ਸਰਮਾਏਦਾਰਾ ਪਾਰਲੀਮਾਨੀ ਸੰਸਥਾਵਾਂ ਦੀਆਂ ਚੋਣਾਂ ਇੱਕ ਫਰੇਬ ਹਨ : ਕਿਰਤੀ ਲੋਕਾਂ ਦੀ ਮੁਕਤੀ ਇਹਨਾਂ ਚੋਣਾਂ ਰਾਹੀਂ ਸੰਭਵ ਨਹੀਂ •ਸੰਪਾਦਕੀ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਕਿਰਤੀ ਲੋਕਾਂ ਦੀ ਮੁਕਤੀ ਦਾ ਇੱਕੋ ਸਾਧਨ ਮੌਜੂਦਾ ਸਰਮਾਏਦਾਰਾ ਲੁਟੇਰੇ ਢਾਂਚੇ ਦੀ ਥਾਂ ਸਮਾਜਵਾਦੀ ਪ੍ਰਬੰਧ ਦੀ ਉਸਾਰੀ ਹੈ

ਪੰਜਾਬ ਸਮੇਤ ਦੇਸ਼ ਦੇ ਕੁਝ ਹੋਰ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਦਾ ਮਹੌਲ ਭਖਿਆ ਹੋਇਆ ਹੈ। ਵੱਖ-ਵੱਖ ਹਾਕਮ ਜਮਾਤੀ ਪਾਰਟੀਆਂ ਤਰ੍ਹਾਂ-ਤਰ੍ਹਾਂ ਦੇ ਵਾਦਿਆਂ, ਲਾਰਿਆਂ ਸਮੇਤ ਲੋਕਾਂ ਨੂੰ ਭਰਮਾਉਣ ਲਈ ਮੈਦਾਨ ‘ਚ ਉੱਤਰੀਆਂ ਹੋਈਆਂ ਹਨ। ਦੇਸ਼ ‘ਚ ਹਰ ਪੰਜ ਸਾਲਾਂ ‘ਚ ਕਦੇ ਪੰਚਾਇਤਾਂ, ਕਦੇ ਮਿਊਂਸੀਪਲ ਕਮੇਟੀਆਂ/ ਕਾਰਪੋਰੇਸ਼ਨਾ, ਕਦੇ ਵਿਧਾਨ ਸਭਾਵਾਂ ਅਤੇ ਕਦੇ ਸੰਸਦ ਦੀਆਂ ਚੋਣਾ ਹੁੰਦੀਆਂ ਹੀ ਰਹਿੰਦੀਆਂ ਹਨ। ਜਿਸ ਵਿੱਚ ਹਾਕਮ ਜਮਾਤਾਂ ਦੇ ਧਨਵਾਨ ਅਤੇ ਅਸਰ ਰਸੂਖ਼ ਵਾਲ਼ੇ ਨੁਮਾਇੰਦੇ/ ਪਾਰਟੀਆਂ ਰਾਜ ਸੱਤਾ ਦੀ ਵਾਗਡੋਰ ਸੰਭਾਲਣ ਲਈ ਆਪਸ ‘ਚ ਦੋਸਤਾਨਾ ਖੇਡ ਖੇਡਦੇ ਹਨ। ਦੇਸ਼ ਦੇ ਕਿਰਤੀ ਲੋਕ ਵੋਟਰਾਂ ਦੇ ਰੂਪ ‘ਚ ਇਸ ਖੇਡ ਦੇ ਹਿੱਸੇਦਾਰ ਬਣਦੇ ਹਨ। ਹਾਕਮ ਜਮਾਤਾਂ ਵਿਰੁੱਧ ਉਹ ਆਪਣਾ ਗੱਸਾ ਹਾਕਮ ਜਮਾਤਾਂ ਦੀ ਇੱਕ ਪਾਰਟੀ ਦੀ ਥਾਂ ਦੂਸਰੀ ਪਾਰਟੀ ਨੂੰ ਵੋਟ ਦੇਕੇ ਕੱਢ ਲੈਂਦੇ ਹਨ। ਇਸ ਤਰ੍ਹਾਂ ਸਰਮਾਏਦਾਰਾ ਜਮਹੂਰੀਅਤ ਬਾਰੇ ਉਹਨਾਂ ਦੇ ਭਰਮ ਭੁਲੇਖਿਆਂ ਦੀ ਉਮਰ ਹੋਰ ਲੰਬੀ ਹੋ ਜਾਂਦੀ ਹੈ। ਇਹੋ ਹੀ ਸਰਮਾਏਦਾਰਾ ਪਾਰਲੀਮਾਨੀ ਚੋਣਾਂ ਦਾ ਇੱਕ ਮਕਸਦ ਵੀ ਹੁੰਦਾ ਹੈ।

