ਕੁਲਵਿੰਦਰ ਬੱਛੋਆਣਾ ਦੀਆਂ ਤਿੰਨ ਗਜ਼ਲਾਂ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਨੇਰ ਦੀ ਛਾਤੀ ‘ਤੇ ਸੂਹੀ ਲੀਕ ਪਾ ਕੇ ਦੇਖੀਏ
ਆਓ ਅੱਧੀ ਰਾਤ ਨੂੰ ਸੂਰਜ ਚੜ ਕੇ ਦੇਖੀਏ

ਕਿਸ਼ਤੀਆਂ, ਲਹਿਰਾਂ, ਡੂੰਘਾਈ ਬਾਰੇ ਚਰਚਾ ਖ਼ੂਬ ਹੈ
ਹੁਣ ਸਮੁੰਦਰ ਦੇ ਅਸੀਂ ਵਿਚਕਾਰ ਜਾ ਕੇ ਦੇਖੀਏ

ਇਹ ਮਸੀਹਾ ਅਸਲੀ ਹੈ ਜਾਂ ਨਕਲੀ, ਰਾਜੇ ਨੇ ਕਿਹਾ
ਪਰਖੀਏ ਇਹਨੂੰ ਚਲੋ ਸੂਲੀ ਚੜ ਕੇ ਦੇਖੀਏ

ਦਰਦ ਦੀ ਕੋਈ ਦਵਾਈ ਵੀ ਨਹੀਂ ਜੇ ਕਾਰਗਰ
ਦਰਦ ਨੂੰ ਹੀ ਸਿਰਜਣਾ ਕਿਉਂ ਨਾ ਬਣਾ ਕੇ ਦੇਖੀਏ

ਡਿੱਗ ਪੈਣੇ ਸਭ ਸਿਤਾਰੇ ਝੋਲੀਆਂ ਵਿਚ ਲਾਜਮੀ
ਕਹਿਕਸ਼ਾਂ ਦੇ ਰੁੱਖ ਦੀ ਟਹਿਣੀ ਹਿਲਾ ਕੇ ਦੇਖੀਏ

ਬਹਿਸ ਨੂੰ ਕੁਝ ਦੇਰ ਲਈ ਏਥੇ ਹੀ ਛੱਡ ਕੇ ਦੋਸਤੋ
ਛੋਹੀਏ ਕੋਈ ਸਾਜ ਤੇ ਕੁਝ ਗੁਣਗੁਣਾ ਕੇ ਦੇਖੀਏ

ਖੜ•ਨਗੇ ਲੋਕਾਂ ਦੇ ਨਾਲ ਜਾਂ ਮਹਿਫਲਾਂ ਜੋਗੇ ਹੀ ਨੇ
ਹੁਣ ਇਹਨਾਂ ਸ਼ੇਅਰਾਂ ਨੂੰ ਸੜਕਾਂ ‘ਤੇ ਲਿਆ ਕੇ ਦੇਖੀਏ

•••

ਸੌ ਦਰਵਾਜ਼ੇ ਬੰਦ ਕਰੀਂ ਤੂੰ ਲੱਖਾਂ ਪਰਦੇ ਤਾਣੀਂ
ਪੌਣ ਨਗਰ ਦੀ ਆ ਹੀ ਜਾਣੀ ਅੰਦਰ ਵਿਰਲਾਂ ਥਾਣੀ

ਭੁਜਦੇ ਮਾਰੂਥਲ ਦੇ ਹਿੱਸੇ ਇੱਕ ਤੁਪਕਾ ਨਾ ਆਇਆ
ਇੱਕ ਸਮੁੰਦਰ ਡੀਕ ਗਿਆ ਹੈ ਸੌ ਨਦੀਆਂ ਦਾ ਪਾਣੀ

ਅੰਦਰ ਦੱਬ ਕੇ ਰਖਦੀ ਦੁਖੜੇ ਬਾਹਰੋਂ ਹਸਦੀ ਰਹਿੰਦੀ
ਘਰ ਦੇ ਖੁਸ਼ ਨੇ ਹੋ ਗਈ ਅਪਣੀ ਲਾਡੋ ਬਹੁਤ ਸਿਆਣੀ

