ਕੀੜੇਮਾਰ ਦਵਾਈਆਂ – ਖੇਤਾਂ ਵਿੱਚ ਉੱਗੇ ‘ਮੌਤ ਦੇ ਖੂਹ’ (ਹਰ ਸਾਲ 10000 ਤੋਂ ਵੱਧ ਮੌਤਾਂ ਦਾ ਖਦਸ਼ਾ) •ਸਵਜੀਤ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਜੁਲਾਈ 2017 ਤੋਂ ਲੈ ਕੇ ਹੁਣ ਤੱਕ ਮਹਾਰਾਸ਼ਟਰ ਦੇ ਵਿਦਰਭਾ ਤੇ ਮਾਰਥਵਾੜਾ ਖਿੱਤੇ ਵਿੱਚ ਕੀੜੇਮਾਰ ਦਵਾਈਆਂ ਦਾ ਛਿੜਕਾਅ ਕਰਦੇ ਸਮੇਂ ਦਵਾਈ ਚੜ੍ਹਨ ਕਾਰਨ 40 ਤੋਂ ਜ਼ਿਆਦਾ ਕਿਸਾਨਾਂ ਦੀ ਮੌਤ ਦੀ ਖਬਰ ਹੈ ਜਦਕਿ ਹਜ਼ਾਰਾਂ ਕਿਸਾਨ ਇਸ ਜਹਿਰ ਤੋਂ ਪੀੜਤ ਹਸਪਤਾਲਾਂ ਜਾਂ ਘਰਾਂ ਵਿੱਚ ਪਏ ਤੜਫ ਰਹੇ ਹਨ। ਇਹ ਕੋਈ ਅਚਨਚੇਤੀ ਵਾਪਰੀ ਘਟਨਾ ਨਹੀਂ ਹੈ, ਪਿਛਲੇ ਢਾਈ ਦਹਾਕਿਆਂ ਤੋਂ ਹਰ ਸਾਲ ਹੀ ਇਹਨਾਂ ਮਹੀਨਿਆਂ ਵਿੱਚ ਪੂਰੇ ਭਾਰਤ ਵਿੱਚ ਹਜ਼ਾਰਾਂ ਛੋਟੇ ਕਿਸਾਨ ਤੇ ਖੇਤ ਮਜ਼ਦੂਰ ਮੌਤ ਦੇ ਮੂੰਹ ਵਿੱਚ ਜਾ ਡਿੱਗਦੇ ਹਨ। ‘ਨੈਸ਼ਨਲ ਕਰਾਈਮ ਬਿਊਰੋ’ ਦੇ ਅੰਕੜਿਆਂ ਮੁਤਾਬਿਕ ਸਾਲ 2014 ਵਿੱਚ 5915 ਅਤੇ 2015 ਵਿੱਚ ਕੋਈ 7060 ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਸਪਰੇਅ ਚੜ੍ਹਨ ਕਾਰਨ ਮੌਤ ਹੋਈ। ਅਸਲ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੋਣ ਦਾ ਖਦਸ਼ਾ ਹੈ। ਮੀਡੀਆ ਵਿੱਚ ਕਦੇ-ਕਦਾਈਂ ਕੋਈ ਖ਼ਬਰ ਨਸ਼ਰ ਹੋਣ ਜਾਂ ਕੋਈ ਰਿਪੋਰਟ ਬਾਹਰ ਆਉਣ ਤੋਂ ਬਾਅਦ ਪ੍ਰਸ਼ਾਸ਼ਨ ਨੂੰ ਮਜ਼ਬੂਰਨ ਜਾਗਣਾ ਪੈਂਦਾ ਹੈ ਅਤੇ ਖੇਤੀਬਾੜੀ ਅਧਿਕਾਰੀ ਪਿੰਡਾਂ ਵੱਲ ਨੂੰ ਭੱਜਦੇ ਹਨ। ਕੁਝ ਦਿਨਾਂ ਦੀਆਂ ਰਸਮੀ ਕਾਰਵਾਈਆਂ ਤੋਂ ਬਾਅਦ ਸਭ ਕੁਝ ਫਿਰ ਪਹਿਲਾਂ ਵਾਂਗ ਹੀ ਚੱਲ ਪੈਂਦਾ ਹੈ, ਉਹੀ ਦਵਾਈਆਂ, ਉਹੀ ਜਹਿਰਾਂ ਫਿਰ ਦੁਕਾਨਾਂ ਤੇ ਖੇਤਾਂ ਵਿੱਚ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਇਹ ਕਿਸੇ ਇੱਕ ਖਿੱਤੇ ਜਾਂ ਰਾਜ ਦੀ ਕਹਾਣੀ ਨਹੀਂ ਹੈ, ਪੂਰੇ ਦੇਸ਼ ਵਿੱਚ ਹੀ ਘੱਟ ਜਾਂ ਵੱਧ ਸਕੇਲ ’ਤੇ ਇਹ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਕਿਸਾਨਾਂ ਦੁਆਰਾ ਖੁਦਕੁਸ਼ੀਆਂ ਨਾਲ਼ ਹੋਣ ਵਾਲ਼ੀਆਂ ਮੌਤਾਂ ਦੇ ਨਾਲ਼-ਨਾਲ਼ ਸਪਰੇਹਾਂ ਚੜ੍ਹਨ ਨਾਲ਼ ਹੋਣ ਵਾਲ਼ੀਆਂ ਮੌਤਾਂ ਦੀ ਗਿਣਤੀ ਵੀ ਪ੍ਰੇਸ਼ਾਨ ਕਰਨ ਵਾਲ਼ੀ ਹੈ, ਪਰ ਤਾਂ ਵੀ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਨੂੰ ਜਿਸ ਤਰ੍ਹਾਂ ਮੀਡੀਆ ਦੁਆਰਾ ਉਭਾਰਿਆ ਗਿਆ ਹੈ ਉਨੀ ਕਵਰੇਜ ਇਸ ਮਸਲੇ ਨੂੰ ਨਹੀਂ ਦਿੱਤੀ ਗਈ। ਇਸ ਪੂਰੇ ਅਰਸੇ ਦੌਰਾਨ ਕੀੜੇਮਾਰ ਦਵਾਈਆਂ ਦੇ ਕਾਰੋਬਾਰ ਵਿੱਚ ਜੁਟੀਆਂ ਦੇਸੀ ਵਿਦੇਸ਼ੀ ਕੰਪਨੀਆਂ ਲਗਾਤਾਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਸਾਹਾਂ ਚੋਂ ਆਪਣਾ ਮੁਨਾਫਾ ਖਿੱਚਣ ਵਿੱਚ ਕਾਮਯਾਬ ਰਹੀਆਂ ਹਨ। ਅਤੇ ਜ਼ਿਆਦਾਤਰ ਕੇਸਾਂ ਵਿੱਚ ਕਿਸਾਨਾਂ ਜਾਂ ਮਜ਼ਦੂਰਾਂ ਦੀ ਅਣਗਹਿਲੀ ਦਿਖਾ ਕੇ ਮਾਮਲਾ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਪੂਰੇ ਦੇਸ਼ ਵਾਂਗ ਹੀ ਮਹਾਂਰਾਸ਼ਟਰ ਦੀ ਬਹੁਗਿਣਤੀ ਕਿਸਾਨੀ ਵੀ ਛੋਟੇ ਪੱਧਰ ਤੇ ਕਪਾਹ ਦੀ ਖੇਤੀ ਕਰਦੇ ਹਨ। ਕਪਾਹ ਦੀ ਫਸਲ ਨੂੰ ਕੀੜਿਆਂ ਤੋਂ ਬਚਾਉਣ ਲਈ ਅਤੇ ਵੱਧ ਝਾੜ ਲੈਣ ਲਈ ਬੇਹੱਦ ਤੇਜ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਨੀ ਪੈਂਦੀ ਹੈ। ਜਿਵੇਂ ਕਿ ਇਹ ਦੋ ਅਜਿਹੇ ਕੀਟਨਾਸ਼ਕ ਹਨ ਜਿਹਨਾਂ ਨੂੰ ਸੰਸਾਰ ਸਿਹਤ ਸੰਗਠਨ ਵੱਲੋਂ ਕਲਾਸ-1 ਕੀਟਨਾਸ਼ਕ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, ਜਿਸਦਾ ਅਰਥ ਇਹ ਹੈ ਕਿ ਇਹ ਬੇਹੱਦ ਖਤਰਨਾਕ ਅਤੇ ਜਾਨਲੇਵਾ ਕੈਮੀਕਲ ਹਨ, ਇਹਨਾਂ ਦੀ ਬਹੁਤ ਥੋੜੀ ਜਿਹੀ ਮਾਤਰਾ ਹੀ ਕਿਸੇ ਵਿਅਕਤੀ ਦੀ ਮੌਤ ਦਾ ਕਾਰਨ ਬਣ ਸਕਦੀ ਹੈ, ਜਾਂ ਉਸਨੂੰ ਉਮਰ ਭਰ ਲਈ ਰੋਗੀ, ਅੰਨ੍ਹਾ ਬਣਾ ਸਕਦੀ ਹੈ। ਭਾਰਤ ਵਿੱਚ ਧੜੱਲੇ ਨਾਲ ਵਿਕਣ ਵਾਲ਼ੇ ਇਹਨਾਂ ਕੀਟਨਾਸ਼ਕਾਂ ’ਤੇ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਨੇ ਪਾਬੰਦੀ ਲਗਾਈ ਹੋਈ ਹੈ। ਪਰ ‘ਡਾਇਰੈਕਟੋਰੇਟ ਆਫ ਪਲਾਂਟ ਪ੍ਰੋਟੈਕਸ਼ਨ, ਕੁਆਰਨਟਾਈਨ ਐਂਡ ਸਟੋਰੇਜ’ ਦੇ ਅੰਕੜਿਆਂ ਮੁਤਾਬਿਕ ਸਾਡੇ ਦੇਸ਼ ਵਿੱਚ ਕੀਟਨਾਸ਼ਕਾਂ ਦੀ ਕੁੱਲ ਖਪਤ ਦੇ ਲਗਭਗ 30% ਕੀਟਨਾਸ਼ਕ ਕਲਾਸ-1 ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ, ਆਪਣੇ ਮੁਨਾਫੇ ਵਧਾਉਣ ਲਈ ਇਹ ਕੰਪਨੀਆਂ ਕਿਸ ਹੱਦ ਤੱਕ ਜਾ ਸਕਦੀਆਂ ਹਨ ਇਹ ਸਮਝਣ ਲਈ ਸਿਰਫ ਐਨਾ ਹੀ ਦੇਖਣਾ ਕਾਫੀ ਹੈ ਕਿ ਕੁਝ ਸਾਲ ਪਹਿਲਾਂ ਤੱਕ ਜ਼ਿਆਦਾ ਜਹਿਰੀਲੀਆਂ ਕੀੜੇਮਾਰ ਦਵਾਈਆਂ ਨਾਲ਼ ਕੁਝ ਦਸਤਾਨੇ ਜਾਂ ਹੋਰ ਸੁਰੱਖਿਆ ਕਵਰ ਕੰਪਨੀਆਂ ਵੱਲੋਂ ਦਿੱਤੇ ਜਾਂਦੇ ਸਨ, ਜਿਹੜੇ ਕਿ ਹੁਣ ਕਈ ਸਾਲਾਂ ਤੋਂ ਦੇਖਣ ਨੂੰ ਵੀ ਨਹੀਂ ਮਿਲ਼ਦੇ। ਆਮ ਤੌਰ ਤੇ ਗਰੀਬ ਕਿਸਾਨਾਂ ਜਾਂ ਖੇਤ ਮਜ਼ਦੂਰਾਂ ਕੋਲ ਸਪਰੇਅ ਕਰਨ ਸਮੇਂ ਵਰਤੇ ਜਾਣ ਵਾਲ਼ੇ ਸੁਰੱਖਿਆ ਔਜਾਰ ਖਰੀਦਣ ਦੀ ਤਾਕਤ ਨਹੀਂ ਹੁੰਦੀ, ਅਕਸਰ ਹੀ ਮੂੰਹ ’ਤੇ ਕੋਈ ਕੱਪੜਾ ਬੰਨ੍ਹ ਕੇ ਕੰਮ ਸਾਰ ਲਿਆ ਜਾਂਦਾ ਹੈ। ‘ਮੌਤ ਦੇ ਖੂਹ’ ਵਿੱਚ ਉੱਤਰਨ ਵਾਲ਼ੇ ਮੋਟਰਸਾਈਕਲ ਸਵਾਰਾਂ ਵਾਂਗ ਇਹ ਗਰੀਬ ਕਿਸਾਨ ਜਾਂ ਖੇਤ ਮਜ਼ਦੂਰ ਅਣਗਹਿਲੀ ਦੀ ਨਹੀਂ, ਮਜ਼ਬੂਰੀ ਦੀ ਮੌਤ ਮਰਦੇ ਹਨ।

ਭਾਰਤ ਵਿੱਚ 1 ਹੈਕਟੇਅਰ (2.47 ਏਕੜ) ਤੋਂ ਘੱਟ ਜ਼ਮੀਨ ਤੇ ਖੇਤੀ ਕਰਨ ਵਾਲ਼ੇ ਕਿਸਾਨਾਂ ਦੀ ਗਿਣਤੀ ਕੁੱਲ ਕਿਸਾਨੀ ਦਾ 67% ਬਣਦੀ ਹੈ, ਇਸ ਤੋਂ ਉੱਪਰਲੇ ਲਗਭਗ 18% ਕਿਸਾਨ 1 ਤੋਂ 2 ਹੈਕਟੇਅਰ ਜ਼ਮੀਨ ਤੇ ਖੇਤੀ ਕਰਦੇ ਹਨ। ਕੁੱਲ ਮਿਲਾ ਕੇ ਭਾਰਤ ਦੇ 85% ਕਿਸਾਨ ਛੋਟੇ ਪੱਧਰ ’ਤੇ ਖੇਤੀ ਕਰਦੇ ਹਨ, ਯਾਨੀ 85 ਫੀਸਦ ਕਿਸਾਨ ਛੋਟੇ ਕਿਸਾਨ ਕਹੇ ਜਾ ਸਕਦੇ ਹਨ। ਜਦਕਿ ਉੱਪਰਲੇ 0.7% ਧਨੀ ਕਿਸਾਨ ਭਾਰਤ ਦੀ ਕੁੱਲ ਵਾਹੀਯੋਗ ਜ਼ਮੀਨ ਚੋਂ 10.50% ਜਮੀਨ ਦੇ ਮਾਲਿਕ ਹਨ। ਭਾਰਤ ਦੀ ਕੁੱਲ ਕਿਸਾਨੀ ਦੇ 85 ਫੀਸਦ ਕਿਸਾਨ ਛੋਟੇ ਛੋਟੇ ਜ਼ਮੀਨ ਦੇ ਟੁਕੜਿਆਂ ਤੇ ਖੇਤੀ ਕਰਕੇ ਆਪਣੇ ਪਰਿਵਾਰ ਪਾਲਣ ਲਈ ਮਜ਼ਬੂਰ ਹਨ। ਜ਼ਾਹਿਰ ਹੈ ਕਿ ਇਹਨਾਂ ਗਰੀਬ ਕਿਸਾਨਾਂ ਕੋਲ ਸਿੰਜਾਈ ਦੇ ਵੀ ਪੂਰੇ ਸਾਧਨ ਨਹੀਂ ਹੋਣਗੇ, ਜਿਸ ਕਾਰਨ ਉਹ ਕਣਕ ਜਾਂ ਚੌਲ ਵਰਗੀਆਂ ਫਸਲਾਂ ਉਗਾਉਣ ਤੋਂ ਅਸਮਰੱਥ ਹਨ। ਅਜਿਹੀ ਸਥਿਤੀ ਵਿੱਚ ਉਹਨਾਂ ਕੋਲ ਇੱਕ ਹੀ ਰਾਸਤਾ ਬਚਦਾ ਹੈ ਕਪਾਹ ਦੀ ਖੇਤੀ। ਕਪਾਹ ਦੀ ਖੇਤੀ ਲਈ ਪਾਣੀ ਦੀ ਬਹੁਤ ਘੱਟ ਲੋੜ ਹੁੰਦੀ ਹੈ। ਪਰ ਇਸਦਾ ਦੂਜਾ ਪੱਖ ਇਹ ਵੀ ਹੈ ਕਿ ਕਪਾਹ ਦੀ ਫਸਲ ਤੋਂ ਸਹੀ ਝਾੜ ਲੈਣ ਲਈ ਜਾਂ ਕੀੜਿਆਂ/ਸੁੰਡੀਆਂ ਤੋਂ ਬਚਾਉਣ ਲਈ ਕਾਫੀ ਜ਼ਿਆਦਾ ਮਾਤਰਾ ਵਿੱਚ ਕੈਮੀਕਲਾਂ ਦੀ ਵਰਤੋਂ ਕਰਨੀ ਪੈਂਦੀ ਹੈ। ਹੁਣ ਇਸ ਪੂਰੇ ਵਰਤਾਰੇ ਨੂੰ ਸਮਝਣ ਲਈ ਇੱਕ ਹੋਰ ਅੰਕੜੇ ਤੇ ਨਜ਼ਰ ਮਾਰੀਏ: ‘ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ’ ਦੀ ਇੱਕ ਰਿਪੋਰਟ ਦੱਸਦੀ ਹੈ ਕਿ ਸਹੀ ਸਿੰਜਾਈ ਨਾਲ਼ ਫਸਲ ਦੇ ਝਾੜ ਵਿੱਚ 100 ਤੋਂ 400% ਤੱਕ ਦਾ ਵਾਧਾ ਕੀਤਾ ਜਾ ਸਕਦਾ ਹੈ। ਪਰ ਸਾਡੇ ਦੇਸ਼ ਵਿੱਚ ਕੁੱਲ ਵਾਹੀਯੋਗ ਜ਼ਮੀਨ ਦਾ ਕਰੀਬ 60% ਹਿੱਸਾ ਅਜਿਹਾ ਹੈ ਜਿੱਥੇ ਖੇਤੀ ਕਰਨ ਲਈ ਸਿੰਜਾਈ ਦਾ ਕੋਈ ਵੀ ਸ੍ਰੋਤ ਨਹੀਂ ਹੈ, ਖੇਤੀ ਲਈ ਇਸ ਜ਼ਮੀਨ ਨੂੰ ਕੇਵਲ ਮੀਂਹ ਦੇ ਪਾਣੀ ਦਾ ਹੀ ਆਸਰਾ ਹੈ। ਅਜਿਹੀਆਂ ਹਾਲਤਾਂ ਵਿੱਚ ਇੱਕ ਛੋਟੇ ਕਿਸਾਨ ਸਿਰ ਆਪਣੇ ਪਰਿਵਾਰ ਨੂੰ ਪਾਲਣ ਦਾ ਕਿੰਨਾ ਦਬਾਅ ਰਹਿੰਦਾ ਹੋਵੇਗਾ, ਇਸਦਾ ਮਹਿਜ ਅੰਦਾਜਾ ਹੀ ਲਗਾਇਆ ਜਾ ਸਕਦਾ ਹੈ। ਖੇਤੀਬਾੜੀ ਮਹਿਕਮੇ ਦੀ ਆਪਣੀ ਹੀ ਰਿਪੋਰਟ (ਸਟੇਟ ਆਫ ਇੰਡੀਅਨ ਐਗਰੀਕਲਚਰ) ਅਨੁਸਾਰ 1990 ਤੋਂ ਬਾਅਦ ਸਰਕਾਰਾਂ ਲਗਾਤਾਰ ਸਿੰਜਾਈ ਵਾਲ਼ੇ ਪੱਖ ਦੀ ਅਣਦੇਖੀ ਕਰ ਰਹੀਆਂ ਹਨ ਅਤੇ ਹਰ ਸਾਲ ਹੀ ਸਿੰਜਾਈ ਨਾਲ਼ ਸਬੰਧਿਤ ਫੰਡਾਂ/ਗਰਾਂਟਾਂ ਵਿੱਚ ਕਟੌਤੀ ਕੀਤੀ ਜਾ ਰਹੀ ਹੈ।