ਪੂਰੀ ਦੁਨੀਆਂ ਦਾ ਸਰਮਾਏਦਾਰਾ ਜ਼ਮਹੂਰੀਅਤ ਦਾ ਤਜ਼ਰਬਾ ਦਿਖਾਉਂਦਾ ਕਿ ਇਹਨਾਂ ਚੋਣਾਂ ਰਾਹੀਂ ਮਜ਼ਦੂਰਾਂ ਅਤੇ ਹੋਰ ਕਿਰਤੀਆਂ ਨੂੰ ਲੁੱਟ-ਜ਼ਬਰ, ਗਰੀਬੀ, ਬੇਰੁਜ਼ਗਾਰੀ ਤੋਂ ਮੁਕਤੀ ਨਹੀਂ ਮਿਲ਼ ਸਕਦੀ। ਸਾਡੇ ਦੇਸ਼ ‘ਚ ਵੱਖ ਤਰ੍ਹਾਂ ਦੀਆਂ ਵੋਟਾਂ ਪੈਂਦੀਆਂ ਨੂੰ 60 ਸਾਲ ਤੋਂ ਵਧੇਰੇ ਸਮਾਂ ਹੋ ਗਿਆ ਹੈ। ਇਹਨਾਂ 60 ਸਾਲਾਂ ‘ਚ ਭਾਰਤੀ ਸਮਾਜ ‘ਚ ਅਮੀਰ-ਗਰੀਬ ਦੀ ਵੰਡ ਡੂੰਘੀ ਹੀ ਹੁੰਦੀ ਗਈ ਹੈ। ਭਾਰਤੀ ਸਮਾਜ ਦਿਨੋਂ-ਦਿਨ ਦੋ ਵਿਰੋਧੀ ਧਰੁਵਾਂ ਇੱਕ ਪਾਸੇ ਹਰ ਤਰ੍ਹਾਂ ਦੀ ਦੇ ਗੁਜ਼ਾਰੇ ਦੇ ਸਾਧਨਾ ਤੋਂ ਵਿਹੂਣੇ ਸਿਰਫ਼ ਆਪਣੀ ਕਿਰਤ ਸ਼ਕਤੀ ਦੀ ਵਿਕਰੀ ‘ਤੇ ਜਿਉਂਦੇ ਮਜ਼ਦੂਰਾਂ ਅਤੇ ਦੂਜੇ ਪਾਸੇ ਵਿਲਾਸਤਾ ‘ਚ ਡੁੱਬੇ ਸਰਮਾਏਦਾਰਾਂ ‘ਚ ਵਧੇਰੇ ਤੋਂ ਵਧੇਰੇ ਵੰਡਿਆ ਗਿਆ ਹੈ। ਆਲੀਸ਼ਾਨ ਮਹਿਲਾਂ ਦੇ ਇਰਦ-ਗਿਰਦ ਗੰਦੀਆਂ ਬਸਤੀਆਂ ਦੀ ਗਿਣਤੀ ਵਧਦੀ ਹੀ ਗਈ ਹੈ। ਸਰਮਾਏਦਾਰਾ ਪਾਰਲੀਮਾਨੀ ਸੰਸਥਾਵਾਂ ‘ਚ ਚੁਣੀਆਂ ਸਰਕਾਰਾਂ ਦਾ ਕੰਮ ਹੁੰਦਾ ਹੈ ਕਿ ਦੇਸ਼ ਦੇ ਪੈਦਾਵਾਰ ਦੇ ਸਾਧਨਾਂ ‘ਤੇ ਕਾਬਜ਼ ਮੁੱਠੀ ਭਰ ਸਰਮਾਏਦਾਰਾਂ ਦੁਆਰਾ ਕਰੋੜਾਂ ਮਜ਼ਦੂਰਾਂ ਦੀ ਲੁੱਟ ਕਿਵੇਂ ਬੇਰੋਕ-ਟੋਕ ਅਤੇ ਸੁਚਾਰੂ ਰੂਪ ‘ਚ ਚੱਲਦੀ ਰਹੇ। ਮਜ਼ਦੂਰਾਂ ਅਤੇ ਹੋਰ ਕਿਰਤੀਆਂ ਦੀ ਮੁਕਤੀ ਇਹਨਾਂ ਵੋਟਾਂ ਰਾਹੀਂ ਨਹੀਂ ਹੋ ਸਕਦੀ। ਉਹਨਾਂ ਦੀ ਮੁਕਤੀ ਸਰਕਾਰਾਂ ਬਦਲਣ ਜ਼ਰੀਏ ਨਹੀਂ ਲੁਟੇਰੇ ਸਰਮਾਏਦਾਰਾ ਸਮਾਜੀ ਢਾਂਚੇ ਨੂੰ ਬਦਲਣ ਜ਼ਰੀਏ ਹੀ ਹੋਵੇਗੀ।

ਸਰਕਾਰਾਂ ਨਹੀਂ ਸਮਾਜੀ ਪ੍ਰਬੰਧ ਬਦਲੋ!

