ਲਲਕਾਰ ਦੇ 10 ਵਰੇ : ਲੋਗ ਮਿਲਤੇ ਗਏ ਔਰ ਕਾਰਵਾਂ ਬੜ੍ਹਤਾ ਗਯਾ

 

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪਾਠਕ ਸਾਥੀਓ ਤੁਹਾਡੇ ਹਰਮਨ ਪਿਆਰੇ ਪਰਚੇ ‘ਲਲਕਾਰ’ ਨੇ ਇਸ ਸਾਲ ਜੁਲਾਈ ਵਿੱਚ ਆਪਣੇ 10 ਵਰ੍ਹੇ ਪੂਰੇ ਕਰ ਲਏ ਹਨ। ਲਲਕਾਰ ਦੇ ਇਸ 10 ਵਰ੍ਹਿਆਂ ਦੇ ਸਫਰ ‘ਤੇ ਸਾਨੂੰ ਹਰ ਕਦਮ ‘ਤੇ ਤੁਹਾਡਾ ਸਾਥ, ਹੱਲਾਸ਼ੇਰੀ ਮਿਲ਼ਦੀ ਰਹੀ ਹੈ। ਲੋਕ-ਪੱਖੀ ਪੱਤਰਕਾਰੀ ਲਈ ਅੱਜ ਦੇ ਇਸ ਬੇਹੱਦ ਚੁਣੌਤੀਪੂਰਨ ਸਮੇਂ ਵਿੱਚ ਲਲਕਾਰ ਅਡੋਲ ਆਪਣੇ ਮਾਰਗ ਤੇ ਅੱਗੇ ਵਧਿਆ ਹੈ। ਇਸ ਸਫ਼ਰ ਨੂੰ ਜਾਰੀ ਰੱਖਣ ਵਿੱਚ ਜਿੱਥੇ ਇਸ ਦੇ ਲੇਖਕਾਂ, ਇਸ ਦੇ ਵੰਡਾਵਿਆਂ ਦੀ ਮਿਹਨਤ ਨੇ ਮਦਦ ਕੀਤੀ ਹੈ ਉੱਥੇ ਲਲਕਾਰ ਦੇ ਪਾਠਕਾਂ ਦੁਆਰਾ ਕੀਤੀ ਹੌਂਸਲਾਅਫਜ਼ਾਈ ਨੇ ਵੀ ਮਦਦ ਕੀਤੀ ਹੈ।

ਅੱਜ ਤੋਂ 10 ਸਾਲ ਪਹਿਲਾਂ ਸ਼ਹੀਦ ਭਗਤ ਸਿੰਘ ਦੇ 100ਵੇਂ ਜਨਮ ਦਿਨ ਤੇ ‘ਲਲਕਾਰ’ ਦੀ ਸ਼ੁਰੂਆਤ ਇੱਕ ਤਿਮਾਹੀ ਪਰਚੇ ਦੇ ਰੂਪ ਵਿਚ ਹੋਈ ਸੀ। ਇਸ ਦਾ ਪਹਿਲਾ ਅੰਕ (ਜੁਲਾਈ-ਸਤੰਬਰ 2007) ਜੁਲਾਈ ਦੇ ਸ਼ੁਰੂ ਵਿੱਚ ਹੀ ਜ਼ਾਰੀ ਹੋਇਆ ਸੀ। ‘ਲਲਕਾਰ’ ਲਈ ਪਾਠਕਾਂ ਦਾ ਹੁੰਘਾਰਾ ਸਾਡੀ ਉਮੀਦ ਤੋਂ ਕਿਤੇ ਵਧੇਰੇ ਸੀ। ਜਲਦ ਹੀ ਪਹਿਲੇ ਅੰਕ ਦੀਆਂ ਛਪੀਆਂ ਕਾਪੀਆਂ ਖਤਮ ਹੋ ਗਈਆਂ ਅਤੇ ਇਸ ਨੂੰ ਦੁਬਾਰਾ ਛਪਾਉਣਾ ਪਿਆ ਸੀ। ‘ਲਲਕਾਰ’ ਨੂੰ ਪਾਠਕਾਂ ਵੱਲੋਂ ਮਿਲ਼ੇ ਇਸ ਹੁੰਘਾਰੇ ਨੇ ਸਾਡਾ ਹੌਂਸਲਾ ਵਧਾਇਆ ਅਤੇ ਸਾਨੂੰ ਅੱਗੇ ਵਧਣ ਲਈ ਪ੍ਰੇਰਿਆ।

‘ਲਲਕਾਰ’ ਬਾਰੇ ਸਾਡੀ ਸੋਚ ਮੁੱਖ ਰੂਪ ਵਿਚ ਇੱਕ ‘ਐਜੀਟੇਸ਼ਨਲ’ ਪਰਚੇ ਦੀ ਸੀ। ਅਤੇ ਇਸ ਦੀ ਵਾਰਵਾਰਤਾ (ਤਿਮਾਹੀ) ਸਾਡੀ ਇਸ ਸੋਚ ਨਾਲ਼ ਮੇਲ਼ ਨਹੀਂ ਖਾਂਦੀ ਸੀ। ਤਿਮਾਹੀ ਹੋਣ ਨਾਲ਼ ਅਨੇਕਾਂ ਮਸਲੇ ਛੁੱਟ ਜਾਂਦੇ ਸਨ ਜਿਨ੍ਹਾਂ ਉੱਪਰ ਲਿਖਣਾ ਜ਼ਰੂਰੀ ਹੁੰਦਾ ਸੀ। ਦੂਜੀ ਗੱਲ ਪਾਠਕ ਵੀ ਦੇਰ ਨਾਲ਼ ਆਉਣ ਕਾਰਨ ਇਸ ਪਰਚੇ ਨਾਲ਼ ਜੁੜ ਨਹੀਂ ਪਾਉਂਦੇ ਸਨ। ਇਸ ਲਈ ਪਰਚੇ ਦੀ ਵਾਰਵਾਰਤਾ ਵਧਾਉਣ ਉੱਤੇ ‘ਲਲਕਾਰ’ ਦੇ ਪ੍ਰਚਾਰ ਲਈ ਜ਼ਿੰਮੇਵਾਰ ਸਾਥੀਆਂ ਵਿੱਚ ਮੰਥਨ ਚੱਲਦਾ ਰਹਿੰਦਾ ਸੀ। ‘ਲਲਕਾਰ’ ਦੀ ਵਾਰਵਾਰਤਾ ਵਧਾਉਣ ਵਿੱਚ ਤਿੰਨ ਅੜਿੱਕੇ ਸਨ। ਲੇਖਕਾਂ ਦੀ ਕਮੀ, ਵੰਡਾਵਿਆਂ ਦੀ ਕਮੀ ਅਤੇ ਆਰਥਿਕ ਸ੍ਰੋਤਾਂ ਦੀ ਕਮੀ। ਜਿਵੇਂ ਜਿਵੇਂ ਸਾਡਾ ਸਫ਼ਰ ਅੱਗੇ ਵਧਿਆ ਅਸੀਂ ਇਹਨਾਂ ਘਾਟਾਂ ਉੱਤੇ ਕਾਬੂ ਪਾਉਣ ਵਿੱਚ ਕਾਮਯਾਬ ਹੋਏ ਹਾਂ।

ਆਪਣੇ ਪਿਛਲੇ 10 ਸਾਲਾਂ ਦੇ ਸਫ਼ਰ ਵਿੱਚ, ‘ਲਲਕਾਰ’ ਨੇ ਕਈ ਨਵੇਂ ਲੇਖਕ ਤਿਆਰ ਕੀਤੇ ਹਨ। ‘ਲਲਕਾਰ’ ਮੋਢੀ, ਪੁਰਾਣੇ ਸਾਥੀਆਂ ਦੀ ‘ਲਲਕਾਰ’ ਲਈ ਲਿਖਣ ਵਿਚ ਅੱਜ ਨਾ ਮਾਤਰ ਭੂਮਿਕਾ ਰਹਿ ਜਾਂਦੀ ਹੈ। ਲਿਖਣ ਦਾ ਲਗਭਗ ਸਾਰਾ ਕੰਮ ‘ਲਲਕਾਰ’ ਪੜ੍ਹਦੇ ਹੀ ਸਿਆਣੇ ਹੋਏ ਹੋਣਹਾਰ, ਊਰਜਾਵਾਨ ਨੌਜਵਾਨਾਂ, ਮੁਟਿਆਰਾਂ ਨੇ ਸਾਂਭ ਲਿਆ ਹੈ। ਅਸੀਂ ‘ਲਲਕਾਰ’ ਦੇ ਪਹਿਲੇ ਅੰਕ ਵਿੱਚ ਇਹ ਵਾਦਾ ਕੀਤਾ ਸੀ ਕਿ “’ਲਲਕਾਰ’ ਨੌਜਵਾਨਾਂ ਵਿੱਚੋਂ ਸਮਾਜਕ ਤਬਦੀਲੀ ਦੀ ਜੱਦੋ-ਜਹਿਦ ਦੇ ਇੱਕ ਅਹਿਮ ਮੋਰਚੇ, ਕਲਮ ਦੇ ਮੋਰਚੇ ਦੇ ਨਵੇਂ ਸਿਪਾਹੀ ਪੈਦਾ ਕਰੇਗਾ।” ਸਾਨੂੰ ਖੁਸ਼ੀ ਹੈ ਕਿ ਕਿਸੇ ਨਾ ਕਿਸੇ ਹੱਦ ਤੱਕ ਅਸੀਂ ਆਪਣਾ ਇਹ ਕੌਲ ਨਿਭਾਇਆ ਹੈ।

