ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦਾ ਮੰਦਭਾਗਾ ਵਰਤਾਰਾ •ਸੁਖਵਿੰਦਰ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਭਾਰਤ ‘ਚ ਹੋਏ ਸਰਮਾਏਦਾਰਾ ਵਿਕਾਸ ਦੀ ਬਦੌਲਤ ਇੱਥੋਂ ਦੇ ਪਿੰਡਾਂ ‘ਚ ਉਜ਼ਰਤੀ ਮਜ਼ਦੂਰਾਂ ਦੀ ਵੱਡੀ ਸੰਖਿਆਂ ਹੋਂਦ ‘ਚ ਆਈ ਹੈ। ਜਗੀਰੂ ਯੁੱਗ ਤੋਂ ਹੀ ਬੇਜ਼ਮੀਨੇ ਚਲੇ ਆ ਰਹੇ ਦਲਿਤਾਂ ਤੋਂ ਇਲਾਵਾ ਕਿਸਾਨ ਅਤੇ ਹੋਰ ਛੋਟੇ ਮੋਟੇ ਧੰਦਿਆਂ ‘ਚੋਂ ਬਾਹਰ ਹੋਏ ਲੋਕ ਇਸ ਜਮਾਤ ‘ਚ ਸ਼ਾਮਿਲ ਹਨ। ਭਾਰਤ ਦੇ ਮਜ਼ਦੂਰਾਂ ਦਾ ਅੱਛਾ ਖਾਸਾ ਹਿੱਸਾ ਪੇਂਡੂ ਮਜ਼ਦੂਰਾਂ ਦਾ ਹੈ। ਇਹ ਗੈਰ-ਜਥੇਬੰਦ ਖੇਤਰ ਦੇ ਮਜ਼ਦੂਰ ਹਨ ਜਿੱਥੇ ਨਾ ਤਾਂ ਪੱਕੇ ਰੁਜ਼ਗਾਰ ਦਾ ਹੀ ਕੋਈ ਠਿਕਾਣਾ ਹੈ ਅਤੇ ਨਾ ਹੀ ਕਿਰਤ ਕਨੂੰਨਾਂ ਜੇਹੀ ਕੋਈ ਸ਼ੈਅ। ਨਤੀਜ਼ੇ ਵਜੋਂ ਇਹ ਮਜ਼ਦੂਰ ਬੇਹੱਦ ਨਿਗੂਣੀਆਂ ਉਜ਼ਰਤਾਂ ‘ਤੇ ਆਪਣੀ ਕਿਰਤ ਲੁਟਾਉਣ ਲਈ ਮਜ਼ਬੂਰ ਹਨ। ਆਪਣੀਆਂ ਛੋਟੀਆਂ ਜ਼ਰੂਰਤਾਂ ਦੀ ਪੂਰਤੀ ਲਈ ਇਹ ਜਮਾਤ ਮੁੱਖ ਤੌਰ ‘ਤੇ ਕਰਜ਼ੇ ਦੇ ਗੈਰ ਸੰਸਥਾਗਤ ਸ੍ਰੋਤਾਂ ‘ਤੇ ਨਿਰਭਰ ਹੈ, ਜਿੱਥੇ ਸ਼ਾਹੂਕਾਰ ਬੇਹੱਦ ਉੱਚੀਆਂ ਵਿਆਜ਼ ਦਰਾਂ ‘ਤੇ ਇਹਨਾਂ ਦੀ ਬੇਰਿਹਮ ਲੁੱਟ, ਦੁੱਖਾਂ ਤਕਲੀਫ਼ਾਂ ਦੀ ਚਰਚਾ ਗਾਇਬ ਰਹਿੰਦੀ ਹੈ। ਅਕਸਰ ਇਸ ਜਮਾਤ ਦੇ ਮੰਗਾਂ ਮਸਲਿਆਂ ਨੂੰ ਮਾਲਕ ਕਿਸਾਨੀ ਤੋਂ ਬਾਅਦ ਰੂੰਘੇ ਦੇ ਰੂਪ ‘ਚ ਥਾਂ ਮਿਲ਼ਦੀ ਹੈ। ਪੇਂਡੂ/ਖੇਤ ਮਜ਼ਦੂਰ ਜਥੇਬੰਦੀਆਂ ਨੂੰ ਅਕਸਰ ਮਾਲਕ (ਧਨੀ) ਕਿਸਾਨ ਜਥੇਬੰਦੀਆਂ ਦੀ ਪੂਛ ਬਣਾ ਦਿੱਤਾ ਜਾਂਦਾ ਹੈ। ਪੇਂਡੂ/ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਅਤੇ ਉਹਨਾਂ ਦੇ ਕਾਰਨਾਂ ਦੀ ਚਰਚਾ ਵੀ ਅਕਸਰ ਘੱਟ ਹੁੰਦੀ ਹੈ। ਸਰਕਾਰੀ ਕਮਿਸ਼ਨਾਂ ਨੇ ਵੀ ਅਕਸਰ ਖੇਤ ਮਜ਼ਦੂਰਾਂ ‘ਚ ਖੁਦਕੁਸ਼ੀਆਂ ਦੇ ਰੁਝਾਨ ਨੂੰ ਨਜ਼ਰਅੰਦਾਜ਼ ਕੀਤਾ ਹੈ। ਹੁਣ ਕੌਮੀ ਜੁਰਮ ਰਿਕਾਰਡ ਬਿਊਰੋ ਨੇ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਬਾਰੇ ਇੱਕ ਰਿਪੋਰਟ ਜ਼ਾਰੀ ਕੀਤੀ ਹੈ, ਜਿਸ ‘ਚੋਂ ਇੱਕ ਦਰਦਨਾਕ ਤਸਵੀਰ ਉੱਭਰਕੇ ਸਾਹਮਣੇ ਆਈ ਹੈ।

ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ) ਦੀ ਤਾਜ਼ਾ ਰਿਪੋਰਟ ‘ਭਾਰਤ ਵਿੱਚ ਖੁਦਕੁਸ਼ੀਆਂ ਅਤੇ ਦੁਰਘਟਨਾਵਾਂ ‘ਚ ਮੌਤਾਂ 2015’ ਸਾਹਮਣੇ ਆਈ ਹੈ। ਜਿਸ ਵਿੱਚ ਬਿਊਰੋ ਨੇ ਪਹਿਲੀ ਵਾਰ ਭਾਰਤ ‘ਚ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੇ ਅੰਕੜਿਆਂ ਅਤੇ ਇਸਦੇ ਕਾਰਨਾਂ ਉੱਪਰ ਚਾਨਣਾ ਪਾਇਆ ਹੈ। ਬਿਊਰੋ ਦੇ ਅੰਕੜਿਆਂ ਮੁਤਾਬਕ 2015 ‘ਚ ਭਾਰਤ ‘ਚ 4595 ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ। ਇਹਨਾਂ ਖੁਦਕੁਸ਼ੀਆਂ ਦੀ ਬਿਊਰੋ ਨੇ ਕਾਰਨਾਂ ਮੁਤਾਬਕ ਇਸ ਤਰ੍ਹਾਂ ਵੰਡ ਕੀਤੀ ਹੈ:-

sarni

ਬਿਉਰੋ ਨੇ ਏਥੇ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੇ ਕਾਰਨਾਂ ਦੀ ਜਿਸ ਢੰਗ ਨਾਲ਼ ਵੰਡ ਕੀਤੀ ਹੈ ਉਹ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੇ ਮੂਲ ਕਾਰਨਾਂ ‘ਤੇ ਪਰਦਾ ਹੀ ਪਾਉਂਦੀ ਹੈ। ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦਾ ਮੁੱਖ ਕਾਰਨ ਉਹ ਭਿਅੰਕਰ ਗਰੀਬੀ ਹੈ ਜਿਸ ‘ਚ ਕਰੋੜਾਂ ਖੇਤ ਮਜ਼ਦੂਰ ਜਿਉਂ ਰਹੇ ਹਨ। ਬੇਹੱਦ ਘੱਟ ਉਜ਼ਰਤਾਂ ਨਿਯਮਤ ਰੁਜ਼ਗਾਰ ਦਾ ਨਾ ਹੋਣਾ, ਮਜ਼ਦੂਰਾਂ ਨੂੰ ਇਸ ਭਿਅੰਕਰ ਗਰੀਬੀ ਦੇ ਮੂੰਹ ਧੱਕਦੇ ਹਨ। ਉੱਪਰ ਬਿਊਰੋ ਨੇ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੇ ਕਾਰਨਾਂ ਦੀ ਜੋ ਵੰਡ ਕੀਤੀ ਹੈ ਇਸ ਨੂੰ ਜੇ ਗਹੁ ਨਾਲ਼ ਦੇਖਿਆ ਜਾਵੇ ਤਾਂ ਇਹਨਾਂ ‘ਚੋਂ ਜ਼ਿਆਦਾਤਰ ਕਾਰਨਾਂ ਦੇ ਮੂਲ ‘ਚ ਗਰੀਬੀ ਹੈ। ਬਿਮਾਰੀ, ਨਸ਼ੇ ਵੱਖ-ਵੱਖ ਤਰ੍ਹਾਂ ਦਾ ਕਰਜ਼ਾ ਆਦਿ ਦੀ ਜੜ੍ਹ ‘ਚ ਗਰੀਬੀ ਹੀ ਹੈ। ਬਿਊਰੋ ਮੁਤਾਬਕ ਪਰਿਵਾਰਕ ਸਮੱਸਿਆਵਾਂ ਕਾਰਨ ਸਭ ਤੋਂ ਵੱਧ ਖੇਤ ਮਜ਼ਦੂਰਾਂ (1843, 40%) ਨੇ ਖੁਦਕੁਸ਼ੀ ਕੀਤੀ ਹੈ। ਪਰਿਵਾਰਕ ਸਮੱਸਿਆਵਾਂ ਜੋ ਖੇਤ ਮਜ਼ਦੂਰਾਂ ਨੂੰ ਖੁਦਕੁਸ਼ੀਆਂ ਲਈ ਮਜ਼ਬੂਰ ਕਰਦੀਆਂ ਹਨ। ਆਮ ਕਰਕੇ ਗਰੀਬੀ ‘ਚੋਂ ਹੀ ਉਪਜਦੀਆਂ ਹਨ। ਬਿਉਰੋ ਨੇ ਆਪਣੀ ਉਪਰੋਕਤ ਰਿਪੋਰਟ ‘ਚ ਖੇਤ ਮਜ਼ਦੂਰਾਂ ਦੀਆਂ ਆਤਮ ਹੱਤਿਆਵਾਂ ਸਬੰਧੀ ਇੱਕ ਹੋਰ ਪੱਖ ਸਾਹਮਣੇ ਲਿਆਂਦਾ ਹੈ। ਉਹ ਪੱਖ ਇਹ ਹੈ ਕਿ ਖੇਤ ਮਜ਼ਦੂਰ ਸ਼ਾਹੂਕਾਰਾ ਕਰਜ਼ੇ ਕਾਰਨ ਕਿਸਾਨਾਂ ਨਾਲ਼ੋਂ ਵਧੇਰੇ ਖੁਦਕੁਸ਼ੀਆਂ ਕਰਦੇ ਹਨ। ਰਿਪੋਰਟ ਮੁਤਾਬਕ ਸ਼ਾਹੂਕਾਰਾ ਕਰਜ਼ੇ ਕਾਰਨ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦਾ ਕੁੱਲ ਖੁਦਕੁਸ਼ੀਆਂ ‘ਚ ਅਨੁਪਾਤ 40% ਹੈ ਜੋ ਕਿ ਇਸੇ ਕਾਰਨ ਕਿਸਾਨਾਂ ਦੀਆਂ ਆਤਮ-ਹੱਤਿਆਵਾਂ ਨਾਲ਼ੋਂ (3097 ‘ਚੋਂ 302 ਜਾਂ 10% ਤੋਂ ਵੀ ਘੱਟ) ਕਿਤੇ ਵਧੇਰੇ ਹੈ। ਖੇਤ ਮਜ਼ਦੂਰਾਂ ਦੀਆਂ ਖੁਦਕਕੁਸ਼ੀਆਂ ਬਾਰੇ ਇਹ ਇੱਕ ਮਹੱਤਵਪੂਰਨ ਤੱਥ ਹੈ ਜਿਸ ਦੀ ਕਿ ਮੁੱਖ ਧਾਰਾਈ ਮੀਡੀਆ ਅਤੇ ਖੱਬੀ ਲਹਿਰ ਅਤੇ ਉਸ ਦੇ ਸਾਹਿਤ ‘ਚ ਅਕਸਰ ਘੱਟ ਚਰਚਾ ਹੁੰਦੀ ਹੈ। ਖੱਬੀ ਲਹਿਰ ਦੀਆਂ ਜ਼ਿਆਦਾਤਰ ਸਰਗਰਮੀਆਂ ਅਤੇ ਸਾਹਿਤ ਤਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਨਾਲ਼ ਹੀ ਭਰਿਆ ਰਹਿੰਦਾ ਹੈ। ਕਿਸਾਨਾਂ ਦੇ ਮਾਮਲੇ ‘ਚ ਦੇਖਿਆ ਜਾਵੇ ਤਾਂ ਉਹਨਾਂ ਕੋਲ਼ ਆਵਦਾ ਕਰਜ਼ਾ ਲਾਹੁਣ ਜੋਗੇ ਸਾਧਨ ਹੁੰਦੇ ਹਨ। ਅਕਸਰ ਦੇਖਿਆ ਗਿਆ ਹੈ ਕਿ ਕਿਸਾਨਾਂ ਕੋਲ਼ ਜੋ ਜ਼ਮੀਨ ਦੀ ਮਾਲਕੀ ਅਤੇ ਹੋਰ ਸਾਧਨ ਹੁੰਦੇ ਹਨ, ਉਸ ਦੀ ਨਿਸਬਤ ਉਹਨਾਂ ਉੱਪਰ ਕੁੱਲ ਕਰਜ਼ ਬਹੁਤ ਘੱਟ ਹੁੰਦਾ ਹੈ। ਫਿਰ ਵੀ ਉਹ ਕਰਜ਼ੇ ਕਾਰਨ ਖੁਦਕੁਸ਼ੀ ਕਰਦੇ ਹਨ ਤਾਂ ਇਹ ਤੱਥ ਵਧੇਰੇ ਵਿਆਖਿਆ ਦੀ ਮੰਗ ਕਰਦਾ ਹੈ ਕਿ ਉਹ ਆਵਦੀ ਜ਼ਮੀਨ ਜਾਂ ਹੋਰ ਸਾਧਨ ਵੇਚ ਕੇ ਕਰਜ਼ਾ ਲਾਹੁਣ ਨਾਲ਼ੋਂ ਖੁਦਕੁਸ਼ੀ ਨੂੰ ਕਿਉਂ ਤਰਜ਼ੀਹ ਦਿੰਦੇ ਹਨ? ਜਦ ਕਿ ਸਾਧਨ ਵਿਹੂਣੇ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦਾ ਕਾਰਨ ਸਾਫ਼ ਸਪੱਸ਼ਟ ਸਮਝ ਆਉਂਦਾ ਹੈ।