ਸਰਮਾਏਦਾਰੀ ਸਮਾਜ ਵਿੱਚ ਬਣਨ ਵਾਲੀ ਹਰ ਸਰਕਾਰ ਹਾਕਮ ਜਮਾਤ ਦੀ ਸੇਵਕ ਹੁੰਦੀ ਹੈ। ਹਾਕਮ ਜਮਾਤ ਉਹ ਹੁੰਦੀ ਹੈ ਜਿਸ ਕੋਲ਼ ਪੈਦਾਵਾਰ ਦੇ ਸਾਧਨ (ਕਾਰਖਾਨੇ, ਵੱਡੀਆਂ ਜ਼ਮੀਨਾਂ ਆਦਿ) ਹੁੰਦੇ ਹਨ। ਅੱਜ ਸਾਡੇ ਦੇਸ਼ ‘ਚ ਸੱਨਅਤੀ ਸਰਮਾਏਦਾਰਾਂ, ਨੌਕਰਸ਼ਾਹ ਸਰਮਾਏਦਾਰਾਂ (ਸਰਕਾਰੀ ਖੇਤਰ ਦੇ ਉੱਦਮਾਂ ‘ਚ ਉੱਚ ਅਹੁਦਿਆਂ ‘ਤੇ ਬਿਰਾਜਮਾਨ), ਵੱਡੀ ਜ਼ਮੀਨ ਮਾਲਕੀ ਵਾਲ਼ੇ ਸਰਮਾਏਦਾਰਾਂ, ਵੱਡੇ ਵਪਾਰੀਆਂ, ਬੈਂਕਰਾਂ ਆਦਿ ਦਾ ਪੈਦਾਵਾਰ ਦੇ ਸਭ ਸਾਧਨਾਂ ਤੇ ਕਾਬਜ਼ਾ ਹੈ। ਦੇਸ਼ ਦੇ ਕਰੋੜਾਂ ਮਜ਼ਦੂਰ ਇਹਨਾਂ ਦੀ ਮਾਲਕੀ ਵਾਲ਼ੇ ਅਦਾਰਿਆਂ ‘ਚ ਹੱਡ ਭੰਨਵੀਂ ਮਿਹਨਤ ਕਰਦੇ ਹਨ। ਬਦਲੇ ‘ਚ ਉਹਨਾਂ ਨੂੰ ਓਨੀਂ ਕੁ ਉਜ਼ਰਤ ਮਿਲ਼ਦੀ ਹੈ, ਜਿਸ ਨਾਲ਼ ਕਿ ਉਹ ਜਿਉਂਦੇ ਰਹਿ ਸਕਣ ਅਤੇ ਉਹਨਾਂ ਦੇ ਅਦਾਰਿਆਂ ‘ਚ ਕੰਮ ਕਰਦੇ ਰਹਿ ਸਕਣ। ਇਹਨਾਂ ਕਰੋੜਾਂ ਮਜ਼ਦੂਰਾਂ ਦੀ ਮਿਹਨਤ ਤੋਂ ਪੈਦਾ ਹੁੰਦਾ ਧਨ (ਮਾਮੂਲੀ ਉਜ਼ਰਤਾਂ ਨੂੰ ਛੱਡ ਕੇ) ਇਹਨਾਂ ਸਰਮਾਏਦਾਰਾਂ ਦੀਆਂ ਤਿਜ਼ੋਰੀਆਂ ‘ਚ ਪਹੁੰਚਦਾ ਰਹਿੰਦਾ ਹੈ। ਇਸ ਲੁੱਟਤੰਤਰ ਨੂੰ ਮਜ਼ਦੂਰਾਂ ਦੇ ਏਕੇ ਤੋਂ ਪੈਦਾ ਹੋਣ ਵਾਲ਼ੇ ਹਰ ਖਤਰੇ ਨਾਲ਼ ਨਜਿੱਠਣ ਲਈ, ਹਥਿਆਰਬੰਦ ਤਾਕਤਾਂ, ਜ਼ੇਲ੍ਹਾਂ, ਅਦਾਲਤਾਂ, ਨੌਕਰਸ਼ਾਹੀ ਦਾ ਵਿਸ਼ਾਲ ਢਾਂਚਾ ਉੱਸਰਿਆ ਹੋਇਆ ਹੈ। ਇਸ ਨੂੰ ਰਾਜ ਸੱਤਾ ਕਹਿੰਦੇ ਹਨ। ਰਾਜ ਸੱਤਾ ਇੱਕ ਜਮਾਤ ਵੱਲੋਂ ਦੂਜੀ ਜਮਾਤ ਨੂੰ ਦਬਾਈ ਰੱਖਣ, ਉਸਦੇ ਹਰ ਟਾਕਰੇ ਨੂੰ ਕੁਚਲਣ ਦਾ ਹਥਿਆਰ ਹੁੰਦੀ ਹੈ। ਇਸ ਦਾ ਕੰਟਰੋਲ ਉਸ ਜਮਾਤ ਕੋਲ਼ ਹੁੰਦਾ ਹੈ ਜਿਸ ਕੋਲ਼ ਪੈਦਾਵਾਰ ਦੇ ਸਾਧਨ ਹੁੰਦੇ ਹਨ। ਇਸ ਪ੍ਰਬੰਧ ‘ਚ ਲੋਕਾਂ ਦੀਆਂ ਵੋਟਾਂ ਰਾਹੀਂ ਬਣਨ ਵਾਲ਼ੀਆਂ ਸਰਕਾਰਾਂ ਇਸੇ ਢਾਂਚੇ ਨੂੰ ਸੁਚਾਰੂ ਰੂਪ ‘ਚ ਚਲਾਉਣ ਲਈ ਬਣਦੀਆਂ ਹਨ। ਇਸ ਢਾਂਚੇ ‘ਚ ਬਣਨ ਵਾਲ਼ੀ ਕੋਈ ਵੀ ਸਰਕਾਰ ਹਾਕਮ ਜਮਾਤ ਦੀ ਰਜ਼ਾ ਦੇ ਵਿਰੋਧ ‘ਚ ਨਹੀਂ ਜਾ ਸਕਦੀ। ਮਜ਼ਦੂਰ ਜਮਾਤ ਦੀ ਪਾਰਟੀ ਜਦੋਂ ਉਹ ਕਮਜ਼ੋਰ ਹੋਵੇ ਤਾਂ ਇਸ ਪ੍ਰਬੰਧ ‘ਚ ਉਸਨੂੰ ਵੋਟਾਂ ‘ਚ ਹਿੱਸਾ ਲੈਣ ਦਾ ਮੌਕਾ ਮਿਲ਼ ਸਕਦਾ ਹੈ। ਪਰ ਉਸਨੂੰ ਬਹੁਤ ਅੱਗੇ ਨਹੀਂ ਵਧਣ ਦਿੱਤਾ ਜਾਂਦਾ। ਜਿਵੇਂ ਹੀ ਮਜ਼ਦੂਰਾਂ ਦੀ ਪਾਰਟੀ (ਇਨਕਲਾਬੀ ਕਮਿਊਨਿਸਟ ਪਾਰਟੀ) ਮਜ਼ਬੂਤ ਹੁੰਦੀ ਹੈ, ਇਸਦੀ ਅਗਵਾਈ ‘ਚ ਮਜ਼ਦੂਰਾਂ ਦੇ ਸੰਘਰਸ਼ ਤਿੱਖੇ ਹੁੰਦੇ ਹਨ ਤਾਂ ਇਸ ‘ਤੇ ਰਾਜ ਸੱਤ੍ਹਾ ਦਾ ਜ਼ਬਰ ਵੀ ਵਧਦਾ ਜਾਂਦਾ ਹੈ। ਇਸ ਢਾਂਚੇ ‘ਚ ਸਿਰਫ਼ ਇਸ ਢਾਂਚੇ ਦੀਆਂ ਵਫ਼ਾਦਾਰ ਸੇਵਕ ਪਾਰਟੀਆਂ ਨੂੰ ਹੀ ਅੱਗੇ ਆਉਣ ਦਿੱਤਾ ਜਾਂਦਾ ਹੈ।

ਇਸ ਲਈ ਵਰਤਮਾਨ ਸਰਮਾਏਦਾਰੀ ਢਾਂਚੇ ‘ਚ ਮਜ਼ਦੂਰਾਂ ਅਤੇ ਹੋਰ ਕਿਰਤੀ ਲੋਕਾਂ ਦੀ ਮੁਕਤੀ ਸਰਕਾਰਾਂ ਬਦਲਣ ਨਾਲ਼ ਨਹੀਂ ਹੋ ਸਕਦੀ। ਇਸ ਢਾਚੇ ‘ਚ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਬਣੇ ਕਿਰਤੀ ਲੋਕਾਂ ਦੀ ਲੁੱਟ ਅਤੇ ਜ਼ਬਰ ਦਾ ਸਿਲਸਿਲਾ ਚੱਲਦਾ ਰਹੇਗਾ। ਇਸ ਲਈ ਮਜ਼ਦੂਰ ਜਮਾਤ ਦੀ ਅੰਤਮ ਮੁਕਤੀ ਇਸ ਪੂਰੇ ਲੁਟੇਰੇ ਸਰਮਾਏਦਾਰਾ ਢਾਂਚੇ ਨੂੰ ਬਦਲਕੇ ਸਮਾਜਵਾਦੀ ਪ੍ਰਬੰਧ ਦੀ ਉਸਾਰੀ ਕਰਕੇ ਹੀ ਹੋ ਸਕਦੀ ਹੈ।