‘ਲਲਕਾਰ’ ਦੀ ਵਾਰਵਾਰਤਾ ਵਧਾਉਣ ਵਿੱਚ ਦੂਜੀ ਵੱਡੀ ਰੁਕਾਵਟ ਵੰਡਾਵਿਆਂ ਦੀ ਘਾਟ ਸੀ, ਵਕਤ ਨਾਲ਼ ਕਿਸੇ ਹੱਦ ਤੱਕ ਇਹ ਕਮੀ ਵੀ ਪੂਰੀ ਕਰ ਲਈ ਗਈ। ‘ਲਲਕਾਰ’ ਦੇ ਜ਼ਿਆਦਾਤਰ ਲੇਖਕ ਵੀ ਇਸ ਦੀ ਵੰਡ ਦੇ ਕੰਮ ਵਿੱਚ ਸ਼ਾਮਿਲ ਹੁੰਦੇ ਹਨ। ਜਦੋਂ ‘ਲਲਕਾਰ’ ਦੀ ਸ਼ੁਰੂਆਤ ਹੋਈ ਸੀ, ਉਸ ਸਮੇਂ ਪੰਜਾਬੀ ਵਿੱਚ ਛਪਦੇ ਜ਼ਿਆਦਾਤਰ ਖੱਬੇ-ਪੱਖੀ ਪਰਚਿਆਂ ਦੇ ਪਾਠਕ ਇੱਕੋ ਹੀ ਹੁੰਦੇ ਸਨ। ਭਾਵ ਕੁੱਝ ਕੁ ਵਿਅਕਤੀਆਂ ਕੋਲ ਹੀ ਸਾਰੇ ਪਰਚੇ ਪਹੁੰਚਦੇ ਰਹਿੰਦੇ ਸਨ ਅਤੇ ਪਾਠਕਾਂ ਜੋ ਕਿ ਜ਼ਿਆਦਾਤਰ ਪੁਰਾਣੀ ਪੀੜ੍ਹੀ (70ਵਿਆਂ) ਦੇ ਸਨ, ਦੀ ਇਹਨਾਂ ਪਰਚਿਆਂ ਨੂੰ ਪੜ੍ਹਨ ਵਿਚ ਕੋਈ ਦਿਲਚਸਪੀ ਨਹੀਂ ਹੁੰਦੀ ਸੀ। ਅਸੀਂ ਇਹ ਮਹਿਸੂਸ ਕੀਤਾ ਕਿ ਖੱਬੇ-ਪੱਖੀ ਪਾਠਕਾਂ ਦੇ ਇਸ ਸੀਮਤ ਘੇਰੇ ਨੂੰ ਤੋੜਣਾ ਬਹੁਤ ਜ਼ਰੂਰੀ ਹੈ ਕਿ ਨੌਜਵਾਨ ਪੀੜ੍ਹੀ ਨੂੰ ਖੱਬੇ-ਪੱਖੀ ਸਾਹਿਤ ਨਾਲ਼ ਜੋੜਿਆ ਜਾਵੇ। ਅੱਜ ‘ਲਲਕਾਰ’ ਦੇ ਪੰਜਾਬ ਵਿੱਚ ਅਤੇ ਪੰਜਾਬ ਤੋਂ ਬਾਹਰ ਹਜਾਰਾਂ ਪਾਠਕ ਹਨ, ਜਿਹਨਾਂ ਵਿਚ 90 ਫੀਸਦੀ ਨਵੇਂ ਪਾਠਕ ਹਨ, ਜ਼ਿਆਦਾਤਰ ਨੌਜਵਾਨ ਪਾਠਕ ਹਨ। ਇਹਨਾਂ ਤੱਕ ‘ਲਲਕਾਰ’ ਪਹੁੰਚਾਉਣ ਵਿੱਚ ਵੰਡਾਵਿਆ ਦੁਆਰਾ ਵਹਾਏ ਪਸੀਨੇ ਅਤੇ ਉਹਨਾਂ ਦੇ ਹੌਸਲੇ ਦਾ ਵੱਡਾ ਹੱਥ ਹੈ। ‘ਲਲਕਾਰ’ ਦੇ ਵੰਡਾਵੇ ਪਰਚਾ ਲੈ ਕੇ ਘਰ ਘਰ ਦਸਤਕ ਦਿੰਦੇ ਹਨ, ਕਾਲਜਾਂ, ਯੂਨੀਵਰਸਟੀਆਂ ਦੇ ਹੋਸਟਲਾਂ ਵਿਚ ਦਸਤਕ ਦਿੰਦੇ ਹਨ, ਕਾਲਜਾਂ-ਯੂਨੀਵਰਸਟੀਆਂ ਦੀਆਂ ਕਲਾਸਾਂ ਵਿਚ ‘ਲਲਕਾਰ’ ਲੈ ਕੇ ਜਾਂਦੇ ਹਨ, ਮਜ਼ਦੂਰਾਂ ਵਾਂਗ ਬੱਸਾਂ-ਟਰੇਨਾਂ ਵਿਚ ‘ਲਲਕਾਰ’ ਲੈ ਕੇ ਜਾਂਦੇ ਹਨ। ‘ਲਲਕਾਰ’ ਦੇ ਵੰਡਾਵਿਆਂ ਦੀ ਇਸ ਮਿਹਨਤ ਨੇ ਪਰਚੇ ਨੂੰ ਹਜਾਰਾਂ ਨਵੇਂ ਲੋਕਾਂ ਤੱਕ ਪਹੁੰਚਾਇਆ ਹੈ। ‘ਲਲਕਾਰ’ ਦੇ ਵੰਡਾਵਿਆਂ ਦੀ ਮਿਹਨਤ, ਹੌਂਸਲੇ ਅਤੇ ਪਹਿਲਕਦਮੀ ਪਿੱਛੇ ਆਖਿਰ ਕਿਹੜੀ ਪ੍ਰੇਰਨਾ ਕੰਮ ਕਰਦੀ ਹੈ? ਨਿਸ਼ਚੇ ਹੀ ‘ਲਲਕਾਰ’ ਦੁਆਰਾ ਭਾਰਤ ਅਤੇ ਦੁਨੀਆਂ ਬਾਰੇ, ਦੇਸ਼ ਦੁਨੀਆ ਦੇ ਇਤਿਹਾਸ ਬਾਰੇ ਅਤੇ ਇਸ ਦੁਨੀਆਂ ਨੂੰ ਕਿਉਂ ਅਤੇ ਕਿਵੇਂ ਬਦਲਿਆ ਜਾਵੇ, ਬਾਰੇ ਪ੍ਰਚਾਰੀ ਜਾਂਦੀ ਉਹ ਸਮਝ ਹੀ ਉਹ ਪ੍ਰੇਰਨਾ ਹੈ।

