ਕਿਤਾਬਾਂ ਬਾਰੇ •ਮੈਕਸਿਮ ਗੋਰਕੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ) 

(28 ਮਾਰਚ ਨੂੰ ਮਜ਼ਦੂਰ ਜਮਾਤ ਦੇ ਸੰਸਾਰ ਪ੍ਰਸਿੱਧ ਰੂਸੀ ਲੇਖਕ ਮੈਕਸਿਮ ਗੋਰਕੀ ਦਾ ਜਨਮਦਿਨ ਹੈ। ਉਹਨਾਂ ਦਾ ਪ੍ਰਸਿੱਧ ਨਾਵਲ ‘ਮਾਂ’ ਸੰਸਾਰ ਦੀਆਂ ਸੈਂਕੜੇ ਭਾਸ਼ਾਵਾਂ ਵਿੱਚ ਛਪਿਆ ਤੇ ਹੁਣ ਤੱਕ ਪੜਿਆ ਜਾਂਦਾ ਹੈ। ਮਾਂ ਤੋਂ ਬਿਨਾਂ ਉਹਨਾਂ ਦੇ ਹੋਰ ਵੀ ਕਈ ਨਾਵਲ, ਕਹਾਣੀਆਂ ਤੇ ਪੁਸਤਕਾਂ ਪ੍ਰਸਿੱਧ ਹਨ। ਉਹਨਾਂ ਦੇ ਜਨਮ ਦਿਨ ਮੌਕੇ ਅਸੀਂ ਲਲਕਾਰ ਦੇ ਪਾਠਕਾਂ ਲਈ ਉਹਨਾਂ ਦਾ ਇੱਕ ਲੇਖ ਛਾਪ ਰਹੇ ਹਾਂ। ਇਹ ਲੇਖ ਉਹਨਾਂ ਦੀ ਪੁਸਤਕ ‘ਸਾਹਿਤ ਬਾਰੇ’ ਵਿੱਚੋਂ ਲਿਆ ਗਿਆ ਹੈ ਜੋ ਦਸਤਕ ਪ੍ਰਕਾਸ਼ਨ ਵੱਲੋਂ ਛਾਪੀ ਗਈ ਹੈ। – ਸੰਪਾ:)

ਤੁਸੀਂ ਮੈਨੂੰ ਇਸ ਕਿਤਾਬ ਦੀ ਭੂਮਿਕਾ ਲਿਖਣ ਲਈ ਕਿਹਾ ਹੈ। ਮੈਂ ਕੋਈ ਬਹੁਤਾ ਵਧੀਆ ਭੂਮਿਕਾ-ਲੇਖਕ ਤਾਂ ਨਹੀਂ ਹਾਂ, ਪਰ ਮੇਰਾ ਐਨੇ ਵੱਡੇ ਮਾਣ ਨੂੰ ਨਾ-ਮਨਜ਼ੂਰ ਕਰਨ ਦਾ ਵੀ ਦਿਲ ਨਹੀਂ ਕਰ ਰਿਹਾ। ਇਸ ਲਈ ਮੈਂ ਇਸ ਮੌਕੇ ਨੂੰ ਕਿਤਾਬਾਂ ਬਾਰੇ ਆਪਣੇ ਕੁਝ ਵਿਚਾਰ ਪੇਸ਼ ਕਰਨ ਲਈ ਵਰਤਾਂਗਾ।

