ਕੁੱਝ ਖਿਆਲ ਨਵੇਂ ਸਾਲ ਦੇ ਨਾਂ •ਗੁਰਪ੍ਰੀਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਇੱਕ ਹੋਰ ਸਾਲ ਪੱਤਝੜ ਦੇ ਰੁੱਖ ਵਾਂਗ ਆਪਣੇ ਸਾਰੇ 365 ਪੱਤੇ ਝਾੜ ਨਵੇਂ ਪੂਰ ਲਈ ਥਾਂ ਖਾਲੀ ਕਰ ਰਿਹਾ ਹੈ। ਇਸ ਆਖ਼ਰੀ ਪੱਤੇ ਦੇ ਝੜਨ ਸਮੇਂ ਸੰਸਾਰ ਭਰ ਵਿੱਚ ਕਰੋੜਾਂ ਲੋਕ ਇਸਦਾ ਜਸ਼ਨ ਮਨਾਉਣਗੇ – ਧਨਾਢ ਤਬਕਾ ਧੂਮ-ਧੜੱਕੇ ਵਾਲ਼ੇ ਸੰਗੀਤ ਦੀ ਤਰਜ ‘ਤੇ ਮਹਿੰਗੀ ਸ਼ਰਾਬ ਦੀ ਲੋਰ ‘ਚ ਝੂਲ ਰਿਹਾ ਹੋਵੇਗਾ ਤੇ ਸਧਾਰਨ ਜਿਹੇ ਲੋਕ ਜੁਬਾਨੀ-ਕਲਾਮੀ ਆਪਣੇ ਸੱਜਣਾਂ, ਮਿੱਤਰਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਹੋਣਗੇ। ਜ਼ਿੰਦਗੀ ਦੀਆਂ ਸਭ ਲੋੜਾਂ ਤੇ ਸਹੂਲਤਾਂ ਦੇ ਸਿਰਜਣਹਾਰੇ ਇਸ ਸਭ ਤੋਂ ਬੇਖ਼ਬਰ ਆਪਣੀ ਜ਼ਿੰਦਗੀ ਦੇ ਨੀਂਦ ਦੇ ਹਸੀਨ ਪਲਾਂ ਨੂੰ ਮਾਣਦਿਆਂ ਖੁਸ਼ਗਵਾਰ ਜ਼ਿੰਦਗੀ ਦੇ ਸੁਪਨੇ ਵੇਖ ਰਹੇ ਹੋਣਗੇ, ਜਾਂ ਸ਼ਾਇਦ ਉਹਨਾਂ ਦੇ ਸੁਪਨਿਆਂ ਵੀ ਸਾਲ ਦੇ ਇਸ ਆਖ਼ਰੀ ਦਿਨ ਵਾਂਗ ਧੁੰਦ ਵਿੱਚ ਹੀ ਗੁਆਚੇ ਫਿਰਦੇ ਹੋਣ। ਇਹਨਾਂ ਲੋਕਾਂ ਲਈ ਤਾਂ ਨਵੇਂ ਸਾਲ ਦੀ ਨਵੀਂ ਸਵੇਰ ਬਾਕੀ ਦਿਨਾਂ ਦੀ ਸਵੇਰ ਵਾਂਗ ਮਸ਼ੀਨੀ ਜ਼ਿੰਦਗੀ ਨੂੰ ਮੁੜ ਦੁਹਰਾਉਣ ਦੀ ਸੂਚਕ ਹੋਣ ਤੋਂ ਵੱਧ ਕੁੱਝ ਅਰਥ ਨਹੀਂ ਰੱਖਦੀ, ਉਹ ਮਸ਼ੀਨੀ ਜ਼ਿੰਦਗੀ ਜੋ ਧਰਤੀ ਦੇ ਇੱਕ ਹਿੱਸੇ ਨੂੰ ਤਾਂ ਨਵੇਂ ਸਾਧਨ, ਨਵੀਆਂ ਸਹੂਲਤਾਂ ਦਿੰਦੀ ਹੈ ਪਰ ਇਹਨਾਂ ਦੀ ਰੱਤ ਚੂਸਦੀ ਇਹਨਾਂ ਨੂੰ ਪੁਰਾਣੇ ਕਰਦੀ ਜਾਂਦੀ ਹੈ।

