ਕੀ ਤੁਹਾਨੂੰ ਆਪਣੇ ਮੋਬਾਇਲ ਫੋਨ ਵਿੱਚੋਂ ਕਿਸੇ ਬੱਚੇ ਦੇ ਹਾਉਂਕਿਆਂ ਦੀ ਅਵਾਜ਼ ਆ ਰਹੀ ਹੈ? •ਗੁਰਪ੍ਰੀਤ

cobalt

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ) 

ਇਸ ਵੇਲ਼ੇ ਸੰਸਾਰ ਦੀ ਮੱਧਵਰਗੀ ਅਬਾਦੀ ਵਿੱਚ ਐਪਲ ਕੰਪਨੀ ਦਾ ਨਵਾਂ ਆਈ ਫੋਨ 7 ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਈ ਫੋਨ ਦਾ ਨਵਾਂ ਮਾਡਲ ਜਾਂ ਹੋਰ ਮੋਬਾਇਲ, ਲੈਪਟਾਪ, ਕਾਰਾਂ ਆਦਿ ਜਿਹੀਆਂ ਖਪਤਕਾਰੀ ਵਸਤਾਂ ਦੇ ਨਵੇਂ ਮਾਡਲ ਆਉਣਾ ਤੇ ਉਹਨਾਂ ਨੂੰ ਖਰੀਦਣ ਦੀ ਦੌੜ ਸ਼ੁਰੂ ਹੋਣਾ, ਉਹਨਾਂ ਨੂੰ ‘ਸਟੇਟਸ ਸਿੰਬਲ’ ਬਣਾਉਣਾ ਸੰਸਾਰ ਭਰ ਦੀ ਮੱਧਵਰਗੀ ਅਬਾਦੀ ਦੀ ਨੀਰਸ ਜਿੰਦਗੀ ਲਈ ਇੱਕ ਖੁਸ਼ਨੁਮਾ, ਦਿਲਚਸਪ ਰੁਝੇਵਾ ਤੇ ਗੱਲਬਾਤ ਕਰਨ ਲਈ ਨਵਾਂ ਵਿਸ਼ਾ ਮਿਲ ਜਾਂਦਾ ਹੈ। ਦੂਜਿਆਂ ਦੇ ਮੋਬਾਇਲ ਦੇ ਨਵੇਂ ਮਾਡਲ ਦੇਖ ਕੇ ਸੜਨਾ ਜਾਂ ਫੇਰ ਪੁਰਾਣੇ ਮਾਡਲ ਦੇਖ ਕੇ ਖੁਸ਼ ਹੋਣਾ, ਸੈਲਫੀਆਂ ਖਿੱਚਣਾ ਤੇ ਸਕਰੀਨ ‘ਤੇ ਉਂਗਲਾਂ ਮਾਰਦੇ ਹੋਏ ਘੰਟਿਆਂ ਬੱਧੀ ਸੋਸ਼ਲ ਮੀਡੀਆ, ਇੰਟਰਨੈੱਟ ‘ਚ ਖੁਭੇ ਰਹਿਣਾ ਇਸ ਨਾਲ਼ ਜੁੜੇ ਉਹਨਾਂ ਦੀ ਜ਼ਿੰਦਗੀ ਦੇ ਹੋਰ ਖੁਸ਼ੀਆਂ ਭਰੇ ਪਲਾਂ ‘ਚੋਂ ਇੱਕ ਹੁੰਦੇ ਹਨ। ਮੌਜੂਦਾ ਸਰਮਾਏਦਾਰਾ ਯੁੱਗ ‘ਚ ਪਸਰੀ ਬੇਗਾਨਗੀ ਨੇ ਇੱਕ ਪਾਸੇ ਮਨੁੱਖ ਨੂੰ ਹੋਰਨਾਂ ਮਨੁੱਖਾਂ ਤੋਂ ਦੂਰ ਕਰ ਦਿੱਤਾ ਜਿਸ ਕਾਰਨ ਲੋਕ ਇਨਸਾਨਾਂ ਦੀ ਥਾਂ ਵਸਤਾਂ, ਸਾਧਨਾਂ ਵਿੱਚੋਂ ਖੁਸ਼ੀਆਂ ਲੱਭਦੇ ਫਿਰਦੇ ਹਨ, ਦੂਜੇ ਪਾਸੇ ਇਸ ਬੇਗਾਨਗੀ ਨੇ ਜਾਣਨ ਦੀ ਮਨੁੱਖੀ ਤਾਂਘ ਨੂੰ ਇੰਨਾ ਮੱਠਾ ਪਾ ਦਿੱਤਾ ਹੈ, ਸਾਨੂੰ ਇਹਨਾਂ ਵਸਤਾਂ ਦੇ ਸ਼ੋਅ-ਰੂਮ ਦੀ ਸ਼ੀਸ਼ਿਆਂ ਪਿੱਛੇ ਚਮਕਣ ਤੋਂ ਲੈ ਕੇ ਉਹਨਾਂ ਨੂੰ ਖਰੀਦਣ/ਵਰਤਣ ਤੱਕ ਤਾਂ ਪਤਾ ਹੁੰਦਾ ਹੈ ਪਰ ਇਹ ਨਹੀਂ ਪਤਾ ਹੁੰਦਾ ਕਿ ਇਹਨਾਂ ਸ਼ੋਅ-ਰੂਮ ਦੇ ਸ਼ੀਸ਼ਿਆਂ ਪਿੱਛੇ ਇਹ ਵਸਤਾਂ ਪੁੱਜਣ ਤੱਕ ਲਈ ਕੀ ਸਫਰ ਗਾਹੁੰਦੀਆਂ ਹਨ।

ਜੇ ਤੁਹਾਨੂੰ ਮੌਜੂਦਾ ਸਰਮਾਏਦਾਰਾ ਪ੍ਰਬੰਧ ਦੀ ਕਾਰਜ-ਪ੍ਰਣਾਲੀ ਬਾਰੇ ਪਤਾ ਹੈ ਤਾਂ ਤੁਸੀਂ ਜਾਣਦੇ ਹੋਵੋਗੇ ਕਿ ਇਹ ਮਹਿੰਗੀਆਂ ਤੇ ਚਮਕ-ਦਮਕ ਵਾਲ਼ੀਆਂ ਵਸਤਾਂ ਉਹਨਾਂ ਕਾਮਿਆਂ ਦੇ ਹੱਥਾਂ ਵਿੱਚੋਂ ਬਣ ਕੇ ਨਿੱਕਲਦੀਆਂ ਹਨ ਜੋ ਇਹਨਾਂ ਨੂੰ ਖਰੀਦਣਾ ਤਾਂ ਦੂਰ ਸਗੋਂ ਇਹਨਾਂ ਨੂੰ ਬਣਾਉਣ ਦੀ ਮਿਹਨਤ ਬਦਲੇ ਦੋ ਡੰਗ ਦੀ ਰੱਜਵੀਂ ਰੋਟੀ ਵੀ ਨਹੀਂ ਖਾ ਸਕਦੇ। ਲੱਖਾਂ ਲੋਕਾਂ ਦੀ ਉਮਰ ਵਕਤੋਂ ਪਹਿਲਾਂ ਢਲ ਜਾਂਦੀ ਹੈ, ਹੱਡ ਗਲ ਜਾਂਦੇ ਹਨ, ਸਰੀਰ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਕਈ ਬੇਵਕਤੀ ਮੌਤ ਮਾਰੇ ਜਾਂਦੇ ਹਨ। ਐਪਲ ਦੇ ਆਈਫੋਨ ਜਾਂ ਹੋਰ ਮੋਬਾਇਲ ਫੋਨਾਂ ਦੀ ਗੱਲ ਕਰੀਏ ਤਾਂ ਸ਼ਾਇਦ ਤੁਹਾਨੂੰ ਚੀਨ ਦੀਆਂ ਉਹਨਾਂ ਫੈਕਟਰੀਆਂ ਬਾਰੇ ਪਤਾ ਹੋਵੇ ਜਿੱਥੇ ਹਜ਼ਾਰਾਂ ਮਜ਼ਦੂਰ 12-14 ਘੰਟੇ ਕੰਮ ਕਰਦੇ ਹਨ, ਖੁੱਡੇ ਵਰਗੇ ਕਮਰਿਆਂ ‘ਚ ਰਹਿੰਦੇ ਹਨ ਪਰ ਫੇਰ ਵੀ ਢੰਗ ਦੀ ਜਿੰਦਗੀ ਤਾਂ ਦੂਰ ਸਗੋਂ ਕਈ ਤਰ੍ਹਾਂ ਦੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਉਹਨਾਂ ਵਿੱਚੋਂ ਅਨੇਕਾਂ ਫੈਕਟਰੀਆਂ ਤੇ ਹੋਸਟਲਾਂ ਦੀਆਂ ਇਮਾਰਤਾਂ ‘ਚੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਂਦੇ ਹਨ। ਏਸ਼ੀਆ ਤੇ ਅਫਰੀਕਾ ਦੇ ਘਰਾਂ ਵਿੱਚ ਔਰਤਾਂ ਪੀਸ ਰੇਟ ‘ਤੇ ਰੋਜ਼ਾਨਾ 7-8 ਘੰਟੇ ਕੰਮ ਕਰਕੇ ਮੋਬਾਇਲ ਦੇ ਚਾਰਜਰਾਂ ਲਈ ਤਾਰਾਂ ਬੰਨਣ ਦਾ ਕੰਮ ਕਰਦੀਆਂ ਹਨ ਤੇ ਇਸ ਕੰਮ ਬਦਲੇ ਉਹਨਾਂ ਨੂੰ ਇੱਕ ਡੰਗ ਦੀ ਰੋਟੀ ਵੀ ਮਸਾਂ ਨਸੀਬ ਹੁੰਦੀ ਹੈ (ਭਾਰਤ ‘ਚ ਅਜਿਹੇ ਕੰਮ ਬਦਲੇ ਔਸਤ 30-40 ਰੁਪਏ ਰੋਜ਼ਾਨਾ ਕਮਾਈ ਹੁੰਦੀ ਹੈ।)

ਚਲੋ ਤੁਹਾਨੂੰ ਤੁਹਾਡੇ ਮੋਬਾਇਲ ਫੋਨ, ਲੈਪਟਾਪ ਦੇ ਸ਼ੋਅਰੂਮ ਦੇ ਸ਼ੀਸ਼ਿਆਂ ਪਿੱਛੇ ਪੁੱਜਣ ਤੋਂ ਪਹਿਲਾਂ ਦੀ ਇੱਕ ਹੋਰ ਗਾਥਾ ਸੁਣਾਉਂਦੇ ਹਾਂ। ਇਹਨਾਂ ਯੰਤਰਾਂ ‘ਚ ਲੀਥੀਅਮ ਬੈਟਰੀਆਂ ਵਰਤੀਆਂ ਜਾਂਦੀਆਂ ਹਨ ਤੇ ਇਹ ਬੈਟਰੀਆਂ ਬਣਾਉਣ ਲਈ ਕੋਬਾਲਟ ਧਾਤ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਕੋਬਾਲਟ ਦਾ ਅੱਧ ਤੋਂ ਵੀ ਵੱਧ ਹਿੱਸਾ ਡੈਮੋਕ੍ਰੈਟਿਕ ਰਿਪਬਲਿਕ ਆਫ ਕੌਂਗੋ ‘ਚੋਂ ਆਉਂਦਾ ਹੈ। ਇੰਨੇ ਮਹਿੰਗੇ ਯੰਤਰਾਂ ਨੂੰ ਸਭ ਤੋਂ ਵੱਧ ਕੋਬਾਲਟ ਵੇਚਣ ਵਾਲ਼ਾ ਇਹ ਦੇਸ਼ 2014 ‘ਚ ਮਨੁੱਖੀ ਵਿਕਾਸ ਸੂਚਕ ਅੰਕ ‘ਚ ਅਖੀਰੋਂ ਦੂਜੇ ‘ਤੇ ਸੀ।