ਇਹ ਕਿਤਾਬਾਂ ਹੀ ਹਨ ਜਿਹਨਾਂ ਨੂੰ ਮੈਂ ਆਪਣੇ ਅੰਦਰਲੀ ਹਰ ਚੰਗਿਆਈ ਦਾ ਸਿਹਰਾ ਦਿੰਦਾ ਹਾਂ। ਮੈਂ ਆਪਣੀ ਜਵਾਨੀ ਦੇ ਦਿਨਾਂ ਵਿੱਚ ਹੀ ਇਹ ਮਹਿਸੂਸ ਕਰ ਲਿਆ ਸੀ ਕਿ ਕਲਾ ਲੋਕਾਂ ਨਾਲੋਂ ਜ਼ਿਆਦਾ ਖੁੱਲਦਿਲੀ ਹੁੰਦੀ ਹੈ। ਮੈਂ ਪੁਸਤਕ-ਪ੍ਰੇਮੀ ਹਾਂ; ਹਰ ਕਿਤਾਬ ਮੈਨੂੰ ਇੱਕ ਚਮਤਕਾਰ ਜਾਪਦੀ ਹੈ, ਅਤੇ ਲੇਖਕ ਇੱਕ ਜਾਦੂਗਰ। ਕਿਤਾਬਾਂ ਬਾਰੇ ਮੈਂ ਡੂੰਘੀਆਂ ਭਾਵਨਾਵਾਂ ਅਤੇ ਹੁਲਾਸ-ਪੂਰਨ ਉਤਸ਼ਾਹ ਤੋਂ ਬਿਨਾਂ ਹੋਰ ਕਿਸੇ ਢੰਗ ਨਾਲ਼ ਗੱਲ ਹੀ ਨਹੀਂ ਕਰ ਸਕਦਾ। ਇਹ ਹਾਸੋਹੀਣਾ ਜਾਪ ਸਕਦਾ ਹੈ ਪਰ ਇਹੀ ਸੱਚਾਈ ਹੈ। ਇਸਨੂੰ ਵਹਿਸ਼ੀਪੁਣਾ ਵੀ ਕਿਹਾ ਜਾ ਸਕਦਾ ਹੈ; ਪਰ ਲੋਕਾਂ ਨੇ ਜੋ ਕਹਿਣਾ ਹੈ ਉਹਨਾਂ ਨੂੰ ਕਹਿਣ ਦਿਓ—ਮੇਰਾ ਕੋਈ ਇਲਾਜ ਨਹੀਂ ਹੈ।

ਜਦੋਂ ਵੀ ਮੈਂ ਆਪਣੇ ਹੱਥ ਵਿੱਚ ਕੋਈ ਨਵੀਂ ਕਿਤਾਬ ਫੜਦਾ ਹਾਂ, ਛਾਪੇਖਾਨੇ ਵਿੱਚ ਤਿਆਰ ਕੀਤੀ ਟਾਈਪ-ਸੈੱਟਰ ਦੀ ਕੋਈ ਚੀਜ਼, ਜਿਹੜਾ ਇੱਕ ਪ੍ਰਕਾਰ ਦਾ ਨਾਇਕ ਹੁੰਦਾ ਹੈ ਅਤੇ ਆਪਣੇ ਵਰਗੇ ਹੀ ਕਿਸੇ ਹੋਰ ਨਾਇਕ ਦੀ ਬਣਾਈ ਹੋਈ ਮਸ਼ੀਨ ਦੀ ਸਹਾਇਤਾ ਨਾਲ਼ ਆਪਣਾ ਕੰਮ ਕਰਦਾ ਹੈ, ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਜਿਉਂਦੀ-ਜਾਗਦੀ, ਅਦਭੁੱਤ ਅਤੇ ਮੇਰੇ ਨਾਲ਼ ਗੱਲਾਂ ਕਰ ਸਕਣ ਵਾਲ਼ੀ ਕੋਈ ਚੀਜ਼ ਮੇਰੀ ਜ਼ਿੰਦਗੀ ਵਿੱਚ ਦਾਖਲ ਹੋ ਗਈ ਹੈ—ਮਨੁੱਖ ਦੁਆਰਾ ਖੁਦ ਆਪਣੇ ਲਈ ਲਿਖੀ ਵਸੀਅਤ, ਉਸ ਮਨੁੱਖ ਲਈ ਜੋ ਇਸ ਲਈ ਦੁਨੀਆਂ ਦੀ ਹਰ ਚੀਜ਼ ਨਾਲ਼ੋਂ ਜ਼ਿਆਦਾ ਗੁੰਝਲਦਾਰ ਹੈ, ਸਭ ਤੋਂ ਵੱਧ ਰਹੱਸਮਈ ਅਤੇ ਸਭ ਤੋਂ ਜ਼ਿਆਦਾ ਪਿਆਰ ਦੇ ਲਾਇਕ ਹੈ — ਮਨੁੱਖ — ਜਿਸਦੀ ਕਿਰਤ ਅਤੇ ਕਲਪਨਾ ਨੇ ਦੁਨੀਆ ਦੀ ਹਰ ਉਸ ਚੀਜ਼ ਦੀ ਸਿਰਜਣਾ ਕੀਤੀ ਹੈ ਜੋ ਜਾਹੋ-ਜਲਾਲ ਅਤੇ ਖੂਬਸੂਰਤੀ ਨਾਲ਼ ਭਰਪੂਰ ਹੈ।

