ਕੌਮਾਂਤਰੀ ਔਰਤ ਦਿਵਸ ਮੌਕੇ ਮੇਨਕਾ ਗਾਂਧੀ ਵੱਲੋਂ ਨੌਜਵਾਨ ਕੁੜੀਆਂ ਨੂੰ “ਸ਼ਾਨਦਾਰ ਤੋਹਫਾ” •ਸ੍ਰਿਸ਼ਟੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪਿਛਲੇ ਦਿਨੀਂ ਕੌਮਾਂਤਰੀ ਔਰਤ ਦਿਵਸ ਮੌਕੇ ਐੱਨ.ਡੀ.ਟੀ.ਵੀ ਨਾਲ਼ ਗੱਲਬਾਤ ਦੌਰਾਨ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਕਿਹਾ, “ਕੁੜੀਆਂ ਦੀ ਸੁਰੱਖਿਆ ਲਈ ਉਨਾਂ ਦੇ ਹੋਸਟਲਾਂ ਅੱਗੇ ਜਲਦੀ ਹੀ ਕਰਫਿਊ ਲਗਾ ਦੇਣਾ ਚਾਹੀਦਾ ਹੈ।” ਜਦੋਂ ਮਨਿਸਟਰ ਸਾਹਿਬਾ ਤੋਂ ਅੱਗੇ ਇਸਦਾ ਕਾਰਨ ਪੁੱਛਿਆ ਗਿਆ ਤਾਂ ਉਸਨੇ ਸਹਿਜੇ ਹੀ ਬਕਵਾਸ ਕਰਦੇ ਕਿਹਾ : 

“16 ਜਾਂ 17 ਸਾਲ ਦੀ ਉਮਰ ਹਾਰਮੋਨ ਪੱਖੋਂ ਬਹੁਤ ਚੁਣੌਤੀਪੂਰਨ ਹੁੰਦੀ ਹੈ। ਇਸ ਲਈ ਖੁਦ ਨੂੰ ਹਾਰਮੋਨਾ ਦੇ ਵਿਸਫੋਟ ਤੋਂ ਬਚਾਉਣ ਲਈ ਇੱਕ ਲਕਸ਼ਮਣ ਰੇਖਾ ਖਿੱਚੀ ਗਈ ਹੈ। ਇਹ ਸੱਚਮੁੱਚ ਹੀ ਤੁਹਾਡੀ ਆਪਣੀ ਸੁਰੱਖਿਆ ਲਈ ਹੈ।” 

ਆਓ ਇਸ ਬਿਆਨ ‘ਚੋਂ ਝਲਕ ਰਹੀ ਬਿਮਾਰ ਮਾਨਸਿਕਤਾ ‘ਤੇ ਇੱਕ ਝਲਕ ਮਾਰੀਏ :

1. ਮਨਿਸਟਰ ਸਾਹਿਬਾ ਜਿਹੜੇ ‘ਹਾਰਮੋਨਾ ਦੇ ਵਿਸਫੋਟ’ ਦੀ ਗੱਲ ਕਰ ਰਹੀ ਹੈ, ਹੈਰਾਨੀ ਦੀ ਗੱਲ ਹੈ ਕਿ ਮੈਡੀਕਲ ਵਿਗਿਆਨ ਵਿੱਚ ਅਜਿਹਾ ਕੋਈ ਸ਼ਬਦ ਹੀ ਨਹੀਂ। ਮੈਡੀਕਲ ਵਿਗਿਆਨ ਅਨੁਸਾਰ 12-13 ਸਾਲ ਦੀ ਉਮਰ ਵਿੱਚ ਮੁੰਡੇ ਅਤੇ ਕੁੜੀਆਂ ਦੋਹਾਂ ਵਿੱਚ ਹੀ ਕੁੱਝ ਹਾਰਮੋਨਲ ਤਬਦੀਲੀਆਂ ਆਉਂਦੀਆਂ ਹਨ ਜੋ ਉਨਾਂ ਲਈ ਜ਼ਿੰਦਗੀ ਦੇ ਨਵੇਂ ਪੜਾਅ ‘ਤੇ ਜਾਣ ਦਾ ਸੰਕੇਤ ਹੁੰਦੀਆਂ ਹਨ ਨਾ ਕਿ ਕੋਈ ਖਤਰੇ ਦੀ ਘੰਟੀ। ਹਾਂ ਪਰ ਸ਼੍ਰੀ ਮਤੀ ਮੇਨਕਾ ਗਾਂਧੀ ਵਰਗੇ ਬੋਅ ਮਾਰਦੀ ਸੋਚ ਰੱਖਣ ਵਾਲ਼ੇ ਲੋਕਾਂ ਲਈ ਇਹ ਕੁਦਰਤੀ ਬਦਲਾਅ ਜਰੂਰ ਹੀ ਖਤਰੇ ਦੀ ਘੰਟੀ ਹੋਣਗੇ ਜਿਨਾਂ ਦੌਰਾਨ ਉਨਾਂ ਅਨੁਸਾਰ ਨੌਜਵਾਨਾਂ ਨੂੰ ਸੁਰੱਖਿਆ ਦੀ ਲੋੜ ਹੁੰਦੀ ਹੋਵੇਗੀ।

2. ਮੇਨਕਾ ਗਾਂਧੀ ਦੇ ਇਸ ਬਿਆਨ ‘ਚੋਂ ਉਸਦੇ ਜਗੀਰੂ ਚਰਿੱਤਰ ਦੀ ਵੀ ਝਲਕ ਮਿਲ਼ਦੀ ਹੈ। ਮੇਨਕਾ ਗਾਂਧੀ ਅਨੁਸਾਰ ਕੁੜੀਆਂ ਮੁੰਡਿਆਂ ਨੂੰ ਲਾਇਬ੍ਰੇਰੀ ਜਾਣ ਦੀ ਸੁਵਿਧਾ ਅਲੱਗ-ਅਲੱਗ ਦਿਨ ਮੁਹੱਈਆ ਕਰਵਾਉਣੀ ਚਾਹੀਦੀ ਹੈ, ਕਹਿਣ ਦਾ ਭਾਵ ਜਿੰਨਾ ਸੰਭਵ ਹੋ ਸਕੇ ਇੱਕ ਦੂਜੇ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ ਅਤੇ ਸ਼੍ਰੀਮਤੀ ਅਨੁਸਾਰ ਸ਼ਾਇਦ ਇਸੇ ਤਰਾਂ ਔਰਤਾਂ ਵਿਰੁੱਧ ਵਧ ਰਹੇ ਜ਼ੁਲਮ ਨੂੰ ਠੱਲ ਪਾਈ ਜਾ ਸਕਦੀ ਹੈ। ਪਰ ਗੱਲ ਇਸ ਤੋਂ ਬਿਲਕੁਲ ਉਲਟ ਹੈ। ਜਿਹੜੇ ਸਮਾਜਾਂ ਵਿੱਚ ਅਜਿਹੀਆਂ ਰੋਕਾਂ ਲਗਾਈਆਂ ਗਈਆਂ ਹਨ, ਉੱਥੇ ਮੁੰਡੇ ਅਤੇ ਕੁੜੀਆਂ ਦੇ ਦਿਮਾਗਾਂ ਵਿੱਚ ਇੱਕ ਦੂਜੇ ਪ੍ਰਤੀ ਤੁਅੱਸਬ ਪੈਦਾ ਹੋ ਜਾਂਦੇ ਹਨ ਅਤੇ ਸਮਾਜ ਨੂੰ ਪਿੱਛੇ ਖਿੱਚਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

3. ਵੈਸੇ ਤਾਂ ਸਮੇਂ-ਸਮੇਂ ‘ਤੇ ਸਿਆਸੀ ਲੀਡਰਾਂ ਵੱਲੋਂ ਅਜਿਹੇ ਬਿਆਨ ਆਉਂਦੇ ਹੀ ਰਹਿੰਦੇ ਹਨ ਕਿ ਔਰਤਾਂ ਖੁਦ ਹੀ ਆਪਣੇ ਖਿਲਾਫ ਵਧ ਰਹੀਆਂ ਵਹਿਸ਼ੀ ਘਟਨਾਵਾਂ ਲਈ ਜ਼ਿੰਮੇਵਾਰ ਹੁੰਦੀਆਂ ਹਨ ਅਤੇ ਸ਼੍ਰੀਮਤੀ ਮੇਨਕਾ ਗਾਂਧੀ ਅਨੁਸਾਰ ਕੁੜੀਆਂ ਨੂੰ ਖੁਦ ਤੋਂ ਹੀ ਬਚਾਉਣ ਲਈ ਉਨਾਂ ਨੂੰ ਹੋਸਟਲਾਂ ‘ਚ ਬੰਦ ਕਰ ਦੇਣਾ ਚਾਹੀਦਾ ਹੈ। ਇਹ ਗੱਲ ਕਰਕੇ ਮੇਨਕਾ ਗਾਂਧੀ ਨੇ ਔਰਤਾਂ ਨੂੰ ਹੀ ਜ਼ਿੰਮੇਵਾਰ ਠਹਿਰਾਉਣ ਵਾਲ਼ੇ ਆਪਣੇ ਸਾਥੀਆਂ ਨਾਲ਼ ਆਪਣੀ ਸਾਂਝ ‘ਤੇ ਆਂਚ ਤੱਕ ਨਾ ਆਉਣ ਦਿੱਤੀ।