‘ਲਲਕਾਰ’ ਦੇ ਪਾਠਕਾਂ ਨੇ ਇਸ ਮੈਗਜ਼ੀਨ ਨੂੰ ਆਰਥਿਕ ਪੱਖੋਂ ਸਵੈ ਨਿਰਭਰ ਬਣਾਉਣ ਵਿੱਚ ਪੂਰੀ ਮਦਦ ਕੀਤੀ ਹੈ। ਅੱਜ ‘ਲਲਕਾਰ’ ਆਪਣੀ ਕੀਮਤ ਤੇ ਪਾਠਕਾਂ ਤੋਂ ਇੱਕਠੀਆਂ ਕੀਤੀਆਂ ਛੋਟੀਆਂ ਛੋਟੀਆਂ ਰਾਸ਼ੀਆਂ ਤੇ ਨਿਰਭਰ ਹੈ। ਇਹ ਪਰਚਾ (ਅੱਜ ਅਖ਼ਬਾਰ) ਮਸ਼ੁਹੂਰੀਆਂ ਵਾਸਤੇ ਜਾਂ ਹੋਰ ਕਿਸੇ ਵੀ ਮਦਦ ਲਈ ਧਨਾਢਾਂ ‘ਤੇ ਨਿਰਭਰ ਨਹੀਂ ਹੈ। ਲੋਕਾਂ ਦਾ ਅਖ਼ਬਾਰ ਲੋਕਾਂ ਤੇ ਹੀ ਨਿਰਭਰ ਹੈ।

ਉਪਰੋਕਤ ਔਕੜਾਂ ‘ਤੇ ਕਾਬੂ ਪਾਉਂਦਿਆਂ ‘ਲਲਕਾਰ’ ਨੇ ਆਪਣਾ ਸਫ਼ਰ ਜਾਰੀ ਰੱਖਿਆ ਹੈ। ਇਸ ਦੀ ਲਗਾਤਾਰਤਾ ਬਣੀ ਰਹੀ। ਇਸ ਦੇ ਬਹੁਤ ਥੋੜ੍ਹੇ ਅੰਕ ਹੀ ਅਜਿਹੇ ਸਨ ਜੋ ਨਹੀਂ ਛਪ ਸਕੇ। ਜੋ ਅੰਕ ਨਹੀਂ ਛਪ ਸਕੇ ਉਹਨਾਂ ਦਾ ਕਾਰਨ ਸਾਡੇ ਨਾ ਟਾਲੇ ਜਾ ਸਕਣ ਵਾਲੇ ਰੁਝੇਵੇਂ ਹੀ ਸਨ।