ਇਸ ਪੰਛੀ ਦੀ ਫ਼ਿਕਰ ਕਰੋ ਨਾ, ਇਹਦੇ ਹਾਲ ‘ਤੇ ਛੱਡੋ
ਜਿਸਦੀ ਜ਼ਿੱਦ ਹੈ ਕਿ ਮੈਂ ਪੀਣੈ, ਲੰਘ ਗਿਆ ਜੋ ਪਾਣੀ

ਮਕਸਦ ਨਾਲ ਮੁਹੱਬਤ ਕੀਤੀ ਕੋਸ਼ਿਸ਼ ਕੀਤੀ ਦਿਲ ਤੋਂ
ਮੈਂ ਮੰਜ਼ਲ ਵੀ ਸਰ ਕੀਤੀ ਹੈ, ਰਾਹ ਦੀ ਛਾਂ ਵੀ ਮਾਣੀ

ਫੇਰ ਗੁਲਾਬੀ ਤਲੀਆਂ ਵਾਲੇ ਲੈ ਗਏ ਨੇ ਹਥਿਆ ਕੇ
ਅੱਟਣਾਂ ਵਾਲੇ ਹੱਥਾਂ ਦੇ ਨਾਲ ਫੇਰ ਹੋਈ ਵੰਡ ਕਾਣੀ

ਤੂੰ ਇਸ ਮਿੱਟੀ ਨੂੰ ਬਸ ਤੇਹਾਂ ਦਾ ਅਹਿਸਾਸ ਕਰਾ ਦੇ
ਇਹ ਆਪੇ ਹੀ ਭਾਲ ਲਵੇਗੀ ਅਪਣੇ ਹੱਕ ਦਾ ਪਾਣੀ

•••

ਦੋਸਤਾਂ ਖ਼ਾਤਰ  ਤਲੀ ‘ਤੇ ਜਾਨ ਹਾਜਰ ਹੈ
ਦੁਸ਼ਮਣਾਂ ਲਈ ਲਿਸ਼ਕਦੀ ਕਿਰਪਾਨ ਹਾਜਰ ਹੈ

ਬੰਦਿਸ਼ਾਂ ਜੇ ਲਾਉਣ ਦਾ ਫਰਮਾਨ ਹਾਜਰ ਹੈ
ਬੰਦਿਸ਼ਾਂ ਤੋੜਨ ਦਾ ਵੀ ਐਲਾਨ ਹਾਜਰ ਹੈ

ਜਦ ਗਲਾ ਸੀ ਦੱਬਿਆ ਤਦ ਤਾਂ ਕੋਈ ਨਾ ਸੀ
ਚੀਕ ਨੂੰ ਰੋਕਣ ਲਈ ਸੰਵਿਧਾਨ ਹਾਜਰ ਹੈ

ਨਗਮਿਆਂ ਨੂੰ ਗਾਉਣ ਵੇਲੇ ਤਾਂ ਨਹੀਂ ਲੱਭੀ
ਨਗਮਿਆਂ ਦੀ ਮੌਤ ਉੱਤੇ ਤਾਨ ਹਾਜਰ ਹੈ

ਲੋਕਤਾ ਦੇ ਦਰਦ ਲਈ ਸ਼ਾਇਰ ਖੜਾ ਹਾਜਰ
ਬਾਦਸ਼ਾਹ ਦੇ ਹੁਕਮ ਲਈ ਦਰਬਾਨ ਹਾਜਰ ਹੈ

ਦੇਖਣਾ ਚਾਹੇਂ ਤਾਂ ਸਾਡੇ ਦੇਖ ਲੈ ਹਾਲਾਤ
ਸੁਣਨਾ ਚਾਹੇਂ ਸਾਡੀ ਦਾਸਤਾਨ ਹਾਜਰ ਹੈ

ਕਾਇਰਾਂ ਖ਼ਾਤਰ  ਬਹਾਨੇ ਨੇ ਬੜੇ ਹਾਜਰ
ਯੋਧਿਆਂ ਲਈ ਸਾਹਮਣੇ ਮੈਦਾਨ ਹਾਜਰ ਹੈ

•••

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 3, 16 ਤੋਂ 31 ਮਾਰਚ, 2017 ਵਿੱਚ ਪ੍ਰਕਾਸ਼ਤ

 

Advertisements