ਕੁਦਰਤ ‘ਤੇ ਮਨੁੱਖ ਦਾ ਦਬਦਬਾ •ਮੌਰਿਸ ਕਾਰਨਫੋਰਥ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਲੜੀ ਜੋੜਨ ਲਈ ਦੇਖੋ- ਲਲਕਾਰ ਅੰਕ 3, 16 ਤੋਂ 31 ਮਾਰਚ, 2017)

ਕਮਿਊਨਿਸਟ ਸਮਾਜ ਦਾ ਆਰਥਿਕ ਵਿਕਾਸ ਮਨੁੱਖ ਦੀ ਆਪਣੀ ਖੁਦ ਦੀ ਸਮਾਜਿਕ ਜਥੇਬੰਦੀ ਉੱਤੇ ਪੂਰਨ ਦਬਦਬੇ ਦੇ ਅਧਾਰ ‘ਤੇ ਵਧਦਾ ਹੋਇਆ ਕੁਦਰਤ ਉੱਤੇ ਵੀ ਮਨੁੱਖ ਦੇ ਦਬਦਬੇ ਦਾ ਅਸਧਾਰਨ ਵਿਕਾਸ ਬਣ ਜਾਂਦਾ ਹੈ।

ਮਨੁੱਖ ਅਤੇ ਕੁਦਰਤ ਵਿਚਲੇ ਵਿਰੋਧ ‘ਚ, ਜੋ ਸਾਡੇ ਤਜ਼ਰਬੇ ਅਨੁਸਾਰ, ਮਨੁੱਖੀ ਸਮਾਜ ਦੇ ਜਨਮ ਨਾਲ਼ ਹੀ ਪੈਦਾ ਹੋ ਗਿਆ ਸੀ, ਹਮੇਸ਼ਾ ਵੈਰ ਅਤੇ ਘੋਲ਼ ਦਾ ਤੱਤ ਰਿਹਾ ਹੈ। ਇਸ ਅਰਥ ‘ਚ ਵੱਸੋਂ ਬਾਹਰੀਆਂ ਕੁਦਰਤੀ ਤਾਕਤਾਂ ਮਨੁੱਖੀ ਹੋਂਦ ਲਈ ਖ਼ਤਰਨਾਕ ਹੁੰਦੀਆਂ ਹਨ ਅਤੇ ਮਨੁੱਖੀ ਉਦੇਸ਼ਾਂ ਦੀ ਪ੍ਰਾਪਤੀ ਨੂੰ ਅਸਫਲ ਕਰਦੀਆਂ ਹਨ। ਇਸ ਤਰਾਂ ਮੁੱਢ-ਕਦੀਮੀ ਸਮਾਜ ‘ਚ ਕੁਦਰਤੀ ਤਾਕਤਾਂ ਖ਼ਤਰਨਾਕ ਦੁਸ਼ਮਣਾਂ ਦਾ ਰੂਪ ਧਾਰ ਲੈਂਦੀਆਂ ਸਨ, ਜਿਹਨਾਂ ਨਾਲ਼ ਘੋਲ਼ ਕਰਨਾ ਹੁੰਦਾ ਸੀ, ਜਿਹਨਾਂ ਦੀ ਚਾਪਲੂਸੀ ਕਰਨੀ ਹੁੰਦੀ ਸੀ ਅਤੇ ਜਿਹਨਾਂ ਨਾਲ਼ ਚਲਾਕੀ ਵਰਤਣੀ ਪੈਂਦੀ ਸੀ। ਭੂਚਾਲ, ਹੜ, ਤੂਫਾਨ, ਸੋਕਾ ਆਦਿ ਸਮੇਂ-ਸਮੇਂ ‘ਤੇ ਮਨੁੱਖ ਦੀ ਉਸਾਰੀ ਨੂੰ ਢਾਅ ਦਿੰਦੇ ਸਨ। ਜਦ ਤੱਕ ਕੁਦਰਤ ਦੀਆਂ ਤਾਕਤਾਂ ਨੂੰ ਸਮਝਿਆ ਨਹੀਂ ਜਾਂਦਾ, ਉਹਨਾਂ ‘ਤੇ ਕੰਟਰੌਲ ਨਹੀਂ ਕੀਤਾ ਜਾਂਦਾ, ਉਹ ਮਨੁੱਖ ਦੀਆਂ ਦੁਸ਼ਮਣ ਬਣੀਆਂ ਰਹਿੰਦੀਆਂ ਹਨ ਅਤੇ ਉਸ ਸਮੇਂ ਵੀ, ਜਦ ਉਹਨਾਂ ਦਾ ਕੰਮ ਕਲਿਆਣਕਾਰੀ ਹੁੰਦਾ ਹੈ, ਉਹਨਾਂ ‘ਚ ਗੁੱਸੇ ਅਤੇ ਖ਼ਤਰੇ ਦਾ ਤੱਤ ਮੌਜੂਦ ਰਹਿੰਦਾ ਹੈ।