4. ਜਦੋਂ ਮੇਨਕਾ ਗਾਂਧੀ ਤੋਂ ਪੁੱਛਿਆ ਗਿਆ ਕਿ ਸੁਰੱਖਿਆ ਵਧਾ ਕੇ ਕੁੜੀਆਂ ਨੂੰ ਅਜ਼ਾਦੀ ਨਹੀਂ ਦਿੱਤੀ ਜਾ ਸਕਦੀ ਤਾਂ ਉਸਦਾ ਇਹ ਕਹਿਣਾ ਸੀ ਕਿ “ਨਹੀਂ ਕੁੜੀਆਂ ਦੀ ਰੱਖਿਆ ਇਸ ਤਰੀਕੇ ਨਹੀਂ ਹੋ ਸਕਦੀ। ਉਨਾਂ ਦੀ ਰੱਖਿਆ ਲਈ ਲਕਸ਼ਮਣ ਰੇਖਾ ਦੀ ਲੋੜ ਹੈ। ਉਹਨਾਂ ‘ਤੇ ਰੋਕਾਂ ਲਗਾ ਕੇ ਹੀ ਉਹਨਾਂ ਦੀ ਰੱਖਿਆ ਕੀਤੀ ਜਾ ਸਕਦੀ।” ਇਹ ਗੱਲ ਨਾ ਸਿਰਫ ਮੌਜੂਦਾ ਢਾਚੇ ਦਾ ਹੀ ਪੱਖ ਪੂਰਦੀ ਹੈ ਜਿਸ ਅਨੁਸਾਰ ਕੁੜੀਆਂ ਪੜ ਲਿਖ ਤਾਂ ਜਾਣ ਜੋ ਕਿ ਅੱਜ ਦੇ ਸਮਾਜਿਕ ਪ੍ਰਬੰਧ ਦੀ ਲੋੜ ਹੈ ਪਰ ਆਪਣੀ ਜ਼ਿੰਦਗੀ ਦੇ ਫੈਸਲੇ ਲੈਣ ਲਈ ਅਜ਼ਾਦ ਨਾ ਹੋਣ ਸਗੋਂ ਇਹ ਬਿਆਨ ਔਰਤਾਂ ਦੀ ਸੁਰੱਖਿਆ ਲਈ ਹਿੰਦੂ ਸੱਭਿਆਚਾਰ ਨੂੰ ਵੀ ਔਰਤਾਂ ਦੇ ਮਸੀਹੇ ਦੀ ਤਰਾਂ ਥੋਪਦਾ ਹੈ। ਸ਼੍ਰੀਮਤੀ ਮੇਨਕਾ ਗਾਂਧੀ ਅਨੁਸਾਰ ਅੱਜ 21ਵੀਂ ਸਦੀ ਵਿੱਚ ਵੀ ਔਰਤਾਂ ਲਈ ਲਕਸ਼ਮਣ ਰੇਖਾ ਦੀ ਲੋੜ ਮੁੜ ਉਜਾਗਰ ਹੁੰਦੀ ਨਜ਼ਰ ਆ ਰਹੀ ਹੈ। ਖੈਰ, ਇਹਨਾਂ ਸਭ ਗੱਲਾਂ ਤੋਂ ਇਹ ਤਾਂ ਸਿੱਧ ਹੁੰਦਾ ਹੈ ਕਿ ਸਾਡੇ ਦੇਸ਼ ਵਿੱਚ ਔਰਤਾਂ ਲਈ ਬਰਾਬਰੀ ਦੇ ਹੱਕਾਂ ਦੀ ਨੁਮਾਇੰਦਗੀ ਕਰਨ ਵਾਲ਼ੀ ਬੀਮਾਰ ਮਾਨਸਿਕਤਾ ਵਾਲ਼ੀ ਮਹਿਲਾ ਦਾ ਇਹ ਬਿਆਨ ਮਹਿਜ ਇੱਕ ਬਕਵਾਸ ਹੈ ਤੇ ਇਸ ਤੋਂ ਵੱਧ ਕੁਝ ਵੀ ਨਹੀਂ। ਦੂਜੇ ਪਾਸੇ ਇਹ ਬਿਆਨ ਇਸ ਗੱਲ ਦੀ ਲੋੜ ਨੂੰ ਹੋਰ ਪ੍ਰਬਲ ਕਰਦਾ ਹੈ ਕਿ ਅੱਜ ਔਰਤ ਮੁਕਤੀ ਲਈ ਅਗਾਂਹਵਧੁ ਲੋਕ ਲਹਿਰ ਦੀ ਲੋੜ ਹੈ ਨਾਂ ਕਿ ਅਜਿਹੇ ਲੀਡਰਾਂ ਦੀ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 3, 16 ਤੋਂ 31 ਮਾਰਚ, 2017 ਵਿੱਚ ਪ੍ਰਕਾਸ਼ਤ

 

Advertisements