ਖ਼ਬਰਦਾਰ ਜੇ ਸੱਚ ਕਿਹਾ! -ਬੇਬੀ

khabardar je sach keha

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਇਤਿਹਾਸ ਅਤੇ ਵਿਗਿਆਨ ਨਾਲ਼ ਹਮੇਸ਼ਾ ਹੀ ਫਾਸੀਵਾਦੀਆਂ ਦਾ ਇੱਟ-ਕੁੱਤੇ ਦਾ ਵੈਰ ਰਿਹਾ ਹੈ। ਫਾਸੀਵਾਦ ਦਾ ਅਧਾਰ ਹੀ ਅਗਿਆਨ ਅਤੇ ਝੂਠ ‘ਤੇ ਹੁੰਦਾ ਹੈ। ਅਤੀਤ ਦੀ ਖੋਜ, ਮਿੱਥਾਂ ਨੂੰ ਪੈਦਾ ਕਰਨਾ ਅਤੇ ਝੂਠਾਂ ਦਾ ਮੀਂਹ – ਇਨ੍ਹਾਂ ਚਾਲਾਂ ਦੀ ਵਰਤੋਂ ਕਰਕੇ ਫਾਸੀਵਾਦ ਜੰਮਦਾ ਹੈ ਅਤੇ ਸਰਮਾਏਦਾਰਾਂ ਦੀ ਸੇਵਾ ਕਰਦਾ ਹੈ। ਜਰਮਨੀ ਅਤੇ ਇਟਲੀ ਵਿੱਚ ਫਾਸੀਵਾਦੀਆਂ ਨੇ ਇਨ੍ਹਾਂ ਚਾਲਾਂ ਦੀ ਵਰਤੋਂ ਕੀਤੀ। ਜਰਮਨੀ ਦੇ ਬਰਲਿਨ ਵਿੱਚ 10 ਮਈ 1933 ਨੂੰ ਨਾਜ਼ੀਆਂ ਦੁਆਰਾ ਓਪੇਰਾ ਸੁਕੇਅਰ ਵਿੱਚ 25,000 ਕਿਤਾਬਾਂ ਜਲ਼ਾਈਆਂ ਗਈਆਂ, ਜਿਨ੍ਹਾਂ ਵਿੱਚ ਫਰਾਇਡ, ਆਇੰਸਟੀਨ, ਟਾਮਸ ਮਾਨ, ਜੈਕ ਲੰਡਨ, ਐੱਚ. ਜੀ. ਵੇਲਸ ਆਦਿ ਲੇਖਕਾਂ, ਵਿਚਾਰਕਾਂ ਦੀਆਂ ਕਿਤਾਬਾਂ ਸ਼ਾਮਲ ਸਨ। ਹਿਟਲਰ ਦੇ ਪ੍ਰਚਾਰ ਮੰਤਰੀ ਗੋਬਲਜ਼ ਨੇ ਉੱਥੇ ਮੌਜੂਦ ਨਾਜ਼ੀ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ”ਭਵਿੱਖ ਦਾ ਜਰਮਨ ਨਾਗਰਿਕ ਕਿਤਾਬਾਂ ਵੱਲ ਮੂੰਹ ਨਹੀਂ ਕਰੇਗਾ ਸਗੋਂ ਉਹ ਆਪਣੀ ਸ਼ਖਸ਼ੀਅਤ ਮਜ਼ਬੂਤੀ ਤੋਂ ਸਿਆਣਿਆ ਜਾਵੇਗਾ। ਅੱਜ ਇਤਿਹਾਸ ਦੇ ਬੌਧਿਕ ਕੂੜੇ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਤੁਸੀ ਇਸ ਮਹਾਨ ਪਲ ਦੇ ਸਾਂਝੀਦਾਰ ਹੋ।” ਪ੍ਰਗਤੀਸ਼ੀਲਤਾ ਅਤੇ ਜਮਹੂਰੀਅਤ ਤੋਂ ਫਾਸੀਵਾਦ ਨੂੰ ਹਮੇਸ਼ਾ ਖ਼ਤਰਾ ਰਹਿੰਦਾ ਹੈ। ਇਸ ਲਈ ਉਹ ਸੱਭਿਆਚਾਰ ਦੀ ਦੁਹਾਈ ਦੇ ਕੇ ਇਸ ਤਰ੍ਹਾਂ ਦੇ ਵਿਚਾਰਾਂ ਨੂੰ ਖ਼ਤਮ ਕਰ ਦੇਣ ਦੀ ਕੋਸ਼ਿਸ਼ ਕਰਦਾ ਹੈ।