ਭਾਵੇਂ ਨਵੇਂ ਸਾਲ ਨਾਲ਼ ਬਹੁਤੇ ਲੋਕਾਂ ਲਈ ਤਾਂ ਜ਼ਿੰਦਗੀ ਤਬਦਲੀ ਨਹੀਂ ਹੋਣ ਲੱਗੀ, ਚੜਦੇ ਸੂਰਜ ਦੀ ਲਾਲੀ ਹਾਲੇ ਧਰਤੀ ਨੂੰ ਸੂਹੀ ਰੰਗਤ ਦੇਣ ਨਹੀਂ ਲੱਗੀ, ਹਨੇਰਾ ਹਾਲੇ ਵੀ ਕਹਿਰਵਾਨ ਹੋਇਆ ਗਲ਼ੀਆਂ ‘ਚ ਲਲਕਾਰੇ ਮਾਰੇਗਾ, ਕਿਰਤ ਵੀ ਆਪਣੇ ਅੱਟਣਾਂ ਵਾਲ਼ੇ ਹੱਥੀਂ ਅੱਖਾਂ ਪੂੰਝਦੀ ਸਿਸਕੀਆਂ ਲੈ ਰਹੀ ਹੋਣੀ ਆ। ਮਨੁੱਖੀ ਜ਼ਿੰਦਗੀ ‘ਚ ਵੀ ਬਹੁਤੇ ਲੋਕ ਨਵੇਂ ਤੋਂ ਸਹਿਮੇ ਹੋਏ ਪੁਰਾਣੇ ਨਾਲ਼ ਹੀ ਚਿੰਬੜੇ ਰਹਿਣਗੇ। ਜਿਵੇਂ ਸਾਡੇ ਭਾਰਤੀ ਸਮਾਜ ‘ਚ ਉਮਰ ਦੀ ਤਾਨਾਸ਼ਾਹੀ ਦਾ “ਮਹਾਨ” ਸੱਭਿਆਚਾਰ ਹੈ ਜਿਸ ਵਿੱਚ ਪੁਰਾਣੀ ਪੀੜੀ ਨੂੰ ਨਵੀਂ ਪੀੜੀ ਦੀ ਕੀਮਤ ‘ਤੇ ਵੀ ਤਰਜੀਹ ਦਿੱਤੀ ਜਾਂਦੀ ਹੈ। ਨੌਜਵਾਨਾਂ ਨੂੰ ਹਾਲੇ ਵੀ ਆਪਣੇ ਆਪਣੇ ਫੈਸਲੇ ਲੈਣ ਦਾ ਹੱਕ ਨਹੀਂ, ਸਗੋਂ ਚਿੱਟੇ ਦਾਹੜਿਆਂ ਵੱਲ ਝਾਕਣਾ ਪੈਂਦਾ ਹੈ। ਹੀਰ ਹਾਲੇ ਵੀ ਗਾਈ ਵੀ ਜਾ ਰਹੀ ਹੈ ਤੇ ਮਾਰੀ ਵੀ। ਮਾਵਾਂ ਬੱਚਿਆਂ ਨੂੰ ਆਪਣੇ ਮੰਜੇ ਦੇ ਪਾਵੇ ਨਾਲ਼ ਬੰਨੀ ਨਵੀਂ ਦੁਨੀਆਂ ਦੇਖਣੋਂ ਰੋਕੀ ਰੱਖਦੀਆਂ ਹਨ। ਸਹਿਤ ਅਤੇ ਕਲਾ ਦੀ ਪ੍ਰੇਰਣਾ ਸ਼ਕਤੀ ਹਾਲੇ ਵੀ ‘ਭਵਿੱਖ ਦੀ ਕਵਿਤਾ’ ਨਹੀਂ ਸਗੋਂ ‘ਬੀਤੇ ਦਾ ਹੇਰਵਾ’ ਹੈ। ਇਸ ਸਭ ਦੇ ਨਾਲ਼ ਅਨੇਕ ਤਰ੍ਹਾਂ ਦੇ ਪੁਰਾਣੇ ਤੇ ਗਲ਼ੇ-ਸੜੇ ਰਸਮਾਂ-ਰਿਵਾਜ, ਅੰਧ-ਵਿਸ਼ਵਾਸ, ਆਦਤਾਂ, ਕਦਰਾਂ-ਕੀਮਤਾਂ ਆਦਿ  ਹਾਲੇ ਵੀ ਉਸੇ ਤਰ੍ਹਾਂ ਹੀ ਸਾਡੇ ਨਾਲ਼ ਨਵੇਂ ਸਾਲ ‘ਚ ਦਾਖ਼ਲ ਹੋਣਗੇ। ਜ਼ਿੰਦਗੀ ਇਸ ਸਭ ਜ਼ਲਾਲਤ ਦੀ ਖੜੋਤ ‘ਚ ਇਉਂ ਜਕੜੀ ਪਈ ਹੈ ਕਿ ‘ਤਬਦੀਲੀ’ ਸ਼ਬਦ ਤੋਂ ਹੀ ਲੋਕ ਮੌਤ ਵਾਂਗ ਤ੍ਰਹਿੰਦੇ ਨੇ। ਇੱਥੇ ਤਾਂ ‘ਨਵਾਂ’ ਸ਼ਬਦ ਹੀ ਅਰਥਹੀਣ ਜਾਪਦਾ ਹੈ? ਪਰ ਇਸ ਸਭ ਨੂੰ ਹੀ ਤਾਂ ਬਦਲਣ ਲਈ ਤਾਂ ‘ਨਵੇਂ ਸਾਲ’ ਵਿਚਲੇ ਸ਼ਬਦ ‘ਨਵੇਂ’ ਦੇ ਜਜ਼ਬੇ, ਊਰਜਾ ਤੇ ਪ੍ਰੇਰਣਾ ਦੀ ਲੋੜ ਹੈ। ਆਉ ਅਸੀਂ ਵੀ ਆਪਣੀ ਜ਼ਿੰਦਗੀ ਤੇ ਸਮਾਜ ਵਿੱਚ ਨਵੇਂ ਦਾ ਉਸੇ ਜਜ਼ਬੇ ਨਾਲ਼ ਹੀ ਸਵਾਗਤ ਕਰੀਏ ਜਿਵੇਂ ਰਾਤ ਦੇ ਮੁਸਾਫਰ ਸੂਰਜ ਦੀਆਂ ਪਹਿਲੀਆਂ ਕਿਰਨਾਂ ਦਾ ਸੁਆਗਤ ਕਰਦੇ ਨੇ; ‘ਨਵੇਂ’ ਲਈ ਅਸੀਂ ਵੀ ਓਹੀ ਤਾਂਘ ਰੱਖੀਏ ਜਿਸ ਨਾਲ਼ ਪੱਤਝੜ ਦਾ ਰੁੱਖ ਬਹਾਰ ਲਈ ਸਿੱਕਦਾ ਹੈ; ‘ਨਵੇਂ’ ਲਈ ਉਹੀ ਊਰਜਾ ਵਿਖਾਈਏ ਜਿਸ ਨਾਲ਼ ਪੁਰਾਣੇ ਸਵਾਲਾਂ ਨੂੰ ਜੁਆਬਾਂ ਨਾਲ਼ ਢੇਰ ਕਰੀ ਖੜਾ ਵਿਗਿਆਨੀ ਨਵੇਂ ਸਵਾਲਾਂ ਨੂੰ ਜਾ ਘੇਰਦਾ ਹੈ ਤੇ ‘ਨਵੇਂ’ ਦਾ ਉਵੇਂ ਹੀ ਜਸ਼ਨ ਮਨਾਈਏ ਜਿਵੇਂ ਨਵ-ਜੰਮੇ ਬਾਲ ਨੂੰ ਗੋਦ ‘ਚ ਲੈਣ ਦੀ ਖੁਸ਼ੀ ਹੁੰਦੀ ਹੈ।

ਇਹ ਵੀ ਸਹੀ ਹੈ ਕਿ ਨਵੇਂ ਦੇ ਅਰਥ ਵਿੱਚ ਬਦਲਾਅ ਦੇ ਨਾਲ-ਨਾਲ ਲਗਾਤਾਰਤਾ ਵੀ ਹੁੰਦੀ ਹੈ। ਬਹਾਰ ਦੀਆਂ ਨਵੀਆਂ ਪੱਤੀਆਂ ਪੁਰਾਣੇ ਰੁੱਖਾਂ ‘ਤੇ ਹੀ ਫੁੱਟਦੀਆਂ ਹਨ, ਨਵੇਂ ਬੱਚੇ ਨੂੰ ਪੁਰਾਣੀ ਪੀੜੀ ਹੀ ਜਣਦੀ ਹੈ, ਨਵਾਂ ਫੁੱਲ ਪੁਰਾਣੇ ਬੂਟੇ ‘ਤੇ ਹੀ ਖਿੜਦਾ ਹੈ, ਚਾਨਣ ਦੀਆਂ ਨਵੀਆਂ ਰਿਸ਼ਮਾਂ ਵੀ ਉਹੀ ਸੂਰਜ ਧਰਤੀ ਦੀ ਹਿੱਕ ‘ਤੇ ਖੇਡਣ ਲਈ ਛੱਡਦਾ ਹੈ ਤੇ ਨਵਾਂ ਸਮਾਜ ਵੀ ਤਾਂ ਪੁਰਾਣੇ ਲੋਕ ਹੀ ਸਿਰਜਦੇ ਨੇ। ਇਸ ਲਈ ਸੁਆਗਤ ਹਰ ਉਸ ਅੰਸ਼ ਦਾ ਜੋ ਜ਼ਿੰਦਗੀ ਦੇ ਪੱਖ ਵਿੱਚ ਬਦਲਾਅ ਨਾਲ਼ ਲਗਾਤਾਰਤਾ ਵਜੋਂ ਵੀ ਡਟਿਆ ਰਿਹਾ। ਹਾਂ, ਨਵੇਂ ਦਾ ਮੁਬਾਰਕ ਹੋਣ ਲਈ ਜ਼ਿੰਦਗੀ ਦੇ ਪੱਖ ਵਿੱਚ ਖਲ੍ਹੋਣਾ ਬੜੀ ਅਹਿਮ ਗੱਲ ਹੈ, ਨਹੀਂ ਤਾਂ ਨਵਾਂ ਅਰਥਹੀਣ ਹੈ। ਇਸ ਲਈ ਨਵਾਂ ਸਾਲ ਜ਼ਿੰਦਗੀ ਦੇ ਪੱਖ ਵਿੱਚ ਖੜੀ ਲਗਾਤਾਰਤਾ ਤੇ ਬਦਲਾਅ ਦੇ ਨਾਮ। ਨਵਾਂ ਸਾਲ ਉਹਨਾਂ ਦੇ ਨਾਮ ਜੋ ਬੀਤੇ ਦੇ ਚੰਗੇ ਨੂੰ ਅਪਣਾਉਂਦੇ ਨੇ ਤੇ ਇਹਦੇ ਜਖ਼ਮਾਂ ਨੂੰ ਹੂੰਝਦੇ ਨੇ। ਨਵਾਂ ਸਾਲ ਬੱਚਿਆਂ ਦੇ ਬੇਗਰਜ਼ ਹਾਸੇ ਨੂੰ ਵਡੇਰਿਆਂ ਦੇ ਬੁੱਲ੍ਹਾਂ ‘ਤੇ ਲਿਆਉਣ ਦੇ ਸੁਪਨਿਆਂ ਲਈ। ਨਵਾਂ ਸਾਲ ਸੰਵੇਦਨਹੀਣਤਾ ਦੇ ਦੌਰ ‘ਚ ਖਿੜੇ ਰਹੇ ਮਨੁੱਖੀ ਪਲਾਂ ਦੇ ਨਾਮ। ਨਵਾਂ ਸਾਲ ਵਕਤੀ ਹਾਰ ਦੇ ਬਾਵਜੂਦ ਨਵੇਂ ਸੰਗਾਰਮ ਦੀ ਤਿਆਰੀ ਕਰਦੇ ਬਹਾਦਰਾਂ ਦੇ ਨਾਮ। ਨਵਾਂ ਸਾਲ ਸੂਰਜ ਦੀਆਂ ਧਰਤੀ ਨੂੰ ਸੂਹੀ ਰੰਗਤ ਦੇਣ ਦੀਆਂ ਉਮੀਦਾਂ ਦੇ ਨਾਮ। ਨਵਾਂ ਸਾਲ ਜ਼ਿੰਦਗੀ ਦੀਆਂ ਲੋੜਾਂ ਤੇ ਉਮੀਦਾਂ ਦੇ ਗੀਤ ਰਚਣ ਵਾਲ਼ਿਆਂ ਦੇ ਨਾਮ। ਨਵਾਂ ਸਾਲ ਜ਼ਿੰਦਗੀ, ਸੰਘਰਸ਼, ਉਮੀਦਾਂ ਤੇ ਸੁਪਨਿਆਂ ਦੇ ਨਾਮ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 47, ਜਨਵਰੀ 2016 ਵਿਚ ਪਰ੍ਕਾਸ਼ਤ

Advertisements