ਕਿਰਤੀਆਂ ਨੂੰ ਸਹਿਣਾ ਪੈ ਰਿਹਾ ਛਾਂਟੀਆਂ, ਬੇਰੁਜ਼ਗਾਰੀ ਅਤੇ ਕੰਮ ਦਾ ਵਾਧੂ ਬੋਝ : ਸਰਮਾਏ ਦੀ ਮਾਰ ਹੇਠ ਸਹਿਕਦੀਆਂ ਮਨੁੱਖੀ ਜਿੰਦਾਂ •ਕੁਲਦੀਪ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

2007 ਦੇ ਸੰਕਟ ਤੋਂ ਬਾਅਦ ਸੰਸਾਰ ਸਰਮਾਏਦਾਰਾ ਢਾਂਚਾ ਲਗਾਤਾਰ ਡੂੰਘੇ ਤੋਂ ਡੂੰਘੇ ਸੰਕਟ ਵਿੱਚ ਫਸਦਾ ਜਾ ਰਿਹਾ ਸੀ ਜੋ ਬਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਸਾਊਥ ਅਫ਼ਰੀਕਾ) ਦੇਸ਼ਾਂ ਦੇ ਸੰਕਟ ਵਿੱਚ ਫਸਣ ਤੋਂ ਬਾਅਦ ਅਜੋਕੇ ਦੌਰ ਵਿੱਚ ਬੁਰੀ ਤਰ੍ਹਾਂ ਸੰਕਟ ਵਿੱਚ ਫਸ ਚੁੱਕਾ ਹੈ, ਜਿਸਦੀ ਨੇੜ-ਭਵਿੱਖ ਇਸ ਸੰਕਟ ਤੋਂ ਰਾਹਤ ਦੀ ਕੋਈ ਆਸ ਨਜ਼ਰ ਨਹੀਂ ਆ ਰਹੀ ਹੈ। ਪਰ ਇਸ ਸੰਕਟ ਦੇ ਦੌਰ ਦੀ ਕੀਮਤ ਹਰ ਵਾਰ ਦੇ ਸੰਕਟ ਵਾਂਗ ਸੰਸਾਰ ਪੱਧਰ ਦੇ ਮਜ਼ਦੂਰ ਤੇ ਕਿਰਤੀ ਹੱਡ ਗਾਲ਼ ਕੇ ਤੇ ਲਹੂ ਦੇ ਹੰਝੂ ਡੋਲਕੇ ਚੁਕਾ ਰਹੇ ਹਨ। ਪਰ ਅਜੋਕਾ ਸੰਕਟ ਤਾਂ ਸਰਮਾਏਦਾਰੀ ਦੇ ਇਤਿਹਾਸ ਦੇ ਪਿਛਲੇ ਸਾਰੇ ਸੰਕਟਾਂ ਤੋਂ ਵੀ ਬਹੁਤ ਹੀ ਗੰਭੀਰ ਹੈ ਅਤੇ ਲਗਾਤਾਰ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ। ਇਸ ਸੰਕਟ ਦੀ ਭਿਅੰਕਰਤਾ ਦੀਆਂ ਭਵਿੱਖਬਾਣੀਆਂ ਸਾਮਰਾਜੀਆਂ ਦੀਆਂ ਚਾਕਰ ਆਈਐਮਐਫ ਤੇ ਸੰਸਾਰ ਬੈਂਕ ਵਰਗੀਆਂ ਸੰਸਥਾਵਾਂ ਵੀ ਰਹੀਆਂ ਹਨ। ਬੇਰੁਜ਼ਗਾਰੀ ਦਾ ਵਧਣਾ ਸਰਮਾਏਦਾਰਾ ਸੰਕਟ ਦੇ ਪ੍ਰਮੁੱਖ ਲੱਛਣਾਂ ਵਿੱਚੋਂ ਇੱਕ ਹੈ। ਜਿੱਥੇ ਇੱਕ ਪਾਸੇ ਵੱਧਦੀ ਬੇਰੁਜ਼ਗਾਰੀ ਕਾਰਨ ਲੋਕਾਂ ਦਾ ਰੁਜ਼ਗਾਰ ਖੁੱਸ ਰਿਹਾ ਹੈ ਅਤੇ ਉਹ ਅਸੁਰੱਖਿਆ ਤੇ ਅਨਿਸ਼ਚਿਤਤਾ ਦੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਨੇ, ਤਾਂ ਦੂਜੇ ਪਾਸੇ ਜਿਹਨਾਂ ਨੂੰ ਰੁਜ਼ਗਾਰ ਮਿਲ਼ਿਆ ਵੀ ਹੋਇਆ ਹੈ ਉਹਨਾਂ ‘ਤੇ ਕੰਮ ਦਾ ਬਹੁਤ ਸਾਰਾ ਬੋਝ ਹੈ ਤੇ ਉਹਨਾਂ ਦੀ ਭਿਅੰਕਰ ਲੁੱਟ ਹੋ ਰਹੀ ਹੈ ਤੇ ਉਹ ਗੰਭੀਰ ਮਾਨਸਿਕ ਦਬਾਅ ਅਧੀਨ ਜ਼ਿੰਦਗੀ ਜਿਉਂ ਰਹੇ ਨੇ। ਆਉ ਇਸ ਵਿਸ਼ੇ ‘ਤੇ ਥੋੜ੍ਹਾ ਤੱਥਾਂ ਸਹਿਤ ਵਿਸਥਾਰ ਨਾਲ਼ ਚਾਨਣਾ ਪਾਈਏ।

