ਕੌਮਾਂਤਰੀ ਮਜ਼ਦੂਰ ਦਿਵਸ ‘ਤੇ ਸੰਸਾਰ ਭਰ ਵਿੱਚ ਗੂੰਜੀ ਮਜ਼ਦੂਰ ਮੁਕਤੀ ਦੀ ਅਵਾਜ਼ •ਲਖਵਿੰਦਰ

 

5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮਈ ਦਿਵਸ ਦੇ ਸ਼ਹੀਦ ਅਲਬਰਟ ਪਾਰਸਨਜ ਨੇ ਫਾਂਸੀ ਦੇ ਤਖਤੇ ਤੋਂ ਗਰਜ਼ ਕੇ ਸਰਮਾਏਦਾਰ ਜਮਾਤ ਨੂੰ ਚਿਤਾਵਨੀ ਦਿੱਤੀ ਸੀ- ”ਜੇਕਰ ਤੁਸੀਂ ਸੋਚਦੇ ਹੋ ਕਿ ਸਾਨੂੰ ਫਾਂਸੀ ‘ਤੇ ਲਟਕਾ ਕੇ ਤੁਸੀਂ ਮਜ਼ਦੂਰ ਲਹਿਰ ਨੂੰ…. . .ਗਰੀਬੀ ਤੇ ਬਦਹਾਲੀ ਵਿੱਚ ਲੱਕ ਤੋੜ ਮਿਹਨਤ ਕਰਨ ਵਾਲ਼ੇ ਲੱਖਾਂ ਲੋਕਾਂ ਦੀ ਲਹਿਰ ਨੂੰ ਕੁਚਲ ਦਿਓਗੇ, ਜੇਕਰ ਤੁਹਾਡੀ ਇਹੋ ਸੋਚ ਹੈ – ਤਾਂ ਖੁਸ਼ੀ ਨਾਲ਼ ਸਾਨੂੰ ਫਾਂਸੀ ਦੇ ਦਿਓ। ਪਰ ਯਾਦ ਰੱਖੋ…. . . ਤੁਸੀਂ ਇੱਕ ਚੰਗਿਆੜੀ ਨੂੰ ਕੁਚਲ ਰਹੇ ਓ, ਪਰ ਇੱਥੇ, ਉੱਥੇ, ਤੁਹਾਡੇ ਪਿੱਛੇ, ਤੁਹਾਡੇ ਸਾਹਮਣੇ, ਹਰ ਪਾਸੇ ਲਾਟਾਂ ਭੜਕ ਉੱਠਣਗੀਆਂ। ਇਹ ਜੰਗਲ ਦੀ ਅੱਗ ਹੈ। ਤੁਸੀਂ ਇਸਨੂੰ ਕਦੇ ਬੁਝਾ ਨਹੀਂ ਸਕੋਗੇ”।  ਮਜ਼ਦੂਰਾਂ ਦੇ ਉਸ ਮਹਾਨ ਆਗੂ ਨੇ ਬਿਲਕੁਲ ਸੱਚ ਕਿਹਾ ਸੀ। ਮਜ਼ਦੂਰ ਸ਼ਹੀਦਾਂ ਦੀਆਂ ਕੁਰਬਾਨੀਆਂ ਸੰਸਾਰ ਮਜ਼ਦੂਰ ਜਮਾਤ ਨੂੰ ਅਥਾਹ ਪ੍ਰੇਰਣਾ ਤੇ ਊਰਜਾ ਦਿੰਦੀਆਂ ਆਈਆਂ ਹਨ। ਹਰ ਸਾਲ ਪਹਿਲੀ ਮਈ ਨੂੰ ਮਨਾਏ ਜਾਣ ਵਾਲ਼ੇ ਕੌਮਾਂਤਰੀ ਮਜ਼ਦੂਰ ਦਿਵਸ ਦੀ ਮਹਾਨ ਵਿਰਾਸਤ ‘ਤੇ ਭਾਵੇਂ ਘੱਟਾ ਪਾਉਣ ਦੀਆਂ ਵੀ ਰੰਗ-ਬਰੰਗੀਆਂ ਸਰਮਾਏਦਾਰਾਂ ਤਾਕਤਾਂ ਨੇ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਹਨ। ਇਸ ਨੂੰ ਵੋਟ-ਵਟੋਰੂ ਪਾਰਟੀਆਂ ਨੇ ਮਜ਼ਦੂਰਾਂ ਦੀਆਂ ਵੋਟਾਂ ਹਾਸਲ ਕਰਨ ਲਈ ਵਰਤਿਆ ਹੈ। ਕੁੱਝ ਲੀਡਰਾਂ ਨੂੰ ਮਜ਼ਦੂਰਾਂ ਦੇ ਮਸੀਹੇ ਬਣਾ ਕੇ ਪੇਸ਼ ਕੀਤਾ ਜਾਂਦਾ ਹੈ । ਕੌਮਾਂਤਰੀ ਮਜ਼ਦੂਰ ਦਿਵਸ ਦੇ ਮਹੱਤਵ ਨੂੰ ਖੋਰਾ ਲਾਉਣ ਲਈ ਮੰਚਾਂ ‘ਤੇ ਨੀਵੇਂ ਪੱਧਰ ਦੇ ਗੀਤ-ਨਾਚ ਪੇਸ਼ ਕੀਤੇ ਜਾਂਦੇ ਹਨ। ਸਰਮਾਏਦਾਰਾਂ ਦੀਆਂ ਦਲਾਲ ਟ੍ਰੇਡ ਯੂਨੀਅਨਾਂ ਨੇ ਆਪਣੇ ਨੀਚ ਉਦੇਸ਼ਾਂ ਲਈ ਇਸਤੇਮਾਲ ਕੀਤਾ ਹੈ। ਸਰਮਾਏਦਾਰ ਇਸ ਦਿਨ ‘ਤੇ ਮਜ਼ਦੂਰਾਂ ਨੂੰ ਇਹ ਜਚਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਇਹ ਦਿਨ ਤਾਂ ਹੋਰ ਮਿਹਨਤ ਕਰਕੇ ਕਾਰੋਬਾਰ ਹੋਰ ਪ੍ਰਫੁੱਲਿਤ ਕਰਨ ਦੀਆਂ ਸੌਹਾਂ ਖਾਣ ਦਾ ਦਿਨ ਹੈ। ਬਹੁਤ ਸਾਰੇ ਅਜਿਹੇ ਹਨ ਜਿਹੜੇ ਮਜ਼ਦੂਰਾਂ ਦੀ ਸੋਚ ਨੂੰ ਸਰਮਾਏਦਾਰਾ ਪ੍ਰਬੰਧ ਖਿਲਾਫ਼ ਸੇਧਿਤ ਹੋਣ ਤੋਂ ਬਚਾਉਣ ਲਈ ਇਸ ਦਿਨ ਕੰਮ ਸਥਾਨ (ਕਾਰਖਾਨਾ, ਖੇਤ, ਭੱਠਾ ਆਦਿ) ਪੱਧਰ ਦੀਆਂ ਆਰਥਿਕ ਮੰਗਾਂ ਤੋਂ ਉੱਪਰ ਦੀ ਕੋਈ ਗੱਲ ਨਹੀਂ ਕਰਦੇ। ਜੇਕਰ ਉਹ ਸਰਕਾਰ ਖਿਲਾਫ ਵੀ ਬੋਲਦੇ ਹਨ ਤਾਂ ਉਹਨਾਂ ਦਾ ਮਕਸਦ ਮਜ਼ਦੂਰਾਂ ਦੇ ਦਿਮਾਗ ਵਿੱਚ ਅਰਥਵਾਦੀ ਮੰਗਾਂ ਹੀ ਬਿਠਾਉਣਾ ਹੁੰਦਾ ਹੈ। ਇਹਨਾਂ ਤਾਕਤਾਂ ਵਿੱਚ ਖੁਦ ਨੂੰ ਖੱਬੇਪੱਖੀ ਐਲਾਨ ਕਰਨ ਵਾਲ਼ੇ ਨਕਲੀ ਲਾਲ ਝੰਡੇ ਵਾਲ਼ਿਆਂ ਦੀ ਭੂਮਿਕਾ ਕਾਫੀ ਅਹਿਮ ਹੈ। ਮਜ਼ਦੂਰ ਜਮਾਤ ਦੇ ਸਰਮਾਏਦਾਰੀ ਖਿਲਾਫ਼ ਘੋਲ਼ ਦੀ ਧਾਰ ਨੂੰ ਖੁੰਡਾ ਕਰਨ ਲਈ ਇਹਨਾਂ ਤੋਂ ਵਧੀਆ ਭੂਮਿਕਾ ਹੋਰ ਕੌਣ ਨਿਭਾ ਸਕਦਾ ਹੈ? ਪਰ ਇਸ ਸਭ ਦੇ ਬਾਵਜੂਦ ਵੀ ਕੁੱਲ ਮਿਲ਼ਾ ਕੇ ਮਜ਼ਦੂਰਾਂ ਦਾ ਸਰਮਾਏਦਾਰਾ ਪ੍ਰਬੰਧ ਖਿਲਾਫ਼ ਗੁੱਸਾ ਵਧਦਾ ਜਾ ਰਿਹਾ ਹੈ ਜੋ ਹਰ ਸਾਲ ਮਈ ਦਿਵਸ ਦੇ ਵੱਖ-ਵੱਖ ਆਯੋਜਨਾਂ ਵਿੱਚ ਵੇਖਣ ਨੂੰ ਮਿਲ਼ਦਾ ਹੈ। 

ਇਸ ਸਾਲ ਵੀ ਸੰਸਾਰ ਭਰ ਵਿੱਚ ਕਰੋੜਾਂ ਮਜ਼ਦੂਰਾਂ ਨੇ ਸਰਮਾਏਦਾਰਾ ਲੁੱਟ ਖਿਲਾਫ਼ ਜੋਰਦਾਰ ਅਵਾਜ ਬੁਲੰਦ ਕੀਤੀ ਹੈ। ਆਯੋਜਨ ਭਾਵੇਂ ਇਨਕਲਾਬੀ ਤਾਕਤਾਂ ਦੀ ਪਹਿਲਕਦਮੀ ‘ਤੇ ਹੋਏ ਹੋਣ ਤੇ ਭਾਵੇਂ ਸਰਮਾਇਆ ਪੱਖੀ ਆਗੂਆਂ/ਜੱਥੇਬੰਦੀਆਂ ਦੀ ਪਹਿਲਕਦਮੀ ‘ਤੇ ਹੋਏ ਹੋਣ ਸਭ ਵਿੱਚ ਕੌਮਾਂਤਰੀ ਮਜ਼ਦੂਰ ਦਿਵਸ ਉੱਤੇ ਮਜ਼ਦੂਰਾਂ ਵੱਲੋਂ ਵਿਖਾਇਆ ਜੋਸ਼ ਇਹ ਦਰਸਾਉਂਦਾ ਹੈ ਕਿ ਉਹ ਮੌਜੂਦਾ ਲੋਟੂ ਪ੍ਰਬੰਧ ਤੋਂ ਕਿਸ ਕਦਰ ਦੁਖੀ ਹਨ, ਕਿ ਉਹ ਸਰਮਾਇਆ ਪੱਖੀ ਆਗੂਆਂ ਦੇ ਟੀਚਿਆਂ ਤੋਂ ਅਗਲੀ ਕਾਰਵਾਈ ਚਾਹੁੰਦੇ ਹਨ, ਕਿ ਉਹ ਗੁਲਾਮੀ ਵਾਲ਼ੀਆਂ ਹਾਲਤਾਂ ਤੋਂ ਮੁਕਤੀ ਚਾਹੁੰਦੇ ਹਨ । ਅਨੇਕਾਂ ਥਾਵਾਂ ਉੱਤੇ ਇਨਕਲਾਬੀ ਤੇ ਮਜ਼ਦੂਰ ਪੱਖੀ ਤਾਕਤਾਂ ਦੀ ਅਗਵਾਈ ਵਿੱਚ ਆਯੋਜਨ ਹੋਏ ਜਿਹਨਾਂ ਦੌਰਾਨ ਮਜ਼ਦੂਰ ਜਮਾਤ ਦੀ ਮੁਕਤੀ ਦੀ ਲੜਾਈ ਜਾਰੀ ਰੱਖਣ, ਸਰਮਾਏਦਾਰਾ ਪ੍ਰਬੰਧ ਨੂੰ ਜੜੋਂ ਮਿਟਾਉਣ, ਸਰਮਾਏਦਾਰੀ ਦੇ ਮਜ਼ਦੂਰ ਜਮਾਤ ਅਤੇ ਹੋਰ ਕਿਰਤੀ ਅਬਾਦੀ ਖਿਲਾਫ਼ ਤਿੱਖੇ ਹੋ ਰਹੇ ਹਮਲਿਆਂ ਖਿਲਾਫ਼ ਲੜਾਈ ਤੇਜ਼ ਕਰਨ ਦੇ ਸੰਕਲਪ ਲਏ ਗਏ।

ਇਸ ਸਾਲ ਪਹਿਲੀ ਮਈ ਦੇ ਦਿਨ ਸੰਸਾਰ ਵਿੱਚ ਮਜ਼ਦੂਰ ਕਿਤੇ ਸੈਂਕੜਿਆਂ ਦੀ ਗਿਣਤੀ ਵਿੱਚ, ਕਿਤੇ ਹਜ਼ਾਰਾਂ ਤੇ ਕਿਤੇ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਪਹਿਲੀ ਮਈ ਦੇ ਪਿਆਰੇ ਮਜ਼ਦੂਰ ਸ਼ਹੀਦਾਂ ਨੂੰ ਲਾਲ ਸਲਾਮ ਆਖ ਰਹੇ ਸਨ, ਉਹਨਾਂ ਦੀਆਂ ਮਜ਼ਦੂਰ ਜਮਾਤ ਦੇ ਰੌਸ਼ਨ ਭਵਿੱਖ ਲਈ ਦਿੱਤੀਆਂ ਕੁਰਬਾਨੀਆਂ ਯਾਦ ਕਰ ਰਹੇ ਸਨ। ਅਨੇਕਾਂ ਥਾਂਵਾਂ ਉੱਤੇ ਮਜ਼ਦੂਰਾਂ ਨੇ ਸਰਕਾਰਾਂ ਦੀਆਂ ਸਰਮਾਏਦਾਰ ਜਮਾਤ ਪੱਖੀ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਖਿਲਾਫ਼ ਤਿੱਖਾ ਵਿਰੋਧ ਦਰਜ ਕੀਤਾ। ਇਸ ਦੌਰਾਨ ਪੁਲੀਸ ਨਾਲ਼ ਤਿੱਖੀਆਂ ਝੜਪਾਂ ਹੋਈਆਂ। ਵੱਡੀ ਗਿਣਤੀ ਵਿੱਚ ਮਜ਼ਦੂਰਾਂ ਦੀਆਂ ਗ੍ਰਿਫਤਾਰੀਆਂ ਹੋਈਆਂ, ਮਜ਼ਦੂਰ ਤੇ ਪੁਲਸੀਏ ਫੱਟੜ ਹੋਏ। ਆਪਣੇ ਜੋਸ਼ੀਲੇ ਮੁਜਾਹਰਿਆਂ ਤੇ ਸਮਾਗਮਾਂ ਰਾਹੀਆਂ ਇਸ ਵਾਰ ਫਿਰ ਮਈ ਦਿਨ ਉੱਤੇ ਮਜ਼ਦੂਰ ਜਮਾਤ ਨੇ ਹਾਕਮ ਸਰਮਾਏਦਾਰ ਜਮਾਤ ਸਾਹਮਣੇ ਇਹ ਐਲਾਨ ਕੀਤਾ ਹੈ ਕਿ ਉਹ ਗੁਲਾਮੀ ਦੀਆਂ ਜੰਜੀਰਾਂ ਹਰ ਹਾਲ ‘ਚ ਤੋੜ ਕੇ ਰਹਿਣਗੇ।