ਜਿਵੇਂ ਜਿਵੇਂ ਉੱਪਰ ਦੱਸੀਆਂ ਔਕੜਾਂ ‘ਤੇ ਅਸੀਂ ਕਾਬੂ ਪਾਉਂਦੇ ਗਏ, ‘ਲਲਕਾਰ’ ਦੀ ਵਾਰਵਾਰਤਾ ਵੀ ਵਧਾਉਂਦੇ ਰਹੇ। 2010 ਵਿਚ ਅਸੀਂ ‘ਲਲਕਾਰ’ ਦੇ ਲੇਖਕਾਂ, ਪਾਠਕਾਂ ਤੇ ਵੰਡਾਵਿਆਂ ਨਾਲ਼ ਸਲਾਹ ਮਸ਼ਵਾਰ ਕਰਕੇ ਇਸ ਨੂੰ ਤਿਮਾਹੀ ਤੋਂ ਦੋ-ਮਾਹੀ ਕਰ ਦਿੱਤਾ। ‘ਲਲਕਾਰ’ ਦਾ ਪਹਿਲਾ ਦੋ-ਮਾਹੀ ਅੰਕ ਅਪ੍ਰੈਲ-ਜੂਨ 2010 ਵਿੱਚ ਪ੍ਰਕਾਸ਼ਿਤ ਹੋਇਆ। ਪਰ ਅਜੇ ਵੀ ਇਸ ਦੀ ਵਾਰਵਾਰਤਾ ਨੂੰ ਹੋਰ ਵਧਾਉਣ ਦੀ ਲੋੜ ਸੀ। ਇਸ ਲਈ 2012 ਵਿਚ ਫਿਰ ਤੋਂ ‘ਲਲਕਾਰ’ ਦੇ ਲੇਖਕਾਂ, ਪਾਠਕਾਂ ਤੇ ਵੰਡਾਵਿਆਂ ਨਾਲ਼ ਸਲਾਹ ਮਸ਼ਵਰਾ ਕਰਕੇ ਇਸ ਨੂੰ ਮਹੀਨਾਵਾਰ ਕਰ ਦਿੱਤਾ ਗਿਆ। ‘ਲਲਕਾਰ’ ਦਾ ਪਹਿਲਾ ਮਹੀਨਾਵਾਰ ਅੰਕ ਫਰਵਰੀ 2012 ਵਿਚ ਪ੍ਰਕਾਸ਼ਿਤ ਹੋਇਆ। ਪਰ ਸਾਡਾ ਸਫ਼ਰ ਇੱਥੇ ਹੀ ਨਹੀਂ ਰੁਕਿਆ। ਫਰਵਰੀ 2016 ਵਿੱਚ ‘ਲਲਕਾਰ’ ਦਾ ਅਖ਼ਬਾਰ ਦੇ ਰੂਪ ਵਿਚ ਪੰਦਰਵਾੜਾ ਪ੍ਰਕਾਸ਼ਨ ਸ਼ੁਰੂ ਹੋਇਆ। ਪਿਛਲੇ ਲਗਭਗ ਡੇਢ ਸਾਲ ਤੋਂ ਇਹ ਪੰਦਰਵਾੜੇ ਅਖਬਾਰ ਦੇ ਰੂਪ ਵਿਚ ਤੁਹਾਡੇ ਕੋਲ ਪਹੁੰਚ ਰਿਹਾ ਹੈ।

ਪਾਠਕ ਸਾਥੀਓ ਹੁਣ ਅਸੀਂ ‘ਲਲਕਾਰ’ ਨੂੰ ਹਫਤਾਵਾਰੀ ਕਰਨ ਲਈ ਗੰਭੀਰਤਾ ਨਾਲ਼ ਸੋਚ ਵਿਚਾਰ ਕਰ ਰਹੇ ਹਾਂ। ਜੇਕਰ ਸਭ ਕੁੱਝ ਠੀਕ-ਠਾਕ ਰਿਹਾ ਤਾਂ ਅਗਲੇ ਸਾਲ ਦੇ ਸ਼ੁਰੂ ਵਿਚ ‘ਲਲਕਾਰ’ ਹਰ ਹਫਤੇ ਤੁਹਾਡੇ ਹੱਥਾਂ ਵਿੱਚ ਹੋਇਆ ਕਰੇਗਾ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 10-11, 1 ਤੋਂ 15 ਅਤੇ 16 ਤੋਂ 31 ਜੁਲਾਈ (ਸੰਯੁਕਤ ਅੰਕ)  2017 ਵਿੱਚ ਪ੍ਰਕਾਸ਼ਿਤ

Advertisements