ਖੇਤੀ ‘ਚ ਕੀੜੇ ਮਾਰ ਜ਼ਹਿਰਾਂ ਦੀ ਅੰਨੀ ਵਰਤੋਂ: ਸਰਮਾਏਦਾਰੀ ਪ੍ਰਬੰਧ ਦੀ ਸਮੱਸਿਆ •ਡਾ ਜਸ਼ਨ ਜੀਦਾ

30

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਨਵੰਬਰ ਮਹੀਨੇ ਪਰਾਲ਼ੀ ਦਾ ਧੂੰਆਂ ਦਿੱਲੀ ਅਤੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਰਿਹਾ। ਆਮ ਗੱਲ-ਬਾਤ ਤੋਂ ਲੈ ਕੇ ਬੌਧਿਕ ਖਿੱਤਿਆਂ ਵਿੱਚ ਹਵਾ ਪ੍ਰਦੂਸ਼ਣ ਬਾਰੇ ਚਰਚਾ ‘ਕਿਸਾਨੀ ਦੇ ਮੰਦੇ ਹਾਲ’ ਅਤੇ ‘ਕਰਜੇ ਦੀਆਂ ਪੰਡਾਂ’ ਤੱਕ ਪਹੁੰਚ ਜਾਂਦੀ ਹੈ। ਧਨੀ ਕਿਸਾਨੀ ਦੇ ਸਵਾਲ ‘ਤੇ ਤਿੱਖੀਆਂ ਬਹਿਸਾਂ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣੀਆਂ ਰਹੀਆਂ। ਇਹ ਸੁਆਗਤ ਯੋਗ ਹੈ ਕਿ ਵਾਤਾਵਰਨ ਬਾਰੇ ਹਰ ਕੋਈ ਫਿਕਰਮੰਦ ਹੈ ਅਤੇ ਆਪਣੀ ਸਮਝ ਮੁਤਾਬਿਕ ਇਸੇ ਪ੍ਰਬੰਧ ਨੂੰ ਸਿੱਧੇ-ਜਾਂ ਅਸਿੱਧੇ ਰੂਪ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਦਾ ‘ਮਾਈ ਬਾਪ’ ਮੰਨ ਰਿਹਾ ਹੈ।

ਵਾਤਾਵਰਨ ‘ਚ ਪ੍ਰਦੂਸ਼ਣ ਲਈ ਫਿਕਰਮੰਦੀ ਦੇ ਇਸ ਤਾਜਾ ਦੌਰ ‘ਚ ਆਓ ਇੱਕ ਨਜ਼ਰ ਖੇਤੀ ‘ਚ ਵਰਤੀਆਂ ਜਾਂਦੀਆਂ ਕੀੜੇਮਾਰ ਜ਼ਹਿਰਾਂ ਦੀ ਅੰਨੇਵਾਹ ਵਰਤੋਂ ਵੱਲ ਵੀ ਮਾਰ ਲਈ ਜਾਵੇ। ਸਿਰਫ ਮੌਜੂਦਾ ਧੂੰਆਂ ਹੀ ਕਾਰਨ ਨਹੀਂ ਸਗੋਂ ਲੰਘੇ ਅਕਤੂਬਰ ਮਹੀਨੇ ‘ਚ ਮਹਾਂਰਾਸ਼ਟਰ ਦੇ ਯਵਤਮਾਲ ਜ਼ਿਲੇ ਦੇ 40 ਲਗਭਗ ਕਿਸਾਨ ਮਾਰੇ ਗਏ ਹਨ ਅਤੇ ਯਵਤਮਾਲ ਦੇ ਨੇੜਲੇ ਇਲਾਕਿਆਂ ‘ਚ ਅਗਸਤ ਮਹੀਨੇ ਵਿੱਚ 1800 ਦੇ ਕਰੀਬ ਕਿਸਾਨ ਅਤੇ ਖੇਤ ਮਜ਼ਦੂਰ ਕਿਸੇ ਨਾ ਕਿਸੇ ਗੰਭੀਰ ਬਿਮਾਰੀ ਕਾਰਨ ਹਸਪਤਾਲ ਇਲਾਜ ਲਈ ਪੁੱਜੇ ਹਨ। ਸੂਬਾ ਸਰਕਾਰ ਦੀਆਂ ਮੁੱਢਲੀਆਂ ਜਾਂਚਾਂ ਤੋਂ ਪਤਾ ਲੱਗਿਆ ਕਿ ਇਹ ਮੌਤਾਂ ਕੀੜੇਮਾਰ ਦੁਆਈਆਂ ਦੀ ਲੋੜੋਂ ਵੱਧ ਮਾਤਰਾ (ਉਵਰਡੋਜ਼) ਕਾਰਨ ਹੋਈਆਂ ਹਨ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਮਮਲੇ ਦੀ ਵਜਾ ਕੀਟਨਾਸ਼ਕਾਂ ਦੀ ਲਾਪਰਵਾਹੀ ਨਾਲ਼ ਵਰਤੋਂ ਕਿਹਾ ਹੈ ਅਤੇ ਮਹਾਂਰਾਸ਼ਟਰ ਸਰਕਾਰ ਅਤੇ ਖੇਤੀ ਤੇ ਕਿਸਾਨ ਭਲਾਈ ਵਿਭਾਗ ਨੂੰ ਇਸ ਸਬੰਧੀ ਨੋਟਿਸ ਜਾਰੀ ਕੀਤਾ ਹੈ। ਵਿਗਿਆਨ ਅਤੇ ਵਾਤਵਰਨ ਕੇਂਦਰ ਸਭਾ ਨੇ ਇਸ ਹਾਦਸੇ ਨੂੰ ਸਰਕਾਰਾਂ ਦੀ ਨਕਾਮੀ ਕਿਹਾ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੀਟਨਾਸ਼ਕਾਂ ਦੀ ਸ਼੍ਰੇਣੀ 1ਏ ਅਤੇ ਸ਼੍ਰੇਣੀ 1ਬੀ ‘ਚ ਆਉਣ ਵਾਲ਼ੇ ਕੀਟਨਾਸ਼ਕਾਂ ‘ਤੇ ਭਾਰਤ ਵਿੱਚ ਪਾਬੰਦੀ ਲਗਾਈ ਜਾਵੇ।