ਇਹ ਕੋਬਾਲਟ ਖਾਣਾਂ ‘ਚੋਂ ਨਿੱਕਲਦਾ ਹੈ ਤੇ ਇਹਨਾਂ ਖਾਣਾਂ ਵਿੱਚੋਂ ਕੁੱਝ ਵੱਡੀਆਂ ਕੰਪਨੀਆਂ ਦੀਆਂ ਖਾਣਾਂ ਹਨ ਤੇ ਅਨੇਕਾਂ ਛੋਟੀਆਂ ਨਿੱਜੀ ਖਾਣਾਂ ਹਨ। ਇਹ ਛੋਟੀਆਂ ਖਾਣਾਂ ਕੋਂਗੋ ਦੇ ਮਾਈਨਿੰਗ ਕੋਡ ਐਂਡ ਰੈਗੂਲੇਸ਼ਨ ਅਧੀਨ ਨਹੀਂ ਆਉਂਦੀਆਂ, ਇਸ ਕਰਕੇ ਨਾ ਤਾਂ ਇਹਨਾਂ ਕਾਮਿਆਂ ਨੂੰ ਕੋਈ ਸੰਵਿਧਾਨਿਕ ਹੱਕ ਹਾਸਲ ਹਨ, ਉੱਤੋਂ ਇੱਥੇ ਖਤਰਾ ਵੀ ਬਹੁਤ ਜ਼ਿਆਦਾ ਹੈ। ਇਹਨਾਂ ਸੈਂਕੜੇ ਫੁੱਟ ਡੂੰਘੀਆਂ ਤੇ ਕੁੱਝ ਫੁੱਟ ਚੌੜੀਆਂ ਦਮ ਘੋਟੂ ਖਾਣਾਂ ਵਿੱਚ ਕਾਮੇ ਆਪਣੀ ਜਾਨ ਦੀ ਬਾਜੀ ਲਾ ਕੇ ਉੱਤਰਦੇ ਹਨ ਤੇ ਘੰਟਿਆਂ ਬੱਧੀ ਕੰਮ ਕਰਕੇ ਕੋਬਾਲਟ ਦੀ ਕੱਚੀ ਧਾਤ ਕੱਢਦੇ ਹਨ। ਜਾਨ ਦਾ ਖਤਰਾ ਸਹੇੜ ਕੇ ਇਹਨਾਂ ਖਾਣਾਂ ਚ ਕੰਮ ਕਰਨ ਵਾਲਿਆਂ ਨੂੰ ਇੰਨੀ ਵੀ ਕਮਾਈ ਨਹੀਂ ਹੁੰਦੀ ਕਿ ਉਹ ਗਰੀਬੀ ਤੋਂ ਖਹਿੜਾ ਛੁਡਾ ਸਕਣ।

ਇਹਨਾਂ ਖਾਣਾਂ ਵਿੱਚ ਹਵਾ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਹੁੰਦਾ, ਮਜ਼ਦੂਰਾਂ ਦੇ ਪਹਿਨਣ ਲਈ ਦਸਤਾਨੇ, ਗੈਸ-ਮਾਸਕ ਆਦਿ ਜਿਹੇ ਸੁਰੱਖਿਆ ਸਾਧਨ ਵੀ ਨਹੀਂ ਹੁੰਦੇ। ਕੋਬਾਲਟ ਦੀ ਧੂੜ ‘ਚ ਘੰਟਿਆਂ ਬੱਧੀ ਸਾਹ ਲੈਣਾ ਫੇਫੜਿਆਂ ਲਈ ਨੁਕਸਾਨਦਾਇਕ ਹੁੰਦਾ ਹੈ ਅਤੇ ਇੱਥੇ ਸਾਹ ਦੀਆਂ ਬਿਮਾਰੀਆਂ, ਜੋੜਾਂ ਤੇ ਹੱਡੀਆਂ ਦੀਆਂ ਬਿਮਾਰੀਆਂ ਆਮ ਹਨ। ਇਹਨਾਂ ਮਾਮਲਿਆਂ ਵਿੱਚ ਇਹਨਾਂ ਖਾਣਾਂ ਦੀ ਸੰਸਾਰ ਦੀਆਂ ਹੋਰ ਅਨੇਕਾਂ ਕੋਲਾ ਤੇ ਹੋਰ ਅਨੇਕਾਂ ਖਣਿਜ ਕੱਢਣ ਵਾਲ਼ੀਆਂ ਖਾਣਾਂ ਨਾਲ਼ ਸਾਂਝ ਹੈ। ਪਰ ਇੱਕ ਮਾਮਲੇ ਵਿੱਚ ਇਹ ਖਾਣਾ ਬਾਕੀਆਂ ਨਾਲ਼ੋਂ ਬਦਤਰ ਹਨ।

ਕੌਂਗੋ ਦੀਆਂ ਇਹਨਾਂ ਖਾਣਾਂ ਵਿੱਚ 40,000 ਬੱਚੇ ਕੰਮ ਕਰਦੇ ਹਨ। ਇਹਨਾਂ ਬੱਚਿਆਂ ਨੂੰ ਦਮਘੋਟੂ ਖਾਣਾਂ ਵਿੱਚ ਉੱਚ ਤਾਪਮਾਨ, ਮੀਂਹ, ਤੂਫਾਨ ‘ਚ ਵੀ ਕੰਮ ਕਰਨਾ ਪੈਂਦਾ ਹੈ। ਇਹਨਾਂ ਵਿੱਚ 7-8 ਸਾਲ ਦੇ ਬੱਚੇ ਵੀ ਜਿਹਨਾਂ ਨੂੰ ਆਪਣੇ ਤੋਂ ਵੱਧ ਭਾਰ ਚੁੱਕਣਾ ਪੈਂਦਾ ਹੈ। ਇਹਨਾਂ ਬੱਚਿਆਂ ਵਿੱਚੋਂ ਬਹੁਤਿਆਂ ਨੂੰ ਤੇਜੀ ਨਾਲ਼ ਕੰਮ ਨਾ ਕਰਨ ਲਈ ਕੁੱਟ ਵੀ ਪੈਂਦੀ ਹੈ। ਇੱਕ 9 ਸਾਲ ਦੇ ਮਜ਼ਦੂਰ ਨੂੰ ਹੁਣ ਤੋਂ ਹੀ ਪਿੱਠ ਦੀ ਸਮੱਸਿਆ ਸ਼ੁਰੂ ਹੋ ਗਈ ਹੈ। ਇੱਕ 14 ਸਾਲਾ ਮਜ਼ਦੂਰ ਦੱਸਦਾ ਹੈ ਕਿ ਉਸਨੇ 24 ਘੰਟਿਆਂ ਦੀ ਸ਼ਿਫਟ ‘ਚ ਵੀ ਖਾਣ ‘ਚ ਕੰਮ ਕੀਤਾ ਹੈ। ਇੱਕ 15 ਸਾਲ ਦਾ ਬੱਚਾ ਦੱਸਦਾ ਹੈ ਕਿ ਇਸ ਕੰਮ ਦੀ ਸਾਰੀ ਕਮਾਈ ਸਿਰਫ ਖਾਣੇ ਵਿੱਚ ਹੀ ਖਰਚ ਹੋ ਜਾਂਦੀ ਹੈ। ਇਹ ਬੱਚੇ ਮਸਾਂ 2 ਡਾਲਰ ਰੋਜ਼ਾਨਾ ਕਮਾਉਂਦੇ ਹਨ। ਤਿੰਨ ਬੱਚਿਆਂ ਦੀ ਜੁਬਾਨੀ ਕਹੀ ਇਹ ਕਹਾਣੀ ਹਜ਼ਾਰਾਂ ਬੱਚਿਆਂ ਦੀ ਦਾਸਤਾਨ ਹੈ।

ਹਰ ਸਾਲ ਸੈਂਕੜੇ ਕਾਮੇ ਇਹਨਾਂ ਖਾਣਾਂ ਵਿੱਚ ਹਾਦਸਿਆਂ ਦੌਰਾਨ ਮਾਰੇ ਜਾਂਦੇ ਹਨ, ਕਦੇ ਅੱਗ ਲੱਗਣ ਕਾਰਨ ਤੇ ਕਦੇ ਖਾਣ ਦੇ ਖਿਸਕਣ ਕਾਰਨ। ਹਜ਼ਾਰਾਂ ਬੱਚੇ ਤੇ ਮਜ਼ਦੂਰ ਅਨੇਕਾਂ ਖਾਣਾਂ ਦੇ ਖਿਸਕਣ ਕਾਰਨ ਦੱਬ ਕੇ ਮਾਰੇ ਜਾ ਚੁੱਕੇ ਹਨ ਤੇ ਉਹਨਾਂ ਦੀਆਂ ਲਾਸ਼ਾਂ ਵੀ ਬਾਹਰ ਨਹੀਂ ਕੱਢੀਆਂ ਜਾ ਸਕੀਆਂ। ਧਰਤੀ ਦੀ ਹਿੱਕ ਚੀਰ ਕੇ ਉਹਨਾਂ ਨੇ ਜੋ ਖਾਣਾਂ ਬਣਾਈਆਂ ਉਹੀ ਉਹਨਾਂ ਦੀਆਂ ਕਬਰਾਂ ਬਣ ਗਈਆਂ। ਇਹਨਾਂ ਖਾਣਾਂ ‘ਚ ਦੱਬੇ ਜਾਂਦੇ ਬੱਚਿਆਂ ਦੇ ਬਚਾਅ ਲਈ ਨਾ ਤਾਂ ਢੁਕਵੇਂ ਪ੍ਰਬੰਧ ਹਨ ਤੇ ਨਾ ਹੀ ਉਹਨਾਂ ਲਈ ਕੋਈ ਮੁਆਵਜਾ ਹੈ।

