ਕੁਦਰਤ ‘ਤੇ ਮਨੁੱਖ ਦਾ ਦਬਦਬਾ •ਮੌਰਿਸ ਕਾਰਨਫੋਰਥ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਲੜੀ ਜੋੜਨ ਲਈ ਦੇਖੋ- ‘ਲਲਕਾਰ’ ਸੰਯੁਕਤ ਅੰਕ , 4-5, 1-15 ਅਤੇ 16-31 ਅਪ੍ਰੈਲ, 2017)

ਇਸ ਤਰਾਂ ਤਾਰਕਿਕ ਅਧਾਰ ‘ਤੇ ਇਹ ਨਿਸ਼ਚਿਤ ਸਮਝ ‘ਚ ਆਉਂਦਾ ਹੈ ਕਿ ਕਮਿਊਨਿਜ਼ਮ ਪਹਿਲਾਂ-ਪਹਿਲ ਕੌਮੀ ਅਧਾਰ ‘ਤੇ ਹੀ ਹੋਂਦ ‘ਚ ਆਵੇਗਾ। ਅਤੇ ਇਸ ਲਈ ਕਮਿਊਨਿਸਟ ਕੌਮੀ ਅਰਥਚਾਰੇ ‘ਚ ਜੇਕਰ ਪੈਦਾਵਾਰਾਂ ਦਾ ਜਿਣਸ ਦੇ ਰੂਪ ਵਟਾਂਦਰਾ ਖ਼ਾਤਮਾ ਹੋ ਜਾਵੇਗਾ, ਪਰ ਵੱਖਰੇ ਕੌਮੀ ਅਰਥਚਾਰਿਆਂ ਵਿਚਾਲੇ ਪੈਦਾਵਾਰਾਂ ਦਾ ਜਿਣਸਾਂ ਦੇ ਰੂਪ ‘ਚ ਵਟਾਂਦਰਾ ਉਸ ਸਮੇਂ ਵੀ ਜਾਰੀ ਰਹੇਗਾ।

ਜਦ ਸਾਰੇ ਦੇਸ਼ ਸਮਾਜਵਾਦੀ ਹੋ ਜਾਣਗੇ, ਤਾਂ ਜਿਣਸ-ਪੈਦਾਵਾਰ ਦਾ ਇਹ ਅੰਤਿਮ ਪੱਖ ਉਹਨਾਂ ਦੇ ਸਾਂਝੇ ਵਿਕਾਸ ‘ਚ ਬਹੁਤ ਦੂਰ ਤੱਕ ਰੋਕ ਬਣ ਜਾਵੇਗਾ। ਉਸ ਸਮੇਂ ਅਸੀਂ ਆਸ ਕਰ ਸਕਦੇ ਹਾਂ ਕਿ ਕੌਮੀ ਹੱਦਾਂ ਅਤੇ ਵਿਦੇਸ਼ੀ ਵਪਾਰ ਵੀ ਹੌਲ਼ੀ-ਹੌਲ਼ੀ ਖ਼ਤਮ ਹੋ ਜਾਣਗੇ ਅਤੇ ਸੰਸਾਰ ਕਮਿਊਨਿਸਟ ਪ੍ਰਬੰਧ ਦਾ ਹੌਲ਼ੀ-ਹੌਲ਼ੀ ਵਿਕਾਸ ਹੋਵੇਗਾ ਉਸਦਾ ਨਤੀਜ਼ਾ ਅੰਤ ਕੌਮੀ ਫਰਕਾਂ ਦੇ ਖ਼ਾਤਮੇ ਅਤੇ ਇੱਕ ਸੰਸਾਰ-ਭਾਸ਼ਾ ਅਤੇ ਸੰਸਾਰ ਸੱਭਿਆਚਾਰ ਦੇ ਰੂਪ ‘ਚ ਸਾਹਮਣੇ ਆਵੇਗਾ।

ਸਤਾਲਿਨ ਨੇ ਲਿਖਿਆ ਹੈ: ਸੰਭਾਵਨਾ ਇਹ ਹੈ ਕਿ ਪਹਿਲਾਂ ਪਹਿਲ ਕੋਈ ਇੱਕ ਸੰਸਾਰ-ਆਰਥਿਕ ਕੇਂਦਰ ਸਥਾਪਿਤ ਨਹੀਂ ਹੋਵੇਗਾ, ਜੋ ਇੱਕ ਸਰਬ-ਪ੍ਰਵਾਨਿਤ ਭਾਸ਼ਾ ਸਹਿਤ ਸਾਰੀਆਂ ਕੌਮਾਂ ਨੂੰ ਪ੍ਰਵਾਨ ਹੋਵੇ, ਸਗੋਂ ਕੌਮਾਂ ਦੇ ਵੱਖ-ਵੱਖ ਸਮੂਹਾਂ ਦੇ, ਹਰੇਕ ਸਮੂਹ ਦੀ ਵੱਖ-ਵੱਖ ਪ੍ਰਵਾਨਿਤ ਭਾਸ਼ਾ ਸਹਿਤ ਅਨੇਕ ਖੇਤਰੀ ਆਰਥਿਕ ਕੇਂਦਰ ਹੋਣਗੇ, ਅਤੇ ਆਉਣ ਵਾਲ਼ੇ ਕਾਲ ਚ ਇਹ ਅਨੇਕ ਕੇਂਦਰ ਇੱਕ ਸਰਬ-ਪ੍ਰਵਾਨਿਤ ਸੰਸਾਰ ਆਰਥਿਕ ਕੇਂਦਰ ਦੇ ਤਹਿਤ ਜਥੇਬੰਦ ਹੋਣਗੇ, ਉਹਨਾਂ ਦੀ ਇੱਕ ਭਾਸ਼ਾ ਹੋਵੇਗੀ ਜੋ ਸਾਰੀਆਂ ਕੌਮਾਂ ਚ ਸਰਬ-ਪ੍ਰਵਾਨਿਤ ਹੋਵੇਗੀ… ਕੌਮੀ ਫਰਕਾਂ ਅਤੇ ਤੇ ਭਾਸ਼ਾਵਾਂ ਦਾ ਅੰਤ ਹੋਣ ਲੱਗੇਗਾ, ਅਤੇ ਉਹ ਸਾਰੀਆਂ ਕੌਮਾਂ ਚ ਸਰਬ-ਪ੍ਰਵਾਨਿਤ ਸੰਸਾਰ ਭਾਸ਼ਾ ਲਈ ਥਾਂ ਖਾਲੀ ਕਰਨਗੀਆਂ। ਮੇਰੇ ਵਿਚਾਰ ਚ ਇਹ ਕੌਮਾਂ ਦੇ ਭਵਿੱਖ ਅਤੇ ਉਸ ਤਰੀਕਾਕਾਰ ਦੀ ਮੋਟੀ ਤਸਵੀਰ ਹੈ, ਜਿਸ ਰਾਹੀਂ ਕੌਮਾਂ ਆਪਣੇ ਭਵਿੱਖੀ ਲੋਪ ਵੱਲ ਵਧਣਗੀਆਂ।”11

ਜਦ ਸਾਡੇ ਵਰਤਮਾਨ ਸੰਸਾਰ ਤੋਂ ਪੂਰੀ ਤਰਾਂ ਵੱਖਰਾ ਸੰਸਾਰ ਹੋਂਦ ‘ਚ ਆਵੇਗਾ, ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਕਿ ਉਸ ‘ਚ ਰਹਿਣ ਵਾਲ਼ੇ ਲੋਕ ਕੀ ਕਾਰਜ ਕਰਨ ਦਾ ਫੈਸਲਾ ਕਰਨਗੇ? ਸੱਚਮੁੱਚ, ਅਸੀਂ ਕੁਝ ਨਹੀਂ ਕਹਿ ਸਕਦੇ। ਅਤੇ, ਜੇਕਰ ਅਸੀਂ ਕਿਹਾ ਵੀ ਤਾਂ ਉਸ ‘ਤੇ ਕੋਈ ਧਿਆਨ ਨਹੀਂ ਦੇਵੇਗਾ, ਕਿਉਂਕਿ ਉਹ ਜੋ ਕੁਝ ਕਰਨਗੇ, ਉਹ ਸਾਡੀਆਂ ਲੋੜਾਂ ਤੋਂ ਨਹੀਂ, ਉਹਨਾਂ ਦੀਆਂ ਆਪਣੀਆਂ ਲੋੜਾਂ ਤੋਂ ਨਿਰਦੇਸ਼ਿਤ ਹੋਵੇਗਾ।

ਅਸੀਂ ਵੱਧ ਤੋਂ ਵੱਧ ਦੋ ਸੰਭਾਵਿਤ ਸਥਿਤੀਆਂ ਦਾ ਐਲਾਨ ਕਰਨ ਦੀ ਹਿੰਮਤ ਕਰ ਸਕਦੇ ਹਾਂ।

(1) ਕਮਿਊਨਿਸਟ ਸਮਾਜ ‘ਚ ਜਾਇਦਾਦ ਆਪਣੇ ਵਿਕਾਸ ਦੇ ਸਰਵਉੱਚ ਪੱਧਰ ‘ਤੇ ਪਹੁੰਚ ਚੁੱਕੀ ਹੁੰਦੀ ਹੈ। ਸਤਾਲਿਨ ਦੇ ਸ਼ਬਦਾਂ ‘ਚ, ਸਮਾਜ ਦੇ ਸਾਰੇ ਮੈਂਬਰ ਸਮਾਜਿਕ ਜਾਇਦਾਦ ਨੂੰ ਸਮਾਜ ਦੀ ਹੋਂਦ ਦਾ ਪਵਿੱਤਰ ਅਤੇ ਅਲੰਘਣਯੋਗ ਅਧਾਰ ਮੰਨਣਗੇ।”12 ਨਿੱਜੀ ਜਇਦਾਦ ਦੀ ਹੋਂਦ ਖ਼ਤਮ ਹੋ ਚੁੱਕੀ ਹੁੰਦੀ ਹੈ। ਸਧਾਰਨ ਤੌਰ ‘ਤੇ ਜਥੇਬੰਦ ਲੋਕ ਆਪਣੀਆਂ ਸਾਰੀਆਂ ਲੋੜਾਂ ਦੀ ਸੰਤੁਸ਼ਟੀ ਲਈ ਆਪਣੇ ਨਿੱਜੀ ਮਨੁੱਖੀ ਸਾਧਨਾਂ ਸਮੇਤ ਕੁਦਰਤ ਦੇ ਸਾਰੇ ਸਾਧਨਾਂ ਦਾ ਇਸਤੇਮਾਲ ਕਰਦੇ ਹਨ। ਇਹ ਸਾਧਨ ਖਾਸ ਤੌਰ ‘ਤੇ ਕਿਸੇ ਇੱਕ ਦੇ ਅਧੀਨ ਨਹੀਂ ਹੁੰਦੇ, ਜਥੇਬੰਦ ਕਿਰਤ ਦੀਆਂ ਉਪਜਾਂ ਪੂਰੇ ਸਮਾਜ ਦੀ ਜਇਦਾਦ ਹੁੰਦੀਆਂ ਹਨ ਅਤੇ ਖਪਤ ਦੇ ਸਾਧਨ ਸਮਾਜ ਦੇ ਮੈਂਬਰਾਂ ਵਿਚਕਾਰ, ਉਹਨਾਂ ਦੀਆਂ ਲੋੜਾਂ ਅਨੁਸਾਰ ਉਹਨਾਂ ਦੀ ਨਿੱਜੀ ਜਇਦਾਦ ਦੇ ਰੂਪ ਵਿੱਚ ਨਿੱਜੀ ਵਰਤੋਂ ਦੇ ਉਦੇਸ਼ ਨਾਲ਼ ਵੰਡੇ ਜਾਂਦੇ ਹਨ। ਜਇਦਾਦ, ਜਿਵੇਂ ਅੱਜ ਅਸੀਂ ਉਸਨੂੰ ਆਮ ਤੌਰ ‘ਤੇ ਪੈਦਾਵਾਰ ਦੇ ਸਾਧਨਾਂ ਅਤੇ ਉਪਜਾਂ ‘ਤੇ ਖਾਸ ਵਿਅਕਤੀਆਂ, ਸਮੂਹਾਂ ਅਤੇ ਜਥੇਬੰਦੀਆਂ ਦੀ ਮਾਲਕੀ ਅਤੇ ਕੰਟਰੌਲ ਦੇ ਰੂਪ ਵਿੱਚ ਸਮਝਦੇ ਹਾਂ, ਅਸਲ ‘ਚ ਪੈਦਾਵਾਰ ਲਈ ਸਾਰੇ ਮਹੱਤਵ ਗਵਾ ਚੁੱਕੀ ਹੁੰਦੀ ਹੈ। ਜਾਇਦਾਦ ਦੇ ਵਿਕਾਸ ਦੇ ਸਰਵਉੱਚ ਪੜਾਅ ਦਾ ਇਹੀ ਅਰਥ ਹੈ।

ਜੇਕਰ, ਇੰਝ ਜਇਦਾਦ ਸੱਚੀਂ ਹੀ ਵਿਕਾਸ ਦੇ ਸਰਵਉੱਚ ਪੜਾਅ ਤੱਕ ਪਹੁੰਚ ਗਈ ਤਾਂ ਅਜਿਹਾ ਫਿਰ ਕਦੀ ਨਹੀਂ ਹੋਵੇਗਾ ਕਿ ਲੋਕਾਈ ਜਇਦਾਦ-ਸਬੰਧਾਂ ਨੂੰ ਬਦਲਣ ਅਤੇ ਜਇਦਾਦ ਦੇ ਕਿਸੇ ਦੂਸਰੇ ਸਿਖਰਲੇ ਰੂਪ ਨੂੰ ਸਥਾਪਿਤ ਕਰਨ ਦਾ ਬੰਧੇਜ ਅਨੁਭਵ ਕਰੇ।

(2) ਇਸ ਦੇ ਨਾਲ਼ ਹੀ ਸਮਾਜ ਇੱਕ ਪੜਾਅ ‘ਤੇ ਠਹਿਰਿਆ ਨਹੀਂ ਰਹੇਗਾ। ਸਮੇਂ-ਸਮੇਂ ‘ਤੇ ਪੈਦਾਵਾਰੀ ਤਾਕਤਾਂ ਦੇ ਨਵੇਂ ਵਿਕਾਸ ਹੋਣਗੇ- ਕਿਸ ਤਰਾਂ ਦੇ ਵਿਕਾਸ ਹੋਣਗੇ, ਅਸੀਂ ਨਹੀਂ ਜਾਣਦੇ- ਅਤੇ ਸਮਾਜਿਕ ਜਥੇਬੰਦੀਆਂ ਦੇ ਪੁਰਾਣੇ ਰੂਪ, ਪੁਰਾਣੀਆਂ ਆਦਤਾਂ, ਜਿਊਣ-ਢੰਗ, ਮਤ ਅਤੇ ਸੰਸਥਾਵਾਂ ਨੂੰ ਰੁਕਾਵਟ ਦੇ ਰੂਪ ਵਿੱਚ ਅਨੁਭਵ ਕੀਤਾ ਜਾਵੇਗਾ, ਇਸ ਲਈ ਉਹਨਾਂ ਨੂੰ ਬਦਲਣਾ ਜਰੂਰੀ ਹੁੰਦਾ ਰਹੇਗਾ।