ਬਿਊਰੋ ਨੇ ਆਪਣੀ ਰਿਪੋਰਟ ‘ਚ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੇ ਮਾਮਲੇ ‘ਚ ਪ੍ਰਮੁੱਖ ਰਾਜਾਂ ਦਾ ਵੇਰਵਾ ਦਿੱਤਾ ਹੈ, ਜੋ ਕਿ ਇਸ ਤਰ੍ਹਾਂ ਹੈ :

graph

ਮਹਾਂਰਾਸ਼ਟਰ,  ਮੱਧ ਪ੍ਰਦੇਸ਼, ਤਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕਾ, ਗੁਜ਼ਰਾਤ ਅਤੇ ਕੇਰਲਾ ਰਾਜਾਂ ‘ਚ ਖੇਤ ਮਜ਼ਦੂਰਾਂ ਦੀਆਂ ਕੁੱਲ ਖੁਦਕੁਸ਼ੀਆਂ ‘ਚੋਂ 82.6% ਖੁਦਕੁਸ਼ੀਆਂ ਹੋਈਆਂ ਹਨ।

ਬਿਊਰੋ ਦੀ ਰਿਪੋਰਟ ਮੁਤਾਬਕ 2015 ‘ਚ ਦੇਸ਼ ‘ਚੇ ਕੁੱਲ 4595 ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ। ਪਰ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੀ ਅਸਲ ਗਿਣਤੀ ਇਸ ਤੋਂ ਕਿਤੇ ਵਧੇਰੇ ਹੋਵੇਗੀ। ਕਿਉਂਕਿ ਆਮ ਤਜ਼ਰਬੇ ਤੋਂ ਅਸੀਂ ਜਾਣਦੇ ਹਾਂ ਕਿ ਜਿਸ ਵੀ ਕਿਸੇ ਪਰਿਵਾਰ ‘ਚ ਕੋਈ ਖੁਦਕੁਸ਼ੀ ਕਰਦਾ ਹੈ ਤਾਂ ਪਰਿਵਾਰ ਵਾਲ਼ੇ ਜਲਦੀ ਤੋਂ ਜਲਦੀ ਅੰਤਿਮ ਸੰਸਕਾਰ ਕਰ ਦਿੰਦੇ ਹਨ ਤਾਂ ਕਿ ਕਿਧਰੇ ਕਿਸੇ ਕਨੂੰਨੀ ਝੰਜਟ ਵਿੱਚ ਨਾ ਫਸ ਜਾਣ। ਇਸ ਲਈ ਖੁਦਕੁਸ਼ੀਆਂ ਦੇ ਸਾਰੇ ਮਾਮਲੇ ਸਾਹਮਣੇ ਨਹੀਂ ਆ ਪਾਉਂਦੇ।

ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੇ ਅਸਲ ਕਾਰਨ ਪੇਂਡੂ ਸਰਮਾਏਦਾਰਾਂ, ਵਪਾਰੀਆਂ, ਸ਼ਾਹੂਕਾਰਾਂ ਦੀ ਅੰਨ੍ਹੀ ਲੁੱਟ ਅਤੇ ਦਾਬਾ ਜ਼ਬਰ ਹੈ। ਜਿਸ ਕਾਰਨ ਖੇਤ ਮਜ਼ਦੂਰ ਭਿਅੰਕਰ ਗਰੀਬੀ ‘ਚ ਧੱਕੇ ਜਾਂਦੇ ਹਨ। ਇਸ ਲੁੱਟ ਜ਼ਬਰ ਗਰੀਬੀ ‘ਚੋਂ ਉਪਜਦੇ ਅਨੇਕਾਂ ਤਣਾਵਾਂ ਨੂੰ ਉਹ ਝੱਲ ਨਹੀਂ ਪਾਉਂਦੇ ਜਿਸ ਕਾਰਨ ਉਹ ਆਪਣਾ ਜੀਵਨ ਖ਼ਤਮ ਕਾਰਨ ਵੱਲ ਧੱਕੇ ਜਾਂਦੇ ਹਨ।

ਇਸ ਦਾ ਇੱਕੋ-ਇੱਕ ਹੱਲ ਇਹ ਹੈ ਕਿ ਖੇਤ ਮਜ਼ਦੂਰ, ਪਿੰਡ ਦੇ ਹੋਰ ਮਜ਼ਦੂਰਾਂ ਅਤੇ ਸ਼ਹਿਰੀ ਮਜ਼ਦੂਰਾਂ ਨਾਲ਼ ਜੋਟੀ ਪਾਕੇ ਇਸ ਲੁਟੇਰੇ ਸਰਮਾਏਦਾਰ ਢਾਂਚੇ ਵਿਰੁੱਧ ਜੱਦੋਜਹਿਦ ਤੇਜ਼ ਕਰਨ।

-13 ਜਨਵਰੀ 2017

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 24, ਸਾਲ 5, 1 ਤੋਂ 15 ਫਰਵਰੀ 2017 ਵਿੱਚ ਪ੍ਰਕਾਸ਼ਤ

 

Advertisements