ਕਿਰਤ ਸੁਧਾਰਾਂ ਖਿਲਾਫ਼ ਫਰਾਂਸ ਦੇ ਲੱਖਾਂ ਮਜ਼ਦੂਰ, ਨੌਜਵਾਨ, ਵਿਦਿਆਰਥੀ ਸੜਕਾਂ ‘ਤੇ •ਲਖਵਿੰਦਰ

5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪੈਰਿਸ ਕਮਿਊਨ ਦੀ ਧਰਤੀ ਫਰਾਂਸ ਵਿੱਚ ਲੋਟੂ ਹਾਕਮਾਂ ਖਿਲਾਫ਼ ਲੋਕ ਲਹਿਰਾਂ ਦੀ ਇੱਕ ਸ਼ਾਨਦਾਰ ਰਵਾਇਤ ਰਹੀ ਹੈ। ਸਮੇਂ-ਸਮੇਂ ‘ਤੇ ਫਰਾਂਸੀਸੀ ਲੋਕ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਜ਼ਬਰਦਸਤ ਵਿਰੋਧ ਕਰਦੇ ਰਹੇ ਹਨ। ਪਿਛਲੇ ਦਿਨੀਂ ਮਾਰਚ-ਅਪ੍ਰੈਲ ਮਹੀਨਿਆਂ ਦੌਰਾਨ ਵੀ ਫਰਾਂਸ ਦੇ ਮਜ਼ਦੂਰਾਂ, ਨੌਜਵਾਨਾਂ ਤੇ ਵਿਦਿਆਰਥੀਆਂ ਵੱਲੋਂ ਮਜ਼ਦੂਰ ਵਿਰੋਧੀ ਕਿਰਤ ਸੁਧਾਰਾਂ ਖਿਲਾਫ਼ ਵੱਡੇ ਪੱਧਰ ‘ਤੇ ਦੇਸ਼ ਭਰ ਵਿੱਚ ਜ਼ਬਰਦਸਤ ਰੈਲੀਆਂ-ਮੁਜਾਹਰੇ ਹੋਏ ਹਨ। ਇਹਨਾਂ ਮੁਜ਼ਾਰਿਆਂ ਵਿੱਚ 10 ਲੱਖ ਤੋਂ ਵਧੇਰੇ ਮਜ਼ਦੂਰਾਂ, ਨੌਜਵਾਨਾਂ ਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਹੈ। ਮੁਜ਼ਾਹਰਿਆਂ ਦੌਰਾਨ ਲੋਕਾਂ ਦੀਆਂ ਪੁਲੀਸ ਨਾਲ਼ ਜਬਰਦਸਤ ਝੜਪਾਂ ਹੋਈਆਂ ਹਨ। ਮੁਜ਼ਾਹਰਾਕਾਰੀਆਂ ਉੱਤੇ ਪੁਲੀਸ ਨੇ ਜਮ ਕੇ ਡਾਂਗਾਂ ਵਰ੍ਹਾਈਆਂ, ਹੰਝੂ ਗੈਸ ਦੇ ਗੋਲ਼ੇ ਸੁੱਟੇ, ਅਨੇਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਅਨੇਕਾਂ ਲੋਕ ਫੱਟੜ ਹੋਏ ਪਰ ਹਾਕਮਾਂ ਦਾ ਜ਼ਬਰ ਲੋਕ ਰੋਹ ਨੂੰ ਸ਼ਾਂਤ ਨਹੀਂ ਕਰ ਸਕਿਆ। ਸਭ ਤੋਂ ਜ਼ਬਰਦਸਤ ਮੁਜ਼ਾਹਰੇ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਹੋਏ ਹਨ। 28 ਅਪ੍ਰੈਲ ਅਤੇ ਪਹਿਲੀ ਮਈ ਨੂੰ ਦੇਸ਼ ਵਿਆਪੀ ਜ਼ੋਰਦਾਰ ਹੜਤਾਲਾਂ ਦਾ ਸੱਦਾ ਵੀ ਦਿੱਤਾ ਗਿਆ ਹੈ।

