ਕੌਮਵਾਦ: ਇੱਕ ਇਤਿਹਾਸਕ ਵਰਤਾਰੇ ਦਾ ਇਤਿਹਾਸ ਤੇ ਵਰਤਮਾਨ •ਸੰਪਾਦਕੀ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਬੰਦੇ ਨੇ ਜ਼ਿੰਦਗੀ ਵਿੱਚ ਭਾਵੇਂ ਜਿੰਨੇ ਮਰਜ਼ੀ ਮਹਾਨ ਕੰਮ ਕੀਤੇ ਹੋਣ, ਮਰਨ ਤੋਂ ਬਾਅਦ ਲਾਸ਼ ਜੇਕਰ ਘਰ ‘ਚ ਰੱਖੀ ਰਹੇ ਤਾਂ ਸੜਕੇ ਬਿਮਾਰੀਆਂ ਅਤੇ ਬਦਬੂ ਹੀ ਫੈਲਾਉਂਦੀ ਹੈ। ਕੌਮਵਾਦ ਅੱਜ ਦੇ ਸਮੇਂ ‘ਚ ਇੱਕ ਅਜਿਹੀ ਹੀ ਲਾਸ਼ ਬਣ ਚੁੱਕਾ ਹੈ। ਅੱਜ ਕੌਮਵਾਦ ਹਰ ਅਰਥ ‘ਚ ਅੰਧ-ਕੌਮਵਾਦ ਦਾ ਸਮਾਨਅਰਥੀ ਬਣ ਚੁੱਕਾ ਹੈ। ਜਿੰਗੋਇਜ਼ਮ, ਜਾਇਨਇਜ਼ਮ, ਵਿਸਥਾਰਵਾਦ, ਨਸਲਵਾਦ ਸਭ ਕੌਮਵਾਦ ਦਾ ਮਖੌਟਾ ਪਾ ਕੇ ਹੀ ਆਪਣੀਆਂ ਮਨੁੱਖਤਾ ਵਿਰੋਧੀ ਲਹੂ-ਡੋਲ੍ਹਣ ਵਾਲ਼ੀਆਂ ਮੁਹਿੰਮਾਂ ‘ਤੇ ਨਿਕਲਦੇ ਹਨ।

ਕੌਮ ਅਤੇ ਕੌਮਵਾਦ ਦਾ ਜਨਮ ਮੰਡੀ ‘ਚ ਹੋਇਆ (ਜਿਵੇਂ ਜਮਹੂਰੀਅਤ ਦਾ ਜੱਚਾਘਰ ਕਾਰਖ਼ਾਨਾ ਹੈ)। ਇਹ ਇਤਿਹਾਸਕ ਤੌਰ ‘ਤੇ ਸਰਮਾਏਦਾਰਾ ਘਟਨਾਵਾਂ ਹਨ। ਕਲਾਸਿਕੀ ਸਰਮਾਏਦਾਰਾ ਜਮਹੂਰੀ ਇਨਕਲਾਬਾਂ ਦੌਰਾਨ ਰੱਬ ਦੇ ਨੁਮਾਇੰਦੇ ਰਾਜੇ ਪ੍ਰਤੀ ਨੇਹਚਾ ਦੀ ਬਜਾਏ ਪੂਰੇ ਲੋਕ-ਸਮੂਹ ਦੀ ਕੌਮ ਪ੍ਰਤੀ ਨੇਹਚਾ, ਕੌਮੀ ਭਾਵਨਾ, ਕੌਮ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਸੱਤਾ ਆਦਿ ਦੇ ਨਾਅਰੇ ਦਿੰਦੇ ਸਮੇਂ ਕੌਮਵਾਦ ਦੀ ਨਿਸ਼ਚਿਤ ਹੀ ਇਤਿਹਾਸਕ ਤੌਰ ‘ਤੇ ਇੱਕ ਸਕਾਰਾਤਮਕ ਭੂਮਿਕਾ ਸੀ। ਪੂਰਬ-ਸਰਮਾਏਦਾਰਾ ਅਵਸਥਾਵਾਂ ‘ਚ ਇੱਕ ਨਸਲੀ ਜਾਂ ਕਬਾਇਲੀ ਵਰਤਾਰੇ ਵਜੋਂ ਕੌਮੀਅਤ ਮੌਜੂਦ ਸੀ ਜਿਸਦੇ ਪੰਜ ਬੁਨਿਆਦੀ ਲੱਛਣ ਸਨ: ਇੱਕ ਸਥਿਰ, ਲਗਾਤਾਰਤਾਪੂਰਨ ਭਾਈਚਾਰਾ, ਇੱਕ ਖ਼ਾਸ ਭੂ-ਭਾਗ, ਆਰਥਿਕ ਸਹਿਚਾਰ, ਇੱਕ ਸਾਂਝੀ ਭਾਸ਼ਾ ਅਤੇ ਇੱਕ ਸਮੂਹਿਕ ਕਿਰਦਾਰ। ਇੱਕ ਖ਼ਾਸ ਯੁੱਗ ਦੀਆਂ ਖ਼ਾਸ ਇਤਿਹਾਸਕ ਹਾਲਤਾਂ ‘ਚ ਇਸਨੇ ਸਕਾਰਾਤਮਕ ਸਿਆਸੀ ਸਰੂਪ ਧਾਰਿਆ ਜਾਣੀ ਜਗੀਰਦਾਰੀ ਵਿਰੁੱਧ ਉੱਭਰ ਰਹੀ ਸਰਮਾਏਦਾਰ ਜਮਾਤ ਦੇ ਘੋਲ਼ਾਂ ਦੌਰਾਨ। ਆਰਥਿਕ ਬੁਨਿਆਦ ਦੀ ਇਤਿਹਾਸਕ ਪੜਤਾਲ ਤੋਂ ਪਤਾ ਲੱਗਦਾ ਹੈ ਕਿ ਇੱਕ ਸਮਅੰਗੀ ਵਸੋਂ ਅਤੇ ਥੋੜ੍ਹੀ-ਬਹੁਤ ਬਰਾਬਰ ਜਿਣਸ ਲੋੜਾਂ ਵਾਲ਼ੀ ਕੌਮ, ਮੰਡੀ ਦੀਆਂ ਸੱਨਅਤਾਂ ਦੀ ਬੁਨਿਆਦੀ ਲੋੜ ਸੀ ਜਿਸਨੇ ਕੌਮਵਾਦ ਨੂੰ ਜਨਮ ਦਿੱਤਾ। ਪੱਛਮੀ ਯੂਰਪ ‘ਚ ਕੌਮੀ ਰਾਜ ਵਿਕਸਿਤ ਹੋਏ ਜਦ ਕਿ ਰੂਸ ਅਤੇ ਪੂਰਬੀ ਯੂਰਪ ‘ਚ ਬਹੁ-ਕੌਮੀ ਰਾਜ। ਯੂਰਪ ਅਮਰੀਕਾ ‘ਚ ਸਰਮਾਏਦਾਰਾ ਯੁੱਗ ਦੀ ਫੈਸਲਾਕੁਨ ਜਿੱਤ ਹੁੰਦੇ ਹੀ ਕੌਮੀ-ਰਾਜ ਆਪਣੀਆਂ ਮੰਡੀਆਂ ਦੇ ਵਿਸਥਾਰ ਤੇ ਬਸਤੀਆਂ ਦੀ ਲੁੱਟ-ਖੋਹ ਲਈ ਇੱਕ-ਦੂਜੇ ਨਾਲ਼ ਲੜਨ ਲੱਗੇ ਅਤੇ ਸਰਮਾਏਦਾਰ ਕੌਮਵਾਦ ਦੀ ਭਾਵਨਾ ਦੀ ਵਰਤੋਂ ਇੱਕ ਕੌਮ ਦੇ ਲੋਕਾਂ ਨੂੰ ਦੂਜੀ ਕੌਮ ਦੇ ਲੋਕਾਂ ਖਿਲਾਫ਼ ਯੁੱਧ ‘ਚ ਝੋਕਣ ਲਈ ਕਰਨ ਲੱਗੇ। ਸੰਸਾਰ ਦੇ ਸਰਮਾਏਦਾਰਾ ਭੂ-ਭਾਗ ‘ਚ ਕੌਮਵਾਦ ਦੀ ਇਤਿਹਾਸਕ ਭੂਮਿਕਾ ਖ਼ਤਮ ਹੋਣ ਲੱਗੀ।