ਇਸ ਤਰਾਂ ਪੁਰਾਣੇ ਅਤੇ ਨਵੇਂ ਵਿਚਕਾਰ ਵਿਰੋਧਤਾਈ- ਜਥੇਬੰਦੀ ਦੇ ਪੁਰਾਣੇ ਰੂਪਾਂ, ਜਿਹਨਾਂ ‘ਚ ਮਨੁੱਖ ਪੈਦਾਵਾਰ ਮੁਕੰਮਲ ਕਰਨ ਲਈ ਸ਼ਰੀਕ ਹੁੰਦੇ ਹਨ, ਅਤੇ ਪੈਦਾਵਾਰ ਦੀਆਂ ਨਵੀਆਂ ਤਾਕਤਾਂ ਵਿਚਕਾਰ ਵਿਰੋਧਤਾਈ- ਜੋ ਹੁਣ ਤੱਕ ਪੈਦਾਵਾਰ ਦੇ ਵਿਦਮਾਨ ਸਬੰਧਾਂ ਅਤੇ ਪੈਦਾਵਾਰ ਦੀਆਂ ਨਵੀਆਂ ਤਾਕਤਾਂ ਵਿਚਕਾਰ ਵਿਰੋਧਤਾਈ ਦੇ ਰੂਪ ਵਿੱਚ ਪ੍ਰਗਟ ਹੁੰਦੀ ਰਹੀ ਹੈ, ਅਤੇ ਜੋ ਵਿਰੋਧਤਾਈ ਖੁਦ ਮਨੁੱਖੀ-ਵਿਕਾਸ ਦੀ ਮੁੱਖ ਚਾਲਕ ਰਹੀ ਹੈ, ਕਾਰਜ ਕਰਦੀ ਰਹੇਗੀ- ਪਰ ਨਵੇਂ ਰੂਪਾਂ ਵਿੱਚ। ਇਹ ਜਇਦਾਦ ਦੇ ਵਿਦਮਾਨ ਰੂਪਾਂ ਅਤੇ ਸਮਾਜਿਕ ਵਿਕਾਸ ਦੀਆਂ ਨਵੀਆਂ ਜਰੂਰਤਾਂ ਵਿਚਕਾਰ ਟਕਰਾਅ ਦੀ ਸ਼ਕਲ ਗ੍ਰਹਣ ਨਹੀਂ ਕਰੇਗੀ, ਸਗੋਂ ਦੂਸਰੇ ਰੂਪ ਗ੍ਰਹਣ ਕਰੇਗੀ। ਅਤੇ ਬਦਲਾਅ ਘੋਲ਼ਾਂ ਜ਼ਰੀਏ ਨਹੀਂ, ਸਗੋਂ ਅਲੋਚਨਾ ਅਤੇ ਆਤਮ-ਅਲੋਚਨਾ ਦੇ ਅਧਾਰ ‘ਤੇ ਸਰਬ-ਸਮਤੀ ਨਾਲ਼ ਲਏ ਗਏ ਫੈਸਲਿਆਂ ਨਾਲ਼ ਹੋਵੇਗਾ।

ਇਸ ਨੁਕਤੇ ‘ਤੇ ਤਰਕ ਨੂੰ ਲਗਾਮ ਦੇਣੀ ਅਤੇ ਖੁਦ ਨੂੰ ਵਰਤਮਾਨ ਹਕੀਕਤਾਂ ਵਿੱਚ ਵਾਪਸ ਲਿਆਉਣਾ ਜਰੂਰੀ ਹੈ। ਜਦੋਂ ਪੂਰੀ ਮਨੁੱਖੀ-ਨਸਲ ਲੁੱਟ ਤੋਂ ਮੁਕਤ ਹੋ ਜਾਵੇਗੀ, ਲੋਕਾਈ ਕਿਸੇ ਘਾਟ ਤੋਂ ਬਿਨਾਂ, ਸਰੁੱਖਿਆ ਅਤੇ ਖੁਸ਼ੀ ਵਿੱਚ ਜੀਵਨ ਬਸਰ ਕਰੇਗੀ ਅਤੇ ਭਵਿੱਖ ਨੂੰ ਸੰਭਾਲਣ ਲਈ ਪੂਰੀ ਤਰਾਂ ਸਮਰੱਥ ਹੋਵੇਗੀ। ਸਾਨੂੰ ਅੱਗੇ ਉਹਨਾਂ ਦੀਆਂ ਭਵਿੱਖੀ ਸਮੱਸਿਆਵਾਂ ਨਾਲ਼, ਸਰੋਕਾਰ ਰੱਖਣ ਦੀ ਜਰੂਰਤ ਨਹੀਂ ਹੈ, ਸਗੋਂ ਅਸੀਂ ਸਿਰਫ ਆਪਣੀਆਂ ਸਮੱਸਿਆਵਾਂ ਨਾਲ਼ ਸਰੋਕਾਰ ਰੱਖੀਏ। ਕਿਉਂਕਿ ਮਨੁੱਖਤਾ ਦਾ ਭਵਿੱਖ ਇਸ ਤੱਥ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਸਮਾਜ ਦੀਆਂ ਵਿਰੋਧਤਾਈਆਂ ਦਾ ਹੱਲ ਕਿਸ ਤਰਾਂ ਕਰਦੇ ਹਾਂ।