ਭਾਰਤ ਵਿੱਚ ਵੀ ਹਿਟਲਰ, ਮੁਸੋਲਿਨੀ, ਸਾਲਾਜ਼ਾਰ, ਫਰਾਂਕੋ ਆਦਿ ਦੀ ਜਾਰਜ਼ ਔਲਾਦਾਂ ਯਾਨੀ ਕਿ ਸੰਘ ਪਰਿਵਾਰ ਅਤੇ ਉਸ ਦੀਆਂ ਜਥੇਬੰਦੀਆਂ ਨੇ ਆਪਣੀ“”ਸ਼ਖਸ਼ੀਅਤ ਮਜ਼ਬੂਤੀ””ਦਾ ਸਮੇਂ-ਸਮੇਂ ‘ਤੇ ਕਾਫੀ ਜਾਣ-ਪਹਿਚਾਣ ਕਰਵਾਈ ਹੈ। ਅਗਾਂਹਵਧੂ  ਵਿਚਾਰ ਰੱਖਣ ਵਾਲ਼ੇ ਲੇਖਕਾਂ, ਸਾਹਿਤਕਾਰਾਂ, ਇਤਿਹਾਸਕਾਰਾਂ ਦੀਆਂ ਕਿਤਾਬਾਂ ਨੂੰ ਲੈ ਕੇ ਹੁੱਲੜਬਾਜ਼ੀ ਮਚਾਉਣਾ ਇਨ੍ਹਾਂ ਦਾ ਇੱਕ ਪ੍ਰਮੁੱਖ ਹਥਿਆਰ ਰਿਹਾ ਹੈ। ਇਹ ਇਤਿਹਾਸ ਨੂੰ ਫਿਰਕੂ ਰੰਗ ਦੇ ਕੇ ਪੇਸ਼ ਕਰਦੇ ਰਹੇ ਹਨ। ਇੱਥੇ ਅਸੀਂ ਮੁੱਖ-ਮੁੱਖ ਘਟਨਾਵਾਂ ਦਾ ਜ਼ਿਕਰ ਉਦਾਹਰਣ ਦੇ ਰੂਪ ਵਿੱਚ ਕਰਾਂਗੇ।

1977 ਵਿੱਚ ਜਨਤਾ ਪਾਰਟੀ ਦੀ ਹਕੂਮਤ ਦੌਰਾਨ ਸਰਕਾਰ ਦੇ ਉਨ੍ਹਾਂ ਲੋਕਾਂ ਨੇ, ਜੋ ਭਾਵੀ ਭਾਜਪਾ ਵਿੱਚ ਸ਼ਾਮਿਲ ਹੋਏ, ਐੱਨ. ਸੀ. ਈ. ਆਰ. ਟੀ.  ਦੁਆਰਾ ਪ੍ਰਕਾਸ਼ਤ ਇਤਿਹਾਸ ਦੀਆਂ ਕਿਤਾਬਾਂ ਉੱਤੇ ਹਮਲਾ ਬੋਲਿਆ ਸੀ। ਉਸ ਸਮੇਂ ਜੋ ਕਿਤਾਬਾਂ ਸੰਘ ਪਰਿਵਾਰ ਦੀ ਮੁਹਿੰਮ ਦਾ ਨਿਸ਼ਾਨਾ ਬਣੀਆਂ – ਰਾਮਸ਼ਰਣ ਸ਼ਰਮਾ, ਰੋਮਿਲਾ ਥਾਪਰ, ਬਿਪਿਨ ਚੰਦਰ, ਅਮਲੇਸ਼ ਤਿਵਾਰੀ ਅਤੇ ਬਰੁਨ ਡੇ ਆਦਿ ਇਤਿਹਾਸਕਾਰਾਂ ਦੀਆਂ ਕਿਤਾਬਾਂ ਸਨ। ਨਿਸ਼ਚਿਤ ਰੂਪ ‘ਚ ਇਨ੍ਹਾਂ ਕਿਤਾਬਾਂ ਦਾ ਸੰਘ ਪਰਿਵਾਰ ਦੀ ਨਜ਼ਰ ਵਿੱਚ ਕਸੂਰ ਇਹ ਸੀ ਕਿ ਇਹਨਾਂ ਵਿੱਚ ਵਿਗਿਆਨਕ ਨਜ਼ਰੀਏ ਨਾਲ਼ ਇਤਿਹਾਸ ਨੂੰ ਵੇਖਿਆ ਗਿਆ ਸੀ। ਸੰਘੀਆਂ ਦੀ ਇਸ ਕਾਰਗੁਜ਼ਾਰੀਆਂ ਨੂੰ ਸਾਨੂੰ ਫਿਰਕਾਪ੍ਰਸਤ ਸਿਆਸਤ ਨੂੰ ਅੱਗੇ ਲੈ ਜਾਣ ਅਤੇ ਲੋਕਾਂ ਵਿੱਚ ਜ਼ਹਿਰ ਘੋਲਣ, ਬੇਗਾਨਗੀ ਪੈਦਾ ਕਰਨ ਲਈ ਭਾਰਤੀ ਇਤਹਾਸ ਨੂੰ ਜਾਣ-ਬੁੱਝ ਕੇ ਵਿਗਾੜਣ, ਤੋੜਨ-ਮਰੋੜਣ ਦੀ ਵੰਨਗੀ ਦੇ ਰੂਪ ਵਿੱਚ ਵੇਖਣਾ ਚਾਹੀਦਾ।

1995 ਵਿੱਚ ਸਲਮਾਨ ਰਸ਼ਦੀ ਦੇ ਨਾਵਲ ‘ਦ ਮੂਰਸ ਲਾਸਟ ਸਾਈ’ ਨੂੰ ਲੈ ਕੇ ਸ਼ਿਵਸੈਨਾ ਨੇ ਇਹ ਕਹਿੰਦੇ ਹੋਏ ਰੌਲ਼ਾ ਪਾਇਆ ਕਿ ਇਸ ਵਿੱਚ ਬਾਲ ਠਾਕਰੇ ਦੀ ਛਵੀ ਨੂੰ ਗਲਤ ਢੰਗ ਨਾਲ਼ ਵਿਖਾਇਆ ਗਿਆ ਹੈ। ਇਸ ਕਿਤਾਬ ਵਿੱਚ ਇੱਕ ਪੁਰਤਗਾਲੀ ਸੌਦਾਗਰ ਪਰਿਵਾਰ ਦੀ ਤਰੱਕੀ, ਪਤਨ ਅਤੇ ਅਲੋਪ ਹੋਣ ਦੀ ਕਹਾਣੀ ਹੈ, ਜੋ ਦੱਖਣ ਭਾਰਤ ਵਿੱਚ ਵਸਿਆ ਹੋਇਆ ਸੀ। ਨਾਵਲ ਦੀ ਵਿਸ਼ਾ-ਵਸਤੂ 1900 ਦੇ ਦੌਰ ਤੋਂ ਲੈ ਕੇ ਵਰਤਮਾਨ ਦੇ ਭਾਰਤੀ ਇਤਿਹਾਸ ਨਾਲ਼ ਵੀ ਜੁੜਦਾ ਹੈ ਜਿਵੇਂ ਭਾਰਤੀ ਕੌਮੀ ਲਹਿਰ, ਵੰਡ, ਐਮਰਜੈਂਸੀ, ਬੈਂਕ ਆਫ ਕਰੈਡਿਟ ਐਂਡ ਕਾਮਰਸ ਇੰਟਰਨੈਸ਼ਨਲ ਦਾ ਘੁਟਾਲ਼ਾ (1998 ), ਹਿੰਦੁਤਵਵਾਦੀ ਸਿਆਸਤ ਦਾ ਉਭਾਰ ਆਦਿ।