ਸਾਮਰਾਜਵਾਦ ਦੇ ਯੁੱਗ ‘ਚ ਕੱਚੇ ਮਾਲ ਦੀ ਲੁੱਟ, ਪੈਦਾਵਾਰਾਂ ਦੀ ਮੰਡੀ ਅਤੇ ਵਿੱਤੀ ਸਰਮਾਏ ਦੀ ਬਰਾਮਦ ਲਈ ਰਾਖਵੇਂ ਖੇਤਰਾਂ (ਬਸਤੀਆਂ) ਦੀ ਲੁੱਟ-ਖੋਹ ਆਪਣੇ ਸਿਖ਼ਰ ‘ਤੇ ਜਾ ਪਹੁੰਚੀ, ਜਿਸਦਾ ਸਿੱਟਾ ਤਬਾਹਕੁੰਨ ਪਹਿਲੀ ਸੰਸਾਰ ਜੰਗ ਦੇ ਰੂਪ ‘ਚ ਸਾਹਮਣੇ ਆਇਆ। ਲੈਨਿਨ ਨੇ ਉਸੇ ਸਮੇਂ ਸੂਤਰੀਕਰਨ ਦਿੱਤਾ ਕਿ ਯੂਰਪੀ ਦੇਸ਼ਾਂ ਦੀ ਮਜ਼ਦੂਰ ਜਮਾਤ ਅਤੇ ਆਮ ਕਿਰਤੀ ਲੋਕਾਂ ਨੂੰ ਮੰਡੀਆਂ ਦੀ ਲੁੱਟ-ਖੋਹ ਦੀ ਇਸ ਲਹੂ-ਡੋਲ੍ਹਣ ਵਾਲ਼ੀ ਲੜਾਈ ‘ਚ ਆਪਣੇ-ਆਪਣੇ ਦੇਸ਼ਾਂ ਦੀ ਸਰਮਾਏਦਾਰ ਜਮਾਤ ਵੱਲੋਂ ਲੜਦੇ ਹੋਏ ਦੂਜੇ ਦੇਸ਼ਾਂ ‘ਚ ਆਪਣੇ ਹੀ ਮਜ਼ਦੂਰ ਭਰਾਵਾਂ ਨੂੰ ਮਾਰਨ ਦਾ ਕੰਮ ਕਦੇ ਨਹੀਂ ਕਰਨਾ ਚਾਹੀਦਾ ਅਤੇ ਸਾਮਰਾਜਵਾਦੀ ਸਰਮਾਏਦਾਰ ਜਦ ਆਪਸੀ ਲੜਾਈ ‘ਚ ਉਲਝੇ ਹੋਣ, ਤਾਂ ਉਸਦਾ ਲਾਹਾ ਲੈ ਕੇ ਆਮ ਬਗ਼ਾਵਤ ਕਰ ਦੇਣੀ ਚਾਹੀਦੀ ਹੈ ਅਤੇ ਸਮਾਜਵਾਦੀ ਇਨਕਲਾਬ ਦਾ ਯਤਨ ਕਰਨਾ ਚਾਹੀਦਾ ਹੈ। ਇਸੇ ਲੀਹ ‘ਤੇ ਅਮਲ ਕਰਦੇ ਹੋਏ ਰੂਸ ‘ਚ ਬਾਲਸ਼ਵਿਕਾਂ ਨੇ ਅਕਤੂਬਰ ਇਨਕਲਾਬ ਸੰਪੂਰਨ ਕੀਤਾ ਜਦ ਕਿ ਜੋ ਯੂਰਪੀ ਸਮਾਜਿਕ-ਜਮਹੂਰੀ ਪਾਰਟੀਆਂ ਅੰਧ-ਕੌਮਵਾਦ ਦੀ ਲਹਿਰ ‘ਚ ਵਹਿ ਗਈਆਂ, ਉਹ ਪਤਿਤ ਹੋ ਕੇ ਬੁਰਜੂਆ ਸੰਸਦੀ ਪਾਰਟੀਆਂ ਦੀਆਂ ਭਾਈਵਾਲ ਬਣ ਗਈਆਂ।

ਪਰ ਸਾਮਰਾਜਵਾਦ ਦੀ ਸਦੀ (ਵੀਹਵੀਂ ਸਦੀ) ‘ਚ ਵੀ ਕੌਮਵਾਦ ਸੰਸਾਰ ਦੇ ਉਹਨਾਂ ਭੂ-ਭਾਗਾਂ ‘ਚ ਇੱਕ ਸਕਾਰਾਤਮਕ, ਅਗਾਂਹਵਧੂ ਤਾਕਤ ਬਣਿਆ ਰਿਹਾ, ਜਿੱਥੋਂ ਦੇ ਦੇਸ਼ ਬਸਤੀ ਜਾਂ ਨਵ-ਬਸਤੀ ਸਨ ਅਤੇ ਜਿੱਥੇ ਕੌਮੀ ਜਮਹੂਰੀ ਇਨਕਲਾਬਾਂ ਦੇ ਕਾਰਜ ਇਤਿਹਾਸ ਦੇ ਏਜੰਡੇ ‘ਤੇ ਸਨ। ਅਜਿਹੇ ਦੇਸ਼ਾਂ ‘ਚ ਕੌਮਵਾਦ ਸਾਮਰਾਜਵਾਦ ਵਿਰੋਧ ਦਾ ਸਮਾਨਅਰਥੀ ਬਣ ਗਿਆ। ਜ਼ਿਆਦਾਤਰ ਅਜਿਹੇ ਦੇਸ਼ਾਂ ‘ਚ ਸਾਮਰਾਜਵਾਦ ਹੀ ਪੂਰਬ-ਸਰਮਾਏਦਾਰਾ (ਪੂਰਬ ਜਗੀਰੂ ਜਾਂ ਅਰਥ-ਜਗੀਰੂ) ਜਮੀਨੀ-ਸਬੰਧਾਂ ਦਾ ਪੋਸ਼ਕ ਅਤੇ ਸਰਪ੍ਰਸਤ ਸੀ, ਇਸ ਲਈ ਕੌਮੀ (ਜਾਣੀ ਸਾਮਰਾਜਵਾਦ ਵਿਰੋਧੀ) ਕਾਰਜ ਜਮਹੂਰੀ (ਜਗੀਰਦਾਰੀ-ਵਿਰੋਧੀ) ਕਾਰਜ ਨਾਲ਼ ਅਵੰਡ ਰੂਪ ਨਾਲ਼ ਜੁੜ ਗਿਆ। ਸਾਮਰਾਜਵਾਦ ਦੀ ਹਾਲਤ ‘ਚ ਇਨਕਲਾਬਾਂ ਦੇ ਤੁਫ਼ਾਨਾਂ ਦਾ ਕੇਂਦਰ ਪੱਛਮ ਤੋਂ ਖਿਸਕ ਕੇ ਪੂਰਬ ‘ਚ ਆ ਚੁੱਕਾ ਸੀ। ਏਸ਼ਿਆ-ਅਫ਼ਰੀਕਾ-ਲਤੀਨੀ ਅਮਰੀਕਾ ਦੇ ਬਸਤੀ, ਅਰਧ-ਬਸਤੀ ਅਤੇ ਨਾਂ ਦੀ ਅਜ਼ਾਦੀ ਵਾਲ਼ੇ ਦੇਸ਼ ਹੀ ਹੁਣ ਸੰਸਾਰ ਸਰਮਾਏਦਾਰੀ ਦੀ ਕਮਜ਼ੋਰ ਕੜੀ ਸਨ ਅਤੇ ਇਨਕਲਾਬੀ ਤੁਫ਼ਾਨਾਂ ਦੇ ਸੰਭਾਵਿਤ ਕੇਂਦਰ ਬਣ ਗਏ ਸਨ। ਦੂਜੀ ਸੰਸਾਰ ਜੰਗ ਤੋਂ ਬਾਅਦ ਕੌਮੀ ਮੁਕਤੀ ਘੋਲ਼ਾਂ ਦੀ ਇੱਕ ਤੋਂ ਬਾਅਦ ਇੱਕ, ਜਿੱਤ ਦੀ ਜੋ ਲੜੀ ਸ਼ੁਰੂ ਹੋਈ, ਉਹ ਬੇਰੋਕ 1970 ਦੇ ਦਹਾਕੇ ਤੱਕ ਜਾਰੀ ਰਹੀ।