ਪੈਦਾਵਾਰ ਦੇ ਵਿਕਾਸ ਦੌਰਾਨ ਮਨੁੱਖਾਂ ਨੇ ਕੁਦਰਤ ਦੀਆਂ ਤਾਕਤਾਂ ‘ਤੇ ਲਗਾਤਾਰ ਵਧਦੇ ਹੋਏ ਅੰਸ਼ਾਂ ‘ਚ ਦਬਦਬਾ ਸਥਾਪਿਤ ਕੀਤਾ ਹੈ। ਕੁਦਰਤ ‘ਤੇ ਮਨੁੱਖ ਦਾ ਵਧਦਾ ਹੋਇਆ ਦਬਦਬਾ ਅਸਲ ਪਦਾਰਥਕ ਵਿਕਾਸ ਦਾ ਅਸਲੀ ਸਾਰਤੱਤ ਹੈ। ਕੁਦਰਤੀ ਤਾਕਤਾਂ ‘ਤੇ ਜਿੱਤ ਪ੍ਰਾਪਤ ਕਰਨ ਦੀ ਪ੍ਰਕਿਰਿਆ ‘ਚ ਮਨੁੱਖ ਉਹਨਾਂ ਦੇ ਕੰਮ ਕਰਨ ਦੇ ਨਿਯਮ ਸਿੱਖ ਲੈਂਦੇ ਹਨ ਅਤੇ ਮਨੁੱਖੀ ਉਦੇਸ਼ਾਂ ਲਈ ਉਹਨਾਂ ਨਿਯਮਾਂ ਦੀ ਵਰਤੋਂ ਕਰਦੇ ਹਨ। ਮਨੁੱਖ ਕੁਦਰਤੀ ਤਾਕਤਾਂ ‘ਤੇ ਆਪਣਾ ਦਬਦਬਾ, ਉਹਨਾਂ ਨੂੰ ਕਿਸੇ ਤਰਾਂ ਕਮਜ਼ੋਰ ਕਰਕੇ, ਜਾਂ ਉਹਨਾਂ ਨੂੰ ਤਬਾਹ ਕਰਕੇ, ਆਪਣੀ ਇੱਛਾ ਉਹਨਾਂ ‘ਤੇ ਥੋਪ ਕੇ, ਆਪਣੀਆਂ ਇੱਛਾਵਾਂ ਦੇ ਅਨੁਕੂਲ ਉਹਨਾਂ ਦੇ ਗੁਣ ਅਤੇ ਨਿਯਮਾਂ ਨੂੰ ਕਿਸੇ ਤਰਾਂ ਬਦਲ ਕੇ ਨਹੀਂ ਸਥਾਪਿਤ ਕਰਦੇ, ਸਗੋਂ ਉਹਨਾਂ ਦਾ ਗਿਆਨ ਹਾਸਲ ਕਰਕੇ, ਉਹਨਾਂ ਨੂੰ ਦੁਸ਼ਮਣ ਤੋਂ ਸੇਵਕ ‘ਚ ਬਦਲ ਕੇ ਸਥਾਪਿਤ ਕਰਦੇ ਹਨ।

ਪਰ ਕੁਦਰਤੀ ਤਾਕਤਾਂ ‘ਤੇ ਦਬਦਬੇ ਬਦਲੇ ਮਨੁੱਖਾਂ ਨੂੰ ਪੈਦਾਵਾਰੀ ਸਾਧਨਾਂ ਦੇ, ਜਿਹਨਾਂ ਨੂੰ ਉਹਨਾਂ ਨੇ ਕੁਦਰਤੀ ਤਾਕਤਾਂ ‘ਤੇ ਦਬਦਬਾ ਕਾਇਮ ਕਰਨ ਦੌਰਾਨ ਵਿਕਸਿਤ ਕੀਤਾ, ਅਤੇ ਆਪਣੀਆਂ ਨਿੱਜੀ ਪੈਦਾਵਾਰਾਂ ਮੁਹਰੇ ਮਤਹਿਤ ਹੋਣਾ ਪਿਆ ਹੈ। ਕਮਿਊਨਿਸਟ ਸਮਾਜ ‘ਚ, ਕੁਦਰਤ ‘ਤੇ ਮਨੁੱਖਾਂ ਦੀ ਸਮਾਜਿਕ ਜਥੇਬੰਦੀ ਦੁਆਰਾ ਸਥਾਪਿਤ ਗਲਬੇ ਦੇ ਵੱਧ ਤੋਂ ਵੱਧ ਵਿਕਾਸ ‘ਚ, ਹਰੇਕ ਰੋਕ ਨੂੰ ਹਟਾ ਦਿੱਤਾ ਜਾਂਦਾ ਹੈ। ਲੋਕ ਹੁਣ ਕੁਦਰਤ ਦੀਆਂ ਤਾਕਤਾਂ ਨੂੰ ਜਾਣਕੇ ਅਤੇ ਉਹਨਾਂ ‘ਤੇ ਕੰਟਰੌਲ ਕਰਕੇ, ਉਹਨਾਂ ਦੀ ਸੇਵਕਾਂ ਵਾਂਗ ਵਰਤੋਂ ਕਰਨ ਅਤੇ ਕੁਦਰਤ ਨੂੰ ਦੁਬਾਰਾ ਘੜਨ ਲਈ, ਸੰਸਾਰ ਨੂੰ ਮਨੁੱਖੀ ਸੰਸਾਰ ਬਣਾਉਣ ਦੇ ਉਦੇਸ਼ ਲਈ ਕੁਦਰਤ ਨਾਲ਼ ਸਹਿਯੋਗ ਕਰਦੇ ਹੋਏ ਹੱਦ ਤੋੜ ਕੇ ਅੱਗੇ ਜਾਂਦੇ ਹਨ ਕਿਉਂਕਿ ਮਨੁੱਖਤਾ ਕੁਦਰਤ ਦੀ ਸਭ ਤੋਂ ਉੱਤਮ ਪੈਦਾਵਾਰ ਹੈ।

