ਖੂਬਸੂਰਤ ਚਮੜੀ ਦਾ ਬਦਸੂਰਤ ਧੰਦਾ •ਇਨਜਿੰਦਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲਗਾਤਾਰ ਤਿੱਖੇ ਹੁੰਦੇ ਜਾ ਰਹੇ ਆਰਥਿਕ ਧਰੁਵੀਕਰਨ ਕਰਕੇ ਜਿੱਥੇ ਕਿਰਤੀ ਲੋਕਾਂ ਦੀ ਜ਼ਿੰਦਗੀ ਦੀਆਂ ਪੀੜਾਂ ਵਧਦੀਆਂ ਜਾ ਰਹੀਆਂ ਹਨ, ਉੱਥੇ ਔਰਤਾਂ ਦੀ ਹਾਲਤ ਤਾਂ ਇਸ ਤੋਂ ਕਿਤੇ ਭਿਅੰਕਰ ਹੁੰਦੀ ਜਾ ਰਹੀ ਹੈ। ਕਿਉਂਕਿ ਜਿੱਥੇ ਔਰਤਾਂ ਦੀ ਵੱਡੀ ਗਿਣਤੀ ਅਬਾਦੀ ਗਰੀਬੀ ਦਾ ਸੰਤਾਪ ਹੰਢਾ ਰਹੀ ਹੈ ਉੱਥੇ ਇਸ ਦੇ ਨਾਲ-ਨਾਲ ਉਸਨੂੰ ਇਸ ਮਰਦ ਪ੍ਰਧਾਨ ਸਮਾਜ ‘ਚ ਔਰਤ ਹੋਣ ਦਾ ਸੰਤਾਪ ਵੀ ਭੋਗਣਾ ਪੈ ਰਿਹਾ ਹੈ। ਕਹਿਣ ਦਾ ਭਾਵ ਉਹ ਗਰੀਬੀ ਅਤੇ ਔਰਤਪੁਣੇ ਦੇ ਦਵੰਦ ਦੀ ਚੱਕੀ ਚ ਲਗਾਤਾਰ ਅਜਿਹੀ ਪਿਸਦੀ ਹੈ ਕਿ ਉਸਦੀ ਹਾਲਤ ਨੂੰ ਸ਼ਬਦਾਂ ਚ ਬਿਆਨ ਕਰਨਾ ਵੀ ਔਖਾ ਹੈ। ਕਿਉਂਕਿ ਮੁਨਾਫੇ ‘ਤੇ ਟਿਕੇ ਇਸ ਆਦਮਖੋਰ ਸਰਮਾਏਦਾਰਾ ਢਾਂਚੇ ਨੇ ਜਿਊਂਦੀ-ਜਾਗਦੀ ਔਰਤ ਨੂੰ ਮਹਿਜ ਇੱਕ ਵਸਤੂ ਦੇ ਰੂਪ ‘ਚ ਤਬਦੀਲ ਕਰਕੇ ਰੱਖ ਦਿੱਤਾ ਹੈ। ਜਿਸਨੂੰ ਬਾਕੀ ਵਸਤਾਂ ਵਾਂਗ ਖਰੀਦਿਆ ਤੇ ਵੇਚਿਆ ਜਾ ਸਕਦਾ ਹੈ ਅਤੇ ਉਸ ਨਾਲ਼ ਹਰ ਤਰਾਂ ਦਾ ਅਣ-ਮਨੁੱਖੀ ਸਲੂਕ ਕੀਤਾ ਜਾ ਸਕਦਾ ਹੈ।

ਔਰਤਾਂ ਨਾਲ਼ ਹੁੰਦੇ ਇਸ ਅਣਮਨੁੱਖੀ ਸਲੂਕ ਦੀਆਂ ਅਨੇਕਾਂ ਘਟਨਾਵਾਂ ਸਾਡੇ ਸਾਹਮਣੇ ਵਾਪਰਦੀਆਂ ਰਹਿੰਦੀਆਂ ਹਨ। ਹੁਣ ਇਹ ਤੱਥ ਸਾਹਮਣੇ ਆਏ ਹਨ ਕਿ ਅਮੀਰਾਂ ਦੀ ਸੁੰਦਰਤਾ ਵਧਾਉਣ ਲਈ ਨੇਪਾਲ ਦੇ ਪਿੰਡਾਂ ਚੋਂ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਨੂੰ ਏਜੰਟ ਖਰੀਦ ਕੇ ਭਾਰਤ ਲੈ ਆਉਂਦੇ ਹਨ ਜਿੱਥੇ ਉਹਨਾਂ ਨੂੰ ਬੇਹੋਸ਼ ਕਰਕੇ ਉਹਨਾਂ ਦੇ ਸਰੀਰ ਦੇ ਕੁੱਝ ਹਿੱਸਿਆਂ ਤੋਂ ਚਮੜੀ ਲਾਹ ਲਈ ਜਾਂਦੀ ਹੈ। ਇਸਦੇ ਬਦਲੇ ਉਹਨਾਂ ਨੂੰ ਮਹਿਜ ਦਸ ਤੋਂ ਪੰਦਰਾਂ ਹਜ਼ਾਰ ਰੁਪਏ ਦਿੱਤੇ ਜਾਂਦੇ ਹਨ ਤੇ ਅੱਗੇ ਇਹ ਮਨੁੱਖੀ ਚਮੜੀ ਬਹੁਤ ਉੱਚੀਆਂ ਕੀਮਤਾਂ ‘ਤੇ ਵੇਚੀ ਜਾਂਦੀ ਹੈ। ਚਮੜੀ ਲਾਹੁਣ ਪਿੱਛੋਂ ਇਹਨਾਂ ਕੁੜੀਆਂ ਨੂੰ ਮੁੰਬਈ, ਕਲਕੱਤਾ ਅਤੇ ਦਿੱਲੀ ਜਿਹੇ ਮਹਾਂਨਗਰਾਂ ਵਿੱਚ ਦੇਹ-ਵਪਾਰ ਦੇ ਧੰਦੇ ਵਿੱਚ ਧੱਕ ਦਿੱਤਾ ਜਾਂਦਾ ਹੈ। ਜਿੱਥੇ ਸੋਲਾਂ-ਸੋਲਾਂ ਸਤਾਰਾਂ-ਸਤਾਰਾਂ ਸਾਲ ਦੀਆਂ ਇਹਨਾਂ ਨੰਨੀਆਂ ਕਰੂੰਬਲਾਂ ਦੇ ਸਾਰੇ ਅਰਮਾਨ ਇੱਕ-ਇੱਕ ਕਰਕੇ ਟੁੱਟ ਜਾਂਦੇ ਹਨ। ਜਦ ਉਹਨਾਂ ਨੂੰ ਕਾਗਜ ਦੇ ਟੁਕੜਿਆਂ ਬਦਲੇ ਵਹਿਸ਼ੀ ਦਰਿੰਦਿਆਂ ਅੱਗੇ ਸੁੱਟ ਦਿੱਤਾ ਜਾਂਦਾ ਹੈ ਜਿਹਨਾਂ ਦਾ ਕਸੂਰ ਸਿਰਫ ਇੰਨਾ ਕੁ ਹੁੰਦਾ ਹੈ ਕਿ ਉਹਨਾਂ ਦੇ ਗਰੀਬ ਮਾਪਿਆਂ ਨੇ ਉਹਨਾਂ ਨੂੰ ਇਸ ਧਰਤੀ ‘ਤੇ ਪੈਦਾ ਕਰ ਦਿੱਤਾ, ਜੋ ਇਹਨਾਂ ਦੀ ਮਰਜੀ ਤੋਂ ਅਜ਼ਾਦ ਸੀ।

ਇਹਨਾਂ ਕੋਠਿਆਂ ‘ਚੋਂ ਭੱਜ ਨਿੱਕਲਣ ਜਾਂ ਆਪਣੀ ਸਵੈ-ਰੱਖਿਆ ਦਾ ਕੋਈ ਵੀ ਰਾਹ ਇਹਨਾਂ ਕੁੜੀਆਂ ਕੋਲ ਨਹੀਂ ਹੁੰਦਾ। ਕਿਉਂਕਿ ਜੇ ਕੋਈ ਕੁੜੀ ਭੱਜਣ ਦੀ ਕੋਸ਼ਿਸ਼ ਕਰਦੀ ਫੜੀ ਜਾਵੇ ਤਾਂ ਉਸਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਜਾਂਦੇ ਹਨ ਤੇ ਉਸਨੂੰ ਨੂੰ ਜਾਨਵਰਾਂ ਵਾਂਗ ਮਾਰ ਕੇ ਗਟਰ ਵਿੱਚ ਸੁੱਟ ਦਿੱਤਾ ਜਾਂਦਾ ਹੈ ਤਾਂ ਕਿ ਅੱਗੇ ਕੋਈ ਕੁੜੀ ਅਜਿਹਾ ਕਰਨ ਦੀ ਹਿੰਮਤ ਨਾ ਕਰ ਸਕੇ। ਪਰ ਫੇਰ ਵੀ ਬਹੁਤ ਸਾਰੀਆਂ ਔਰਤਾਂ ਇਸ ਨਰਕ ਭਰੀ ਜ਼ਿੰਦਗੀ ਤੋਂ ਨਿਜਾਤ ਹਾਸਲ ਕਰਨ ਲਈ ਭੱਜਣ ਦਾ ਯਤਨ ਕਰਦੀਆਂ ਹਨ ਤਾਂ ਜੋ ਉਹ ਇਨਸਾਨਾਂ ਵਰਗਾ ਜੀਵਨ ਜਿਉਂ ਸਕਣ, ਪਰ ਉੱਥੇ ਦਲਾਲਾਂ ਦੀ ਸਖਤ ਪਹਿਰੇਦਾਰੀ ਉਹਨਾਂ ਨੂੰ ਅਜਿਹਾ ਕਰਨ ਦਾ ਕੋਈ ਮੌਕਾ ਨਹੀਂ ਦਿੰਦੀ। ਇੱਕ ਕੁੜੀ ਦਾ ਕਹਿਣਾ ਸੀ ਕਿ ਕਈ ਕੁੜੀਆਂ ਤਾਂ ਇਸ ਜ਼ਿੰਦਗੀ ਤੋਂ ਅੱਕ ਕੇ ਖੁਦਕੁਸ਼ੀ ਵੀ ਕਰ ਲੈਂਦੀਆਂ ਹਨ।

ਸੁਸ਼ੀਲਾ ਥਾਪਾ ਨਾਮ ਦੀ ਇੱਕ ਕੁੜੀ ਮੁਤਾਬਕ ਉਹ ਇਸ ਧੰਦੇ ਦੀ ਜ਼ਿੰਦਗੀ ਤੋਂ ਬਹੁਤ ਜਲਦੀ ਅੱਕ ਗਈ ਸੀ ਅਤੇ ਉਹ ਬਹੁਤ ਚੁਸਤੀ ਨਾਲ਼ ਦਲਾਲਾਂ ਨੂੰ ਚਕਮਾ ਦੇ ਕੇ ਤਿੰਨ ਸਾਲਾਂ ਮਗਰੋਂ ਭੱਜਣ ‘ਚ ਸਫਲ ਹੋ ਗਈ ਸੀ। ਪਰ ਜਦੋਂ ਉਹ ਆਪਣੇ ਪਿੰਡ ਸਿੰਧਊਪਾਲ ਚੌਂਕ ਗਈ, ਜੋ ਕਾਠਮੰਡੂ ਤੋਂ ਲਗਭਗ 75 ਕਿਲੋਮੀਟਰ ਦੂਰ ਹੈ, ਤਾਂ ਉਸਦੇ ਪਿੰਡ ਦੇ “ਕੁੱਝ ਅਣਖੀ ਲੋਕਾਂ” ਨੇ ਆਪਣੀ ਝੂਠੀ ਅਣਖ ਲਈ ਇਸ ਕੁੜੀ ਨੂੰ ਆਪਣੇ ਪਿੰਡ ਵਿੱਚ ਰੱਖਣੋਂ ਇਨਕਾਰ ਕਰ ਦਿੱਤਾ। ਕੋਈ ਹੋਰ ਰਾਹ ਨਾ ਹੋਣ ਕਾਰਨ ਉਸਨੇ ਮੌਤ ਵਰਗੀ ਜ਼ਿੰਦਗੀ ਨੂੰ ਫੇਰ ਗਲ ਲਾ ਲਿਆ। ਉਹ ਕਿਸੇ ਏਜੰਟ ਜਰੀਏ ਆਪਣੇ ਢਿੱਡ ਦੀ ਅੱਗ ਬੁਝਾਉਣ ਲਈ ਮੁੜ ਉਸੇ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਹੋ ਗਈ। ਜਿੱਥੇ ਰਹਿਣਾ ਉਸਨੂੰ ਇੱਕ ਪਲ ਵੀ ਚੰਗਾ ਨਹੀਂ ਸੀ ਲਗਦਾ ਉੱਥੇ ਉਹ ਸਾਰੀ ਜ਼ਿੰਦਗੀ ਕੱਟਣ ਲਈ ਮਜ਼ਬੂਰ ਹੋ ਗਈ। ਉਸਦਾ ਕਹਿਣਾ ਹੈ ਕਿ “ਮੈਂ ਆਪਣੀ ਮੌਤ ਦੀ ਉਡੀਕ ਕਰ ਰਹੀ ਹਾਂ। ਬੱਸ ਆਪਣੇ ਹੱਥੀਂ ਮਰਿਆ ਨਹੀਂ ਜਾਂਦਾ, ਪਰ ਇੱਥੋਂ ਦੀ ਜ਼ਿੰਦਗੀ ਤੇ ਮੌਤ ‘ਚ ਕੋਈ ਫਰਕ ਨਹੀਂ ਹੈ।”

ਚਮੜੀ ਦੀ ਤਸਕਰੀ ‘ਚ ਸ਼ਾਮਲ ਇੱਕ ਏਜੰਟ ਦਾ ਕਹਿਣਾ ਹੈ ਕਿ ਇਹਨਾਂ ਨੇਪਾਲੀ ਕੁੜੀਆਂ ਦੀ ਚਮੜੀ ਗੋਰੇ ਰੰਗ ਦੀ ਹੋਣ ਕਾਰਨ ਦੁਨੀਆਂ ਭਰ ‘ਚ ਬਹੁਤ ਉੱਚੀਆਂ ਕੀਮਤਾਂ ‘ਤੇ ਵਿਕਦੀ ਹੈ। ਜੋ ਅਮੀਰਾਂ ਦੀ, ਖਾਸ ਕਰਕੇ ਅਮੀਰ ਔਰਤਾਂ ਦੀ ਸੁੰਦਰਤਾ ਵਧਾਉਣ ਲਈ ਪਲਾਸਟਿਕ ਸਰਜਰੀ ਕਰਨ ਅਤੇ ਛਾਤੀਆਂ ਵੱਡੀਆਂ ਕਰਨ ਆਦਿ ਦੇ ਕੰਮਾਂ ਵਿੱਚ ਵਰਤੀ ਜਾਂਦੀ ਹੈ।

ਇੱਕ ਹੋਰ ਕੋਮਲ ਨਾਮ ਦੀ ਕੁੜੀ ਨੇ ਦੱਸਿਆ ਕਿ “ਆਪਣੀ ਚਮੜੀ ਵੇਚਣ ਕਰਕੇ ਬੇਸ਼ੱਕ ਕੁੱਝ ਪੈਸੇ ਇਕੱਠੇ ਤਾਂ ਸਾਨੂੰ ਜਰੂਰ ਮਿਲ਼ ਜਾਂਦੇ ਹਨ ਪਰ ਇਸਦਾ ਪਿੱਛੋਂ ਸਾਨੂੰ ਬਹੁਤ ਨੁਕਸਾਨ ਹੁੰਦਾ ਹੈ। ਕਿਉਂਕਿ ਫੇਰ ਸਾਡੇ ਕੋਲ ਕੋਈ ਚੰਗਾ ਗਾਹਕ ਨਹੀਂ ਆਉਂਦਾ, ਜੋ ਗਾਹਕ ਆਉਂਦੇ ਹਨ ਉਹ ਸਾਡੇ ਸਰੀਰ ‘ਤੇ ਦਾਗ ਦੇਖ ਕੇ ਜਾਂ ਤਾਂ ਸਾਡੇ ਕੋਲ ਰੁਕਣਾ ਪਸੰਦ ਨਹੀਂ ਕਰਦੇ ਜਾਂ ਫਿਰ ਬਹੁਤ ਥੋੜੇ ਪੈਸੇ ਦੇ ਕੇ ਸਾਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਹਨ। ਉਹ ਸਾਡੇ ਨਾਲ਼ ਪਸ਼ੂਆਂ ਵਰਗਾ ਸਲੂਕ ਕਰਦੇ ਹਨ, ਜਦਕਿ ਸਾਡੇ ਕੋਲੋਂ ਉਮੀਦ ਕਰਦੇ ਹਨ ਕਿ ਅਸੀਂ ਉਹਨਾਂ ਨਾਲ ਪ੍ਰੇਮਿਕਾਵਾਂ ਵਰਗਾ ਸਲੂਕ ਕਰੀਏ, ਹੂੰ ਕੁੱਤੇ!” 