ਏਸ਼ਿਆ, ਅਫ਼ਰੀਕਾ, ਲਤੀਨੀ ਅਮਰੀਕਾ ਦੇ ਜ਼ਿਆਦਾਤਰ ਦੇਸ਼ਾਂ ‘ਚ, ਕਿਤੇ ਹਥਿਆਰਬੰਦ ਘੋਲ਼ ਰਾਹੀਂ, ਕਿਤੇ ਵਿਸ਼ਾਲ ਲੰਬੇ ਸਮੇਂ ਦੀਆਂ ਲਹਿਰਾਂ ਰਾਹੀਂ, ਤਾਂ ਕਿਤੇ ‘ਸਮਝੌਤਾ-ਦਬਾਅ-ਸਮਝੌਤਾ’ ਦੀ ਯੁੱਧਨੀਤੀ ਦੀ ਵਰਤੋਂ ਕਰਦੇ ਹੋਏ ਬੁਰਜੂਆ ਸੱਤਾਵਾਂ ਹੋਂਦ ‘ਚ ਆਈਆਂ। ਲਗਪਗ ਇਹਨਾਂ ਸਾਰੇ ਦੇਸ਼ਾਂ ਦੀ ਬੁਰਜੂਆ ਜਮਾਤ ਨੇ ਕਿਤੇ ਥੋੜ੍ਹੀ ਜ਼ਿਆਦਾ ਤੇਜ਼ ਗਤੀ ਨਾਲ਼, ਤਾਂ ਕਿਤੇ ਹੌਲ਼ੀ ਗਤੀ ਨਾਲ਼, ਕਿਤੇ ਜ਼ਿਆਦਾ ਰੈਡੀਕਲ ਢੰਗ ਨਾਲ਼, ਤਾਂ ਕਿਤੇ ਜ਼ਿਆਦਾ ਸਮਝੌਤਿਆਂ ਤੇ ਰਿਆਇਤਾਂ ਨਾਲ਼, ਉੱਪਰ ਤੋਂ, ਗ਼ੈਰ-ਇਨਕਲਾਬੀ ਢੰਗ (‘ਪ੍ਰਸ਼ਿਆਈ ਰਾਹ’ ਰਾਹੀਂ) ਨਾਲ਼ ਬੁਰਜੂਆ ਜਮੀਨੀ ਸੁਧਾਰਾਂ ਨੂੰ ਲਾਗੂ ਕੀਤਾ ਅਤੇ ਪੁਰਾਣੇ ਭੂ-ਮਾਲਕਾਂ ਨੂੰ ਤਬਾਹ ਕਰ ਦੇਣ ਦੀ ਬਜਾਏ ਉਹਨਾਂ ਨੂੰ ਬੁਰਜੂਆ ਭੂ-ਮਾਲਕਾਂ-ਸੱਨਅਤਕਾਰਾਂ ਦੀਆਂ ਕਤਾਰਾਂ ‘ਚ ਸ਼ਾਮਲ ਹੋ ਜਾਣ ਦਾ ਪੂਰਾ ਮੌਕਾ ਦਿੱਤਾ। ਇਹ ਬਿਸਮਾਰਕ ਅਤੇ ਕਮਾਲ ਅਤਾਤੁਰਕ ਦੁਆਰਾ ਅਪਣਾਏ ਗਏ ਰਾਹ ਦਾ ਹੀ ਨਵਾਂ ਐਡੀਸ਼ਨ ਸੀ। ਭੂ-ਸਬੰਧਾਂ ਦੀ ਇਹ ਸਰਮਾਏਦਾਰਾ ਕਾਇਆਪਲਟੀ ਕੌਮੀ ਘਰੇਲੂ ਮੰਡੀ ਦੀ ਉਸਾਰੀ ਲਈ ਲਾਜ਼ਮੀ ਸੀ। ਇਸ ਤਰ੍ਹਾਂ ਜਮਹੂਰੀ ਇਨਕਲਾਬ ਦਾ ਸਭ ਤੋਂ ਉੱਤਮ ਬੁਨਿਆਦੀ ਕਾਰਜ ਇਹਨਾਂ ਦੇਸ਼ਾਂ ‘ਚ ਇੱਕ ਲੜੀਵਾਰ ਪ੍ਰਕਿਰਿਆ ‘ਚ ਬੁਨਿਆਦੀ ਤੇ ਮੁੱਖ ਤੌਰ ‘ਤੇ ਪੂਰਾ ਹੋ ਗਿਆ।

ਨਵੇਂ ਅਜ਼ਾਦ ਹੋਏ ਦੇਸ਼ਾਂ ਦੀਆਂ ਬੁਰਜੂਆ ਸੱਤਾਵਾਂ ਵਿੱਚੋਂ ਕੁਝ ਨੇ ਕੁਝ ਸ਼ੁਰੂਆਤੀ ਸਾਲਾਂ ਤੱਕ ਸਾਮਰਾਜਵਾਦੀ ਦੇਸ਼ਾਂ ਪ੍ਰਤੀ ਕੁਝ ਜ਼ਿਆਦਾ ਰੈਡੀਕਲ ਰਵੱਈਏ ਅਪਣਾਏ (ਜਿਵੇਂ ਵੱਡੇ ਪੈਮਾਨੇ ‘ਤੇ ਕੌਮੀਕਰਨ ਕੀਤੇ), ਜਦ ਕਿ ਕੁਝ ਨੇ ਸ਼ੁਰੂ ਤੋਂ ਹੀ ਜ਼ਿਆਦਾ ਨਰਮ ਅਤੇ ਸਮਝੌਤਾਪ੍ਰਸਤ ਰੁਖ਼ ਅਪਣਾਇਆ। ਕੁਝ ਨੇ ਸੱਨਅਤੀਕਰਨ (‘ਇੰਪੋਰਟ-ਸਬਟੀਟਿਊਸ਼ਨ ਇੰਡਸਟ੍ਰਲਾਈਜੇਸ਼ਨ’) ‘ਤੇ ਵੱਧ ਜ਼ੋਰ ਦਿੱਤਾ। ਇਹ ਸਭ ਕੁਝ ਦੇਸੀ ਸਰਮਾਏਦਾਰਾਂ ਦੀ ਆਪਣੇ ਸਰਮਾਏ ਦੀ ਤਾਕਤ ਅਤੇ ਦੇਸ਼ ਵਿਸ਼ੇਸ਼ ਦੀਆਂ ਪੈਦਾਵਾਰੀ ਤਾਕਤਾਂ ਦੇ ਵਿਕਾਸ ਤੇ ਪੱਧਰ ਤੋਂ ਤੈਅ ਹੋ ਰਿਹਾ ਸੀ। ਪਰ ਧਿਆਨ ਦੇਣ ਵਾਲ਼ੀ ਗੱਲ ਇਹ ਸੀ ਕਿ ਇਹਨਾਂ ਵਿੱਚੋਂ ਕਿਸੇ ਵੀ ਦੇਸ਼ ਦੀ ਸਰਮਾਏਦਾਰ ਜਮਾਤ ਨੇ ਸਾਮਰਾਜਵਾਦ ਨਾਲ਼ ਫੈਸਲਾਕੁਨ ਤੋੜ-ਵਿਛੋੜਾ ਨਹੀਂ ਕੀਤਾ। ਇਹ ਕੰਮ ਕੇਵਲ ਉਹਨਾਂ ਹੀ ਦੇਸ਼ਾਂ ‘ਚ ਹੋਇਆ ਜਿੱਥੇ ਕੌਮੀ ਮੁਕਤੀ ਮਜ਼ਦੂਰ ਜਮਾਤ ਦੀ ਅਗਵਾਈ ‘ਚ ਇਨਕਲਾਬ ਕਰਕੇ ਪ੍ਰਾਪਤ ਕੀਤੀ ਗਈ ਸੀ, ਜਿਵੇਂ ਚੀਨ, ਦੱਖਣੀ ਕੋਰੀਆ, ਵੀਅਤਨਾਮ ਆਦਿ। ਸਾਰੇ ਉੱਤਰ-ਬਸਤੀਵਾਦੀ ਦੇਸ਼ਾਂ ‘ਚ ਸਾਮਰਾਜਵਾਦੀ ਸਰਮਾਏ ਦੀ ਪੈਂਠ ਬਣੀ ਰਹੀ, ਫ਼ਰਕ ਕੇਵਲ ਇਹ ਸੀ ਕਿ ਹੁਣ ਇਹ ਦੇਸ਼ ਕਿਸੇ ਇੱਕ ਸਾਮਰਾਜਵਾਦੀ ਦੇਸ਼ ਦੀ ਰਾਖਵੀਂ ਮੰਡੀ ਨਹੀਂ ਰਹਿ ਗਏ ਸਨ। ਇਹਨਾਂ ਦੇਸ਼ਾਂ ਦੀ ਸਰਮਾਏਦਾਰ ਜਮਾਤ ਦੇ ਹੱਥ ਇਹ ਯੋਗਤਾ ਆ ਗਈ ਸੀ ਕਿ ਉਹ ਕਈ ਸਾਮਰਾਜਵਾਦੀ ਦੇਸ਼ਾਂ ਨਾਲ਼ ਮੁੱਲ-ਤੋਲ ਕਰ ਸਕੇ ਅਤੇ ਅੰਤਰ-ਸਾਮਰਾਜਵਾਦੀ ਮੁਕਾਬਲੇ ਦਾ ਲਾਹਾ ਲੈ ਸਕੇ।

ਬਸਤੀਵਾਦੀ ਦੌਰ ਦਾ ਖ਼ਾਤਮਾ ਤੈਅ ਹੋਣ ਤੋਂ ਬਾਅਦ ਵੀ ਅਮਰੀਕਾ ਨੇ ਲਤੀਨੀ ਅਮਰੀਕਾ, ਏਸ਼ਿਆ ਅਤੇ ਅਫ਼ਰੀਕਾ ਦੇ ਕਈ ਦੇਸ਼ਾਂ ‘ਚ ਕਠਪੁਤਲੀਆਂ ਸਰਕਾਰਾਂ ਜਾਂ ਫ਼ੌਜੀ ਜੁੰਡੀਆਂ ਦੀ ਨਿਰੰਕੁਸ਼ ਸੱਤਾ ਬੈਠਾ ਕੇ ਉਹਨਾਂ ਨੂੰ ਪੂਰੀ ਤਰ੍ਹਾਂ ਆਪਣੀ ਜੁੱਤੀ ਹੇਠ ਰੱਖਣਾ ਚਾਹਿਆ, ਪਰ ਨਵ-ਬਸਤੀਵਾਦ ਦਾ ਇਹ ਤਜ਼ਰਬਾ ਵਕਤੀ ਰਿਹਾ। ਮੁੱਖ ਤੌਰ ‘ਤੇ ਜਮਾਤੀ ਘੋਲ਼ਾਂ ਦੇ ਦਬਾਅ ਨੇ ਸਮਾਂ ਪਾ ਕੇ ਅਜਿਹੇ ਸਾਰੇ ਦੇਸ਼ਾਂ ‘ਚ ਬੁਰਜੂਆ ਜਮਹੂਰੀ ਵੋਟਾਂ ਅਤੇ ਬੁਰਜੂਆ ਸੰਵਿਧਾਨ ਦੀ ਸਥਾਪਨਾ ਲਈ ਮਜ਼ਬੂਰ ਕਰ ਦਿੱਤਾ, ਭਾਵੇਂ ਉਹ ਬੁਰਜੂਆ ਜਮਹੂਰੀਅਤ ਕਿੰਨੀ ਵੀ ਸੀਮਿਤ, ਵਿਗਾੜਮਈ ਅਤੇ ਖੰਡੀ ਹੋਈ ਕਿਉਂ ਨਾ ਹੋਵੇ। ਪੈਦਾਵਾਰੀ ਤਾਕਤਾਂ ਦਾ ਸਾਪੇਖਿਕ ਪਛੜੇਂਵਾਂ, ਸਾਮਰਾਜਵਾਦੀ ਤਾਕਤਾਂ ‘ਤੇ ਨਿਰਭਰਤਾ ਅਤੇ ਸਾਮਰਾਜਵਾਦ ਦਾ ਸੰਸਾਰ ਇਤਿਹਾਸਕ ਦੌਰ ਇਹ ਤਿੰਨ ਏਸ਼ਿਆ-ਅਫ਼ਰੀਕਾ-ਲਤੀਨੀ ਅਮਰੀਕਾ ਦੇ ਦੇਸ਼ਾਂ ‘ਚ ਬੁਰਜੂਆ ਸੀਮਾਂਵਾਂ ਅਤੇ ਵਿਗਾੜਾਂ ਨੂੰ ਪੈਦਾ ਕਰਨ ਵਾਲ਼ੇ ਬੁਨਿਆਦੀ ਕਾਰਕ ਸਨ।

ਇਹਨਾਂ ਸਭ ਦੇਸ਼ਾਂ ‘ਚ ਸਾਮਰਾਜਵਾਦ ਤੋਂ ਅਜ਼ਾਦੀ ਅਤੇ ਉਸ ‘ਤੇ ਨਿਰਭਰਤਾ ਦੇ ਜੈਵਿਕ ਸਮੀਕਰਨਾਂ ਦਾ ਇੱਕ ਵਿਸ਼ਾਲ, ਵੰਨ-ਸੁਵੰਨੀ ਵਰਣਲੜੀ ਬਣਦੀ ਸੀ। ਸਭ ਕੁਝ ਇਸ ਗੱਲ ‘ਤੇ ਨਿਰਭਰ ਕਰਦਾ ਸੀ ਕਿ ਕਿਸੇ ਦੇਸ਼ ਦੀਆਂ ਪੈਦਾਵਾਰੀ ਤਾਕਤਾਂ ਦੇ ਵਿਕਾਸ ਦਾ ਪੱਧਰ ਕੀ ਹੈ, ਅਰਥਚਾਰਾ ਕਿੰਨਾ ਵੰਨ-ਸੁਵੰਨਾ ਹੈ, ਬੁਨਿਆਦੀ ਅਤੇ ਢਾਂਚਾਗਤ ਸੱਨਅਤਾਂ ਦਾ ਵਿਕਾਸ ਕਿੰਨਾ ਹੋਇਆ ਹੈ ਅਤੇ ਉੱਥੋਂ ਦੀ ਸਰਮਾਏਦਾਰ ਜਮਾਤ ਦੀ ਸਰਮਾਏ ਦੀ ਤਾਕਤ ਕਿੰਨੀ ਹੈ। ਮੁੱਖ ਘਟਨਾਕ੍ਰਮ ਇਹ ਬਣਦਾ ਹੈ ਕਿ ਏਸ਼ਿਆ-ਅਫ਼ਰੀਕਾ-ਲਤੀਨੀ ਅਮਰੀਕਾ ਦੇ ਇਹਨਾਂ ਸਭ ਦੇਸ਼ਾਂ ਦੇ ਸਰਮਾਏਦਾਰ ਸੰਸਾਰ ਪੱਧਰ ‘ਤੇ ਨਿਚੋੜੀ ਗਈ ਵਾਫ਼ਰ ਦੀ ਹਿੱਸੇਦਾਰੀ ‘ਚ ਸਭ ਤੋਂ ਹੇਠਲੇ ਪਾਏਦਾਨ ‘ਤੇ ਹਨ, ਜਦਕਿ ਜ਼ਿਆਦਾਤਰ ਮਾਮਲਿਆਂ ‘ਚ, ਆਪਣੇ ਦੇਸ਼ ਦੇ ਪੱਧਰ ‘ਤੇ ਨਿਚੋੜੀ ਗਈ ਵਾਫ਼ਰ ਦੇ ਉਹ ਵੱਡੇ ਹਿੱਸੇਦਾਰ ਹਨ। ਇਹਨਾਂ ਵਿੱਚੋਂ ਜੋ ਸਰਮਾਏਦਾਰ ਜਮਾਤ ਸਾਮਰਾਜਵਾਦ ‘ਤੇ ਸਭ ਤੋਂ ਵੱਧ ਨਿਰਭਰ ਅਤੇ ਸਭ ਤੋਂ ਵੱਧ ਕਮਜ਼ੋਰ ਹੈ, ਉਹ ਵੀ ਦਲਾਲ ਨਹੀਂ ਹੈ। ਇਹ ਸਾਰੇ ਸਾਮਰਾਜਵਾਦ ਦੇ ਜੂਨੀਅਰ ਪਾਟਨਰ ਹਨ ਅਤੇ ਇਹਨਾਂ ਦੀ ਪਾਟਨਰਸ਼ਿਪ ਦਾ ਸੁਭਾਅ ਇਹਨਾਂ ਦੇ ਸਰਮਾਏ ਦੀ ਘੱਟ ਜਾਂ ਵੱਧ ਤਾਕਤ ਦੇ ਹਿਸਾਬ ਨਾਲ਼ ਤੈਅ ਹੁੰਦਾ ਹੈ।