ਅਜਿਹੀ ਸਥਿਤੀ ਵਿੱਚ ਛੋਟੇ ਗਰੀਬ ਕਿਸਾਨ ਮਜ਼ਬੂਰੀ ਵੱਸ ਅਜਿਹੀਆਂ ਫਸਲਾਂ ਦੀ ਖੇਤੀ ਕਰਦੇ ਹਨ ਜਿਹਨਾਂ ਲਈ ਪਾਣੀ ਦੀ ਬਹੁਤ ਹੀ ਘੱਟ ਵਰਤੋਂ ਕਰਨੀ ਪਵੇ। ਇਸ ਤੋਂ ਇਲਾਵਾ ਖੇਤੀ ਨਾਲ਼ ਸਬੰਧਿਤ ਹੋਰ ਖਰਚਿਆਂ ਲਈ ਵੀ ਉਹ ਸ਼ਾਹੂਕਾਰਾਂ ’ਤੇ ਹੀ ਨਿਰਭਰ ਹਨ। ਲਗਾਤਾਰ ਕਰਜੇ ਦੇ ਬੋਝ ਹੇਠ ਦੱਬੇ ਇਹ ਲੋਕ ਆਪਣੀ ਫਸਲ ਤੋਂ ਸਹੀ ਝਾੜ ਲੈਣ ਲਈ ਬੇਹੱਦ ਤਣਾਅ ਹੇਠ ਕੰਮ ਕਰਦੇ ਹਨ। ਇਸ ਹਾਲਤ ਵਿੱਚ ਅਕਸਰ ਹੀ ਕੀੜੇਮਾਰ ਦਵਾਈਆਂ ਤੇ ਉਹਨਾਂ ਦੀ ਨਿਰਭਰਤਾ ਹੋਰ ਵੀ ਵਧ ਜਾਂਦੀ ਹੈ, ਜਿਸਨੂੰ ਕਈ ਵਾਰ ਗਲ਼ਤ ਢੰਗ ਨਾਲ਼ ਵੀ ਵਰਤ ਬੈਠਦੇ ਹਨ। ਜਾਂ ਖੇਤ ਮਜ਼ਦੂਰਾਂ ਤੋਂ ਜ਼ਿਆਦਾ ਕੰਮ ਲੈਣ ਦੇ ਲਾਲਚ ਵਿੱਚ ਧਨੀ ਕਿਸਾਨਾਂ ਵੱਲੋਂ ਉਹਨਾਂ ਨੂੰ ਕਈ-ਕਈ ਘੰਟੇ ਲਗਾਤਾਰ ਕੀੜੇਮਾਰ ਦਵਾਈਆਂ ਦੇ ਛਿੜਕਾਅ ਲਈ ਮਜ਼ਬੂਰ ਕੀਤਾ ਜਾਂਦਾ ਹੈ, ਜਿਸਦਾ ਖਾਮਿਆਜਾ ਉਹ ਆਪਣੀ ਜਾਨ ਦੇ ਕੇ ਚੁਕਾਉਂਦੇ ਹਨ ਜਾਂ ਅਪਾਹਜ ਹੋ ਕੇ।

ਕਿਸੇ ਵੀ ਹਾਲ ਵਿੱਚ ਇਹਨਾਂ ਮੌਤਾਂ ਦਾ ਕਾਰਨ ਅਣਗਹਿਲੀ ਜਾਂ ਅਗਿਆਨਤਾ ਨਹੀਂ ਮੰਨਿਆ ਜਾ ਸਕਦਾ। ਇਹ ਇਸ ਪ੍ਰਬੰਧ ਦੁਆਰਾ ਕੀਤੀਆਂ ਗਈਆਂ ਬਰਬਰ ਹੱਤਿਆਵਾਂ ਹਨ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 7, ਅੰਕ 2, 1 ਮਾਰਚ 2018 ਵਿੱਚ ਪ੍ਰਕਾਸ਼ਿਤ