ਮਜ਼ਦੂਰ ਜਮਾਤ ਅਤੇ ਹੋਰ ਕਿਰਤੀਆਂ ਦੀ ਮੁਕਤੀ ਦਾ ਇੱਕੋ-ਇੱਕ ਰਾਹ ਹੈ ਸਮਾਜਵਾਦੀ ਇਨਕਲਾਬ

ਮਜ਼ਦੂਰ ਜਮਾਤ ਅਤੇ ਹੋਰ ਕਿਰਤੀਆਂ ਦੀ ਅੰਤਮ  ਮੁਕਤੀ ਦਾ ਰਾਹ ਸਮਾਜਵਾਦੀ ਇਨਕਲਾਬ ਰਾਹੀਂ ਹੋ ਕੇ ਲੰਘਦਾ ਹੈ। ਇਸ ਇਨਕਲਾਬ ਤੋਂ ਭਾਵ ਹੈ ਪੈਦਾਵਾਰ ਦੇ ਸਭ ਵਸੀਲੇ ਸਰਮਾਏਦਾਰ ਜਮਾਤ ਤੋਂ ਖੋਹਣੇ ਅਤੇ ਉਹਨਾਂ ਨੂੰ ਪੂਰੇ ਸਮਾਜ ਦੀ ਮਲਾਕੀ ਬਣਾਉਣਾ। ਸਾਫ਼ ਹੈ ਕਿ ਅੱਜ ਇਹਨਾਂ ਪੈਦਾਵਾਰ ਦੇ ਸਾਧਨਾਂ ‘ਤੇ ਕਾਬਜ਼ ਜਮਾਤ ਆਪਣੀ ਮਰਜ਼ੀ ਨਾਲ਼ ਇਹ ਸਾਧਨ ਮਜ਼ਦੂਰਾਂ ਦੇ ਹਵਾਲੇ ਨਹੀਂ ਕਰੇਗੀ। ਉਹ ਆਪਣੇ ਰਾਜ ਭਾਗ, ਧਨ ਦੌਲਤ ਦੀ ਰਾਖੀ ਲਈ ਅੰਤ ਤੱਕ ਲੜੇਗੀ। ਇਸ ਲਈ ਅਜਿਹੀ ਤਬਦੀਲੀ ਸ਼ਾਤੀਪੂਰਬਕ ਨਹੀਂ ਬਲਪੂਰਬਕ  ਹੀ ਹੋ ਸਕਦੀ ਹੈ।

ਵਰਤਮਾਨ ਸਮੇਂ ਪੈਦਾਵਾਰ ਦੇ ਸਾਧਨਾਂ ‘ਤੇ ਕਾਬਜ਼ ਜਮਾਤ ਦੀ ਹਿਫ਼ਾਜ਼ਤ ਲਈ ਰਾਜ ਸੱਤਾ ਹੀ ਨਹੀਂ ਸਗੋਂ ਸਮਾਜ ‘ਚ ਭਾਰੂ ਵਿਚਾਰ, ਸੱਭਿਆਚਾਰ ਆਦਿ ਸਭ ਖੜੇ ਹਨ। ਇਸ ਲਈ ਮਜ਼ਦੂਰ ਜਮਾਤ ਨੂੰ ਇਸ ਪੂਰੇ ਢਾਂਚੇ ਵਿਰੁੱਧ ਲੜਨਾ ਹੋਵੇਗਾ। ਸਰਮਾਏਦਾਰ ਜਮਾਤ ਦੇ ਹੱਕ ‘ਚ ਖੜ੍ਹੀ ਵਿਚਾਰਧਾਰਾ ਦਾ ਖੰਡਨ ਕਰਨਾ ਹੋਵੇਗਾ।

ਸਰਮਾਏਦਾਰ ਢਾਚੇ ਨੂੰ ਉਖਾੜ ਸੁੱਟਣ ਲਈ ਮਜ਼ਦੂਰ ਜਮਾਤ ਦੀਆਂ ਵਿਸ਼ਾਲ ਜਥੇਬੰਦੀਆਂ ਅਤੇ ਨਾਲ਼ ਹੀ ਹੋਰ ਕਿਰਤੀ ਲੋਕਾਂ, ਜੋ ਇਸ ਸਰਮਾਏਦਾਰ ਢਾਂਚੇ ਤੋਂ ਪੀੜ੍ਹਤ ਹਨ (ਜਿਵੇਂ ਕਿ ਗਰੀਬ ਕਿਸਾਨ ਅਤੇ ਹੋਰ ਛੋਟੇ ਮਾਲਕ) ਨਾਲ਼ ਜੋਟੀ ਪਾਉਣੀ ਹੋਵੇਗੀ। ਸਰਮਾਏਦਾਰਾ ਢਾਂਚੇ ਦੀ ਪੂਰੀ ਤਾਕਤ ਵਿਰੁੱਧ ਲੜਨ ਲਈ ਨਾ ਸਿਰਫ਼ ਆਪਣੀਆਂ ਵਿਸ਼ਾਲ ਜਨਤਕ ਜਥੇਬੰਦੀਆਂ ਹੀ ਉਸਾਰਨੀਆਂ ਹੋਣਗੀਆਂ ਸਗੋਂ ਆਪਣੀ ਪਾਰਟੀ (ਕਮਿਊਨਿਸਟ) ਵੀ ਉਸਾਰਨੀ ਹੋਵੇਗੀ।

ਇੱਕ ਇਨਕਲਾਬੀ ਕਮਿਊਨਿਸਟ ਪਾਰਟੀ ਸਮੇਂ ਦੀ ਮੁੱਖ ਲੋੜ

ਅੱਜ ਸਾਡੇ ਦੇਸ਼ ਵਿੱਚ ਕਿਸੇ ਇਕਹਿਰੀ ਕਮਿਊਨਿਸਟ ਪਾਰਟੀ ਦੀ ਹੋਂਦ ਨਹੀਂ ਹੈ। ਵੱਖ-ਵੱਖ ਕਮਿਊਨਿਸਟ ਗਰੁੱਪਾਂ ‘ਚ ਭਾਰਤੀ ਇਨਕਲਾਬ ਦੇ ਪ੍ਰੋਗਰਾਮ ਨੂੰ ਲੈਕੇ ਕਈ ਤਰ੍ਹਾਂ ਦੇ ਮੱਤਭੇਦ ਹਨ। ਜ਼ਿਆਦਾਤਰ ਗਰੁੱਪ ਭਾਰਤੀ ਸਮਾਜ ਬਾਰੇ, ਇੱਥੇ ਇਨਕਲਾਬ ਦੇ ਪ੍ਰੋਗਰਾਮ, ਯੁੱਧਨੀਤੀ ਅਤੇ ਦਾਅਪੇਚਾਂ ਬਾਰੇ ਗਲਤ ਸਮਝ ‘ਤੇ ਖੜ੍ਹੇ ਹਨ। ਇਹ ਗਰੁੱਪ ਭਾਰਤ ਨੂੰ ਅਰਧ ਜਗੀਰੂ- ਅਰਧ ਬਸਤੀ ਦੇਸ਼ ਮੰਨਦੇ, ਇੱਥੇ ਚੀਨੀ ਤਰਜ਼ ਤੇ ਨਵ-ਜਮਹੂਰੀ ਇਨਕਲਾਬ ਦਾ ਪੜਾਅ ਮੰਨਦੇ ਹਨ। ਇਹਨਾਂ ਦਾ ਮੰਨਣਾ ਹੈ ਕਿ ਭਾਰਤੀ ਇਨਕਲਾਬ ਦੀ ਮੁੱਖ ਤਾਕਤ ਕਿਸਾਨੀ ਹੋਵੇਗੀ। ਨਵ-ਜਮਹੂਰੀ ਇਨਕਲਾਬ ਦਾ ਕੇਂਦਰੀ ਨਾਹਰਾ ‘ਜ਼ਮੀਨ ਹਲਵਾਹਕ ਦੀ’ ਹੋਵੇਗਾ। ਇਹਨਾਂ ਦੀ ਭਾਰਤੀ ਸਮਾਜ ਦੀ ਸਮਝ (ਅਰਧ ਜਗੀਰੂ-ਅਰਧ ਬਸਤੀ) ਇਨਕਲਾਬ ਦੀ ਪੂਰੀ ਯੋਜਨਾ ਭਾਰਤ ਦੀਆਂ ਬਾਹਰਮੁਖੀ ਹਾਲਤਾਂ ਨਾਲ਼ ਪੂਰੀ ਤਰ੍ਹਾਂ ਬੇਮੇਲ ਹੈ। ਇਸੇ ਲਈ ਇਹ ਗਰੁੱਪ ਕਿਧਰੇ ਵੀ ਆਵਦੀ ਇਸ ਸਮਝ ਨੂੰ ਲਾਗੂ ਨਹੀਂ ਕਰ ਪਾ ਰਹੇ। ਮਸਲਨ ਕਿਤੇ ਵੀ ਇਹ ‘ਜ਼ਮੀਨ ਹਲਵਾਹਕ ਦੀ’ ਦੇ ਨਾਹਰੇ ਤੋਂ ਕੋਈ ਸੰਘਰਸ਼ ਨਹੀਂ ਲੜ੍ਹ ਰਹੇ। ਸਗੋਂ ਫ਼ਸਲਾਂ ਦੇ ਲਾਹੇਵੰਦ ਭਾਵਾਂ, ਸਬਸਿਡੀਆਂ ਅਦਿ ਦੀਆਂ ਮੰਗਾਂ ‘ਤੇ ਧਨੀ ਕਿਸਾਨਾਂ ਦੇ ਸੰਘਰਸ਼ ਹੀ ਲੜ ਰਹੇ ਹਨ।