ਬਿਜ਼ਨਿਸ ਲਾਇਨ ਅਖ਼ਬਾਰ ਦੇ 17, ਜੂਨ 2012 ਦੇ ਅੰਕ ਵਿੱਚ ਛਪੀ ਇੱਕ ਰਿਪੋਰਟ ਅਨੁਸਾਰ, “ਛੇ ਮਹੀਨਿਆਂ ਵਿੱਚ ਸੰਸਾਰ ਪੱਧਰ ‘ਤੇ ਇੱਕ ਦਰਜਨ ਤੋਂ ਵੀ ਵੱਧ ਬਹੁ ਕੌਮੀ ਕੰਪਨੀਆਂ ਨੇ 71,000 ਲੋਕਾਂ ਦੀਆਂ ਛਾਂਟੀਆਂ ਕੀਤੀਆਂ ਹਨ। 2012 ਦੇ ਪਹਿਲੇ ਛੇ ਮਹੀਨਿਆਂ ਵਿੱਚ ਐਚਪੀ, ਨੋਕੀਆ, ਸੋਨੀ, ਯਾਹੂ, ਪੈਪਸੀਕੋ, ਰਾਇਲ ਬੈਂਕ, ਲਫਥਾਸਾ, ਓਲੰਪਿਸ, ਨੋਵਰਟੀਸ, ਯੂਨੀਲੀਵਰ, ਲੌਗੀਟੈਕ – ਕੰਪਨੀਆਂ ਨੇ ਨੌਕਰੀਆਂ ਵਿੱਚ ਕੱਟ ਐਲਾਨੇ। ਇਹਨਾਂ ਵਿੱਚ ਨੋਕੀਆ ਨੇ 10,000, ਓਲੰਪਿਸ ਨੇ 2700, ਸੋਨੀ ਨੇ 10,000, ਯਾਹੂ ਨੇ 1400, ਪੈਪਸੀਕੋ ਨੇ 8700 ਤੇ ਨੋਵਰਟੀਸ ਨੇ 1960 ਮੁਲਾਜ਼ਮਾਂ ਨੂੰ ਨੌਕਰੀ ਤੋਂ ਜਵਾਬ ਦਿੱਤਾ।”

2014 ਵਿੱਚ ਮਾਇਕਰੋਸੌਫਟ ਕੰਪਨੀ ਨੇ 18,000 ਮੁਲਾਜ਼ਮਾਂ ਦੀ ਛਾਂਟੀ ਕੀਤੀ ਜੋ ਉਸਦੀ ਕੁੱਲ ਕਾਮਾ ਸ਼ਕਤੀ ਦਾ 14% ਬਣਦਾ ਹੈ। ਫਰਵਰੀ, 2015 ਵਿੱਚ ਮਾਇਕਰੋਸੌਫਟ ਦੇ ਚੀਨ ਵਿਚਲੇ ਯੂਨਿਟ ਵਿੱਚੋਂ 9,000 ਮੁਲਾਜ਼ਮਾਂ ਦੀ ਛਾਂਟੀ ਕੀਤੀ ਗਈ ਅਤੇ ਜੁਲਾਈ, 2015 ਵਿੱਚ 7800 ਮੁਲਾਜ਼ਮਾਂ ਦੀ ਛਾਂਟੀ ਕੀਤੀ ਗਈ।

ਦਿ ਗਾਰਡੀਅਨ ਰਸਾਲੇ (28 ਮਈ, 2013) ਵਿੱਚ ਛਪੇ ਜੈਨੀਫਰ ਰੈਨਕਿਨ ਦੇ ਇੱਕ ਲੇਖ ਅਨੁਸਾਰ, “ਸੰਸਾਰ ਦੇ ਚਾਰ ਵੱਡੇ ਬੈਕਾਂ (ਰਾਇਲ ਬੈਂਕ ਆਫ਼ ਸਕੌਟਲੈਂਡ, ਲੀਓਡਸ ਬੈਂਕਿੰਗ ਗਰੁੱਪ, ਬਾਰਕਲੇਸ ਅਤੇ ਐਸਐਸਬੀਸੀ) ਨੇ ਪੰਜ ਸਾਲਾਂ (2008 -2013) ਦੌਰਾਨ 189000 ਨੌਕਰੀਆਂ ਵਿੱਚ ਕਟੌਤੀ ਕੀਤੀ। ਇਸ ਵਿੱਚ ਐਚਬੀਐਸ ਨੇ 78000, ਐਚਐਸਬੀਸੀ ਨੇ 59000 (ਇਸਦੇ ਚੀਫ਼ ਐਗਜ਼ੀਕਿਊਟਿਵ ਅਨੁਸਾਰ, 2016 ਤੱਕ ਇਸ ਬੈਂਕ ਦੀ ਵੱਡੀ ਛਾਂਟੀ ਕਰਨ ਦੀ ਯੋਜਨਾ ਹੈ), ਲੀਓਡਸ ਬੈਂਕ ਨੇ 31,000 ਛਾਂਟੀਆਂ ਕੀਤੀਆਂ ਤੇ ਹੋਰ ਕਰਨ ਦੀ ਯੋਜਨਾ ਹੈ, ਬਾਰਕਲੇਸ ਬੈਂਕ ਦੇ ਚੀਫ਼ ਐਗਜ਼ੀਕਿਊਟਿਵ ਅਨਤੋਨੀ ਜੈਨਕਿੰਗ ਅਨੁਸਾਰ ਉਹਨਾਂ ਨੇ ਆਉਂਦੇ ਸਾਲਾਂ ਵਿੱਚ 40,000 ਮੁਲਾਜ਼ਮ ਛਾਂਟਣੇ ਹਨ।”

ਦਿ ਰਜਿਸਟਰ ਰਸਾਲੇ (26 ਜਨਵਰੀ, 2015) ਵਿੱਚ ਛਪੇ ਪਾਲ ਕੋਨਾਰਟ ਦੇ ਲੇਖ ਅਨੁਸਾਰ ਆਈਬੀਐਮ ਨੇ ਪਿਛਲੇ ਕੁਝ ਸਮੇਂ ‘ਚ ਹੀ 1,18,000 ਕਾਮੇ ਹਟਾਏ ਹਨ। ਜਿਸਦੇ ਤਹਿਤ 55,000 ਮੁਲਾਜ਼ਮ ਇਸੇ ਸਾਲ ਨੌਕਰੀਆਂ ਤੋਂ ਲਾਂਭੇ ਕੀਤੇ ਹਨ।

