ਕੌਮਾਂਤਰੀ ਮਜ਼ਦੂਰ ਦਿਵਸ ਲੁਧਿਆਣਾ ਵਿਖੇ ‘ਮੌਕੇ ਮਜ਼ਦੂਰ ਦਿਵਸ ਕਾਨਫਰੰਸ’ ਦਾ ਆਯੋਜਨ ਪਹਿਲੀ ਮਈ ਦੇ ਮਜ਼ਦੂਰ ਸ਼ਹੀਦਾਂ ਨੂੰ ਮਜ਼ਦੂਰਾਂ ਦੇ ਵੱਡੇ ਇਕੱਠ ਨੇ ਦਿੱਤੀ ਨਿੱਘੀ ਸ਼ਰਧਾਂਜਲੀ : ਸਰਮਾਏਦਾਰਾ ਲੁੱਟ ਖਿਲਾਫ਼ ਘੋਲ਼ ਜਾਰੀ ਰੱਖਣ ਦਾ ਸੰਕਲਪ ਲਿਆ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪਹਿਲੀ ਮਈ ਨੂੰ ਕੌਮਾਂਤਰੀ ਮਜ਼ਦੂਰ ਦਿਵਸ ਪੂਰੀ ਦੁਨੀਆਂ ਵਿੱਚ ਮਨਾਇਆ ਗਿਆ ਹੈ। ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਮਜਦੂਰ ਲਾਈਬ੍ਰੇਰੀ ‘ਤੇ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਅਤੇ ਕਾਰਖਾਨਾ ਮਜ਼ਦੂਰ ਯੂਨੀਅਨ ਨੇ ਸਾਂਝੇ ਰੂਪ ਵਿੱਚ ਮਜ਼ਦੂਰ ਦਿਵਸ ਕਾਨਫਰੰਸ ਦਾ ਆਯੋਜਨ ਕੀਤਾ। ਮਈ ਦਿਵਸ ਦੇ ਸ਼ਹੀਦਾਂ ਦੀ ਕੁਰਬਾਨੀ ਅਤੇ ਸੰਸਾਰ ਮਜ਼ਦੂਰ ਜਮਾਤ ਦੇ ਜੂਝਾਰੂ ਸੰਘਰਸ਼ ਦਾ ਪ੍ਰਤੀਕ ਲਾਲ ਝੰਡਾ ਲਹਿਰਾ ਕੇ, ‘ਮਈ ਦਿਵਸ ਦੇ ਸ਼ਹੀਦ ਅਮਰ ਰਹਿਣ’, ‘ਮਈ ਦਿਵਸ ਦੇ ਸ਼ਹੀਦਾਂ ਨੂੰ ਲਾਲ ਸਲਾਮ’, ‘ਦੁਨੀਆਂ ਭਰ ਦੇ ਮਜ਼ਦੂਰੋ ਇੱਕ ਹੋ ਜਾਓ’ ਆਦਿ ਇਨਕਲਾਬੀ ਅਸਮਾਨ ਗੂੰਜਵੇਂ ਨਾਅਰੇ ਬੁਲੰਦ ਕਰਦੇ ਹੋਏ ਪਹਿਲੀ ਮਈ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ ਅਤੇ ਮਜ਼ਦੂਰ ਮੁਕਤੀ ਦੇ ਘੋਲ਼ ਨੂੰ ਜੋਰਦਾਰ ਢੰਗ ਨਾਲ਼ ਅੱਗੇ ਵਧਾਉਣ ਦਾ ਸੰਕਲਪ ਲਿਆ ਗਿਆ। ਮਜ਼ਦੂਰ ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟਾਂ ਦਾ ਮੌਨ ਰੱਖਿਆ ਗਿਆ। ਇਨਕਲਾਬੀ ਸੱਭਿਆਚਾਰਕ ਮੰਚ ‘ਦਸਤਕ’ ਦੇ ਸਾਥੀਆਂ ਨੇ ਇਨਕਲਾਬੀ ਨਾਟਕਾਂ ਅਤੇ ਗੀਤਾਂ ਦਾ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ, ਬਿਗੁਲ ਮਜ਼ਦੂਰ ਦਸਤਾ ਦੇ ਸੁਖਵਿੰਦਰ, ਨੌਜਵਾਨ ਭਾਰਤ ਸਭਾ ਦੀ ਬਲਜੀਤ ਨੇ ਲੋਕਾਂ ਨੂੰ ਸੰਬੋਧਿਤ ਕੀਤਾ। ਰਾਜਵਿੰਦਰ ਨੇ ਮੰਚ ਦਾ ਸੰਚਾਲਨ ਬਾਖੂਬੀ ਕੀਤਾ। ਇਸ ਮੌਕੇ ਇਨਕਲਾਬੀ-ਅਗਾਂਹਵਧੂ ਸਾਹਿਤ ਦੀ ਪ੍ਰਦਰਸ਼ਨੀ ਲਗਾਈ ਗਈ। ਸਖਤ ਗਰਮੀ ਦੇ ਬਾਵਜੂਦ ਵੀ ਮਜ਼ਦੂਰ ਘੰਟਿਆਂ ਬੱਧੀ ਪ੍ਰੋਗਰਾਮ ‘ਚ ਬੈਠੇ ਰਹੇ। ਅੰਤ ਵਿੱਚ ਜੀ.