ਕੁੱਲ ਮਿਲਾਕੇ, 1970 ਦੇ ਦਹਾਕੇ ਤੱਕ, ਅਖੌਤੀ ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ‘ਚ ਕੌਮੀ ਜਮਹੂਰੀਅਤ ਦੇ ਕਾਰਜ ਪੂਰੇ ਹੋ ਚੁੱਕੇ ਸਨ। ਜੋ ਕੁਝ ਬਚਿਆ-ਖੁਚਿਆ ਸੀ, ਉਹ 1980 ਦੇ ਦਹਾਕੇ ‘ਚ ਪੂਰਾ ਹੋ ਗਿਆ। ਛੋਟਾਂ ਅਤੇ ਵਕਤੀ ਭਟਕਾਵਾਂ ਨੂੰ ਛੱਡ ਕੇ, ਇਹਨਾਂ ਭੂ-ਭਾਗਾਂ ‘ਚ ਭੂ-ਸਬੰਧਾਂ ਦੀ ਸਰਮਾਏਦਾਰਾ ਕਾਇਆਪਲਟੀ ਦਾ ਕੰਮ ਬੁਨਿਆਦੀ ਅਤੇ ਮੁੱਖ ਤੌਰ ‘ਤੇ ਪੂਰਾ ਹੋ ਚੁੱਕਿਆ ਸੀ ਅਤੇ ਸੰਵਿਧਾਨ ਅਨੁਸਾਰ ਚੁਣੀਆਂ ਹੋਈਆਂ ਸਰਕਾਰਾਂ ਦੀ ਹਕੂਮਤ ਸੀ। ਜਾਣੀ ਸੰਸਾਰ ਇਤਿਹਾਸ ਦੇ ਰੰਗਮੰਚ ‘ਤੇ, ਇਸ ਸਮੇਂ ਜਿਸ ਰੂਪ ‘ਚ ਸੰਭਵ ਸੀ, ਉਸ ਰੂਪ ‘ਚ ਬੁਰਜੂਆ ਜਮਹੂਰੀਅਤ ਦਾ ਕਾਰਜ ਪੂਰਾ ਹੋ ਚੁੱਕਾ ਸੀ। ਹੁਣ ਜਮਹੂਰੀਅਤ ਲਈ ਘੋਲ਼ ਦਾ ਮਤਲਬ ਸੀ ਲੋਕਾਂ ਦੇ ਜਮਹੂਰੀ ਹੱਕਾਂ ਲਈ ਬੁਰਜੂਆ ਜਮਹੂਰੀਅਤ ਦੇ ਘੇਰੇ ‘ਚ ਘੋਲ਼ ਕਰਦੇ ਹੋਏ ਅਤੇ ਬੁਰਜੂਆ ਜਮਹੂਰੀਅਤ ਦੇ ਢਕਵੰਜਾਂ-ਸੀਮਾਵਾਂ ਨੂੰ ਉਜਾਗਰ ਕਰਦੇ ਹੋਏ ਲੋਕ-ਭਾਈਚਾਰੇ ਨੂੰ ਸਮਾਜਵਾਦੀ ਜਮਹੂਰੀਅਤ ਦੇ ਇਨਕਲਾਬੀ ਘੋਲ਼ ਲਈ ਤਿਆਰ ਕਰਨਾ। ਪਰ ਕੌਮਵਾਦ ਦੇ ਨਾਅਰੇ ਦਾ ਹੁਣ ਤੀਜੀ ਦੁਨੀਆਂ ਦੇ ਦੇਸ਼ਾਂ ਦੀ ਮਜ਼ਦੂਰ ਜਮਾਤ ਅਤੇ ਕਿਰਤੀ ਲੋਕਾਂ ਲਈ ਕੋਈ ਅਗਾਂਹਵਧੂ ਨਿਹਿਤਾਰਥ ਨਹੀਂ ਰਹਿ ਗਿਆ ਸੀ। ਇਹਨਾਂ ਦੇਸ਼ਾਂ ਦੀ ਸਰਮਾਏਦਾਰ ਜਮਾਤ ਸਾਮਰਾਜਵਾਦ ਤੋਂ ਜਿੰਨੀ ਅਜ਼ਾਦੀ ਹਾਸਲ ਕਰ ਸਕਦੀ ਸੀ, ਓਨੀਂ ਉਹ ਕਰ ਚੁੱਕੀ ਸੀ ਅਤੇ ਸੰਸਾਰ ਸਰਮਾਏਦਾਰਾ ਪ੍ਰਬੰਧ ‘ਚ ਸਾਮਰਾਜਵਾਦੀਆਂ ਦੇ ਜੂਨੀਅਰ ਪਾਟਨਰ ਦੇ ਰੂਪ ‘ਚ ਸਥਾਪਿਤ ਹੋ ਚੁੱਕੀ ਸੀ। ਉਹਨਾਂ ਦੀਆਂ ਸਾਮਰਾਜਵਾਦੀਆਂ ਨਾਲ਼ ਵਿਰੋਧਤਾਈਆਂ ਹੁਣ ਕੇਵਲ ਵਾਫ਼ਰ ਦੀ ਵੰਡ ‘ਚ ਆਪਣਾ ਹਿੱਸਾ ਵਧਾਉਣ ਲਈ ਦਬਾਅ ਬਣਾਉਣ ਤੱਕ ਹੀ ਸੀਮਿਤ ਹੋ ਕੇ ਰਹਿ ਗਈਆਂ ਸਨ। ਕੌਮੀ ਮੁਕਤੀ ਦੌਰ ਦਾ ਯੁੱਧਨੀਤਿਕ ਏਕਾ ਟੁੱਟ ਚੁੱਕਿਆ ਸੀ। ਸਰਮਾਏਦਾਰ ਜਮਾਤ ਦਾ ਕੋਈ ਵੀ ਹਿੱਸਾ ਹੁਣ ਲੋਕਾਂ ਦਾ ਮਿੱਤਰ ਨਹੀਂ ਰਹਿ ਗਿਆ ਸੀ। ਸਾਮਰਾਜਵਾਦ ਨਾਲ਼ ਉਸਦੀਆਂ ਵਿਰੋਧਤਾਈਆਂ ਹੁਣ ਮਿੱਤਰਤਾਪੂਰਨ ਹੋ ਗਈਆਂ ਸਨ ਅਤੇ ਲੋਕਾਂ ਨਾਲ਼ ਦੁਸ਼ਮਣਾਨਾ ਹੋ ਗਈਆਂ ਸਨ।

ਅਜਿਹੀ ਹਾਲਤ ‘ਚ ਕੌਮਵਾਦ ਦਾ ਨਾਅਰਾ ਇਹਨਾਂ ਦੇਸ਼ਾਂ ਦੀ ਮਜ਼ਦੂਰ ਜਮਾਤ ਅਤੇ ਕਿਰਤੀ ਲੋਕ-ਭਾਈਚਾਰਿਆਂ ਲਈ ਅਪ੍ਰਸੰਗਿਕ ਹੋ ਚੁੱਕਾ ਹੈ। ਉਹ ਆਪਣੀ ਇਤਿਹਾਸਕ ਮਹੱਤਤਾ ਅਤੇ ਪ੍ਰਸੰਗਿਕਤਾ ਗਵਾ ਕੇ ਪੂਰੀ ਤਰ੍ਹਾਂ ਨਾਲ਼ ਪਿਛਾਖੜੀ ਹੋ ਚੁੱਕਾ ਹੈ। ਵੈਸੇ ਵੀ, ਆਪਣੇ ਜਮਾਤੀ ਸੁਭਾਅ ਤੋਂ ਮਜ਼ਦੂਰ ਜਮਾਤ ਕੌਮਵਾਦੀ ਨਹੀਂ ਸਗੋਂ ਕੌਮਾਂਤਰੀਵਾਦੀ ਜਮਾਤ ਹੁੰਦੀ ਹੈ। ਉਸਦਾ ਇਤਿਹਾਸਕ ਮਿਸ਼ਨ ਇੱਕ ਸਮਾਜਵਾਦੀ ਸੰਸਾਰ ਦੀ ਉਸਾਰੀ ਕਰਨਾ ਹੈ ਅਤੇ ਫਿਰ ਕਮਿਊਨਿਜ਼ਮ ਦੀ ਦਿਸ਼ਾ ‘ਚ ਅੱਗੇ ਵਧਣਾ ਹੈ। ਫਿਰ ਵੀ ਸਮਾਜਵਾਦੀ ਇਨਕਲਾਬ ਜੇਕਰ ਦੇਸ਼ ਪੱਧਰ ‘ਤੇ ਜਥੇਬੰਦ ਹੁੰਦੇ ਹਨ ਤਾਂ ਇਸ ਲਈ ਕਿ ਬੁਰਜੂਆ ਰਾਜਸੱਤਾਵਾਂ ਦੇਸ਼ਾਂ ਪੱਧਰ ‘ਤੇ ਜਥੇਬੰਦ ਹਨ। ਵੀਹਵੀਂ ਸਦੀ ‘ਚ ਬਸਤੀਆਂ-ਅਰਧ-ਬਸਤੀਆਂ ‘ਚ ਇੱਕ ਪਾਸੇ ਤਾਂ ਸੱਨਅਤੀ ਵਿਕਾਸ ਨਾਲ਼ ਮਜ਼ਦੂਰ ਜਮਾਤ ਪੈਦਾ ਹੋ ਚੁੱਕੀ ਸੀ, ਦੂਜੇ ਪਾਸੇ ਇਹ ਦੇਸ਼ ਗ਼ੁਲਾਮ ਸਨ ਅਤੇ ਇਹਨਾਂ ਵਿੱਚ ਪੂਰਬ-ਸਰਮਾਏਦਾਰਾ ਭੂ-ਸਬੰਧ ਕਾਇਮ ਸਨ। ਅੰਤ ਕੌਮੀ ਜਮਹੂਰੀਅਤ ਦੇ ਕਾਰਜਾਂ ਨੂੰ ਪੂਰਾ ਕਰਕੇ ਹੀ ਮਜ਼ਦੂਰ ਜਮਾਤ ਸਮਾਜਵਾਦ ਦੇ ਕੰਮ ਨੂੰ ਹੱਥ ‘ਚ ਲੈ ਸਕਦੀ ਸੀ। ਜਮੀਨ ਦੀ ਮਾਲਕੀ ਅਤੇ ਗ਼ੁਲਾਮੀ ਦੇ ਸਵਾਲਾਂ ਦੇ ਹੱਲ ਹੋਏ ਬਿਨਾਂ ਕਿਸਾਨ ਅਤੇ ਆਮ ਲੋਕਾਂ ਦੇ ਹੋਰ ਹਿੱਸੇ ਸਮਾਜਵਾਦ ਲਈ ਲੜਣ ਨੂੰ ਕਦੇ ਤਿਆਰ ਨਹੀਂ ਹੋ ਸਕਦੇ ਸਨ। ਦੂਜੀ ਮਹੱਤਵਪੂਰਨ ਗੱਲ ਇਹ ਸੀ ਕਿ ਸਾਮਰਾਜਵਾਦ ਦੇ ਦੌਰ ‘ਚ ਇਹਨਾਂ ਦੇਸ਼ਾਂ ਦੀ ਸਰਮਾਏਦਾਰ ਜਮਾਤ ਦਾ ਰੈਡੀਕਲ ਤੋਂ ਰੈਡੀਕਲ ਹਿੱਸਾ ਵੀ ਕੌਮੀ ਜਮਹੂਰੀਅਤ ਦੇ ਕਾਰਜਾਂ ਨੂੰ ਰੈਡੀਕਲ ਢੰਗ ਨਾਲ਼ ਪੂਰਾ ਕਰ ਸਕਣ ਦੀ ਯੋਗਤਾ ਗਵਾ ਚੁੱਕਿਆ ਸੀ। ਅਜਿਹੀ ਹਾਲਤ ‘ਚ ਮਜ਼ਦੂਰ ਜਮਾਤ ਦੇ ਹਰਾਵਲ ਦਸਤਿਆਂ ਦਾ ਇਹ ਕੰਮ ਬਣਦਾ ਸੀ ਕਿ ਜਾਂ ਤਾਂ ਮਜ਼ਦੂਰ ਜਮਾਤ ਦੀ ਅਗਵਾਈ ‘ਚ ਕੌਮੀ ਜਮਹੂਰੀਅਤ ਦੇ ਕਾਰਜਾਂ ਨੂੰ ਪੂਰਾ ਕਰਕੇ ਸਮਾਜਵਾਦ ਦੇ ਕਾਰਜ ਨੂੰ ਆਪਣੇ ਹੱਥ ਲੈ ਲੈਣ, ਜਾਂ ਫਿਰ, ਅਜਿਹਾ ਸੰਭਵ ਨਾ ਹੋਣ ਦੀ ਹਾਲਤ ‘ਚ ਕੌਮੀ ਜਮਹੂਰੀਅਤ ਦੇ ਕਾਰਜਾਂ ਨੂੰ ਜ਼ਿਆਦਾ ਸੰਭਵ ਰੈਡੀਕਲ ਢੰਗ ਨਾਲ਼ ਹੋਰ ਤੇਜ਼ੀ ਨਾਲ਼ ਪੂਰਾ ਕਰਨ ਲਈ ਬੁਰਜੂਆ ਜਮਾਤ ‘ਤੇ ਦਬਾਅ ਬਣਾਉਣ। ਇਤਿਹਾਸ ਇਸੇ ਰਾਹ ਹੋ ਕੇ ਅੱਗੇ ਵਧਿਆ। ਸਾਮਰਾਜਵਾਦੀ ਲੁੱਟ ਅਤੇ ਦਬਾਅ ਤੋਂ ਮੁਕਤੀ ਦਾ ਸਵਾਲ ਅੱਜ ਸਾਡੇ ਸਾਹਮਣੇ ਕੌਮੀ ਮੁਕਤੀ ਦੇ ਸਵਾਲ ਦੇ ਰੂਪ ਵਿੱਚ ਮੌਜੂਦ ਨਹੀਂ ਹੈ। ਸਾਮਰਾਜਵਾਦੀ ਲੁੱਟ ਅਤੇ ਦਬਾਅ ਦਾ ਸੰਦ ਅੱਜ ਬਸਤੀਵਾਦੀ-ਅਰਧਬਸਤੀਵਾਦੀ-ਨਵਬਸਤੀਵਾਦੀ ਗ਼ੁਲਾਮੀ ਨਹੀਂ ਹੈ। ਅਸੀਂ ਇੱਕ ਸਿਆਸੀ ਅਜ਼ਾਦੀ ਪ੍ਰਾਪਤ ਦੇਸ਼ ‘ਚ ਰਹਿੰਦੇ ਹਾਂ ਅਤੇ ਆਪਣੀ ਇਤਿਹਾਸਕ ਜੜ੍ਹ ਅਤੇ ਸੁਭਾਅ ਦੀ ਨਜ਼ਰ ਤੋਂ ਕੌਮਵਾਦ ਜਿਸ ਬੁਰਜੂਆ ਜਮਾਤ ਦਾ ਨਾਅਰਾ ਹੈ, ਉਹੀ ਬੁਰਜੂਆ ਜਮਾਤ ਅੱਜ ਸੱਤਾ ‘ਤੇ ਕਾਬਜ਼ ਹੈ ਅਤੇ ਸਾਮਰਾਜਵਾਦੀ ਸਰਮਾਏ ਨੂੰ ਲੁੱਟਣ ਲਈ ਬੇਨਤੀ ਪੂਰਵਕ ਨਿਉਂਦਾ ਦੇ ਰਹੀ ਹੈ।