ਦੂਜੀ ਮੁੱਖ ਘਟਨਾ ਇਸੇ ਸਾਲ ਸੁਪਰੀਮ ਕੋਰਟ ਨੇ ਇੱਕ ਫੈਸਲੇ ਸੁਣਾਉਦਿਆਂ ਕੇਰਲ ‘ਚ ਕਾਜੂ ਦੀ ਖੇਤੀ ‘ਚ ਵਰਤੇ ਜਾਦੇ ‘ਐਡੋਸਲਫਾਨ’ ਨਾਂ ਦੇ ਕੀਟਨਾਸ਼ਕ ਤੋਂ ਪ੍ਰਭਾਵਿਤ ਹੋਏ 4000 ਲੋਕਾਂ ਨੂੰ 5 ਲੱਖ ਪ੍ਰਤੀ ਵਿਅਕਤੀ ਮੁਆਵਜ਼ਾ ਦੇਣ ਦਾ ਸੂਬਾ ਸਰਕਾਰ ਨੂੰ ਹੁਕਮ ਦਿੱਤਾ ਹੈ। ਯਵਤਮਾਲ (ਮਹਾਂਰਾਸ਼ਟਰ) ਅਤੇ ਕੇਰਲ ਦੀਆਂ ਇਹਨਾਂ ਤਾਜ਼ੀਆਂ ਘਟਨਾਵਾਂ ਬਹਾਨੇ ਅਸੀ ਭਾਰਤ ਵਿਚਲੀ ਕੀਟਨਾਸ਼ਕਾਂ ਦੀ ਸਮੱਸਿਆ ਬਾਰੇ ਗੱਲਬਾਤ ਕਰਾਂਗੇ।

ਧਰਤੀ ਉੱਤੇ ਮੁੱਢ ਤੋਂ ਹੀ ਮਨੁੱਖ ਦਾ ਕੁਦਰਤ ਨਾਲ਼ ਸੰਘਰਸ਼ ਚਲਦਾ ਰਿਹਾ ਹੈ। ਖੇਤੀ ਦੇ ਵਿਕਾਸ ਦੌਰਾਨ ਹੀ ਕੀਟਾਂ ਦੇ ਹਮਲੇ ਤੋਂ ਫਸਲਾਂ ਨੂੰ ਬਚਾਉਣ ਲਈ ਕੀਟਨਾਸ਼ਕਾਂ ਦੀ ਲੋੜ ਪੈਦਾ ਹੌਈ। ਕੀਟਨਾਸ਼ਕਾਂ ਵਜੋ ਰਸਾਇਣਾਂ ਦੀ ਵਰਤੋਂ ਦੇ ਪ੍ਰਮਾਣ 15 ਵੀ ਸਦੀ ਵਿੱਚ ਮਿਲ਼ਦੇ ਹਨ। 19ਵੀਂ ਸਦੀ ‘ਚ ਡੀ.ਡੀ.ਟੀ. ਦੀ ਖੋਜ ਖੇਤੀ ਵਿੱਚ ਇੱਕ ਇਨਕਲਾਬ ਵਜੋਂ ਸੀ। ਭਾਰਤ ਵਿੱਚ ਕੀਟਨਾਸ਼ਕਾਂ ਦੀ ਵਰਤੋਂ 1960-70 ਤੋਂ ਬਾਅਦ ਵੱਡੀ ਮਾਤਰਾ ‘ਚ ਸ਼ੁਰੂ ਹੋਈ। ਹਰੇ ਇਨਕਲਾਬ ਨਾਲ਼ ਪੰਜਾਬ ਦੇ ਖੇਤਾਂ ਵਿੱਚ ਵੀ ਕੀੜੇਮਾਰ ਜ਼ਹਿਰਾਂ ਦੇ ਡਰੰਮਾਂ ਦੇ ਡਰੰਮ ਪਹੁੰਚਣ ਲੱਗੇ।

ਅੱਜ ਸਥਿਤੀ ਇਹ ਬਣੀ ਹੋਈ ਹੈ ਕਿ ਕੀਟਨਾਸ਼ਕਾਂ ਦੀ ਵਰਤੋਂ ਖੇਤੀ ਦੇ ‘ਜੀ ਦਾ ਜੰਜਾਲ਼’ ਬਣੀ ਹੋਈ ਹੈ। ਮਨੁੱਖੀ ਸਿਹਤ ਪੱਖੋਂ ਦੇਖੀਏ ਤਾਂ ਇਹ ਇਕ ਗੰਭੀਰ ਸਮੱਸਿਆ ਬਣ ਰਹੀ ਹੈ। ਵਿਗਿਆਨੀਆਂ ਤੋਂ ਲੈ ਕੇ ਬੁੱਧੀਜੀਵੀਆਂ, ਮੀਡੀਆ ਅਤੇ ਆਮ ਲੋਕਾਂ ਦੀ ਗੱਲਬਾਤ ਵਿੱਚ ਵੀ ਇਸਦਾ ਕੋਈ ਹੱਲ ਸਾਡੇ ਮੌਜੂਦਾ ਪ੍ਰਬੰਧ ਵਿੱਚ ਨਜ਼ਰ ਨਹੀ ਆ ਰਿਹਾ।

