ਲਾਪਰਵਾਹੀਆਂ ‘ਤੇ ਹਮਦਰਦੀ ਦੇ ਪੋਚੇ •ਗਗਨ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪਿਛਲੇ ਦਿਨੀ ਮੱਧ ਪ੍ਰਦੇਸ ਦੇ ਝਾਬੂਆ ਜਿਲ੍ਹੇ ਦੇ ਕਸਬੇ ਪੇਲਟਾਵਾਦ ਵਿੱਚ ਗੈਰ-ਕਨੂੰਨੀ ਤੌਰ ਤੇ ਰੱਖੀ ਹੋਈ ਵਿਸਫੋਟਕ ਸਮੱਗਰੀ ਕਾਰਨ ਉਸ ਇਲਾਕੇ ਵਿੱਚ ਰਹਿਣ ਵਾਲੇ 100 ਤੋਂ ਵੱਧ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 150 ਤੋਂ ਵੱਧ ਦੇ ਜਖਮੀ ਹੋਣ ਦੀ ਸੰਭਾਵਨਾ ਹੈ। ਇਹਨਾਂ ਜਖ਼ਮੀਆਂ ਵਿੱਚ ਬਹਤੇ ਉਹ ਹੋਣਗੇ ਜਿਹੜੇ ਹਮੇਸ਼ਾ ਲਈ ਅਪਣੇ ਹੱਥ ਪੈਰ ਗਵਾ ਕੇ ਸਾਰੀ ਉਮਰ ਲਈ ਕੰਮ ਕਰਨ ਤੋਂ ਆਹਰੀ ਹੋ ਗਏ ਹੋਣਗੇ  ਤੇ ਬਾਕੀ  ਬਚੀ ਜ਼ਿੰਦਗੀ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋ ਗਏ ਹਨ।

ਇਹ ਵਿਸਫੋਟਕ ਸਮੱਗਰੀ ਉੱਥੋਂ ਦੇ ਇੱਕ ਖੂਹ ਪੁੱਟਣ ਵਾਲੇ ਠੇਕੇਦਾਰ ਨੇ ਰਿਹਾਇਸ਼ੀ ਖੇਤਰ ਦੀਆਂ ਦੁਕਾਨਾਂ ਵਿੱਚ ਰੱਖੀ ਹੋਈ ਸੀ ਤੇ ਉਸ ਦੀ ਇਹੋ ਅਣਗਹਿਲੀ ਸੈਕੜੇ ਮਜ਼ਦੂਰਾ ਦੀ ਮੌਤ ਦਾ ਕਾਰਨ ਬਣੀ। ਉਝ ਭਾਵੇਂ ਕਨੂੰਨੀ ਤੌਰ ਤੇ ਇਸ ਤਰ੍ਹਾਂ ਦੀ ਵਿਸਫੋਟਕ ਸਮੱਗਰੀ ਰਿਹਾਇਸ਼ੀ ਇਲਾਕੇ ਵਿੱਚ ਰੱਖਣੀ  ਗੈਰ-ਕਨੂੰਨੀ ਹੈ, ਪਰ ਇਸ ਤਰ੍ਹਾਂ ਦੇ ਕਨੂੰਨ ਨੂੰ ਇਹ ਠੇਕੇਦਾਰ ਤੇ ਵੱਡੇ ਕਾਰਖਾਨਿਆਂ ਦੇ ਮਾਲਕ ਸਰਮਾਏਦਾਰ ਸਰਕਾਰੀ ਅਧਿਕਾਰੀਅਾਂ ਦੀ ਮਿਲੀ ਭੁਗਤ ਤੇ ਸਰਮਾਏਦਾਰਾਂ ਪੱਖੀ ਕਨੂੰਨਾਂ ਦੀ ਮਦਦ ਨਾਲ਼ ਅਪਣੇ ਹਿੱਤ ਪੂਰਨ ਲਈ ਵਰਤਨਾ ਚੰਗੀ ਤਰ੍ਹਾਂ ਜਾਣਦੇ ਹਨ। ਜਿਵੇਂ ਕਿ ਇਸ ਘਟਨਾਂ ਦੇ ਵਾਪਰਨ ਤੋਂ ਮਗਰੋਂ ਉੱਥੋਂ ਦੀ ਬੇਸ਼ਰਮ ਪੁਲਿਸ ਨੇ ਇਹ ਕਹਿ ਕੇ ਇਸ ਘਟਨਾਂ ਦਾ ਕਾਰਨ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਨਹੀਂ ਸਗੋਂ ਇਹ ਤਾਂ ਸਥਾਨਕ ਹੋਟਲ ਵਿੱਚ ਰਸੋਈ ਗੈਸ ਦੇ ਸਿੰਲਡਰ  ਫਟਣ ਕਰਕੇ ਹੋਈ ਹੈ ਅਪਣੇ ਟੁਕੜ ਸੁੱਟ ਮਾਲਕਾਂ ਨੂੰ ਬਚਾਉਣ ਦੀ ਘਟੀਆ ਕੋਸ਼ਿਸ਼ ਕੀਤੀ ਸੀ । ਅਸਲੀਅਤ ਦੇ ਸਾਹਮਣੇ ਆਉਣ ਮਗਰੋਂ ਉਂਥੋਂ ਦੀ ਪੁਲਿਸ ਦੀ ਹਾਲਤ ਥੁੱਕ ਕੇ ਚੱਟਣ ਵਰਗੀ ਸੀ।

ਇਸ ਘਟਨਾਂ ਪਿੱਛੋ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ਼ ਹਮਦਰਦੀ ਦਾ ਘਟੀਆ ਰਾਗ ਅਲਾਪਦਿਆ ਉਹਨਾ ਨੂੰ ਆਰਥਿਕ ਸਹਾਇਤਾ ਦੇਣ ਦੀ ਗੱਲ ਕਹੀ, ਤੇ ਨਾਲ ਹੀ ਸੂਬੇ ਦੇ ਗ੍ਰਹਿ ਮੰਤਰੀ ਬਾਬੂ ਲਾਲ ਗੌੜ ਨੇ ਵੀ ਉੱਚ ਪੱਧਰੀ ਜਾਂਚ ਕਰਵਾਉਣ ਦਾ ਡਰਾਮਾਂ ਰਚ ਕੇ ਮ੍ਰਿਤਕ ਪਰਿਵਾਰਾਂ ਦੇ ਜਖਮਾਂ ਨੂੰ ਕੁਰੇਦਨ ਦਾ ਨੀਚ ਕੰਮ ਕੀਤਾ , ਕਿਉੰਕਿ ਜੋ ਕੇ ਘਟਨਾ ਦੀ ਅਸਲੀਅਤ ਸਪੱਸ਼ਟ ਸਾਹਮਣੇ ਹੋਣ ਤੋ ਮਗਰੋਂ ਅਜਿਹੇ ਬਿਆਨ ਦੇਣੇ ਇਹਨਾਂ ਸਿਆਸੀ ਲੀਡਰਾਂ ਦੀ ਮਰੀ ਜ਼ਮੀਰ ਦੀ ਜਾਮਨੀ ਤਾਂ ਜਰੂਰ ਭਰਦੇ ਹਨ ਪਰ ਉਹਨਾਂ ਪਰਿਵਾਰਾਂ ਜਿਹਨਾਂ ਦੇ ਘਰ ਦੇ ਚਿਰਾਗ ਇਸ ਭਿਆਨਕ ਹਾਦਸੇ ਵਿੱਚ ਹਮੇਸ਼ਾ ਲਈ ਚਲੇ ਗਏ ਉਹਨਾਂ ਨੂੰ ਕੋਈ ਠੋਸ ਇਨਸਾਫ ਦੀ ਥਾਂ ਤੇ ਬਸ ਕੁਝ ਪਲ ਦਾ ਧਰਵਾਸ ਹੀ ਦੇ ਸਕਣਗੇ। ਉਝ ਵੀ ਦੇਸ ਦੇ ਪ੍ਰਧਾਨ ਮੰਤਰੀ ਦਾ ਉਪਰੋਕਤ ਬਿਆਨ ਹੀ ਉਸ ਦੇ ਬਿਆਨ ਦਾ ਮੂੰਹ ਚਿੜਾਉਦਾ ਜਾਪਦਾ ਹੈ ਕਿ ਜਿੱਥੇ ਮਜ਼ਦੂਰਾਂ ਨਾਲ਼ ਹਮਦਰੀ ਤੇ ਨਾਲ਼ ਹੀ ਇਹ ਕਿਰਤ ਕਾਨੂੰਨਾਂ ਨੂੰ ਵੱਡੇ ਪੱਧਰ ਤੇ ਦੇਸ਼ ਦੇ ਸਰਮਾਏਦਾਰਾਂ ਦੇ ਹੱਕ ‘ਚ ਹੋਰ ਮੋਜਲਾ ਕੀਤਾ ਜਾ ਰਿਹਾ ਹੈ।

