ਉੱਤਰਾਖੰਡ : ਦੈਵੀ ਆਫ਼ਤ ਜਾਂ ਕੁਦਰਤ ਦਾ ਕਹਿਰ ਨਹੀਂ, ਇਹ ਸਰਮਾਏਦਾਰੀ ਦੀ ਲਿਆਂਦੀ ਤਬਾਹੀ ਹੈ!•ਸੰਪਾਦਕੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਕਈ ਹਫ਼ਤਿਆਂ ਤੱਕ ਸੁਰਖ਼ੀਆਂ ਵਿੱਚ ਰਹਿਣ ਤੋਂ ਬਾਅਦ ਉਤਰਾਖੰਡ ਦੀ ਭਿਆਨਕ ਤਬਾਹੀ ਦੀ ਖ਼ਬਰ ਹੁਣ ਅਖ਼ਬਾਰਾਂ ਦੇ ਅੰਦਰਲੇ ਪੰਨਿਆਂ ‘ਤੇ ਚਲੀ ਗਈ ਹੈ। ਜਿਵੇਂ ਕਿ ਹੁੰਦਾ ਆਇਆ ਹੈ, ਹੌਲ਼ੀ-ਹੌਲ਼ੀ ਇਹ ਤ੍ਰਾਸਦੀ ਵੀ ਭੁਲਾ ਦਿੱਤੀ ਜਾਵੇਗੀ। ਇਸਦਾ ਜ਼ਿਕਰ ਵੀ ਉਦੋਂ ਹੀ ਹੋਵੇਗਾ ਜਦੋਂ ਅਜਿਹਾ ਹੀ ਜਾਂ ਇਸਤੋਂ ਵੀ ਭਿਆਨਕ ਕੋਈ ਤ੍ਰਾਸਦੀ ਫੇਰ ਵਾਪਰੇਗੀ ਅਤੇ ਉਦੋਂ ਇੱਕ ਵਾਰ ਫੇਰ ਮੀਡੀਆ ਵਿੱਚ ਤਰ੍ਹਾਂ-ਤਰ੍ਹਾਂ ਦੇ ਮਾਹਰ ਆਪਣੀਆਂ ਤਰ੍ਹਾਂ-ਤਰ੍ਹਾਂ ਦੀਆਂ ਵਿਆਖਿਆਵਾਂ ਪੇਸ਼ ਕਰਨਗੇ। ਕੋਈ ਇਸਨੂੰ ਦੈਵੀ ਆਫ਼ਤ ਦੱਸੇਗਾ ਤਾਂ ਕੋਈ ਕੁਦਰਤ ਦਾ ਕਹਿਰ ਅਤੇ ਕੋਈ ਸਮੁੱਚੀ ਮਨੁੱਖਤਾ ਅਤੇ ਆਧੁਨਿਕ ਵਿਗਿਆਨ ਨੂੰ ਪਾਣੀ ਪੀ-ਪੀ ਕੇ ਕੋਸੇਗਾ। ਫਿਰ ਜਿਵੇਂ ਹੀ ਮੀਡੀਆ ਨੂੰ ਅਗਲੀ ‘ਬ੍ਰੇਕਿੰਗ ਨਿਊਜ’ ਮਿਲ ਜਾਵੇਗੀ ਤਾਂ ਵਾਤਾਵਰਣ ਦਾ ਮੁੱਦਾ ਇੱਕ ਵਾਰ ਫਿਰ ਪੁਰਾਲੇਖਾਂ ‘ਚ ਚਲਾ ਜਾਵੇਗਾ। ਖ਼ੈਰ ਮੁਨਾਫ਼ੇ ਦੇ ਇਕੋ-ਇਕ ਮਕਸਦ ‘ਤੇ ਟਿਕੇ ਸਰਮਾਏਦਾਰਾ ਮੀਡੀਆ ਤੋਂ ਇਸ ਤੋਂ ਜਿਆਦਾ ਉਮੀਦ ਵੀ ਨਹੀਂ ਕੀਤੀ ਜਾਣੀ ਚਾਹੀਦੀ। ਸਗੋਂ ਆਮ ਕਿਰਤੀ ਲੋਕਾਂ, ਨੌਜਵਾਨਾਂ-ਵਿਦਿਆਰਥੀਆਂ ਅਤੇ ਲੋਕ ਪੱਖੀ ਬੁੱਧੀਜੀਵਆਂ ਨੂੰ ਇਸਦੇ ਲਈ ਅੱਗੇ ਆਉਣਾ ਪਵੇਗਾ! ਅਜਿਹਾ ਸਿਰਫ਼ ਇਸ ਲਈ ਨਹੀਂ ਕਿ ਇਨ੍ਹਾਂ ਵਿੱਚ ਜਾਨ-ਮਾਲ ਦੀ ਭਿਅੰਕਰ ਤਬਾਹੀ ਹੁੰਦੀ ਹੈ, ਸਗੋਂ ਇਸ ਲਈ ਵੀ ਕਿ ਅਜਿਹੀਆਂ ਤ੍ਰਾਸਦੀਆਂ ਮਨੁੱਖਤਾ ਹੀ ਨਹੀਂ ਸਗੋਂ ਧਰਤੀ ਅਤੇ ਉਸ ‘ਤੇ ਰਹਿਣ ਵਾਲ਼ੇ ਸਾਰੇ ਜੀਵ-ਜੰਤੂਆਂ ਅਤੇ ਬਨਸਪਤੀਆਂ ਜਾਂ ਇੰਝ ਕਹੀਏ ਕਿ ਸਮੁੱਚੇ ਪਰੀਸਥਿਤਕੀ ਢਾਂਚੇ ਦੀ ਹੋਂਦ ਲਈ ਖਤਰੇ ਦੀ ਘੰਟੀ ਹੁੰਦੀਆਂ ਹਨ। ਕਦੇ ਨਾ ਤ੍ਰਿਪਤ ਹੋਣ ਵਾਲ਼ੀ ਮੁਨਾਫ਼ੇ ਦੀ ਭੁੱਖ ਲਈ ਸਰਮਾਏਦਾਰਾ ਪ੍ਰਬੰਧ ਦਿਨ-ਬ-ਦਿਨ, ਘੰਟਾ-ਦਰ-ਘੰਟਾ ਆਮ ਕਿਰਤੀ ਲੋਕਾਂ ਦਾ ਲਹੂ ਤਾਂ ਚੂਸਦਾ ਹੀ ਹੈ, ਪਿਛਲੇ ਕੁਝ ਵਰ੍ਹਿਆਂ ਵਿੱਚ ਹੈਰਾਨੀਜਨਕ ਰੂਪ ‘ਚ ਸਮੇਂ-ਸਮੇਂ ‘ਤੇ ਨਿਯਮਿਤ ਰੂਪ ‘ਚ ਦੁਨੀਆਂ ‘ਚ ਕਿਸੇ ਨਾ ਕਿਸੇ ਕੋਨੇ ‘ਚ ਅਜਿਹੀਆਂ ਭਿਆਨਕ ਬਿਪਤਾਵਾਂ ਵਾਪਰ ਰਹੀਆਂ ਹਨ ਜੋ ਇਸ ਗੱਲ ਦਾ ਸਪੱਸ਼ਟ ਸੰਕੇਤ ਦੇ ਰਹੀਆਂ ਹਨ ਕਿ ਜੇਕਰ ਸਰਮਾਏਦਾਰਾ ਪ੍ਰਬੰਧ ਨੂੰ ਸਮੇਂ ਸਿਰ ਖ਼ਤਮ ਨਾ ਕੀਤਾ ਗਿਆ ਤਾਂ ਇਹ ਸਮੁੱਚੀ ਧਰਤੀ ਨੂੰ ਖਤਮ ਕਰ ਦੇਵੇਗਾ।