ਸਿੱਧੇ ਤੌਰ ‘ਤੇ ਕੀਟਨਾਸ਼ਕਾਂ ਦੀ ਗਲਤ ਵਰਤੋਂ ਨਾਲ਼ ਹੋਣ ਵਾਲ਼ੀਆਂ ਮੌਤਾਂ ਦੀ ਗਿਣਤੀ ਸਰਕਾਰੀ ਅੰਕੜਿਆਂ ਮੁਤਾਬਕ 10,000 ਹੈ। 2015 ਵਿੱਚ ਕੀਟਨਾਸ਼ਕਾਂ ਦੀ ਗਲਤ ਵਰਤੋਂ ਕਰਦੇ 7,000 ਲੋਕ ਮਾਰੇ ਗਏ। ਇਹਨਾਂ ਮੌਤਾਂ ਦੀ ਗਿਣਤੀ ਵਿੱਚ ਕੀਟਨਾਸ਼ਕਾਂ ਨੂੰ ਖੁਦਕੁਸ਼ੀ ਦੇ ਸਾਧਨ ਵਜੋਂ ਵਰਤਣ, ਗਲਤ ਢੰਗ ਤਰੀਕਿਆਂ ਨਾਲ਼ ਵਰਤਣ ਅਤੇ ਕੀਟਨਾਸ਼ਕਾਂ ਦੀ ਵਰਤੋਂ ਗਲਤੀ ਨਾਲ਼ ਹੋ ਜਾਣਾ ਸ਼ਾਮਲ ਹੈ। ਭਾਰਤ ਵਿੱਚ ਹਰ ਸਾਲ ਲਗਭਗ 90,000 ਟਨ ਕੀਟਨਾਸ਼ਕਾਂ ਦਾ ਮੀਂਹ ਫਸਲਾਂ ਉੱਪਰ ਪਾਇਆ ਜਾਦਾ ਹੈ ਜੋ ਕਿ ਅਮਰੀਕਾ ਨਾਲ਼ੋਂ 40 ਗੁਣਾ ਹੈ।

ਭਾਰਤ ਦੀ ਇੱਕ ਕੰਪਨੀ ਯੂਨਾਇਟਡ ਫਾਸਫਰੋਮ ਲਿਮਟਡ ਦਾ ਹਰ ਸਾਲ ਦਾ ਕਾਰੋਬਾਰ 8,000 ਕਰੋੜ ਹੈ ਅਤੇ ਭਾਰਤ ਵਿੱਚ ਕੁੱਲ ਖੇਤੀ ਰਸਾਇਣ ਕਾਰੋਬਾਰ 6 ਅਰਬ ਅਮਰੀਕੀ ਡਾਲਰ ਦਾ ਹੈ। ਇੱਕ ਸਰਵੇਖਣ ਦੌਰਾਨ ਪਤਾ ਲੱਗਿਆ ਹੈ ਕਿ ਔਸਤਨ 1000 ਏਕੜ ਦਾ ਪਿੰਡ ਹਰ ਸਾਲ 50 ਲੱਖ ਰੁਪਏ ਦਾ ਕੀਟਨਾਸ਼ਕ ਵਰਤ ਰਿਹਾ ਹੈ। ਇੱਕਲੇ ਪੰਜਾਬ ਵਿੱਚ ਦੇਸ਼ ਦੀ ਖੇਤੀ ਹੇਠਲੇ ਰਕਬੇ ਦਾ 2 ਫੀਸਦੀ ਹੈ ਪਰ ਕੀਟਨਾਸ਼ਕਾਂ ਦੀ ਵਰਤੋਂ 15-18 ਫੀਸਦੀ ਹੁੰਦੀ ਹੈ।