ਦੇਹ ਵਪਾਰ ਦੇ ਧੰਦੇ ਨਾਲ਼ ਮਨੁੱਖੀ ਚਮੜੀ ਦੀ ਤਸਕਰੀ ਦਾ ਇਹ ਧੰਦਾ ਅੱਜ-ਕੱਲ ਜੋਰਾਂ-ਸ਼ੋਰਾਂ ‘ਤੇ ਚੱਲ ਰਿਹਾ ਹੈ ਅਤੇ ਲਗਤਾਰ ਵਧਦਾ ਜਾ ਰਿਹਾ ਹੈ। ਸਾਲ 2002 ਤੋਂ ਲੈ ਕੇ ਹੁਣ ਤੱਕ ਇਸ ਧੰਦੇ ਵਿੱਚ 70 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਬਹੁਤ ਜ਼ਿਆਦਾ ਲੋਕ ਇਸ ਧੰਦੇ ਵਿੱਚ ਸ਼ਾਮਲ ਹੋ ਚੁੱਕੇ ਹਨ। ਇਹੋ ਜਿਹੇ ਗੈਰ-ਮਨੁੱਖੀ ਧੰਦਿਆਂ ਨੂੰ ਰੋਕਣ ਲਈ ਸਰਕਾਰਾਂ ਦੇ ਕਨੂੰਨ ਦਾ ਮੂੰਹ ਪੂਰੀ ਤਰਾਂ ਬੰਦ ਹੈ।

ਦਰਅਸਲ ਅਮੀਰਾਂ ਦੀ ਸੁੰਦਰਤਾ ਨੂੰ ਵਧਾਉਣ ਲਈ ਗਰੀਬ ਔਰਤਾਂ ਦੀ ਜ਼ਿੰਦਗੀ ਨੂੰ ਬਦਸੂਰਤ ਕਰਨਾ ਇਸ ਸਰਮਾਏਦਾਰਾ ਢਾਂਚੇ ਲਈ ਕੋਈ ਅਚੰਭੇ ਵਾਲ਼ੀ ਗੱਲ ਨਹੀਂ ਸਗੋਂ ਅੱਜ ਪੂਰਾ ਸਰਮਾਏਦਾਰਾ ਢਾਂਚਾ ਹੀ ਮੁੱਠੀ ਭਰ ਸਰਮਾਏਦਾਰਾਂ ਦੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਲਈ ਕਰੋੜਾਂ ਲੋਕਾਂ ਦੀ ਜ਼ਿੰਦਗੀ ਨੂੰ ਬਦਸੂਰਤ ਬਣਾ ਰਿਹਾ ਹੈ। ਸੋ ਲੋੜ ਹੈ ਅੱਜ ਕਿਰਤੀ ਲੋਕਾਂ ਅਤੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਇੱਕ ਸਮਾਜਵਾਦੀ ਢਾਂਚੇ ਦੀ ਉਸਾਰੀ ਲਈ ਤਿਆਰ ਕਰਨ ਦੀ ਜਿਸ ਵਿੱਚ ਬਹੁਤ ਸਾਰੇ ਅਣ-ਮਨੁੱਖੀ ਨਿਘਾਰਾਂ ਦਾ ਖਾਤਮਾ ਇੱਕ ਝਟਕੇ ਨਾਲ਼ ਕੀਤਾ ਜਾ ਸਕੇ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਸੰਯੁਕਤ ਅੰਕ 4-5, 1 ਤੋਂ 15 ਅਤੇ 16 ਤੋਂ 30 ਅਪ੍ਰੈਲ, 2017 ਵਿੱਚ ਪ੍ਰਕਾਸ਼ਤ

Advertisements