਵੇਜ਼ ਨੇ ਰਣਨੀਤੀ ਬਦਲਦੇ ਹੋਏ ਪਾਰਲੀਮਾਨੀ ਚੋਣਾਂ ਰਾਹੀਂ ਸੱਤ੍ਹਾ ਵਿੱਚ ਆਉਣ ਦਾ ਰਸਤਾ ਅਖਤਿਆਰ ਕੀਤਾ ਤੇ ਲਾਤੀਨੀ ਅਮਰੀਕਾ ਵਿੱਚ ਸਾਮਰਾਜ-ਵਿਰੋਧ ਦਾ ਚਿੰਨ੍ਹ ਬਣ ਚੁੱਕੇ ਸਾਈਮਨ ਬੋਲੀਵਾਰ ਦੀ ਆਤਮਾ ਨੂੰ ਬੁਲਾ ਕੇ ਹਿਊਗੋ ਸਾਵੇਜ਼ ਨੇ ਆਪਣੀ “ਇਨਕਲਾਬੀ ਬੋਲੀਵਾਰੀਅਨ ਪਾਰਟੀ” ਰਾਹੀਂ ਲੋਕਾਂ ਤੱਕ ਪਹੁੰਚਣਾ ਸ਼ੁਰੂ ਕੀਤਾ। 1998 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਸਾਵੇਜ਼ ਜੇਤੂ ਰਹੇ ਅਤੇ ਉਸਨੇ ਵੇਨਜ਼ੂਏਲਾ ਵਿੱਚ “ਬੋਲੀਵਾਰੀਅਨ ਇਨਕਲਾਬ” ਦਾ ਐਲਾਨ ਕਰ ਦਿੱਤਾ। ਪਰ ਸਾਮਰਾਜੀ ਦਖਲਅੰਦਾਜ਼ੀ ਨੂੰ ਖਤਮ ਕਰਨ ਤੋਂ ਇਲਾਵਾ ਇਸ ਇਨਕਲਾਬ ਦਾ ਕੋਈ ਸਪੱਸਟ ਨਿਸ਼ਾਨਾ ਉਸ ਸਮੇਂ ਤੱਕ ਹਿਊਗੋ ਸਾਵੇਜ਼ ਕੋਲ਼ ਵੀ ਨਹੀਂ ਸੀ। ਹਿਊਗੋ ਸਾਵੇਜ਼ ਦੇ ਸਿਆਸੀ ਆਰਥਿਕਤਾ ਵਿੱਚ ਪਹਿਲੇ ਗੁਰੂ ਚਿੱਲੀ ਦੇ ਅਰਥਸ਼ਾਸ਼ਤਰੀ ਓਸਵਾਲਡ ਸੰਕਲ ਸਨ ਜਿਹਨਾਂ ਦਾ ਪੂਰਾ ਤਰਕ ਇਹ ਸੀ ਕਿ ਇੱਕ ਦੇਸ਼ ਦੀਆਂ ਹੱਦਾਂ ਅੰਦਰ ਨਵ-ਉਦਾਰਵਾਦੀ ਨੀਤੀਆਂ ਉੱਤੇ ਆਧਾਰਤ ਸਰਮਾਏਦਾਰਾ ਅਰਥਚਾਰੇ ਦਾ ਮੁਕਾਬਲਾ ਕਰਨ ਲਈ ਰਾਜ ਤੇ ਮੰਡੀ ਵਿੱਚ ਸੰਤੁਲਨ ਕਾਇਮ ਹੋਣਾ ਚਾਹੀਦਾ ਹੈ ਜਿਸ ਅਧੀਨ ਹੀ ਮੁੜ ਤੋਂ ਇੱਕ ਅਜਿਹਾ ਸਰਮਾਏਦਾਰਾ ਢਾਂਚਾ ਕਾਇਮ ਹੋ ਸਕਦਾ ਹੈ ਜਿਸ ਵਿੱਚ ਕਾਰਪੋਰੇਟ ਇਜ਼ਾਰੇਦਾਰੀਆਂ ਪੈਦਾ ਨਹੀਂ ਹੋ ਸਕਣਗੀਆਂ ਅਤੇ ਖੁੱਲ੍ਹੇ ਮੁਕਾਬਲੇ ਵਾਲ਼ੀ ਸਰਮਾਏਦਾਰੀ “ਯੁੱਗਾਂ-ਯੁੱਗਾਂ” ਤੱਕ ਜਿਉਂਦੀ ਰਹੇਗੀ। ਹਿਊਗੋ ਸਾਵੇਜ਼ ਨੇ ਇਸੇ ਚੌਖਟੇ ਦੇ ਅੰਦਰ ਰਹਿ ਕੇ ਆਪਣੇ ਕਦਮ ਚੁੱਕਣੇ ਸ਼ੁਰੂ ਕੀਤੇ। ਉਸਨੇ ਕੁਦਰਤੀ ਸਾਧਨਾਂ ਦੇ ਕੌਮੀਕਰਨ ਦਾ ਐਲਾਨ ਕੀਤਾ ਜੋ ਕਿ ਅਸਲ ਵਿੱਚ ਦੇਸ਼ ਦੀ ਪੈਟਰੋਲੀਅਮ ਸੱਨਅਤ ਦਾ ਕੌਮੀਕਰਨ ਬਣ ਕੇ ਰਹਿ ਗਿਆ ਤੇ ਉਹ ਵੀ ਪੂਰਾ ਨਹੀਂ ਹੋਇਆ। ਬਹੁਤੇ ਲਾਤੀਨੀ ਅਮਰੀਕੀ ਦੇਸ਼ਾਂ ਦੇ ਅਰਥਚਾਰਿਆਂ ਦੀ ਇਹ ਇੱਕ ਵਿਸ਼ੇਸ਼ਤਾ ਸੀ ਕਿ ਉਹ ਕਿਸੇ ਇੱਕ ਖਾਸ ਉਤਪਾਦ ਉੱਤੇ ਅਧਾਰਤ ਅਰਥਚਾਰੇ ਸਨ ਜਿਵੇਂ ਅਰਜਨਟੀਨਾ ਨਾਈਟ੍ਰੇਟ, ਚਿੱਲੀ ਤਾਂਬਾ, ਬੋਲੀਵੀਆ ਕੋਕੋਆ, ਇੱਥੋਂ ਤੱਕ ਕਿ “ਸਮਾਜਵਾਦੀ” ਕਿਊਬਾ ਵੀ ਖੰਡ ਨਿਰਯਾਤ ਅਧਾਰਤ ਅਰਥਚਾਰਾ ਹੀ ਬਣਿਆ ਰਿਹਾ। ਸਾਮਰਾਜੀ ਦਖਲਅੰਦਾਜ਼ੀ ‘ਤੇ ਨਿਰਭਰਤਾ ਨੇ ਅਰਥਚਾਰੇ ਵਿੱਚ ਵਿਭਿੰਨਤਾ ਆਉਣ ਨਹੀਂ ਦਿੱਤੀ। ਵੇਨਜ਼ੂਏਲਾ ਵੀ ਕੋਈ ਛੋਟ ਨਹੀਂ ਸੀ, ਵੇਨਜ਼ੂਏਲਾ ਕੌਫ਼ੀ ਤੇ ਪੈਟਰੋਲੀਅਮ ਦੇ ਨਿਰਯਾਤ ਉੱਤੇ ਟਿਕਿਆ ਅਰਥਚਾਰਾ ਸੀ ਜਿਸ ਤੋਂ ਹਾਸਲ ਹੋਈ ਮੁਦਰਾ ਦੇ ਬਦਲੇ ਉਹ ਬਾਕੀ ਚੀਜ਼ਾਂ ਦੂਜੇ ਦੇਸ਼ਾਂ ਤੋਂ ਦਰਾਮਦ ਕਰਦਾ ਸੀ। ਦੇਸ਼ ਦੇ ਪੈਟਰੋਲੀਅਮ ਸਾਧਨਾਂ ਨੂੰ ਲੁੱਟਣ ਦੇ ਨਾਲ਼-ਨਾਲ਼ ਅਮਰੀਕੀ ਸਾਮਰਾਜ ਨੇ ਦੇਸ਼ ਉੱਤੇ ਕੌਮਾਂਤਰੀ ਮੁਦਰਾ ਕੋਸ਼ ਤੇ ਵਰਲਡ ਬੈਂਕ ਦੇ ਕਰਜ਼ਿਆਂ ਆਪਣਾ ਤੰਦੂਆ ਜਾਲ਼ ਫੈਲਾਅ ਰੱਖਿਆ ਸੀ। 1998 ਵਿੱਚ ਹਿਊਗੋ ਸਾਵੇਜ਼ ਦੇ ਸੱਤ੍ਹਾ ਸੰਭਾਲਣ ਸਮੇਂ ਵੇਨਜ਼ੂਏਲਾ ਇਸੇ ਹਾਲਤ ਵਿੱਚ ਸੀ, ਪਰ ਸਿਤਮਜ਼ਰੀਫੀ ਇਹ ਰਹੀ ਕਿ ਹਿਊਗੋ ਸਾਵੇਜ਼ ਨੇ ਇਸ ਇੱਕ ਜਾਂ ਦੋ ਉਤਪਾਦਾਂ ਉੱਤੇ ਅਧਾਰਤ ਅਰਥਚਾਰੇ ਨੂੰ ਤੋੜ੍ਹਨ ਤੇ ਵਿਭਿੰਨਤਾ ਲਿਆਉਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ, ਉਲਟਾ ਪੈਟਰੋਲੀਅਮ ਨਿਰਯਾਤ ਉੱਤੇ ਨਿਰਭਰਤਾ ਨੂੰ ਹੋਰ ਵਧਾ ਦਿੱਤਾ। ਜਿਸਦਾ ਨਤੀਜਾ ਇਹ ਹੋਇਆ ਕਿ 21ਵੀਂ ਸਦੀ ਦਾ ਪਹਿਲਾ ਦਹਾਕਾ ਟੱਪਣ ਤੱਕ ਵੇਨਜ਼ੂਏਲਾ ਦੀ ਕੁੱਲ ਨਿਰਯਾਤ ਆਮਦਨ ਦਾ 96% ਪੈਟਰੋਲੀਅਮ ਤੋਂ ਆਉਂਦਾ ਸੀ ਅਤੇ ਆਪਣੀਆਂ ਜ਼ਰੂਰਤ ਦੀਆਂ 70% ਤੋਂ ਵੀ ਵਧੇਰੇ ਚੀਜ਼ਾਂ ਉਸਨੂੰ ਦਰਾਮਦ ਕਰਨੀਆਂ ਪੈਂਦੀਆਂ ਸਨ। ਨਿੱਜੀ ਖੇਤਰ ਦੀਆਂ ਬੈਂਕਾਂ ਨਾਲ਼ ਬਹੁਤੀ ਛੇੜਛਾੜ ਨਹੀਂ ਕੀਤੀ ਗਈ, ਉਹਨਾਂ ਦਾ ਮੁਨਾਫ਼ਾ 72% ਤੋਂ ਵੀ ਜ਼ਿਆਦਾ ਵਧਿਆ। ਮੀਡਿਆ ਮੁੱਖ ਤੌਰ ‘ਤੇ ਨਿੱਜੀ ਖੇਤਰ ਦੇ ਅਧੀਨ ਰਿਹਾ। ਇੱਥੋਂ ਤੱਕ ਪੈਟਰੋਲੀਅਮ ਖੇਤਰ ਵਿੱਚ ਵੀ ਨਿੱਜੀ ਖੇਤਰ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਗਿਆ, ਸਗੋਂ ਟੈਕਸ ਵਧਾਏ ਗਏ, ਵਿਦੇਸ਼ੀ ਕੰਪਨੀਆਂ ਦੇ ਪ੍ਰਭਾਵ ਨੂੰ ਘੱਟ ਕਰਕੇ ਦੇਸੀ ਸਰਮਾਏ ਨੂੰ ਪੈਰ ਜਮਾਉਣ ਦਿੱਤੇ ਗਏ ਜੋ ਵਧੇਰੇ ਟੈਕਸ ਦੇਣ ਦੀ ਕੀਮਤ ਉੱਤੇ ਵੀ ਵਿਦੇਸ਼ੀ ਸਾਮਰਾਜੀ ਕੰਪਨੀਆਂ ਦੇ ਦਖ਼ਲ ਦੇ ਬਹੁਤ ਘੱਟ ਹੋ ਜਾਣ ਕਰਕੇ “ਖੁਸ਼” ਸੀ।

ਹਿਊਗੋ ਸਾਵੇਜ਼ ਦੇ ਸੱਤ੍ਹਾ ਵਿੱਚ ਰਹਿਣ ਦਾ ਸਮਾਂ ਸੰਸਾਰ ਅਰਥਚਾਰੇ ਦੇ ਉਸ ਦੌਰ ਦਾ ਸਮਕਾਲੀ ਹੈ ਜਿਸ ਵਿੱਚ ਪੈਟਰੋਲੀਅਮ ਦੀਆਂ ਕੀਮਤਾਂ ਤੇਜ਼ੀ ਨਾਲ਼ ਉੱਪਰ ਗਈਆਂ। ਹਿਊਗੋ ਸਾਵੇਜ਼ ਨੇ ਇਸ ਹਾਲਤ ਦਾ ਪੂਰਾ ਫਾਇਦਾ ਲਿਆ। ਪਹਿਲਾਂ ਵੇਨਜ਼ੂਏਲਾ ਦੇ ਕੱਚੇ ਤੇਲ ਦਾ ਮੁੱਖ ਗਾਹਕ ਅਮਰੀਕਾ ਸੀ ਪਰ ਹਿਊਗੋ ਸਾਵੇਜ਼ ਦੇ ਅਮਰੀਕੀ ਸਾਮਰਾਜ ਪ੍ਰਤੀ ਸਖ਼ਤ ਰੁਖ਼ ਕਰਕੇ ਅਮਰੀਕਾ ਨੇ ਵੇਨਜ਼ੂਏਲਾ ਤੋਂ ਕੱਚੇ ਤੇਲ ਦੀ ਦਰਾਮਦ ਉੱਤੇ ਕਟੌਤੀ ਲਗਾ ਦਿੱਤੀ। ਹਿਊਗੋ ਸਾਵੇਜ਼ ਨੇ ਇਸਦਾ ਜਵਾਬ ਆਪਣੇ ਕੱਚੇ ਤੇਲ ਲਈ ਨਵੇਂ ਗਾਹਕ ਲੱਭ ਕੇ ਅਤੇ ਨਾਲ਼ ਹੀ ਕੱਚੇ ਤੇਲ ਦੀ ਪੈਦਾਵਾਰ ਵਿੱਚ ਵਾਧਾ ਕਰਕੇ ਦਿੱਤਾ। ਪਰ ਸਾਵੇਜ਼ ਸਿਰਫ਼ ਇੱਥੇ ਹੀ ਨਹੀਂ ਰੁਕਿਆ, ਉਸਨੇ ਕੱਚੇ ਤੇਲ ਤੋਂ ਹਾਸਲ ਹੋ ਰਹੇ “ਪੈਟਰੋ-ਡਾਲਰਾਂ” ਨੂੰ ਸਮਾਜ ਕਲਿਆਣ ਦੇ ਪ੍ਰੋਗਰਾਮ ਸ਼ੁਰੂ ਕਰਨ ਵਿੱਚ ਲਾਇਆ। ਦੇਸ਼ ਵਿੱਚ ਸਾਖਰਤਾ ਮੁਹਿੰਮ ਚਲਾ ਕੇ ਅਨਪੜ੍ਹਤਾ ਖਤਮ ਕਰਨ ਵਿੱਚ ਜ਼ਿਕਰਯੋਗ ਕਦਮ ਵਧਾਏ ਗਏ। ਕਿਊਬਾ ਜੋ ਕਿ ਅਮਰੀਕੀ ਆਰਥਿਕ ਨਾਕਾਬੰਦੀ ਹੇਠਾਂ ਸੀ, ਨਾਲ਼ ਹਿਊਗੋ ਸਾਵੇਜ਼ ਨੇ ਸਿਹਤ ਸੇਵਾਵਾਂ ਬਦਲੇ ਤੇਲ ਸਪਲਾਈ ਕਰਨ ਦਾ ਸਮਝੌਤਾ ਕੀਤਾ, ਜਿਸ ਨਾਲ਼ ਵੇਨਜ਼ੂਏਲਾ ਦੇ ਗਰੀਬ ਲੋਕਾਂ ਤੱਕ ਕਿਊਬਨ ਸਿਹਤ ਕਾਮਿਆਂ ਦੇ ਸਿਰ ‘ਤੇ ਮੁਫ਼ਤ ਸਿਹਤ ਸੇਵਾਵਾਂ ਪਹੁੰਚੀਆਂ। ਕੱਚੇ ਤੇਲ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਸਦਕਾ ਮਜਦੂਰਾਂ ਦੀਆਂ ਤਨਖਾਹਾਂ ਵਿੱਚ ਠੀਕ-ਠਾਕ ਵਾਧਾ ਹੋਇਆ। ਕਈ ਮਜਦੂਰ-ਪੱਖੀ ਕਾਨੂੰਨ ਬਣਾਏ ਗਏ ਅਤੇ ਕਈ ਸਾਰੇ ਸਰਕਾਰੀ ਉੱਦਮਾਂ ਵਿੱਚ ਮਜਦੂਰਾਂ ਦੀਆਂ ਕਮੇਟੀਆਂ ਦੁਆਰਾ ਕਾਰਖਾਨੇ ਦਾ ਪ੍ਰਬੰਧਕ ਚੁਣਨ ਦੇ ਤਜ਼ਰਬੇ ਵੀ ਹੋਏ। ਜਮੀਨੀ ਪੱਧਰ ਉੱਤੇ ਲੋਕ-ਕਮੇਟੀਆਂ ਬਣਾਉਣ ਦੇ ਅਮਲ ਰਾਹੀਂ ਵੇਨਜ਼ੂਏਲਾ ਦੀ ਗਰੀਬ ਅਬਾਦੀ ਨੂੰ ਜਮਹੂਰੀ ਅਮਲ ਵਿੱਚ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਵੀ ਹੋਈਆਂ। ਕੌਮਾਂਤਰੀ ਪੱਧਰ ਉੱਤੇ ਹਿਊਗੋ ਸਾਵੇਜ਼ ਨੇ ਅਮਰੀਕੀ ਸਾਮਰਾਜ ਪ੍ਰਤੀ ਤਿੱਖਾ ਵਿਰੋਧੀ ਰੁਖ਼ ਅਪਣਾਇਆ ਭਾਵੇਂ ਕਈ ਵਾਰੀ ਉਸਨੂੰ ਵਿਚਾਲ਼ੇ ਦੇ ਰਸਤੇ ਰਾਹੀਂ ਤੁਰਨਾ ਪਿਆ। ਉਸਨੇ ਕਿਊਬਾ, ਬ੍ਰਾਜ਼ੀਲ, ਬੋਲੀਵੀਆ ਤੇ ਗੁਲਾਬੀ ਲਹਿਰ ਦੇ ਹੋਰ ਦੇਸ਼ਾਂ ਵਿਚਾਲੇ ਆਪਸੀ ਵਪਾਰ ਸਮਝੌਤਾ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ, ਪਰ ਇਸ ਵਪਾਰ ਸਮਝੌਤੇ ਅਧੀਨ ਵੇਨਜ਼ੂਏਲਾ, ਬੋਲੀਵੀਆ, ਇਕੁਆਡੋਰ ਤੇ ਕਿਊਬਾ ਦਾ ਅਮਰੀਕੀ-ਵਿਰੋਧੀ ਪੈਂਤੜਾ ਹੀ ਕੁਝ ਵਜ਼ਨਦਾਰ ਸੀ, ਬਾਕੀਆਂ ਨੇ ਇਸ ਸਮਝੌਤੇ ਅਧੀਨ ਹੁੰਦੇ ਹੋਏ ਵੀ ਉਨ੍ਹਾਂ ਤਿੱਖਾ ਰੁਖ਼ ਕਦੇ ਵੀ ਨਹੀਂ ਰੱਖਿਆ। ਇਸੇ ਦੌਰਾਨ, 2006 ਵਿੱਚ ਸਾਵੇਜ਼ ਨੇ ਵੇਨਜ਼ੂਏਲਾ ਦੇ ਸਭ ਤਰ੍ਹਾਂ ਦੇ ਖੱਬੇ-ਪੱਖੀਆਂ ਨੂੰ ਇਕੱਠਾ ਕਰਕੇ “ਯੂਨਾਈਟਿਡ ਸੋਸ਼ਲਿਸਟ ਪਾਰਟੀ” ਕਾਇਮ ਕਰ ਦਿੱਤੀ। ਬੱਸ ਇੱਥੇ ਆ ਕੇ ਹੀ ਵਿਗਿਆਨ ਤੋਂ ਭਰੋਸਾ ਖੋ ਚੁੱਕੇ ਤੇ ਨਿਰਾਸ਼ਾ ਦੇ ਮਾਰੇ ਖੱਬੇ-ਪੱਖੀਆਂ ਨੂੰ ਸਾਵੇਜ਼ ਵਿੱਚੋਂ 21ਵੀਂ ਸਦੀ ਦਾ ਲੈਨਿਨ ਤੇ ਮਾਰਕਸ ਦਿਖਣ ਲੱਗਾ ਅਤੇ ਉਸਦੇ ਰਸਤੇ ਨੂੰ “21ਵੀਂ ਸਦੀ ਦਾ ਸਮਾਜਵਾਦ” ਦਾ ਲਿਬਾਦਾ ਪਹਿਨਾਅ ਕੇ ਭਜਨ-ਕੀਰਤਨ ਸ਼ੁਰੂ ਹੋ ਗਿਆ। ਪਰ “ਪੈਟਰੋ-ਡਾਲਰਾਂ” ਦੇ ਸਿਰ ਉੱਤੇ ਟਿਕਿਆ ਇਹ ਕਲਿਆਣਵਾਦ ਬਹੁਤਾ ਚਿਰ ਟਿਕ ਨਹੀਂ ਸਕਦਾ ਸੀ ਅਤੇ ਉਦਾਂ ਹੀ ਹੋਇਆ।