ਭਾਰਤ ਵਿੱਚ ਇਸ ਸਮੇਂ 234 ਰਜਿਸਟਰਡ ਖੇਤੀ ਕੀੜੇ ਮਾਰ ਰਸਾਇਣ ਹਨ ਜਿਨਾਂ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਸ਼੍ਰੇਣੀਬੱਧ ਨਿਯਮਾਂ ਅਨੁਸਾਰ 15 ਰਸਾਇਣ ਸ਼੍ਰੇਣੀ 1ਏ ਅਤੇ 4 ਰਸਾਇਣ ਸ਼੍ਰੇਣੀ 1ਬੀ ਵਿੱਚ ਆਉਂਦੇ ਹਨ ਤੇ 76 ਰਸਾਇਣ ਸ਼੍ਰੇਣੀ 11 ਵਿੱਚ ਆਉਂਦੇ ਹਨ। ਇਹਨਾਂ ਵਿੱਚੋਂ 24 ਰਸਾਇਣ ਸੰਯੁਕਤ ਰਾਸ਼ਟਰ ਦੀ ਵਾਤਾਵਰਨ ਬਚਾਉ ਏਜੰਸੀ ਦੁਆਰਾ ਕੈਂਸਰ ਪੈਦਾ ਕਰਨ ਵਾਲ਼ੇ ਐਲਾਨੇ ਹੋਏ ਹਨ। ਵਿਸ਼ਵ ਸਿਹਤ ਸੰਗਠਨ ਦੁਆਰਾ ਸ਼੍ਰੇਣੀ 1ਏ ਅਤੇ 1ਬੀ ਦੇ ਰਸਾਇਣ ਬਹੁਤ ਜ਼ਿਆਦਾ ਨੁਕਸਾਨਦੇਹ ਅਤੇ ਮਾਰੂ ਐਲਾਨੇ ਹੋਏ ਹਨ ਅਤੇ ਕੌਮਾਂਤਰੀ ਕਮੇਟੀ ਨੇ ਇਹਨਾਂ ਉੱਪਰ ਪਾਬੰਦੀ ਲਾਈ ਹੋਈ ਹੈ, ਪਰ ਮੋਨੋਕਰੋਟੋਫਾਸ ਅਤੇ ਅੈਂਡੋਸਲਫਾਨ ਅੱਜ ਵੀ ਭਾਰਤ ਵਿੱਚ ਹੱਥੋ-ਹੱਥੋ ਵਿਕ ਰਹੇ ਹਨ। ਭਾਰਤ ਵਿੱਚ ਸਰਕਾਰੀ ਦਿਸ਼-ਨਿਰਦੇਸ਼ਾਂ ਅਨੁਸਾਰ ਮੋਨੋਕਰੋਟੋਫਾਸ ਦੀ ਵਰਤੋਂ ਖਾਣ ਵਾਲ਼ੀਆਂ ਚੀਜ਼ਾਂ ਉੱਤੇ ਕਰਨ ‘ਤੇ ਪਾਬੰਦੀ ਹੈ। ਪਰ ਅੱਜ ਇਹਨਾਂ ਦਾ ਇਸਤੇਮਾਲ ਸਬਜ਼ੀਆਂ ਅਤੇ ਕਪਾਹ, ਨਰਮੇ ਦੀ ਫਸਲ ‘ਤੇ ਧੜਾਧੜ ਹੁੰਦਾ ਹੈ। ਭਾਰਤ ਵਿੱਚ ਵਰਤੀਆਂ ਜਾਣ ਵਾਲ਼ੀਆਂ 55 ਫੀਸਦੀ ਕੀੜੇਮਾਰ ਦਵਾਈਆਂ ਦੀ ਵਰਤੋਂ ਸਿਰਫ ਨਰਮੇ, ਕਪਾਹ ਦੀ ਫਸਲ ‘ਤੇ ਹੁੰਦੀ ਹੈ।

ਬੀਟੀ ਕਾਟਨ ਦੀ ਆਮਦ ਨਾਲ਼ ਕੁਝ ਸਾਲਾਂ ਲਈ ਨਰਮੇ ਦੀ ਖੇਤੀ ਵਿੱਚ ਰਸਾਇਣਾਂ ਦੀ ਵਰਤੋਂ ਨੂੰ ਠੱਲ ਪਈ ਪਰ ਕੀੜਿਆਂ ਵਿੱਚ ਜਿਨਸੀ ਪ੍ਰਤੀਰੋਧ ਪੈਦਾ ਹੋ ਜਾਣ ਕਾਰਨ ਫਿਰ ਤੋਂ ਸਪਰੇਹਾਂ ਦੀ ਵਰਤੋਂ ਪਹਿਲਾਂ ਤੋਂ ਵੀ ਜ਼ਿਆਦਾ ਵਧ ਗਈ। ਅਮਰੀਕਨ ਸੁੰਡੀ ਅਤੇ ਚਿੱਟੀ ਮੱਖੀ ਉੱਪਰ ਪਿਛਲੇ ਕੁਝ ਸਾਲਾਂ ਤੋਂ ਕੀਟਨਾਸ਼ਕ ਬੇਅਸਰ ਸਾਬਤ ਹੋ ਰਹੇ ਹਨ।