ਇਸ ਤਰਾਂ ਕਮਿਊਨਿਸਟ ਸਮਾਜ ਦੁਆਰਾ ਕੁਦਰਤ ‘ਚ ਕੀਤੀ ਗਈ ਕਾਇਆਪਲਟੀ ਮੂਹਰੇ ਅਤੀਤ ਅਤੇ ਵਰਤਮਾਨ ਦੀਆਂ ਮਹਾਨ ਪ੍ਰਾਪਤੀਆਂ ਬੌਣੀਆਂ ਹੋ ਜਾਣਗੀਆਂ, ਉਹਨਾਂ ਦੀ ਪਹਿਲੀ ਸ਼ੁਰੂਆਤ ਕਮਿਊਨਿਜ਼ਮ ਦੇ ਪਹਿਲੇ ਪੜਾਅ ਦੀਆਂ ਮਹਾਨ ਉਸਾਰੀ ਯੋਜਨਾਵਾਂ ‘ਚ ਸਪੱਸ਼ਟ ਰੂਪ ‘ਚ ਦਿਖਾਈ ਦੇ ਰਹੀ ਹੈ।

ਵਿਗਿਆਨ ਮਨੁੱਖ ਦੇ ਦਬਦਬੇ ਦਾ ਸੰਦ ਹੁੰਦਾ ਹੈ। ਹਾਲੇ ਤੱਕ ਵਿਗਿਆਨ ਦੋ ਵਿਭਾਗਾਂ ‘ਚ ਵੰਡਿਆਂ ਰਹਿੰਦਾ ਹੈ ਕੁਦਰਤੀ ਵਿਗਿਆਨ ਅਤੇ ਸਮਾਜ ਦਾ ਵਿਗਿਆਨ; ਕੁਦਰਤ ਦੀ ਖੋਜ ਅਤੇ ਮਨੁੱਖ ਦੀ ਖੋਜ। ਕਮਿਊਨਿਸਟ ਪੈਦਾਵਾਰ ‘ਚ, ਮਨੁੱਖਤਾ ਦੇ ਵਿਕਾਸ ‘ਚ ਸਹਾਇਕ ਵਿਗਿਆਨ ਇੱਕ ਹੀ ਰਹਿੰਦਾ ਹੈ, ਇਸਦਾ ਖੇਤਰ ਸਾਧਨਾਂ ਦਾ ਇੱਕੋ-ਇੱਕ ਖੇਤਰ, ਜਿਹਨਾਂ ਨੂੰ ਮਨੁੱਖ ਜੀਵਨ ਲਈ ਵਰਤੋਂ ‘ਚ ਲਿਆਉਂਦਾ ਹੈ ਅਤੇ ਉਹਨਾਂ ਸਿਧਾਂਤਾਂ ਦਾ ਖੇਤਰ ਹੈ, ਜੋ ਉਸਦੀ ਵਰਤੋਂ ਨਾਲ਼ ਸਬੰਧਿਤ ਹੁੰਦੇ ਹਨ। ਇਹ ਮਨੁੱਖੀ ਯੋਗਤਾਵਾਂ ਦੇ, ਮਨੁੱਖੀ ਜੀਵਨ ਦੇ ਅਸੀਮ ਵਿਕਾਸ ਦਾ ਸੰਦ ਹੁੰਦਾ ਹੈ।

