ਕਿਰਤੀ ਲੋਕਾਂ ਦੇ ਦਿਲਾਂ ‘ਚ ਜਿਉਂਦੇ ਰਹਿਣਗੇ : ਫਰਜ਼ੰਦ ਅਲੀ •ਕੁਲਦੀਪ

5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲੰਘੀ 4 ਫਰਵਰੀ ਨੂੰ ਪੰਜਾਬੀ ਨਾਵਲਕਾਰੀ ਦੇ ਅੰਬਰ ‘ਤੇ ਚਮਕਣ ਵਾਲ਼ਾ ਧਰੂ ਤਾਰਾ ਫਰਜ਼ੰਦ ਅਲੀ ਸਾਨੂੰ ਸਦਾ ਲਈ ਵਿਛੋੜਾ ਦੇ ਕੇ ਚਲਾ ਗਿਆ। ਲਹਿੰਦੇ ਪੰਜਾਬ (ਪਾਕਿਸਤਾਨ) ਵਿੱਚ 6 ਅਗਸਤ, 1947 ਨੂੰ ਫਰਜ਼ੰਦ ਅਲੀ ਨੇ ਇੱਕ ਗ਼ਰੀਬ ਮੁਜਾਰੇ ਪਰਿਵਾਰ ਵਿੱਚ ਜਨਮ ਲਿਆ। ਤੰਗੀਆਂ-ਤੁਰਸ਼ੀਆਂ ਅਤੇ ਥੁੜ੍ਹਾਂ ਮਾਰੇ ਜੀਵਨ ਦਾ ਬੋਝ ਉਹਨਾਂ ਨੇ ਬਚਪਨ ਤੋਂ ਹੀ ਢੋਣਾ ਸ਼ੁਰੂ ਕੀਤਾ। ਗ਼ਰੀਬੀ ਕਰਕੇ ਬਸ ਕੁਝ ਮੁੱਢਲੇ ਸਾਲ ਹੀ ਪੜ੍ਹ-ਲਿਖ ਸਕੇ ਅਤੇ ਫਿਰ ਆਪਣੇ ਬਾਪ ਨਾਲ਼ ਮਿਲ ਕੇ ਮੁਜਾਰੇ ਦਾ ਕੰਮ ਕਰਨਾ ਸ਼ੁਰੂ ਕੀਤਾ। ਉਸ ਤੋਂ ਬਾਅਦ ਲਗਾਤਾਰ ਪਹਿਲਾਂ ਮੁਜਾਰੇ ਅਤੇ ਫਿਰ ਮਜ਼ਦੂਰ ਦੇ ਰੂਪ ਵਿੱਚ ਖ਼ੂਨ-ਪਸੀਨੇ ਨਾਲ਼ ਮਿਹਨਤ-ਮਜ਼ਦੂਰੀ ਕਰਦਿਆਂ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਲੰਘਾ ਦਿੱਤੀ।

ਪਰ ਜਵਾਨੀ ‘ਚ ਪੈਰ ਧਰਦਿਆਂ ਹੀ ਉਹਨਾਂ ਨੂੰ ਪੜ੍ਹਣ-ਲਿਖਣ ਦੀ ਚੇਟਕ ਵੀ ਲੱਗ ਗਈ ਸੀ। ਉਹ ਪੰਜਾਬੀ ਦੇ ਕੁਝ ਕਿੱਸੇ ਇੱਧਰੋਂ-ਉੱਧਰੋਂ ਲੈ ਕੇ ਪੜ੍ਹਿਆ ਕਰਦੇ ਸਨ ਅਤੇ ਉਹਨਾਂ ਨੂੰ ਜ਼ੁਬਾਨੀ ਯਾਦ ਕਰਨ ਦੇ ਯਤਨ ਕਰਦੇ ਸਨ। ਜਦ ਪਾਕਿਸਤਾਨ ਵਿੱਚ ਸਰਮਾਏਦਾਰਾ ਵਿਕਾਸ ਹੁੰਦਾ ਹੈ ਅਤੇ ਸ਼ਹਿਰਾਂ ਦੇ ਲਾਗੇ-ਤਾਗੇ ਮਿੱਲਾਂ ਤੇ ਫੈਕਟਰੀਆਂ ਲੱਗਣੀਆਂ ਸ਼ੁਰੂ ਹੁੰਦੀਆਂ ਹਨ ਤਾਂ ਫਰਜ਼ੰਦ ਅਲੀ ਮੁਜਾਰੇ ਦਾ ਜੀਵਨ ਛੱਡ ਕੇ ਮਿੱਲ ਵਿੱਚ ਨੌਕਰੀ ਕਰਨੀ ਸ਼ੁਰੂ ਕਰਦੇ ਹਨ। ਅਤੇ ਫਿਰ ਜੀਵਨ ਦੇ ਅੰਤਿਮ ਸਮੇਂ ਤੱਕ ਉਹਨਾਂ ਨੇ ਮਿਹਨਤ-ਮਜ਼ਦੂਰੀ ਕਰਦਿਆਂ ਹੀ ਆਪਣੀ ਸਾਰੀ ਜ਼ਿੰਦਗੀ ਬਿਤਾਈ। ਉਸਤਾਦ ਦਾਮਨ ਨਾਲ਼ ਉਹਨਾਂ ਦੀ ਮੁਲਾਕਾਤ ਹੋਣ ਤੋਂ ਬਾਅਦ ਸਾਹਿਤ, ਸੰਸਾਰ ਸਿਆਸਤ, ਆਰਥਿਕਤਾ ਆਦਿ ਵਿਸ਼ਿਆਂ ਬਾਰੇ ਵੀ ਪੜ੍ਹਣ ਲਿਖਣ ਲੱਗੇ ਅਤੇ ਸਮੇਂ-ਸਮੇਂ ‘ਤੇ ਉਸਤਾਦ ਦਾਮਨ ਦੇ ਕਮਰੇ ਵਿੱਚ ਹੁੰਦੀਆਂ ਬਹਿਸਾਂ ਤੇ ਵਿਚਾਰ-ਚਰਚਾਵਾਂ ਵਿੱਚ ਵੀ ਹਿੱਸਾ ਲੈਣ ਲੱਗੇ। ਉਸਤਾਦ ਦਾਮਨ ਕੋਲੋਂ ਹੀ ਉਹਨਾਂ ਨੇ ਪਾਕਿਸਤਾਨੀ ਪੰਜਾਬੀ ਸਾਹਿਤ ਦੇ ਨਾਲ਼ ਹੀ ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ, ਤਾਲਸਟਾਏ, ਗੋਰਕੀ, ਦੋਸਤੋਵਸਕੀ ਆਦਿ ਲੇਖਕਾਂ ਨੂੰ ਪੜ੍ਹਿਆ ਅਤੇ ਜਿੰਨਾ ਕੁ ਉਹਨਾਂ ਨੂੰ ਉਸ ਸਮੇਂ ਮਿਲ ਸਕਿਆ ਉਹਨਾਂ ਨੇ ਮਾਰਕਸਵਾਦ ਦਾ ਵੀ ਅਧਿਐਨ ਕੀਤਾ ਸੀ। ਉਹਨਾਂ ਦੀ ਸਾਹਿਤਕ ਪ੍ਰਤਿਭਾ ਨੂੰ ਤਰਾਸ਼ਣ ਵਿੱਚ ਉਸਤਾਦ ਦਾਮਨ ਦਾ ਬਹੁਤ ਵੱਡਾ ਹੱਥ ਸੀ।

ਲਿਖਣ ਦੀ ਸ਼ੁਰੂਆਤ ਵੀ ਉਹਨਾਂ ਨੇ ਉਸਤਾਦ ਦਾਮਨ ਦੀ ਪ੍ਰੇਰਣਾ ਸਦਕਾ ਇੱਕ ਕਹਾਣੀ ਤੋਂ ਕੀਤੀ ਸੀ, ਭਾਵੇਂ ਕਿ ਉਹਨਾਂ ਦਾ ਉਦੇਸ਼ ਪਹਿਲਾਂ ਫਿਲਮਾਂ ਦੀਆਂ ਸਕਰਿਪਟਾਂ ਲਿਖਣ ਦਾ ਸੀ। ਉਸ ਤੋਂ ਬਾਅਦ ਭਾਵੇਂ ਉਹਨਾਂ ਨੇ ਕਹਾਣੀਆਂ ਦੇ ਨਾਲ਼-ਨਾਲ਼ ਲਘੂ ਨਾਟਕ ਤੇ ਰੇਡੀਓ ਲਈ ਕੁਝ ਨਾਟਕ ਵੀ ਲਿਖੇ ਪਰ ਮੁੱਖ ਤੌਰ ‘ਤੇ ਪੰਜਾਬੀ ਸਾਹਿਤ ਵਿੱਚ ਉਹਨਾਂ ਦੀ ਪਛਾਣ ਇੱਕ ਨਾਵਲਕਾਰ ਦੇ ਤੌਰ ‘ਤੇ ਬਣੀ। ਉਹਨਾਂ ਦੇ ਚਾਰ ਪ੍ਰਮੁੱਖ ਨਾਵਲ ਸ਼ਾਹਮੁਖੀ ਤੋਂ ਗੁਰਮੁਖੀ ਵਿੱਚ ਲਿਪੀਅੰਤਰ ਹੋ ਕੇ ਛਪ ਚੁੱਕੇ ਹਨ। 1984 ਵਿੱਚ ਉਹਨਾਂ ਦਾ ਪਹਿਲਾ ਨਾਵਲ ‘ਤਾਈ’ ਛਪਿਆ। ‘ਇੱਕ ਚੂੰਢੀ ਲੂਣ ਦੀ’ (1994), ‘ਭੁੱਬਲ਼’ (1996), ‘ਧਾੜਵੀ’ ਆਦਿ ਨਾਵਲਾਂ ਤੋਂ ਬਿਨਾਂ ਇੱਕ ਕਹਾਣੀ ਸੰਗ੍ਰਹਿ ‘ਕੰਡ ਪਿੱਛੇ ਅੱਖੀਆਂ’ (1996) ਵੀ ਛਪ ਚੁੱਕਿਆ ਹੈ।

ਉਹਨਾਂ ਦੀਆਂ ਰਚਨਾਵਾਂ ਵਿੱਚ ਕਿਰਤੀ ਤੇ ਮਿਹਨਤਕਸ਼ ਅਵਾਮ ਦੇ ਦੁੱਖਾਂ, ਮੁਸੀਬਤਾਂ ਦਾ ਦਰਦ ਹੈ। ਉਹਨਾਂ ਦੀਆਂ ਰਚਨਾਵਾਂ ਦਿਖਾਉਂਦੀਆਂ ਹਨ ਕਿ ਕਿਵੇਂ ਜਮਾਤੀ ਸਮਾਜ ਵਿੱਚ ਆਮ ਕਿਰਤੀ ਲੋਕ ਪੈਰ-ਪੈਰ ‘ਤੇ ਜ਼ਲੀਲ ਹੁੰਦੇ, ਹੰਡ-ਭੰਨਵੀਂ ਮਿਹਨਤ ਦੇ ਬਾਵਜੂਦ ਫ਼ਾਕੇ ਕੱਟਦੇ ਆਪਣੀ ਜ਼ਿੰਦਗੀ ਗੁਜਾਰ ਰਹੇ ਹਨ। ਜਗੀਰਦਾਰਾਂ ਦੇ ਨਿਜ਼ਾਮ ਵਿੱਚ ਵੀ ਉਹਨਾਂ ਦੀ ਹਾਲਤ ਭਿਅੰਕਰ ਸੀ ਅਤੇ ਸਰਮਾਏਦਾਰਾ ਵਿਕਾਸ ਹੋਣ ਤੋਂ ਬਾਅਦ ਵੀ ਉਹਨਾਂ ਦੇ ਦੁੱਖਾਂ-ਦਰਦਾਂ ਵਿੱਚ ਕੋਈ ਕਮੀ ਨਹੀਂ ਆਈ। ਜੇਕਰ ਕੁਝ ਬਦਲਿਆ ਤਾਂ ਇੱਕ ਮਾਲਕ ਤੋਂ ਸਾਰੀ ਉਮਰ ਲੁੱਟੇ ਜਾਣ ਦੀ ਬਜਾਏ ਹੁਣ ਉਹ ਵੱਖ-ਵੱਖ ਮਾਲਕਾਂ ਹੱਥੋਂ ਲੁੱਟੇ ਜਾਣ ਲਈ “ਅਜ਼ਾਦ” ਹਨ। ਦੂਜਾ ਉਹਨਾਂ ਦੀਆਂ ਰਚਨਾਵਾਂ ਵਿੱਚ ਇਸ ਗੱਲ ਦਾ ਵੀ ਬਾਖੂਬੀ ਬਿਆਨ ਹੈ ਕਿ ਜਿਹਨਾਂ ਸਮਾਜਾਂ ਵਿੱਚ ਸਰਮਾਏਦਾਰਾ ਵਿਕਾਸ ਇਨਕਲਾਬੀ ਪ੍ਰਕ੍ਰਿਆ ਰਾਹੀਂ ਨਾ ਹੋ ਕੇ ਜਗੀਰਦਾਰਾਂ ਨਾਲ਼ ਸਮਝੌਤਿਆਂ ਰਾਹੀਂ ਪਰਸ਼ੀਅਨ ਢੰਗ ਨਾਲ਼ ਹੋਇਆ ਹੈ, ਉਹਨਾਂ ਸਮਾਜਾਂ ਵਿੱਚ ਆਮ ਕਿਰਤੀ ਲੋਕਾਂ ਨੇ ਕਿਵੇਂ ਲਹੂ ਦੇ ਹੰਝੂ ਡੋਲੇ ਅਤੇ ਆਪਣੇ ਹੱਡ ਗਾਲੇ। ਇਸ ਤ੍ਰਾਸਦਿਕ ਹਾਲਤ ਨੂੰ ਉਹਨਾਂ ਨੇ ਬਹੁਤ ਹੀ ਜੀਵੰਤਤਾ ਨਾਲ਼ ਦਿਖਾਇਆ ਹੈ।