1956 ਵਿੱਚ ਆਬਰੇ ਮੇਨਨ ਦੀ ਕਿਤਾਬ ‘ਦ ਰਾਮਾਇਨਾ ਬਾਈ ਆਬਰੇ ਮੈਨਨ’ ਨੂੰ ਲੈ ਕੇ ਰੌਲ਼ਾ ਪਿਆ ਸੀ, ਜਿਸ ਬਾਰੇ ਇਹ ਕਿਹਾ ਗਿਆ ਕਿ ਇਸ ਵਿੱਚ ਪੱਵਿਤਰ ਰਮਾਇਣ ਦਾ ਮਜ਼ਾਕ ਉਡਾਇਆ ਗਿਆ ਹੈ, ਜਿਸ ਨਾਲ਼ ਹਿੰਦੂਵਾਦੀ ਭਾਵਨਾ ਨੂੰ ਠੇਸ ਪਹੁੰਚੀ ਹੈ। ਯਾਦ ਰਹੇ ਕਿ ਆਬਰੇ ਮੈਨਨ ਇੱਕ ਵਿਅੰਗਕਾਰ ਹਨ।

1998 ਵਿੱਚ ਰਾਜਗ ਦੀ ਸਰਕਾਰ ਨੇ ਸੱਤਾ ਵਿੱਚ ਆਉਂਦੇ ਹੀ ਇਤਿਹਾਸ ਦੀਆਂ ਕਿਤਾਬਾਂ ਉੱਤੇ ਜਿਸ ਤਰ੍ਹਾਂ ਹਮਲਾ ਬੋਲਿਆ ਉਸਤੋਂ ਸਾਫ਼ ਜ਼ਾਹਿਰ ਹੋ ਜਾਂਦਾ ਹੈ ਕਿ ਇਹ ਇਤਿਹਾਸ ਤੋਂ ਕਿੰਨਾ ਡਰਦੇ ਹਨ। ਸਾਰੀਆਂ ਘਟੀਆ ਅਤੇ ਸੰਘ ਪਰਿਵਾਰ ਦੇ ਵਿਚਾਰਧਾਰਕ ਤੁਅੱਸਬਾਂ ਨਾਲ਼ ਭਰੀਆਂ ਕਿਤਾਬਾਂ ਨੂੰ ਕੋਰਸਾਂ ਵਿੱਚ ਸ਼ਾਮਲ ਕਰ ਲਿਆ ਗਿਆ। ਜਿੱਥੇ ਇੱਕ ਪਾਸੇ ਹਿੰਦੁਤਵਵਾਦੀ ਫਿਰਕਾਪ੍ਰਸਤ ਸਿਆਸਤ ਖੜੀ ਹੁੰਦੀ ਹੈ ਉੱਥੇ ਹੀ ਇਸਲਾਮਿਕ ਕੱਟੜਪੰਥ ਵੀ ਪੈਦਾ ਹੁੰਦਾ ਹੈ। 1993 ਵਿੱਚ ਤਸਲੀਮਾ ਨਸਰੀਨ ਦੀ ਕਿਤਾਬ ‘ਲੱਜਾ’ ਉੱਤੇ ਰੋਕ  ਲਗਾਈ ਗਈ। ਇਸ ਵਿੱਚ ਬਾਬਰੀ ਮਸਜਿਦ ਢਾਉਣ ਦੇ ਬਾਅਦ ਬੰਗਲਾਦੇਸ਼ ਵਿੱਚ ਹੋਏ ਹਿੰਦੂ-ਵਿਰੋਧੀ ਦੰਗਿਆਂ ਨੂੰ ਵਿਖਾਇਆ ਗਿਆ ਹੈ। 