ਆਓ ਦੇਖਦੇ ਹਾਂ ਕਿ ਖੇਤੀ ‘ਚ ਵਰਤੇ ਜਾਂਦੇ ਰਸਾਇਣ ਮਨੁੱਖੀ ਸਿਹਤ ਅਤੇ ਵਾਤਾਵਰਣ ਲਈ ਕਿਵੇਂ ਹਾਨੀਕਾਰਕ ਹਨ। ਕੀੜੇਮਾਰ ਦਵਾਈਆਂ ਦਾ ਵੱਡਾ ਹਿੱਸਾ ਐਰਗੈਨੌਫਾਮਫਰੋਸ ਦਾ ਹੈ ਜੋ ਕਿ ਮਨੁੱਖੀ ਸਰੀਰ ਦੀ ਤੰਤੂ ਪ੍ਰਣਾਲੀ ‘ਤੇ ਅਸਰ ਕਰਦਾ ਹੈ ਅਤੇ ਇਸਦੇ ਅਸਰ ਨਾਲ਼ ਦਿਮਾਗ਼ ਤੋਂ ਸਰੀਰ ਦੇ ਹੋਰ ਹਿੱਸਿਆਂ ਨੂੰ ਪਹੁੰਚਣ ਵਾਲ਼ੇ ਸੰਕੇਤ ਮੱਧਮ ਪੈ ਜਾਂਦੇ ਹਨ। ਕੀਟਨਾਸ਼ਕ ਰਸਾਇਣਾਂ ਦਾ ਇੱਕ ਰਸਾਇਣਕ ਗੁਣ ਇਹ ਹੁੰਦਾ ਹੈ ਕਿ ਭੋਜਨ ਲੜੀ ਦੇ ਛੋਟੇ ਜੀਵਾਂ ਤੋਂ ਵੱਡੇ ਜੀਵਾਂ ਤੱਕ ਪੁੱਜਣ ਤੱਕ ਇਹਨਾਂ ਦੀ ਸਰੀਰ ਵਿੱਚ ਮਾਤਰਾ ਵਧਦੀ ਜਾਦੀ ਹੈ ਜਿਸਨੂੰ ਜੀਵ ਵਿਸਤਰੀਕਰਨ ਜਾਂ ਬਾਇਓਮੈਗਨੀਫੀਕੇਸ਼ਨ ਕਹਿੰਦੇ ਹਨ। ਮਨੁੱਖ ਦੇ ਭੋਜਨ ਲੜੀ ‘ਚ ਸਭ ਤੋਂ ਉੱਪਰ ਹੋਣ ਕਾਰਨ ਮਨੁੱਖ ਦੇ ਸਰੀਰ ਵਿੱਚ ਰਸਾਇਣਾਂ ਦੀ ਮਾਤਰਾ ਵਧਦੀ ਜਾਂਦੀ ਹੈ। ਇਹ ਰਸਾਇਣ ਲਗਾਤਾਰ ਜੈਵਿਕ ਪ੍ਰਦੂਸ਼ਣ ਦਾ ਕੰਮ ਕਰਦੇ ਹਨ। ਸਰੀਰ ਵਿੱਚ ਜਾਣ ਤੋਂ ਬਾਅਦ ਇਹਨਾਂ ਰਸਾਇਣਾਂ ਦੇ ਟੁੱਟਣ ਵਿੱਚ ਕਈ ਸਾਲਾਂ ਤੋਂ ਕਈ ਦਹਾਕਿਆਂ ਤੱਕ ਦਾ ਸਮਾਂ ਲਗਦਾ ਹੈ ਜਿਸਦੀ ਉਦਾਹਰਨ ਹੈ ਕਿ ਡੀ.ਡੀ.ਟੀ ਦੀ ਪਾਬੰਦੀ ਦੇ ਤੀਹ ਸਾਲ ਬਾਅਦ ਅੱਜ ਵੀ ਮਾਂ ਦੇ ਦੁੱਧ ਵਿੱਚ ਇਸਦੀ ਮਾਤਰਾ ਮਿਲ਼ਦੀ ਹੈ। ਇਹਨਾਂ ਕੀਟਨਾਸ਼ਕਾਂ ਦੀ ਕਾਫੀ ਮਾਤਰਾ ਸਬਜ਼ੀਆਂ, ਫਲ਼ਾਂ ਅਤੇ ਅਨਾਜ ਵਿੱਚ ਰਹਿ ਜਾਂਦੀ ਹੈ ਜਿਸਨੂੰ ਰਸਾਇਣ ਬਕਾਇਆ-ਮਾਤਰਾ ਕਹਿੰਦੇ ਹਨ। ਇਸਦੀ ਉਦਾਹਰਨ ਹੈ ਕਿ ਮੰਨ ਲਓ ਇੱਕ ਕਿੱਲੋ ਅੰਬ ਲਈ ਇੱਕ ਕਿੱਲੋ ਰਸਾਇਣ ਵਰਤਿਆ ਗਿਆ। ਜਿਸ ਵਿੱਚੋਂ 500 ਗਰਾਮ ਰਸਾਇਣ ਇੱਕ ਕਿੱਲੋ ਅੰਬ ਵਿੱਚ ਰਚ ਗਿਆ ਤਾਂ 500 ਗਰਾਮ ਉਸਦਾ ਬਕਾਇਆ-ਮਾਤਰਾ ਹੈ। ਭਾਰਤ ਵਿੱਚ ‘ਬਕਾਇਆ-ਮਾਤਰਾ’, ‘ਵੱਧ ਤੋਂ ਵੱਧ ਬਕਾਇਆ ਮਾਤਰਾ’ ਦੀ ਵਰਤੋਂ ਵੀ ਕਈ ਗੁਣ ਜ਼ਿਆਦਾ ਹੈ। ਇਸੇ ਲਈ ਭਾਰਤ ਦੇ ਫਲ਼ਾਂ ਅਤੇ ਸਬਜ਼ੀਆਂ ਨੂੰ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਨੇ ਖਰੀਦਣਾ ਬੰਦ ਕਰ ਦਿੱਤਾ ਹੈ। ਸਭ ਤੋਂ ਬੁਰਾ ਪ੍ਰਭਾਵ ਇਹਨਾਂ ਰਸਾਇਣਾਂ ਦਾ ਜੀਵ ਵਿਭਿੰਨਤਾ ‘ਤੇ ਪੈਦਾ ਹੈ ਜੋ ਮਿੱਤਰ ਕੀਟਾਂ ਨੂੰ ਖਤਮ ਕਰ ਰਹੀਆਂ ਹਨ। ਮਧੂਮੱਖੀਆਂ, ਮਿੱਤਰ-ਕੀਟਾਂ ਅਤੇ ਹੋਰ ਪੰਛੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ।

ਇਹਨਾਂ ਰਸਾਇਣਾ ਕਾਰਨ ਵਾਤਾਵਰਨ ਵਿੱਚ ਪ੍ਰਦੂਸ਼ਣ ਵਧ ਰਿਹਾ ਹੈ। ਇਹਨਾਂ ਨਾਲ਼ ਹਵਾ ਅਤੇ ਧਰਤੀ ਹੇਠਲਾ ਪਾਣੀ ਦੂਸ਼ਿਤ ਹੋ ਰਿਹਾ ਹੈ। ਪਾਣੀ ਦੇ ਸੋਮੇ ਰਸਾਇਣਾਂ ਦੀ ਮਾਰ ਹੇਠ ਆ ਰਹੇ ਹਨ ਅਤੇ ਪਾਣੀ ਹੇਠ ਬਨਸਪਤੀ ਅਤੇ ਪਾਣੀ ‘ਚ ਰਹਿਣ ਵਾਲ਼ੇ ਜੀਵਾਂ ਉੱਪਰ ਅਸਰ ਹੈ।