ਬਲੂਮਬਰਗ ਬਿਜਨਸ (12 ਫਰਵਰੀ, 2015, ਬ੍ਰੈਡਲੇ ਔਲਸਨ ਦਾ ਲੇਖ) ਅਨੁਸਾਰ ਤੇਲ ਕੰਪਨੀਆਂ ਨੇ ਆਲਮੀ ਪੱਧਰ ‘ਤੇ 1,00,000 ਮੁਲਾਜ਼ਮਾਂ ਨੂੰ ਨੌਕਰੀਆਂ ਤੋਂ ਜਵਾਬ ਦਿੱਤਾ ਹੈ। ਜਿਹਨਾਂ ਵਿੱਚੋਂ ਪੈਟਰੋਲੀਅੋਸ ਮੈਕਸੀਕਨੋਸ ਨੇ 8,000 ਮੁਲਾਜ਼ਮਾਂ ਦੀ ਛਾਂਟੀ ਕੀਤੀ। ਨੌਰਥ ਸੀ (Sea) ‘ਤੇ ਜਿੱਥੇ ਐਬਰੀਡੀਨ (ਸਕੌਟਲੈਂਡ) ਅਤੇ ਸਟੈਵੈਂਜਰ (ਨੌਰਵੇ) ਦੀਆਂ ਕੰਪਨੀਆਂ ਦੀ ਤੇਲ ਭੰਡਾਰਾਂ ‘ਤੇ ਮਾਲਕੀ ਹੈ, 11,500 ਕਾਮੇ ਹਾਟਏ ਗਏ ਜਿਸਦਾ ਵੇਰਵਾ ਡੀਐਨਬੀ ਮਾਰਟੀਕਜ਼ ਐਂਡ ਯੂਨਾਇਟ ਨਾਮੀ ਇੱਕ ਟ੍ਰੇਡ ਯੂਨੀਅਨ ਨੇ ਦਿੱਤਾ। ਮੈਨਨ ਬਿਜ਼ਨਸ ਇਕਨਾਮਿਕਸ ਅਨੁਸਾਰ ਇੱਥੇ 30,000 ਕਾਮਿਆਂ ਦੇ ਗੁੰਮ ਹੋਣ ਦੀ ਵੀ ਸੂਚਨਾ ਹੈ।

ਅਲੈਕਸਾਂਦਰ ਕੌਲੀਜ਼ ਦੇ ਇੱਕ ਆਨਲਾਈਨ ਲੇਖ ਅਨੁਸਾਰ ਪੀ ਐਂਡ ਜੀ (ਪ੍ਰੌਕਟਰ ਐਂਡ ਗੈਮਬਲ) ਕੰਪਨੀ ਨੇ ਵੀ ਤਿੰਨ ਸਾਲਾਂ ਵਿੱਚ 21,000 ਮੁਲਾਜ਼ਮਾਂ ਨੂੰ ਨੌਕਰੀ ਤੋਂ ਜਵਾਬ ਦਿੱਤਾ।

ਫੋਰਬਿਸ ਮੈਗਜ਼ੀਨ ਦੇ ਔਨਲਾਇਨ ਐਡੀਸ਼ਨ (16-3-15) ਵਿੱਚ ਕ੍ਰਿਸਟੋਫਰ ਹੈਲਮੈਨ ਅਨੁਸਾਰ ਤੇਲ ਅਤੇ ਗੈਸ ਕੰਪਨੀਆਂ ਨੇ 75,000 ਮੁਲਾਜ਼ਮ ਕੰਮ ਤੋਂ ਹਟਾਏ ਹਨ। ਜਿਹਨਾਂ ਵਿੱਚ ਸਕਲੁਬਰਜਰ ਨੇ 9,000, ਵੀਥਰਫੋਰਡ ਨੇ 8,000, ਬਾਕਰ ਹਿਊਜ਼ਸ ਨੇ 7,000 ਅਤੇ ਹੈਲੀਬਰਟਨ ਨੇ 6,600 ਮੁਲਾਜ਼ਮਾਂ ਦਾ ਰੁਜ਼ਗਾਰ ਖੋਹਿਆ ਹੈ।

ਬਿਜਨਸ ਇੰਸਾਇਡਰ ਮੈਗਜ਼ੀਨ ਨੇ 7 ਮਈ, 2015 ਦੇ ਅੰਕ ਵਿੱਚ ਲਿਖਿਆ ਹੈ ਕਿ ਫਰਾਂਸ ਦਾ ਨਿਊਕਲੀਅਰ ਗਰੁੱਪ ਅਰੀਵਾ ਆਉਣ ਵਾਲ਼ੇ ਸਾਲਾਂ ਵਿੱਚ ਸੰਸਾਰ ਪੱਧਰ ‘ਤੇ 6,000 ਨੌਕਰੀਆਂ ਕੱਟਣਗੇ।

ਦਿ ਹਿੰਦੂ ਅਖ਼ਬਾਰ ਦੇ 14 ਫਰਵਰੀ, 2015 ਅੰਕ ਦੇ ਇੱਕ ਲੇਖ ਅਨੁਸਾਰ ਆਈਬੀਐਮ ਨੇ ਬ੍ਰਾਜ਼ੀਲ ਤੇ ਯੂਰੋਪ ਦੇ ਯੂਨਿਟਾਂ ‘ਚ 2014 ਵਿੱਚ 15,000 ਮੁਲਾਜ਼ਮਾਂ ਦੀ ਛਾਂਟੀ ਕੀਤੀ ਹੈ।

ਇਸ ਤੋਂ ਇਲਾਵਾ 2014 ‘ਚ ਇੰਟੈਲ ਸਾਫਟਵੇਅਰ ਕੰਪਨੀ ਨੇ 2014 ਵਿੱਚ 5,400 ਮੁਲਾਜ਼ਮ ਨੌਕਰੀ ਤੋਂ ਹਟਾਏ ਅਤੇ ਬਲੈਕਬੇਰੀ ਕੰਪਨੀ ਨੇ 4,500।

ਇੱਕ ਹੋਰ ਰਿਪੋਰਟ ਅਨੁਸਾਰ ਪਿਛਲੇ ਦੋ ਸਾਲਾਂ ਦੌਰਾਨ ਭਾਰਤ ਵਿੱਚ ਆਈਬੀਐਮ, ਟੀਸੀਐਸ, ਐਚਪੀ, ਡੈੱਲ, ਸਿਸਕੋ, ਸਿਟਰਿਕਸ, ਯਾਹੂ, ਸੈਮਸੰਗ, ਇਨਫੋਸਿਸ ਆਦਿ ਕੰਪਨੀਆਂ ਨੇ 15,000 ਮੁਲਾਜ਼ਮਾਂ ਦੀ ਛਾਂਟੀ ਕੀਤੀ ਹੈ, ਜਿਸਦੇ ਵਿੱਚ ਟੀਸੀਐਸ ਨੇ 4,000, ਸੈਮਸੰਗ ਨੇ ਨੇ 1,500 ਅਤੇ ਈਬੇ ਨੇ 2,400 ਮੁਲਾਜ਼ਮਾਂ ਨੂੰ ਰੁਜ਼ਗਾਰ ਤੋਂ ਜਵਾਬ ਦਿੱਤਾ ਹੈ। ਇਸ ਤੋਂ ਬਿਨਾਂ ਟਾਈਮਜ਼ ਆਫ਼ ਇੰਡੀਆ ਅਖ਼ਬਾਰ (8 ਸਿਤੰਬਰ, 2014) ਅਨੁਸਾਰ ਭਾਰਤੀ ਰੇਲਵੇ ਵਿੱਚ 2,25,863 ਅਸਾਮੀਆਂ ਖ਼ਾਲੀ ਹਨ।

