ਖਾਲਸਾ ਕਾਲਜ, ਅੰਮ੍ਰਿਤਸਰ ਦੇ ਵਿਦਿਆਰਥੀਆਂ ਦਾ ਸੰਘਰਸ਼

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲੰਘੀ 26 ਅਪ੍ਰੈਲ ਨੂੰ ਇੱਕ ਬੇਹੱਦ ਦੁਖਦਾਈ ਘਟਨਾ ਨੇ ਖਾਲਸਾ ਕਾਲਜ, ਅੰਮ੍ਰਿਤਸਰ ਦੇ ਵਿਦਿਆਰਥੀਆਂ ਅਤੇ ਹਰੇਕ ਸੰਵੇਦਨਸ਼ੀਲ ਵਿਅਕਤੀ ਨੂੰ ਵਿੰਨ ਕੇ ਰੱਖ ਦਿੱਤਾ। ਖਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਦੇ ਆਖਰੀ ਸਾਲ ਦੇ ਵਿਦਿਆਰਥੀ ਹਰਪ੍ਰੀਤ ਨੇ ਇਸ ਦਿਨ ਆਪਣੇ ਹੋਸਟਲ ਦੇ ਕਮਰੇ ਵਿੱਚ ਫ਼ਾਹਾ ਲੈ ਕੇ ਆਪਣੇ ਦਿਲ ਦੀ ਧੜਕਨ ਨੂੰ ਖੁਦ ਹੀ ਸਦਾ ਲਈ ਵਿਰਾਮ ਦੇ ਦਿੱਤਾ। ਉਸਦੇ ਦੋਸਤਾਂ ਅਨੁਸਾਰ ਹਰਪ੍ਰੀਤ ਦੇ ਲੈਕਚਰ ਘੱਟ ਸਨ ਜਿਸਦਾ ਕਾਰਨ ਉਸਦਾ ਬਿਮਾਰ ਰਹਿਣਾ ਸੀ, ਪਰ ਕਾਲਜ ਦੇ ਪ੍ਰਿੰਸੀਪਲ ਤੇ ਹੋਰਨਾਂ ਜ਼ਿੰਮੇਵਾਰ ਅਹੁਦੇਦਾਰਾਂ ਨੇ ਉਸਦੀ ਇੱਕ ਨਾ ਸੁਣੀ, ਉਲਟਾ ਉਸਨੂੰ ਜਲੀਲ ਕੀਤਾ । ਇਮਤਿਹਾਨ ਵਿੱਚ ਨਾ ਬੈਠ ਸਕਣ ਦੀ ਸੂਰਤ ਵਿੱਚ ਆਪਣਾ ਭਵਿੱਖ ਤਬਾਹ ਹੋਣ ਨੂੰ ਲੈ ਕੇ ਹਰਪ੍ਰੀਤ ਕਈ ਦਿਨਾਂ ਤੋਂ ਪਰੇਸ਼ਾਨ ਸੀ ਅਤੇ ਨਿਮਨ-ਮੱਧਵਰਗੀ ਕਿਸਾਨ ਪਰਿਵਾਰ ਵਿੱਚੋਂ ਆਇਆ ਹਰਪ੍ਰੀਤ ਉਸ ਅਸੁਰੱਖਿਆ-ਬੋਧ ਦਾ ਸ਼ਿਕਾਰ ਹੋ ਗਿਆ ਜਿਹੜਾ ਅੱਜ ਬਹੁਤੇਰੇ ਨੌਜਵਾਨਾਂ ਨੂੰ ਲਗਾਤਾਰ ਘੇਰੀ ਰੱਖਦਾ ਹੈ । ਇਸੇ ਪਰੇਸ਼ਾਨੀ ਨੇ ਉਸ ਨੂੰ ਮੌਤ ਦੇ ਮੂੰਹ ਧੱਕ ਦਿੱਤਾ, ਪਰ ਉਸ ਲਈ ਇਹ ਪਰੇਸ਼ਾਨ-ਹਾਲਤ ਪੈਦਾ ਕਰਨ ਲਈ ਕਾਲਜ ਦੇ ਗੈਰ-ਸੰਵੇਦਨਸ਼ੀਲ ਪ੍ਰਬੰਧਕ ਜ਼ਿੰਮੇਵਾਰ ਹਨ। ਆਮ ਵਿਦਿਆਰਥੀਆਂ ਵਿੱਚ ਇੰਨਾ ਹਰਮਨਪਿਆਰਾ ਸੀ ਕਿ ਜਦੋਂ ਹੀ ਉਸਦੇ ਚਲੇ ਜਾਣ ਦੀ ਖ਼ਬਰ ਫੈਲੀ ਤਾਂ ਕਿੰਨੇ ਹੀ ਵਿਦਿਆਰਥੀ ‘ਉਸ’ ਦੇ ਨਾਲ਼ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਚੱਲ ਪਏ ਜਿੱਥੇ ਉਸ ਦੇ ਸਰੀਰ ਨੂੰ ਪੋਸਟਮਾਰਟਮ ਲਈ ਰੱਖਿਆ ਗਿਆ। ਦੂਜੇ ਪਾਸੇ, ਉਸੇ ਸਮੇਂ ਗੁੱਸੇ ਵਿੱਚ ਆਏ ਸੈਂਕੜੇ ਵਿਦਿਆਰਥੀਆਂ ਨੇ ਖਾਲਸਾ ਕਾਲਜ ਦੇ ਸਾਹਮਣੇ ਜੀ.ਟੀ. ਰੋਡ ਉੱਤੇ ਜਾਮ ਲਗਾ ਦਿੱਤਾ। ਕਾਲਜ ਦੇ ਪ੍ਰਿੰਸੀਪਲ, ਰਜਿਸਟਰਾਰ ਅਤੇ ਖੇਤੀਬਾੜੀ ਵਿਭਾਗ ਦੇ ਮੁਖੀ ਖਿਲਾਫ਼ ਐਫਆਈਆਰ ਦਰਜ ਹੋਣ, ਉਹਨਾਂ ਦੀ ਥਾਂ ਕਾਰਜਕਾਰੀ ਨਿਯੁਕਤੀਆਂ ਹੋਣ ਅਤੇ ਕਾਲਜ ਵੱਲੋਂ ਅਤੇ ਪ੍ਰਸ਼ਾਸ਼ਨ ਵੱਲੋਂ ਅਲੱਗ-ਅਲੱਗ ਜਾਂਚ ਕਮੇਟੀਆਂ ਬਣਾਉਣ ਤੋਂ ਬਾਅਦ  ਇਹ ਸੰਘਰਸ਼ ਕਈ ਮੋੜਾਂ ਵਿੱਚੋਂ ਗੁਜ਼ਰਦਾ ਹੋਇਆ 2 ਮਈ ਨੂੰ ਸਮਾਪਤ ਹੋ ਗਿਆ, ਪਰ ਅਜੇ ਵੀ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ।

ਭਾਵੇਂ ਇਸ ਵਿਦਿਆਰਥੀ ਸੰਘਰਸ਼ ਦਾ ਤਤਕਾਲੀ ਕਾਰਨ ਹਰਪ੍ਰੀਤ ਵੱਲੋਂ ਖੁਦਕੁਸ਼ੀ ਕਰਨਾ ਹੀ ਸੀ, ਪਰ ਇਸ ਪਿੱਛੇ ਵੱਡਾ ਕਾਰਨ ਵਿਦਿਆਰਥੀਆਂ ਵਿੱਚ ਕਾਲਜ ਪ੍ਰਬੰਧਕਾਂ ਖਿਲਾਫ਼ ਲਗਾਤਾਰ ਇਕੱਠਾ ਹੋ ਰਿਹਾ ਗੁੱਸਾ ਸੀ। ਲੱਗਭੱਗ ਸਭਨਾਂ ਵਿੱਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਲਈ ਜਮਹੂਰੀ ਸਪੇਸ ਲਗਾਤਾਰ ਘਟਦਾ ਜਾ ਰਿਹਾ ਹੈ, ਵਿੱਦਿਅਕ ਸੰਸਥਾਵਾਂ ਜੇਲਾਂ ਦਾ ਰੂਪ ਲੈਂਦੀਆਂ ਜਾ ਰਹੀਆਂ ਹਨ ਅਤੇ ਸੰਸਥਾਵਾਂ ਦੇ ਮੁਖੀ, ਪ੍ਰਬੰਧਕ ਅਤੇ ਬਹੁਤ ਹੱਦ ਤੱਕ ਅਧਿਆਪਕ ਤਾਨਾਸ਼ਾਹਾਂ ਦਾ ਰੂਪ ਲੈ ਚੁੱਕੇ ਹਨ ਜਿਹੜੇ ਵਿਦਿਆਰਥੀਆਂ ਨੂੰ ਆਪਣੇ ਗ਼ੁਲਾਮ ਸਮਝਦੇ ਹਨ ਜਿਹਨਾਂ ਉੱਤੇ “ਹੁਕਮ” ਚਲਾਉਣ ਨੂੰ ਉਹ ਆਪਣਾ ਅਧਿਕਾਰ ਸਮਝਦੇ ਹਨ। ਅਸਲੀਅਤ ਇਹ ਹੈ ਕਿ ਵਿੱਦਿਅਕ ਸੰਸਥਾਵਾਂ ਉੱਤੇ ਸਭ ਤੋਂ ਪਹਿਲਾ ਹੱਕ ਵਿਦਿਆਰਥੀਆਂ ਦਾ ਹੈ, ਪਰ ਹਾਲਤਾਂ ਇਹ ਬਣ ਚੁੱਕੀਆਂ ਹਨ ਕਿ ਵਿਦਿਆਰਥੀਆਂ ਨੂੰ ਕਦਮ-ਕਦਮ ਉੱਤੇ ਜਲੀਲ ਕੀਤਾ ਜਾਂਦਾ ਹੈ, ਜਾਂ ਉਹਨਾਂ ਦੇ ਮਨਾਂ ਵਿੱਚ ਅਜਿਹਾ ਹੋਣ ਦਾ ਡਰ ਹਰ ਸਮੇਂ ਬਣਿਆ ਰਹਿੰਦਾ ਹੈ। ਤਰਾਂ-ਤਰਾਂ ਦੀਆਂ ਪਬੰਦੀਆਂ ਜਿਹੜੀਆਂ ਕੁਝ ਤਾਂ ਹਰ ਵਿੱਦਿਅਕ ਸੰਸਥਾ ਦਾ ਲੱਛਣ ਬਣ ਚੁੱਕੀਆਂ ਹਨ, ਜਦਕਿ ਕੁਝ ਕਿਸੇ ਕਾਲਜ ਦੇ ਪ੍ਰਿੰਸੀਪਲ ਆਦਿ ਦੀਆਂ ਵਿਅਕਤੀਗਤ ਸਨਕਾਂ ਉੱਤੇ ਨਿਰਭਰ ਕਰਦੀਆਂ ਹਨ। ਵਿਦਿਆਰਥੀਆਂ ਦੇ ਪਹਿਰਾਵੇ, ਉਹਨਾਂ ਦਾ ਆਪਸ ਵਿੱਚ ਮਿਲਣਾ-ਜੁਲਣਾ, ਕੋਈ ਮੀਟਿੰਗ-ਵਿਚਾਰ ਚਰਚਾ ਕਰਨੀ, ਕਿਸੇ ਸਿਆਸੀ ਸਰਗਰਮੀ ਵਿੱਚ ਹਿੱਸਾ ਲੈਣਾ, ਕੰਟੀਨ ਵਿੱਚ ਮੁੰਡੇ-ਕੁੜੀਆਂ ਦਾ ਇਕੱਠੇ ਬੈਠਣਾ, ਗੱਲ ਕੀ ਨੌਜਵਾਨਾਂ ਦੀ ਜ਼ਿੰਦਗੀ ਦਾ ਕਿਹੜਾ ਪੱਖ ਨਹੀਂ ਜਿਸ ਉੱਤੇ ਕਾਲਜਾਂ ਦੇ ਮੁਖੀ ਅਨੁਸ਼ਾਸ਼ਨ ਦੇ ਨਾਮ ਹੇਠ ਪਾਬੰਦੀਆਂ ਨਹੀਂ ਲਾਉਂਦੇ। ਇਸੇ “ਅਨੁਸ਼ਾਸ਼ਨ” ਦਾ ਦੂਜਾ ਪੱਖ ਇਹ ਹੁੰਦਾ ਹੈ ਕਿ ਵਿਦਿਆਰਥੀਆਂ ਦੇ ਭੇਸ ਵਿੱਚ ਗੁੰਡੇ, ਐਸ਼ਪ੍ਰਸਤੀ ਤੇ ਵਕਤ ਕਟਾਈ ਲਈ ਪਹੁੰਚੇ “ਵੱਡਿਆਂ” ਦੇ “ਕਾਕੇ” ਸ਼ਰੇਆਮ ਗੇੜੀਆਂ ਮਾਰਦੇ ਹਨ, ਵਿਦਿਆਰਥਣਾਂ ਦਾ ਜੀਣਾ ਡੁੱਭਰ ਕਰੀ ਰੱਖਦੇ ਹਨ ਅਤੇ ਇਹਨਾਂ ਦੇ “ਲੈਕਚਰ” ਵੀ ਅਕਸਰ ਪੂਰੇ ਹੋ ਜਾਂਦੇ ਹਨ ਜਦਕਿ ਹਰਪ੍ਰੀਤ ਵਰਗੇ ਆਮ ਵਿਦਿਆਰਥੀ ਕਾਲਜਾਂ ਦੇ “ਮਾਲਕਾਂ” ਅੱਗੇ ਅਰਜ਼ੀਆਂ ਲੈ ਕੇ ਘੁੰਮਦੇ ਹਨ, ਮੈਡੀਕਲ ਸਰਟੀਫਿਕੇਟ ਦੇਣ ਦੇ ਬਾਵਜੂਦ ਜਲੀਲ ਹੁੰਦੇ ਹਨ ਅਤੇ ਜੁਰਮਾਨੇ ਵੀ ਭਰਦੇ ਹਨ।

“ਲੈਕਚਰ ਸ਼ਾਰਟ” ਹੋਣ ਵਾਲ਼ੇ ਮਸਲੇ ਉੱਤੇ ਅਕਸਰ ਹੀ ਵਿਦਿਆਰਥੀਆਂ ਨੂੰ ਕਾਲਜਾਂ ਦੇ ਪ੍ਰਬੰਧਕਾਂ ਦੀ ਬੇਰੁਖੀ ਦਾ ਸ਼ਿਕਾਰ ਹੋਣਾ ਪੈਂਦਾ ਹੈ, ਪਰ ਕੀ ਲੈਕਚਰ ਪੂਰੇ ਨਾ ਹੋਣ ਦੀ ਜ਼ਿੰਮੇਵਾਰੀ ਸਿਰਫ਼ ਵਿਦਿਆਰਥੀ ਦੀ ਹੈ? ਹਰਪ੍ਰੀਤ ਦੇ ਮਾਮਲੇ ਵਿੱਚ ਤਾਂ ਮੈਡੀਕਲ ਸਰਟੀਫਿਕੇਟ ਵੀ ਦਿੱਤਾ ਗਿਆ ਸੀ, ਪਰ ਇੱਕ ਮਿੰਟ ਲਈ ਮੈਡੀਕਲ ਸਰਟੀਫਿਕੇਟ ਪਾਸੇ ਵੀ ਰੱਖ ਦਈਏ, ਕੀ ਲੈਕਚਰ ਘੱਟ ਹੋਣ ਸਮੇਂ ਸਭ ਤੋਂ ਪਹਿਲਾਂ ਅਧਿਆਪਕਾਂ ਉੱਤੇ ਅਤੇ ਵਿੱਦਿਅਕ ਢਾਂਚੇ ਉੱਤੇ ਉਂਗਲ ਨਹੀਂ ਉੱਠਣੀ ਚਾਹੀਦੀ? ਜੇ ਹਰਪ੍ਰੀਤ ਵਰਗੇ ਹੁਸ਼ਿਆਰ ਵਿਦਿਆਰਥੀ (ਉਸਦੇ ਦੋਸਤਾਂ ਤੋਂ ਪਤਾ ਲੱਗਾ ਕਿ ਉਹ ਆਪਣੀ ਜਮਾਤ ਦਾ ਟਾਪਰ ਸੀ) ਨੂੰ ਅਧਿਆਪਕ ਤੇ ਪੜਾਉਣ ਦੇ ਢੰਗ-ਤਰੀਕੇ ਖਿੱਚ ਨਹੀਂ ਪਾਉਂਦੇ, ਤਾਂ ਆਮ ਵਿਦਿਆਰਥੀਆਂ ਲਈ ਇਸ ਅਖੌਤੀ ਪੜਾਈ ਨੂੰ ਝੱਲਣਾ ਕਿੰਨਾ ਔਖਾ ਹੋਵੇਗਾ, ਇਸਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਅਧਿਆਪਕਾਂ ਤੇ ਪੜਾਉਣ ਦੇ ਢੰਗ ਤਰੀਕਿਆਂ ਦੀ ਨੀਰਸਤਾ ਅਤੇ ਘਿਸੇ-ਪਿਟੇ ਬੋਝਲ ਸਿਲੇਬਸਾਂ ਦੀ ਹੀ ਇਹ ਨਿਆਮਤ ਹੈ ਕਿ ਕਲਾਸਰੂਮਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਲਈ “75%” ਦੀ ਡਿਕਟੇਟਰਸ਼ਿਪ ਲਗਾਉਣੀ ਪੈਂਦੀ ਹੈ। ਪ੍ਰਸਿੱਧ ਸਿੱਖਿਆ ਸ਼ਾਸ਼ਤਰੀ ਸੁਖੋਮਲਿੰਸਕੀ ਨੇ ਇੱਕ ਥਾਂ ਕਿਹਾ ਹੈ ਕਿ ਜੇ ਇੱਕ ਵੀ ਵਿਦਿਆਰਥੀ ਪੜਾਈ ਸਮੇਂ ਕਲਾਸਰੂਮ ਤੋਂ ਬਾਹਰ ਝਾਕ ਰਿਹਾ ਹੈ ਤਾਂ ਇਹ ਅਧਿਆਪਕ ਲਈ ਸੋਚਣ ਦਾ ਸਵਾਲ ਹੈ, ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਜੋ ਕੁਝ ਕਲਾਸਰੂਮ ਵਿੱਚ ਚੱਲ ਰਿਹਾ ਹੈ, ਉਸਦੇ ਮੁਕਾਬਲੇ ਉਸ ਵਿਦਿਆਰਥੀ ਲਈ ਬਾਹਰ ਦਾ ਸੰਸਾਰ ਕਿਤੇ ਵਧੇਰੇ ਦਿਲਚਸਪ ਹੈ। ਇੱਥੇ ਵਿਦਿਆਰਥੀ ਖੁਦਕੁਸ਼ੀਆਂ ਕਰ ਰਹੇ ਹਨ, ਪਰ ਤਾਂ ਵੀ ਕੋਈ ਅਧਿਆਪਕਾਂ, ਪੜਾਉਣ ਦੇ ਢੰਗ-ਤਰੀਕਿਆਂ ਤੇ ਸਿਲੇਬਸਾਂ ਨੂੰ ਕਟਹਿਰੇ ਵਿੱਚ ਖੜਾ ਕਰਨ ਲਈ ਤਿਆਰ ਨਹੀਂ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 7, 16 ਤੋਂ 31 ਮਈ, 2017 ਵਿੱਚ ਪ੍ਰਕਾਸ਼ਤ