ਕਮਿਊਨਿਸਟ ਸਮਾਜ ‘ਚ ਚੇਤਨਾ ਦੀ ਭੂਮਿਕਾ

ਕਮਿਊਨਿਜ਼ਮ ਦੇ ਨਾਲ਼ ਮਨੁੱਖ ‘ਤੇ ਉਸਦੇ ਨਿੱਜੀ ਪੈਦਾਵਾਰੀ ਸਾਧਨਾਂ ਅਤੇ ਉਸਦੀਆਂ ਨਿੱਜੀ ਪੈਦਾਵਾਰਾਂ ਦੇ ਗਲਬੇ ਦੀ ਅਖੀਰੀ ਰਹਿੰਦ-ਖੂੰਹਦ ਵੀ ਖ਼ਤਮ ਹੋ ਜਾਂਦੀ ਹੈ। ਇਸ ਤੋਂ ਅੱਗੇ ਮਨੁੱਖ ਆਪਣੀ ਨਿੱਜੀ ਸਮਾਜਿਕ ਜਥੇਬੰਦੀ ਦਾ ਪੂਰੀ ਤਰਾਂ ਕਰਤਾ-ਧਰਤਾ ਅਤੇ ਕੁਦਰਤ ਦਾ ਵਧਦੇ ਅੰਸ਼ਾਂ ‘ਚ ਮਾਲਕ ਬਣ ਜਾਂਦਾ ਹੈ। ਇਸਦੇ ਨਾਲ਼, ਜਿਵੇਂ ਕਿ ਮਾਰਕਸ ਨੇ ਕਿਹਾ ਹੈ, ਮਨੁੱਖਤਾ ਦਾ ਪੂਰਵ-ਇਤਿਹਾਸ ਖਤਮ ਹੋ ਜਾਂਦਾ ਹੈ, ਅਤੇ ਮਨੁੱਖੀ ਇਤਿਹਾਸ ਸ਼ੁਰੂ ਹੁੰਦਾ ਹੈ।

ਅਸਲ ‘ਚ ਜੋ ਤੱਥ ਮਨੁੱਖ ਨੂੰ ਪਸ਼ੂਆਂ ਤੋਂ ਬਹੁਤ ਡੂੰਘਾਈ ਨਾਲ਼ ਵੱਖ ਕਰਦੇ ਹਨ ਉਹ ਸ਼ੁੱਧ ਰੂਪ ਨਾਲ਼ ਆਪਣੇ ਉਦੇਸ਼ਾਂ ਪ੍ਰਤੀ ਮਨੁੱਖ ਦੀ ਚੇਤਨਾ ਅਤੇ ਉਹਨਾਂ ਉਦੇਸ਼ਾਂ ਦੀ ਪ੍ਰਾਪਤੀ ਦੇ ਯਤਨਾਂ ਦੌਰਾਨ ਬਾਹਰਮੁਖੀ ਸੰਸਾਰ ਦੇ ਨਿਯਮਾਂ ਦੀ ਸਚੇਤਨ ਵਰਤੋਂ ਹੁੰਦੀ ਹੈ। ਹਾਲੇ ਤੱਕ ਮਨੁੱਖਾਂ ਨੇ ਪੈਦਾਵਾਰ ਦੀ ਪ੍ਰਕਿਰਿਆ ‘ਚ ਕੁਦਰਤੀ ਤਾਕਤਾਂ ‘ਤੇ ਦਬਦਬਾ ਤਾਂ ਸਥਾਪਿਤ ਕਰ ਲਿਆ ਹੈ, ਪਰ ਉਹ ਆਪਣੀ ਨਿੱਜੀ ਸਮਾਜਿਕ ਜਥੇਬੰਦੀ ਦੇ ਕਰਤਾ-ਧਰਤਾ ਨਹੀਂ ਬਣ ਸਕੇ ਹਨ। ਉਹਨਾਂ ਨੇ ਪੈਦਾਵਾਰ ਕੀਤੀ ਹੈ, ਪਰ ਉਹ ਪੈਦਾਵਾਰ ਦੇ ਆਪਣੇ ਸਾਧਨਾਂ ਅਤੇ ਆਪਣੀਆਂ ਨਿੱਜੀ ਪੈਦਾਵਾਰਾਂ ਦੇ ਮਾਲਕ ਨਹੀਂ ਹੋਏ ਹਨ। ਪੈਦਾਵਾਰ ਦੌਰਾਨ ਉਹਨਾਂ ਨੇ ਸਮਾਜਿਕ ਤਾਕਤਾਂ ਦੀ ਰਚਨਾ ਕੀਤੀ ਹੈ ਅਤੇ ਉਹਨਾਂ ਆਰਥਿਕ ਨਿਯਮਾਂ ਨੂੰ ਗਤੀਸ਼ੀਲ ਬਣਾਇਆ ਹੈ, ਜਿਹਨਾਂ ਨੇ ਮਨੁੱਖੀ ਹੋਣੀ ‘ਤੇ ਇੱਕ ਵਿਦੇਸ਼ੀ ਸੱਤ•ਾ ਵਾਂਗ ਹਕੂਮਤ ਕੀਤੀ ਹੈ। ਕਮਿਊਨਿਜ਼ਮ ਦੇ ਨਾਲ਼ ਉਹ ਸਭ ਕੁਝ ਖ਼ਤਮ ਹੋ ਜਾਂਦਾ ਹੈ। ਮਨੁੱਖੀ ਇਤਿਹਾਸ ਸ਼ੁਰੂ ਹੋ ਚੁੱਕਾ ਹੈ।

