ਪੂਰੇ ਦੇਸ਼ ਨੂੰ ਫਾਸੀਵਾਦ ਦੀ ਪ੍ਰਯੋਗਸ਼ਾਲਾ ਵਿੱਚ ਬਦਲਣ ਦੀ ਸਰਮਾਏਦਾਰਾਂ ਦੀ ਤਿਆਰੀ • ਅਰਵਿੰਦ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਪ੍ਰਚਾਰ ਮੁਹਿੰਮ

ਕੁਝ ਹੀ ਦਿਨ ਪਹਿਲਾਂ ਨਰਿੰਦਰ ਮੋਦੀ ਗੁਜਰਾਤ ਦੇ ‘ਵਿਕਾਸ’ ਦੇ ਗੀਤ ਗਾਉਣ ਲਈ ਦਿੱਲੀ ਯੂਨੀਵਰਸਿਟੀ ਦੇ ਐਸ.ਆਰ.ਸੀ.ਸੀ. ਕਾਲਜ ਵਿੱਚ ਆਏ। ਉੱਥੇ ਸਾਰੀਆਂ ਜਮਹੂਰੀ ਵਿਦਿਆਰਥੀ ਜੱਥੇਬੰਦੀਆਂ ਅਤੇ ਅਧਿਆਪਕਾਂ ਨੇ ‘ਨਰਿੰਦਰ ਮੋਦੀ ਮੁਰਦਾਬਾਦ’, ‘ਫਾਸੀਵਾਦ ਮੁਰਦਾਬਾਦ’, ਅਤੇ ‘ਨਰਿੰਦਰ ਮੋਦੀ ਵਾਪਸ ਜਾਓ’ ਵਰਗੇ ਨਾਅਰਿਆਂ ਨਾਲ਼ ਉਸਦਾ ਸਵਾਗਤ ਕੀਤਾ। ਉੱਥੇ ਹੀ ਇੱਕ ਭੱਦਰਪੁਰਸ਼ ਜੋ ਬਹੁਤ ਖਾਂਦਾ-ਪੀਂਦਾ ਲੱਗ ਰਿਹਾ ਸੀ; ਬੋਲਿਆ – “ਮੋਦੀ ਇੱਕ ਤੂਫ਼ਾਨ ਹੈ, ਤੁਹਾਡੇ ਰੋਕਣ ਨਾਲ਼ ਇਹ ਨਹੀਂ ਰੁਕੇਗਾ।” ਇਸ ਤਰ੍ਹਾਂ ਦੇ ਪ੍ਰਗਟਾਵੇ ਹੈਰਾਨੀ ਦੀ ਗੱਲ ਨਹੀਂ ਹਨ। ਤੁਹਾਨੂੰ ਬਹੁਤ ਸਾਰੇ ਲੋਕ ਅਜਿਹੇ ਮਿਲ ਜਾਣਗੇ ਜਿਹਨਾਂ ਲਈ ਮੋਦੀ ਇੱਕ ਨਾਇਕ ਹੈ ਅਤੇ ਇੱਕ ਅਸਲੀ ਆਗੂ ਵਰਗਾ ਹੈ। ਇਹ ਗੱਲ ਕਿਸੇ ਵੀ ਸੰਜੀਦਾ ਬੰਦੇ ਨੂੰ ਸੋਚਣ ਲਈ ਮਜ਼ਬੂਰ ਕਰਦੀ ਹੈ ਕਿ ਕਿਵੇਂ ਸਿੱਧੇ ਤੌਰ ‘ਤੇ ਇੱਕ ਫਿਰਕੂ ਦਿੱਖ ਵਾਲ਼ਾ ਬੰਦਾ ਆਮ ਲੋਕਾਂ (ਖ਼ਾਸ ਕਰ ਨਿਮਨ ਜਾਂ ਮੱਧ ਮੱਧਵਰਗ) ਲਈ ਨਾਇਕ ਦੇ ਤੌਰ ‘ਤੇ ਉੱਭਰਕੇ ਸਾਹਮਣੇ ਆਉਂਦਾ ਹੈ। ਇਹ ਚੀਜ਼ ਇੱਕ ਪਾਸੇ ਤਾਂ ਦੇਸ਼ ਵਿੱਚ ਪਲ਼ ਰਹੇ ਫਾਸੀਵਾਦ ਵੱਲ ਇਸ਼ਾਰਾ ਕਰਦੀ ਹੈ, ਦੂਜਾ ਇਹ ਸਵਾਲ ਉੱਭਰਕੇ ਸਾਹਮਣੇ ਆਉਂਦਾ ਹੈ ਕਿ ਜਦ ਆਰਥਿਕ-ਸਮਾਜਿਕ-ਸਿਆਸੀ ਢਾਂਚਾ ਬਦਲ ਦੀ ਮੰਗ ਕਰਦਾ ਹੈ ਤਾਂ ਕਿਉਂ ਸਮਾਜ ਦਾ ਇੱਕ ਹਿੱਸਾ ਫਾਸੀਵਾਦੀ ਚਿਹਰਿਆਂ ਵਿੱਚ ਸਮੱਸਿਆਵਾਂ ਦੇ ਸਹੀ ਹੱਲ ਦੇਖਣ ਲੱਗਦਾ ਹੈ? ਇਸਦੀ ਪੜਤਾਲ ਬੇਹੱਦ ਲਾਜ਼ਮੀ ਹੈ। 

