ਲੱਕ ਤੋੜਵੀਂ ਕਿਰਤ ਦੇ ਬੋਝ ਹੇਠ ਪਿਸਦਾ ਬਚਪਨ •ਬਲਜੀਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਬਚਪਨ ਮਨੁੱਖ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਣ ਸਮਾਂ ਹੁੰਦਾ ਹੈ। ਇਸੇ ਦੌਰਾਨ ਤੈਅ ਹੁੰਦਾ ਹੈ ਕਿ ਇੱਕ ਬੱਚਾ ਭਵਿੱਖ ਵਿੱਚ ਕਿਹੋ ਜਿਹਾ ਇਨਸਾਨ ਬਣੇਗਾ। ਬਚਪਨ ਵਿੱਚ ਮਿਲੀਆਂ ਜਾਣਕਾਰੀਆ ਸਾਰੀ ਉਮਰ ਲਈ ਉਸਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਜਾਂਦੀਆਂ ਹਨ। ਕਿਉਂਕਿ ਬਚਪਨ ਵਿੱਚ ਬੱਚੇ ਦੇ ਸਿੱਖਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ, ਉਹ ਹਰ ਚੀਜ਼ ਪ੍ਰਤੀ ਉਤਸੁਕਤਾ ਦਿਖਾਉਂਦਾ ਹੈ। ਅਨੇਕ ਤਰ੍ਹਾਂ ਦੇ ਸਵਾਲ ਤੇ ਸ਼ਰਾਰਤਾਂ ਉਸਦੀ ਜਾਣਨ ਤੇ ਸਿੱਖਣ ਦੀ ਕਾਹਲ਼ 2ਚੋ ਪੈਦਾ ਹੋਈਆਂ ਹੁੰਦੀਆਂ ਹਨ। ਇਹੀ ਸਮਾਂ ਹੁੰਦਾ ਹੈ ਜਦੋਂ ਬੱਚੇ ਨੂੰ ਕੁਦਰਤ ਤੇ ਇਨਸਾਨੀਅਤ ਪ੍ਰਤੀ ਸੰਵੇਦਨਸ਼ੀਲ ਬਣਾਇਆ ਜਾ ਸਕਦਾ ਹੈ। ਇਸੇ ਦੌਰਾਨ ਉਸਨੂੰ ਕਿਰਤ ਦੀ ਮਹੱਤਤਾ ਦਾ ਅਹਿਸਾਸ ਕਰਵਾਇਆ ਜਾ ਸਕਦਾ ਹੈ। ਭਵਿੱਖ ਖਾਤਰ ਸੂਝਵਾਨ ਨਾਗਰਿਕ ਤਿਆਰ ਕਰਨ ਲਈ ਹਰ ਸਮਾਜ ਵਿੱਚ ਸਕੂਲ ਅਹਿਮ ਰੋਲ ਨਿਭਾਉਂਦੇ ਹਨ। ਸਕੂਲ ਬੱਚੇ ਦੇ ਚਰਿੱਤਰ-ਆਚਰਣ, ਰੁਚੀਆਂ, ਆਦਤਾਂ ਤੇ ਸੁਭਾਅ ਉੱਪਰ ਅਮਿੱਟ ਛਾਪ ਛੱਡ ਜਾਂਦਾ ਹੈ। ਇਸ ਲਈ ਇਸ ਸਮੇਂ ਬੱਚਿਆਂ ਨੂੰ ਕਲਾ, ਗੀਤ-ਸੰਗੀਤ, ਵਿਗਿਆਨ ਆਦਿ ਹਰ ਵਿਸ਼ੇ ਤੇ ਜਾਣਕਾਰੀ ਦੇਣ ਦੇ ਲਈ ਸਕੂਲ ਦੀ ਪੜ੍ਹਾਈ ਵਿੱਚ ਇਹ ਵਿਸ਼ੇ ਸ਼ਾਮਿਲ ਕੀਤੇ ਜਾਂਦੇ ਹਨ।

ਪਰ ਸਾਰੇ ਬੱਚਿਆਂ ਨੂੰ ਬਚਪਨ ਵਿੱਚ ਸਕੂਲ ਨਸੀਬ ਨਹੀਂ ਹੁੰਦਾ। ਸਾਡੇ ਭਾਰਤ ਵਿੱਚ 8.4 ਲੱਖ ਜਾਣੀ 57 ਮਿਲੀਅਨ ਬੱਚੇ ਸਕੂਲ ਨਹੀਂ ਜਾਂਦੇ। ਇਸ ਪਿੱਛੇ ਕਾਰਨ ਹੈ ਗਰੀਬੀ। ਗਰੀਬੀ ਕਾਰਨ ਮਾਂ-ਬਾਪ ਬੱਚਿਆਂ ਦੇ ਸਕੂਲ ਦਾ ਖ਼ਰਚ ਨਹੀਂ ਚੁੱਕ ਪਾਉਂਦੇ ਜਾਂ ਜਿਆਦਾਤਰ ਪਰਿਵਾਰਾਂ ਵਿੱਚ ਸਿਰਫ ਮਾਂ-ਬਾਪ ਦੀ ਕਮਾਈ ਨਾਲ਼ ਘਰ ਦਾ ਖ਼ਰਚ ਨਹੀਂ ਚੱਲ ਸਕਦਾ ਇਸ ਲਈ ਬੱਚਿਆਂ ਨੂੰ ਵੀ ਮਜ਼ਦੂਰੀ ਕਰਨੀ ਪੈਂਦੀ ਹੈ। ਅੰਕੜਿਆਂ ਅਨੁਸਾਰ 78 ਲੱਖ ਬੱਚੇ ਅਜਿਹੇ ਹਨ ਜੋ ਆਪਣਾ ਪੇਟ ਆਪ ਪਾਲਣ ਲਈ ਮਜ਼ਬੂਰ ਹਨ ਜਿਹਨਾਂ ਵਿੱਚ 57% ਮੁੰਡੇ ਤੇ 43% ਕੁੜੀਆਂ ਹਨ।

ਲੁਧਿਆਣੇ ਦੀ ਇੱਕ ਮਜ਼ਦੂਰ ਬਸਤੀ ‘ਚ ਮਜ਼ਦੂਰਾਂ ਦੇ ਬੱਚਿਆਂ ਨੂੰ ਪੜ੍ਹਾਉਂਦਿਆਂ ਮੈਨੂੰ ਨਿੱਜੀ ਤੌਰ ‘ਤੇ ਉਹਨਾਂ ਨੂੰ ਜਾਨਣ ਦਾ ਮੌਕਾ ਮਿਲਿਆ। ਬਸਤੀ ਵਿੱਚ ਮਜਦੂਰ ਲਾਇਬ੍ਰੇਰੀ ਵਿੱਚ ਪੜ੍ਹਨ ਆਉਂਦੇ ਬੱਚਿਆਂ ਵਿਚੋਂ ਕੋਈ ਇੱਕ ਬੱਚਾ ਵੀ ਅਜਿਹਾ ਨਹੀਂ ਜੋ ਮਜ਼ਦੂਰੀ ਨਾ ਕਰਦਾ ਹੋਵੇ। 12 ਸਾਲ ਦੀ ਜੋਤੀ ਤੇ 10 ਸਾਲ ਦਾ ਗੁਲਸ਼ਨ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਮਜ਼ਬੂਰ ਹਨ। ਜੋਤੀ ਜੋ ਪੜ੍ਹਨ ਵਿੱਚ ਹੁਸ਼ਿਆਰ ਹੈ ਤੇ ਵਿਗਿਆਨ ਉਸਦਾ ਮਨਪਸੰਦ ਵਿਸ਼ਾ ਹੈ,ਉਸਨੂੰ ਚੌਥੀ ਕਲਾਸ ਤੋਂ ਸਕੂਲ ਛੱਡਣਾ ਪਿਆ। ਉਸਦੀ ਗੱਲਬਾਤ ਵਿੱਚ ਮਾਸੂਮੀਅਤ ਨਹੀਂ ਸਗੋਂ ਕਮਰੇ ਦੇ ਕਿਰਾਏ, ਬਿਜਲੀ ਦੇ ਬਿਲ, ਰਾਸ਼ਨ ਦੇ ਪੈਸੇ ਦੇਣ ਦੀਆਂ ਫ਼ਿਕਰਮੰਦੀਆਂ ਹੁੰਦੀਆਂ ਹਨ। ਇਸੇ ਤਰ੍ਹਾਂ ਟਿਊਸ਼ਨ ਤੇ ਇੱਕ ਬੱਚਾ ਪੜ੍ਹਨ ਲੱਗਿਆ ਜੋ ਸਿਰਫ ਇੱਕ ਦਿਨ ਆਉਣ  ਤੋਂ ਬਾਅਦ ਹਟ ਗਿਆ, ਪੁੱਛਣ ਤੇ ਉਸਦਾ ਕਹਿਣਾ ਸੀ ਉਸਦੇ ਪਿਤਾ ਦੇ ਬੀਮਾਰ ਹੋਣ ਕਾਰਨ ਘਰ ਦਾ ਖ਼ਰਚ ਚਲਾਉਣ ਲਈ ਓਹ ਸ਼ੋ-ਰੂਮ ਵਿੱਚ ਕੰਮ ਕਰਨ ਲੱਗ ਗਿਆ ਹੈ। ਇਸੇ ਤਰ੍ਹਾਂ ਦੀਆਂ ਬਹੁਤ ਉਦਾਹਰਨਾ ਦਿੱਤੀਆਂ ਜਾ ਸਕਦੀਆਂ ਹਨ ਜਿਨ੍ਹਾਂ  ਵਿੱਚ ਬੱਚਿਆਂ ਸਿਰ ਸਮੇਂ ਤੋਂ ਪਹਿਲਾਂ ਹੀ ਉਮਰ ਤੋਂ ਵੱਡੀਆਂ ਜਿੰਮੇਵਾਰੀਆਂ ਦਾ ਬੋਝ ਲੱਦ ਦਿੱਤਾ ਗਿਆ ਹੈ।

ਬੇਸ਼ੱਕ ਕਿਰਤ ਸਿੱਖਿਆ ਨਾਲ਼ ਜੁੜੀ ਹੋਈ ਚੀਜ਼ ਹੈ, ਬੱਚਿਆਂ ਦੀ ਸਿੱਖਿਆ ਵਿੱਚ ਕਿਰਤ ਵੀ ਸ਼ਾਮਿਲ ਹੋਣੀ ਜ਼ਰੂਰੀ ਹੈ। ਬਾਲ ਵਿਕਾਸ ਮਾਹਰਾਂ ਅਨੁਸਾਰ ਬੱਚੇ ਦੇ ਸ਼ਰੀਰਕ ਤੇ ਮਾਨਸਿਕ ਵਿਕਾਸ ਲਈ ਪੜ੍ਹਾਈ ਵਿੱਚ ਦਿਮਾਗੀ ਤੇ ਸ਼ਰੀਰਕ ਮਿਹਨਤ ਦਾ ਸੁਮੇਲ ਜਰੂਰੀ ਹੈ। ਪਰ ਸਾਡੇ ਸਮਾਜਿਕ ਪ੍ਰਬੰਧ ਅੰਦਰ ਇਹ ਬੇਮੇਲ ਹੈ। ਕਿਰਤ ਜਿਸਨੇ ਮਨੁੱਖ ਨੂੰ ਬਾਂਦਰ ਤੋਂ ਮਨੁੱਖ ਬਣਾਇਆ ਇਸ ਬਾਰੇ ਸਹੀ ਸਮਝ ਨੂੰ ਲਾਗੂ ਕਰਨਾ ਮੁਨਾਫ਼ਾਖੋਰ ਢਾਂਚੇ ਨੇ ਸਮਝਿਆ ਹੀ ਨਹੀਂ। ਜਾਂ ਤਾਂ ਬੱਚਿਆਂ ਤੇ ਕਿਰਤ ਥੋਪੀ ਜਾਂਦੀ ਹੈ ਤੇ ਜਾਂ ਫਿਰ ਓਹਨਾਂ ਨੂੰ ਉਤਪਾਦਨ ਦੀ ਪ੍ਰਕਿਰਿਆ ਤੋਂ ਇਕਦਮ ਤੋੜ੍ਹ ਕੇ ਰੱਖਿਆ ਜਾਂਦਾ ਹੈ। ਇੱਕ ਪਾਸੇ ਉਹ ਬੱਚੇ ਹਨ ਜੋ ਸਿਰਫ ਸ਼ਰੀਰਿਕ ਕੰਮ ਕਰਦੇ ਹਨ ਤੇ ਦੂਜੇ ਪਾਸੇ ਸਿਰਫ਼ ਅੱਖਰ ਤੇ ਕਿਤਾਬੀ ਗਿਆਨ ਤੱਕ ਸੀਮਤ ਬੁੱਧੀਜੀਵੀ ਪੈਦਾ ਕਰਨ ਦੀ ਹੋੜ ਹੈ।