25 ਫਰਵਰੀ, 2008 ਨੂੰ ਦਿੱਲੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਿੱਚ ਅਖਿਲ ਭਾਰਤੀ ਵਿਦਿਆਰਥੀ ਸੰਘ ਦੇ ਕਾਰਕੁੰਨਾਂ ਨੇ ਵਿਭਾਗ ਵਿੱਚ ਵੜਕੇ ਉੱਥੋਂ ਦੇ ਵਿਭਾਗ ਦੇ ਮੁੱਖੀ ਐੱਸ. ਜੈੱਡ. ਐੱਚ. ਜਾਫਰੀ ਦੀ ਕੁੱਟ-ਮਾਰ ਕੀਤੀ। ਪ੍ਰਸੰਗਵਸ਼ ਦੱਸਦੇ ਚੱਲੀਏ ਕਿ ਘਟਨਾ ਵਾਲ਼ੀ ਥਾਂ ‘ਤੇ ਪੁਲਿਸ ਮੌਜੂਦ ਸੀ ਪਰ ਚੁੱਪ ਖੜੀ ਰਹੀ। ਮੁੱਦਾ ਸੀ ਕੋਰਸ ਵਿੱਚ ਸ਼ਾਮਿਲ ਇੱਕ ਲੇਖ। ਇਹ ਲੇਖ ਮਸ਼ਹੂਰ ਵਿਦਵਾਨ ਏ. ਕੇ. ਰਾਮਾਨੁਜ ਵੱਲੋਂ ਲਿਖਿਆ ਗਿਆ ਹੈ ਜਿਸਦਾ ਸਿਰਲੇਖ ਹੈ: ‘ਥਰੀ ਹੰਡਰਡ ਰਾਮਾਇਣਾਜ਼: ਫਾਇਵ ਐਗਜ਼ਾਂਪਲਜ਼ ਐਂਡ ਥਰੀ ਥਾਟਸ ਆਨ ਟਰਾਂਸਲੇਸ਼ਨ’। ਸੰਘ ਪਰਿਵਾਰ ਦੇ ਇਸ ਗੁੰਡਾ ਗਿਰੋਹ ਨੇ ਇਹ ਕਹਿੰਦੇ ਹੋਏ ਹੜਦੁੰਗ ਮਚਾਇਆ ਕਿ ਇਸ ਲੇਖ ਵਿੱਚ ਰਾਮ ਦੇ ਚਰਿੱਤਰ ਨੂੰ ਵਿਗਾੜਿਆ ਗਿਆ ਹੈ, ਜਦੋਂ ਕਿ ਕਈ ਪਾਠਕ ਜਾਣਦੇ ਵੀ ਹੋਣਗੇ ਕਿ ਇਸ ਵਿੱਚ ਭਾਰਤੀ ਜ਼ਬਾਨੀ ਕਥਾ ਪ੍ਰੰਪਰਾ ਤੋਂ ਲੈ ਕੇ ਲਿਖਤੀ ਰੂਪ ਵਿੱਚ ਰਾਮਕਥਾ ਦੇ ਵੱਖਰੇ ਸੰਦਰਭਾਂ ਨੂੰ ਵਿਖਾਇਆ ਗਿਆ ਹੈ। ਉਕਤ ਲੇਖ ਨੂੰ ਕੋਰਸ ਚੋਂ ਹਟਾਏ ਜਾਣ ਦੀ ਮੰਗ ਕੀਤੀ ਗਈ ਅਤੇ ਦਿੱਲੀ ਹਾਈ ਕੋਰਟ ਵਿੱਚ ਇੱਕ ਮੰਗ ਵੀ ਦਰਜ ਕੀਤੀ ਗਈ ਜਿਸਨੂੰ ਕੋਰਟ ਨੇ ਖ਼ਾਰਜ ਕਰ ਦਿੱਤਾ। ਹਮਲੇ ਖਿਲਾਫ ਵਿਦਿਆਰਥੀਆਂ ਨੇ ਆਪਣੀ ਏਕਤਾ ਦਰਜ਼ ਕਰਾਈ।