ਕੀਟਨਾਸ਼ਕਾਂ ਦੇ ਜ਼ਹਿਰੀਲੇ ਪ੍ਰਭਾਵ ਨੂੰ ਕੇਰਲਾ ਦੇ ਕਾਜੂ ਦੀ ਫਸਲ ਉੱਤੇ ਕੀਤੇ ਜਾਂਦੇ ਐਂਡੋਸਲਫਾਨ ਤੋਂ ਸਮਝਿਆ ਜਾ ਸਕਦਾ ਹੈ। ਐਂਡੋਸਲਫਾਨ ਨੂੰ ਗਰੀਬ ਆਦਮੀ ਦਾ ਕੀਟਨਾਸ਼ਕ ਕਿਹਾ ਜਾਦਾ ਹੈ। ਭਾਰਤ ਇਸ ਦਾ ਮੁੱਖ ਬਰਾਮਦਕਾਰ ਹੈ, ਦੁਨੀਆਂ ਦੀ 70 ਫੀਸਦੀ ਐਂਡੋਸਲਫਾਨ ਭਾਰਤ ਵਿੱਚੋਂ ਬਣਕੇ ਜਾਂਦੀ ਹੈ। ਕੇਰਲਾ ਵਿਖੇ ਪਿਛਲੇ 25 ਸਾਲਾਂ ਤੋਂ ਐਂਡੋਸਲਫਾਨ ਹੈਲੀਕਪਟਰਾਂ ਰਾਹੀਂ ਛਿੜਕਿਆ ਜਾ ਰਿਹਾ ਹੈ। ਕੇਰਲ ਦੀ 15,000 ਏਕੜ ਜ਼ਮੀਨ ਉੱਪਰ ਪਿਛਲੇ 25 ਸਾਲਾਂ ਦੌਰਾਨ ਹੈਲੀਕਪਟਰ ਰਾਹੀਂ 22 ਲੱਖ ਲੀਟਰ ਐਂਡੋਸਲਫਾਨ ਦਾ ਛਿੜਕਾਅ ਕੀਤਾ ਗਿਆ ਹੈ। ਮਾਹਿਰ ਕਹਿੰਦੇ ਹਨ ਕਿ ਇਸ ਛਿੜਕਾਅ ਦਾ ਸਿਰਫ 1 ਫੀਸਦੀ ਹਿੱਸਾ ਪੌਦਿਆਂ ਉੱਪਰ ਡਿੱਗਦਾ ਹੈ, ਬਾਕੀ 99 ਫੀਸਦੀ ਕੀਟਨਾਸ਼ਕ ਜ਼ਮੀਨ ਉੱਪਰ ਡਿੱਗਦਾ ਹੈ ਅਤੇ ਉੱਥੋਂ ਦੇ ਪਾਣੀ ਦੇ ਸੋਮਿਆਂ ਨੂੰ ਦੂਸ਼ਿਤ ਕਰਦਾ ਹੈ। ਇਹਨਾਂ ਇਲਾਕਿਆਂ ਦੇ ਵਸਨੀਕਾਂ ਵਿੱਚ ਸਰੀਰਕ ਦਾਖਲੇ ਲਈ ਪ੍ਰਵਾਨਯੋਗ ਮਾਤਰਾ ਨਾਲ਼ੋਂ 400 ਫੀਸਦੀ ਜ਼ਿਆਦਾ ਐਂਡੋਸਲਫਾਨ ਮਿਲ਼ਦਾ ਹੈ ਅਤੇ ਮਾਂ ਦੇ ਦੁੱਧ ਵਿੱਚ ਪ੍ਰਵਾਨਯੋਗ ਮਾਤਰਾ ਤੋਂ 800 ਫੀਸਦੀ ਜ਼ਿਆਦਾ ਮਿਲ਼ਦਾ ਹੈ। ਇਹ ਰਸਾਇਣ ਸਰੀਰ ਵਿੱਚ ਫੌਲਿਕ ਐਸਿਡ ਦੀ ਕਮੀ ਕਰਦਾ ਹੈ। ਜਿਸ ਕਾਰਨ ਹਰ ਸਾਲ 5,000 ਬੱਚਿਆਂ ਦਾ ਦਿਮਾਗ਼ੀ ਵਿਕਾਸ ਸਹੀ ਨਹੀਂ ਹੁੰਦਾ। ਇਸ ਤੋਂ ਇਲਾਵਾ ਤੰਤੂਆਂ ਵਿੱਚ ਵਿਗਾੜ, ਜਿਨਸੀ ਅਲਾਮਤਾਂ, ਨਪੁੰਸਕਤਾ, ਸਰੀਰ ਦਾ ਸਹੀ ਵਿਕਾਸ ਨਾ ਹੋਣਾ ਅਤੇ ਕੈਂਸਰ ਜਿਹੀਆਂ ਬਿਮਾਰੀਆਂ ਲੱਗ ਰਹੀਆਂ ਹਨ। ਆਖ਼ਰ ਕੇਰਲਾ ਦੀਆਂ ਜਨਤਕ ਜਥੇਬੰਦੀਆਂ ਦੇ ਦਬਾਅ ਹੇਠ ਸਰਕਾਰਾਂ ਨੂੰ ਐਂਡੋਸਲਫਾਨ ‘ਤੇ ਪਾਬੰਦੀ ਲਗਾਉਣੀ ਪਈ ਹੈ।