ਫਰਾਂਸ ਵਿੱਚ ਇਸ ਸਮੇਂ ਬੇਰੁਜ਼ਗਾਰੀ ਬਹੁਤ ਵੱਡੇ ਪੱਧਰ ‘ਤੇ ਫੈਲੀ ਹੋਈ ਹੈ। ਫਰਾਂਸ ਦੇ ਕਰੀਬ 25 ਫੀਸਦੀ ਨੌਜਵਾਨ ਬੇਰੁਜ਼ਗਾਰ ਹਨ। ਬਹੁਤ ਵੱਡੀ ਗਿਣਤੀ ਮਜ਼ਦੂਰਾਂ ਤੇ ਨੌਜਵਾਨਾਂ ਨੂੰ ਬਹੁਤ ਘੱਟ ਉਜ਼ਰਤਾਂ ਅਤੇ ਕਠੋਰ ਸ਼ਰਤਾਂ ‘ਤੇ ਗੁਜ਼ਾਰੇ ਲਈ ਨਿੱਜੀ ਕੰਪਨੀਆਂ ਨੂੰ ਆਪਣੀ ਕੀਮਤੀ ਕਿਰਤ ਵੇਚਣੀ ਪੈ ਰਹੀ ਹੈ। ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੀ ਚਿੰਤਾ ਸਤਾ ਰਹੀ ਹੈ। ਸੰਸਾਰ ਦੇ ਹੋਰ ਮੁਲਕਾਂ ਵਾਂਗ ਫਰਾਂਸ ਦਾ ਅਰਥਚਾਰਾ ਵੀ ਮੰਦੀ ਨਾਲ਼ ਜੂਝ ਰਿਹਾ ਹੈ। ਇਸਦਾ ਸਾਰਾ ਬੋਝ ਆਮ ਕਿਰਤੀ ਲੋਕਾਂ ‘ਤੇ ਪਾਇਆ ਜਾ ਰਿਹਾ ਹੈ। ਬੇਹਤਰੀ ਲਈ ਤਬਦੀਲੀ ਦੀ ਆਸ ਵਿੱਚ ਫਰਾਂਸ ਦੇ ਆਮ ਲੋਕਾਂ ਨੇ ਆਪਣੇ ਆਪ ਨੂੰ ਖੱਬੇਪੱਖੀ ਕਹਿਣ ਵਾਲ਼ੀਆਂ ਪਾਰਟੀਆਂ ਨੂੰ ਵੋਟਾਂ ਦੇ ਗੱਫੇ ਦਿੱਤੇ ਸਨ। ਨਤੀਜੇ ਵਜੋਂ ਮਾਰਚ 2014 ਵਿੱਚ ਸਮਾਜਵਾਦੀ ਪਾਰਟੀ ਦੀ ਅਗਵਾਈ ਵਿੱਚ ਅਖੌਤੀ ਖੱਬੇਪੱਖੀ ਗਠਜੋੜ ਦੀ ਸਰਕਾਰ ਬਣੀ ਸੀ। ਪਰ ਸਰਕਾਰ ਬਣਨ ਤੋਂ ਬਾਅਦ ਅਖੌਤੀ ਖੱਬੇਪੱਖੀਆਂ ਦਾ ਸਰਮਾਏ-ਪੱਖੀ ਅਸਲ ਚਿਹਰਾ ਲੋਕਾਂ ਸਾਹਮਣੇ ਆਇਆ ਜਦੋਂ ਇਹਨਾਂ ਨੇ ਸਰਮਾਏਦਾਰਾਂ ਦੇ ਪੱਖ ਵਿੱਚ ਲੋਕਾਂ ਦੇ ਹੱਕਾਂ ਵਿੱਚ ਵੱਡੀ ਪੱਧਰ ‘ਤੇ ਕਟੌਤੀਆਂ ਦੇ ਸਿਲਸਿਲੇ ਨੂੰ ਹੀ ਅੱਗੇ ਵਧਾਇਆ। ਹੁਣ ਫਰਾਂਸੀਸੀ ਸਰਕਾਰ ਮਜ਼ਦੂਰਾਂ ਦੇ ਕਨੂੰਨੀ ਕਿਰਤ ਹੱਕਾਂ ‘ਤੇ ਵੱਡੀ ਪੱਧਰ ‘ਤੇ ਡਾਕਾ ਮਾਰਨ ਜਾ ਰਹੀ ਹੈ। ਫਰਾਂਸ ਦੇ ਲੋਕਾਂ ਨੇ ਸਰਕਾਰ ਦੀ ਇਸ ਮਜ਼ਦੂਰ ਵਿਰੋਧੀ ਕਾਰਵਾਈ ਦਾ ਡਟਵਾਂ ਵਿਰੋਧ ਕੀਤਾ ਹੈ।