ਦਿ ਇੰਡੀਪੈਂਡੈਂਟ ਰਸਾਲੇ ਅਨੁਸਾਰ ਮਾਰਚ, 2010 ਤੋਂ ਮਈ 2015 ਦੌਰਾਨ ਨਿਸ਼ਾਨ ਮੋਟਰਜ਼ ਨੇ ਸੰਸਾਰ ਪੱਧਰ ‘ਤੇ 20,000 ਨੌਕਰੀਆਂ ਛਾਂਗੀਆਂ ਹਨ ਜੋ ਉਸਦੀ ਸੰਸਾਰ ਕਿਰਤ ਸ਼ਕਤੀ ਦਾ 8.5% ਬਣਦਾ ਹੈ।

ਇਹ ਕੁਝ ਤੱਥ ਨੇ ਜੋ ਸੰਕਟ ਦੇ ਸਮੇਂ ਵਿਚਲੀ ਸੰਸਾਰ ਪੱਧਰੀ ਬੇਰੁਜ਼ਗਾਰੀ ਅਤੇ ਛਾਂਟੀ ਦੀ ਭਿਅੰਕਰਤਾ ਨੂੰ ਦਰਸਾਉਂਦੇ ਹਨ। ਇਸਦੇ ਤਹਿਤ ਜਿੱਥੇ ਇੱਕ ਪਾਸੇ ਕਿਰਤੀ-ਕਾਮਿਆਂ, ਮਜ਼ਦੂਰਾਂ ਵਿੱਚ ਰੁਜ਼ਗਾਰ ਨੂੰ ਲੈ ਕੇ ਅਨਿਸ਼ਚਿਤਤਾ ਅਤੇ ਅਸੁਰੱਖਿਆ ਦਾ ਡਰ ਰਹਿੰਦਾ ਹੈ ਤਾਂ ਉੱਥੇ ਦੂਜੇ ਪਾਸੇ ਜਿਹੜੇ ਲੋਕ ਬਾ-ਰੁਜ਼ਗਾਰ ਹੁੰਦੇ ਉਹਨਾਂ ਦੀ ਹਾਲਤ ਵੀ ਸੰਕਟਾਂ ਦੇ ਸਮੇਂ ਵਿੱਚ ਹੋਰ ਭਿਅੰਕਰ ਬਣਦੀ ਰਹਿੰਦੀ ਹੈ। ਉਹਨਾਂ ਨੂੰ 12-12 ਤੇ 15-15 ਘੰਟੇ ਕੰਮ ਕਰਨਾ ਪੈਂਦਾ ਹੈ ਅਤੇ ਉਹ ਭਿਅੰਕਰ ਸਰੀਰਕ ਤੇ ਮਾਨਸਿਕ ਦਬਾਅ ਅਧੀਨ ਜ਼ਿੰਦਗੀ ਜਿਉਣ ਲਈ ਬੇਵਸ ਹੁੰਦੇ ਹਨ। ਜਿਵੇਂ ਇੱਕ ਤੇਲ ਕੰਪਨੀ ਦਾ ਇੱਕ ਮਜ਼ਦੂਰ ਆਪਣੀ ਭਿਅੰਕਰ ਹਾਲਤ ਬਾਰੇ ਦੱਸਦਾ ਹੋਇਆ ਕਹਿੰਦਾ ਹੈ, “ਮੇਰੇ ‘ਤੇ ਨੌਕਰੀ ਬਚਾਈ ਰੱਖਣ ਦਾ ਬਹੁਤ ਦਬਾਅ ਹੈ ਅਤੇ ਨਾਲ਼ ਵਾਧੂ ਕੰਮ ਦਾ ਬੋਝ ਵੀ”। ਇੱਕ ਹੋਰ ਤੇਲ ਕੰਪਨੀ ਦਾ ਕਾਮਾ ਰੀਡ੍ਹ ਕਹਿੰਦਾ ਹੈ, “ਅਨਿਸ਼ਚਿਤਤਾ ਦੀ ਸਮੱਸਿਆ ਬਹੁਤ ਵੱਡੀ ਹੈ ਕਿ ਕਦੋਂ ਨੌਕਰੀ ਚਲੀ ਜਾਵੇ, ਉੱਤੋਂ ਮਹਿੰਗਾਈ ਤੇ ਕਰਜ਼ੇ ਦਾ ਬੋਝ”।

ਇਸ ਤੋਂ ਇਲਾਵਾ ਸਟੀਲ ਫੈਕਟਰੀਆਂ, ਧਾਗਾ ਤੇ ਕੱਪੜਾ ਮਿੱਲਾਂ, ਲੋਹਾ ਇਸਪਾਤ ਫੈਕਟਰੀਆਂ, ਗਰਮ ਰੋਲਾ ਕਾਰਖਾਨੇ, ਸੀਮਿੰਟ ਫਕਟਰੀਆਂ, ਕੋਲਾ ਜਾਂ ਖਣਿਜ ਖਾਣਾਂ, ਭੱਠਾ ਮਜ਼ਦੂਰਾਂ ਆਦਿ ਦੇ ਮਜ਼ਦੂਰਾਂ ਦੀ ਹਾਲਤ ਤਾਂ ਹੋਰ ਵੀ ਭਿਅੰਕਰ ਹੈ। ਇਹ ਮਜ਼ਦੂਰ ਭਿਅੰਕਰ ਹਾਲਤਾਂ ਵਿੱਚ ਸਰੀਰਿਕ ਕਿਰਤ ਕਰਕੇ ਆਪਣਾ ਪੇਟ ਪਾਲ਼ਦੇ ਹਨ। ਜਿੱਥੇ ਇੱਕ ਪਾਸੇ ਉਹਨਾਂ ਨੂੰ ਵੀ ਛਾਂਟੀ, ਕੱਚੀਆਂ ਨੌਕਰੀਆਂ ਆਦਿ ਕਰਕੇ ਰੁਜ਼ਗਾਰ ਖੁੱਸਣ ਦਾ ਡਰ ਰਹਿੰਦਾ ਹੈ ਤਾਂ ਉੱਥੇ ਦੂਜੇ ਪਾਸੇ ਖ਼ਤਰਨਾਕ ਕੰਮ ਹਾਲਤਾਂ ਵਿੱਚ ਉਹ ਹਮੇਸ਼ਾ ਮੌਤ ਦੇ ਮੂੰਹ ਹੇਠ ਕੰਮ ਕਰਦੇ ਹਨ। ਬਹੁਤ ਸਾਰੇ ਮਜ਼ਦੂਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ, ਜਿਹਨਾਂ ਵਿੱਚ ਆਮ ਤੌਰ ‘ਤੇ ਉਹ ਅਪਾਹਜ ਹੋ ਜਾਂਦੇ ਹਨ ਅਤੇ ਉਹਨਾਂ ਦੀਆਂ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਅਜਿਹੀਆਂ ਫੈਕਟਰੀਆਂ ਵਿੱਚ ਮਜ਼ਦੂਰਾਂ ਨਾਲ਼ ਨਿੱਤ ਅਜਿਹੀਆਂ ਦੁਰਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਅਜਿਹੇ ਮਾਹੌਲ ਵਿੱਚ ਮਜ਼ਦੂਰਾਂ ਨੂੰ ਰੋਟੀ-ਰੋਜ਼ੀ ਲਈ ਨਿੱਤ ਮੌਤ ਦੇ ਮੂੰਹ ਵਿੱਚ ਜਾਣਾ ਪੈਂਦਾ ਹੈ।

ਆਈਟੀ ਸੈਕਟਰ ਵਿੱਚ ਜਾਂ ਹੋਰ ਸਾਰੀਆਂ ਪ੍ਰਾਈਵੇਟ ਕੰਪਨੀਆਂ ਵਿੱਚ ਦਿਮਾਗ਼ੀ ਕੰਮ ਕਰਨ ਵਾਲ਼ੇ ਕਿਰਤੀ-ਕਾਮੇ ਭਾਵੇਂ ਸਰੀਰਕ ਤੌਰ ‘ਤੇ ਅਪਾਹਜ ਨਹੀਂ ਬਣਦੇ ਪਰ ਉਹ ਹਮੇਸ਼ਾ ਮਾਨਸਿਕ ਦਬਾਅ ਵਿੱਚ ਕੰਮ ਕਰਦੇ ਰਹਿਣ ਕਰਕੇ ਮਾਨਸਿਕ ਤੌਰ ‘ਤੇ ਅਪਾਹਜ ਜਰੂਰ ਬਣ ਜਾਂਦੇ ਹਨ। ਉਹ ਮਾਲਕ ਦੀਆਂ ਮਸ਼ੀਨਾਂ ਵਾਂਗ ਹੀ ਮਸ਼ੀਨਾਂ ਦੇ ਪੁਰਜਿਆਂ ਵਿੱਚ ਬਦਲ ਦਿੱਤੇ ਜਾਂਦੇ ਹਨ ਜੋ ਮਾਲਕ ਲਈ ਮੁਨਾਫ਼ਾ ਪੈਦਾ ਕਰਨ ਤੋਂ ਵੱਧ ਕੁਝ ਵੀ ਨਹੀਂ ਹੁੰਦੇ। ਪਿਆਰ, ਹਮਦਰਦੀ, ਮਨੁੱਖਤਾ, ਅਜ਼ਾਦੀ, ਬਿਹਤਰ ਭਵਿੱਖ ਆਦਿ ਸੰਕਲਪ ਤਾਂ ਉਹਨਾਂ ਦੇ ਦਿਮਾਗ਼ਾਂ ਵਿੱਚੋਂ ਅਜੋਕੀ ਵਿੱਦਿਆ ਪ੍ਰਣਾਲ਼ੀ ਹੀ ਕੱਢ ਲੈਂਦੀ ਹੈ ਜਿੱਥੇ ਪੁਰਜੇਨੁਮਾ ਹੁਨਰਮੰਦ ਕਿਰਤੀਆਂ ਵਿੱਚ ਢਲਣ ਦੀ ਉਹਨਾਂ ਨੂੰ ਤਿਆਰੀ ਕਰਵਾਈ ਜਾਂਦੀ ਹੈ, ਪਰ ਰਹਿੰਦੀ ਕਸਰ 12-12, 15-15 ਘੰਟੇ ਕੰਮ ਉਹਨਾਂ ਵਿੱਚੋਂ ਕੱਢ ਲੈਂਦਾ ਹੈ। ਭਾਵੇਂ ਕਿ ਇਸ ਖੇਤਰ ਦੇ ਕਿਰਤੀਆਂ-ਕਾਮਿਆਂ ਦੀਆਂ ਤਨਖਾਹਾਂ ਚੰਗੀਆਂ ਹੁੰਦੀਆਂ ਹਨ ਅਤੇ ਘਰ, ਕਾਰ, ਫਰਨੀਚਰ ਆਦਿ ਦੀ ਹਰ ਆਧੁਨਿਕ ਸੁੱਖ ਸਹੂਲਤ ਇਹਨਾਂ ਨੂੰ ਮਿਲ਼ਦੀ ਹੈ। ਭਾਵੇਂ ਕਰਜ਼ੇ ਲੈ ਕੇ ਹੀ ਸਹੀ ਪਰ ਇਹਨਾਂ ਕੋਲ ਇਹਨਾਂ ਸੁੱਖ-ਸਹੂਲਤਾਂ ਨੂੰ ਮਾਣਨ ਦਾ ਸਮਾਂ ਹੀ ਨਹੀਂ ਹੁੰਦਾ। ਕਿਉਂਕਿ 12-12, 15-15 ਘੰਟੇ ਕੰਮ ਕਰਕੇ ਇਹਨਾਂ ਕੋਲ਼ ਇੰਨਾ ਸਮਾਂ ਹੀ ਨਹੀਂ ਬਚਦਾ। ਦੂਜਾ ਇਹ ਪ੍ਰਬੰਧ ਨਿੱਤ ਉਹਨਾਂ ਦਾ ਅਣਮਨੁੱਖੀਕਰਨ ਕਰਦਾ ਰਹਿੰਦਾ ਹੈ।

