ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਮਜ਼ਦੂਰ ਜਥੇਬੰਦੀਆਂ ਨੇ ਕੀਤਾ : ਮਜ਼ਦੂਰ ਦਿਵਸ ਕਾਨਫਰੰਸ ਦਾ ਆਯੋਜਨ ਮਜ਼ਦੂਰਾਂ ਨੇ ਲੁੱਟ-ਖਸੁੱਟ ਖਿਲਾਫ਼ ਇੱਕਮੁੱਠ ਘੋਲ ਅੱਗੇ ਵਧਾਉਣ ਦਾ ਅਹਿਦ ਕੀਤਾ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪਹਿਲੀ ਮਈ ਨੂੰ ਕੌਮਾਂਤਰੀ ਮਜ਼ਦਰੂ ਦਿਵਸ ਦੇ ਮਹਾਨ ਦਿਨ ‘ਤੇ ਈ.ਡਬਲਿਊ.ਐੱਸ. ਕਲੋਨੀ (ਤਾਜ਼ਪੁਰ ਰੋਡ), ਲੁਧਿਆਣਾ ਵਿਖੇ ਮਜ਼ਦੂਰ ਜਥੇਬੰਦੀਆਂ ਵੱਲੋਂ ਮਜ਼ਦੂਰ ਦਿਵਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਸੈਂਕੜੇ ਮਜ਼ਦੂਰਾਂ ਨੇ ਮਈ ਦਿਵਸ ਦੇ ਮਜ਼ਦੂਰ ਸ਼ਹੀਦਾਂ- ਅਰਬਰਟ ਪਾਰਸਨ, ਅਗਸਤ ਸਪਾਈਸ, ਐਡਾਲਫ਼ ਫਿਸ਼ਰ, ਜਾਰਜ ਏਂਜਿਲ ਅਤੇ ਲੁਈਸ ਲਿੰਗ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਹੱਕਾਂ ਲਈ ਘੋਲ਼ ਜਾਰੀ ਰੱਖਣ ਦਾ ਅਹਿਦ ਕੀਤਾ। ”ਮਈ ਦਿਵਸ ਦੇ ਸ਼ਹੀਦਾਂ ਨੂੰ ਲਾਲ ਸਲਾਮ”, ”ਮਜ਼ਦੂਰ ਦਿਵਸ ਦੇ ਸ਼ਹੀਦਾਂ ਦਾ ਪੈਗਾਮ, ਜਾਰੀ ਰੱਖਣਾ ਹੈ ਸੰਗਰਾਮ”, ”ਇਨਕਲਾਬ ਜਿੰਦਾਬਾਦ” ਆਦਿ ਅਸਮਾਨ ਗੂੰਜਵੇਂ ਨਾਅਰਿਆਂ ਨਾਲ਼ ਮਜ਼ਦੂਰ ਜਮਾਤ ਦਾ ਇਨਕਲਾਬੀ ਲਾਲ ਝੰਡਾ ਫਹਿਰਾਇਆ ਗਿਆ। ਇਸ ਤੋਂ ਬਾਅਦ ਮਈ ਦਿਵਸ ਦੇ ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਨਕਲਾਬੀ ਸੱਭਿਆਚਾਰਕ ਮੰਚ ‘ਦਸਤਕ’ ਵੱਲੋਂ ਬਿੰਨੀ, ਰਿਸ਼ੀ, ਪ੍ਰਦੀਪ ਆਦਿ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਸਰਮਾਏਦਾਰ ਜਮਾਤ ਵੱਲੋਂ ਸੱਨਅਤੀ ਮਜ਼ਦੂਰਾਂ ਦੀ ਲੁੱਟ ਬਾਰੇ ਨਾਟਕ ‘ਅਬ ਹਮ ਨਹੀਂ ਸਹੇਂਗੇ’ ਪੇਸ਼ ਕੀਤਾ ਗਿਆ। ਕਾਨਫਰੰਸ ਨੂੰ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ, ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਰਾਜਵਿੰਦਰ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਸੁਖਦੇਵ ਭੂੰਦੜੀ, ਇਸਤਰੀ ਮਜ਼ਦੂਰ ਸੰਗਠਨ ਦੀ ਕਲਪਨਾ ਤੇ ਨੌਜਵਾਨ ਭਾਰਤ ਸਭਾ (ਲੁਧਿਆਣਾ) ਦੀ ਕਨਵੀਨਰ ਰਵਿੰਦਰ ਨੇ ਸੰਬੋਧਿਤ ਕੀਤਾ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 7, 16 ਤੋਂ 31 ਮਈ, 2017 ਵਿੱਚ ਪ੍ਰਕਾਸ਼ਤ