ਇਸ ਤ੍ਰਾਸਦੀ ‘ਚ ਮਰਨ ਵਾਲ਼ੇ ਅਤੇ ਗਾਇਬ ਹੋਣ ਵਾਲ਼ੇ ਲੋਕਾਂ ‘ਚ ਇਕ ਵੱਡੀ ਗਿਣਤੀ ਤੀਰਥ ਯਾਤਰੀਆਂ ਦੀ ਸੀ ਜੋ ਚਾਰ ਧਾਮ (ਕੇਦਾਰਨਾਥ, ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ) ਯਾਤਰਾ ਲਈ ਆਏ ਸਨ। ਦੇਵਭੂਮੀ ਦੇ ਨਾਂ ਨਾਲ਼ ਜਾਣੀ ਜਾਂਦੀ ਉੱਤਰਾਖੰਡ ਦੀ ਧਰਤੀ ‘ਤੇ ਵਾਪਰੀ ਇਸ ਭਿਅੰਕਰ ਤਬਾਹੀ ਦੇ ਦਿਲ ਦਹਿਲਾ ਦੇਣ ਵਾਲ਼ੇ ਦ੍ਰਿਸ਼ ਦੇਖ ਕੇ ਧਾਰਮਿਕ ਡਰਪੋਕ ਲੋਕਾਂ ਨੇ ਅਤੇ ਫਿਰਕੂ ਸਿਆਸਤ ਦੀ ਘਟੀਆ ਖੇਡ ਖੇਡਣ ਵਾਲ਼ੇ ਮਦਾਰੀਆਂ ਨੇ ਫਟਾ-ਫਟ ਇਸ ਨੂੰ ਇੱਕ ਦੈਵੀ ਆਫ਼ਤ ਕਰਾਰ ਦੇ ਦਿੱਤਾ। ਅਜਿਹੇ ਲੋਕਾਂ ਤੋਂ ਤਾਂ ਸਿਰਫ਼ ਇਹੋ ਸਵਾਲ਼ ਪੁੱਛਣਾ ਕਾਫ਼ੀ ਹੋਵੇਗਾ ਜੋ ਵਰ੍ਹਿਆਂ ਪਹਿਲਾਂ ਸ਼ਹੀਦੇ-ਆਜ਼ਮ ਭਗਤ ਸਿੰਘ ਨੇ ਆਪਣੇ ਪ੍ਰਸਿਧ ਲੇਖ ”ਮੈਂ ਨਾਸਕਿਤ ਕਿਉਂ ਹਾਂ?” ਵਿੱਚ ਪੁੱਛਿਆ ਸੀ — ”ਰੱਬ ਕਿੱਥੇ ਹੈ? ਉਹ ਕੀ ਕਰ ਰਿਹਾ ਹੈ? ਕੀ ਉਹ ਮਨੁੱਖਜਾਤੀ ਦੇ ਇਹਨਾਂ ਸਾਰੇ ਦੁੱਖਾਂ ਅਤੇ ਤਕਲੀਫ਼ਾਂ ਦਾ ਮਜ਼ਾ ਲੈ ਰਿਹਾ ਹੈ? ਤਦ ਤਾਂ ਉਹ ਨੀਰੋ ਹੈ, ਚੰਗੇਜ਼ ਖਾਂ ਹੈ, ਉਸਦਾ ਖਾਤਮਾ ਹੋਵੇ!”

ਸਾਰੇ ਵਾਤਾਵਰਣਵਾਦੀ ਇਸ ਤਬਾਹੀ ਦੇ ਕਾਰਣਾਂ ਦੀ ਟੁਕੜਿਆਂ-ਟੁਕੜਿਆਂ ਵਿੱਚ ਤਾਂ ਸਹੀ ਪੜਤਾਲ ਕਰਦੇ ਹਨ ਪਰ ਉਹਨਾਂ ਦੀ ਸੀਮਾ ਇਹ ਹੈ ਕਿ ਕੁੱਲ ਮਿਲਾ ਕੇ ਉਹ ਇਸ ਤਬਾਹੀ ਦਾ ਕਾਰਨ ਮਨੁੱਖੀ ਸੱਭਿਅਤਾ ਦੇ ਵਿਕਾਸ ਦੇ ਇਕ ਖਾਸ ਪੜਾਅ ਵਿੱਚ ਕਾਇਮ ਹੋਈ ਪੈਦਾਵਾਰੀ ਪ੍ਰਣਾਲ਼ੀ ਭਾਵ ਸਰਮਾਏਦਾਰਾ ਪੈਦਾਵਾਰ ਪ੍ਰਣਾਲ਼ੀ ਨੂੰ ਨਾ ਮੰਨ ਕੇ ਸਮੁੱਚੀ ਮਨੁੱਖਤਾ ਨੂੰ ਹੀ ਕੋਸਣ ਲੱਗਦੇ ਹਨ ਅਤੇ ਉਹਨਾਂ ‘ਚੋਂ ਕੁਝ ਤਾਂ ਆਧੁਨਿਕ ਵਿਗਿਆਨ ਨੂੰ ਹੀ ਅਜਿਹੀਆਂ ਤ੍ਰਾਸਦੀਆਂ ਲਈ ਕਸੂਰਵਾਰ ਠਹਿਰਾਉਣ ਲੱਗਦੇ ਹਨ। ਇਹ ਠੀਕ ਹੈ ਕਿ ਉੱਤਰਾਖੰਡ ਦੀ ਤ੍ਰਾਸਦੀ ਦੀ ਭਿਆਨਕਤਾ ਕਿਸੇ ਕੁਦਰਤੀ ਆਫ਼ਤ ਦਾ ਨਹੀਂ ਸਗੋਂ ਕੁਦਰਤ ਦੀ ਸੁਭਾਵਿਕ ਗਤੀ ਵਿੱਚ ਗੈਰ-ਜ਼ਰੂਰੀ ਮਨੁੱਖੀ ਦਖ਼ਲਅੰਦਾਜੀ ਦਾ ਨਤੀਜਾ ਹੈ। ਪਰ ਇਸਦੇ ਲਈ ਸਮੁੱਚੀ ਮੁਨੱਖਤਾ ਨੂੰ ਕਸੂਰਵਾਰ ਠਹਿਰਾਉਣਾ ਸਹੀ ਨਹੀਂ ਹੈ ਕਿਉਂਕਿ ਸਰਮਾਏਦਾਰਾ ਪ੍ਰਬੰਧ ਵਿੱਚ ਕੁਦਰਤ ਨਾਲ਼ ਛੇੜਛਾੜ ਵਿਆਪਕ ਮਨੁੱਖਤਾ ਦੇ ਹਿੱਤਾਂ ਨੂੰ ਧਿਆਨ ਵਿੱਚ ਨਾ ਰੱਖਕੇ ਸਮਾਜ ਦੇ ਮੁੱਠੀ ਭਰ ਲੋਕਾਂ ਦੇ ਮੁਨਾਫ਼ੇ ਲਈ ਹੁੰਦੀ ਹੈ। ਇਹ ਪ੍ਰਬੰਧ ਵਿਆਪਕ ਮਨੁੱਖਤਾ ਦੁਆਰਾ ਆਮ ਸਹਿਮਤੀ ਨਾਲ਼ ਚੁਣਿਆ ਨਹੀਂ ਗਿਆ ਸਗੋਂ ਜ਼ੋਰ-ਜਬਰਦਸਤੀ ਉਸ ‘ਤੇ ਥੋਪਿਆ ਗਿਆ ਹੈ। ਇਸ ਲਈ ਅਜਿਹੀਆਂ ਤ੍ਰਾਸਦੀਆਂ ਲਈ ਜੇਕਰ ਕੋਈ ਕਸੂਰਵਾਰ ਹੈ ਤਾਂ ਉਹ ਹੈ ਇਸ ਪ੍ਰਬੰਧ ਦੀ ਕਰਤਾ-ਧਰਤਾ ਭਾਵ ਸਰਮਾਏਮਾਰ ਹਾਕਮ ਜਮਾਤ, ਜਿਸਦੇ ਇਸ਼ਾਰਿਆਂ ‘ਤੇ ਸਰਮਾਏਦਾਰ ਵਿਕਾਸ ਦਾ ਰੱਥ ਮਨੁੱਖਤਾ ਦੇ ਨਾਲ਼-ਨਾਲ਼ ਕੁਦਰਤ ਨੂੰ ਲਹੂ-ਲੁਹਾਣ ਕਰਦਾ ਹੋਇਆ ਤੇਜ਼ ਰਫ਼ਤਾਰ ਦੌੜ ਰਿਹਾ ਹੈ। 

ਅਸਲ ‘ਚ ਗੜਵਾਲ਼ ਹਿਮਾਲਿਆ, ਜਿੱਥੇ ਸਭ ਤੋਂ ਵੱਧ ਤਬਾਹੀ ਮੱਚੀ, ਅਜੇ ਵੀ ਆਪਣੇ ਭੂ-ਗਰਭ ਵਿਕਾਸ ਦੀ ਪ੍ਰਕਿਰਿਆ ਵਿੱਚ ਹੈ ਅਤੇ ਇਸ ਕਾਰਨ ਇਹ ਸਮੁੱਚਾ ਇਲਾਕਾ ਪਰੀਸਥਿਤਕੀ ਰੂਪ ਵਿੱਚ ਕਾਫੀ ਨਾਜ਼ੁਕ ਅਤੇ ਅਸਥਿਰ ਮੰਨਿਆ ਜਾਂਦਾ ਹੈ। ਅਜਿਹੇ ਨਾਜ਼ੁਕ ਅਤੇ ਅਸਥਿਰ ਖੇਤਰ ਵਿੱਚ ਕਿਸੇ ਵੀ ਕਿਸਮ ਦਾ ਵਿਕਾਸ ਪੂਰੀ ਤਰ੍ਹਾਂ ਯੋਜਨਾਬੱਧ ਅਤੇ ਕੰਟਰੋਲ ਵਿੱਚ ਹੋਣਾ ਚਾਹੀਦਾ ਹੈ ਅਤੇ ਵਿਕਾਸ ਦੇ ਪ੍ਰੋਜੈਕਟਾਂ ਦੇ ਵਾਤਾਵਰਣ ‘ਤੇ ਪੈਣ ਵਾਲ਼ੇ ਅਸਰਾਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਤੋਂ ਬਾਅਦ ਹੀ ਉਹਨਾਂ ਨੂੰ ਹਰੀ ਝੰਡੀ ਮਿਲਣੀ ਚਾਹੀਦੀ ਹੈ। ਸਾਲ 2000 ਵਿੱਚ ਬਣੇ ਉੱਤਰਾਖੰਡ ਰਾਜ ਵਿੱਚ ਠੀਕ ਇਸ ਤੋਂ ਉਲਟਾ ਹੋਇਆ! ਉਂਝ ਤਾਂ ਇਸ ਖੇਤਰ ਵਿੱਚ ਪਹਿਲਾਂ ਤੋਂ ਹੀ ਸਰਮਾਏਦਾਰਾ ਵਿਕਾਸ ਦੀ ਸ਼ੁਰੂਆਤ ਹੋ ਚੁੱਕੀ ਸੀ ਪਰ ਨਵਾਂ ਸੂਬਾ ਬਣਨ ਤੋਂ ਬਾਅਦ ਬਿਲਡਰਾਂ, ਹੋਟਲ ਵਪਾਰੀਆਂ ਅਤੇ ਸਾਰੇ ਧੰਦੇਬਾਜ਼ਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਸ ਕਿਸਮ ਦਾ ਵਿਕਾਸ ਉੱਥੇ ਹੋਇਆ ਉਸ ਤੋਂ ਉੱਥੋਂ ਦਾ ਪਰਿਸਥਿਤਕੀ ਢਾਂਚਾ ਹੋਰ ਵੱਧ ਅਸਥਿਰ ਹੋ ਗਿਆ। 