ਕੌਂਗੋ ਵਿੱਚ ਗਰੀਬੀ ਤੇ ਬੇਰੁਜ਼ਗਾਰੀ ਇੰਨੀ ਜਿਆਦਾ ਹੈ ਕਿ ਬੱਚਿਆਂ ਦੇ ਮਜ਼ਦੂਰਾਂ ਦੇ ਕਰਨ ਲਈ ਇਸਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ ਹੈ। ਇਹ ਕੰਮ ਛੱਡਣ ਦਾ ਮਤਲਬ ਹੋਵੇਗਾ ਭੁੱਖੇ ਮਰਨਾ। ਅਜਿਹੀ ਹਾਲਤ ਇਹਨਾਂ ਬੱਚਿਆਂ ਦਾ ਸਕੂਲ ਜਾ ਕੇ ਪੜ੍ਹ ਸਕਣਾ ਤਾਂ ਨਿਰਾ ਸੁਪਨਾ ਹੈ। ਕੁੱਝ ਬੱਚਿਆਂ, ਨੌਜਵਾਨਾਂ ਦੇ ਹਿੱਸੇ ਜੇ ਪੜ੍ਹਾਈ ਆਉਂਦੀ ਵੀ ਹੈ ਤਾਂ ਇੱਕ ਸਮੇਂ ਉਹਨਾਂ ਨੂੰ ਗਰੀਬੀ ਕਾਰਨ ਪੜ੍ਹਾਈ ਛੱਡਣੀ ਪੈਂਦੀ ਹੈ ਤੇ ਉਹ 1-2 ਸਾਲ ਖਾਣਾਂ ਵਿੱਚ ਕੰਮ ਕਰਕੇ ਫੀਸ ਜੋੜ ਕੇ ਅੱਗੇ ਪੜ੍ਹਨ ਲਈ ਖਾਣਾਂ ਵੱਲ ਮੂੰਹ ਕਰਦੇ ਹਨ ਪਰ ਉਹਨਾਂ ਵਿੱਚੋਂ ਬਹੁਤ ਥੋੜੇ ਹੀ ਵਾਪਸ ਪੜ੍ਹਾਈ ਵਿੱਚ ਮੁੜਦੇ ਹਨ।

ਇਹਨਾਂ ਖਾਣਾਂ ਚੋਂ ਕੋਬਾਲਟ ਦੀ ਕੱਚੀ ਧਾਤ ਕੱਢ ਕੇ ਵੱਡੀਆਂ ਕਾਰਪੋਰੇਸ਼ਨਾਂ ਨੂੰ ਵੇਚੀ ਜਾਂਦੀ ਹੈ ਜੋ ਅੱਗੋਂ ਸੋਧ ਕੇ ਕੋਬਾਲਟ ਨੂੰ ਮੋਬਾਇਲ, ਲੈਪਟਾਪ ਆਦਿ ਬਣਾਉਣ ਵਾਲ਼ੀਆਂ ਕੋਬਾਲਟ ਐਪਲ, ਸੋਨੀ, ਸੈਮਸੰਗ, ਮਾਈਕ੍ਰੋਸਾਫਟ ਜਿਹੀਆਂ 16 ਦੇ ਕਰੀਬ ਕੰਪਨੀਆਂ ਨੂੰ ਵੇਚਦੇ ਹਨ। ਕੋਬਾਲਟ ਵਾਲ਼ੀਆਂ ਇਹ ਕਾਰਪੋਰੇਸ਼ਨਾਂ ਤੇ ਇਹਨਾਂ ਨੂੰ ਖਰੀਦ ਕੇ ਆਪਣੇ ਉਤਪਾਦ ਬਣਾਉਣ ਵਾਲ਼ੀਆਂ ਕੰਪਨੀਆਂ ਹਰ ਸਾਲ ਅਰਬਾਂ ਦੀ ਕਮਾਈ ਕਰਦੀਆਂ ਹਨ, ਪਰ ਧਰਤੀ ਦੀ ਹਿੱਕ ‘ਚੋਂ ਇਹ ਕੋਬਾਲਟ ਕੱਢਣ ਵਾਲ਼ੇ ਬੱਚਿਆਂ ਦੇ ਹਿੱਸੇ ਆਉਂਦਾ ਹੈ ਘੰਟਿਆਂ ਬੱਧੀ ਕੰਮ ਕਰਨ ‘ਤੇ ਵੀ ਗਰੀਬੀ ‘ਚ ਰੁਲਦਾ ਬਚਪਨ, ਹੱਡੀਆਂ ਤੇ ਜੋੜਾਂ ਦੀਆਂ ਬਿਮਾਰੀਆਂ, ਵਕਤੋਂ ਪਹਿਲਾਂ ਉਮਰ ਢਲਣਾ ਤੇ ਅਨੇਕਾਂ ਮਾਮਲਿਆਂ ‘ਚ ਹਮੇਸ਼ਾਂ ਲਈ ਇਹਨਾਂ ਖਾਣਾਂ ‘ਚ ਦਬ ਜਾਣਾ।

ਜਦੋਂ ਕੁੱਝ ਸੰਸਥਾਵਾਂ ਦੁਆਰਾ ਇਹਨਾਂ ਕੰਪਨੀਆਂ ਨਾਲ਼ ਉਹਨਾਂ ਲਈ ਕੋਬਾਲਟ ਪੈਦਾ ਕਰਨ ਵਾਲ਼ੇ ਇਹਨਾਂ ਮਜਦੂਰਾਂ ਤੇ ਬੱਚਿਆਂ ਬਾਰੇ ਗੱਲ ਕੀਤੀ ਗਈ ਤਾਂ ਕਈਆਂ ਨੇ ਇਸ ਸਬੰਧੀ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਤੇ ਕਈਆਂ ਨੇ ਕਿਹਾ ਕਿ ਉਹਨਾਂ ਲਈ ਇਹ ਦੱਸ ਸਕਣਾ ਸੰਭਵ ਹੀ ਨਹੀਂ ਹੈ ਕਿ ਸਾਡਾ ਕੋਬਾਲਟ ਕੌਂਗੋ ਤੋਂ ਆਉਂਦਾ ਹੈ ਜਾਂ ਨਹੀਂ। ਅਸਲ ਵਿੱਚ ਇਹ ਪਤਾ ਕਰਨਾ ਕੋਈ ਔਖੀ ਗੱਲ ਨਹੀਂ ਹੈ, ਅਨੇਕਾਂ ਸੰਸਥਾਵਾਂ ਨੇ ਇਸ ਸਬੰਧੀ ਖੋਜਬੀਣ ਕਰਕੇ ਕੌਂਗੋ ਦਾ ਕੋਬਾਲਟ ਇਹਨਾਂ 16 ਕੰਪਨੀਆਂ ਤੱਕ ਪਹੁੰਚਣ ਦੀ ਪੁਸ਼ਟੀ ਕੀਤੀ ਹੈ। ਅਸਲ ਮਾਮਲਾ ਇਸਦੀ ਜ਼ਿੰਮੇਵਾਰੀ ਲੈਣ ਤੇ ਕਾਮਿਆਂ ਨੂੰ ਚੰਗੀਆਂ ਸਹੂਲਤਾਂ ਤੇ ਉਜਰਤਾਂ ਮੁਹੱਈਆ ਕਰਵਾਉਣ ਦਾ ਹੈ ਜਿਸਦੇ ਲਈ ਕੋਈ ਵੀ ਕੰਪਨੀ ਤਿਆਰ ਨਹੀਂ ਹੈ। ਕਿਉਂਕਿ ਇਹ ਸਭ ਕੰਪਨੀਆਂ ਮੁਨਾਫੇ ਲਈ ਕੰਮ ਕਰਦੀਆਂ ਹਨ ਤੇ ਇਹਨਾਂ ਬੱਚਿਆਂ ਤੇ ਮਜ਼ਦੂਰਾਂ ਵੱਲ ਧਿਆਨ ਦੇਣ ਦਾ ਮਤਲਬ ਹੋਵੇਗਾ ਆਪਣੇ ਮੁਨਾਫਿਆਂ ‘ਚ ਕਟੌਤੀ ਕਰਨਾ ਜਿਸਦੇ ਲਈ ਇਹ ਕੰਪਨੀਆਂ ਹਰਗਿਜ ਵੀ ਤਿਆਰ ਨਹੀਂ ਹਨ।