ਕਿਤਾਬਾਂ ਜ਼ਿੰਦਗੀ ਵਿੱਚ ਮੇਰੀ ਰਹਿਨੁਮਾਈ ਕਰਦੀਆਂ ਹਨ ਅਤੇ ਇਹ ਗੱਲ ਮੈਂ ਚੰਗੀ ਤਰਾਂ ਜਾਣਦਾ ਹਾਂ। ਪਰ ਮੈਨੂੰ ਕੋਈ ਨਵੀਂ ਗੱਲ ਦੱਸਣ ਦਾ ਇਨਾਂ ਦਾ ਹਮੇਸ਼ਾ ਹੀ ਆਪਣਾ ਇੱਕ ਖਾਸ ਢੰਗ ਰਿਹਾ ਹੈ, ਜਿਹੜਾ ਮੈਂ ਪਹਿਲਾਂ ਨਹੀਂ ਜਾਣਦਾ ਸਾਂ ਅਤੇ ਨਾ ਹੀ ਮੈਂ ਇਹ ਮਨੁੱਖਾਂ ਵਿੱਚ ਕਦੇ ਵੇਖਿਆ ਸੀ। ਇੱਕ ਪੂਰੀ ਕਿਤਾਬ ਵਿੱਚੋਂ ਹੋ ਸਕਦਾ ਹੈ ਕਿ ਤੁਹਾਨੂੰ ਇੱਕ ਦਿਲ ਟੁੰਬਵੇਂ ਫ਼ਿਕਰੇ ਤੋਂ ਬਿਨਾਂ ਹੋਰ ਕੁਝ ਵੀ ਨਾ ਮਿਲੇ, ਪਰ ਇਹੀ ਉਹ ਫ਼ਿਕਰਾ ਹੁੰਦਾ ਹੈ ਜੋ ਤੁਹਾਨੂੰ ਮਨੁੱਖ ਦੇ ਹੋਰ ਨਜ਼ਦੀਕ ਲੈ ਜਾਂਦਾ ਹੈ ਅਤੇ ਇੱਕ ਨਵੀਂ ਮੁਸਕਾਨ ਜਾਂ ਦਰਦ ਦਾ ਭੇਦ ਖੋਲ ਦਿੰਦਾ ਹੈ।

ਤਾਰਾ-ਜਗਤ ਦਾ ਪ੍ਰਤਾਪ, ਬ੍ਰਹਿਮੰਡ ਦੀ ਇੱਕਸੁਰ ਬਣਤਰ ਅਤੇ ਉਹ ਸਭ ਕੁਝ ਜੋ ਤਾਰਾ ਵਿਗਿਆਨ ਅਤੇ ਬ੍ਰਹਿਮੰਡ ਵਿਗਿਆਨ ਆਪਣੇ ਖੂਬਸੂਰਤ ਲਫ਼ਜ਼ਾਂ ਵਿੱਚ ਬਿਆਨ ਕਰਦਾ ਹੈ ਮੇਰੇ ਅੰਦਰ ਕੋਈ ਉਤਸ਼ਾਹ ਨਹੀਂ ਜਗਾਉਂਦਾ ਅਤੇ ਨਾ ਹੀ ਮੈਨੂੰ ਪ੍ਰਭਾਵਿਤ ਕਰਦਾ ਹੈ। ਮੇਰਾ ਖਿਆਲ ਇਹ ਹੈ ਕਿ ਬ੍ਰਹਿਮੰਡ ਏਨਾ ਵੀ ਹੈਰਾਨੀਜਨਕ ਨਹੀਂ ਹੈ ਜਿੰਨਾ ਤਾਰਾ ਵਿਗਿਆਨੀ ਚਾਹੁੰਦੇ ਹਨ ਕਿ ਅਸੀਂ ਸਮਝੀਏ ਅਤੇ ਇਹ ਵੀ ਕਿ ਨਵੇਂ-ਨਵੇਂ ਸੰਸਾਰਾਂ ਦੇ ਜਨਮ ਅਤੇ ਮਰਨ ਵਿੱਚ ਰੂਹਾਨੀ ਇਕਸੁਰਤਾ ਦੀ ਬਜਾਏ ਵਧੇਰੇ ਬੇਅੰਤ ਅਤੇ ਬੇਅਰਥ ਘੜਮੱਸ/ਧੁੰਦੂਕਾਰਾ ਹੁੰਦਾ ਹੈ।