20 ਜਨਵਰੀ 2010 ਨੂੰ ਵਿਦਿਆਰਥੀ ਸੰਘ ਦੇ ਕਾਰਕੁੰਨਾਂ ਨੇ ਫਿਰ ਦਿੱਲੀ ਯੂਨੀਵਰਸਿਟੀ ਵਿੱਚ ਖੜੀ ‘ਜਨਚੇਤਨਾ’ ਪੁਸਤਕ ਨੁਮਾਇਸ਼ ਵੈਨ ਉੱਤੇ ਹਮਲਾ ਕੀਤਾ ਅਤੇ ਉੱਥੇ ਮੌਜੂਦ ਕਾਰਕੁੰਨਾਂ ਨਾਲ਼  ਕੁੱਟ-ਮਾਰ ਕੀਤੀ, ਮਜ਼ਦੂਰ ਅਖਬਾਰ ‘ਮਜ਼ਦੂਰ ਬਿਗੁਲ’ ਦੀਆਂ ਕਾਪੀਆਂ ਜਲ਼ਾਈਆਂ। ਯਾਦ ਰਹੇ ਕਿ ਜਨਚੇਤਨਾ’ ਇੱਕ ਸੱਭਿਆਚਾਰਕ ਮੁਹਿੰਮ ਹੈ ਜੋ ਪਿਛਲੇ 24 ਸਾਲਾਂ ਤੋਂ ਪੂਰੇ ਦੇਸ਼ ਵਿੱਚ ਪ੍ਰੇਮਚੰਦ, ਗੋਰਕੀ, ਸ਼ਰਤਚੰਦਰ, ਭਗਤ ਸਿੰਘ, ਰਾਹੁਲ ਸੰਕਰਤਾਇਨ, ਰਾਧਾਮੋਹਨ ਗੋਕੁਲ ਜੀ, ਤਾਲਸਤਾਏ, ਹੈਮਿੰਗਵੇ ਆਦਿ ਲੇਖਕਾਂ-ਵਿਚਾਰਕਾਂ ਦੇ ਸਾਹਿਤ ਅਤੇ ਲੇਖਣੀ ਜ਼ਰੀਏ ਸਮਾਜ ਵਿੱਚ ਅਗਾਂਹਵਧੂ ਵਿਚਾਰਾਂ ਦੇ ਪ੍ਰਚਾਰ-ਪ੍ਰਸਾਰ ਵਿੱਚ ਲੱਗੀ ਹੋਈ ਹੈ। ਇਸ ਤੋਂ ਪਹਿਲਾਂ ਵੀ ਜਮਹੂਰੀ ਅਤੇ ਬਰਾਬਰੀ ਦੇ ਵਿਚਾਰਾਂ ਦੇ ਪ੍ਰਚਾਰ ਵਿੱਚ ਲੱਗੀ ਇਸ ਮੁਹਿੰਮ ਉੱਤੇ ਵਿਹੀਪ ਅਤੇ ਬਜਰੰਗ ਦਲ ਦੇ ਕਾਰਕੁੰਨਾਂ ਨੇ ਹਮਲੇ ਕੀਤੇ ਹਨ। ਯੂਨੀਵਰਸਿਟੀ ਵਿੱਚ ਹੋਏ ਇਸ ਹਮਲੇ ਖਿਲਾਫ ਵੱਖੋ-ਵੱਖਰੀਆਂ ਵਿਦਿਆਰਥੀ ਜਥੇਬੰਦੀਆਂ ਨੇ ਵਿਰੋਧ ਪ੍ਰਦਰਸ਼ਨ ਕੀਤੇ।

ਜੁਲਾਈ 2010 ਵਿੱਚ ਜੇਮਸ ਲੇਨ ਦੀ ਕਿਤਾਬ ‘ਸ਼ਿਵਾਜੀ: ਏ ਹਿੰਦੂ ਕਿੰਗ ਇੰਨ ਇਸਲਾਮਿਕ ਇੰਡੀਆ’ ਨੂੰ ਲੈ ਕੇ ਸ਼ਿਵਸੈਨਾ ਨੇ ਕਾਫੀ ਰੌਲ਼ਾ ਪਾਉਂਦੇ ਹੋਏ ਕਿਹਾ ਕਿ ਇਸ ਵਿੱਚ ਸ਼ਿਵਾਜੀ ਦੀ ਛਵੀ ਨੂੰ ਵਿਗਾੜਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਦੋਂ ਕਿ ਇਸ ਵਿੱਚ ਵੱਖ-ਵੱਖ ਭਾਈਚਾਰਿਆਂ ਵੱਲੋਂ ਸ਼ਿਵਾਜੀ ਨੂੰ ਦੇਖਣ ਦੇ ਵੱਖੋ-ਵੱਖਰੇ ਨਜ਼ਰੀਆਂ ਉੱਪਰ ਚਰਚਾ ਹੈ।