ਪਹਿਲਾਂ ਕਿਹਾ ਜਾਂਦਾ ਸੀ ਕਿ “ਜੇ ਅਮਰੀਕੀ ਅਰਥਚਾਰੇ ਨੂੰ ਜ਼ੁਕਾਮ ਹੋ ਜਾਵੇ ਤਾਂ ਲਾਤੀਨੀ ਅਮਰੀਕਾ ਦੇ ਅਰਥਚਾਰਿਆਂ ਨੂੰ ਨਿਮੋਨੀਆ ਹੋ ਜਾਂਦਾ ਹੈ”, ਹਾਲਤ ਕੁਝ-ਕੁਝ ਹੁਣ ਵੀ ਇਹੀ ਬਣੀ ਹੋਈ ਹੈ। ਸੰਸਾਰ ਅਰਥਚਾਰਾ ਹਸਪਤਾਲ ਦੀ ਐਮਰਜੈਂਸੀ ਵਿੱਚ ਦਾਖ਼ਲ ਹੋਇਆ ਹੀ ਸੀ ਕਿ ਲਾਤੀਨੀ ਅਮਰੀਕਾ ਦੇ “ਸਮਾਜਵਾਦੀ ਅਰਥਚਾਰੇ” ਆਈ.ਸੀ.ਯੂ. ਵਿੱਚ ਪਹੁੰਚ ਗਏ। ਕੌਮਾਂਤਰੀ ਮੰਡੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ 40 ਡਾਲਰ ਪ੍ਰਤੀ ਬੈਰਲ ਤੱਕ ਥੱਲੇ ਆਉਣ “ਪੈਟਰੋ-ਡਾਲਰਾਂ” ਦੇ ਸਹਾਰੇ ਖੜਾ ਵੇਨਜ਼ੂਏਲਾ ਦਾ ਅਰਥਚਾਰਾ ਡਗਮਗਾ ਗਿਆ। ਵੇਨਜ਼ੂਏਲਾ ਕਿਉਂਕਿ ਆਪਣੀਆਂ ਜ਼ਰੂਰਤ ਦੀਆਂ 70% ਚੀਜ਼ਾਂ ਦਰਾਮਦ ਕਰਦਾ ਹੈ, ਤੇਲ ਤੋਂ ਹੋਣ ਵਾਲੀ ਆਮਦਨ ਦੇ ਥੱਲੇ ਆਉਣ ਨਾਲ ਚੀਜ਼ਾਂ ਦੀ ਥੁੜ ਪੈਦਾ ਹੋ ਗਈ ਤੇ ਕੀਮਤਾਂ ਵਧਣ ਲੱਗੀਆਂ। ਵਧੀਆਂ ਕੀਮਤਾਂ ਨੇ ਤਨਖਾਹਾਂ ਵਧਣ ਨਾਲ਼ ਮਿਲ਼ੀ ਰਾਹਤ ਨੂੰ ਖਤਮ ਕਰ ਦਿੱਤਾ ਤੇ ਆਬਾਦੀ ਦਾ ਵੱਡਾ ਹਿੱਸਾ ਫਿਰ ਪਹਿਲਾਂ ਵਾਲੀ ਹਾਲਤ ਵਿੱਚ ਆ ਗਿਆ। ਭਾਵੇਂ ਸਰਕਾਰੀ ਕਲਿਆਣਕਾਰੀ ਪ੍ਰੋਗਰਾਮਾਂ ਵਿੱਚ ਬਹੁਤ ਵੱਡੀ ਕਟੌਤੀ ਨਹੀਂ ਕੀਤੀ ਗਈ ਪਰ ਤਾਂ ਵੀ ਚੀਜ਼ਾਂ ਦੀ ਥੁੜ ਨਾਲ਼ ਲੋਕਾਂ ਵਿੱਚ ਬੇਚੈਨੀ ਫੈਲੀ ਹੈ। ਦੂਜੇ ਪਾਸੇ ਤੇਲ ਦੀਆਂ ਕੀਮਤਾਂ ਡਿੱਗਣ ਨਾਲ਼ ਨਿੱਜੀ ਸਰਮਾਏ ਦੀ ਆਮਦਨ ਵੀ ਤੇਜ਼ੀ ਨਾਲ਼ ਥੱਲੇ ਆਈ ਹੈ ਅਤੇ ਉਹ ਹੁਣ ਟੈਕਸਾਂ ਦਾ ਬੋਝ ਚੁੱਕਣ ਨੂੰ ਤਿਆਰ ਨਹੀਂ ਹੈ, ਜਿਸ ਕਰਕੇ ਸਿਆਸੀ ਤੌਰ ‘ਤੇ ਸੱਜੇ-ਪੱਖੀ ਵਧੇਰੇ ਸ਼ਿੱਦਤ ਨਾਲ਼ ਲੜ੍ਹਨ ਲਈ ਮਜਬੂਰ ਹੋਏ ਹਨ। ਲੋਕਾਂ ਵਿੱਚ ਬੇਚੈਨੀ ਤੇ ਹਾਲਤਾਂ ਉੱਤੇ ਕਾਬੂ ਪਾਉਣ ਵਿੱਚ ਸਰਕਾਰ ਦੀ ਨਾਕਾਮੀ ਨੇ ਸਿਆਸੀ ਮਹੌਲ ਨੂੰ ਸੱਜੇ-ਪੱਖੀਆਂ ਦੇ ਪੱਖ ਵਿੱਚ ਕਰ ਦਿੱਤਾ ਹੈ ਜਿਸਦਾ ਸਿੱਟਾ ਦਸੰਬਰ ਦੀਆਂ ਚੋਣਾਂ ਵਿੱਚ ਸਾਵੇਜ਼ਵਾਦੀਆਂ ਦੀ ਹਾਰ ਵਿੱਚ ਨਿੱਕਲ਼ਿਆ। ਸੱਜੇ-ਪੱਖੀ ਦੋ-ਤਿਹਾਈ ਬਹੁਮਤ ਨਾਲ਼ ਪਾਰਲੀਮੈਂਟ ਵਿੱਚ ਪਹੁੰਚੇ ਹਨ ਅਤੇ ਉਹਨਾਂ ਕੋਲ਼ ਰਾਸ਼ਟਰਪਤੀ ਨਿਕੋਲਸ ਮਾਡੁਰੋ ਦੇ ਕਿਸੇ ਵੀ ਕਦਮ ਨੂੰ ਅੜਿੱਕਾ ਪਾਉਣ ਦੀ ਤਾਕਤ ਆ ਗਈ ਹੈ; ਸੱਜੇ-ਪੱਖੀਆਂ ਨੇ ਆਪਣੇ ਮਨਸ਼ੇ ਲੁਕਾਏ ਵੀ ਨਹੀਂ, ਉਹਨਾਂ ਦਾ ਪਹਿਲਾ ਹੱਲਾ ਘੋਰ ਸੱਜੇ-ਪੱਖੀ ਨੇਤਾ ਲਿਓਪੋਲਡੋ ਲੋਪੇਜ਼ ਨੂੰ ਰਿਹਾਅ ਕਰਨ ਲਈ ਸਰਕਾਰ ਨੂੰ ਮਜਬੂਰ ਕਰਨਾ ਤੇ ਫਿਰ ਰਾਸ਼ਟਰਪਤੀ ਮਾਡੁਰੋ ਨੂੰ ਅਹੁਦੇ ਤੋਂ ਹਟਾਉਣਾ ਹੈ।

ਗੁਲਾਬੀ ਲਹਿਰ ਦੇ ਬਾਕੀ ਦੇਸ਼ਾਂ ਦੀ ਹਾਲਤ ਇਸ ਤੋਂ ਵੀ ਖ਼ਰਾਬ ਹੈ। ਬੋਲੀਵੀਆ ਵਿੱਚ 2008 ਤੱਕ ਆਂਦੇ-ਆਂਦੇ ਹੀ ਇਵੋ ਮੋਰਾਲਜ਼ ਦੀ ਪਕੜ ਢਿੱਲੀ ਪੈ ਚੁੱਕੀ ਸੀ। ਜੂਨ, 2008 ਵਿੱਚ ਸੱਜੇ-ਪੱਖੀਆਂ ਨੇ ਪੰਜ ਸੂਬਿਆਂ ਵਿੱਚ ਆਪਣੀਆਂ ਸਰਕਾਰਾਂ ਬਣਾ ਲਈਆਂ ਤੇ ਚਾਰ ਵਿੱਚ ਸਮਾਂਤਰ ਸਰਕਾਰ ਕਾਇਮ ਕਰਨ ਦੇ ਰੈਫ਼ਰੈਂਡਮ ਜਿੱਤ ਲਏ। ਇਹ ਉਹੀ ਸੂਬੇ ਸਨ ਜਿਹਨਾਂ ਵਿੱਚ ਤੇਲ, ਗੈਸ ਤੇ ਐਗਰੋ-ਐਕਸਪੋਰਟ ਦਾ ਬਿਜ਼ਨੈੱਸ ਕੇਂਦਰਤ ਹੈ। ਆਪਣੀਆਂ ਸਰਕਾਰਾਂ ਤੇ ਮਿਲੀਟੈਂਟ ਲੜਾਕੂ ਟੁਕੜੀਆਂ ਦੇ ਦਮ ਉੱਤੇ ਉਹਨਾਂ ਨੇ ਮੋਰਾਲਜ਼ ਸਰਕਾਰ ਨੂੰ ਟੈਕਸਾਂ ਆਦਿ ਦੀਆਂ ਛੋਟਾਂ ਦੇਣ ਦੇ ਸਮਝੌਤੇ ਕਰਨ ਲਈ ਮਜਬੂਰ ਕਰ ਦਿੱਤਾ। ਦੂਜੇ ਪਾਸੇ ਮੋਰਾਲਜ਼-ਪੱਖੀਆਂ ਦਾ ਇਹਨਾਂ ਸੂਬਿਆਂ ਵਿੱਚ ਸੱਜੇ-ਪੱਖੀਆਂ ਦੀ ਮਿਲੀਟੈਂਸੀ ਦਾ ਸੜਕਾਂ ਉੱਤੇ ਮੁਕਾਬਲਾ ਕਰਨ ਦਾ ਹੀਆ ਹੀ ਨਹੀਂ ਪਿਆ। ਪਰ ਇਸਦੇ ਬਾਵਜੂਦ ਇੰਡੀਅਨ ਅਬਾਦੀ ਦੀ ਬਹੁਗਿਣਤੀ ਵਾਲ਼ੇ ਸੂਬਿਆਂ ਵਿੱਚ ਮੋਰਾਲਜ਼ ਦੀ ਹਮਾਇਤ ਬਣੀ ਰਹੀ, ਪਰ ਉੱਥੇ ਵੀ ਹਾਲਤ ਹੌਲੀ-ਹੌਲੀ ਬਦਲ ਰਹੀ ਹੈ ਕਿਉਂਕਿ ਇੱਕ ਤਾਂ ਸਮਾਜਵਾਦ ਦੀ ਤਮਾਮ ਕਹਿਣੀ ਦੇ ਬਾਵਜੂਦ ਨਿੱਜੀ ਸਰਮਾਏ ਨੇ ਆਮ ਲੋਕਾਂ ਤੱਕ ਬਹੁਤੇ ਲਾਭ ਪਹੁੰਚਣ ਹੀ ਨਹੀਂ ਦਿੱਤੇ। ਦੂਸਰਾ, ਨਿੱਜੀ ਸਰਮਾਇਆ ਮੋਰਾਲਜ਼ ਸਰਕਾਰ ਨੂੰ ਹੋਰ ਵਧੇਰੇ ਝੁਕਣ ਲਈ ਮਜਬੂਰ ਕਰ ਰਿਹਾ ਹੈ। ਪਿਛਲੇ ਸਾਲ ਰਾਜਕੀ ਵਿਕਾਸ ਪ੍ਰੋਜੈਕਟ ਦੇ ਮਖੌਟੇ ਹੇਠ ਬਹੁਕੌਮੀ ਕਾਰਪੋਰੇਟਾਂ ਲਈ 360 ਕਿਲੋਮੀਟਰ ਲੰਬੀ ਸੜਕ ਬਣਾਉਣ ਦਾ ਪ੍ਰੋਜੈਕਟ ਮੋਰਾਲਜ਼ ਸਰਕਾਰ ਨੇ ਪੂਰਾ ਕਰਨਾ ਚਾਹਿਆ, ਪਰ ਸਥਾਨਕ ਇੰਡੀਅਨ ਲੋਕਾਂ ਦੇ ਵਿਰੋਧ ਨੇ ਫ਼ਿਲਹਾਲ ਇਸ ਸੜਕ ਨੂੰ ਸ਼ੁਰੂ ਨਹੀਂ ਹੋਣ ਦਿੱਤਾ। ਬ੍ਰਾਜ਼ੀਲ ਦੀ ਹਾਲਤ ਕੋਈ ਵੱਖਰੀ ਨਹੀਂ, ਸਗੋਂ ਇਸ ਤੋਂ ਵੀ ਭੈੜੀ ਹੈ। ਉਲੰਪਿਕ ਤੇ ਫੁਟਬਾਲ ਸੰਸਾਰ ਕੱਪ ਲਈ ਲੋਕਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ, ਭੂਮੀਹੀਣਾਂ ਦੀ ਲਹਿਰ ਬਹੁਤ ਕਮਜ਼ੋਰ ਹੋ ਗਈ ਹੈ, ਇੱਥੋਂ ਤੱਕ ਕਿ ਉਸਦੀਆਂ ਬਹੁਤੀਆਂ ਸਰਗਰਮੀਆਂ ਨੂੰ ਗੈਰ-ਕਾਨੂੰਨੀ ਕਰਾਰ ਦੇ ਦਿੱਤਾ ਗਿਆ ਹੈ। ਟਰੇਡ ਯੂਨੀਅਨ ਸਰਗਰਮੀਆਂ ਉੱਤੇ ਵੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ, ਦੂਜੇ ਪਾਸੇ ਬੇਘਰਿਆਂ ਦੀ ਲਹਿਰ ਜ਼ੋਰ ਫੜ ਰਹੀ ਹੈ ਤੇ ਆਮ ਲੋਕ ਕਈ ਪਾਸਿਆਂ ਤੋਂ “ਸਮਾਜਵਾਦੀ ਸਰਕਾਰ” ਦਾ ਵਿਰੋਧ ਕਰ ਰਹੇ ਹਨ। ਅਰਜਨਟੀਨਾ, ਇਕੁਆਡੋਰ, ਚਿੱਲੀ ਆਦਿ, ਲਗਭਗ ਸਾਰੇ ਉਹਨਾਂ ਦੇਸ਼ਾਂ ਵਿੱਚ ਜਿਹਨਾਂ ਵਿੱਚ ਗੁਲਾਬੀ ਲਹਿਰ ਅਧੀਨ ਖੱਬੀਆਂ ਸਰਕਾਰਾਂ ਬਣੀਆਂ, ਇਹੀ ਹਾਲਤਾਂ ਹਨ।

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਲਾਬੀ ਲਹਿਰ ਅਧੀਨ ਬਣੀਆਂ ਸਰਕਾਰਾਂ ਨੇ ਖਾਸ ਕਰਕੇ ਵੇਨਜ਼ੂਏਲਾ, ਬੋਲੀਵੀਆ ਤੇ ਇਕੁਆਡੋਰ ਵਿੱਚ ਸਾਮਰਾਜੀ ਦਖਲਅੰਦਾਜ਼ੀ ਵਿਰੁੱਧ ਪੈਂਤੜਾ ਲਿਆ, ਦੇਸ਼ ਦੇ ਕੁਦਰਤੀ ਸਾਧਨਾਂ ਦੀ ਅਮਰੀਕੀ ਤੇ ਹੋਰ ਸਾਮਰਾਜੀ ਕਾਰਪੋਰੇਟਾਂ ਦੁਆਰਾ ਲੁੱਟ-ਖਸੁੱਟ ਨੂੰ ਇੱਕ ਹੱਦ ਤੱਕ ਨੱਥ ਪਾਈ ਅਤੇ ਇਹਨਾਂ ਦੀ ਆਮਦਨ ਦਾ ਰੁਖ਼ ਵਿਆਪਕ ਬਹੁਗਿਣਤੀ ਕਿਰਤੀ ਅਬਾਦੀ ਦੀ ਭਲਾਈ ਵੱਲ ਮੋੜਿਆ, ਪਰ ਇਹ ਸਾਰੇ ਕੁਝ ਦੇ ਬਾਵਜੂਦ ਵੀ ਇਹਨਾਂ ਸਰਕਾਰਾਂ ਦੀਆਂ ਨੀਤੀਆਂ ਸਰਮਾਏਦਾਰਾ ਆਰਥਿਕ ਚੌਖਟੇ ਤੋਂ ਬਾਹਰ ਨਹੀਂ ਜਾ ਸਕੀਆਂ ਅਤੇ ਸਾਮਰਾਜ ਵਿਰੋਧ ਵੀ ਵੇਨਜ਼ੂਏਲਾ ਤੇ ਇਕੁਆਡੋਰ ਨੂੰ ਛੱਡ ਕੇ ਲਫ਼ਜ਼ੀ ਜ਼ਿਆਦਾ ਰਿਹਾ, ਅਮਲਾਂ ਵਿੱਚ ਘੱਟ। ਇਤਿਹਾਸ ਨੇ ਪਹਿਲਾਂ ਵੀ ਅਜਿਹੇ ਪੜਾਅ ਦਿਖਾਏ ਹਨ ਜਦੋਂ ਸਰਮਾਏਦਾਰਾ ਆਰਥਿਕ ਚੌਖਟੇ ਦੇ ਅੰਦਰ ਹੀ ਕਲਿਆਣਕਾਰੀ ਨੀਤੀਆਂ ਨੂੰ ਲਾਗੂ ਕੀਤਾ ਗਿਆ, ਪਰ ਇਹ ਵਕਤੀ ਵਰਤਾਰਾ ਸਨ ਜੋ ਜਾਂ ਤਾਂ ਸਰਮਾਏਦਾਰਾ ਜਮਾਤ ਦੀ ਮਜਬੂਰੀ ਵਿੱਚੋਂ ਨਿੱਕਲੀਆਂ, ਜਾਂ ਫਿਰ ਸਰਮਾਏਦਾਰ ਜਮਾਤ ਦੇ ਉਸ ਹਿੱਸੇ ਦੇ ਸੱਤ੍ਹਾ ਵਿੱਚ ਆਉਣ ਕਾਰਨ ਲਾਗੂ ਹੋਈਆਂ ਜਿਹੜੀ ਵਿਦੇਸ਼ੀ ਦਖਲਅੰਦਾਜ਼ੀ ਜਾਂ ਗ਼ੁਲਾਮੀ ਨੂੰ ਖਤਮ ਕਰਨ ਲਈ ਆਮ ਲੋਕਾਂ ਨੂੰ ਲਾਮਬੰਦ ਕਰਕੇ ਸੱਤ੍ਹਾ ਵਿੱਚ ਆਇਆ ਅਤੇ ਇਹ ਨੀਤੀਆਂ ਉਸ ਦੁਆਰਾ ਦੇਸੀ ਸਰਮਾਏ ਨੂੰ ਵਿਕਸਤ ਕਰਨ ਲਈ ਪਬਲਿਕ ਸੈਕਟਰ ਖੜਾ ਕਰਨ ਤੇ ਲੋਕਾਂ ਦੀ ਖਰੀਦ ਸ਼ਕਤੀ ਵਧਾਉਣ ਦੇ ਅੰਗ ਵਜੋਂ ਲਾਗੂ ਹੋਈਆਂ। ਲਾਤੀਨੀ ਅਮਰੀਕਾ ਦਾ ਗੁਲਾਬੀ ਲਹਿਰ ਵਾਲ਼ਾ ਸਮਾਜਵਾਦ ਵੀ ਪਿਛਲੇਰੀ ਕਿਸਮ ਦਾ ਸਰਮਾਏਦਾਰਾ ਵਿਕਾਸ ਹੈ ਜਿਸ ਵਿੱਚ ਸਮੇਂ ਤੇ ਸਥਾਨ ਦੀਆਂ ਭਿੰਨਤਾਵਾਂ ਕਾਰਨ ਥੋੜਾ ਹੇਰ-ਫੇਰ ਹੋ ਸਕਦਾ ਹੈ। ਗੁਲਾਬੀ ਲਹਿਰ ਦਾ ਪੂਰਾ ਘਟਨਾ ਚੱਕਰ ਇੱਕ ਵਾਰ ਫਿਰ ਦਰਸਾਉਂਦਾ ਹੈ ਕਿ ਪਾਰਲੀਮੈਂਟ ਰਾਹੀਂ ਸਮਾਜਵਾਦ ਕਾਇਮ ਕਰਨ ਦੇ ਸਾਰੇ ਮਨਸੂਬੇ ਖਾਮਖਿਆਲੀ ਹਨ ਅਤੇ ਵਕਤੀ ਲੋਕ-ਭਲਾਈ ਦੀਆਂ ਸਕੀਮਾਂ ਸਮਾਜਵਾਦ ਨਹੀਂ ਹੁੰਦੀਆਂ ਹਨ।  

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 48, ਫਰਵਰੀ 2016 ਵਿਚ ਪਰ੍ਕਾਸ਼ਤ

Advertisements