ਕਾਰਲ ਮਾਰਕਸ ਅਨੁਸਾਰ ਬੱਚਿਆਂ ਨੂੰ ਉਤਪਾਦਨ ਖੇਤਰ ਵਿੱਚ ਲਗਾਉਣਾ ਜ਼ਰੂਰੀ ਹੈ ਪਰ ਉਹ ਇਹ ਵੀ ਕਹਿੰਦੇ ਹਨ ਕਿ “ਬੱਚਿਆਂ ਦੇ ਅਧਿਕਾਰਾਂ ਦਾ ਐਲਾਨ ਕਰਨਾ ਜ਼ਰੂਰੀ ਹੈ। ਬੱਚਿਆਂ ਤੇ ਮੁੰਡੇ ਕੁੜੀਆਂ ਨੂੰ ਇੱਕ ਕੁਦਰਤੀ ਅਧਿਕਾਰ ਦੇ ਤੌਰ ਤੇ ਸੰਸਦ ਵਿੱਚ ਮੰਗ ਕਰਨੀ ਚਾਹੀਦੀ ਹੈ ਕਿ ਉਹਨਾਂ ਤੋਂ ਕੋਈ ਅਜਿਹਾ ਕੰਮ ਨਾ ਲਿਆ ਜਾਵੇ ਜੋ ਓਹਨਾਂ ਦੀ ਸ਼ਰੀਰਕ ਸ਼ਕਤੀ ਨੂੰ ਸਮੇਂ ਤੋਂ ਪਹਿਲਾਂ ਨਸ਼ਟ ਕਰ ਦੇਵੇ ਤੇ ਜੋ ਬੌਧਿਕ ਤੇ ਨੈਤਿਕ ਜੀਵਾਂ ਦੇ ਰੂਪ ਵਿੱਚ ਓਹਨਾਂ ਦਾ ਪਤਨ ਕਰ ਦੇਵੇ।” ਕਿਰਤ ਦੇ ਇਸ ਦਵੰਦ ਨੂੰ ਸਮਝੇ ਬਿਨ੍ਹਾਂ ਅਸੀਂ ਬੱਚਿਆਂ ਦੇ ਸਹੀ ਪਾਲਣ-ਪੋਸ਼ਣ ਦਾ ਤਰੀਕਾ ਨਹੀਂ ਸਮਝ ਸਕਦੇ।