ਅੱਜ ਸਾਡੇ ਦੇਸ਼ ਦੀ ਮਜ਼ਦੂਰ ਜਮਾਤ ਨੂੰ ਅਜੇਹੀ ਪਾਰਟੀ ਦੀ ਲੋੜ ਹੈ ਜੋ ਅਤਿ ਉੱਨਤ-ਸਿਧਾਂਤ (ਮਾਰਕਸਵਾਦ-ਲੈਨਿਨਵਾਦ-ਮਾਓਵਾਦ) ਨਾਲ਼ ਲੈੱਸ ਹੋਵੇ। ਜਿਸ ਕੋਲ਼ ਭਾਰਤੀ ਸਮਾਜ ਦੀ ਇੱਕ ਵਿਗਿਆਨ ਸੰਗਤ ਨਾ ਕਿ ਯੁਟੋਪੀਆਈ ਸਮਝ ਹੋਵੇ, ਜਿਸ ਪਾਰਟੀ ਨੇ ਇਨਕਲਾਬ ਨੂੰ ਅਗਵਾਈ ਦੇਣੀ ਹੈ ਉਹ ਢਿੱਲੀ-ਢਾਲੀ, ਖੁੱਲ੍ਹੇ ਢਾਂਚੇ ਵਾਲ਼ੀ ਲੰਡੀ ਬੁੱਚੀ ਨੂੰ ਮੈਂਬਰਸ਼ਿਪ ਦੇਣ ਵਾਲ਼ੀ ਪਾਰਟੀ ਨਹੀਂ ਹੋ ਸਕਦੀ। ਇਹ ਪਾਰਟੀ, ਮਜ਼ਦੂਰ ਜਮਾਤ ਦੀ ਪਾਰਟੀ ਬਾਰੇ ਲੈਨਿਨ ਦੀਆਂ ਸਿੱਖਿਆਵਾਂ ‘ਤੇ ਅਧਾਰਿਤ ਹੋਣੀ ਚਾਹੀਦੀ ਹੈ।

ਮੌਜੂਦਾ ਚੋਣਾਂ ‘ਚ ਕੀ ਕਰੀਏ?

ਇਹ ਨਿਸ਼ਚਿਤ ਹੈ ਕਿ ਮਜ਼ਦੂਰ ਜਮਾਤ ਅਤੇ ਹੋਰ ਕਿਰਤੀ ਲੋਕ, ਜੋ ਕਿ ਵਰਤਮਾਨ ਸਮਾਜ ਦਾ 90 ਫੀਸਦੀ ਬਣਦੇ ਹਨ ਦੀ ਮੁਕਤੀ ਇਸ ਪੂਰੇ- ਸਮਾਜੀ ਢਾਂਚੇ ਨੂੰ ਬਦਲਕੇ ਹੀ ਹੋ ਸਕਦੀ ਹੈ। ਪਾਰਲੀਮਾਨੀ ਚੋਣਾਂ ਜ਼ਰੀਏ ਨਹੀਂ। ਪਾਰਲੀਮਾਨੀ ਚੋਣਾਂ ਲੋਕਾਂ ‘ਚ ਪਾਰਲੀਮਾਨੀ ਜ਼ਮਹੂਰੀਅਤ (ਸਰਮਾਏਦਾਰਾਂ ਲਈ ਜ਼ਮਹੂਰੀਅਤ ਮਜ਼ਦੂਰਾਂ ਲਈ ਤਾਨਾਸ਼ਾਹੀ) ਪ੍ਰਤੀ ਭਰਮ-ਭੁਲੇਖਿਆਂ ਦੀ ਉਮਰ ਲੰਬੀ ਕਰਦੀਆਂ ਹਨ। ਮਜ਼ਦੂਰ ਜ਼ਮਾਤ ਦੀ ਪਾਰਟੀ ਦਾ ਕੰਮ ਮਜ਼ਦੂਰ ਜ਼ਮਾਤ ‘ਚ ਸਰਮਾਏਦਾਰਾ ਪਾਰਲੀਮਾਨੀ ਜਮਹੂਰੀਅਤ ਦੇ ਦੰਭ ਨੂੰ ਨੰਗਾ ਕਰਨਾ ਹੁੰਦਾ ਹੈ। ਪਰ ਇਹ ਦੰਭ ਉਹ ਪਾਰਲੀਮਾਨੀ ਚੋਣਾਂ ਦੌਰਾਨ ਭਖ਼ੇ ਹੋਏ ਸਿਆਸੀ ਮਹੌਲ ਦੌਰਾਨ ਕਿਨਾਰੇ ਬੈਠ ਨੰਗਾਂ ਨਹੀਂ ਕਰ ਸਕਦੀ। ਉਸ ਲਈ ਜ਼ਰੂਰੀ ਹੈ ਕਿ ਉਹ ਇਹਨਾਂ ਚੋਣਾਂ ‘ਚ ਹਿੱਸਾ ਲੈਕੇ, ਪਾਰਲੀਮਾਨੀ ਸੰਸਥਾਵਾਂ ਦੇ ਮੰਚਾਂ ਦਾ ਇਸਤੇਮਾਲ ਕਰਦੇ ਹੋਏ ਇਸਨੂੰ ਨੰਗਾ ਕਰੇ। ਮਜ਼ਦੂਰ ਜਮਾਤ ਦੀ ਪਾਰਟੀ ਅਜਿਹਾ ਉਸ ਹਾਲਤ ‘ਚ ਕਰਦੀ ਹੈ ਜਦੋਂ ਮਜ਼ਦੂਰ ਲਹਿਰ ਲਹਾਅ ‘ਚ ਹੁੰਦੀ ਹੈ ਅਤੇ ਜਦੋਂ ਮਜ਼ਦੂਰ ਲਹਿਰ ਚੜ੍ਹਤ ‘ਚ ਹੋਵੇ ਉਦੋਂ ਪਾਰਲੀਮਾਨੀ ਚੋਣਾਂ ‘ਚ ਹਿੱਸਾ ਲੈਣਾ ਇੱਕ ਗਲਤੀ ਹੋਵੇਗੀ। ਉਦੋਂ ਮਜ਼ਦੂਰ ਜਮਾਤ ਦੀ ਪਾਰਟੀ ਨੂੰ ਇਹਨਾਂ ਚੋਣਾਂ ਦੇ ਬਾਈਕਾਟ ਦਾ ਨਾਹਰਾ ਦੇਣਾ ਹੋਵੇਗਾ।