ਕਮਿਊਨਿਸਟ ਸਮਾਜ ‘ਚ ਮਨੁੱਖੀ ਚੇਤਨਾ ਨਵੀਂ ਅਤੇ ਉੱਨਤ ਭੂਮਿਕਾ ਨਿਭਾਉਂਦੀ ਹੈ। ਕਿਉਂਕਿ ਸਮਾਜ ਦਾ ਵਿਕਾਸ ਆਪਣੀਆਂ ਲੋੜਾਂ ਪ੍ਰਤੀ ਲੋਕਾਂ ਦੀ ਚੇਤਨਾ ਨਾਲ਼ ਨਿਰਦੇਸ਼ਿਤ ਅਤੇ ਕੰਟਰੌਲ ਹੁੰਦਾ ਹੈ। ਪੈਦਾਵਾਰ ਪੂਰੀ ਤਰਾਂ ਸਚੇਤਨ ਸਮਾਜਿਕ ਕੰਟਟੌਲ ਦੇ ਤਹਿਤ ਲਿਆਂਦੀ ਜਾਂਦੀ ਹੈ। ਆਰਥਿਕ ਵਿਰੋਧ ਤੋਂ ਪੈਦਾ ਹੋਏ ਘੋਲ਼ਾਂ ਦੁਆਰਾ ਸਮਾਜ ਦੇ ਵਿਕਾਸ ਦਾ ਤੈਅ ਹੋਣਾ ਖ਼ਤਮ ਹੋ ਜਾਂਦਾ ਹੈ, ਅਤੇ ਸਮਾਜ ਦਾ ਵਿਕਾਸ ਸਹਿਮਤੀ ਨਾਲ਼ ਉਸਰੀ ਯੋਜਨਾ ਅਨੁਸਾਰ ਅਲੋਚਨਾ, ਆਤਮ-ਅਲੋਚਨਾ ਰਾਹੀਂ ਵਿਕਸਿਤ ਲੋਕਾਂ ਦੇ ਸੁਚੇਤਨ ਉਦੇਸ਼ਾਂ ਅਨੁਸਾਰ ਅੱਗੇ ਵਧਦਾ ਹੈ। ਸਮਾਜਿਕ ਜੀਵਨ ‘ਚ ਚੇਤਨਾ ਦੀ ਇਹ ਨਵੀਂ ਅਤੇ ਉੱਨਤ ਭੂਮਿਕਾ ਕਮਿਊਨਿਜ਼ਮ ਦੇ ਤਹਿਤ ਪ੍ਰਗਟ ਹੁੰਦੀ ਹੈ ਅਤੇ ਕਮਿਊਨਿਜ਼ਮ ‘ਚ ਤਬਦੀਲੀ ਰਾਹੀਂ ਪੂਰਨਤਾ ਪਾਉਂਦੀ ਹੈ।

ਇਸਨੂੰ ਇੱਕ ਵੱਖਰੀ ਮਾਨਤਾ ਦੇ ਅਰਥ ‘ਚ ਨਹੀਂ ਸਮਝਿਆ ਜਾਣਾ ਚਾਹੀਦਾ, ਜਿਵੇਂ ਕਿ ਚੇਤਨਾ ਸਮਾਜਿਕ ਜੀਵਨ ‘ਚ ਬੁਨਿਆਦੀ ਤੇ ਨਿਰਧਾਰਕ ਤੱਤ ਬਣਦੀ ਹੈ।

ਇਹ ਸੱਚ ਨਹੀਂ ਹੈ ਅਤੇ ਕਦੇ ਸੱਚ ਨਹੀਂ ਹੋ ਸਕਦਾ। ਹਮੇਸ਼ਾ ਸੱਚ ਇਹੀ ਹੁੰਦਾ ਹੈ ਕਿ ਚੇਤਨਾ ਸਮਾਜਿਕ ਹੋਂਦ ਦੁਆਰਾ ਤੈਅ ਹੁੰਦੀ ਹੈ, ਇਹ ਕਿ ਹੋਂਦ ਪਹਿਲੇ ਨੰਬਰ ‘ਤੇ ਹੈ ਅਤੇ ਚੇਤਨਾ ਦੂਜੇ ਨੰਬਰ ‘ਤੇ, ਅਤੇ ਇਹ ਕਿ ਚੇਤਨਾ ਹੋਂਦ ਦਾ ਪ੍ਰਤੌਅ ਹੁੰਦੀ ਹੈ। ਕਮਿਊਨਿਜ਼ਮ ‘ਚ ਮਨੁੱਖਾਂ ਦੀ ਨਿੱਜੀ ਸਮਾਜਿਕ ਹੋਂਦ ਪ੍ਰਤੀ ਅਤੇ ਹੋਂਦ ਤੋਂ ਪੈਦਾ ਹੋਈਆਂ ਲੋੜਾਂ ਪ੍ਰਤੀ ਉਹਨਾਂ ਦੀ ਚੇਤਨਾ ਅਜਿਹੀ ਏਜੰਸੀ ਹੁੰਦੀ ਹੈ, ਜਿਸਦੀ ਕਿਰਿਆ ਰਾਹੀਂ ਸਮਾਜ ਦਾ ਵਿਕਾਸ ਅੱਗੇ ਵਧਦਾ ਹੈ। ਪਰ ਇਹ ਸਰਗਰਮ ਸਮਾਜਿਕ ਚੇਤਨਾ ਸਮਾਜਿਕ ਹੋਂਦ ਦਾ ਸ਼ੁੱਧ ਰੂਪ ਨਾਲ਼ ਪ੍ਰਤੌਅ ਅਤੇ ਨਤੀਜ਼ਾ ਭਰ ਹੁੰਦੀ ਹੈ ਅਤੇ ਜੋ ਕੁਝ ਇਹ ਕਰਦੀ ਹੈ, ਉਹ ਖੁਦ ਤੋਂ ਹੀ ਪੈਦਾ ਹੋਇਆ ਵਿਸ਼ਾ ਨਹੀਂ ਹੁੰਦਾ, ਸਗੋਂ ਅਜਿਹਾ ਕੁਝ ਹੈ, ਜਿਸਦੀ ਲੋੜ ਜੀਵਨ ਦੀਆਂ ਅਸਲ ਪਦਾਰਥਕ ਦਸ਼ਾਵਾਂ ਤੋਂ ਪੈਦਾ ਹੁੰਦੀ ਹੈ।

ਕਮਿਊਨਿਸਟ ਸਮਾਜ ‘ਚ ਜੋ ਕੁਝ ਹਾਸਲ ਹੁੰਦਾ ਹੈ, ਉਸਨੂੰ ਏਂਗਲਜ਼ ਨੇ ਸਾਰ ਰੂਪ ‘ਚ ਹੇਠ ਲਿਖੇ ਸ਼ਬਦਾਂ ‘ਚ ਪ੍ਰਗਟਾਇਆ ਹੈ-

“ਪੈਦਾਵਾਰੀ ਸਾਧਨਾਂ ‘ਤੇ ਸਮਾਜ ਦਾ ਅਧਿਕਾਰ ਹੋ ਜਾਣ ਤੋਂ ਬਾਅਦ, ਜਿਣਸਾਂ ਦੀ ਪੈਦਾਵਾਰ, ਅਤੇ ਉਸੇ ਦੇ ਨਾਲ਼ ਪੈਦਾਕਾਰ ‘ਤੇ ਪੈਦਾਵਾਰ ਦਾ ਦਬਦਬਾ ਖ਼ਤਮ ਕਰ ਦਿੱਤਾ ਜਾਂਦਾ ਹੈ। ਸਮਾਜਿਕ ਪੈਦਾਵਾਰ ‘ਚ ਵਿਉਂਤਬੱਧ, ਨਿਸ਼ਚਿਤ ਜਥੇਬੰਦੀ ਅਰਾਜਕਤਾ ਦੀ ਥਾਂ ਲੈ ਲੈਂਦੀ ਹੈ। ਨਿੱਜੀ ਹੋਂਦ ਲਈ ਘੋਲ਼ ਖ਼ਤਮ ਹੋ ਜਾਂਦਾ ਹੈ, ਉਸ ਸਮੇਂ, ਪਹਿਲੀ ਵਾਰ ਮਨੁੱਖ, ਇੱਕ ਨਿਸ਼ਚਿਤ ਅਰਥ ‘ਚ, ਅੰਤਿਮ ਰੂਪ ਨਾਲ਼ ਬਾਕੀ ਪਸ਼ੂ ਜਗਤ ਤੋਂ ਅਲੱਗ ਪਛਾਣ ਦੇ ਨਾਲ਼ ਹੋਂਦ ਦੀਆਂ ਕੇਵਲ ਪਾਸ਼ਵਿਕ ਦਸ਼ਾਵਾਂ ਤੋਂ ਉੱਪਰ ਉੱਠ ਕੇ ਅਸਲ ਮਨੁੱਖੀ ਦਿਸ਼ਾਵਾਂ ‘ਚ ਪ੍ਰਗਟ ਹੁੰਦਾ ਹੈ।”