ਅਕਾਸ਼-ਗੰਗਾ ਦੀ ਅਨੰਤਤਾ ਵਿੱਚ ਕਿਧਰੇ ਜੇ ਕੋਈ ਸੂਰਜ ਖ਼ਤਮ ਹੋ ਗਿਆ ਹੈ ਅਤੇ ਉਸ ਦੇ ਸਾਰੇ ਗ੍ਰਹਿ ਇੱਕ ਸਦੀਵੀ ਰਾਤ ਵਿੱਚ ਡੁੱਬ ਗਏ ਹਨ, ਤਾਂ ਇਹ ਕੁਝ ਇਹੋ ਜਿਹੀ ਗੱਲ ਹੈ ਜਿਸ ਦਾ ਮੇਰੇ ‘ਤੇ ਕੋਈ ਅਸਰ ਨਹੀਂ ਪੈਂਦਾ, ਪਰ ਕੈਮੀਲੇ ਫਲੈਮੇਰੀਆਂ, ਮਹਾਨ ਕਲਪਨਾ ਦੇ ਮਾਲਿਕ ਦੀ ਮੌਤ ਨੇ ਮੈਨੂੰ ਡੂੰਘਾ ਸਦਮਾ ਦਿੱਤਾ ਸੀ।

ਹਰ ਉਹ ਚੀਜ਼ ਜੋ ਸਾਨੂੰ ਚੰਗੀ ਅਤੇ ਸੋਹਣੀ ਲਗਦੀ ਹੈ ਇਨਸਾਨ ਦੀ ਹੀ ਕਾਢ ਜਾਂ ਰਚਨਾ ਹੈ। ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਅਕਸਰ ਉਸ ਨੂੰ ਦੁੱਖਾਂ-ਦਰਦਾਂ ਦੀ ਵੀ ਰਚਨਾ ਕਰਨੀ ਪਈ ਹੈ, ਇਨਾਂ ਨੂੰ ਉਚਿਆਉਣਾ ਵੀ ਪਿਆ ਹੈ ਜਿਵੇਂ ਕਿ ਦੋਸਤੋਯੇਵਸਕੀ, ਬੋਦੀਲੇਅਰ ਜਾਂ ਅਜਿਹੇ ਹੀ ਹੋਰ ਵਿਅਕਤੀਆਂ ਨੇ ਕੀਤਾ। ਪਰ ਇਸ ਵਿੱਚ ਵੀ ਮੈਂ ਜ਼ਿੰਦਗੀ ਦੇ ਘਿਣਾਉਣੇਪਣ ਅਤੇ ਨੀਰਸਤਾ ਨੂੰ ਘੱਟ ਕਰਨ ਅਤੇ ਜ਼ਿੰਦਗੀ ਨੂੰ ਸ਼ਿੰਗਾਰਨ ਦੀ ਇੱਕ ਇੱਛਾ ਵੇਖਦਾ ਹਾਂ।

ਸਾਡੇ ਆਲ਼ੇ-ਦੁਆਲ਼ੇ ਪਸਰੀ ਕੁਦਰਤ ਵਿੱਚ ਕੋਈ ਖੂਬਸੂਰਤੀ ਨਹੀਂ ਹੈ ਅਤੇ ਇਹ ਸਾਡੀ ਵਿਰੋਧੀ ਹੈ: ਖੂਬਸੂਰਤੀ ਉਹ ਹੁੰਦੀ ਹੈ ਜੋ ਮਨੁੱਖ ਆਪਣੀ ਆਤਮਾ ਦੀ ਡੂੰਘਾਈ ਵਿੱਚੋਂ ਉਤਪੰਨ ਕਰਦਾ ਹੈ। ਜਿਸ ਤਰਾਂ ਫਿਨਲੈਂਡ ਦਾ ਨਿਵਾਸੀ ਛਿਦਰੀ ਅਤੇ ਮੱਧਰੀ ਜਿਹੀ ਬਨਸਪਤੀ ਨਾਲ਼ ਆਪਣੇ ਜੰਗਲ਼ਾਂ, ਦਲਦਲਾਂ ਅਤੇ ਮਟਮੈਲੀਆਂ ਚੱਟਾਨਾਂ ਦੀ ਕਾਇਆਪਲਟ ਕਰਕੇ ਖੂਬਸੂਰਤੀ ਦੇ ਦ੍ਰਿਸ਼ ਸਿਰਜ ਲੈਂਦਾ ਹੈ ਅਤੇ ਅਰਬ ਵਸਨੀਕ ਖੁਦ ਨੂੰ ਸਮਝਾ ਲੈਂਦਾ ਹੈ ਕਿ ਮਾਰੂਥਲ ਸੋਹਣਾ ਹੁੰਦਾ ਹੈ; ਖੂਬਸੂਰਤੀ ਇਸ ਬਾਰੇ ਚਿੰਤਨ ਕਰਨ ਦੀ ਮਨੁੱਖ ਦੀ ਘਾਲਣਾ ਵਿੱਚੋਂ ਪੈਦਾ ਹੁੰਦੀ ਹੈ। ਉੱਘੜ-ਦੁੱਗੜ ਦੰਦੇਦਾਰ ਪਹਾੜਾਂ ਤੋਂ ਮੈਨੂੰ ਕੋਈ ਖੁਸ਼ੀ ਨਹੀਂ ਮਿਲਦੀ, ਸਗੋਂ ਉਸ ਸ਼ਾਨੋ-ਸ਼ੌਕਤ ਅਤੇ ਠਾਠ-ਬਾਠ ਵਿੱਚੋਂ ਮਿਲਦੀ ਹੈ ਜੋ ਮਨੁੱਖ ਨੇ ਇਸ ਨੂੰ ਬਖ਼ਸ਼ੀ ਹੈ। ਮੈਂ ਮਨੁੱਖ ਦੀ ਉਸ ਸਹਿਜਤਾ ਅਤੇ ਉਦਾਰਤਾ ਦਾ ਪ੍ਰਸੰਸਕ ਹਾਂ ਜਿਸ ਨਾਲ਼ ਉਹ ਕੁਦਰਤ ਦਾ ਰੂਪ ਬਦਲ ਰਿਹਾ ਹੈ, ਉਹ ਉਦਾਰਤਾ ਜਿਹੜੀ ਪ੍ਰਿਥਵੀ ਦੀ ਹੋਂਦ ਲਈ ਹੋਰ ਵੀ ਹੈਰਾਨੀਜਨਕ ਹੈ, ਤੇ ਜੇ ਕੋਈ ਜ਼ਰਾ ਧਿਆਨ ਨਾਲ਼ ਸੋਚੇ, ਪ੍ਰਿਥਵੀ ਰਹਿਣ ਲਾਇਕ ਸੁਖਾਵੀਂ ਤੇ ਅਰਾਮਦਾਇਕ ਥਾਂ ਤੋਂ ਕਿੰਨੀ ਭਿੰਨ ਹੈ। ਭੂਚਾਲ਼ਾਂ ਬਾਰੇ ਸੋਚੋ, ਹਨੇਰੀਆਂ, ਬਰਫ਼ਾਨੀ ਝੱਖੜ, ਹੜ, ਠੰਢੇ ਯਖ਼ ਸਿਆਲ ਅਤੇ ਤਪਦੀਆਂ-ਭੁੱਜਦੀਆਂ ਗਰਮੀਆਂ, ਹਾਨੀਕਾਰਕ ਕੀੜੇ ਤੇ ਕੀਟਾਣੂ ਅਤੇ ਹਜ਼ਾਰਾਂ ਹੋਰ ਚੀਜ਼ਾਂ ਬਾਰੇ ਸੋਚੋ ਜੋ ਸਾਡੀ ਜ਼ਿੰਦਗੀ ਨੂੰ ਭਿਆਨਕ ਹੱਦ ਤੱਕ ਅਸਿਹਣਸ਼ੀਲ ਬਣਾ ਦਿੰਦੀਆਂ ਜੇ ਕਿਤੇ ਮਨੁੱਖ ਉਹ ਨਾਇਕ ਨਾ ਹੁੰਦਾ ਜੋ ਉਹ ਅੱਜ ਹੈ।