ਇਸ ਸਾਲ 2010 ਦੇ ਅਕਤੂਬਰ ਵਿੱਚ ਸ਼ਿਵਸੈਨਾ ਨੇ ਰੋਹਿੰਗਟਨ ਮਿਸਰੀ ਦੀ ਕਿਤਾਬ ‘ਸੱਚ ਏ ਲਾਂਗ ਜਰਨੀ’ ਦੀਆਂ ਨਕਲਾਂ ਜਲ਼ਾਈਆਂ ਅਤੇ ਮੁੰਬਈ ਯੂਨੀਵਰਸਿਟੀ ਦੇ ਕੋਰਸ ਵਿਚੋਂ ਇਸਨੂੰ ਹਟਾਉਣ ਦੀ ਮੰਗ ਕੀਤੀ। ਯਾਦ ਰਹੇ ਕਿ ਇਹ ਕਿਤਾਬ ਮੁੰਬਈ ਯੂਨੀਵਰਸਿਟੀ ਦੇ ਬੀਏ ਦੇ ਕੋਰਸ ਵਿੱਚ ਚਾਰ ਸਾਲਾਂ ਤੋਂ ਪੜਾਈ ਜਾ ਰਹੀ ਸੀ ਅਤੇ ਇਸਤੋਂ ਪਹਿਲਾਂ ਵੀ ਐੱਮ. ਏ. ਵਿੱਚ ਦਸ ਸਾਲਾਂ ਤੋਂ ਪੜਾਈ ਜਾਂਦੀ ਰਹੀ ਹੈ। ਇਸ ਕਿਤਾਬ ਦਾ ਰਚਨਾਕਾਲ 1970 ਦੇ ਦੌਰ ਦਾ ਹੈ, ਇਸ ਵਿੱਚ ਇੱਕ ਪਾਰਸੀ ਪਰਿਵਾਰ ਦੇ ਇੱਕ ਬੈਂਕ ਕਲਰਕ ਦੀ ਜੁਝਾਰੂ ਜ਼ਿੰਦਗੀ ਦੀ ਕਹਾਣੀ ਹੈ। ਉਥੇ ਹੀ ਇਸ ਵਿੱਚ ਸ਼ਿਵਸੇਨਾ ਦੇ ਹਿੰਸਕ ਕਾਰਨਾਮਿਆਂ ਦੀ ਤਸਵੀਰ ਵੀ ਹੈ। ਸ਼ਿਵਸੈਨਾ ਦੀ ਸਥਾਪਨਾ 1966 ਵਿੱਚ ਬਾਲਿਆ ਸਾਹਿਬ ਠਾਕਰੇ ਦੁਆਰਾ ਇਸ ਮੰਗ ਨੂੰ ਲੈ ਕੇ ਕੀਤੀ ਗਈ ਕਿ ਮੁੰਬਈ ਦੇ ਮੂਲ ਵਾਸੀਆਂ ਨੂੰ ਇੱਥੇ ਕੰਮ ਦੀ ਭਾਲ਼ ਵਿੱਚ ਆਏ ਪ੍ਰਵਾਸੀਆਂ ਤੋਂ ਜ਼ਿਆਦਾ ਤਰਜੀਹ ਦਿੱਤੀ ਜਾਵੇ। ਨਾਵਲ ਦਾ ਘਟਨਾਕ੍ਰਮ ਇਨ੍ਹਾਂ ਦਾ ਕੱਚਾ-ਚਿੱਠਾ ਬਿਆਨ ਕਰਦਾ ਹੈ।