ਖ਼ਾਸ ਤੌਰ ‘ਤੇ ‘ਭੁੱਬਲ਼’ ਨਾਵਲ ਵਿੱਚ ਉਹਨਾਂ ਦਾ ਇਹ ਬਿਆਨ ਇਤਿਹਾਸਕ ਪਦਾਰਥਵਾਦੀ ਨਜ਼ਰੀਏ ਨਾਲ਼ ਹੋਇਆ ਹੈ। ਇਸ ਨਾਵਲ ਵਿੱਚ ਲੇਖਕ ਨੇ ਜਗੀਰਦਾਰੀ ਤੋਂ ਸਰਮਾਏਦਾਰਾ ਵਿਕਾਸ ਦੇ ਪਰਸ਼ੀਅਨ ਮਾਡਲ ਦੀ ਬਹੁਤ ਹੀ ਯਥਾਰਥਕ ਤਸਵੀਰ ਪੇਸ਼ ਕੀਤੀ ਹੈ। ਇਸ ਤੋਂ ਅੱਗੇ ਵੱਧਦੇ ਇਹ ਨਾਵਲ ਕਿਰਤੀਆਂ ਤੇ ਮਜ਼ਦੂਰਾਂ ਵਿੱਚ ਆ ਰਹੀ ਜਮਾਤੀ ਸੋਝੀ ਨੂੰ ਵੀ ਬਾਖੂਬੀ ਦਿਖਾਉਂਦਾ ਹੈ। ਭਾਵੇਂ ਕਿ ਵਕਤੀ ਤੌਰ ‘ਤੇ ਮਜ਼ਦੂਰਾਂ ਦੀ ਲਹਿਰ ਦੀ ਹਾਰ ਹੁੰਦੀ ਹੈ ਪਰ ਨਾਵਲ ਇਸ਼ਾਰਾ ਕਰਦਾ ਹੈ ਕਿ ਇਹ ਉਹਨਾਂ ਦੀ ਅੰਤਿਮ ਹਾਰ ਨਹੀਂ ਹੈ ਭਵਿੱਖ ਉਹਨਾਂ ਦਾ ਹੈ।