ਨੱਬੇ ਦੇ ਦਹਾਕੇ ‘ਚ ਜਦ ਉਦਾਰੀਕਰਨ-ਨਿੱਜੀਕਰਨ ਦੀ ਸ਼ੁਰੂਆਤ ਹੋਈ ਤਾਂ ਆਪਣੇ ਸੰਕਟ ਦੀ ਤਾਰਕਿਕ ਗਤੀ ਨਾਲ਼, ਅਤੇ ਸਾਮਰਾਜਵਾਦੀ ਸੰਸਾਰ ਦੇ ਇੱਕਜੁੱਟ ਦਬਾਅ ਅੱਗੇ ਗੋਡੇ ਟੇਕਦੇ ਹੋਏ ਭਾਰਤੀ ਬੁਰਜੂਆ ਜਮਾਤ ਨੇ ਸੀਮਿਤ ਸੁਰੱਖਆਵਾਦੀ ਉਪਾਵਾਂ ਨੂੰ ਵੀ ਰੱਦ ਕਰਦੇ ਹੋਏ ਵਿਦੇਸ਼ੀ ਸਰਮਾਏ ਲਈ ਦੇਸੀ ਅਰਥਚਾਰੇ ਦੇ ਦਰਵਾਜਿਆਂ ਨੂੰ ਚੌਤਰਫਾ ਖੋਲ੍ਹ ਦਿੱਤਾ। ਪਰ ਇਹ ਕਿਸੇ ਵੀ ਰੂਪ ‘ਚ ਬਸਤੀਵਾਦ ਦੀ ਵਾਪਸੀ ਨਹੀਂ ਹੈ। ਕੌਮੀ ਕੰਪਨੀਆਂ ਅਤੇ ਸਰਮਾਇਆ-ਬਰਾਮਦ ਦੇ ਨਵੇਂ ਢੰਗ-ਤਰੀਕਿਆਂ ਦੇ ਇਸ ਜਮਾਨੇ ‘ਚ ਬਸਤੀਆਂ ਦੀਆਂ ਰਾਖਵੀਂਆਂ ਮੰਡੀਆਂ ਸੰਭਵ ਨਹੀਂ ਹਨ। ਦੂਜੀ ਗੱਲ, ਸਰਮਾਏਦਾਰ ਜਾਮਤ ਦਾ ਕੋਈ ਵੀ ਹਿੱਸਾ ਸਾਮਰਾਜਵਾਦੀ ਲੁੱਟ ਅਤੇ ਦਬਾਅ ਦੇ ਵਿਰੁੱਧ ਨਹੀਂ ਹੈ। ਉਹਨਾਂ ਦੀਆਂ ਆਪਸੀ ਵਿਰੋਧਤਾਈਆਂ ਕੇਵਲ ਮੁਨਾਫ਼ੇ ਦੀ ਵੰਡ ਨੂੰ ਲੈ ਕੇ ਹਨ। ਲੁੱਟ ਕੇਵਲ ਸਾਮਰਾਜਵਾਦੀਆਂ ਦੀ ਹੀ ਨਹੀਂ ਵਧੀ ਹੈ, ਸਗੋਂ ਦੇਸੀ ਸਰਮਾਏਦਾਰਾਂ ਦੀ ਵੀ ਵਧੀ ਹੈ। ਹਾਲਤ ਇਹ ਹੈ ਕਿ ਭਾਰਤ, ਚੀਨ, ਬ੍ਰਾਜ਼ੀਲ, ਦੱਖਣ ਅਫ਼ਰੀਕਾ ਆਦਿ ਤੀਜੀ ਦੁਨੀਆਂ ਦੇ ਸਾਪੇਖਕ ਵਿਕਸਿਤ ਪੈਦਾਵਾਰੀ ਤਾਕਤਾਂ ਵਾਲ਼ੇ ਜਿਹਨਾਂ ਦੇਸ਼ਾਂ ‘ਚ ਸਾਮਰਾਜਵਾਦੀ ਦੇਸ਼ਾਂ ਦਾ ਅਤੁੱਲ ਸਰਮਾਇਆ ਲੱਗਿਆ ਹੈ, ਉਹਨਾਂ ਹੀ ਦੇਸ਼ਾਂ ਦੇ ਸਰਮਾਏਦਾਰ ਲਗਾਤਾਰ ਆਪਣਾ ਸਰਮਾਇਆ ਬਰਾਮਦ ਵਧਾਉਂਦੇ ਵੀ ਜਾ ਰਹੇ ਹਨ ਅਤੇ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਲੁੱਟਣ ‘ਚ ਕਦੇ ਨਾ ਹੋਈ ਹਮਲਾਵਰਤਾ ਅਤੇ ਲਾਮਬੰਦੀ ਦਾ ਪ੍ਰਦਰਸ਼ਨ ਕਰ ਰਹੇ ਹਨ। ਸਾਮਰਾਜਵਾਦੀ ਲੁੱਟ ਦੇ ਖ਼ਿਲਾਫ਼ ਅੱਜ ਜੋ ਲੜਾਈ ਹੈ, ਉਹ ਕੌਮੀ ਮੁਕਤੀ ਦੀ ਲੜਾਈ ਨਹੀਂ ਹੈ। ਦੇਸੀ ਸਰਮਾਏਦਾਰੀ ਨਾਲ਼ ਲੜੇ ਬਿਨਾਂ ਅੱਜ ਸਾਮਰਾਜਵਾਦ ਨਾਲ਼ ਨਹੀਂ ਲੜਿਆ ਜਾ ਸਕਦਾ। ਦੇਸੀ ਬੁਰਜੂਆ ਰਾਜਸੱਤਾ ਨੂੰ ਤਬਾਹ ਕੀਤੇ ਬਿਨਾਂ ਅੱਜ ਸਾਮਰਾਜਵਾਦੀ ਲੁੱਟ ਅਤੇ ਦਬਾਅ ਦਾ ਜੜ੍ਹ-ਨਾਸ਼ ਸੰਭਵ ਨਹੀਂ।