ਸਾਡੀ ਹੋਂਦ ਹਮੇਸ਼ਾ ਅਤੇ ਹਰ ਜਗਾ ਹੀ ਦੁਖਾਂਤਕ ਰਹੀ ਹੈ, ਪਰ ਮਨੁੱਖ ਨੇ ਇਨਾਂ ਅਣਗਿਣਤ ਦੁਖਾਂਤਾਂ ਨੂੰ ਕਲਾ-ਕਿਰਤਾਂ ਵਿੱਚ ਬਦਲ ਦਿੱਤਾ ਹੈ। ਮੈਂ ਇਸ ਬਦਲਾਅ ਤੋਂ ਜ਼ਿਆਦਾ ਅਦਭੁੱਤ ਅਤੇ ਹੈਰਾਨੀਜਨਕ ਹੋਰ ਕਿਸੇ ਚੀਜ਼ ਬਾਰੇ ਨਹੀਂ ਜਾਣਦਾ, ਇਹੀ ਕਾਰਨ ਹੈ ਕਿ ਪੁਸ਼ਕਿਨ ਦੀਆਂ ਕਵਿਤਾਵਾਂ ਦੇ ਇੱਕ ਛੋਟੇ ਜਿਹੇ ਸੰਗ੍ਰਹਿ ਤੋਂ ਅਤੇ ਫਲਾਬੇਅਰ ਦੇ ਇੱਕ ਨਾਵਲ ਤੋਂ ਮੈਨੂੰ ਤਾਰਿਆਂ ਦੀ ਠੰਡੀ ਟਿਮਟਿਮਾਹਕ, ਸਾਗਰ ਦੀ ਮਕੈਨਕੀ ਤਾਲ, ਜੰਗਲ਼ਾਂ ਦੀ ਸਰਸਰਾਹਟ ਜਾਂ ਬੀਆਬਾਨ ਦੇ ਸੰਨਾਟੇ ਨਾਲ਼ੋਂ ਕਿਤੇ ਵਧੇਰੇ ਸਿਆਣਪ ਅਤੇ ਜਿਉਂਦਾ-ਜਾਗਦਾ ਸੁਹੱਪਣ ਮਿਲਦਾ ਹੈ।

‘ਬੀਆਬਾਨ ਦੀ ਖਾਮੋਸ਼ੀ’? ਰੂਸੀ ਕੰਪੋਜ਼ਰ ਬੈਰੇਦਿਨ ਨੇ ਆਪਣੀ ਇੱਕ ਕ੍ਰਿਤ ਵਿੱਚ ਇਸ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ਼ ਪੇਸ਼ ਕੀਤਾ ਹੈ। ”ਉੱਤਰ-ਧਰੁਵੀਪ੍ਰਕਾਸ਼”? ਮੈਂ ਵਿਸਲਰ ਦੀਆਂ ਤਸਵੀਰਾਂ ਨੂੰ ਤਰਜੀਹ ਦਿੰਦਾ ਹਾਂ। ਇਹ ਇੱਕ ਗੂੜ ਸੱਚਾਈ ਸੀ ਜਦੋਂ ਜੇਤਨ ਰਸਕਿਨ ਨੇ ਕਿਹਾ ਸੀ ਕਿ ਇੰਗਲੈਂਡ ਦੀਆਂ ਤਰਕਾਲਾਂ ਟਰਨਰ ਦੀ ਚਿੱਤਰਕਾਰੀ ਤੋਂ ਬਾਅਦ ਜ਼ਿਆਦਾ ਖੂਬਸੂਰਤ ਹੋ ਗਈਆਂ ਹਨ।