ਅਸੀਂ ਵਿਲੀਅਮ ਮੌਰਿਸ ਦੇ ਸ਼ਬਦਾਂ ਵਿੱਚ ਯਾਦ ਰੱਖ ਸਕਦੇ ਹਾਂ, ਜੋ ਉਹਨਾਂ ਨੇ ਸਾਮਵਾਦੀ ਭਵਿੱਖ ਵਿੱਚ ਰਹਿਣ ਦਾ ਸੁਪਨਾ ਦੇਖਣ ਤੋਂ ਬਾਅਦ ਕਹੇ ਸਨ :

ਪੂਰਾ ਸਮਾਂ, ਜਦਕਿ ਉਹ ਮੇਰੇ ਲਈ ਹਕੀਕੀ ਸਨ, ਮੈਂ ਇਹ ਅਨੁਭਵ ਕਰਦਾ ਰਿਹਾ, ਜਿਵੇਂ ਮੇਰਾ ਉਹਨਾਂ ਵਿੱਚ ਕੋਈ ਕੰਮ ਨਹੀਂ ਹੈ; ਜਿਵੇਂ ਕਿ ਉਹ ਸਮਾਂ ਆਵੇਗਾ ਜਦ ਉਹ ਮੈਨੂੰ ਖਾਰਜ ਕਰ ਦੇਣਗੇ ਅਤੇ ਕਹਿਣਗੇ : ਨਹੀਂ, ਇਹ ਨਹੀਂ ਚੱਲੇਗਾ, ਤੂੰ ਸਾਡਾ ਆਦਮੀ ਨਹੀਂਂ ਹੋ ਸਕਦਾ। ਵਾਪਸ ਜਾ, ਹੁਣ ਤੂੰ ਸਾਨੂੰ ਵੇਖ ਲਿਆ ਅਤੇ ਤੇਰੀਆਂ ਬਾਹਰੀ ਅੱਖਾਂ ਨੇ ਸਮਝ ਲਿਆ ਹੈ ਕਿ ਤੇਰੇ ਜਮਾਨੇ ਦੇ ਸਪੱਸ਼ਟ ਸਿਧਾਤਾਂ ਦੇ ਹੁੰਦਿਆਂ ਸੰਸਾਰ ਲਈ ਅਰਾਮ ਦਾ ਸਮਾਂ ਹਾਲੇ ਬਾਕੀ ਹੈ, ਜਦ ਧੱਕੇਸ਼ਾਹੀ ਸਾਥੀਪਣ ਵਿੱਚ ਬਦਲ ਗਈ ਹੈ- ਅਜਿਹਾ ਪਹਿਲਾਂ ਕਦੀ ਨਹੀਂ ਸੀ। ਪਿੱਛੇ ਚਲਿਆ ਜਾ, ਅਤੇ, ਜਦ ਤੂੰੰ ਜਿਉਂਦਾ ਰਹੇਗਾਂ ਤੂੰ ਆਪਣੇ ਚਾਰੇਪਾਸੇ ਦੇਖੇਗਾਂ ਕਿ ਲੋਕ ਦੂਸਰਿਆਂ ਨੂੰ ਅਜਿਹੇ ਜੀਵਨ ਲਈ ਮਜ਼ਬੂਰ ਕਰਨ ਚ ਲੱਗੇ ਹੋਏ ਹਨ, ਜੋ ਉਹਨਾਂ ਦਾ ਆਪਣਾ ਜੀਵਨ ਨਹੀਂ ਹੈ, ਜਦਕਿ ਉਹ ਖੁਦ ਆਪਣੀ ਅਸਲ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ ਕਰਦੇ- ਅਜਿਹੇ ਲੋਕਾਂ ਨੂੰ ਦੇਖੇਗਾਂ ਜੋ ਜ਼ਿੰਦਗੀ ਨਾਲ਼ ਨਫ਼ਰਤ ਕਰਦੇ ਹਨ, ਪਰ ਮੌਤ ਤੋਂ ਡਰਦੇ ਹਨ। ਮੁੜ ਜਾ, ਅਤੇ ਇਸ ਲਈ ਖੁਸ਼ ਰਹਿ ਕਿ ਤੂੰ ਸਾਨੂੰ ਦੇਖ ਲਿਆ ਅਤੇ ਸੰਘਰਸ਼ ਚ ਉਮੀਦ ਵਧਾ ਦਿੱਤੀ। ਜਿਊਂਦਾ ਰਹਿ ਜਦ ਤੱਕ ਰਹਿ ਸਕੇ, ਸੰਘਰਸ਼ ਕਰਦਿਆਂ ਹੋਇਆਂ, ਭਾਵੇਂ ਜਿੰਨੀ ਪੀੜ ਝੱਲਣੀ ਪਵੇ ਭਾਵੇਂ ਜਿੰਨੀ ਕਿਰਤ ਜਰੂਰੀ ਹੋਵੇ, ਸਾਥੀਪਣ, ਅਰਾਮ ਅਤੇ ਅਨੰਦ ਦੇ ਨਵੇਂ ਦਿਨ ਦੀ ਤਿਲ-ਤਿਲ ਕਰਕੇ ਉਸਾਰੀ ਕਰਦਿਆਂ ਹੋਇਆਂ।