ਲੋੜੋਂ ਵੱਧ ਕੀਟਨਾਸ਼ਕਾਂ ਦੀ ਵਰਤੋਂ ਕਰਨ ਨਾਲ਼ ਕੀੜਿਆਂ ਦੀਆਂ ਅਜਿਹੀਆਂ ਨਸਲਾਂ ਪੈਦਾ ਹੋ ਗਈਆਂ ਹਨ ਜਿਨਾਂ ਉੱਤੇ ਰਸਾਇਣ ਅਸਰ ਨਹੀਂ ਕਰਦੇ, ਸਿੱਟਾ ਇਹ ਨਿੱਕਲ਼ਦਾ ਹੈ ਕਿ ਕਿਸਾਨ ਉਸੇ ਰਸਾਇਣ ਦੀ ਮਾਤਰਾ ਵਧਾਉਂਦਾ ਰਹਿੰਦਾ ਹੈ ਪਰ ਸਮੱਸਿਆ ਵਧਦੀ ਜਾਂਦੀ ਹੈ।

ਭਾਰਤ ਵਿੱਚ ਕੀੜੇਮਾਰ ਦਵਾਈਆਂ ਦੀ ਪੈਦਾਵਾਰ ਤੋਂ ਲੈ ਕੇ ਫਸਲਾਂ ‘ਤੇ ਛਿੜਕੇ ਜਾਣ ਵਿੱਚ ਬਹੁਤ ਸਾਰੀਆਂ ਖਾਮੀਆਂ ਹਨ। ਭਾਰਤ ਵਿੱਚ ਅਜੇ ਵੀ ਕੀਟਨਾਸ਼ਕ ਬਾਰੇ ਕਨੂੰਨ ‘ਕੀਟਨਾਸ਼ਕ ਐਕਟ 1968’ ਹੀ ਚੱਲ ਰਿਹਾ ਜੋ ਕਿ ਬਹੁਤ ਪੁਰਾਣਾ ਅਤੇ ਕਮਜ਼ੋਰ ਹੋ ਚੁੱਕਿਆ ਹੈ। ਪੈਦਾਕਾਰਾਂ ਉੱਤੇ ਕੋਈ ਨਿਯਮ ਕੰਮ ਨਹੀਂ ਕਰਦੇ। ਭਾਰਤ ਵਿੱਚ ਕੋਈ ਠੋਸ ਸੂਚਨਾ ਮੌਜੂਦ ਨਹੀ ਕਿ ਕਿਹੜਾ ਰਸਾਇਣ ਕੌਣ ਅਤੇ ਕਿੰਨਾ ਬਣਾ ਰਿਹਾ ਹੈ। ਜ਼ਿਆਦਾਤਰ ਕਿਸਾਨ ਸਿੱਖਿਅਤ ਨਾ ਹੋਣ ਕਾਰਨ ਕੀਟਨਾਸ਼ਕ ਖਰੀਦਣ ਵੇਲ਼ੇ ਡੀਲਰਾਂ ਦੀ ਸਲਾਹ ਉੱਤੇ ਨਿਰਭਰ ਹਨ। ਡੀਲਰ ਜਿਸ ਕੀਟਨਾਸ਼ਕ ਵਿੱਚੋਂ ਵੱਧ ਨਫਾ ਮਿਲ਼ਦਾ ਹੈ ਉਹੀ ਵੇਚਦਾ ਹੈ। ਕੀਟਨਾਸ਼ਕ ਦੀ ਵਿੱਕਰੀ ਲਈ ਡੀਲਰਾਂ ਨੂੰ ਕੰਪਨੀਆਂ ਵੱਲੋਂ ਤੋਹਫੇ ਅਤੇ ਟੂਰ ਕਰਵਾਏ ਜਾਂਦੇ ਹਨ। ਕਿਸਾਨਾਂ ਨੂੰ ਸਿੱਖਿਅਤ ਕਰਨ ਲਈ ਸਹੀ ਨੀਤੀਆਂ ਮੌਜੂਦ ਨਹੀਂ ਹਨ। ਅਕਸਰ ਖੇਤਾਂ ਵਿੱਚ ਖੇਤ ਮਜ਼ਦੂਰ ਜਾਂ ਗਰੀਬ ਕਿਸਾਨ ਛਿੜਕਾਅ ਦਾ ਕੰਮ ਕਰਦੇ ਹਨ ਜਿਨਾਂ ਨੂੰ ਕੀਟਨਾਸ਼ਕਾਂ ਦੀ ਸਹੀ ਵਰਤੋਂ ਬਾਰੇ, ਉਹਨਾਂ ਦੀ ਸਾਂਭ-ਸੰਭਾਲ਼ ਬਾਰੇ ਜਾਣਕਾਰੀ ਨਾ ਹੋਣ ਕਾਰਨ ਉਹ ਇਹਨਾਂ ਸਪਰੇਹਾਂ ਦੇ ਮਾਰੂ ਪ੍ਰਭਾਵਾਂ ਦੀ ਜਕੜ ‘ਚ ਆ ਜਾਂਦੇ ਹਨ। ਮਾਰੇ ਗਏ ਕਿਸਾਨਾਂ, ਮਜ਼ਦੂਰਾਂ ਲਈ ਸਰਕਾਰਾਂ ਸਿਰਫ ਨਿਗੂਣਾ ਮੁਆਵਜ਼ਾ ਦੇ ਕੇ ਆਪਣਾ ਕੰਮ ਖਤਮ ਸਮਝਦੀਆਂ ਹਨ।

