ਕਿਰਤੀ ਲੋਕਾਂ ਦੀ ਮਿਹਨਤ ਦੀ ਲੁੱਟ ਨਾਲ਼ ਸਰਮਾਏਦਾਰਾਂ ਦੀ ਗਿਣਤੀ ‘ਚ ਹੋਇਆ ਹੋਰ ਵਾਧਾ •ਬਿੰਨੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮਾਰਕਸ ਅਪਣੀ ਲਿਖਤ ‘ਉਜਰਤੀ ਕਿਰਤ ਤੇ ਸਰਮਾਇਆ’ ‘ਚ ਲਿਖਦੇ ਹਨ ਕਿ “ਕੋਈ ਘਰ ਵੱਡਾ ਵੀ ਹੋ ਸਕਦਾ ਹੈ, ਛੋਟਾ ਵੀ; ਜਦੋਂ ਤੱਕ ਆਸਪਾਸ ਦੇ ਘਰ ਉਨੇ ਹੀ ਛੋਟੇ ਹੁੰਦੇ ਹਨ, ਇਹ ਰਹਿਣ ਵਾਲ਼ੀ ਥਾਂ ਦੀਆਂ ਸਾਰੀਆਂ ਸਮਾਜਿਕ ਲੋੜਾਂ ਪੂਰੀਆਂ ਕਰਦਾ ਰਹਿੰਦਾ ਹੈ। ਪਰ ਛੋਟੇ ਘਰ ਦੇ ਨਾਲ਼ ਕੋਈ ਮਹਿਲ ਉਸਾਰ ਲੈਣ ਦਿਓ, ਤਾਂ ਇਹ ਘਰ ਸੁੰਘੜ ਕੇ ਝੁੱਗੀ ਬਣ ਜਾਏਗਾ। ਹੁਣ ਛੋਟਾ ਘਰ ਇਹ ਦਰਸਾਉਂਦਾ ਹੈ ਕਿ ਇਸ ਦੇ ਮਾਲਕ ਦੇ ਕੋਈ ਦਾਅਵੇ ਨਹੀਂ , ਜਾਂ ਬਹੁਤ ਛੋਟੇ ਦਾਅਵੇ ਹਨ: ਤੇ ਸੱਭਿਅਤਾ ਦੇ ਵਾਧੇ ਦੌਰਾਨ ਇਹ ਭਾਵੇਂ ਕਿੰਨਾ ਵੀ ਉੱਚਾ ਚਲਾ ਜਾਏ, ਜੇ ਨਾਲ਼ ਲਗਦਾ ਮਹਿਲ ਉਸੇ ਹੀ ਹਿਸਾਬ ਨਾਲ਼ ਜਾਂ ਉਸ ਤੋਂ ਵੀ ਵੱਧ ਉੱਚਾ ਜਾਈ ਜਾਂਦਾ ਹੈ ਤਾਂ ਮੁਕਾਬਲਤਨ ਛੋਟੇ ਘਰ ਵਿੱਚ ਵਸਣ ਵਾਲ਼ਾ ਦਿਨੋ ਦਿਨ ਵਧੇਰੇ ਬੇਚੈਨ, ਅਸੰਤੁਸ਼ਟ ਤੇ ਇਸ ਦੀਆਂ ਚਾਰ ਦੀਵਾਰਾਂ ਦੇ ਅੰਦਰ ਘੁਟਿਆ ਘੁਟਿਆ ਮਹਿਸੂਸ ਕਰਦਾ ਰਹੇਗਾ।” ਪਰ ਸਰਮਾਏਦਾਰ ਅਰਥਸ਼ਾਸਤਰੀ ਬਿਲਕੁਲ ਇਸ ਤੋਂ ਉਲਟਾ ਦਾਅਵਾ ਕਰਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਜਿੰਨਾਂ ਜ਼ਿਆਦਾ ਧਨ ਕੁੱਝ ਮੁਠੀ ਭਰ ਲੋਕਾਂ ਦੀ ਝੋਲੀ ‘ਚ ਪੈਂਦਾ ਜਾਵੇਗਾ ਓਨਾਂ ਹੀ ਰਿਸ ਰਿਸ ਕੇ ਥੱਲੇ ਹੇਠਲੇ ਲੋਕਾਂ ਦੀ ਝੋਲੀ ‘ਚ ਪੈ ਜਾਵੇਗਾ ਇਸ ਨੂੰ ਇਹ ‘ਟ੍ਰਿਕਲ ਡਾਉਨ ਥਿਊਰੀ’ ਦਾ ਨਾਂ ਦਿੰਦੇ ਹਨ। ਆਉ ਦੇਖੀਏ ਕਿਸ ਦੇ ਦਾਅਵੇ ਝੂਠ ਹਨ,

ਫੋਰਬਸ ਦੀ ਰਿਪੋਰਟ ਮੁਤਾਬਕ 2010 ਤੋਂ ਭਾਰਤ ‘ਚ ਹਰ 33 ਦਿਨਾਂ ਬਾਅਦ ਇੱਕ ਭਾਰਤੀ ਅਰਬਪਤੀਆਂ ਦੀ ਸੂਚੀ ‘ਚ ਸ਼ਾਮਲ ਹੁੰਦਾ ਹੈ। ਅੱਗੇ, ਸੰਸਾਰ ਦੇ ਅਰਬਪਤੀਆਂ ‘ਚ ਪਿਛਲੇ 20 ਸਾਲਾਂ ‘ਚ ਭਾਰਤੀ ਅਰਬਪਤੀਆਂ ‘ਚ 1% ਤੋਂ 5% ਵਾਧਾ ਰਿਹਾ ਹੈ। ਫੋਰਬਸ ਦੇ 2017 ਦੇ ਸਰਵੇਖਣ ਮੁਤਾਬਕ ਗਲੋਬਲ ਅਰਬਪਤੀਆਂ ਦੀ ਸੂਚੀ ‘ਚ 101 ਭਾਰਤੀ ਸ਼ਾਮਿਲ ਹੋ ਚੁੱਕੇ ਹਨ। ਕ੍ਰੈਡਿਟ ਸਯੂਇਸ ਦੀ ਸੰਸਾਰ ਜਾਇਦਾਦ ਰਿਪੋਰਟ ਮੁਤਾਬਕ 12 ਮਹੀਨਆਂ ‘ਚ ਦੁਨੀਆਂ ਦੀ ਕੁੱਲ ਜਾਇਦਾਦ 3.5 ਟ੍ਰਿਲੀਅਨ ਡਾਲਰ ਤੋਂ 256 ਟ੍ਰਿਲੀਅਨ ਡਾਲਰ ਹੋ ਗਈ ਹੈ। ਇਹ ਵਾਧਾ ਕੁੱਲ ਅਬਾਦੀ ਦੇ ਉਪਰਲੇ 10% ਹਿੱਸੇ ਨੂੰ ਹੀ ਹੋਇਆ ਹੈ। ਭਾਰਤ ‘ਚ 2015 ‘ਚ ਉਪਰਲੀ 10% ਫੀਸਦੀ ਕੋਲ ਭਾਰਤ ਦੀ ਕੁੱਲ ਜਾਇਦਾਦ ਦਾ 80% ਹਿੱਸਾ ਹੈ। ਇਹਨਾਂ ਤੱਥਾਂ ਤੋਂ ਸਾਫ ਹੈ ਕਿ ਭਾਰਤੀ ਸਰਮਾਏਦਾਰਾਂ ਦੀ ਝੋਲੀ ‘ਚ ਕੁੱਲ ਸਰਮਾਏ ਦਾ ਅੱਧੇ ਤੋਂ ਵੱਧ ਸਰਮਾਇਆ ਇੱਕਠਾ ਹੋ ਗਿਆ ਹੈ।

‘ਟ੍ਰਿਕਲ ਡਾਉਨ ਥਿਊਰੀ’ ਅਨੁਸਾਰ ਤਾਂ ਇਹ ਹੋਣਾ ਚਾਹੀਦੇ ਹੈ ਕਿ ਭਾਰਤ ਦੀ ਹੇਠਲੇ ਕਿਰਤੀ ਲੋਕ ਦਿਨੋਂ ਦਿਨ ਖੁਸ਼ਹਾਲ ਹੋਣ ਪਰ ਹੋਇਆ ਇਸ ਦੇ ਉਲਟ ਹੈ। ਜਿੰਨਾਂ ਜ਼ਿਆਦਾ ਸਰਮਾਏਦਾਰਾਂ ਦਾ ਸਰਮਾਇਆ ਵਧਿਆ ਹੈ ਓਨਾਂ ਹੀ ਕਿਰਤੀ ਲੋਕਾਂ ਦਾ ਕਮਰਾ ਤੰਗ ਹੋਇਆ ਹੈ। ਪਿਛਲੇ 20 ਸਾਲਾਂ ‘ਚ ਕਿਰਤੀ ਲੋਕਾਂ ਦੀ ਜ਼ਿੰਦਗੀ ‘ਚ ਕੁੱਝ ਖਾਸ ਬਦਲਾਅ ਨਹੀਂ ਆਏ ਫੋਰਬਸ ਦੀ ਰਿਪੋਰਟ ਮੁਤਾਬਕ ਭਾਰਤ ‘ਚ ਅੱਧੀ ਤੋਂ ਵੱਧ ਅਬਾਦੀ ਕੋਲ ਕੁੱਲ ਸਰਮਾਏ ਦਾ ਸਿਰਫ 2% ਹਿੱਸਾ ਹੀ ਆਉਂਦਾ ਹੈ। ਉਹ ਅੱਜ ਵੀ 12-14 ਘੰਟੇ ਜਾਂ ਕਿੱਤੇ ਇਸ ਤੋਂ ਵੀ ਜਿਆਦਾ ਕੰਮ ਕਰਦੇ ਹਨ ਪਰ ਉਹ ਆਪਣੀ ਜੀਉਣ ਦੀਆਂ ਮੁੱਢਲੀਆਂ ਲੋੜਾਂ (ਰੋਟੀ, ਘਰ, ਸਿੱਖਿਆ, ਸਿਹਤ ਸਹੂਲਤਾਂ) ਤੋਂ ਵੀ ਵਾਂਝੇ ਹਨ। ਭਾਰਤ ਦੇ 15.2% ਲੋਕ ਕੁਪੋਸ਼ਣ ਦੇ ਸ਼ਿਕਾਰ ਹਨ, ਇੱਥੇ ਅੱਧੀ ਤੋਂ ਵੱਧ ਅਬਾਦੀ 20 ਰੁਪਏ ਰੋਜਾਨਾ ‘ਤੇ ਗੁਜਾਰਾ ਕਰਦੀ ਹੈ, ਬੇਰੁਜ਼ਗਾਰਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ, 10,000 ਬੱਚੇ ਰੋਜ ਭੁੱਖਮਰੀ ਦਾ ਸ਼ਿਕਾਰ ਹੋ ਕੇ ਮਰ ਜਾਂਦੇ ਹਨ। ਇੱਥੇ ਇੱਕ ਪਾਸੇ ਕਿਰਤੀ ਲੋਕ ਗਰੀਬੀ, ਮਹਿੰਗਾਈ, ਬੇਰੁਜ਼ਗਾਰੀ ਤੇ ਟੈਕਸਾਂ ਦਾ ਬੋਝ ਝੱਲਦੇ ਹੋਏ ਅਪਣਾ ਜੀਵਨ ਜਿਉਂਦੇ ਹਨ ਤੇ ਦੂਜੇ ਪਾਸੇ ਕਿਰਤੀ ਲੋਕਾਂ ਦੇ ਪਸੀਨੇ ਦੀ ਇੱਕ ਇੱਕ ਬੂੰਦ ਨਿਚੋੜ ਕੇ ਸਰਮਾਏਦਾਰ ਅਪਣਾ ਖਜਾਨਾ ਲਗਾਤਾਰ ਵਧਾ-ਫੁਲਾ ਰਹੇ ਹਨ ਤੇ ਅੱਯਾਸ਼ੀ ਭਰੀ ਜ਼ਿੰਦਗੀ ਬਸਰ ਕਰ ਰਹੇ ਹਨ। ਤੱਥਾਂ ਤੋਂ ਸਾਫ ਜਾਹਿਰ ਹੈ ਕਿ ਸਰਮਾਏਦਾਰ ਅਰਥਸ਼ਾਸਤਰੀਆਂ ਦੇ ਦਾਅਵੇ ਕਿੰਨੇ ਖੋਖਲੇ ਹਨ। ਸਰਮਾਏਦਾਰ ਅਰਥਸ਼ਾਸਤਰੀਆਂ ਦੇ ਇਹ ਮਨਘੜਤ ਸਿਧਾਂਤ ਕਿਰਤੀ ਅਬਾਦੀ ਦੀ ਲੁੱਟ ਨੂੰ ਜਾਇਜ ਠਹਿਰਾਉਣ ਦਾ ਹੀ ਇੱਕ ਢੰਗ ਹਨ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 12, 1 ਅਗਸਤ 2017 ਵਿੱਚ ਪ੍ਰਕਾਸ਼ਿਤ

Advertisements