“ਜੀਵਨ ਦੀਆਂ ਹਾਲਤਾਂ ਦਾ ਸੰਪੂਰਨ ਖੇਤਰ, ਜੋ ਮਨੁੱਖਾਂ ਦੇ ਨੇੜੇ-ਤੇੜੇ ਰਹਿੰਦਾ ਹੈ, ਅਤੇ ਜਿਸਨੇ ਹਾਲੇ ਤੱਕ ਮਨੁੱਖ ‘ਤੇ ਹਕੂਮਤ ਕੀਤੀ ਹੈ, ਹੁਣ ਮਨੁੱਖ ਦੇ, ਜੋ ਪਹਿਲੀ ਵਾਰੀ ਕੁਦਰਤ ਦਾ ਅਸਲੀ ਸਚੇਤਨ ਮਾਲਕ ਬਣਦਾ ਹੈ, ਗਲਬੇ ਅਤੇ ਕੰਟਰੌਲ ‘ਚ ਆ ਜਾਂਦਾ ਹੈ, ਕਿਉਂਕਿ ਉਹ ਆਪਣੀ ਨਿੱਜੀ ਸਮਾਜਿਕ ਜਥੇਬੰਦੀ ਦਾ ਕਰਤਾ-ਧਰਤਾ ਬਣ ਚੁੱਕਿਆ ਹੁੰਦਾ ਹੈ। ਨਿੱਜੀ ਸਮਾਜਿਕ ਕਾਰਵਾਈ ਦੇ ਨਿਯਮਾਂ, ਜੋ ਹਾਲੇ ਤੱਕ ਵਿਦੇਸ਼ੀ ਵਾਂਗ ਅਤੇ ਉਸ ‘ਤੇ ਦਬਦਬਾ ਜਮਾਉਣ ਵਾਲ਼ੇ ਕੁਦਰਤੀ ਨਿਯਮਾਂ ਵਾਂਗ ਉਸਦੇ ਮੁਹਰੇ ਵੰਗਾਰ ਬਣ ਕੇ ਖੜ ਹੁੰਦੇ ਰਹੇ ਹਨ, ਦੀ ਮਨੁੱਖ ਦੁਆਰਾ ਪੂਰੀ ਸਮਝਦਾਰੀ ਨਾਲ਼ ਵਰਤੋਂ ਕੀਤੀ ਜਾਵੇਗੀ ਅਤੇ ਇਸ ਤਰਾਂ ਉਹ ਉਸਦੇ ਦਬਦਬੇ ‘ਚ ਆ ਜਾਣਗੇ। ਮਨੁੱਖ ਦੀ ਆਪਣੀ ਸਮਾਜਿਕ ਜਥੇਬੰਦੀ, ਜੋ ਹਾਲੇ ਤੱਕ ਕੁਦਰਤ ਅਤੇ ਇਤਿਹਾਸ ਦੁਆਰਾ ਥੋਪੀ ਗਈ ਲਾਜ਼ਮੀ ਹਾਲਤ ਦੇ ਰੂਪ ‘ਚ ਉਸ ਨਾਲ਼ ਟਕਰਾਉਂਦੀ ਸੀ, ਹੁਣ ਉਸਦੀ ਆਪਣੀ ਅਜ਼ਾਦ ਕਾਰਵਾਈ ਦਾ ਨਤੀਜ਼ਾ ਬਣ ਜਾਂਦੀ ਹੈ। ਬਾਹਰਮੁਖੀ ਤਾਕਤਾਂ, ਜਿਹਨਾਂ ਨੇ ਹੁਣ ਤੱਕ ਇਤਿਹਾਸ ‘ਤੇ ਹਕੂਮਤ ਕੀਤੀ ਹੈ, ਖੁਦ ਮਨੁੱਖ ਦੇ ਕੰਟਰੌਲ ‘ਚ ਆ ਜਾਂਦੀਆਂ ਹਨ।”

“ਠੀਕ ਉਸੇ ਸਮੇਂ ਤੋਂ ਮਨੁੱਖ ਵੱਧ ਤੋਂ ਵੱਧ ਚੇਤਨਾ ਨਾਲ਼ ਖੁਦ ਆਪਣੇ ਇਤਿਹਾਸ ਦੀ ਉਸਾਰੀ ਕਰੇਗਾ। ਠੀਕ, ਉਸੇ ਸਮੇਂ ਤੋਂ, ਉਸ ਦੁਆਰਾ ਗਤੀਸ਼ੀਲ ਬਣਾਏ ਗਏ ਸਮਾਜਿਕ ਉਦੇਸ਼ਾਂ ਦੇ, ਮੁੱਖ ਰੂਪ ਨਾਲ਼ ਅਤੇ ਲਗਾਤਾਰ ਵਧਦੀ ਹੋਈ ਮਾਤਰਾ ‘ਚ, ਉਸ ਅਨੁਸਾਰ ਚਿਤਵੇ ਨਤੀਜ਼ੇ ਨਿਕਲਣਗੇ। ਇਹ ਮਨੁੱਖ ਦਾ ਰੋਕ ਦੇ ਰਾਜ ਤੋਂ ਬਾਹਰ ਨਿਕਲ਼ ਕੇ ਅਜ਼ਾਦੀ ਦੇ ਰਾਜ ‘ਚ ਦਾਖਲ ਹੋਣਾ ਹੈ।”

ਕਮਿਊਨਿਸਟ ਸਮਾਜ ਦਾ ਭਵਿੱਖ
ਕਮਿਊਨਿਜ਼ਮ ਤੋਂ ਬਾਅਦ ਕੀ ਹੋਵੇਗਾ?

ਇਹ ਬਹੁਤ ਹੀ ਸੁਭਵਿਕ ਸਵਾਲ ਹੈ; ਪਰ ਅਜਿਹਾ, ਜਿਸਦਾ ਉੱਤਰ ਕਦੇ ਵੀ ਅਸੀਂ ਵਰਤਮਾਨ ‘ਚ ਨਹੀਂ ਦੇ ਸਕਦੇ, ਜਾਂ ਕੇਵਲ ਅਸਪੱਸ਼ਟ ਸ਼ਬਦਾਂ ‘ਚ ਹੀ ਉੱਤਰ ਦੇ ਸਕਦੇ ਹਾਂ।

ਕਮਿਊਨਿਸਟ ਸਮਾਜ ਦੇ ਵਿਸ਼ੇ ‘ਚ ਅਸੀਂ ਜੋ ਕੁਝ ਜਾਣ ਸਕਦੇ ਹਾਂ ਉਹ ਕੇਵਲ ਸਰਮਾਏਦਾਰੀ ਅਤੇ ਸਮਾਜਵਾਦੀ ਸਾਮਜ ਸਬੰਧੀ ਸਾਡੇ ਪਹਿਲਾਂ ਤੋਂ ਹਾਸਲ ਗਿਆਨ ‘ਤੇ ਅਧਾਰਿਤ ਹੈ। ਇਸ ਤਰਾਂ ਅਸੀਂ ਜਾਣਦੇ ਹਾਂ ਕਿ ਸਰਮਾਏਦਾਰੀ ਅਤੇ ਸਮਾਜਵਾਦੀ ਸਮਾਜ ਦੇ ਕੁਝ ਖ਼ਾਸ ਪੱਖਾਂ ਦਾ, ਜਿਹਨਾਂ ਦਾ ਵਿਸ਼ਲੇਸ਼ਣ ਅਸੀਂ ਕਰ ਚੁੱਕੇ ਹਾਂ, ਖ਼ਾਤਮਾ ਕਰਨਾ ਹੋਵੇਗਾ, ਅਤੇ ਅਸੀਂ ਮੋਟੇ ਤੌਰ ‘ਤੇ ਇਹ ਹਿਸਾਬ ਲਾ ਸਕਦੇ ਹਾਂ ਕਿ ਉਹਨਾਂ ਦਾ ਨਾਸ਼ ਕਿਵੇਂ ਕੀਤਾ ਜਾਵੇਗਾ, ਅਤੇ ਉਸ ਤੋਂ ਬਾਅਦ ਕਿਸ ਤਰਾਂ ਦਾ ਸਮਾਜ ਹੋਂਦ ਵਿੱਚ ਆਵੇਗਾ। ਉਸ ਤੋਂ ਪਰ ਕੀ ਹੋਵੇਗਾ, ਉਸ ਸਬੰਧੀ ਭਵਿੱਖਭਾਣੀ ਕਰਨ ਦਾ ਸਾਡੇ ਕੋਲ ਕੋਈ ਸਾਧਨ ਨਹੀਂ ਹੈ।

ਸਰਮਾਏਦਾਰੀ ਤੋਂ ਸਮਾਜਵਾਦ ‘ਚ ਤਬਦੀਲੀ ਜਿਵੇਂ ਕਿ ਅਸੀਂ ਹੁਣ ਜਾਣਦੇ ਹਾਂ (ਜੋ ਕਿ ਮਾਰਕਸ ਅਤੇ ਏਂਗਲਜ਼ ਨਹੀਂ ਜਾਣਦੇ ਸਨ), ਇੱਕ ਲੰਬੀ ਅਤੇ ਅਸਾਵੀਂ ਪ੍ਰਕਿਰਿਆ ਹੈ। ਕੁਝ ਕੌਮਾਂ ਨੇ ਸਮਾਜਵਾਦ ਹਾਸਲ ਕਰ ਲਿਆ ਹੈ, ਜਦਕਿ ਦੂਜੀਆਂ ਹੁਣ ਵੀ ਸਰਮਾਏਦਾਰਾ ਬਣੀਆਂ ਹੋਈਆਂ ਹਨ। ਇਸਦਾ ਅਰਥ ਇਹ ਨਿਕਲ਼ਦਾ ਹੈ ਕਿ ਸੰਸਾਰ ਦੇ ਪੱਧਰ ‘ਤੇ ਸਮਾਜਵਾਦ ਤੋਂ ਕਮਿਊਨਿਜ਼ਮ ‘ਚ ਤਬਦੀਲੀ ਦੀ ਵੀ ਲੰਬੀ ਅਤੇ ਅਸਾਵੀਂ ਪ੍ਰਕਿਰਿਆ ਹੋਵੇਗੀ, ਕਿਉਂਕਿ ਕੁਝ ਕੌਮਾਂ ਅੱਗੇ ਵਧ ਕੇ ਕਮਿਊਨਿਜ਼ਮ ‘ਚ ਪਹੁੰਚ ਜਾਣਗੀਆਂ ਅਤੇ ਦੂਜੀਆਂ ਪੱਛੜੀਆਂ ਰਹਿਣਗੀਆਂ, ਇੱਥੋਂ ਤੱਕ ਕਿ ਸਰਮਾਏਦਾਰਾ ਹਾਲਤ ‘ਚ ਬਣੇ ਰਹਿ ਸਕਦੇ ਹਨ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਸੰਯੁਕਤ ਅੰਕ 4-5, 1 ਤੋਂ 15 ਅਤੇ 16 ਤੋਂ 30 ਅਪ੍ਰੈਲ, 2017 ਵਿੱਚ ਪ੍ਰਕਾਸ਼ਤ

Advertisements