ਆਰਥਿਕ ਸੰਕਟ ਦੇ ਵਧਣ ਨਾਲ਼ ਹੀ ਫਾਸੀਵਾਦ ਦੇ ਖ਼ਤਰੇ ਵੀ ਵੱਧ ਜਾਂਦੇ ਹਨ। ਅੱਜ ਭਾਰਤ ਹੀ ਨਹੀਂ ਸਗੋਂ ਸਾਰੇ ਸੰਸਾਰ ਵਿੱਚ ਸਰਮਾਏਦਾਰਾ ਢਾਂਚਾ ਆਰਥਿਕ ਸੰਕਟ ਦਾ ਸ਼ਿਕਾਰ ਹੈ। ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਮਹਿੰਗਾਈ ਅਤੇ ਸਮਾਜਿਕ ਮਦਾਂ ਵਿੱਚ ਕਟੌਤੀ ਕਾਰਣ ਲਗਾਤਾਰ ਲੋਕ ਸੜਕਾਂ ‘ਤੇ ਉੱਤਰ ਰਹੇ ਹਨ। ਫਾਸੀਵਾਦੀ ਅਤੇ ਧਾਰਮਿਕ ਕੱਟੜਪੰਥੀ ਉਭਾਰ ਵੀ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਰੂਪਾਂ ਵਿੱਚ ਦੇਖੇ ਜਾ ਸਕਦੇ ਹਨ। ਅਮਰੀਕਾ ਦੀ ਟੀ ਪਾਰਟੀ, ਜਰਮਨੀ ਦੇ ਨਵ-ਨਾਜ਼ੀ ਸਮੂਹ, ਮਿਸਰ ਵਿੱਚ ਮੁਸਲਿਮ ਬ੍ਰਦਰਹੁੱਡ ਤੋਂ ਲੈ ਕੇ ਸਾਰੇ ਸੰਸਾਰ ਵਿੱਚ ਕੱਟੜਪੰਥੀ ਰੁਝਾਨ ਰੱਖਣ ਵਾਲ਼ੀਆਂ ਸਿਆਸੀ ਜੱਥੇਬੰਦੀਆਂ ਮੌਜੂਦ ਹਨ। ਅਸਲ ਵਿੱਚ ਫਾਸੀਵਾਦ ਨੂੰ ਠੀਕ ਹੀ ‘ਸਰਮਾਏਦਾਰਾਂ ਦੀ ਸੰਗਲੀ ਨਾਲ਼ ਬੰਨ੍ਹਿਆ ਹੋਇਆ ਕੁੱਤਾ’ ਕਿਹਾ ਗਿਆ ਹੈ, ਜਿਸਨੂੰ ਸੰਕਟ ਸਮੇਂ ਲੋਕਾਂ ‘ਤੇ ਛੱਡਿਆ ਜਾ ਸਕੇ।

ਫਾਸੀਵਾਦੀਆਂ ਨਾਲ਼ ਸਰਮਾਏਦਾਰਾਂ ਦੇ ਬਹੁਤ “ਮਿਠੜੇ ਸਬੰਧ” ਦੇਖਣ ‘ਚ ਆਉਂਦੇ ਹਨ। ਤੁਹਾਡੀ ਜਾਣਕਾਰੀ ਲਈ, ਹਿਟਲਰ ਦੇ ਸੱਤਾ ਵਿੱਚ ਆਉਣ ਦੌਰਾਨ ਜਰਮਨੀ ਦੇ ਸਰਮਾਏਦਾਰਾਂ ਨੇ ਸੈਂਕੜੇ ਲੱਖ ਮਾਰਕ ਜਮ੍ਹਾਂ ਕੀਤੇ ਸਨ। ਹਿਟਲਰ ਨੂੰ ਪੈਸੇ ਦੇਣ ਵਾਲ਼ਿਆਂ ਵਿੱਚ ਵਾਸ਼ ਅਤੇ ਫਾਕਲੇਅਰ ਵਰਗੀਆਂ ਕੰਪਨੀਆਂ ਸ਼ਾਮਲ ਸਨ। ਠੀਕ ਇਸੇ ਤਰ੍ਹਾਂ ਸਾਡੇ ਦੇਸ਼ ਦੇ ਹੀ ਨਹੀਂ ਸਗੋਂ ਵਿਦੇਸ਼ੀ ਸਰਮਾਏਦਾਰ ਵੀ ਮੋਦੀ ਦਾ ਗੁਣਗਾਨ ਕਰਦੇ ਨਹੀਂ ਥੱਕਦੇ। ਚੌਣਾਂ ਸਮੇਂ ਦਿੱਤਾ ਜਾਣ ਵਾਲ਼ਾ ‘ਚੰਦਾ’ ਤਾਂ ਆਮ ਗੱਲ ਹੈ। ਅਸਲ ਵਿੱਚ ਇਹ ਨਿਵੇਸ਼ ਦਾ ਹੀ ਇੱਕ ਹਿੱਸਾ ਹੁੰਦਾ ਹੈ ਜਿਸਨੂੰ ਸਸਤੀ ਕਿਰਤ, ਕੁਦਰਤੀ ਸਾਧਨਾਂ ਦੀ ਲੁੱਟ, ਕਰ ਛੋਟ ਆਦਿ ਦੇ ਰੂਪ ਵਿੱਚ ਸੂਦ ਸਮੇਤ ਪ੍ਰਾਪਤ ਕਰ ਲਿਆ ਜਾਂਦਾ ਹੈ, ਮਜ਼ਦੂਰਾਂ ਤੋਂ ਨਿਚੋੜਿਆ ਗਿਆ ਮੁਨਾਫ਼ਾ ਵੱਖ ਤੋਂ! ਆਰਥਿਕ ਸੰਕਟ ਦੇ ਦੌਰ ਵਿੱਚ ਮਜ਼ਦੂਰ ਇਨਕਲਾਬਾਂ ਤੋਂ ਬਚਣ ਲਈ ਫਾਸੀਵਾਦ ਨੂੰ ਰਾਮਬਾਣ ਵਜੋਂ ਵਰਤਿਆ ਜਾਂਦਾ ਹੈ। ਇਹੀ ਤਾਂ ਕਾਰਣ ਹੈ ਕਿ 2002 ਦੇ ਗੁਜਰਾਤ ਦੰਗਿਆਂ ਵਿੱਚ ਖ਼ੂਨ ਦੀ ਹੋਲੀ ਖੇਡਣ ਵਾਲ਼ੇ ਮੋਦੀ ਦੀ ਸਰਮਾਏਦਾਰ ਬਹੁਤ ਤਾਰੀਫ਼ ਕਰ ਰਹੇ ਹਨ।

ਝੂਠੀ ਚੇਤਨਾ ਯਾਨੀ ਦਿਖਾਵਟੀ ਸੱਚ ‘ਤੇ ਹੀ ਫਾਸੀਵਾਦੀ ਅਤੇ ਸਾਰੇ ਤਰ੍ਹਾਂ ਦੀਆਂ ਫਿਰਕੂ ਤਾਕਤਾਂ ਆਪਣਾ ਢਾਂਚਾ ਖੜਾ ਕਰਦੀਆਂ ਹਨ। ਫਾਸੀਵਾਦੀ ਲੀਡਰ ਇੱਕ ਫਿਰਕੇ ਵਿਸ਼ੇਸ਼ ਦਾ ਲੀਡਰ ਬਣਨ ਦਾ ਦਿਖਾਵਾ ਤਾਂ ਕਰਦੇ ਹਨ, ਪਰ ਅਸਲੀਅਤ ਕੁਝ ਹੋਰ ਹੁੰਦੀ ਹੈ। ਇਹਨਾਂ ਦਾ ਕੰਮ ਕੇਵਲ ਇਹੀ ਹੁੰਦਾ ਹੈ ਕਿ ਕਿਸੇ ਵੀ ਤਰ੍ਹਾਂ ਲੋਕਾਂ ਦਾ ਧਿਆਨ ਉਹਨਾਂ ਦੀਆਂ ਅਸਲੀ ਸਮੱਸਿਆਵਾਂ ਤੋਂ ਹਟਾ ਕੇ ਉਹਨਾਂ ਨੂੰ ਆਪਸ ਵਿੱਚ ਲੜਾ-ਮਰਾ ਦਿੱਤਾ ਜਾਵੇ। ਇਹ ਗੱਲ ਹਿਟਲਰ, ਮੁਸੋਲਿਨੀ ਲਈ ਜਿੰਨੀ ਸਹੀ ਸੀ ਓਨੀ ਹੀ ਨਰਿਦਰ ਮੋਦੀ, ਰਾਜ ਠਾਕਰੇ, ਬਾਲ ਠਾਕਰੇ ਅਤੇ ਭਾਰਤ ਵਿੱਚ ਫਾਸੀਵਾਦ ਦੇ ਹੋਰਨਾਂ ਪ੍ਰਤੀਕ ਪੁਰਸ਼ਾਂ ‘ਤੇ ਵੀ ਲਾਗੂ ਹੁੰਦੀ ਹੈ। ਧਰਮ, ਜਾਤ, ਖੇਤਰ, ਭਾਸ਼ਾ ਆਦਿ ਦੀ ਪਹਿਚਾਣ ਦੀ ਸਿਆਸਤ ਦੇ ਸਹਾਰੇ ਪਿੱਛੜੇਪਣ ਅਤੇ ਮੌਕਿਆਂ ਦੀ ਘਾਟ ਦਾ ਜਿੰਮੇਦਾਰ ਘੱਟ-ਗਿਣਤੀਆਂ ਅਤੇ ਪ੍ਰਵਾਸੀਆਂ ਨੂੰ ਠਹਿਰਾ ਦਿੱਤਾ ਜਾਂਦਾ ਹੈ। ਜਦਕਿ ਇਸਦਾ ਕਾਰਣ ਹੈ ਮੁਨਾਫ਼ਾ-ਅਧਾਰਤ ਸਰਮਾਏਦਾਰੀ ਪ੍ਰਬੰਧ। ਇਹੀ ਕਾਰਣ ਹੈ ਕਿ ਫਾਸੀਵਾਦੀਆਂ ਦੀ ਮੁੱਖ ਭਰਤੀ ਜਿਆਦਾ ਡਰ ਅਤੇ ਆਰਥਿਕ ਅਸੁਰੱਖਿਆ ਦੇ ਸ਼ਿਕਾਰ ਨਿਮਨ-ਮੱਧਵਰਗ ਤੋਂ ਹੀ ਹੁੰਦੀ ਹੈ। ਮੋਦੀ ਹਿੰਦੂਤਵ ਤਹਿਤ ਗੁਜਰਾਤ ਵਿੱਚ ਹੋਣ ਵਾਲ਼ੇ ਵਿਕਾਸ ‘ਤੇ ਫੁੱਲਿਆ ਨਹੀਂ ਸਮਾਉਂਦਾ ਪਰ ਗੁਜਰਾਤ ਵਿੱਚ 31 ਫੀਸਦੀ ਲੋਕ ਗਰੀਬੀ ਰੇਖਾ ਤੋਂ ਹੇਠਾਂ ਜੀ ਰਹੇ ਹਨ (ਗਰੀਬੀ ਰੇਖਾ ਦੇ ਹਾਸੋ-ਹੀਣੀ ਹੋਣ ਦੇ ਬਾਵਜੂਦ), ਲਗਪਗ 50 ਫੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਹਸਪਤਾਲਾਂ ਵਿੱਚ 1 ਲੱਖ ਅਬਾਦੀ ਲਈ ਸਿਰਫ਼ 58 ਬਿਸਤਰੇ ਉਪਲੱਭਧ ਹਨ। ਇਹਨਾਂ ਸਾਰਿਆਂ ਦਾ ਕਾਰਣ ਇਹੀ ਹੈ ਕਿ ਸਰਕਾਰ ਲੋਕਾਂ ਦੇ ਕਰਾਂ ਦੇ ਜਮ੍ਹਾਂ ਪੈਸੇ ਨੂੰ ਸਰਮਾਏਦਾਰਾਂ ‘ਤੇ ਲੁਟਾ ਰਹੀ ਹੈ। ਹਾਲੇ ਹੁਣੇ ਹੀ ਕੈਗ ਨੇ ਗੁਜਰਾਤ ਸਰਕਾਰ ‘ਤੇ ਇਹ ਸਵਾਲ ਉਠਾਇਆ ਹੈ ਕਿ ਉਹ ਜਮੀਨ, ਬਿਜਲੀ, ਪਾਣੀ ਆਦਿ ਸਰਮਾਏਦਾਰਾਂ ਨੂੰ ਜਿਸ ਦਰ ‘ਤੇ ਦਿੰਦੀ ਹੈ, ਉਸ ਨਾਲ਼ ਸਰਵਜਨਕ ਖਜ਼ਾਨੇ ਦਾ ਨੁਕਸਾਨ ਹੁੰਦਾ ਹੈ; ਉੱਤੋਂ ਮੋਦੀ ਕਰਾਂ ਆਦਿ ਵਿੱਚ ਸਰਮਾਏਦਾਰਾਂ ਨੂੰ ਛੋਟ ਦੇਣ ਵਿੱਚ ਸਭ ਤੋਂ ਅੱਗੇ ਹਨ। ਉੱਤੋਂ ਮਜ਼ਦੂਰਾਂ ‘ਤੇ ਗੁਜਰਾਤ ਵਿੱਚ ਜੋ ਦਹਿਸ਼ਤ ਦਾ ਰਾਜ ਕਾਇਮ ਹੈ, ਉਸ ਨਾਲ਼ ਸਰਮਾਏਦਾਰਾਂ ਨੂੰ ਸਾਰੇ ਨਿਯਮ-ਕਨੂੰਨ ਛਿੱਕੇ ‘ਤੇ ਟੰਗ ਕੇ ਬੇਹਿਸਾਬਾ ਮੁਨਾਫ਼ਾ ਕਮਾਉਣ ਦਾ ਪੂਰਾ ਮੌਕਾ ਵੀ ਮਿਲ਼ਦਾ ਹੈ। ਹੁਣੇ ਹੀ, ਹੀਰਾ ਕਾਰੀਗਰਾਂ ਦੇ ਘੋਲ਼ ਨੂੰ ਮੋਦੀ ਸਰਕਾਰ ਨੇ ਜਿਸ “ਦ੍ਰਿੜਤਾ” ਨਾਲ਼ ਕੁਚਲਿਆ, ਉਸੇ ਦੇ ਤਾਂ ਸਾਰੇ ਸਰਮਾਏਦਾਰ ਦੀਵਾਨੇ ਹਨ! ਆਮ ਕਿਰਤੀ ਲੋਕਾਂ ਦੀ ਲੁੱਟ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਕੁੱਝ ਸਾਲਾਂ ਵਿੱਚ ਸਭ ਤੋਂ ਵੱਧ ਮਜ਼ਦੂਰਾਂ ਦੇ ਘੋਲ਼ ਵੀ ਗੁਜਰਾਤ ‘ਚ ਹੀ ਹੋਏ ਹਨ। ਘੱਟ ਗਿਣਤੀਆਂ ‘ਤੇ ਹੋਣ ਵਾਲ਼ੇ ਸਰਕਾਰੀ ਜਾਂ ਗੈਰ-ਸਰਕਾਰੀ ਅੱਤਿਆਚਾਰਾਂ ਦੀ ਤਾਂ ਗੱਲ ਹੀ ਕੀ ਕੀਤੀ ਜਾਵੇ।