ਮੈਨੂੰ ਆਪਣਾ ਅਸਮਾਨ ਕਿਤੇ ਜ਼ਿਆਦਾ ਪਿਆਰਾ ਲੱਗਦਾ ਜੇ ਤਾਰੇ ਰਤਾ ਵਧੇਰੇ ਵੱਡੇ, ਚਮਕੀਲੇ ਅਤੇ ਸਾਡੇ ਹੋਰ ਨਜ਼ਦੀਕ ਹੁੰਦੇ। ਅਸਲ ਵਿੱਚ ਜਦੋਂ ਤੋਂ ਤਾਰਾ-ਵਿਗਿਆਨੀ ਸਾਨੂੰ ਇਨਾਂ ਬਾਰੇ ਦੱਸ ਰਹੇ ਹਨ ਇਹ ਜ਼ਿਆਦਾ ਸੋਹਣੇ ਹੋ ਗਏ ਹਨ।

ਜਿਸ ਦੁਨੀਆਂ ਵਿੱਚ ਮੈਂ ਵਸਦਾ ਹਾਂ ਇਹ ਨਿੱਕੇ-ਨਿੱਕੇ ਹੈਮਲਟਾਂ ਅਤੇ ਉਥੈਲੋ, ਰੋਮੀਓ ਅਤੇ ਗੋਰੀਓ, ਕਰਾਮਾਜੋਵ ਅਤੇ ਮਿਸਟਰ ਡੌਂਮਬੇ, ਡੇਵਿਡ ਕਾਪਰਫੀਲਡ, ਮੈਡਮ ਬੇਵੇਰੀ, ਮੈਨਨ ਸ੍ਰੋਸਕੋ, ਅੱਨਾ ਕਾਰੇਨਿਨਾ, ਡਾਨ ਕਿਊਗਜ਼ੋਟ ਅਤੇ ਡਾਨ ਜੂਆਨ ਦੀ ਦੁਨੀਆਂ ਹੈ।

ਸਾਡੇ ਵਰਗੇ ਆਮ ਲੋਕਾਂ ਵਿੱਚੋਂ ਹੀ ਕਵੀਆਂ ਨੇ ਸ਼ਾਨਦਾਰ ਚਿੱਤਰ ਬਣਾਏ ਅਤੇ ਉਨਾਂ ਨੂੰ ਅਮਰ ਬਣਾ ਦਿੱਤਾ।

ਅਸੀਂ ਇੱਕ ਅਜਿਹੀ ਦੁਨੀਆਂ ਵਿੱਚ ਰਹਿੰਦੇ ਹਾਂ ਜਿਸ ਵਿੱਚ ਓਨੀ ਦੇਰ ਤੱਕ ਮਨੁੱਖ ਨੂੰ ਸਮਝ ਸਕਣਾ ਅਸੰਭਵ ਹੈ ਜਦੋਂ ਤੱਕ ਅਸੀਂ (ਵਿਗਿਆਨੀਆਂ ਅਤੇ ਸਾਹਿਤਕਾਰਾਂ ਦੀਆਂ) ਮਨੁੱਖ ਬਾਰੇ ਲਿਖੀਆਂ ਕਿਤਾਬਾਂ ਨਹੀਂ ਪੜ ਲੈਂਦੇ। ਫਲਾਬੇਅਰ ਦੀ Un cover simple (ਸਾਦਾ ਦਿਲ) ਮੇਰੇ ਲਈ ਅੰਜੀਲ ਜਿੰਨੀ ਹੀ ਕੀਮਤ ਰੱਖਦੀ ਹੈ ;ਨੂਤ ਹੈਨਸਨ ਦੀ Landstrykere (ਧਰਤੀ ਦਾ ਵਿਕਾਸ) ਮੈਨੂੰ Odessey ਵਾਂਗ ਹੀ ਹੈਰਾਨ ਕਰ ਦਿੰਦੀ ਹੈ। ਮੈਨੂੰ ਪੂਰਾ ਯਕੀਨ ਹੈ ਕਿ ਮੇਰੇ ਪੋਤੇ-ਪੋਤੀਆਂ ਜਦ ਰੋਮਾਂ ਰੋਲਾਂ ਦੀ ‘ਜੀਨ ਕ੍ਰਿਸਟੋਫ’ ਪੜ•ਨਗੇ ਤਾਂ ਲੇਖਕ ਦੇ ਦਿਲੋ-ਦਿਮਾਗ ਦੀ ਮਹਾਨਤਾ ਅਤੇ ਮਨੁੱਖਤਾ ਲਈ ਅਮਿੱਟ ਪਿਆਰ ਦਾ ਦਿਲੋਂ ਸਤਿਕਾਰ ਕਰਨਗੇ।