ਸਰਮਾਏਦਾਰ “ਘਾਟੇ” ਦੇ ਮਗਰਮੱਛੀ ਹੰਝੂ ਵਹਾਉਂਦੇ ਹੋਏ ਬੇਰੁਜ਼ਗਾਰੀ ਦੇ ਅਸਲ ਕਾਰਨਾਂ ਨੂੰ ਗੋਲ਼ ਕਰ ਜਾਂਦੇ ਹਨ ਤੇ ਉਹ ਅਜਿਹਾ ਹੀ ਕਰ ਸਕਦੇ ਹਨ। ਪਰ ਜਦ ਇਸ ਸਮੱਸਿਆ ਦੇ ਅਸਲ ਕਾਰਨ ਖੋਜਣ ਦੀ ਗੱਲ ਆਉਂਦੀ ਹੈ ਤਾਂ ਸਰਮਾਏਦਾਰਾ ਪ੍ਰਬੰਧ ਦੇ ਵਿਸ਼ਲੇਸ਼ਣ ਵੱਲ ਸਾਡਾ ਧਿਆਨ ਜਾਂਦਾ ਹੈ। ਕਿਉਂਕਿ ਸਰਮਾਏਦਾਰੀ ਸਮਾਜ ਵਿਚਲੀ ਪੈਦਾਵਾਰ ਵਿਸਤ੍ਰਿਤ ਮੁੜ-ਪੈਦਾਵਾਰ ਹੁੰਦੀ ਹੈ ਭਾਵ ਪੈਦਾਕਾਰ ਜੇਕਰ ਹਰ ਪੈਦਾਵਾਰੀ ਚੱਕਰ ਦੌਰਾਨ ਆਪਣੀ ਪੈਦਾਵਾਰ ਨੂੰ ਵਿਸਤ੍ਰਿਤ ਨਹੀਂ ਕਰਦਾ ਤਾਂ ਮੰਡੀ ਦੀਆਂ ਧੜਵੈਲ ਤਾਕਤਾਂ ਉਸਨੂੰ ਖਾ ਜਾਣਗੀਆਂ। ਦੂਜਾ ਪੈਦਾਵਾਰ ਜਦ ਮੰਡੀ ਵਿੱਚ ਜਾਂਦੀ ਹੈ ਤਾਂ ਮੰਡੀ ਵਿੱਚ ਗਲਵੱਢ ਮੁਕਾਬਲਾ ਹੁੰਦਾ ਹੈ ਜਿੱਥੇ ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਜਾਂਦੀ ਹੈ। ਮੁਕਾਬਲੇ ਅਤੇ ਮੰਡੀ ਵਿਚਲੀ ਅਨਿਸ਼ਚਿਤਤਾ ਦੇ ਮਾਹੌਲ ਵਿੱਚ ਹਰ ਸਰਮਾਏਦਾਰ ਦਾ ਇਹ ਯਤਨ ਹੁੰਦਾ ਹੈ ਕਿ ਉਹ ਜਿਣਸ ‘ਤੇ ਘੱਟ ਤੋਂ ਘੱਟ ਖ਼ਰਚ ਕਰੇ ਅਤੇ ਵੱਧ ਤੋਂ ਵੱਧ ਮੁਨਾਫ਼ਾ ਕਮਾਵੇ। ਕਿਉਂਕਿ ਕੱਚਾ ਮਾਲ, ਕਾਰਖਾਨੇ, ਸੰਦਾਂ ਆਦਿ ਦੀ ਕੀਮਤ ਤਾਂ ਸਥਿਰ ਹੁੰਦੀ ਹੈ। ਇਸ ਕਰਕੇ ਕਿਰਤ ਸ਼ਕਤੀ ਹੀ ਇੱਕ ਅਜਿਹੀ ਜਿਣਸ ਹੈ ਜੋ ਮੁਨਾਫ਼ਾ ਪੈਦਾ ਕਰਦੀ ਹੈ। ਸੋ ਸਰਮਾਏਦਾਰ ਕਿਰਤ ਸ਼ਕਤੀ ਨੂੰ ਦੋ ਢੰਗਾਂ ਨਾਲ਼ ਨਿਚੋੜਦਾ ਹੈ। ਪਹਿਲੇ ਢੰਗ ਅਨੁਸਾਰ ਉਹ ਕੰਮ ਦੇ ਘੰਟੇ ਵਧਾ ਦਿੰਦਾ ਹੈ ਪਰ ਇਸਦੀ ਇੱਕ ਸੀਮਾ ਹੈ ਕਿ ਸਰਮਾਏਦਾਰ ਮਜ਼ਦੂਰ ਤੋਂ 24 ਘੰਟੇ ਕੰਮ ਨਹੀਂ ਲੈ ਸਕਦਾ ਕਿਉਂਕਿ ਮਨੁੱਖਾ ਸਰੀਰ ਦੀ ਇੱਕ ਕੁਦਰਤੀ ਸੀਮਾ ਹੈ ਕਿ ਉਸਨੂੰ ਕੰਮ ਕਰਨ ਲਈ ਆਰਾਮ ਦੀ ਤੇ ਊਰਜਾ ਦੀ ਲੋੜ ਹੁੰਦੀ ਹੈ। ਇਸ ਕਰਕੇ ਸਰਮਾਏਦਾਰ ਦੂਜਾ ਢੰਗ ਵਰਤਦਾ ਹੈ (ਭਾਵੇਂ ਕਿ ਪਹਿਲਾਂ ਢੰਗ ਵੀ ਵੱਧ ਤੋਂ ਵੱਧ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ), ਉਹ ਹੈ ਕੰਮ ਦੀ ਰਫਤਾਰ