ਇਸ ਇਤਿਹਾਸਕ ਵਿਸ਼ਲੇਸ਼ਣ ਦੇ ਆਧਾਰ ‘ਤੇ ਇਹ ਅਸਾਨੀ ਨਾਲ਼ ਸਮਝਿਆ ਜਾ ਸਕਦਾ ਹੈ ਕਿ ਕਿਉਂ ਅਤੇ ਕਿਸ ਤਰ੍ਹਾਂ ਕੌਮਵਾਦ ਅੱਜ ਆਪਣਾ ਅਗਾਂਹਵਧੂ ਸਾਰਤੱਤ ਗਵਾ ਕੇ ਪੂਰੀ ਤਰ੍ਹਾਂ ਆਪਣੇ ਉਲਟ ‘ਚ ਬਦਲ ਚੁੱਕਾ ਹੈ। ਯੂਰਪ ਅਤੇ ਅਮਰੀਕਾ ‘ਚ ਕੌਮਵਾਦ ਆਪਣਾ ਅਗਾਂਹਵਧੂ ਖਾਸਾ ਉਨੀਂਵੀਂ ਸਦੀ ‘ਚ ਹੀ ਗਵਾ ਚੁੱਕਿਆ ਸੀ। ਹੁਣ ਉੱਥੇ ਕੌਮਵਾਦ ਦੀ ਭਾਵਨਾ ਉਕਸਾਉਣ ਦਾ ਇੱਕ ਹੀ ਮਤਲਬ ਰਹਿ ਗਿਆ ਸੀ ਅਤੇ ਉਹ ਸੀ ਪੂਰੀ ਸੰਸਾਰ ਮੰਡੀ ਦੀ ਵੰਡ ਦੀ ਸਾਮਰਾਜਵਾਦੀ ਜੰਗ ‘ਚ ਆਪਣੇ-ਆਪਣੇ ਦੇਸ਼ਾਂ ‘ਚ ਅੰਧ-ਕੌਮਵਾਦੀ ਲਹਿਰ ਉਭਾਰਕੇ ਲੋਕਾਂ ਦੀ ਚਾਰੇ ਵਾਂਗ ਵਰਤੋਂ ਕਰਨੀ। ਪਹਿਲੀ ਸੰਸਾਰ ਜੰਗ ‘ਚ ਪਹਿਲੀ ਵਾਰ ਇਹ ਚੀਜ਼ ਆਪਣੇ ਅੱਤ ਦੇ ਭਿਆਨਕ ਰੂਪ ‘ਚ ਸਾਹਮਣੇ ਆਈ। ਬਸਤੀਆਂ-ਅਰਧ-ਬਸਤੀਆਂ ‘ਚ, ਭਾਵੇਂ ਅਜ਼ਾਦੀ ਜਿੰਨੀ ਵੀ ਘੱਟ ਹੋਵੇ ਅਤੇ ਜਮਹੂਰੀਅਤ ਜਿੰਨੀ ਵੀ ਸੀਮਿਤ ਹੋਵੇ, ਅੱਜ ਕੌਮਵਾਦ ਦਾ ਨਾਅਰਾ ਇਹਨਾਂ ਦੇਸ਼ਾਂ ‘ਚ ਵੀ ਆਪਣਾ ਅਗਾਂਹਵਧੂ ਖਾਸਾ ਅਤੇ ਪ੍ਰਸੰਗਿਕਤਾ ਪੂਰੀ ਤਰ੍ਹਾਂ ਗਵਾ ਚੁੱਕਿਆ ਹੈ। ਹੁਣ ਇਹ ਲੋਕਾਂ ‘ਚ ਕੇਵਲ ਅੰਧ-ਕੌਮਵਾਦੀ ਲਹਿਰ ਉਭਾਰਨ ਦਾ ਹੱਥਕੰਡਾ ਮਾਤਰ ਹੈ। ਅੱਜ ਕੌਮਵਾਦ ਦਾ ਮਤਲਬ ਹੀ ਹੈ ਅੰਧ-ਕੌਮਵਾਦ। ਭਾਵੇਂ ਜਿੰਨਾ ਵੀ ਦ੍ਰਾਵਿੜ ਪ੍ਰਾਣਾਯਾਮ ਕਰ ਲਿਆ ਜਾਵੇ, ਅੱਜ ਕੌਮਵਾਦ ਦੇ ਕਿਸੇ ਅਗਾਂਹਵਧੂ ਐਡੀਸ਼ਨ ਦੀ ਉਸਾਰੀ ਅਸੰਭਵ ਹੈ ਅਤੇ ਨਾ ਹੀ ਲੋਕਾਂ ਨੂੰ ਇਸਦੀ ਕੋਈ ਲੋੜ ਹੈ।

ਹੈਰਾਨੀ ਨਹੀਂ ਕਿ ਮੌਜੂਦਾ ਮੋਦੀ ਸਰਕਾਰ ਤੋਂ ਪਹਿਲਾਂ ਵੀ, ਜਿੰਨੀਆਂ ਸਰਕਾਰਾਂ ਸਨ ਉਹ ਕਸ਼ਮੀਰ ਅਤੇ ਉੱਤਰ-ਪੂਰਬ ਦੇ ਲੋਕਾਂ ਦੇ ਸਵੈ-ਫੈਸਲੇ ਦੇ ਹੱਕ ਨੂੰ ਖੋਹ ਕੇ, ਉਸਨੂੰ ਕੁਚਲਣ ਲਈ ਬਾਕੀ ਭਾਰਤ ‘ਚ ਆਪਣੇ ਵਿਰਾਟ ਮੀਡੀਆ ਤੰਤਰ ਦੁਆਰਾ ‘ਦੇਸ਼ ਖ਼ਤਰੇ ਮੇਂ ਹੈ’ ਦਾ ਰੌਲਾ ਪਾਉਂਦੇ ਹੋਏ ਕੌਮਵਾਦ (ਜਾਣੀ ਅੰਧ-ਕੌਮਵਾਦ) ਦੀ ਲਹਿਰ ਉਭਾਰਦੀਆਂ ਰਹੀਆਂ ਸਨ। ਇਹੀ ਅੰਧ-ਕੌਮਵਾਦ ਵਾਰ-ਵਾਰ ਪਾਕਿਸਤਾਨ, ਚੀਨ, ਬੰਗਲਾਦੇਸ਼ ਆਦਿ ਗਵਾਂਢੀ ਦੇਸ਼ਾਂ ਵਿਰੁੱਧ ਉਭਾਰਕੇ ਭਾਰਤੀ ਸਰਮਾਏਦਾਰ ਜਮਾਤ ਆਪਣੇ ਖੇਤਰੀ ਵਿਸਥਾਰਵਾਦ ਲਈ ਲੋਕ ਹਮਾਇਤ ਜੁਟਾਉਂਦੀ ਰਹੀ ਹੈ। ਇਹ ਭਾਵਨਾ ਕਦੇ ਵੀ ਪੱਛਮੀ ਸਾਮਰਾਜਵਾਦੀ ਦੇਸ਼ਾਂ ਦੀ ਲੁੱਟ ਦੇ ਵਿਰੁੱਧ ਨਹੀਂ ਉਭਾਰੀ ਜਾਂਦੀ।