ਫਰਜ਼ੰਦ ਅਲੀ ਨੇ ਆਪਣੀ ਸਾਰੀ ਜ਼ਿੰਦਗੀ ਕਿਰਤੀ ਲੋਕਾਂ ਨੂੰ ਸਮਰਪਿਤ ਕੀਤੀ। ਉਹਨਾਂ ਨੇ ਕਦੇ ਵੀ ਮਾਨ-ਸਨਮਾਨਾਂ ਮਗਰ ਭੱਜਦੇ ਹੋਏ ਅਤੇ ਪੈਰ-ਪੈਰ ‘ਤੇ ਸਮਝੌਤੇ ਕਰਦੇ ਹੋਏ, ਇੱਕ ਕਬੂਤਰ-ਦਿਲ ਸਾਹਿਤਕਾਰ ਦੀ ਜ਼ਿੰਦਗੀ ਨਹੀਂ ਜੀਵੀ। ਸਗੋਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਤਿਲ-ਫੁੱਲ ਆਮ ਮਿਹਨਤਕਸ਼ ਲੋਕਾਂ ਦੇ ਲੇਖੇ ਲਾਇਆ ਜੋ 15-15 ਘੰਟੇ ਕੰਮ ਕਰਕੇ ਵੀ ਜਹਾਲਤ ਦੀ ਜ਼ਿੰਦਗੀ ਜਿਉਂਦੇ ਹਨ। ਉਹ ਹਸਪਤਾਲ ਬਣਾਉਂਦੇ ਹਨ ਪਰ ਉਹ ਖੁਦ ਬੱਚਿਆਂ ਸਮੇਤ ਇਲਾਜ ਖੁਣੋਂ ਮਰਦੇ ਹਨ, ਉਹ ਸਕੂਲਾਂ, ਕਾਲਜਾਂ ਦੀਆਂ ਇਮਾਰਤਾਂ ਬਣਾਉਂਦੇ ਹਨ ਪਰ ਖੁਦ ਅਣਪੜ੍ਹ ਹਨ, ਉਹ ਕੱਪੜੇ ਬਣਾ ਕੇ ਸਾਰੇ ਸੰਸਾਰ ਦਾ ਤਨ ਢੱਕਦੇ ਹਨ ਪਰ ਉਹਨਾਂ ਦੇ ਬੱਚੇ ਨੰਗ-ਧੜੰਗੇ ਹਨ, ਉਹਨਾਂ ਅਨਾਜ ਸਮੇਤ ਸੰਸਾਰ ਦੇ ਸਾਰੇ ਭੋਜਨ ਪਦਾਰਥ ਤਿਆਰ ਕਰਦੇ ਹਨ ਪਰ ਉਹਨਾਂ ਦੀਆਂ ਔਰਤਾਂ ਤੇ ਬੱਚੇ ਖ਼ੂਨ ਦੀ ਕਮੀ ਤੇ ਭੁੱਖਮਰੀ ਦੇ ਸ਼ਿਕਾਰ ਹਨ। ਮਿਹਨਤਕਸ਼ਾਂ ਦੇ ਇਹਨਾਂ ਦਰਦਾਂ ਨੂੰ ਉਹਨਾਂ ਦੀਆਂ ਰਚਨਾਵਾਂ ਨੇ ਜ਼ੁਬਾਨ ਦਿੱਤੀ ਹੈ। ਜਿਸਦੀ ਸਿਖ਼ਰ ਉਹਨਾਂ ਦੇ ਸ਼ਾਹਕਾਰ ਨਾਵਲ ‘ਭੁੱਬਲ਼’ ਵਿੱਚ ਦੇਖਣ ਨੂੰ ਮਿਲਦੀ ਹੈ।

‘ਭੁੱਬਲ਼’ ਨਾਵਲ ਰਾਹੀਂ ਉਹ ਸਦਾ ਪੰਜਾਬੀ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਰਹਿਣਗੇ। ਮਿਹਨਤਕਸ਼ ਲੋਕਾਂ ਦੇ ਇਸ ਦਲੇਰ ਤੇ ਸੰਜੀਦਾ ਲੇਖਕ ਨੂੰ ਸਲਾਮ ਕਰਨਾ ਬਣਦਾ ਹੈ ਜਿਸਨੇ ਆਪਣੇ ‘ਭੁੱਬਲ਼’ ਵਰਗੇ ਨਾਵਲਾਂ ਰਾਹੀਂ ਕਿਰਤੀ ਲੋਕਾਂ ਦੀ ਰੋਟੀ ਦਾ ਫਰਜ਼ ਅਦਾ ਕੀਤਾ। ਇਸ ਮਹਾਨ ਲੇਖਕ ਨੂੰ ਸਾਡਾ ਸਲਾਮ!

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 49, 1 ਮਾਰਚ 2016 ਵਿਚ ਪਰ੍ਕਾਸ਼ਤ

Advertisements