ਮੈਂ ਇਸ ਗੱਲੋਂ ਵੀ ਪੂਰੀ ਤਰਾਂ ਚੇਤੰਨ ਹਾਂ ਕਿ ਇਸ ਤਰਾਂ ਦੇ ਪਿਆਰ ਦਾ ਅੱਜਕਲ ਰਿਵਾਜ ਨਹੀਂ ਹੈ। ਪਰ ਇਸ ਨਾਲ਼ ਕੀ ਫਰਕ ਪੈਂਦਾ ਹੈ? ਇਹ ਮੁਰਝਾਏ ਬਿਨਾਂ ਜਿਊਂਦਾ ਹੈ ਅਤੇ ਅਸੀਂ ਇਸਦੀਆਂ ਖੁਸ਼ੀਆਂ ਤੇ ਗ਼ਮ ਮਾਣਦੇ ਚਲੇ ਜਾਂਦੇ ਹਾਂ।

ਮੈਂ ਤਾਂ ਸਗੋਂ ਇਹ ਵੀ ਸੋਚਦਾ ਹਾਂ ਕਿ ਇਹ ਪਿਆਰ ਜ਼ਿਆਦਾ ਤੀਬਰ ਅਤੇ ਚੇਤੰਨ ਹੁੰਦਾ ਜਾ ਰਿਹਾ ਹੈ। ਭਾਵੇਂ ਕਿ ਇਸਦਾ ਪ੍ਰਗਟਾਅ ਕੁਝ ਸੀਮਤ ਅਤੇ ਪਰਿਣਾਮਵਾਦੀ ਜਿਹਾ ਹੋ ਗਿਆ ਹੈ, ਫਿਰ ਵੀ ਸਾਡੇ ਸਮੇਂ ਵਿੱਚ ਇਸ ਜਜ਼ਬੇ ਦੀ ਤਰਕਹੀਣਤਾ ਕਿਸੇ ਵੀ ਤਰਾਂ ਘੱਟ ਨਹੀਂ ਹੋਈ, ਜਦੋਂ ਕਿ ਜ਼ਿੰਦਗੀ ਲਈ ਸੰਘਰਸ਼ ਏਨਾ ਤਲਖ਼ ਹੋ ਗਿਆ ਹੈ।

ਮਨੁੱਖ ਤੋਂ ਸਿਵਾ ਹੋਰ ਕਿਸੇ ਚੀਜ਼ ਬਾਰੇ ਜਾਨਣ ਦੀ ਮੇਰੀ ਕੋਈ ਇੱਛਾ ਨਹੀਂ ਹੈ, ਉਸ ਤੱਕ ਪਹੁੰਚਣ ਲਈ ਕਿਤਾਬਾਂ ਹੀ ਸਾਡੀਆਂ ਸੱਚੀਆਂ ਦੋਸਤ ਅਤੇ ਦਿਆਲੂ ਰਹਿਨੁਮਾ ਹਨ। ਮੇਰੇ ਮਨ ਵਿੱਚ ਉਹਨਾਂ ਹਲੀਮੀ-ਭਰੇ ਯੋਧਿਆਂ ਲਈ ਦਿਨੋ-ਦਿਨ ਵਧਦਾ ਜਾਂਦਾ ਸਤਿਕਾਰ ਵਸਿਆ ਹੋਇਆ ਹੈ ਜਿਹਨਾਂ ਨੇ ਹਰ ਇੱਕ ਖੂਬਸੂਰਤ ਅਤੇ ਮਹਾਨ ਚੀਜ਼ ਦੀ ਸਿਰਜਣਾ ਕੀਤੀ ਹੈ।

– 1925

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 3, 16 ਤੋਂ 31 ਮਾਰਚ, 2017 ਵਿੱਚ ਪ੍ਰਕਾਸ਼ਤ

 

Advertisements