ਟੀ. ਰੋਡ ਤੱਕ ਪੈਦਲ ਮਾਰਚ ਵੀ ਕੀਤਾ ਗਿਆ । ਸਾਰੇ ਪ੍ਰੋਗਰਾਮ ਦੌਰਾਨ ਮਜ਼ਦੂਰਾਂ ਦਾ ਅਨੁਸ਼ਾਸਨ ਵੇਖਣ ਲਾਇਕ ਸੀ। ਇਹ ਮਜ਼ਦੂਰਾਂ ਦੀ ਵਧਦੀ ਜਮਾਤੀ ਸੂਝ ਦਾ ਪ੍ਰਤੀਕ ਹੈ।

ਮਜ਼ਦੂਰ ਦਿਵਸ ਕਾਨਫਰੰਸ ਦੀ ਤਿਆਰੀ ਲਈ ਕਾਰਖਾਨਾ ਮਜ਼ਦੂਰ ਯੂਨੀਅਨ ਅਤੇ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਕਾਰਕੁੰਨਾਂ ਦੀਆਂ ਟੀਮਾਂ ਨੇ ਵੀਹ ਦਿਨ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿੱਚ ਪ੍ਰਚਾਰ-ਪ੍ਰਸਾਰ ਕੀਤਾ ਸੀ। ਹਜ਼ਾਰਾਂ ਪਰਚੇ ਵੰਡੇ ਗਏ ਅਤੇ ਕੰਧਾਂ ‘ਤੇ ਪੋਸਟਰ ਲਗਾਏ ਗਏ। ਥਾਂ-ਥਾਂ ਨੁੱਕੜ ਸਭਾਵਾਂ ਕੀਤੀਆਂ ਗਈਆਂ। ਕਾਰਖਾਨਾ ਗੇਟਾਂ ਉੱਤੇ, ਰਿਹਾਇਸ਼ੀ ਇਲਾਕਿਆਂ ਵਿੱਚ ਘਰ-ਘਰ ਜਾ ਕੇ, ਮਜ਼ਦੂਰਾਂ ਤੱਕ ਮਈ ਦਿਵਸ ਦੇ ਸ਼ਹੀਦਾਂ ਦਾ ਇਨਕਲਾਬੀ ਪੈਗਾਮ ਪਹੁੰਚਾਇਆ ਗਿਆ। ਕੁੱਝ ਥਾਂਵਾਂ ‘ਤੇ ਦਸਤਾਵੇਜੀ ਫਿਲਮ ‘ਮਈ ਦਿਵਸ ਕੀ ਅਮਰ ਕਹਾਨੀ’ ਦਾ ਪਰਦਾਪੇਸ਼ੀ ਵੀ ਕੀਤੀ ਗਈ।

ਬੁਲਾਰਿਆਂ ਨੇ ਕਿਹਾ ਕਿ ਕੌਮਾਂਤਰੀ ਮਜ਼ਦੂਰ ਦਿਵਸ ਦੁਨੀਆਂ ਦੇ ਮਜ਼ਦੂਰਾਂ ਨੂੰ ਲੁੱਟ, ਖੋਹ, ਅਨਿਆਂ ਖਿਲਾਫ਼ ਇੱਕਮੁੱਠ ਹੋ ਕੇ ਇਨਕਲਾਬੀ ਘੋਲ਼ ਲੜਨ ਦਾ ਸੱਦਾ ਦਿੰਦਾ ਹੈ। ਮਜ਼ਦੂਰ ਦਿਵਸ ਦਾ ਇਹ ਸਬਕ ਹੈ ਕਿ ਮਜ਼ਦੂਰ ਜਮਾਤ ਦੀ ਮੁਕਤੀ ਖੁਦ ਮਜ਼ਦੂਰ ਜਮਾਤ ਰਾਹੀਂ ਹੋਵੇਗੀ। ਸੰਸਾਰ ਵਿੱਚ ਕਿਤੇ ਵੀ ਮਜ਼ਦੂਰਾਂ ਦੇ ਕੰਮ ਦੇ ਘੰਟਿਆਂ ਸਬੰਧੀ ਜਦ ਕੋਈ ਕਨੂੰਨ ਨਹੀਂ ਸੀ ਉਸ ਸਮੇਂ ਅਮਰੀਕਾ ਦੇ ਮਜ਼ਦੂਰਾਂ ਨੇ ‘ਅੱਠ ਘੰਟੇ ਕੰਮ, ਅੱਠ ਘੰਟੇ ਅਰਾਮ, ਅੱਠ ਘੰਟੇ ਮਨੋਰੰਜਨ’ ਦੇ ਨਾਅਰੇ ਹੇਠ ਸੰਘਰਸ਼ ਲੜਿਆ ਸੀ। ਸੰਸਾਰ ਭਰ ਵਿੱਚ ਮਜ਼ਦੂਰ ਹੱਕਾਂ ਦੀ ਲੜਾਈ ਨੂੰ ਹਾਕਮਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਮਜ਼ਦੂਰਾਂ ਦੀ ਅਵਾਜ਼ ਦਬਾਈ ਨਹੀਂ ਜਾ ਸਕੀ। ਅਮਰੀਕਾ ਅਤੇ ਸੰਸਾਰ ਦੇ ਹੋਰ ਹਿੱਸਿਆ ਵਿੱਚ ਮਜ਼ਦੂਰਾਂ ਦੀ ਲਹਿਰ ਅੱਗੇ ਵਧਦੀ ਗਈ। ਅੱਠ ਘੰਟੇ ਕੰਮ ਦਿਹਾੜੀ ਲਈ ਮਜ਼ਦੂਰਾਂ ਦਾ ਸੰਘਰਸ਼ ਰੋਕਿਆ ਨਹੀਂ ਜਾ ਸਕਿਆ।

ਬੁਲਾਰਿਆਂ ਨੇ ਕਿਹਾ ਕਿ ਭਾਰਤ ਵਿੱਚ ਮਜ਼ਦੂਰਾਂ ਨੂੰ ਬਹੁਤ ਭੈੜੀਆਂ ਹਾਲਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰਾਂ ਦੀਆਂ ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਨੇ ਮਜ਼ਦੂਰਾਂ ਸਮੇਤ ਸਾਰੇ ਕਿਰਤੀ ਲੋਕਾਂ ਦੀ ਜ਼ਿੰਦਗੀ ਬਦਹਾਲ ਕਰ ਦਿੱਤੀ ਹੈ। ਕੇਂਦਰ ਦੀ ਮੋਦੀ ਸਰਕਾਰ ਕਾਂਗਰਸ ਸਰਕਾਰਾਂ ਤੋਂ ਵੀ ਵੱਧ ਤੇਜੀ ਅਤੇ ਸਖਤੀ ਨਾਲ਼ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ। ਕਿਰਤ ਕਨੂੰਨਾਂ ਵਿੱਚ ਵੱਡੀਆਂ ਮਜ਼ਦੂਰ ਵਿਰੋਧੀ ਸੋਧਾਂ ਕੀਤੀਆਂ ਜਾ ਰਹੀਆਂ ਹਨ। ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੀਆਂ ਕਾਲ਼ੀਆਂ ਨੀਤੀਆਂ ਦੀ ਗੱਡੀ ਤੇਜੀ ਨਾਲ਼ ਦੌੜਾਈ ਜਾ ਰਹੀ ਹੈ। ਆਰਥਿਕ ਮੰਦੀ ਲਗਾਤਾਰ ਵਧਦੀ ਜਾ ਰਹੀ ਹੈ ਜਿਸਦਾ ਬੋਝ ਮਜ਼ਦੂਰਾਂ ਉੱਤੇ ਹੀ ਸੁੱਟਿਆ ਜਾ ਰਿਹਾ ਹੈ। ਲੋਕਾਂ ਦਾ ਧਿਆਨ ਅਸਲ ਮੁੱਦੇ ਤੋਂ ਹਟਾਉਣ ਲਈ, ਲੋਕਾਂ ਦੀ ਏਕਤਾ ਤੋੜਨ ਲਈ ਜਾਤ-ਧਰਮ ਦੇ ਨਾਂ ਉੱਤੇ ਆਪਸ ‘ਚ ਲੜਾਇਆ ਜਾ ਰਿਹਾ ਹੈ। ਅਜਿਹੇ ਹਨੇਰੇ ਦੌਰ ਵਿੱਚ ਮਈ ਦਿਵਸ ਦਾ ਇਨਕਲਾਬੀ ਵਿਰਸਾ ਮਜ਼ਦੂਰਾਂ ਨੂੰ ਇੱਕਮੁੱਠ ਹੋ ਕੇ ਜੁਝਾਰੂ ਘੋਲ਼ ਲੜਨ ਲਈ ਪ੍ਰੇਰਿਤ ਕਰ ਰਿਹਾ ਹੈ ਅਤੇ ਰਸਤਾ ਦਿਖਾ ਰਿਹਾ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 54, 16 ਮਈ 2016 ਵਿੱਚ ਪਰ੍ਕਾਸ਼ਤ