ਵਧਾ ਦੇਣਾ। ਭਾਵ ਨਵੀਂ ਤਕਨੀਕ ਦੀਆਂ ਮਸ਼ੀਨਾਂ ਆਦਿ ਵਰਤ ਕੇ। ਜਿਵੇਂ ਕਿ ਜੋ ਜਿਣਸ ਪੰਜ ਮਜ਼ਦੂਰ ਇੱਕ ਦਿਨ ਵਿੱਚ ਤਿਆਰ ਕਰਦੇ ਸਨ ਉਹੀ ਜਿਣਸ ਮਸ਼ੀਨ ਕੇਵਲ ਦੋ ਮਜ਼ਦੂਰਾਂ ਦੀ ਸਹਾਇਤਾ ਨਾਲ਼ ਦੋ ਘੰਟਿਆਂ ਵਿੱਚ ਕਰ ਦਿੱਤੀ ਜਾਂਦੀ ਹੈ। ਜਦ ਫਿਰ ਇਹੀ ਤਕਨੀਕ ਹੋਰ ਸਰਮਾਏਦਾਰ ਵੀ ਵਰਤਣ ਲੱਗ ਜਾਂਦੇ ਹਨ ਤਾਂ ਫਿਰ ਹੋਰ ਉੱਚ ਤਕਨੀਕ ਦੀ ਹੋੜ ਲੱਗਦੀ ਹੈ। ਇਸ ਕਰਕੇ ਸਾਪੇਖਿਕ ਬੇਰੁਜ਼ਗਾਰੀ ਫੈਲਦੀ ਹੈ। ਜਿਵੇਂ-ਜਿਵੇਂ ਸਰਮਾਏਦਾਰਾ ਪ੍ਰਬੰਧ ਵਿਕਾਸ ਕਰਦਾ ਹੈ ਤਾਂ ਮੰਡੀ ਵਿਚਲਾ ਮੁਕਾਬਲਾ ਵੀ ਦਿਨੋ-ਦਿਨ ਹੋਰ ਤਿੱਖਾ ਤੇ ਉੱਚੇ ਪੱਧਰ ‘ਤੇ ਹੁੰਦਾ ਚਲਿਆ ਜਾਂਦਾ ਹੈ। ਇਸ ਮੁਕਾਬਲੇ ਵਿੱਚ ਛੋਟਾ ਮਾਲਕ ਜੋ ਇਸ ਗਲਵੱਢ ਘਮਸਾਨ ਵਿੱਚ ਹਾਰ ਜਾਂਦਾ ਹੈ, ਉਹ ਮਜ਼ਦੂਰਾਂ ਦੀਆਂ ਕਤਾਰਾਂ ਵਿੱਚ ਰਲ਼ਦਾ ਜਾਂਦਾ ਹੈ। ਨਤੀਜੇ ਵਜੋਂ ਬੇਰੁਜ਼ਗਾਰ ਕਾਮਿਆਂ ਦੀ ਗਿਣਤੀ ਦਿਨੋ-ਦਿਨ ਵੱਧਦੀ ਜਾਂਦੀ ਹੈ। ਇਸ ਤਰ੍ਹਾਂ ਸਰਮਾਏਦਾਰਾਂ ਲਈ ਵਾਫ਼ਰ ਮਜ਼ਦੂਰ ਮੌਜੂਦ ਰਹਿੰਦੇ ਹਨ ਜਿਸ ਕਰਕੇ ਕੰਮ ਕਰ ਰਿਹੇ ਕਿਰਤੀਆਂ ਨੂੰ ਘੱਟ ਮਜ਼ਦੂਰੀ, ਕੱਚੀ ਨੌਕਰੀ, ਵਾਧੂ ਕੰਮ ਘੰਟੇ, ਬਿਨਾਂ ਈਐਸਆਈ ਕਾਰਡ ਆਦਿ ਸ਼ਰਤਾਂ ‘ਤੇ ਵੀ ਕੰਮ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ। ਕਈ ਵਾਰ ਤਾਂ ਮਾਲਕ ਮਜ਼ਦੂਰਾਂ ਦੀ ਤਨਖ਼ਾਹ ਵੀ ਮਾਰ ਜਾਂਦੇ ਹਨ ਪਰ ਮਜ਼ਦੂਰ ਡਰ ਹੇਠ ਕੰਮ ਕਰਦੇ ਰਹਿੰਦੇ ਹਨ।

ਪਰ ਇਸ ਸਮੱਸਿਆ ਦੇ ਵਿਗਿਆਨਕ ਵਿਸ਼ਲੇਸ਼ਣ ਦੇ ਉਲਟ ਇੱਥੋਂ ਕਈ ਤਰ੍ਹਾਂ ਦੇ ਵਿਚਾਰ ਜਾਂ ਸਿਧਾਂਤ ਨਿਕਲਦੇ ਹਨ। ਕੋਈ ਸਰਕਾਰਾਂ ‘ਤੇ ਇਸਦਾ ਪੱਲਾ ਝਾੜਦਾ ਹੈ, ਕੋਈ ਵਧਦੀ ਅਬਾਦੀ ਦਾ ਮਾਲਥਸਵਾਦੀ ਮੱਧ-ਵਰਗੀ ਸਿਧਾਂਤ ਲੈ ਕੇ ਬੈਠ ਜਾਂਦਾ ਹੈ ਜਿਸ ਅਨੁਸਾਰ ਵੱਧਦੀ ਅਬਾਦੀ ਹੀ ਸਮੱਸਿਆਵਾਂ ਦਾ ਕਾਰਨ ਹੈ ਅਤੇ ਇਸਨੂੰ ਘਟਾ ਕੇ ਹੀ ਇਹ ਸਮੱਸਿਆ ਹੱਲ ਕੀਤੀ ਜਾ ਸਕਦੀ ਹੈ। ਕੋਈ ਹਰ ਤਕਨੀਕ, ਮਸ਼ੀਨ, ਆਧੁਨਿਕਤਾ ਨੂੰ ਨਕਾਰ ਕੇ ਬੀਤੇ ਦੀ ਗੋਦੀ ਵਿੱਚ ਲੋਰੀਆਂ ਸੁਣਨ ਦਾ ਹੇਰਵਾਵਾਦੀ ਸਿਧਾਂਤ ਲੈ ਕੇ ਬੈਠ ਜਾਂਦਾ ਹੈ। ਪਰ ਇਹਨਾਂ ਇਹਨਾਂ ਸਾਰੇ ਸਿਧਾਂਤਾਂ ਵਿੱਚ ਇੱਕ ਗੱਲ ਸਾਂਝੀ ਹੈ ਕਿ ਇਹ ਸਮਾਜ ਦੇ ਵਿਗਿਆਨ ਨੂੰ ਪਿੱਠ ਦਿਖਾ ਕੇ ਸਤਹਿ ‘ਤੇ ਦਿਸਦੇ ਸੱਚ ਨੂੰ ਹੀ ਅੰਤਿਮ ਨਿਰਪੇਖ ਸੱਚ ਸਮਝਦੇ ਹੋਏ ਆਪਣਾ-ਆਪਣਾ ਰਾਗ ਪਿਛਲੇ ਲੰਬੇ ਸਮੇਂ ਤੋਂ ਅਲਾਪਦੇ ਆ ਰਹੇ ਹਨ ਤੇ ਹਾਲੇ ਵੀ ਉਸੇ ਪੁਰਾਣੀ ਬੀਨ ਤੇ ਮੰਤਰ-ਮੁਗਧ ਹੋਏ ਝੂਮ ਰਹੇ ਹਨ। ਇਹਨਾਂ ਸਿਧਾਂਤਾਂ ਦੀ ਨਿਪੁੰਸਕਤਾ ਬਾਰੇ ਅਸੀਂ ‘ਲਲਕਾਰ’ ਵਿੱਚ ਕਈ ਵਾਰ ਲਿਖ ਚੁੱਕੇ ਹਾਂ ਅਤੇ ਨਾ ਕੇਵਲ ਅਸੀਂ ਸਗੋਂ ਮਾਰਕਸ, ਏਂਗਲਜ਼, ਲੈਨਿਨ ਵਰਗਿਆਂ ਨੇ ਵੀ ਬਹੁਤ ਪਹਿਲਾਂ ਹੀ ਅਜਿਹੇ ਸਿਧਾਂਤਾਂ ਦੇ ਬੋਦਾਪਣ ਤੇ ਨਿਪੁੰਸਕਤਾ ਨੂੰ ਤੱਥਾਂ ਸਹਿਤ ਖਾਰਜ ਕੀਤਾ ਹੈ। ਪਰ ਕਿਉਂਕਿ ਅਜਿਹੇ ਵਿਚਾਰਾਂ ਦੀ ਜ਼ਮੀਨ ਮੌਜੂਦ ਹੈ ਇਸ ਕਰਕੇ ਇਹ ਹੁਣ ਵੀ ਨਵੇਂ-ਨਵੇਂ ਰੂਪਾਂ ਵਿੱਚ ਸਿਰ ਚੁੱਕ ਰਹੇ ਹਨ। ਪਰ ਸਮਾਜਿਕ ਵਿਗਿਆਨ ਦਾ ਸਿਧਾਂਤ ਜੋ ਕਿਸੇ ਭਾਵਾਂ ਤੇ ਭਾਵੁਕਤਾ ਨੂੰ ਨਹੀਂ ਮੰਨਦਾ ਇਸਦੇ ਕਾਰਨਾਂ ‘ਤੇ ਹੱਲ ਦਾ ਵਿਗਿਆਨਕ ਹੱਲ ਪੇਸ਼ ਕਰਦਾ ਹੈ। ਜੋ ਤਰਕ ਦੀ ਰੌਸ਼ਨੀ ਵਿੱਚ ਹਲਾਤਾਂ ਦਾ ਠੀਕ ਵਿਗਿਆਨ ਵਿਸ਼ਲੇਸ਼ਣ ਕਰਦਾ ਹੈ ਤੇ ਸਹੀ ਸਮਝ ਦੇ ਅਧਾਰ ‘ਤੇ ਇਸ ਸਮੱਸਿਆ ਦਾ ਵਿਗਿਆਨਕ ਹੱਲ ਮੁਹੱਈਆ ਕਰਵਾਉਂਦਾ ਹੈ। ਉਹ ਹੈ ਵਿਗਿਆਨਕ ਸਮਾਜਵਾਦ ਦਾ ਸਿਧਾਂਤ ਜੋ ਸਰਮਾਏਦਾਰੀ ਅਧੀਨ ਬੇਰੁਜ਼ਗਾਰੀ ਅਤੇ ਛੋਟੀ ਮਾਲਕੀ ਦੇ ਉਜਾੜੇ ਦਾ ਸਹੀ ਵਿਗਿਆਨ ਵਿਸ਼ਲੇਸ਼ਣ ਕਰਦਾ ਹੈ ਅਤੇ ਉਸਦੇ ਅਧਾਰ ‘ਤੇ ਅਜੋਕੇ ਸਰਮਾਏਦਾਰਾ ਸਬੰਧਾਂ ਦੇ ਖ਼ਾਤਮੇ ਦਾ ਵਿਗਿਆਨਕ ਸਿਧਾਂਤ ਪੇਸ਼ ਕਰਦਾ ਹੈ ਕਿ ਕੇਵਲ ਮਜ਼ਦੂਰ ਜਮਾਤੀ ਦੀ ਹਰਾਵਲ ਪਾਰਟੀ ਦੀ ਅਗਵਾਈ ਹੇਠ ਸਰਮਾਏਦਾਰਾ ਸਬੰਧਾਂ ਨੂੰ ਤਬਾਹ ਕਰਕੇ ਇੱਕ ਸਮਾਜਵਾਦੀ ਸਮਾਜ ਹੀ ਇਹਨਾਂ ਸਮੱਸਿਆਵਾਂ ਨੂੰ ਹੱਲ ਕਰ ਸਕਦਾ ਹੈ। ਜਿੱਥੇ ਪੈਦਾਵਾਰ ਮੁਨਾਫ਼ੇ ਲਈ ਨਾ ਹੋ ਕੇ ਮਨੁੱਖਤਾ ਨੂੰ ਕੇਂਦਰ ‘ਚ ਰੱਖ ਕੇ ਕੀਤੀ ਜਾਂਦੀ ਹੈ। ਜਿੱਥੇ ਕਿਸੇ ‘ਤੇ ਵੱਡੇ-ਵੱਡੇ ਧਨ-ਪਸ਼ੂਆਂ ਦੇ ਮੁਨਾਫ਼ੇ ਵਧਾਉਣ ਲਈ ਕਿਰਤ ਥੋਪੀ ਨਹੀਂ ਜਾਵੇਗੀ ਸਗੋਂ ਸਮਾਜ ਦੀਆਂ ਲੋੜਾਂ ਨੂੰ ਮੁੱਖ ਰੱਖਕੇ ਕਿਰਤ ਕੀਤੀ ਜਾਵੇਗੀ ਅਤੇ ਸਮਾਜ ਦਾ ਹਰ ਕੰਮ ਕਰਨ ਯੋਗ ਨਾਗਰਿਕ ਪੈਦਾਵਾਰੀ ਕਿਰਤ ਵਿੱਚ ਹਿੱਸਾ ਲਵੇਗਾ। ਦੂਜਾ ਗ਼ੈਰ-ਜਰੂਰੀ ਪੈਦਾਵਾਰ ਜਿਵੇਂ ਸੁੰਦਰਤਾ ਦੇ ਉਤਪਾਦ, ਮੋਟਾਪਾ ਵਧਾਉਣ ਤੇ ਘਟਾਉਣ ਦੀਆਂ ਦਵਾਈਆਂ ਦਾ ਧੰਦਾ ਆਦਿ – ਬੰਦ ਕੀਤੀ ਜਾਵੇਗੀ। ਜਿੱਥੇ ਹਰ ਮਨੁੱਖ ਕਿਰਤ ਵਿੱਚੋਂ ਆਨੰਦ ਪ੍ਰਾਪਤ ਕਰੇਗਾ ਤੇ ਕਿਰਤ ਮਨੁੱਖੀ ਸਿਰਜਣਾਮਕਤਾ ਵਿੱਚ ਵਾਧਾ ਕਰੇਗੀ। ਪਰ ਇਹ ਇੱਕ ਮਨੁੱਖ ਕੇਂਦਰਤ ਪੈਦਾਵਾਰੀ ਸਬੰਧਾਂ ਵਾਲ਼ੇ ਸਮਾਜ ਵਿੱਚ ਹੀ ਸੰਭਵ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 44, ਅਕਤੂਬਰ 2015 ਵਿਚ ਪਰ੍ਕਾਸ਼ਤ

Advertisements