ਸਰਮਾਏਦਾਰਾ ਵਿਕਾਸ ਦੇ ਮਾਡਲ ਤਹਿਤ ਵਾਤਾਵਰਣ ਦੀ ਪਰਵਾਹ ਨਾ ਕਰਦੇ ਹੋਏ ਜਿਸ ਤਰ੍ਹਾਂ ਅੰਨ੍ਹੇਵਾਹ ਢੰਗ ਨਾਲ਼ ਸੜ੍ਹਕਾਂ, ਸੁਰੰਗਾਂ ਅਤੇ ਬੰਨ੍ਹ  ਬਣਾਉਣ ਲਈ ਪਹਾੜੀਆਂ ਨੂੰ ਬਰੂਦ ਨਾਲ਼ ਉਡਾਇਆ ਗਿਆ ਉਸ ਦੀ ਵਜ੍ਹਾ ਕਰਕੇ ਇਸ ਪੂਰੇ ਇਲਾਕੇ ਵਿੱਚ ਚੱਟਾਨਾਂ ਦੀ ਅਸਥਿਰਤਾ ਹੋਰ ਵਧਣ ਨਾਲ਼ ਜ਼ਮੀਨ ਦੇ ਖਿਸਕਣ ਦਾ ਖਤਰਾ ਵਧ ਗਿਆ। ਜੰਗਲਾਂ ਦੀ ਅੰਨ੍ਹੇਵਾਹ ਕਟਾਈ ਅਤੇ ਗੈਰਕਨੂੰਨੀ ਖਣਨ ਨਾਲ਼ ਵੀ ਪਿਛਲੇ ਕਈ ਵਰ੍ਹਿਆਂ ਤੋਂ ਹਿਮਾਲਿਆ ਦੇ ਇਸ ਖੇਤਰ ਵਿੱਚ ਭੂਸਖਲਨ, ਮਿੱਟੀ ਖੁਰਣ ਅਤੇ ਹੜ੍ਹਾਂ ਦੇ ਵਰਤਾਰੇ ਵਿੱਚ ਵਾਧਾ ਦੇਖਣ ‘ਚ ਆਇਆ ਹੈ। ਇਹੋ ਨਹੀਂ ਇਸ ਪੂਰੇ ਇਲਾਕੇ ਵਿੱਚ ਪਿਛਲੇ ਕਈ ਵਰ੍ਹਿਆਂ ਵਿੱਚ ਹਿਮਾਲਿਆਂ ਦੀਆਂ ਨਦੀਆਂ ‘ਤੇ ਜੋ ਬੰਨ੍ਹ ਬਣਾਏ ਗਏ ਜਾਂ ਜਿਨ੍ਹਾਂ ਬੰਨ੍ਹਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਉਹਨਾਂ ਤੋਂ ਵੀ ਹੜ੍ਹਾਂ ਦੀ ਸੰਭਾਵਨਾ ਕਾਫ਼ੀ ਵੱਧ ਗਈ ਹੈ ਕਿਉਂਕਿ ਇਹਨਾਂ ‘ਚੋਂ ਜਿਆਦਾਤਰ ਦੀ ਮਨਜ਼ੂਰੀ ਵਾਤਾਵਰਣ ‘ਤੇ ਪੈਣ ਵਾਲ਼ੇ ਅਸਰਾਂ ਦੀ ਚੰਗੀ ਤਰ੍ਹਾਂ ਪੜਤਾਲ ਤੋਂ ਬਿਨਾਂ ਹੀ ਦੇ ਦਿੱਤੀ ਗਈ। ਨਾਲ਼ ਹੀ ਨਾਲ਼ ਬੰਨ੍ਹਾਂ ਵਿੱਚ ਹੋਣ ਵਾਲ਼ੀ ਸਿਲਟਿੰਗ ਨੂੰ ਵੀ ਹਟਾਉਣ ਦੀ ਕੋਈ ਕਾਰਗਰ ਯੋਜਨਾ ਨਾ ਹੋਣ ਨਾਲ਼ ਆਉਣ ਵਾਲ਼ੇ ਦਿਨਾਂ ਵਿੱਚ ਵੀ ਭਿਆਨਕ ਤ੍ਰਾਸਦੀਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਉੱਤਰਾਖੰਡ ਦੀ ਤ੍ਰਾਸਦੀ ਪਿੱਛੇ ਇਕ ਵੱਡਾ ਕਾਰਣ ਮਾਨਸੂਨ ਦਾ ਸਮੇਂ ਤੋਂ ਪਹਿਲਾਂ ਅਤੇ ਭਿਆਨਕ ਰੂਪ ਵਿੱਚ ਆਉਣਾ ਸੀ। ਮਾਨਸੂਨ ਦੀ ਅਨਿਸ਼ਚਿਤਤਾ ਵਧਣਾ ਜਲਵਾਯੂ ਤਬਦੀਲੀ ਦੇ ਵਿਆਪਕ ਵਰਤਾਰੇ ਨਾਲ਼ ਜੋੜ ਕੇ ਦੇਖਿਆ ਜਾ ਰਿਹਾ ਹੈ। ਸੰਸਾਰ ਭਰ ਵਿੱਚ ਵਿਗਿਆਨੀ ਅਤੇ ਵਾਤਾਵਰਣਵਾਦੀ ਇਹ ਗੱਲ ਵਰ੍ਹਿਆਂ ਤੋਂ ਕਹਿੰਦੇ ਆ ਰਹੇ ਹਨ ਕਿ ਪਿਛਲੇ ਕੁਝ ਦਹਾਕਿਆਂ ਤੋਂ ਸਮੁੱਚੀ ਧਰਤੀ ‘ਤੇ ਜਲਵਾਯੂ ਤਬਦੀਲੀ ਦੇ ਲੱਛਣ ਦਿਖਾਈ ਦੇ ਰਹੇ ਹਨ। ‘ਗਲੋਬਲ ਵਾਰਮਿੰਗ’ ਦਾ ਵਰਤਾਰਾ ਇਸੇ ਤਬਦੀਲੀ ਦੀ ਇੱਕ ਉਦਾਹਰਣ ਹੈ ਜਿਸ ਵਿੱਚ ਧਰਤੀ ‘ਤੇ ਕੁਝ ਖਾਸ ਗੈਸਾਂ (ਗ੍ਰੀਨ ਹਾਊਸ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ) ਦੇ ਜਿਆਦਾ ਤੋਂ ਜਿਆਦਾ ਨਿਕਾਸ ਦੀ ਵਜ੍ਹਾ ਨਾਲ਼ ਵਾਤਾਵਰਣ ਦਾ ਔਸਤ ਤਾਪਮਾਨ ਵਧ ਰਿਹਾ ਹੈ ਜਿਸਦਾ ਨਤੀਜਾ ਸੰਸਾਰ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਵਰਖਾ, ਹੜ੍ਹ ਅਤੇ ਸੋਕਾ ਜਿਹੀਆਂ ਕੁਦਰਤੀ ਆਫ਼ਤਾਂ ਦੀ ਵਧਦੀ ਵਾਰਵਾਰਤਾ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ‘ਗ੍ਰੀਨ ਹਾਊਸ’ ਗੈਸਾਂ ਦਾ ਨਿਕਾਸ ਮੁੱਖ ਤੌਰ ‘ਤੇ ਜੈਵਿਕ ਬਾਲਣ ਦੀ ਵਰਤੋਂ ‘ਚ ਪਹਿਲਾਂ ਨਾਲ਼ੋ ਕਿਤੇ ਜਿਆਦਾ ਵਾਧੇ ਨਾਲ਼ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਗਲੋਬਲ ਵਾਰਮਿੰਗ ਦਾ ਇਕ ਹੋਰ ਪ੍ਰਭਾਵ ਗਲੇਸ਼ੀਅਰਾਂ ਦੇ ਪਿਘਲਣ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ ਜਿਸਦੀ ਵਜ੍ਹਾ ਨਾਲ਼ ਹੜ੍ਹਾਂ ਦੀ ਸੰਭਾਵਨਾ ਕਾਫ਼ੀ ਵਧ ਜਾਂਦੀ ਹਨ। ਕੇਦਾਰਨਾਥ ਘਾਟੀ ਦੀ ਆਫ਼ਤ ਦੀ ਭਿਅੰਕਰਤਾ ਦਾ ਇੱਕ ਕਾਰਨ ਚੋਰਾਬਾਰੀ ਗਲੇਸ਼ੀਅਰ ਦਾ ਪਿਘਲਣਾ ਵੀ ਹੈ ਜੋ ਮੰਦਾਕਿਨੀ ਨਦੀ ਦਾ ਸ੍ਰੋਤ ਹੈ। ਇਸ ਗਲੇਸ਼ੀਅਰ ਦੇ ਪਿਘਲਣ ਦੀ ਵਜ੍ਹਾ ਨਾਲ਼ ਕੇਦਾਰਨਾਥ ਘਾਟੀ ਵਿੱਚ ਪਾਣੀ ਦੇ ਵਹਾਅ ਵਿੱਚ ਭਾਰੀ ਵਾਧਾ ਹੋਇਆ ਅਤੇ ਭੂਸਖਲਨ ਨਾਲ਼ ਆਉਣ ਵਾਲ਼ੀਆਂ ਚੱਟਾਨਾਂ ਅਤੇ ਭਾਰੀ ਪੱਥਰਾਂ ਨਾਲ਼ ਜਦੋਂ ਇਹ ਪਾਣੀ ਕੇਦਾਰਨਾਥ ਕਸਬੇ ‘ਚ ਪਹੁੰਚਿਆਂ ਤਾਂ ਉਥੇ ਲੋਕਾਂ ਨੂੰ ਸੰਭਲਣ ਦਾ ਮੌਕਾ ਵੀ ਨਾ ਮਿਲਿਆ ਅਤੇ ਦੇਖਦੇ ਹੀ ਦੇਖਦੇ ਸਾਰੇ ਕਸਬੇ ਵਿੱਚ ਤਬਾਹੀ ਮਚ ਗਈ। 

ਉੱਤਰਾਖੰਡ ਦੀ ਇਸ ਭਿਆਨਕ ਤਬਾਹੀ ਵਿੱਚ ਜਾਨ-ਮਾਲ ਦੇ ਅਣਕਿਆਸੇ ਨੁਕਸਾਨ ਦਾ ਇਕ ਕਾਰਣ ਇਹ ਵੀ ਰਿਹਾ ਕਿ ਜਦੋਂ ਇਹ ਆਫ਼ਤ ਆਈ ਉਸ ਸਮੇਂ ਉੱਥੇ ਹੋਰਨਾਂ ਰਾਜਾਂ ਤੋਂ ਬਹੁਤ ਵੱਡੀ ਗਿਣਤੀ ਵਿੱਚ ਆਏ ਤੀਰਥਯਾਤਰੀ ਮੌਜੂਦ ਸਨ। ਧਿਆਨ ਦੇਣ ਯੋਗ ਹੈ ਕਿ ਏਨੀ ਵੱਡੀ ਗਿਣਤੀ ਵਿੱਚ ਤੀਰਥ ਯਾਤਰੀਆਂ ਦਾ ਚਾਰ ਧਾਮ ਯਾਤਰਾ ‘ਤੇ ਆਉਣਾ ਆਪਮੁਹਾਰਾ ਨਹੀਂ ਹੈ, ਸਗੋਂ ਇਸ ਪਿਛੇ ਪੂਰਾ ਸੈਰ-ਸਪਾਟਾ ਉਦਯੋਗ ਦਾ ਤਾਣਾ-ਬਾਣਾ ਕੰਮ ਕਰਦਾ ਹੈ ਜਿਸ ਵਿੱਚ ਟੂਰ ਆਪਰੇਟਰਜ਼ ਤੋਂ ਲੈ ਕੇ ਹੋਟਲ ਵਪਾਰੀਆਂ ਅਤੇ ਖੁੰਭਾ ਵਾਂਗ ਉੱਗਣ ਵਾਲ਼ੇ ਤਰ੍ਹਾਂ-ਤਰ੍ਹਾਂ ਦੇ ਅਧਿਆਤਮਕ ਗੁਰੂ ਅਤੇ ਬਾਬੇ ਸ਼ਾਮਲ ਹਨ। ਜਿੱਥੇ ਇਕ ਪਾਸੇ ਸਰਮਾਏਦਾਰੀ ਜਮਾਤ ਸਮਾਜ ਵਿੱਚ ਗੈਰ-ਬਰਾਬਰੀ ਅਤੇ ਅਰਾਜਕਤਾ ਫੈਲਾ ਕੇ ਲੋਕਾਂ ਨੂੰ ਪਾਪ ਅਤੇ ਅਪਰਾਧ ਕਰਨ ਲਈ ਉਕਸਾਉਂਦੀ ਰਹਿੰਦੀ ਹੈ, ਉੱਥੇ ਦੂਜੇ ਪਾਸੇ ਧਰਮ ਵਿੱਚ ਮੌਜੂਦ ਇਨ੍ਹਾਂ ਪਾਪਾਂ ਦਾ ਪਸ਼ਚਾਤਾਪ ਕਰਨ ਅਤੇ ਮੁਕਤੀ ਪ੍ਰਾਪਤੀ ਦੇ ਸਾਰੇ ਤਰੀਕਿਆਂ ਨੂੰ ਅਪਣਾ ਕੇ ਮੁਨਾਫ਼ਾ ਕਮਾਉਣ ਦੇ ਰੋਜ਼ਾਨਾ ਨਵੇਂ ਅਵਤਾਰ ਵੀ ਖੋਜਦੀ ਰਹਿੰਦੀ ਹੈ। ਤੀਰਥ ਯਾਤਰਾ ਇਕ ਅਜਿਹਾ ਹੀ ਤਰੀਕਾ ਹੈ ਜਿਸਨੇ ਦੇਖਦੇ ਹੀ ਦੇਖਦੇ ਪਿਛਲੇ ਕੁੱਝ ਸਾਲਾਂ ਵਿੱਚ ਹੀ ਇਕ ਜੱਥੇਬੰਦ ਸੈਰ-ਸਪਾਟਾ ਉਦਯੋਗ ਦਾ ਰੂਪ ਧਾਰਣ ਕਰ ਲਿਆ ਹੈ। ਇਥੋਂ ਤੱਕ ਕਿ ਮਜ਼ਦੂਰ ਜਮਾਤ ਦੇ ਇਕ ਹਿਸੇ ‘ਚ ਵੀ ਇਹ ਅੰਧਵਿਸ਼ਵਾਸ਼ੀ ਸੋਚ ਘਰ ਕਰ ਗਈ ਹੈ ਕਿ ਤੀਰਥ ਯਾਤਰਾ ਨਾਲ਼ ਉਸਦੇ ਜੀਵਨ ਵਿੱਚ ਕੁੱਝ ਸੁਧਾਰ ਆ ਜਾਵੇਗਾ। 

ਕੇਂਦਰ ਅਤੇ ਰਾਜ ਸਰਕਾਰਾਂ ਦੋਨਾਂ ਦੇ ਨੁਮਾਇੰਦਿਆਂ ਨੇ ਇਸ ਭਿਆਨਕ ਤ੍ਰਾਸਦੀ ਲਈ ਕਿਸੇ ਵੀ ਤਰ੍ਹਾਂ ਦੀ ਜਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਗੱਲ ਸਹੀ ਹੈ ਕਿ ਇਸ ਤ੍ਰਾਸਦੀ ਵਿੱਚ ਹੜ੍ਹ ਦੇ ਨਾਲ਼-ਨਾਲ਼ ਵੱਡੀ ਮਾਤਰਾ ਵਿੱਚ ਮਲਬੇ ਦੇ ਵਹਿਣ ਨਾਲ਼ ਇਸਨੇ ਭਿਆਨਕ ਰੂਪ ਲੈ ਲਿਆ। ਪਰ ਇਹ ਵੀ ਓਨਾ ਹੀ ਸਹੀ ਹੈ ਕਿ ਏਨੀ ਭਿਆਨਕ ਤ੍ਰਾਸਦੀ ਵਿੱਚ ਵੀ ਸਰਕਾਰ ਅਤੇ ਪ੍ਰਸ਼ਾਸਨ ਦੀ ਚੁਸਤੀ ਅਤੇ ਮੁਸਤੈਦੀ ਨਾਲ਼ ਜਾਨ-ਮਾਲ ਦੀ ਹਾਨੀ ਨੂੰ ਘੱਟ ਕੀਤਾ ਜਾ ਸਕਦਾ ਸੀ।

ਕੇਂਦਰ ਸਰਕਾਰ ਤਹਿਤ ਕੰਮ ਕਰਨ ਵਾਲ਼ੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉਸਨੇ ਇਸ ਵਾਰ ਸਮੇਂ ਤੋਂ ਪਹਿਲਾਂ ਮਾਨਸੂਨ ਆਉਣ ਦੀ ਸਪੱਸ਼ਟ ਚੇਤਾਵਨੀ ਦਿੱਤੀ ਸੀ ਅਤੇ ਉੱਤਰਾਖੰਡ ਸਰਕਾਰ ਨੂੰ ਇਹ ਵੀ ਜਾਣਕਾਰੀ ਸੀ ਕਿ 16,17 ਅਤੇ 18 ਜੂਨ ਨੂੰ ਉੱਥੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪਰ ਰਾਜ ਸਰਕਾਰ ਦਾ ਇਹ ਕਹਿਣਾ ਹੈ ਕਿ ਇਹ ਚੇਤਾਵਨੀ ਠੋਸ ਰੂਪ ਵਿੱਚ ਨਾ ਹੋ ਕੇ ਬਹੁਤ ਆਮ ਰੂਪ ਵਿੱਚ ਦਿੱਤੀ ਗਈ ਸੀ, ਇਸ ਲਈ ਪ੍ਰਸ਼ਾਸਨ ਨੇ ਕੋਈ ਕਦਮ ਚੁੱਕਣਾ ਜ਼ਰੂਰੀ ਨਾ ਸਮਝਿਆ। ਸਪੱਸ਼ਟ ਹੈ ਕਿ ਪ੍ਰਸ਼ਾਸਨਿਕ ਹਲਕੇ ਵਿੱਚ ਮੌਸਮ ਵਿਭਾਗ ਦੀ ਭਵਿੱਖਬਾਣੀ ਸਿਰਫ਼ ਰਸਮ ਅਦਾਇਗੀ ਬਣ ਕੇ ਰਹਿ ਗਈ ਹੈ। ਇਸ ਪੂਰੇ ਘਟਨਾਕ੍ਰਮ ਵਿੱਚ ਭਾਰਤ ਦੀ ਸਰਮਾਏਦਾਰਾ ਅਫ਼ਸਰਸ਼ਾਹੀ ਦਾ ਘੋਰ ਲੋਕ ਵਿਰੋਧੀ ਅਤੇ ਸੰਵੇਦਨਹੀਣ ਕਿਰਦਾਰ ਸਾਹਮਣੇ ਆਇਆ ਹੈ।