ਮੀਡੀਆ ਜਿਸਨੂੰ ਸਰਮਾਏਦਾਰਾ ਜਮਹੂਰੀਅਤ ਦਾ ਚੌਥਾ ਖੰਭਾ ਕਿਹਾ ਜਾਂਦਾ ਹੈ, ਦੇਸ਼ ਵਿੱਚ ਸੰਚਾਰ ਢਾਂਚੇ ਦਾ ਇੱਕ ਪੂਰਾ ਜਾਲ਼ ਬਿਛਾਉਂਦਾ ਹੈ। ਸਰਮਾਏਦਾਰਾ ਪ੍ਰਬੰਧ ਤਹਿਤ ਮੀਡੀਆ ਇੱਕ ਸੰਦ ਹੁੰਦਾ ਹੈ। ਇਸ ਰਾਹੀਂ ਸਰਮਾਏਦਾਰ ਜਮਾਤ ਲੋਕਾਂ ਉੱਤੇ ਆਪਣਾ ਗਲਬਾ ਤਾਂ ਸਥਾਪਿਤ ਕਰਦੀ ਹੀ ਹੈ, ਨਾਲ਼ ਹੀ ਲੋਕਾਂ ਨੂੰ ਕਿਸਮਤਵਾਦ, ਖੂਹ ਦਾ ਡੱਡੂਪੁਣਾ, ਰੂੜੀਵਾਦਤਾ ਅਤੇ ਹਰ ਤਰ੍ਹਾਂ ਦੀ ਮਾਨਸਿਕ ਬਿਮਾਰੀ ਦਾ ਸ਼ਿਕਾਰ ਵੀ ਬਣਾਉਂਦੀ ਹੈ। ਵਿਗਿਆਨ ਦੇ ਬਹੁਤ ਜ਼ਿਆਦਾ ਵਿਕਾਸ ਦੇ ਬਾਵਜੂਦ ਧਾਰਮਿਕ ਪਖੰਡੀਆਂ ਅਤੇ ਮਾਨਸਿਕ ਤੌਰ ‘ਤੇ ਵਿਗੜੇ ਬਾਬਿਆਂ ਦੀ ਦੁਕਾਨਦਾਰੀ ਖ਼ੂਬ ਵੱਧਦੀ-ਫੁੱਲਦੀ ਹੋਈ ਦੇਖੀ ਜਾ ਸਕਦੀ ਹੈ। ਅੱਜ ਅਸੀਂ ਦੇਖਦੇ ਹਾਂ ਕਿ ਸਾਰੇ ਤਰ੍ਹਾਂ ਦੇ ਮੁੱਖ ਧਾਰਾ ਦੇ ਮੀਡੀਏ ‘ਤੇ ਵੀ ਸਰਮਾਏਦਾਰਾਂ ਦਾ ਹੀ ਕਬਜ਼ਾ ਹੈ। ਜੋ ਚੌਵੀ ਘੰਟੇ ਕਾਲ਼ੇ ਨੂੰ ਚਿੱਟਾ ਅਤੇ ਚਿੱਟੇ ਨੂੰ ਕਾਲ਼ਾ ਕਰਨ ਵਿੱਚ ਲੱਗਿਆ ਰਹਿੰਦਾ ਹੈ। ਹਿਟਲਰ ਦੇ ਪ੍ਰਚਾਰ ਮੰਤਰੀ ਗੋਅਬਲਸ ਨੇ ਇੱਕ ਵਾਰ ਕਿਹਾ ਸੀ ਕਿ ਜੇਕਰ ਕਿਸੇ ਝੂਠ ਨੂੰ ਸੱਚ ਵਿੱਚ ਬਦਲਣਾ ਹੋਵੇ ਤਾਂ ਉਸਨੂੰ ਸੌ ਵਾਰ ਬੋਲੋ। ਲੋਕਾਂ ਦੇ ਅਸਲੀ ਮੁੱਦਿਆਂ ਨੂੰ ਛੱਡ ਕੇ ਗ਼ੈਰ-ਜਰੂਰੀ ਮੁੱਦਿਆਂ ਨੂੰ ਹੀ ਅਸਲੀ ਮੁੱਦਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਕਾਤਲਾਂ ਨੂੰ ਨਾਇਕਾਂ ਵਰਗੀ ਮਾਣ-ਇੱਜਤ ਦਵਾਉਣ ਵਿੱਚ ਇਸ ਮੀਡੀਏ ਦਾ ਵੀ ਵੱਡਾ ਹੱਥ ਹੈ। ਬਸਤੀਵਾਦੀ ਗੁਲਾਮੀ ਦੇ ਦੌਰ ਤੋਂ ਲੈ ਕੇ ਅੱਜ ਤੱਕ ਇਹ ਗੱਲ ਠੀਕ ਸਿੱਧ ਹੁੰਦੀ ਰਹੀ ਹੈ ਕਿ ਵਿਗਿਆਨਕ ਅਤੇ ਤਾਰਕਿਕ ਵਿਚਾਰਾਂ ਦੀ ਥਾਂ ਸੜੀਆਂ-ਗਲੀਆਂ ਪੁਰਾਤਨ ਕਦਰਾਂ-ਕੀਮਤਾਂ ਅਤੇ ਮੁੜ-ਸੁਰਜੀਤਵਾਦੀਆਂ ਤੋਂ ਮਾਨਸਿਕ ਖੁਰਾਕ ਲੈਣ ਵਾਲ਼ਾ ਸਮਾਜ ਫਾਸੀਵਾਦੀ ਰੁੱਖ ਦੇ ਵਾਧੇ ਦੇ ਲਈ ਚੰਗੀ ਖੁਰਾਕ ਮੁਹੱਈਆ ਕਰਵਾਉਂਦਾ ਹੈ। 2002 ਵਿੱਚ ਮੌਤ ਦਾ ਨੰਗਾ ਨਾਚ ਕਰਾਉਣ ਵਾਲ਼ੇ ਮੋਦੀ ਨੂੰ ਵਿਕਾਸ ਪੁਰਸ਼ ਦੇ ਤੌਰ ‘ਤੇ ਪ੍ਰਚਾਰਿਆ ਜਾਣਾ ਮੀਡੀਏ ਦੇ ਵਿਕਾਊ ਹੋਣ ਦਾ ਹੀ ਇੱਕ ਸਬੂਤ ਹੈ। ਜਦਕਿ ਗੁਜਰਾਤ ਵਿੱਚ ਕੱਛ ਦੀ ਖਾੜੀ ਵਿੱਚ ਲੂਣ ਦੀਆਂ ਦਲਦਲਾਂ ਵਿੱਚ ਕੰਮ ਕਰਨ ਵਾਲ਼ੇ ਮਜ਼ਦੂਰਾਂ ਦਾ ਕਿਸੇ ਨੂੰ ਪਤਾ ਵੀ ਨਹੀਂ ਹੈ ਕਿ ਜਿਹਨਾਂ ਨੂੰ ਮੌਤ ਤੋਂ ਬਾਅਦ ਲੂਣ ਵਿੱਚ ਹੀ ਦਫਨਾਇਆ ਜਾਂਦਾ ਹੈ ਕਿਉਂਕਿ ਉਹਨਾਂ ਦੇ ਸਰੀਰ ਵਿੱਚ ਇੰਨਾ ਲੂਣ ਭਰ ਜਾਂਦਾ ਹੈ ਕਿ ਉਹ ਜਲਾਇਆ ਨਹੀਂ ਜਾ ਸਕਦਾ। ਅਲੰਗ ਦੇ ਜਹਾਜ਼ ਤੋੜਨ ਵਾਲ਼ੇ ਮਜ਼ਦੂਰਾਂ ਤੋਂ ਲੈ ਕੇ ਸਾਰੇ ਕਿਰਤੀ ਲੋਕ ਲੋਹੇ ਦੇ ਬੂਟਾਂ ਹੇਠ ਜੀਵਨ ਜੀਉਂ ਰਹੇ ਹਨ, ਇਹ ਕਿਸੇ ਨੂੰ ਨਹੀਂ ਦੱਸਿਆ ਜਾਂਦਾ। ਇਹਨਾਂ ਸਭ ਚੀਜਾਂ ਨਾਲ਼ ‘ਜਮਹੂਰੀਅਤ ਦੇ ਚੌਥੇ ਖੰਭੇ’ ਦੀ ਅਸਲੀਅਤ ਬਿਆਨ ਹੁੰਦੀ ਹੈ। ਸਰਮਾਏਦਾਰਾ ਮੀਡੀਆ ਹਮੇਸ਼ਾ ਸਰਮਾਏਦਾਰੀ ਦੀਆਂ ਲੋੜਾਂ ਅਨੁਸਾਰ ਲੋਕਾਂ ਵਿੱਚ ਸਹਿਮਤੀ ਉਸਾਰੀ ਕਰਨ ਦਾ ਕੰਮ ਕਰਦਾ ਹੈ। ਜਦ ਸਰਮਾਏਦਾਰੀ ਨੂੰ ਕਾਂਗਰਸ ਦੇ ਅਖੌਤੀ ਉਦਾਰ ਰਾਜ ਦੀ ਲੋੜ ਹੁੰਦੀ ਹੈ, ਤਾਂ ਮੀਡੀਆ ਉਸਨੂੰ ਉਛਾਲਦਾ ਹੈ। ਅੱਜ ਜਦ ਆਰਥਿਕ ਅਤੇ ਸਿਆਸੀ ਸੰਕਟ ਲੋਕਾਂ ਅੰਦਰ ਢਾਂਚੇ ਪ੍ਰਤੀ ਮੋਹਭੰਗ ਦੀ ਸਥਿਤੀ ਨੂੰ ਵਧਾ ਰਿਹਾ ਹੈ, ਤਾਂ ਪੂਰਾ ਕਾਰਪੋਰੇਟ ਮੀਡੀਆ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਦੇ ਤੌਰ ‘ਤੇ ਇੱਕ ‘ਤਾਕਤਵਰ ਅਤੇ ਫੈਸਲਾਕੁੰਨ’ ਲੀਡਰ ਦੇ ਰੂਪ ‘ਚ ਮੋਦੀ ਨੂੰ ਪੇਸ਼ ਕਰ ਰਿਹਾ ਹੈ। ਇਹ ਗੱਲ ਸੱਚ ਹੈ ਮੋਦੀ ਜਿਹਨਾਂ ਆਰਥਿਕ ਨੀਤੀਆਂ ਅਤੇ ਕਿਰਤ ਨੀਤੀਆਂ ਨੂੰ ਗੁਜਰਾਤ ਵਿੱਚ ਲਾਗੂ ਕਰ ਰਿਹਾ ਹੈ, ਇਸ ਦੇਸ਼ ਵਿੱਚ ਉਹਨਾਂ ਦੀ ਸ਼ੁਰੂਆਤ 1991 ਵਿੱਚ ਵਿੱਤ ਮੰਤਰੀ ਦੇ ਤੌਰ ‘ਤੇ ਮਨਮੋਹਨ ਸਿੰਘ ਨੇ ਹੀ ਕੀਤੀ ਸੀ।

ਸੋਧਵਾਦੀਆਂ ਦੀ ਇਤਿਹਾਸਕ ਗੱਦਾਰੀ ਅਤੇ ਉਹਨਾਂ ਦੁਆਰਾ ਫਾਸੀਵਾਦ ਦਾ ਨਪੁੰਸਕ ਵਿਰੋਧ ਵੀ ਭਾਰਤ ਵਿੱਚ ਫਾਸੀਵਾਦੀ ਤਾਕਤਾਂ ਦੇ ਮਜ਼ਬੂਤ ਹੋਣ ਦਾ ਇੱਕ ਕਾਰਣ ਹੈ। ਕਾਂਗਰਸ ਦੀ ਕੇਂਦਰ ਸਰਕਾਰ ਤੋਂ ਤਾਂ ਕੁਝ ਉਮੀਦ ਹੀ ਨਹੀਂ ਕੀਤੀ ਜਾ ਸਕਦੀ ਜੋ ‘ਧਰਮ ਨਿਰਪੱਖਤਾ – ਧਰਮ ਨਿਰਪੱਖਤਾ’ ਦਾ ਰੌਲ਼ਾ ਪਾਉਂਦਾ ਹੋਏ ਲੋੜ ਅਨੁਸਾਰ ਖੁਦ ਵੀ ਨਰਮ ਫਿਰਕੂਪੁਣੇ ਦਾ ਪੱਤਾ ਖੇਡ ਜਾਂਦੀ ਹੈ। ਅਜ਼ਾਦੀ ਤੋਂ ਬਾਅਦ ਲਗਪਗ ਕਾਂਗਰਸ ਦੀ ਹੀ ਸਰਕਾਰ ਰਹੀ ਹੈ, ਮੁੱਖ ਰੂਪ ‘ਚ 1984 ਵਿੱਚ ਸਿੱਖ ਵਿਰੋਧੀ ਦੰਗੇ, 1989 ਵਿੱਚ ਭਾਗਲਪੁਰ ਦਾ ਦੰਗੇ, ਹੁਣ ਅਸਾਮ ਦਾ ਦੰਗੇ ਆਦਿ ਵਿੱਚ ਸਿੱਧੇ ਜਾਂ ਅਸਿੱਧੇ ਰੂਪ ‘ਚ ਕਾਂਗਰਸ ਹੀ ਕਸੂਰਵਾਰ ਰਹੀ ਹੈ। ਕਿਉਂਕਿ ਸਰਕਾਰੀ ਮਸ਼ੀਨਰੀ ਹੁੰਦੇ ਹੋਏ ਵੀ ਫਿਰਕੂ ਸਮਾਜਧ੍ਰੋਹੀ ਅਨਸਰਾਂ ਨੂੰ ਨਾ ਕੁਚਲਨਾ ਵੀ ਸਵਾਲ ਖੜਾ ਕਰਦਾ ਹੈ। ਸੰਸਦੀ ਖੱਬੇਪੱਖੀ ਫਿਰਕੂ-ਵਿਰੋਧ ਵਿੱਚ ਸੰਸਦ-ਵਿਧਾਨਸਭਾਵਾਂ ਵਿੱਚ ਬੈਠ ਕੇ ਹੀ ਕੁਰਸੀਆਂ ਤੋੜਦੇ ਹਨ ਅਤੇ ਨਪੁੰਸਕ ਬਹਿਸ ਕਰਦੇ ਹਨ। ਸਿੰਗੁਰ ਅਤੇ ਨੰਦੀਗ੍ਰਾਮ ਜਿਹੀਆਂ ਘਟਨਾਵਾਂ ਇਹਨਾਂ ਦੇ ਸਮਾਜਿਕ ਫਾਸੀਵਾਦ ਦਾ ਹੀ ਰੂਪ ਹੈ। ਬਸਤੀਵਾਦੀ ਸੱਤਾ ਤੋਂ ਅਜ਼ਾਦੀ ਤੋਂ ਪਹਿਲਾਂ ਜਮਹੂਰੀ ਤਾਕਤਾਂ ਕਮਜ਼ੋਰ ਸਨ ਅਤੇ ਬਾਅਦ ਵਿੱਚ ਇਸਦੇ ਵੱਡੇ ਹਿੱਸੇ ਨੇ ਸਰਮਾਏਦਾਰੀ ਪ੍ਰਬੰਧ ਦੀ ਸੁਰੱਖਿਆ ਕਤਾਰ ਬਣਨ ਦਾ ਹੀ ਕੰਮ ਕੀਤਾ ਹੈ। ਅਸਲ ਵਿੱਚ ਜਦ ਲੋਕਾਂ ਸਾਹਮਣੇ ਸਮੱਸਿਆਵਾਂ ਦੇ ਸਹੀ ਹੱਲ ਖੋਜ ਕੇ ਨਹੀਂ ਰੱਖ ਦਿੱਤੇ ਜਾਂਦੇ ਉਦੋਂ ਹੀ ਝੂਠੀ ਚੇਤਨਾ ਭਾਵ ਦਿਖਾਵਟੀ ਸੱਚ ਕੰਮ ਕਰ ਪਾਉਂਦਾ ਹੈ। ਭਾਕਪਾ, ਮਾਕਪਾ ਅਤੇ ਸਾਰੇ ਗੱਦਾਰਾਂ ਨੇ ਇੱਕ ਕਿਸਮ ਨਾਲ਼ ਫਾਸੀਵਾਦ ਨੂੰ ਮਦਦ ਹੀ ਪਹੁੰਚਾਈ ਹੈ। ਇਹ ਜਰੂਰੀ ਨਹੀਂ ਹੈ ਕਿ ਲੋਕ ਉਹੀ ਕਰਦੇ ਜੋ ਉਹਨਾਂ ਨੇ ਕੀਤਾ। ਜੇਕਰ ਵਿਸ਼ੇਸ਼ ਕਿਸਮ ਦੇ ਸਮਾਜਿਕ ਸਿਆਸੀ ਅਤੇ ਵਿਚਾਰਧਾਰਕ ਲਹਿਰਾਂ ਜੱਥੇਬੰਦ ਕੀਤੀਆਂ ਜਾਂਦੀਆਂ ਹਨ ਤਾਂ ਇਹ ਕਦੇ ਲਾਜ਼ਮੀ ਨਹੀਂ ਸੀ ਕਿ ਲੋਕ ਫਾਸੀਵਾਦੀਆਂ ਦਾ ਮੋਹਰਾ ਬਣਦੇ। ਅੰਤ ਵਿੱਚ ਫਾਸੀਵਾਦ ਅਤੇ ਫਿਰਕੂਪੁਣੇ ਨੂੰ ਸਮਝ ਲੈਣਾ ਹੀ ਕਾਫ਼ੀ ਨਹੀਂ ਹੁੰਦਾ ਸਗੋਂ ਇਸਨੂੰ ਲੋਕਾਂ ਵਿੱਚ ਨੰਗਾ ਕਰਨਾ ਜ਼ਰੂਰੀ ਹੁੰਦਾ ਹੈ। ਸਾਰੇ ਤਰ੍ਹਾਂ ਦੇ ਕੱਟੜਪੰਥ ਦੀਆਂ ਜੜ੍ਹਾਂ ਪੁੱਟਣ ਲਈ ਇੱਕ ਵਿਸ਼ਾਲ ਤੇ ਲੰਬਾ ਵਿਚਾਰਧਾਰਕ ਘੋਲ਼ ਲਾਜ਼ਮੀ ਹੈ। ਸਮਾਜ ਵਿੱਚ ਵਿਆਪਕ ਗੈਰ-ਬਰਾਬਰੀ, ਬੇਰੁਜ਼ਗਾਰੀ, ਲੁੱਟ ਆਦਿ ਦੇ ਸਹੀ ਕਾਰਣਾਂ ਨੂੰ ਲੋਕਾਂ ਵਿੱਚ ਪ੍ਰਚਾਰਨਾ ਜ਼ਰੂਰੀ ਹੈ ਜਾਂ ਫਿਰ ਨਾਲ਼ ਹੀ ਸਰਮਾਏਦਾਰੀ ਸਮਾਜ ਅਤੇ ਢਾਂਚੇ ਦੀਆਂ ਵਿਰੋਧਤਾਈਆਂ ਨੂੰ ਲੋਕਾਂ ਸਾਹਮਣੇ ਰੱਖਦੇ ਹੋਏ ਬਦਲ ‘ਤੇ ਗੱਲ ਕਰਨਾ ਬੇਹੱਦ ਲਾਜ਼ਮੀ ਹੁੰਦਾ ਹੈ। ਬਾਕੀ ਇਤਿਹਾਸ ਗਵਾਹ ਹੈ ਕਿ ਕਿਰਤੀ ਲੋਕਾਂ ਦੀ ਜਮਾਤੀ ਇੱਕਜੁੱਟ ਮਜ਼ਬੂਤ ਤਾਕਤ ਹੀ ਫਾਸੀਵਾਦ ਨੂੰ ਮਿੱਟੀ ਵਿੱਚ ਮਿਲਾ ਸਕਦੀ ਹੈ ਅਤੇ ਮਿਲਾਵੇਗੀ। 

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 19, ਅਗਸਤ 2013 ਵਿਚ ਪ੍ਰਕਾਸ਼ਿ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s