ਫਰਾਂਸ ‘ਚ ਸਰਕਾਰ ਅਤੇ ਸਰਮਾਏਦਾਰਾਂ ਦਾ ਕਹਿਣਾ ਹੈ ਕਿ ਉੱਥੇ ਕਿਰਤ ਕਨੂੰਨ ਬਹੁਤ ਸਖ਼ਤ ਹਨ ਜਿਨ੍ਹਾਂ ਕਾਰਨ ਸਰਮਾਏਦਾਰਾਂ ਨੂੰ ਨਿਵੇਸ਼ ਕਰਨ ਅਤੇ ਜਿਆਦਾ ਮਜ਼ਦੂਰਾਂ ਨੂੰ ਕੰਮ ‘ਤੇ ਰੱਖਣ ਸਬੰਧੀ ਸਮੱਸਿਆਵਾਂ ਆਉਂਦੀਆਂ ਹਨ। ਫਰਾਂਸੀਸੀ ਹਾਕਮਾਂ ਦਾ ਕਹਿਣਾ ਹੈ ਕਿ ਜੇਕਰ ਕਿਰਤ ਕਨੂੰਨਾਂ ਨੂੰ ਢਿੱਲਾ ਕਰ ਦਿੱਤਾ ਜਾਵੇ ਤਾਂ ਬੇਰੁਜ਼ਗਾਰੀ ਦੀ ਸਮੱਸਿਆ ਹੱਲ ਹੋ ਜਾਵੇਗੀ। ਅਜਿਹਾ ਕਹਿੰਦੇ ਹੋਏ ਫਰਾਂਸੀਸੀ ਸਰਕਾਰ ਨਵਾਂ ਕਨੂੰਨ ਲੈ ਕੇ ਆ ਰਹੀ ਹੈ ਜਿਸ ਰਾਹੀਂ ਮਜ਼ਦੂਰਾਂ ਦੇ ਕਨੂੰਨੀ ਕਿਰਤ ਹੱਕਾਂ ਦੀ ਵੱਡੀ ਪੱਧਰ ‘ਤੇ ਕਟੌਤੀ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਸਰਮਾਏਦਾਰਾਂ ਨੂੰ ਮਜ਼ਦੂਰਾਂ ਦੀ ਜਦ ਮਰਜ਼ੀ ਅਸਾਨੀ ਨਾਲ਼ ਛਾਂਟੀ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ। ਛਾਂਟੀ ਕਰਨ ‘ਤੇ ਮਜ਼ਦੂਰਾਂ ਨੂੰ ਦਿੱਤੇ ਜਾਣ ਵਾਲ਼ੇ ਮੁਆਵਜ਼ਿਆਂ ‘ਤੇ ਕੱਟ ਲਾਇਆ ਜਾ ਰਿਹਾ ਹੈ। ਮਜ਼ਦੂਰਾਂ ਤੇ ਮਾਲਕਾਂ ਵਿਚਲੇ ਝਗੜਿਆਂ ਵਿੱਚ ਸਰਮਾਏਦਾਰਾਂ ਦੀ ਲੱਤ ਹੋਰ ਉੱਪਰ ਕਰਨ ਲਈ ਨਿਯਮ ਬਣਾਏ ਜਾ ਰਹੇ ਹਨ। ਫਰਾਂਸ ਦੇ ਬਹੁ ਗਿਣਤੀ ਲੋਕ ਸਰਕਾਰ ਦੇ ਇਨ੍ਹਾਂ ਕਦਮਾਂ ਦੇ ਸਖਤ ਖਿਲਾਫ਼ ਹਨ ਪਰ ਸਰਕਾਰ ਅੜੀਅਲ ਰੁਖ਼ ਅਪਣਾਉਂਦੇ ਹੋਏ ਮਜ਼ਦੂਰ ਵਿਰੋਧੀ ਕਿਰਤ ਸੁਧਾਰਾਂ ਨੂੰ ਲਾਗੂ ਕਰਨ ‘ਤੇ ਬਜਿੱਦ ਹੈ। ਪਹਿਲਾਂ ਹੀ ਬੇਰੁਜ਼ਗਾਰੀ ਦੇ ਸਤਾਏ ਲੋਕਾਂ ਦਾ ਸਰਕਾਰ ਦੇ ਰਵੱਈਏ ਕਾਰਨ ਗੁੱਸਾ ਹੋਰ ਭੜਕ ਉੱਠਿਆ ਹੈ। ਵੱਖ-ਵੱਖ ਟ੍ਰੇਡ ਯੂਨੀਅਨਾਂ ਦੇ ਸੱਦੇ ਉੱਤੇ ਕਿਰਤ ਸੁਧਾਰਾਂ ਖਿਲਾਫ਼ ਹੋਏ ਮੁਜ਼ਾਹਰਿਆਂ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ-ਵਿਦਿਆਰਥੀ ਆਪਮੁਹਾਰੇ ਤੌਰ ‘ਤੇ ਸ਼ਾਮਲ ਹੋਏ ਹਨ।