ਜੇ ਤੁਹਾਡੇ ਦਿਲ ‘ਚ ਕੋਈ ਮਨੁੱਖੀ ਸੰਵੇਦਨਾ ਹੈ ਤਾਂ ਆਪਣੀ ਦੋਜ਼ਖ ਭਰੀ ਜ਼ਿੰਦਗੀ ਤੇ ਮੌਤ ਰਾਹੀਂ ਤੁਹਾਡੇ ਲਈ ਮੋਬਾਇਲ, ਲੈਪਟਾਪ ਆਦਿ ਜਿਹੀਆਂ ਸਹੂਲਤਾਂ ਤਿਆਰ ਕਰਨ ਵਾਲ਼ੇ ਇਹ ਬੱਚੇ ਤੁਹਾਡੇ ਤੋਂ ਆਪਣੀ ਬਿਹਤਰ ਜ਼ਿੰਦਗੀ ਦੀ ਵੀ ਆਸ ਰੱਖਦੇ ਹਨ। ਇਹਨਾਂ ਦੀ ਜ਼ਿੰਦਗੀ ਇਸ ਨਾਲ਼ ਬਿਹਤਰ ਨਹੀਂ ਹੋਣ ਲੱਗੀ ਕਿ ਤੁਸੀਂ ਮੋਬਾਇਲ, ਲੈਪਟਾਪ ਤਿਆਗ ਦੇਵੋ ਜਾਂ ਇਹਨਾਂ ਦੀ ਕੰਪਨੀ ਬਦਲ ਦੇਵੋ ਤੇ ਨਾ ਹੀ ਇਸ ਨਾਲ਼ ਕਿ ਤੁਸੀਂ ਅਜਿਹੇ ਬੱਚਿਆਂ ਲਈ ਕਿਸੇ ਐੱਨ.ਜੀ.ਓ. ਨੂੰ ਚੰਦ ਰੁਪਏ ਦੇ ਕੇ ਆਪਣੇ ਆਪ ਨੂੰ ਤਸੱਲੀ ਦਿੰਦੇ ਫਿਰੋ। ਇਹਦੇ ਲਈ ਜ਼ਰੂਰੀ ਹੈ ਕਿ ਲੁੱਟ ਤੇ ਮੁਨਾਫੇ ‘ਤੇ ਟਿਕੇ ਸਮੁੱਚੇ ਸਰਮਾਏਦਾਰਾ ਪ੍ਰਬੰਧ ਨੂੰ ਹੀ ਬਦਲਿਆ ਜਾਵੇ ਜੋ ਮੁਨਾਫੇ ਲਈ ਕਰੋੜਾਂ ਬੱਚਿਆਂ ਦੀ ਬਲੀ ਲੈਂਦਾ ਹੈ, ਇੱਕ ਪਾਸੇ ਕਰੋੜਾਂ ਲੋਕਾਂ ‘ਤੇ ਘੰਟਿਆਂ ਬੱਧੀ ਕਿਰਤ ਦਾ ਬੋਝ ਲੱਦਦਾ ਹੈ ਤੇ ਦੂਜੇ ਪਾਸੇ ਮੁੱਠੀ ਭਰ ਮਾਲਕਾਂ ਦੀ ਜਮਾਤ ਨੂੰ ਅਰਬਾਂ ਦੀ ਜਾਇਦਾਦ ਦੇ ਢੇਰ ‘ਤੇ ਬਿਠਾਉਂਦਾ ਹੈ। ਅਗਲੀ ਵਾਰ ਆਪਣੇ ਮੋਬਾਇਲ ਨੂੰ ਧਿਆਨ ਨਾਲ਼ ਕੰਨ ਲਾ ਕੇ ਸੁਣੋ, ਇਸ ਵਿੱਚੋਂ ਇਹਨਾਂ ਖਾਣਾਂ ‘ਚ ਆਪਣੀ ਜ਼ਿੰਦਗੀ ਗਵਾ ਰਹੇ ਬੱਚਿਆਂ ਦੇ ਹਾਉਂਕਿਆਂ ਦੀ ਅਵਾਜ਼ ਆ ਰਹੀ ਹੈ ਜੋ ਤੁਹਾਨੂੰ ਇਸ ਮੁਨਾਫੇਖੋਰ ਢਾਂਚੇ ਨੂੰ ਬਦਲ ਦੇਣ ਲਈ ਲਲਕਾਰ ਰਹੀ ਹੈ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 62, 16 ਅਕਤੂਬਰ 2016 ਵਿੱਚ ਪ੍ਰਕਾਸ਼ਤ

Advertisements