ਸੰਸਾਰ ਭਰ ਵਿੱਚ ਹੋਏ ਸਾਰੇ ਆਯੋਜਨਾਂ ਦੀ ਜਾਣਕਾਰੀ ਇਕੱਠੀ ਕਰ ਸਕਣਾ ਅਤੇ ਜਾਣਕਾਰੀ ਅਧੀਨ ਅਹਿਮ ਆਯੋਜਨਾਂ ਦੀ ਸਭ ਜਾਣਕਾਰੀ ਇੱਥੇ ਸਾਂਝੀ ਕਰ ਸਕਣਾ ਸੰਭਵ ਨਹੀਂ ਹੈ, ਪਰ ਇਸ ਸਾਲ ਦੇ ਮਈ ਦਿਨ ਦੀਆਂ ਕੁੱਝ ਮੁੱਖ ਸਰਗਰਮੀਆਂ ਦਾ ਵੇਰਵਾ ਤੁਹਾਡੇ ਨਾਲ਼ ਸਾਂਝਾ ਕਰਾਂਗੇ।

ਮਜ਼ਦੂਰ ਜਮਾਤ ਨੇ ਪੈਰਿਸ ਵਿੱਚ ਆਪਣੀ ਪਹਿਲੀ ਸੱਤਾ ਸਥਾਪਿਤ ਕੀਤੀ ਸੀ ਜੋ ਸੰਸਾਰ ਮਜ਼ਦੂਰ ਜਮਾਤ ਲਈ ਅਥਾਹ ਪ੍ਰੇਰਣਾ ਤੇ ਸਿੱਖਿਆ ਦਾ ਸ੍ਰੋਤ ਰਹੀ ਹੈ। ਪੈਰਿਸ ਅਤੇ ਫਰਾਂਸ ਦੇ ਮਜਦੂਰ ਅੱਜ ਵੀ ਆਪਣੀ ਸਰਮਾਏਦਾਰਾ ਲੁੱਟ-ਅਨਿਆਂ ਖਿਲਾਫ਼ ਸਖਤ ਲੜਾਈ ਲੜ ਰਹੇ ਹਨ ਤੇ ਸੰਸਾਰ ਦੇ ਮਜ਼ਦੂਰਾਂ ਦਾ ਸਿਰ ਮਾਣ ਨਾਲ਼ ਉੱਚਾ ਕਰ ਰਹੇ ਹਨ। ਮਾਰਚ-ਅਪ੍ਰੈਲ ਮਹੀਨਿਆਂ ਦੌਰਾਨ ਫਰਾਂਸ ਵਿੱਚ ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ ਨੇ ਸਰਕਾਰ ਦੀਆਂ ਮਜ਼ਦੂਰ ਤੇ ਲੋਕ ਵਿਰੋਧੀ ਨੀਤੀਆਂ, ਖਾਸਕਰ ਕਿਰਤ ਕਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਦੀਆਂ ਤਜਵੀਜਾਂ ਖਿਲਾਫ਼ ਜਬਰਦਸਤ ਘੋਲ਼ ਲੜਿਆ ਹੈ। ਲੱਖਾਂ ਦੀ ਗਿਣਤੀ ਵਿੱਚ ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ ਨੇ ਸੜਕਾਂ ‘ਤੇ ਉੱਤਰ ਕੇ ਹਾਕਮਾਂ ਨੂੰ ਟੱਕਰ ਦਿੱਤੀ ਹੈ। 28 ਅਪ੍ਰੈਲ ਨੂੰ ਵੀ ਲੱਖਾਂ ਮਜ਼ਦੂਰ ਨੇ ਸਰਕਾਰ ਖਿਲਾਫ ਮੁਜ਼ਾਹਰਾ ਕੀਤਾ ਸੀ। ਮਈ ਦਿਵਸ ‘ਤੇ ਵੀ ਵੱਡੇ ਮਜ਼ਾਹਰਿਆਂ ਦਾ ਐਲਾਨ ਕੀਤਾ ਗਿਆ ਸੀ। ਪਹਿਲੀ ਮਈ ਨੂੰ ਫਰਾਂਸ ਦੀਆਂ ਸੜਕਾਂ ਉੱਤੇ ਅਖੌਤੀ ਖੱਬੇਪੱਖੀ ਸਰਕਾਰ ਦੀਆਂ ਕੱਟੜ ਸਰਮਾਏਦਾਰਾ ਨੀਤੀਆਂ ਖਿਲਾਫ਼ ਮਜ਼ਦੂਰਾਂ-ਨੌਜਵਾਨਾਂ ਦਾ ਹੜ ਆ ਗਿਆ। ਪੰਜ ਲੱਖ ਤੋਂ ਵਧੇਰੇ ਲੋਕਾਂ ਨੇ ਇਸ ਵਿੱਚ ਹਿੱਸਾ ਲਿਆ। ਹਾਕਮਾਂ ਨੇ ਤਾਕਤ ਰਾਹੀਂ ਹੱਕੀ ਅਵਾਜ਼ ਦਬਾਉਣ ਚਾਹੀ। ਡਾਂਗਾ ਵਰ੍ਹਾਈਆਂ ਗਈਆਂ, ਹੰਝੂ ਗੈਸ ਦੇ ਗੋਲ਼ ਸੁੱਟੇ ਗਏ, ਲੋਕਾਂ ਨੂੰ ਜੇਲਾਂ ‘ਚ ਡੱਕ ਦਿੱਤਾ ਗਿਆ। ਪਰ ਮਜ਼ਦੂਰਾਂ-ਨੌਜਵਾਨਾਂ ਦਾ ਜੋਸ਼ ਠੰਡਾ ਨਹੀਂ ਪਿਆ ਸਗੋਂ ਉਨਾਂ ਦਾ ਲੜਾਈ ਲੜਨ ਦਾ ਅਹਿਸਾਸ ਹੋਰ ਡੂੰਘਾ ਹੋਇਆ। ਜਿੱਥੇ ਸਰਕਾਰ ਮਜ਼ਦੂਰ ਵਿਰੋਧੀ ਕਨੂੰਨੀ ਤਜਵੀਜਾਂ ‘ਤੇ ਅੜੀ ਹੋਈ ਹੈ ਉੱਥੇ ਮਜ਼ਦੂਰ ਨੇ ਵੀ ਸਖਤ ਘੋਲ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ।

ਦੱਖਣੀ ਕੋਰੀਆ ਵਿੱਚ ਦਹਿ ਹਜ਼ਾਰਾਂ ਮਜ਼ਦੂਰਾਂ ਨੇ ਮਈ ਦਿਹਾੜੇ ‘ਤੇ ਹਾਕਮਾਂ ਦੀਆਂ ਮਜ਼ਦੂਰ ਹੱਕਾਂ ਨੂੰ ਕੁਚਲਣ ਦੀਆਂ ਨੀਤੀਆਂ ਖਿਲਾਫ਼ ਜੋਰਦਾਰ ਮੁਜ਼ਾਹਰੇ ਕੀਤੇ। ਇੱਥੇ ਵੀ ਸਰਕਾਰ ਸਰਮਾਏਦਾਰਾਂ ਨੂੰ ਮਜ਼ਦੂਰਾਂ ਦੀ ਛਾਂਟੀ ਕਰਨ ਦੀਆਂ ਖੁੱਲਾਂ ਦੇਣ ਲਈ ਅਤੇ ਹੋਰ ਕਿਰਤ ਹੱਕ ਖੋਹਣ ਲਈ ਕਨੂੰਨ ਲੈ ਕੇ ਆ ਰਹੀ ਹੈ। ਇੱਥੇ ਵੀ ਮਜ਼ਦੂਰਾਂ ਦੀ ਪੁਲੀਸ ਨਾਲ਼ ਸਖਤ ਟੱਕਰ ਹੋਈ। ਮਜ਼ਦੂਰ ਜਖਮੀ ਹੋਏ, ਗ੍ਰਿਫਤਾਰ ਕੀਤੇ ਗਏ ਪਰ ਉਹਨਾਂ ਦਾ ਲਾਲ ਝੰਡਾ ਝੁਕਿਆ ਨਹੀਂ।

ਰੂਸ ਵਿੱਚ ਤੇਜੀ ਨਾਲ਼ ਵਧਦੀ ਆਰਥਿਕ ਬਦਹਾਲੀ ਦਾ ਸ਼ਿਕਾਰ ਮਜ਼ਦੂਰ ਲੱਖਾਂ ਦੀ ਗਿਣਤੀ ਵਿੱਚ ਮਈ ਦਿਨ ‘ਤੇ ਸੜਕਾਂ ‘ਤੇ ਉੱਤਰ ਆਏ। ਮਾਸਕੋ ਦੇ ਰੈਡ ਸਕੇਅਰ ਵਿੱਚ ਦਹਿ ਹਜ਼ਾਰਾਂ ਮਜ਼ਦੂਰਾਂ ਨੇ ਮਈ ਦਿਵਸ ਪਰੇਡ ਵਿੱਚ ਹਿੱਸਾ ਲਿਆ ਅਤੇ ਸਮੇਂ ਦੇ ਸਰਮਾਏਦਾਰਾ ਹਾਕਮਾਂ ਨੂੰ ਚੁਣੌਤੀ ਦਿੱਤੀ। ਉਹਨਾਂ ਦੇ ਹੱਥਾਂ ਵਿੱਚ ਮਜ਼ਦੂਰ ਜਮਾਤ ਦੇ ਮਹਾਨ ਆਗੂਆਂ ਮਾਰਕਸ, ਏਂਗਲਜ, ਲੈਨਿਨ, ਸਤਾਲਿਨ ਦੀਆਂ ਤਸਵੀਰਾਂ ਸਨ। ਉਹ ਸਮਾਜਵਾਦ ਦੀ ਮੁੜਬਹਾਲੀ ਲਈ ਅਵਾਜ ਉਠਾ ਰਹੇ ਸਨ ਤੇ ਸਰਮਾਏਦਾਰਾਂ ਹਾਕਮਾਂ ਨੂੰ ਕੰਬਣੀ ਛੇੜ ਰਹੇ ਸਨ।

ਤੁਰਕੀ ਵਿੱਚ ਮਈ ਦਿਵਸ ‘ਤੇ ਮੁਜਾਹਰਿਆਂ ਨੂੰ ਰੋਕਣ ਲਈ ਸਰਕਾਰ ਨੇ ਅਨੇਕਾਂ ਸਖਤ ਪਾਬੰਦੀਆਂ ਲਗਾਈਆਂ ਸਨ। ਇੰਸਤਾਬੁਲ ਸ਼ਹਿਰ ਦੇ ਤਕਮਿਮ ਚੌਰਾਹੇ ‘ਤੇ ਲੋਕਾਂ ਦੇ ਇਕੱਠੇ ਹੋਣ ‘ਤੇ ਵੀ ਰੋਕ ਲਗਾ ਦਿੱਤੀ ਗਈ ਸੀ। ਤਕਮਿਮ ਚੌਰਾਹਾ ਸਿਆਸੀ ਰੋਸ ਮੁਜ਼ਾਹਰਿਆਂ-ਰੈਲੀਆਂ ਲਈ ਅਹਿਮ ਥਾਂ ਹੈ। ਮਈ ਦਿਵਸ ਨਾਲ਼ ਇਸਦਾ ਖਾਸ ਸਬੰਧ ਹੈ। ਪਹਿਲੀ ਮਈ 1977 ਦੇ ਮੁਜ਼ਾਹਰੇ ਦੌਰਾਨ ਇੱਥੇ ਸੱਜੇਪੱਖੀ ਬੰਦੂਕਧਾਰੀਆਂ ਨੇ 36 ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ। ਇਸ ਥਾਂ ਉੱਤੇ ਮਈ ਦਿਵਸ ਦੇ ਮੁਜ਼ਾਹਰੇ ਰੋਕਣ ਲਈ ਹਰ ਸਾਲ ਵਾਂਗ ਇਸ ਸਾਲ ਵੀ ਸਰਕਾਰ ਨੇ ਜ਼ੋਰਦਾਰ ਤਾਕਤ ਝੋਕੀ ਸੀ। ਅਮਰੀਕੀ ਸਾਮਰਾਜੀ ਹਾਕਮਾਂ ਨੇ ਖੁਫੀਆਂ ਏਜੰਸੀਆਂ ਤੇ ਹੋਰ ਢੰਗਾਂ ਨਾਲ਼ ਸਰਕਾਰ ਦੀ ਮਦਦ ਕੀਤੀ। ਇੰਸਤਾਬੁਲ ਸ਼ਹਿਰ ਵਿੱਚ ਲਗਭਗ ਪੱਚੀ ਹਜ਼ਾਰ ਪੁਲਸੀਏ ਤੈਨਾਤ ਕੀਤੇ ਗਏ ਸਨ। ਹੈਲੀਕਾਪਟਰ ਮੁਜ਼ਾਹਰਾਕਾਰੀਆਂ ਦੀ ਨਿਸ਼ਾਨਦੇਹੀ ਕਰਨ ਲਈ ਸ਼ਹਿਰ ਉੱਪਰ ਮੰਡਰਾ ਰਹੇ ਸਨ। ਜ਼ਿਆਦਾ ਤਾਕਤ ਤਕਸਿਮ ਚੌਂਕ ‘ਚ ਲਗਾਈ ਗਈ। ਤਕਮਿਮ ਚੌਂਕ ‘ਚ ਮਜ਼ਦੂਰਾਂ ਨੂੰ ਪਹੁੰਚਣ ਤੋਂ ਰੋਕਣ ਲਈ ਜ਼ਬਰ ਢਾਹਿਆ ਗਿਆ। ਪੁਲੀਸ ਦੇ ਟਰੱਕ ਨੇ ਇੱਕ ਬਜੁਰਗ ਮੁਜ਼ਾਹਰਾਕਾਰੀ ਨੂੰ ਪਹੀਆਂ ਥੱਲੇ ਕੁਚਲ ਦਿੱਤਾ। ਵੱਡੀ ਗਿਣਤੀ ਵਿੱਚ ਲੋਕ ਜਖਮੀ ਹੋਏ ਹਨ। ਦੋ ਸੌ ਤੋਂ ਵਧੇਰੇ ਗ੍ਰਿਫਤਾਰ ਕਰ ਲਏ ਗਏ ਹਨ।

ਅਮਰੀਕਾ ਵਿੱਚ ਵੀ ਮਜ਼ਦੂਰਾਂ ਨੇ ਅਨੇਕਾਂ ਥਾਂਵਾਂ ਉੱਤੇ ਵੱਡੇ ਮੁਜ਼ਾਹਰੇ ਕੀਤੇ। ਸੀਏਟਲ, ਵਾਸ਼ਿੰਗਟਨ (ਅਮਰੀਕਾ) ਵਿੱਚ ਕਈ ਹਜ਼ਾਰ ਮਜ਼ਦੂਰਾਂ ਨੇ ਇਕੱਠੇ ਹੋ ਕੇ ਮਜ਼ਦੂਰ ਹੱਕਾਂ ਲਈ ਅਵਾਜ਼ ਉਠਾਈ। ਉਹ ਪ੍ਰਵਾਸੀਆਂ ਦੇ ਹੱਕਾਂ ਲਈ ਜ਼ੋਰਦਾਰ ਅਵਾਜ਼ ਬੁਲੰਦ ਕਰ ਰਹੇ ਸਨ। ਮੁਜ਼ਾਹਰਾਕਾਰੀਆਂ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਰੰਪ ਵੱਲੋਂ ਪ੍ਰਵਾਸੀ ਮਜ਼ਦੂਰਾਂ ਖਿਲਾਫ਼ ਭੜਕਾਈ ਜਾ ਰਹੀ ਨਫ਼ਰਤ ਖਿਲਾਫ਼ ਅਥਾਹ ਗੁੱਸਾ ਸੀ। ਇੱਕ ਪ੍ਰਵਾਸੀ ਮਜ਼ਦੂਰ ਨੇ ਮੁਜ਼ਾਹਰੇ ਦੌਰਾਨ ਕਿਹਾ ਕਿ ”ਉਹ ਨਾ ਸਿਰਫ਼ ਮਜ਼ਦੂਰ ਹੱਕਾਂ ਲਈ ਲੜ ਰਹੇ ਹਨ ਸਗੋਂ ਉਹ ਆਪਣੀ ਸ਼ਾਨ ਅਤੇ ਸਵੈਮਾਣ ਲਈ ਵੀ ਲੜ ਰਹੇ ਹਨ”। ਉਹਨਾਂ ਚੋਂ ਇੱਕ ਨੇ ਕਿਹਾ ”ਅਸੀਂ ਬਲਾਤਕਾਰੀ ਨਹੀਂ ਹਾਂ, ਨਾ ਹੀ ਅਪਰਾਧੀ ਹਾਂ ਜਿਵੇਂ ਕਿ ਤੁਸੀਂ ਕਹਿ ਰਹੇ ਹੋ। ਅਸੀਂ ਵੀ ਇਸ ਦੇਸ਼ ਲਈ ਬਹੁਤ ਚੰਗੇ ਹਾਂ” ਮੁਜ਼ਾਹਰੇ ਨੂੰ ਰੋਕਣ ਲਈ ਪੁਲੀਸ ਨੇ ਲਾਠੀਚਾਰਜ ਕੀਤਾ, ਹੰਝੂ ਗੈਸ ਦੇ ਗੋਲ਼ੇ ਸੁੱਟੇ, ਗ੍ਰਿਫਤਾਰੀਆਂ ਕੀਤੀਆਂ। ਉੱਧਰ ਕਨੇਡਾ ਵਿੱਚ ਵੀ ਵੱਡੇ ਮੁਜ਼ਾਹਰੇ ਹੋਏ ਅਤੇ ਮਜ਼ਦੂਰਾਂ-ਨੌਜਵਾਨਾਂ ਨੂੰ ਜਬਰ ਝੱਲਣਾ ਪਿਆ।

ਸਾਰੇ ਬਰਤਾਨੀਆ ਵਿੱਚ ਮਈ ਦਿਨ ‘ਤੇ ਮੁਜ਼ਾਹਰੇ ਹੋਏ। ਇਸ ਦੌਰਾਨ ਹੋਰ ਮੁੱਦਿਆਂ ਦੇ ਨਾਲ਼-ਨਾਲ਼ ਯੂਰਪ ਵਿੱਚ ਫਾਸੀਵਾਦੀ ਤਾਕਤਾਂ ਦੇ ਉਭਾਰ ਖਿਲਾਫ ਅਵਾਜ਼ ਉਠਾਈ ਗਈ। ਤਾਈਵਾਨ ਵਿੱਚ ਹਜ਼ਾਰਾਂ ਮਜ਼ਦੂਰਾਂ ਨੇ ਕੰਮ ਦੇ ਘੰਟੇ ਘਟਾਉਣ ਅਤੇ ਤਨਖਾਹ ਵਾਧੇ ਲਈ ਮਜ਼ਾਹਰੇ ਕੀਤੇ। ਯੂਨਾਨ ਵਿੱਚ ਸਰਕਾਰ ਵੱਲੋਂ ਲੋਕਾਂ ਦੀਆਂ ਸਹੂਲਤਾਂ ਖੋਹੇ ਜਾਣ ਖਿਲਾਫ਼ ਮਜ਼ਦੂਰਾਂ ਨੇ ਜੋਰਦਾਰ ਅਵਾਜ਼ ਬੁਲੰਦ ਕੀਤੀ।

ਭਾਰਤ ਵਿੱਚ ਵੀ ਮਜ਼ਦੂਰ ਜਮਾਤ ਨੇ ਵੱਡੀ ਗਿਣਤੀ ਉੱਤੇ ਮਈ ਦਿਵਸ ਆਯੋਜਨਾਂ ਵਿੱਚ ਸ਼ਮੂਲੀਅਤ ਕੀਤੀ। ਮਜ਼ਦੂਰ ਸ਼ਹੀਦਾਂ ਨੂੰ ਤਹਿ ਦਿਲੋਂ ਯਾਦ ਕੀਤਾ ਗਿਆ, ਸਰਕਾਰਾਂ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖਿਲਾਫ਼ ਅਵਾਜ਼ ਉਠਾਈ ਗਈ, ਫਾਸੀਵਾਦੀ ਤਾਕਤਾਂ ਵੱਲੋਂ ਲੋਕਾਂ ਨੂੰ ਆਪਸ ਧਰਮ ਦੇ ਨਾਂ ‘ਤੇ ਵੰਡਣ ਅਤੇ ਜਮਹੂਰੀ ਹੱਕਾਂ ‘ਤੇ ਡਾਕੇ ਖਿਲਾਫ਼ ਅਵਾਜ਼ ਬੁਲੰਦ ਕੀਤੀ ਗਈ। ਸਾਡੇ ਦੇਸ਼ ਵਿੱਚ ਸਨਅਤੀ ਮਜ਼ਦੂਰ ਵੱਡੇ ਪੱਧਰ ਉੱਤੇ ਗੈਰ-ਜੱਥੇਬੰਦ ਹਨ। ਜਿਹੜੇ ਜੱਥੇਬੰਦ ਹਨ ਵੀ ਉਹਨਾਂ ‘ਚ ਵੀ ਜ਼ਿਆਦਾ ਪ੍ਰਭਾਵ ਨਕਲੀ ਲਾਲ ਝੰਡੇ ਵਾਲ਼ੀਆਂ ਪਾਰਟੀਆਂ ਤੇ ਹਾਕਮ ਜਮਾਤ ਪਾਰਟੀਆਂ ਨਾਲ਼ ਜੁੜੀਆਂ ਟ੍ਰੇਡ ਯੂਨੀਅਨਾਂ ਦਾ ਹੈ। ਜ਼ਿਆਦਾਤਰ ਇਨਕਲਾਬ-ਪੱਖੀ ਜੱਥੇਬੰਦੀਆਂ ਸੱਨਅਤੀ ਮਜ਼ਦੂਰਾਂ ਦੀ ਲਹਿਰ ਨੂੰ ਬਣਦੀ ਅਹਿਮੀਅਤ ਨਹੀਂ ਦਿੰਦੀਆਂ। ਕੁੱਝ ਇਨਕਲਾਬੀ ਗਰੁੱਪ ਗੰਭੀਰਤਾ ਨਾਲ਼ ਭਾਰਤ ਦੇ ਸੱਨਅਤੀ ਮਜ਼ਦੂਰਾਂ ਨੂੰ ਜੱਥੇਬੰਦ ਕਰਨ ਵਿੱਚ ਲੱਗੇ ਹੋਏ ਹਨ। ਇਹਨਾਂ ਜੱਥੇਬੰਦੀਆਂ ਵੱਲੋਂ ਜੋਸ਼-ਖਰੋਸ਼ ਨਾਲ਼ ਮਈ ਦਿਵਸ ਮਨਾਇਆ ਗਿਆ। ਕਈ ਥਾਵਾਂ ‘ਤੇ ਮਈ ਦਿਵਸ ਆਯੋਜਨਾਂ ਸਬੰਧੀ ਲੰਮੀਆਂ ਮੁਹਿੰਮਾਂ ਚਲਾਈਆਂ ਗਈਆਂ, ਵਿਆਪਕ ਮਜ਼ਦੂਰ ਅਬਾਦੀ ਨੂੰ ਮਈ ਦਿਵਸ ਦੇ ਮਹਾਨ ਵਿਰਸੇ ਨਾਲ਼ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਦੁਨੀਆਂ ਦੇ ਹੋਰ ਦੇਸ਼ਾਂ ਵਾਂਗ ਭਾਰਤ ਦੇ ਮਜ਼ਦੂਰਾਂ ਨੂੰ ਵੀ ਮਈ ਦਿਵਸ ਦੇ ਮਹਾਨ ਵਿਰਸੇ ਨਾਲ਼ ਜੋੜਨ ਲਈ ਬਹੁਤ ਕੁੱਝ ਕਰਨਾ ਲੋੜੀਂਦਾ ਹੈ। ਮਈ ਦਿਵਸ ਨੂੰ ਇਸ ਰਸਮ ਅਦਾਇਗੀ ਵਿੱਚ ਬਦਲ ਦੇਣ, ਆਰਥਿਕਤਾਵਾਦੀ ਮੰਗਾਂ ਮਸਲਿਆਂ ਨਾਲ਼ ਜੋੜ ਕੇ ਇਸ ਦਿਨ ਦੇ ਇਨਕਲਾਬੀ ਸਿਆਸੀ ਮਹੱਤਵ ਨੂੰ ਘਟਾਉਣ ਆਦਿ ਦੀਆਂ ਸਰਮਾਇਆ ਪੱਖੀ ਸਾਜਿਸ਼ਾਂ ਨਾਲ਼ ਨਜਿੱਠਣ ਲਈ ਇਨਕਲਾਬੀ ਕਮਿਊਨਿਸਟਾਂ ਨੂੰ ਜੋਰਦਾਰ ਢੰਗ ਨਾਲ਼ ਕੰਮ ਕਰਨਾ ਪਵੇਗਾ। ਹਰ ਸਾਲ ਮਈ ਦਿਨ ਉੱਤੇ ਸੰਸਾਰ ਮਜ਼ਦੂਰ ਜਮਾਤ ਦੇ ਇੱਕ ਅੱਛੇ-ਖਾਸੇ ਹਿੱਸੇ ਵੱਲੋਂ ਪ੍ਰਦਰਸ਼ਿਤ ਜੋਸ਼-ਖਰੋਸ਼ ਸਾਨੂੰ ਅਥਾਹ ਪ੍ਰੇਰਣਾ ਦਿੰਦਾ ਹੈ, ਊਰਜਾਵਾਨ ਕਰਦਾ ਹੈ, ਮਜ਼ਦੂਰ ਮਜਾਤ ਦੇ ਰੌਸ਼ਨ ਭਵਿੱਖ ਵਿੱਚ ਸਾਡਾ ਵਿਸ਼ਵਾਸ਼ ਪੱਕੇਰਾ ਕਰਦਾ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 54, 16 ਮਈ 2016 ਵਿੱਚ ਪਰ੍ਕਾਸ਼ਤ

Advertisements