ਪਰ ਇਸ ਮੁਨਾਫੇਖੋਰ ਢਾਂਚੇ ਅੰਦਰ ਕਦੇ ਵੀ ਬੱਚਿਆਂ ਦੀ ਪਰਵਰਿਸ਼ ਨੂੰ ਗੰਭੀਰਤਾ ਨਾਲ਼ ਨਹੀ ਲਿਆ ਜਾਂਦਾ। ਇੱਕ ਪਾਸੇ ਬੱਚੇ ਪਲ਼-ਪਲ਼ ਮੌਤ ਦੇ ਖਤਰੇ ਵਾਲ਼ੇ ਜੋਖਿਮ ਭਰੇ ਕੰਮ ਕਰਨ ਲਈ ਮਜ਼ਬੂਰ ਹਨ। ਕੋਲਾ ਖਾਣਾ, ਸੀਵਰੇਜ ਸਫ਼ਾਈ, ਚਾਕਲੇਟ ਸੱਨਅਤ, ਮੋਬਾਇਲਾਂ ਦੇ ਪੁਰਜੇ ਬਣਾਉਣਾ, ਭੱਠੇ ਤੇ ਉਸਾਰੀ ਦਾ ਕੰਮ, ਪਟਾਖੇ ਬਣਾਉਣਾ ਤੇ ਕੱਪੜਾ ਉਦਯੋਗਾਂ ‘ਚ ਬੱਚੇ ਸਸਤੀ ਲੇਬਰ ਦੇ ਰੂਪ ਵਿੱਚ ਕੰਮ ਕਰਦੇ ਹਨ। ਅੰਕੜਿਆਂ ਅਨੁਸਾਰ ਕੁੱਲ ਮਜਦੂਰਾਂ ਦਾ 11% ਬਾਲ ਮਜਦੂਰ ਹਨ। ਪਰ ਇਹਨਾਂ ਦਾ ਇੱਕ ਵੱਡਾ ਹਿੱਸਾ ਅੰਕੜਿਆਂ ਤੋਂ ਬਾਹਰ ਹੈ ਤੇ ਦੂਜੇ ਪਾਸੇ ਅਮੀਰਾਂ ਦੇ ਬੱਚੇ ਜੋ ਕਿਰਤ ਤੋਂ ਇਕਦਮ ਟੁੱਟੇ ਹੋਏ ਹਨ। ਉਨ੍ਹਾਂ ਦਾ ਬਚਪਨ ਕਿਤਾਬਾਂ ਦੀ ਤੋਤਾ-ਰੱਟ ਲਗਾਉਣ ਤੇ ਵੱਧ ਨੰਬਰ ਲੈਣ ਤੱਕ ਸੀਮਤ ਹੋ ਜਾਂਦਾ ਹੈ।

ਭਾਵੇਂ ਕਿ 1980 ਤੋਂ ਬਾਅਦ ਬੱਚਿਆਂ ਦੀ ਕਿਰਤ ਦੀ ਲੁੱਟ ਖ਼ਤਮ ਕਰਨ ਲਈ ਸੈਂਕੜੇ ਕਨੂੰਨ ਬਣੇ ਪਰ ਇਹਨਾਂ ਦਾ ਕੋਈ ਫਾਇਦਾ ਨਹੀਂ ਹੋਇਆ ਤੇ ਨਾ ਹੀ ਹੋਵੇਗਾ ਕਿਉਂਕਿ ਜਦੋਂ ਤੱਕ ਕਿਰਤ ਦੀ ਲੁੱਟ ਬਾਕੀ ਹੈ ਓਦੋਂ ਤੱਕ ਗਰੀਬੀ ਬਾਕੀ ਰਹੇਗੀ ਤੇ ਜਦੋਂ ਤੱਕ ਗਰੀਬੀ ਬਾਕੀ ਹੈ ਬੱਚਿਆਂ ਦੀ ਕਿਰਤ ਦੀ ਲੁੱਟ ਵੀ ਜਾਰੀ ਰਹੇਗੀ। ਇਸ ਢਾਂਚੇ ਅੰਦਰ ਸਰੀਰਕ ਤੇ ਮਾਨਸਿਕ ਕਿਰਤ ਦਾ ਸੁਮੇਲ ਨਹੀਂ ਹੋ ਸਕਦਾ। ਰੂਸ ਤੇ ਚੀਨ ਦੇ ਸਮਾਜਵਾਦ ਦੇ ਪ੍ਰਯੋਗਾਂ ਨੇ ਕਿਰਤ ਨੂੰ ਸਿੱਖਿਆ ਨਾਲ਼ ਜੋੜ ਕੇ ਜੋ ਆਦਰਸ਼ ਤਸਵੀਰ ਪੇਸ਼ ਕੀਤੀ ਉਸਨੂੰ ਸਿਰਫ ਸਮਾਜਵਾਦੀ ਢਾਂਚੇ ਵਿੱਚ ਹੀ ਲਾਗੂ ਕੀਤਾ ਜਾ ਸਕਦਾ ਹੈ।   

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 24, ਸਾਲ 5, 1 ਤੋਂ 15 ਫਰਵਰੀ 2017 ਵਿੱਚ ਪ੍ਰਕਾਸ਼ਤ

 

Advertisements