ਹਾਂ, ਬੇਸ਼ਕ ! ਅਤੇ ਜੇਕਰ ਦੂਸਰੇ ਇਸਨੂੰ ਵੇਖ ਸਕਣ, ਜਿਵੇਂ ਕਿ ਮੈਂ ਦੇਖਿਆ ਹੈ ਤਾਂ ਇਹ ਮਹਿਜ ਸੁਪਨੇ ਦੀ ਬਜਾਇ ਭਵਿੱਖ ਦੀ ਨਜ਼ਰ ਕਿਹਾ ਜਾ ਸਕਦਾ ਹੈ।”13

 ਨੋਟ :

10. ਏਂਗਲਜ਼ : ਸੋਸ਼ਲਿਜ਼ਮ ਸਾਈਂਟੀਫਿਕ ਐਂਡ ਯੂਟੋਪੀਆ, ਪਾਠ 3

11 . ਸਤਾਲਿਨ : ਦ ਨੈਸ਼ਨਲ ਕਵਿਸ਼ਚਨ ਐਂਡ ਲੈਨਿਨਇਜ਼ਮ, ਪਾਠ 3

12. ਸਤਾਲਿਨ : ਇਕਨਾਮਿਕ ਪ੍ਰਾਬਲਮ ਆਫ ਸੋਸ਼ਲਿਜ਼ਮ ਇਨ ਦ ਯੂ.ਐੱਸ.ਐੱਸ.ਆਰ.

13. ਮੌਰਿਸ :  ਨਿਯੂਜ਼ ਫਰਾਮ ਨੋਵੇਅਰ, ਪਾਠ 32

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 6, 1 ਤੋਂ 15 ਮਈ, 2017 ਵਿੱਚ ਪ੍ਰਕਾਸ਼ਤ

 

Advertisements