ਫਰਾਂਸ ਵਿਚਲੇ ਇਸ ਘਟਨਾਕ੍ਰਮ ਨੇ ਇੱਕ ਵਾਰ ਫਿਰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸਰਮਾਏਦਾਰਾ ਪ੍ਰਬੰਧ ਨਾਲ਼ ਘਿਓ-ਖਿਚੜੀ ਹੋ ਚੁੱਕੇ ਅਖੌਤੀ ਖੱਬੇਪੱਖੀਆਂ ਤੋਂ ਲੋਕਾਂ ਨੂੰ ਉਦਾਰੀਕਰਨ-ਨਿੱਜੀਕਰਨ ਦੇ ਮੌਜੂਦ? ਸੰਸਾਰ ਵਿਆਪੀ ਦੌਰ ਵਿੱਚ ਲੋਕਾਂ ਦੇ ਹਿੱਤਾਂ ਵਿੱਚ ਆਰਥਿਕ ਸੁਧਾਰਾਂ ਦੀ ਵੀ ਕੋਈ ਆਸ ਨਹੀਂ ਰੱਖਣੀ ਚਾਹੀਦੀ। ਇਹਨਾਂ ਦੀ ਕਹਿਣੀ ਅਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਇਹ ਹਮੇਸ਼ਾਂ ਹੀ ਲੋਕ ਹਿੱਤਾਂ ਨਾਲ਼ ਗੱਦਾਰੀ ਕਰਦੇ ਆਏ ਹਨ।

ਅੱਜ ਪੂਰੇ ਸੰਸਾਰ ਵਿੱਚ ਉਦਾਰੀਕਰਨ-ਨਿੱਜੀਕਰਨ ਦੀ ਹਨੇਰੀ ਝੁੱਲ ਰਹੀ ਹੈ ਅਤੇ ਮਜ਼ਦੂਰਾਂ-ਕਿਰਤੀਆਂ, ਨੌਜਵਾਨਾਂ, ਵਿਦਿਆਰਥੀਆਂ ਦੇ ਹੱਕਾਂ ਨੂੰ ਬੁਰੀ ਤਰ੍ਹਾਂ ਕੁਚਲਿਆ ਜਾ ਰਿਹਾ ਹੈ। ਸਾਰੀ ਦੁਨੀਆਂ ਵਿੱਚ ਹੀ ਮਜ਼ਦੂਰ ਵਿਰੋਧੀ ਕਿਰਤ ਸੁਧਾਰ ਕੀਤੇ ਜਾ ਰਹੇ ਹਨ। ਸਾਡੇ ਦੇਸ਼ ਵਿੱਚ ਵੀ ਇਹੋ ਹਾਲਤ ਹੈ। ਅਜਿਹੇ ਸਮੇਂ ਵਿੱਚ ਫਰਾਂਸ ਦੇ ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ ਦਾ ਕਿਰਤ ਸੁਧਾਰਾਂ ਖਿਲਾਫ਼ ਜ਼ਬਰਦਸਤ ਘੋਲ਼ ਭਰਪੂਰ ਸਵਾਗਤਯੋਗ ਵਰਤਾਰਾ ਹੈ। ਪੈਰਿਸ ਕਮਿਊਨ ਦੀ ਧਰਤੀ ਦੇ ਜੂਝਦੇ ਜੂਝਾਰੂ ਸਾਥੀਆਂ ਨੂੰ ਇਨਕਲਾਬੀ ਸਲਾਮ!

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 52, 16 ਅਪ੍ਰੈਲ 2016

Advertisements