ਭਾਰਤ ‘ਚ ਪਿਛਲੇ ਲਗਪਗ ਤੀਹ ਸਾਲ ਤੀਬਰ ਹਿੰਦੂਵਾਦੀ ਫਾਸਿਸਟ ਉਭਾਰ ਦੇ ਸਾਲ ਰਹੇ ਹਨ, ਜਿਸਦਾ ਸਿਖ਼ਰਲਾ ਸਿੱਟਾ ਅੱਜ ਮੋਦੀ ਸਰਕਾਰ ਦੇ ਰੂਪ ‘ਚ ਸਾਡੇ ਸਾਹਮਣੇ ਹੈ। ਵੈਸੇ ਤਾਂ ਅੰਧ-ਕੌਮਵਾਦ ਦੀ ਵਰਤੋਂ ਸਾਰੀਆਂ ਪਿਛਲੀਆਂ ਸਰਕਾਰਾਂ ਅਤੇ ਸਾਰੀਆਂ ਬੁਰਜੂਆ ਪਾਰਟੀਆਂ ਕਰਦੀਆਂ ਰਹੀਆਂ ਹਨ, ਪਰ ਹਰ ਤਰ੍ਹਾਂ ਦਾ ਫਾਸੀਵਾਦ ਇਸਦੇ ਰੈਡੀਕਲ ਰੂਪਾਂ ਦੀ ਹਮੇਸ਼ਾ ਤੋਂ ਵਰਤੋਂ ਕਰਦਾ ਰਿਹਾ ਹੈ। ਫਾਸੀਵਾਦ ਮੁੱਖ ਤੌਰ ‘ਤੇ ਮੱਧਵਰਗ ਅਧਾਰਿਤ ਇੱਕ ਘੋਰ-ਪਿਛਾਖੜੀ ਸਮਾਜਿਕ ਲਹਿਰ ਹੁੰਦੀ ਹੈ। ਨਸਲਵਾਦ ਜਾਂ ਧਾਰਮਿਕ ਕੱਟੜਪੰਥ ਅਤੇ ਅੰਧ-ਕੌਮਵਾਦ ਦੇ ਅਧਾਰ ‘ਤੇ ਹੀ ਉਹ ਨਸਲੀ, ਧਾਰਮਿਕ ਉੱਤਮਤਾ ਅਤੇ “ਕੌਮੀ ਮਾਣ” ਦੇ ਮਿੱਥਕ ਘੜਦਾ ਹੈ ਅਤੇ ਲੋਕ ਭਾਈਚਾਰਿਆਂ ‘ਚ ਇੱਕ ਖ਼ਬਤ ਪੈਦਾ ਕਰਦਾ ਹੈ। ਅਜਿਹੀ ਮਿੱਥਭਾਸੀ ਚੇਤਨਾ ਵਾਲ਼ੇ ਲੋਕਾਂ ਦੀ ਜਮਾਤੀ ਚੇਤਨਾ ਇਤਿਹਾਸ-ਬੋਧ ਕੁੰਦ ਹੋਣ ਨਾਲ਼ ਹੀ ਲੋਪ ਹੋ ਜਾਂਦੀ ਹੈ ਅਤੇ ਉਹ ਮਿੱਥ ਮੁੱਦਿਆਂ ਨੂੰ ਅਸਲੀ ਮੰਨਣ ਲੱਗਦੇ ਹਨ। ਇਹਨਾਂ ਹੀ ਲੋਕਾਂ ਆਸਰੇ ਫਾਸਿਸਟ ਧਾਰਮਿਕ-ਨਸਲੀ ਘੱਟ-ਗਿਣਤੀਆਂ ਤੇ ਮਜ਼ਦੂਰ ਲਹਿਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਪਸਿੱਤੀਆਂ ਕੌਮੀਅਤਾਂ ਦੇ ਸਵੈ-ਫੈਸਲੇ ਦੇ ਹੱਕੀ ਘੋਲ਼ਾਂ ਅਤੇ ਲੋਕਾਂ ਦੇ ਸਾਰੇ ਘੋਲ਼ਾਂ ਨੂੰ ਦੇਸ਼ਧ੍ਰੋਹ ਐਲਾਨ ਦਿੰਦੇ ਹਨ ਅਤੇ ਗੁਆਂਢੀ ਦੇਸ਼ਾਂ ਵਿਰੁੱਧ “ਕੌਮੀ ਮਾਣ” ਭੜਕਾਕੇ ਆਪਣੀਆਂ ਖੇਤਰੀ ਵਿਸਥਾਰਵਾਦੀ ਨੀਤੀਆਂ ਦਾ ਹਮਾਇਤੀ ਅਧਾਰ ਤਿਆਰ ਕਰਦੇ ਹਨ। ਮੋਦੀ ਅਤੇ ਉਸਦੀ ਸਰਕਾਰ ਦੇ ਮੰਤਰੀ ਦੇਸ਼ ਦੇ ਵਿਕਾਸ ਦੇ ਨਾਂ ‘ਤੇ ਸੰਸਾਰ ਭਰ ਦੀਆਂ ਲੋਟੂ-ਕੰਪਨੀਆਂ ਨੂੰ ਇੱਥੇ ਸਰਮਾਇਆ ਲਗਾਉਣ ਲਈ ਅੱਖਾਂ ਵਿਛਾਅ ਕੇ ਨਿਉਂਦੇ ਦਿੰਦੇ ਹਨ, ਅਮਰੀਕਾ ਅਤੇ ਯੂਰਪ ਤੋਂ ਲੈ ਕੇ ਤੇਲ ਭੰਡਾਰਾਂ ਨਾਲ਼ ਅਮੀਰ ਅਰਬ ਦੇਸ਼ਾਂ ਦੇ ਬੂਹਿਆਂ ‘ਤੇ ਜਾ ਕੇ ਮੱਥੇ ਟੇਕਦੇ ਹਨ ਅਤੇ ਦੂਜੇ ਪਾਸੇ ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਭੂਟਾਨ ਆਦਿ ਦੇਸ਼ਾਂ ‘ਤੇ ਅੰਧ-ਕੌਮਵਾਦੀ ਹੰਕਾਰ ਨਾਲ਼ ਧੌਂਸ ਜਮਾਉਂਦੇ ਹਨ। ਲੋਕਾਂ ਨੂੰ “ਚੀਨੀ ਡ੍ਰੈਗਨ” ਦੇ ਖ਼ਤਰੇ ਤੋਂ ਸਾਵਧਾਨ ਕਰਦੇ ਹਨ ਅਤੇ ਨਾਲ਼ ਹੀ ਚੀਨੀ ਸਰਮਾਏ ਲਈ ਲਾਲ ਗਲੀਚੇ ਵਿਛਾਉਣ ਨੂੰ ਕਾਹਲੇ ਰਹਿੰਦੇ ਹਨ। ਇਹਨਾਂ ਦਾ “ਕੌਮਵਾਦ” ਹਿੰਦੂ ਕੌਮਵਾਦ ਹੈ ਜੋ ਮੁਸਲਿਮ ਅਤੇ ਹੋਰ ਘੱਟ ਗਿਣਤੀਆਂ ਨੂੰ ‘ਗ਼ੈਰ’ ਜਾਂ ਮਾਤਹਿਤ ਦੇ ਵਰਗ ‘ਚ ਰੱਖਦਾ ਹੈ। ਇਹਨਾਂ ਦਾ “ਕੌਮਵਾਦ” ਕਸ਼ਮੀਰੀ ਅਤੇ ਉੱਤਰ-ਪੂਰਬੀ ਲੋਕਾਂ ਦੇ ਸਵੈ-ਫੈਸਲੇ ਦੇ ਘੋਲ਼ ਨੂੰ ਹੀ ਨਹੀਂ, ਸਗੋਂ ਕਿਸਾਨਾਂ-ਮਜ਼ਦੂਰਾਂ-ਆਦਿਵਾਸੀਆਂ ਦੇ ਸਾਰੇ ਘੋਲ਼ਾਂ ਨੂੰ, ਆਪਣੇ ਹੱਕਾਂ ਅਤੇ ਕੈਂਪਸ ਦੀ ਜਮਹੂਰੀ ਸਪੇਸ ਦੀ ਰੱਖਿਆ ਲਈ ਅਵਾਜ਼ ਉਠਾਉਣ ਵਾਲ਼ੇ ਵਿਦਿਆਰਥੀਆਂ-ਅਧਿਆਪਕਾਂ ਨੂੰ ਅਤੇ ਧਾਰਮਿਕ ਕੱਟੜਤਾ ਵਿਰੋਧੀ ਸਾਰੇ ਤਰਕਸ਼ੀਲ ਬੁੱਧੀਜੀਵੀਆਂ ਨੂੰ ਦੇਸ਼ਧ੍ਰੋਹੀ ਮੰਨਦਾ ਹੈ।

ਇਸ ਫਾਸਿਸਟ ਕੌਮਵਾਦ ਦੀ ਅਸਲੀਅਤ ਨੂੰ ਸਮਝਣ ਲਈ ਕੌਮਵਾਦ ਦੇ ਠੋਸ ਇਤਿਹਾਸਕ ਵਰਤਾਰੇ ਨੂੰ ਸਮਝਣਾ ਹੋਵੇਗਾ ਅਤੇ ਵਿਸ਼ਾਲ ਲੋਕ-ਭਾਈਚਾਰੇ ਨੂੰ ਸਮਝਉਣਾ ਹੋਵੇਗਾ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 60, 1 ਸਤੰਬਰ 2016 ਵਿੱਚ ਪ੍ਰਕਾਸ਼ਤ

Advertisements