2011 ਦੇ ਨਵੰਬਰ ਵਿੱਚ ਵਿਹੀਪ ਦੇ ਕਾਰਕੁੰਨਾਂ ਨੇ ਇਲਾਹਾਬਾਦ ਦੇ ਸਿਵਲ ਲਾਈਨਜ਼ ਵਿੱਚ ਸਥਿਤ ਇੱਕ ਸਰਕਾਰੀ ਗਰਲਜ਼ ਇੰਟਰ ਕਾਲਜ ਵਿੱਚ ਆਯੋਜਿਤ ਪੁਸਤਕ-ਮੇਲੇ ਵਿੱਚ ਇੱਕ ਕਿਤਾਬ ਦੀਆਂ ਨਕਲਾਂ ਇਹ ਕਹਿੰਦੇ ਹੋਏ ਜਲਾਈਆਂ ਕਿ ਇਸ ਵਿੱਚ ਕ੍ਰਿਸ਼ਨ ਦੀ ਦਿੱਖ ਨੂੰ ਵਿਗਾੜਿਆ ਗਿਆ ਹੈ ਜਿਸਦੇ ਨਾਲ਼ ਹਿੰਦੂ ਸੱਭਿਆਚਾਰ ਨੂੰ ਖ਼ਤਰਾ ਹੈ।

ਉਪਰੋਕਤ ਘਟਨਾਵਾਂ ਸਿਰਫ ਘਟਨਾਵਾਂ ਦੇ ਜ਼ਿਕਰ ਜਾਂ ਬਿਆਨਬਾਜ਼ੀ ਨਹੀਂ ਹਨ, ਸਗੋਂ ਇਹ ਵਿਖਾਉਂਦੀਆਂ ਹਨ ਕਿ ਫਾਸੀਵਾਦ ਯੋਜਨਾਬੱਧ ਢੰਗ ਨਾਲ਼ ਵਿਚਾਰਧਾਰਕ ਹਮਲਾ ਲੋਕਾਈ ਦੀ ਅਗਾਂਹਵਧੂ ਤਾਕਤਾਂ ‘ਤੇ ਕਰਦਾ ਹੈ। ਅਜਿਹੇ ਵਿੱਚ ਨਿਸ਼ਚਤ ਹੀ ਅਗਾਂਹਵਧੂ, ਮੁਕਤੀ ਚਾਹੁੰਦੀਆਂ ਤਾਕਤਾਂ ਨੂੰ ਇਨ੍ਹਾਂ ਦਾ ਮੂੰਹ-ਤੋੜ ਜਵਾਬ ਦੇਣ ਲਈ ਹਮੇਸ਼ਾ ਤਿਆਰ ਰਹਿਣ ਦੀ ਲੋੜ ਹੈ। ਫਾਸੀਵਾਦ ਵਿਚਾਰਾਂ ਦੇ ਵਖਰੇਵੇਂ, ਵਿਵਾਦ ਅਤੇ ਬਹਿਸ ਸਹਿਣ ਨਹੀਂ ਕਰ ਸਕਦਾ ਹੈ ਕਿਉਂਕਿ ਉਸਦੇ ਪਿੱਛੇ ਸੱਚ, ਵਿਗਿਆਨ ਅਤੇ ਇਤਿਹਾਸ ਦੀ ਤਾਕਤ ਨਹੀਂ ਹੈ, ਸਗੋਂ ਮਿੱਥਾਂ, ਝੂਠਾਂ ਅਤੇ ਫਰੇਬਾਂ ਦਾ ਅੰਬਾਰ ਹੈ। ਫਾਸੀਵਾਦ ਦਾ ਹਰ ਦੇਸ਼ ਵਿੱਚ ਇਹੀ ਇਤਿਹਾਸ ਰਿਹਾ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 27, ਅਪ੍ਰੈਲ 2014 ਵਿਚ ਪਰ੍ਕਾਸ਼ਤ

 

One comment on “ਖ਼ਬਰਦਾਰ ਜੇ ਸੱਚ ਕਿਹਾ! -ਬੇਬੀ

  1. Jaswinder Sandhu says:

    ਬਹੁਤ ਵਧੀਆ ਜਾਣਕਾਰੀ ਹੈ, ਧੰਨਵਾਦ!

    Like

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s