ਉੱਤਰਾਖੰਡ ਤ੍ਰਾਸਦੀ ਤੋਂ ਦੋ ਮਹੀਨੇ ਪਹਿਲਾਂ ਹੀ ਕੈਗ (ਕੰਟਰੋਲਰ ਐਂਡ ਆਡੀਟਰ ਜਨਰਲ) ਨੇ ਆਪਣੀ ਇਕ ਰਿਪੋਰਟ (ਪਰਫਾਰਮੈਂਸ ਆਡਿਟ ਰਿਪੋਰਟ, 23 ਅਪ੍ਰੈਲ 2013) ਵਿੱਚ ਆਫ਼ਤ ਪ੍ਰਬੰਧਾਂ ਦੇ ਮਾਮਲੇ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੇ ਲੱਚਰ ਦ੍ਰਿਸ਼ਟੀਕੋਣ ਦੀ ਅਲੋਚਨਾ ਕੀਤੀ ਸੀ। ਰਿਪੋਰਟ ਵਿੱਚ ਇਹ ਸਾਫ਼ ਲਿਖਿਆ ਹੈ ਕਿ 2007 ਵਿੱਚ ਮੁੱਖ ਮੰਤਰੀ ਦੀ ਪ੍ਰਧਾਨਗੀ ਵਿੱਚ ਬਣੀ ਉੱਤਰਾਖੰਡ ਆਫ਼ਤ ਪ੍ਰਬੰਧਕ ਅਥਾਰਿਟੀ ਨੇ ਅੱਜ ਤੱਕ ਰਾਜ ਵਿੱਚ ਆਫ਼ਤ ਪ੍ਰਬੰਧਾਂ ਸਬੰਧੀ ਕੋਈ ਨੀਤੀ ਨਹੀਂ ਬਣਾਈ ਅਤੇ ਕੋਈ ਦਿਸ਼ਾ-ਨਿਰਦੇਸ਼ ਵੀ ਨਹੀਂ ਜ਼ਾਰੀ ਕੀਤੇ। ਆਫ਼ਤ ਪ੍ਰਬੰਧ ਕਨੂੰਨ 2005 ਅਨੁਸਾਰ ਹਰ ਸੂਬੇ ਨੂੰ ਆਪਣੀ ਆਫ਼ਤ ਪ੍ਰਬੰਧ ਯੋਜਨਾ ਬਣਾਉਣ ਦੀ ਜਿੰਮੇਵਾਰੀ ਨਿਭਾਉਣੀ ਪਏਗੀ। ਪਰ ਉੱਤਰਾਖੰਡ ਸਮੇਤ ਸਾਰੇ ਰਾਜਾਂ ਦੀਆਂ ਸਰਕਾਰਾਂ ਨੇ ਅਜਿਹੀ ਕੋਈ ਯੋਜਨਾ ਨਹੀਂ ਬਣਾਈ ਅਤੇ ਨਾ ਹੀ ਵੱਖ-ਵੱਖ ਪ੍ਰਕਾਰ ਦੀਆਂ ਆਫ਼ਤਾਂ ਦੀ ਵਾਰਵਾਰਤਾ ਅਤੇ ਤੀਖਣਤਾ ਦੇ ਅੰਕੜੇ ਇਕੱਠੇ ਕਰਨ ਦੀ ਦਿਸ਼ਾ ਵਿੱਚ ਹੀ ਕੋਈ ਕੋਸ਼ਿਸ਼ ਕੀਤੀ ਗਈ। ਪ੍ਰਧਾਨਮੰਤਰੀ ਦੀ ਪ੍ਰਧਾਨਗੀ ਵਾਲ਼ੀ ਕੌਮੀ ਆਫ਼ਤ ਪ੍ਰਬੰਧਕ ਅਥਾਰਿਟੀ (ਐਨ. ਡੀ. ਐਮ. ਏ.) ਦੀ ਇਹ ਜਿੰਮੇਦਾਰੀ ਹੈ ਕਿ ਉਹ ਰਾਜਾਂ ਦੇ ਉੱਪਰ ਦਬਾਅ ਪਾਏ ਕਿ ਉਹ ਆਫ਼ਤ ਪ੍ਰਬੰਧਾਂ ਲਈ ਆਪਣੀਆਂ-ਆਪਣੀਆਂ ਯੋਜਨਾਵਾਂ ਬਣਾਉਣ ਅਤੇ ਦਿਸ਼ਾ-ਨਿਰਦੇਸ਼ ਜਾਰੀ ਕਰਨ। ਪਰ ਐਨ.ਡੀ.ਐਮ.ਏ. ਨੂੰ ਆਪਣੀ ਇਸ ਜਿੰਮੇਵਾਰੀ ਨਿਭਾਉਣ ਲਈ ਫੁਰਸਤ ਨਹੀਂ ਮਿਲੀ। ਅਜਿਹੇ ਵਿੱਚ ਇਹ ਹੈਰਾਨੀ ਦੀ ਗੱਲ ਨਹੀਂ ਕਿ ਆਫ਼ਤ ਆਉਣ ਤੋਂ ਬਾਅਦ ਉੱਤਰਾਖੰਡ ਦੇ ਮੁੱਖ ਮੰਤਰੀ ਇੱਧਰ ਓਧਰ ਝਾਕਦੇ ਨਜ਼ਰ ਆਏ ਅਤੇ ਸੂਬੇ ਵਿੱਚ ਆਫ਼ਤ ਪ੍ਰਬੰਧਾਂ ਦੀ ਦੇਖ-ਰੇਖ ਕਰਨ ਦੀ ਬਜਾਏ ਦਿੱਲੀ ਵਿੱਚ ਡੇਰੇ ਲਾਈ ਬੈਠੇ ਰਹੇ ਅਤੇ ਦੇਸ਼ ਵਾਸੀਆਂ ਨੂੰ ਮਦਦ ਦੀਆਂ ਅਪੀਲਾਂ ਕਰਦੇ ਫਿਰਦੇ ਰਹੇ।

ਅੰਤ ਵਿੱਚ ਇਹ ਜੋੜਨਾ ਜ਼ਰੂਰੀ ਹੈ ਕਿ ਉੱਤਰਾਖੰਡ ਦੀ ਤ੍ਰਾਸਦੀ ਤੋਂ ਬਾਅਦ ਜੋ ਲੋਕ ਹਰ ਕਿਸਮ ਦੇ ਆਧੁਨਿਕ ਵਿਕਾਸ ਜਿਵੇਂ ਕਿ ਪਹਾੜਾਂ ‘ਤੇ ਸੜਕਾਂ, ਸੁਰੰਗਾਂ, ਬੰਨ੍ਹ ਆਦਿ ਬਣਾਉਣ ਦਾ ਨਿਰਪੇਖ ਵਿਰੋਧ ਕਰ ਰਹੇ ਹਨ ਉਹ ਵੀ ਇਸ ਕਿਸਮ ਦੀ ਤ੍ਰਾਸਦੀ ਤੋਂ ਛੁਟਕਾਰਾ ਦਵਾਉਣ ਦਾ ਕੋਈ ਢੁੱਕਵਾਂ ਉਪਾਅ ਨਹੀਂ ਦੱਸ ਰਹੇ। ਮਨੁੱਖੀ ਸੱਭਿਅਤਾ ਦੇ ਜਨਮ ਨਾਲ਼ ਹੀ ਮਨੁੱਖ ਅਤੇ ਕੁਦਰਤ ਵਿਚਕਾਰ ਵਿਰੋਧਤਾਈਆਂ ਦੀ ਸ਼ੁਰੂਆਤ ਹੋ ਚੁੱਕੀ ਸੀ। ਇਹ ਸਹੀ ਹੈ ਕਿ ਸਰਮਾਏਦਾਰਾ ਪੈਦਾਵਾਰ ਪ੍ਰਣਾਲੀ ਵਿੱਚ ਸਮੋਈ ਅਰਾਜਕਤਾ ਦੀ ਵਜ੍ਹਾ ਨਾਲ਼ ਇਸ ਵਿਰੋਧਤਾਈ ਨੇ ਵਿਨਾਸ਼ਕਾਰੀ ਰੂਪ ਲੈ ਲਿਆ ਹੈ। ਪਰ ਇਸਦਾ ਹੱਲ ਇਹ ਨਹੀਂ ਹੋ ਸਕਦਾ ਕਿ ਅਸੀਂ ਹਰ ਕਿਸਮ ਦੀ ਆਧੁਨਿਕਤਾ ਦਾ ਤਿਆਗ ਕਰਕੇ ਮਨੁੱਖੀ ਸੱਭਿਅਤਾ ਦੀਆਂ ਪਿਛਲੀਆਂ ਮੰਜਿਲਾਂ ਵੱਲ ਮੁੜ ਜਾਈਏ। ਇਸ ਤ੍ਰਾਸਦੀ ਦਾ ਹੱਲ ਸਾਨੂੰ ਅਤੀਤ ਦੀ ਥਾਂ ਭਵਿੱਖ ਦੀ ਪੈਦਾਵਾਰੀ ਪ੍ਰਣਾਲ਼ੀ ਵਿੱਚ ਲੱਭਣਾ ਪਏਗਾ। ਅਜਿਹਾ ਹੱਲ ਸਮਾਜਵਾਦੀ ਪੈਦਾਵਾਰੀ ਪ੍ਰਣਾਲ਼ੀ ਹੀ ਦੇ ਸਕਦੀ ਹੈ ਜਿਸਦੀ ਹੋਂਦ ਸਮਾਜ ਦੇ ਮੁੱਠੀ ਭਰ ਲੋਕਾਂ ਦੀ ਮੁਨਾਫ਼ੇ ਦੀ ਸਨਕ ਨੂੰ ਪੂਰਾ ਕਰਨ ਦੀ ਥਾਂ ਵਿਆਪਕ ਮਨੁੱਖਤਾ ਦੀਆਂ ਅਸਲ ਲੋੜਾਂ ਪੂਰੀਆਂ ਕਰਨ ਲਈ ਹੋਵੇ। ਸਿਰਫ਼ ਅਜਿਹੀ ਪੈਦਵਾਰੀ ਪ੍ਰਣਾਲੀ ਵਿੱਚ ਹੀ ਮਨੁੱਖ ਅਤੇ ਕੁਦਰਤ ਵਿਚਕਾਰ ਵਿਰੋਧਤਾਈਆਂ ਨੂੰ ਯੋਜਨਾਬੱਧ ਅਤੇ ਦੋਸਤਾਨਾ ਢੰਗ ਨਾਲ਼ ਹੱਲ ਕੀਤਾ ਜਾ ਸਕਦਾ ਹੈ। ਵਿਕਾਸ ਦੇ ਮੌਜੂਦਾ ਸਰਮਾਏਦਾਰਾ ਮਾਡਲ ਦੇ ਮੁਕਾਬਲੇ ਸਮਾਜਵਾਦੀ ਮਾਡਲ ਵਿੱਚ ਲੋਕ ਨਾ ਸਿਰਫ਼ ਸਥਾਨਕ ਅਬਾਦੀ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ਼ ਮਿਲ਼ਜੁਲ਼ ਕੇ ਯੋਜਨਾਵਾਂ ਬਣਾਉਣਗੇ ਅਤੇ ਉਹਨਾਂ ਨੂੰ ਲਾਗੂ ਕਰਨਗੇ ਸਗੋਂ ਕਿਸੇ ਵੀ ਆਫ਼ਤ ਦੀ ਹਾਲਤ ਵਿੱਚ ਹੱਥ ‘ਤੇ ਹੱਥ ਧਰ ਕੇ ਟੀ.ਵੀ. ‘ਤੇ ਤ੍ਰਾਸਦੀ ਦਾ ਮੰਜ਼ਰ ਦੇਖ ਕੇ ਹੈਰਾਨ ਅਤੇ ਦੁਖੀ ਹੋਣ ਦੀ ਥਾਂ ਆਫ਼ਤ ਪ੍ਰਬੰਧਾਂ ਵਿੱਚ ਸਰਗਰਮ ਹਿਸਾ ਲੈਣਗੇ ਜਿਸ ਨਾਲ਼ ਤਬਾਹੀ ਨੂੰ ਘੱਟ ਕਰਨਾ ਵੀ ਸੰਭਵ ਹੋ ਸਕੇਗਾ। ਪਰ ਸਮਾਜਵਾਦੀ ਪ੍ਰਬੰਧ ਸਰਮਾਏਦਾਰਾ ਪ੍ਰਬੰਧ ਨੂੰ ਉਖਾੜ ਸੁੱਟਣ ਤੋਂ ਬਾਅਦ ਹੀ ਬਣਾਇਆ ਜਾ ਸਕਦਾ ਹੈ। ਇਸ ਲਈ ਮਨੁੱਖਤਾ ਹੀ ਨਹੀਂ ਸਗੋਂ ਸਮੁੱਚੀ ਧਰਤੀ ਦੀ ਹੋਂਦ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਅਸੀਂ ਸਰਮਾਏਦਾਰਾ ਪ੍ਰਬੰਧ ਨੂੰ ਮਿੱਟੀ ‘ਚ ਮਿਲਾਉਣ ਦੇ ਕੰਮ ਵਿੱਚ ਜੀ-ਜਾਨ ਨਾਲ਼ ਲੱਗ ਜਾਈਏ। 

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 19, ਅਗਸਤ 2013 ਵਿਚ ਪ੍ਰਕਾਸ਼ਿ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s