ਮੁਨਾਫੇ ਦੀ ਅੰਨੀ ਹਵਸ ਤੇ ਮਜ਼ਦੂਰਾਂ ਤੋਂ ਪਸੂਆਂ ਵਾਂਗ ਕੰਮ ਲੈਣ ਦੇ ਇਸ ਮਨੁੱਖ ਦੋਖੀ ਸਰਮਾਏਦਾਰਾ ਪ੍ਰਬੰਧ ਵਿੱਚ ਇਹ ਘਟਨਾ ਕੋਈ ਪਹਿਲੀ  ਜਾ ਆਖਰੀ ਨਹੀ ਹੈ ਇਸ ਤੋਂ ਪਹਿਲਾਂ ਵੀ ਅਨੇਕਾਂ ਅਜਿਹੀਆਂ ਘਟਨਾਵਾਂ ਹਨ, ਜੋ ਸਰਕਾਰੀ ਕਾਰਗੁਜ਼ਾਰੀ, ਦਫਤਰੀ ਬਾਬੂਆਂ ਦੀਆਂ ਫਾਇਲਾਂ ਵਿੱਚ ਦੱਬ ਕੇ ਰਹਿ ਜਾਂਦੀਆਂ ਹਨ ਤੇ ਹੌਲੀ ਹੌਲੀ ਸਮੇਂ ਨਾਲ਼ ਉਹਨਾਂ ਦੀ ਧੂੜ ਦੀ ਪਰਤ ਹੋਰ ਗਹਿਰੀ ਹੋ ਜਾਂਦੀ ਹੈ।

ਇੰਟਨੈਸ਼ਨਲ ਲੇਬਰ ਆਰਗੇਨਈਜੇਸ਼ਨ  ਅਨੁਸਾਰ ਸਾਡੇ ਦੇਸ਼ ਅੰਦਰ ਫੈਕਟਰੀਆਂ , ਖਾਣਾ  ਤੇ ਹੋਰ ਜੋਖਮ ਭਰੀਆਂ ਥਾਂਵਾਂ ਤੇ ਕੰਮ ਕਰਨ ਵਾਲੇ ਮਜਦੂਰ  ਰੋਜ਼ ਇਸ ਤਰ੍ਹਾਂ ਦੀਆਂ ਭਿਆਨਕ ਘਟਨਾਵਾਂ ਦਾ ਸ਼ਿਕਾਰ ਹੁੰਦੇ ਹਨ ਇਹਨਾ ਥਾਵਾਂ ਤੇ  ਬੋਆਇਲਰ ਵਿਸਫੋਟ, ਜਹਿਰੀਲੇ ਪਦਾਰਥਾਂ, ਸਰੱਖਿਆ ਪ੍ਰਬੰਧਾ ਦੀ ਘਾਟ ਕਰਕੇ ਹਰ ਸਾਲ ਚਾਲੀ ਹਜ਼ਾਰ  ਮਜ਼ਦੂਰ ਅਪਣੀਆਂ ਕੀਮਤੀ ਜਾਨਾ ਗਵਾਉਦੇ ਹਨ। ਇਸ ਤੋਂਂ ਇਲਾਵਾ ਵੀਹ ਲੱਖ ਮਜ਼ਦੂਰ ਪੀਣ ਦੇ ਪਾਣੀ ਦੇ ਠੀਕ ਪ੍ਰਬੰਧ ਨਾ ਹੋਣ ਕਾਰਨ, ਹਵਾ ਪਾਣੀ ਦੀ ਠੀਕ ਨਿਕਾਸੀ ਨਾ ਹੋਣ ਕਾਰਨ ਹਨੇਰੇ ਬੰਦ ਕਮਰਿਆਂ ਤੇ ਲਗਾਤਾਰ ਤੇਜ਼ ਅਵਾਜ਼ ਪ੍ਰਦੂਸ਼ਨ ਕਰਕੇ ਭਿਆਨਕ ਜਿਵੇਂ ਸਾਹ, ਅੱਖਾਂ ਚਮੜੀ ਰੋਗ ਤੇ ਅਜੀਬ ਤਰ੍ਹਾਂ ਦੀਆ ਮਾਨਸਿਕ ਬਿਆਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ । ਇੱਕ ਹੋਰ ਹੈਰਾਨੀ ਦੀ ਗੱਲ ਹੈ ਕੇ ਇਹ ਅੰਕੜੇ ਸਾਡੇ ਲੇਬਰ ਮੰਤਰਾਲੇ ਕੋਲ ਹੈ ਹੀ ਨਹੀਂ ਕਿਉਂਕਿ ਉਹਨਾਂ ਦਾ ਕੰਮ ਤਾਂ ਅਰਾਮਦਾਇਕ ਏ. ਸੀ ਕਮਰਿਆਂ ਵਿੱਚ ਬੈਠ ਕੇ ਅੰਕੜਿਆਂ ਦੀ ਕਾਰਾਗਿਰੀ ਕਰਨ ਤੋਂ ਵੱਧ ਕੁਝ ਹੋਰ ਹੋ ਹੀ ਨਹੀਂ ਸਕਦਾ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 44, ਅਕਤੂਬਰ 2015 ਵਿਚ ਪਰ੍ਕਾਸ਼ਤ