ਅੱਜ ਕਈ ਇਨਕਲਾਬੀ ਗਰੁੱਪ ਚੋਣਾਂ ਦੇ ਬਾਈਕਾਟ ਦਾ ਨਾਹਰਾ ਦਿੰਦੇ ਹਨ। ਪਰ ਲੋਕ ਉਹਨਾਂ ਦੀ ਗੱਲ ਨਹੀਂ ਸੁਣਦੇ ਸਗੋਂ ਵੱਡੀ ਪੱਧਰ ‘ਤੇ ਚੋਣਾਂ ‘ਚ ਹਿੱਸਾ ਲੈਂਦੇ ਹਨ। ਕੁਝ ਗਰੁੱਪ ਨਾ ਤਾਂ ਚੋਣਾਂ ‘ਚ ਹਿੱਸਾ ਲੈਂਦੇ ਹਨ ਅਤੇ ਨਾ ਹੀ ਚੋਣਾਂ ਦਾ ਬਾਈਕਾਟ ਕਰਦੇ ਹਨ। ਉਹ ਮੀਟਿੰਗਾਂ ਰੈਲੀਆਂ, ਪਾਰਚਿਆਂ, ਪੋਸਟਰਾਂ ਜ਼ਰੀਏ ਪਾਰਲੀਮਾਨੀ ਚੋਣਾਂ ਦੇ ਢੋਂਗ ਨੂੰ ਨੰਗਾ ਕਰਦੇ ਹਨ। ਜਦੋਂ ਕਿਸੇ ਇਨਕਲਾਬੀ ਪਾਰਟੀ ਜਾਂ ਗਰੁੱਪ ਦੀ ਪਾਰਲੀਮਾਨੀ ਚੋਣਾਂ ‘ਚ ਹਿੱਸੇ ਲੈਣ ਜੋਗੀ ਵੀ ਤਾਕਤ ਨਾ ਹੋਵੇ ਤਾਂ ਅਜਿਹਾ ਕਰਨਾ ਹੀ ਚਾਹੀਦਾ ਹੈ। ਪਰ ਕਿਸੇ ਵੀ ਇਨਕਲਾਬੀ ਪਾਰਟੀ ਦਾ ਇਹ ਕੋਈ ਸਦੀਵੀਂ ਪੈਂਤੜਾ ਨਹੀਂ ਹੋ ਸਕਦਾ।

ਸਰਮਾਏੇਦਾਰਾ ਪਾਰਲੀਮਾਨੀ ਚੋਣਾਂ ‘ਚ ਹਿੱਸਾ ਲੈਕੇ ਇਹਨਾਂ ਨੂੰ ਨੰਗਾ ਕਰਨ ਸਬੰਧੀ ਲੈਨਿਨ (ਦੇਖੋ ਉਹਨਾਂ ਦੀ ਪੁਸਤਕ ‘ਖੱਬੇ ਪੱਖੀ ਕਮਿਊਨਿਮ ਇੱਕ ਬਚਕਾਨਾ ਮਰਜ਼’) ਅਤੇ ਤੀਸਰੀ ਕੌਮਾਂਤਰੀ ਦੀਆਂ ਸਿੱਖਿਆਵਾਂ ਬਹੁਤ ਸਪੱਸ਼ਟ ਹਨ। ਸਾਨੂੰ ਇਹਨਾਂ ਤੋਂ ਰਹਿਨੁਮਾਈ ਹਾਸਲ ਕਰਨੀ ਚਾਹੀਦੀ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 24, ਸਾਲ 5, 1 ਤੋਂ 15 ਫਰਵਰੀ 2017 ਵਿੱਚ ਪ੍ਰਕਾਸ਼ਤ

 

Advertisements