ਅਕਸਰ ਕੀਟਨਾਸ਼ਕਾਂ ਦੇ ਮੁੱਦੇ ‘ਤੇ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ ਕਿ ਕੀਟਨਾਸ਼ਕ ਨੇ ਹੀ ਭਾਰਤ ਵਿੱਚ ਭੋਜਨ ਸੁਰੱਖਿਆ ਪੈਦਾ ਕੀਤੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ, ਪਰ ਇਹ ਅਨਾਜ ਦੀ ਵੱਧ ਤੋਂ ਵੱਧ ਪੈਦਾਵਾਰ ਹੁਣ ਮੁਨਾਫੇ ਦੀ ਹਵਸ ਲਈ ਹੁੰਦੀ ਹੈ ਜਿਸਨੂੰ ਲੋਕਾਂ ਦਾ ਢਿੱਡ ਭਰਨ ਬਹਾਨੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਅੱਜ ਦੇਸ਼ ਵਿੱਚ ਜਿੰਨਾ ਅਨਾਜ ਪੈਦਾ ਹੁੰਦਾ ਹੈ ਉਸਦੀ ਵੰਡ ਪ੍ਰਣਾਲ਼ੀ ਸਹੀ ਨਹੀਂ ਹੈ। ਹਰ ਸਾਲ ਲੱਖਾਂ ਟਨ ਅਨਾਜ ਗੁਦਾਮਾਂ ‘ਚ ਰੁਲ਼ ਜਾਂਦਾ ਹੈ, ਪਰ ਉਹਨਾਂ ਨੂੰ ਵੰਡ ਪ੍ਰਣਾਲ਼ੀ ਅਧੀਨ ਨਹੀਂ ਲਿਆਇਆ ਜਾਂਦਾ। ਅੱਜ ਖੇਤੀ ਦੀ ਸਮੱਸਿਆ ਦਾ ਇੱਕ ਕਾਰਨ ਲੋੜ ਤੋਂ ਵੱਧ ਪੈਦਾਵਾਰ ਹੈ। ਮੰਡੀ ਦੇ ਲਈ ਮੁਕਾਬਲੇ ਵਿੱਚ ਛੋਟੇ ਕਿਸਾਨ ਵੱਡਿਆਂ ਅੱਗੇ ਮੁਕਾਬਲੇ ਵਿੱਚ ਜ਼ਿਆਦਾ ਸਮਾਂ ਨਹੀਂ ਟਿਕਦੇ। ਸਰਮਾਏਦਾਰੀ ਦੇ ਇਸ ਦੌਰ ਵਿੱਚ ਵੱਡੇ ਮੁਨਾਫਾਖੋਰ ਛੋਟੇ ਮਾਲਕਾਂ ਦਾ ਹਿੱਸਾ ਹੜੱਪ ਰਹੇ ਹਨ। ਇਸੇ ਮੁਨਾਫੇ ਦੀ ਹਵਸ ਵਿੱਚ ਕਿਸਾਨ ਬੈਕਾਂ ਤੋਂ ਕਰਜਾ ਲੈ ਕੇ ਖੇਤੀ ‘ਚ ਆਪਣੀ ਆਮਦਨ ਵਧਾਉਣ ਲਈ ਲਾ ਰਹੇ ਹਨ ਤੇ ਫੇਰ ਖੇਤੀ ਉਪਜਾਂ ਦੀ ਮੰਡੀ ਵਿੱਚ ਵਾਧੂ ਪੈਦਾਵਾਰ ਅਤੇ ਮੰਦੇ ਕਾਰਨ ਕਰਜੇ ਮੋੜਨ ਤੋਂ ਅਸਮਰੱਥ ਹਨ।

ਕੀਟਨਾਸ਼ਕਾਂ ਦੀ ਸੁਚੱਜੇ ਢੰਗ ਨਾਲ਼ ਵਰਤੋਂ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਖੇਤਾਂ ਦੀ ਪੈਦਾਵਾਰ ਸਿਰਫ ਮੁਨਾਫੇ ਲਈ ਨਾ ਹੋ ਕੇ ਸਗੋਂ ਸੱਚਮੁੱਚ ਮਨੁੱਖਤਾ ਦੇ ਢਿੱਡ ਭਰਨ ਲਈ ਹੋਵੇਗੀ। ਇਹ ਉਦੋਂ ਹੀ ਸੰਭਵ ਹੋ ਸਕੇਗਾ ਜਦੋਂ ਜ਼ਮੀਨ ਦੀ ਨਿੱਜੀ ਮਾਲਕੀ ਦੀ ਥਾਂ ਸਮੂਹਿਕ ਮਾਲਕੀ ਲਵੇਗੀ। ਇਸ ਸਰਮਾਏਦਾਰੀ ਪ੍ਰਬੰਧ ਤੋਂ ਅਸੀਂ ਇਹੀ ਆਸ ਕਰ ਸਕਦੇ ਹਾਂ ਕਿ ਇਹ ਸਾਡੀਆਂ ਖਾਣੇ ਦੀਆਂ ਥਾਲ਼ੀਆਂ ‘ਚ ਜ਼ਹਿਰ ਪਰੋਸਦਾ ਰਹੇਗਾ।

•ਨਵੰਬਰ 2017

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਸੰਯੁਕਤ ਅੰਕ 20-21, 1 ਤੋਂ 15 ਅਤੇ 16 ਤੋਂ 31 ਦਸੰਬਰ 2017 ਵਿੱਚ ਪ੍ਰਕਾਸ਼ਿਤ