ਕਸ਼ਮੀਰੀ ਲੋਕਾਂ ‘ਤੇ ਹਕੂਮਤੀ ਜ਼ਬਰ ਦਾ ਵਿਰੋਧ ਕਰੋ : ਉਹਨਾਂ ਦੇ ਹੱਕੀ ਸੰਘਰਸ਼ਾਂ ਦੀ ਡਟਵੀਂ ਹਮਾਇਤ ਕਰੋ •ਸੰਪਾਦਕੀ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

12 ਅਪ੍ਰੈਲ ਨੂੰ ਉੱਤਰੀ ਕਸ਼ਮੀਰ ਦੇ ਹੰਦਵਾੜਾ ਕਸਬੇ ਵਿੱਚ ਇੱਕ ਫੌਜੀ ਵੱਲੋਂ ਇੱਕ ਵਿਦਿਆਰਥਣ ਨਾਲ਼ ਛੇੜਛਾੜ ਮਗਰੋਂ ਸਥਾਨਕ ਲੋਕਾਂ ਨੇ ਇਸ ਖਿਲਾਫ ਮੁਜ਼ਾਹਰਾ ਕਰ ਦਿੱਤਾ ਜਿਸਨੂੰ ਖਿੰਡਾਉਣ ਲਈ ਗੋਲ਼ੀਬਾਰੀ ਕੀਤੀ ਗਈ ਜਿਸ ਵਿੱਚ 2 ਨੌਜਵਾਨ ਅਤੇ ਇੱਕ ਬਜੁਰਗ ਔਰਤ ਮਾਰੀ ਗਈ ਤੇ ਕਈ ਜਖਮੀ ਹੋ ਗਏ। ਇਸ ਮਗਰੋਂ ਇਲਾਕੇ ਵਿੱਚ ਕਰਫਿਊ ਲਾ ਦਿੱਤਾ ਗਿਆ ਜਦਿਕ ਇਸ ਘਟਨਾ ਨੇ ਲੋਕਾਂ ਦਾ ਗੁੱਸਾ ਹੋਰ ਭੜਕਾ ਦਿੱਤਾ। ਇਸ ਮਗਰੋਂ 14 ਅਪ੍ਰੈਲ ਨੂੰ ਫੇਰ ਗੋਲ਼ੀਬਾਰੀ ਵਿੱਚ ਦੋ ਹੋਰ ਨੌਜਵਾਨਾਂ ਦੀ ਮੌਤ ਹੋ ਗਈ। ਇਸ ਮਗਰੋਂ ਪਬੰਦੀਆਂ, ਕਰਫਿਊ, ਹੋਰ ਫੌਜ ਲਾਉਣ ਦਾ ਸਿਲਸਿਲਾ ਫੇਰ ਸ਼ੁਰੂ ਹੋ ਗਿਆ। ਇਸ ਘਟਨਾ ਵਿੱਚ ਪੂਰੇ ਮਾਮਲੇ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੀੜਤ ਕੁੜੀ ਨੂੰ ਜਬਰੀ ਥਾਣੇ ਲਿਜਾਇਆ ਗਿਆ ਅਤੇ ਉਸਦੇ ਪਿਤਾ ਨੂੰ ਵੀ ਹਿਰਾਸਤ ਵਿੱਚ ਰੱਖਿਆ ਗਿਆ। ਉਹਨਾਂ ਉੱਪਰ ਦਬਾਅ ਪਾ ਕੇ ਕੁੜੀ ਦੀ ਇੱਕ ਵੀਡੀਓ ਰਿਕਾਰਡ ਕਰਕੇ ਜਾਰੀ ਕੀਤੀ ਗਈ ਜਿਸ ਵਿੱਚ ਉਸਨੇ ਫੌਜ ਦੇ ਸਿਪਾਹੀ ਨੂੰ ਬੇਕਸੂਰ ਦੱਸਦਿਆਂ ਪੂਰਾ ਦੋਸ਼ ਸਥਾਨਕ ਕਸ਼ਮੀਰੀ ਨੌਜਵਾਨਾਂ ਉੱਪਰ ਮੜ੍ਹ ਦਿੱਤਾ। ਕੁੜੀ ਨੂੰ ਪੰਜ ਦਿਨ ਗੈਰ-ਕਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ। ਇਸ ਦੌਰਾਨ ਮੀਡੀਆ ਉੱਪਰ ਵੀ ਸਖਤਾਈ ਕੀਤੀ ਗਈ, ਉਹਨਾਂ ਨੂੰ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਅਤੇ ਪੀੜਤ ਕੁੜੀ ਤੇ ਉਸਦੇ ਪਰਿਵਾਰ ਨੂੰ ਮਿਲਣੋ ਰੋਕਿਆ ਗਿਆ। ਇਹ ਗੱਲ ਬੜੀ ਸ਼ਰਮਨਾਕ ਹੈ ਕਿ ਇਹਨਾਂ ਕਤਲੇਆਮਾਂ ਉੱਪਰ ਕੋਈ ਸਫਾਈ ਦੇਣ ਜਾਂ ਕੋਈ ਕਾਰਵਾਈ ਕਰਨ ਦੀ ਥਾਂ “ਅਫਸੋਸਨਾਕ ਘਟਨਾ” ਆਖ ਕੇ ਸਾਰ ਲਿਆ ਗਿਆ, ਸਗੋਂ ਉੱਤੋਂ ਪੂਰੇ ਮਾਮਲੇ ਨੂੰ ਪੁੱਠੀ ਰੰਗਤ ਦੇ ਕੇ ਆਪਣੇ ਆਪ ਨੂੰ ਨਿਰਦੋਸ਼ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਜੇ ਅੱਗ ਲੱਗੀ ਹੋਵੇ ਤਾਂ ਧੂੰਆਂ ਆਖਰ ਕਿੰਨਾ ਚਿਰ ਲੁਕਾਇਆ ਜਾ ਸਕਦਾ ਹੈ। ਮਗਰੋਂ ਪੀੜਤ ਕੁੜੀ ਦੀ ਮਾਂ ਦੇ ਬਿਆਨਾਂ, ਕੁੱਝ ਮਨੁੱਖੀ ਅਧਿਕਾਰ ਜਥੇਬੰਦੀਆਂ ਯਤਨਾਂ ਸਦਕਾ ਅਤੇ ਕੁੜੀ ਦੀ ਰਿਹਾਈ ਨਾਲ਼ ਇਹ ਪੂਰਾ ਮਾਮਲਾ ਸਾਫ ਹੋ ਗਿਆ।

ਕਸ਼ਮੀਰ ਵਾਦੀ ‘ਚ ਪਿਛਲੇ ਕਈ ਦਹਾਕਿਆਂ ਤੋਂ ਇਹੋ ਜਿਹੀਆਂ ਘਟਨਾਵਾਂ ਥੋੜੇ-ਥੋੜੇ ਚਿਰ ਮਗਰੋਂ ਵਾਪਰੀਆਂ ਰਹਿੰਦੀਆਂ ਹਨ। 2010 ਵਿੱਚ ਵੀ ਇੱਕ ਨੌਜਵਾਨ ਨੂੰ ਕਤਲ ਕੀਤੇ ਜਾਣ ਮਗਰੋਂ ਕਰੀਬ 3 ਮਹੀਨੇ ਤੱਕ ਕਸ਼ਮੀਰ ਦੀਆਂ ਸੜਕਾਂ ‘ਤੇ ਹਜ਼ਾਰਾਂ ਬੱਚੇ, ਨੌਜਵਾਨਾਂ, ਔਰਤਾਂ ਤੇ ਬਜੁਰਗ ਹੱਥਾਂ ਵਿੱਚ ਪੱਥਰ ਲੈ ਕੇ ਭਾਰਤੀ ਫੌਜ ਦੀਆਂ ਬੰਦੂਕਾਂ ਦਾ ਟਾਕਰਾ ਕਰਦੇ ਰਹੇ ਤੇ ਇਸ ਵਿਰੋਧ ਨੂੰ ਵੀ 100 ਤੋਂ ਉੱਪਰ ਲੋਕਾਂ ਦੀਆਂ ਲਾਸ਼ਾਂ ਨਾਲ਼ ਦਬਾਇਆ ਗਿਆ। ਇਸ ਘਟਨਾ ਮਗਰੋਂ ਕਸ਼ਮੀਰ ਵਿੱਚ ਵਰ੍ਹਿਆਂ ਤੋਂ ਜਾਰੀ ਹਕੂਮਤੀ ਜਬਰ, ਲੋਕਾਂ ਦੀ ਨਫਰਤ ਤੇ ਕਸ਼ਮੀਰ ਦੀ ਹੋਣੀ ਦੇ ਸਵਾਲ ਮੁੜ ਚਰਚਾ ਦਾ ਵਿਸ਼ਾ ਬਣ ਗਏ ਹਨ। ਇਹ ਇੱਕ ਘਟਨਾ ਤੋਂ ਹੋਇਆ ਹਾਦਸਾ ਨਹੀਂ ਹੈ ਸਗੋਂ ਦਹਾਕਿਆਂ ਤੋਂ ਭਾਰਤੀ ਹਕੂਮਤ ਦੀਆਂ ਬੰਦੂਕਾਂ ਦੀ ਛਾਂ ਹੇਠ ਜਿੱਲਤ, ਅਪਮਾਨ ਤੇ ਗੁਲਾਮੀ ਦੀ ਜ਼ਿੰਦਗੀ ਜਿਉਂ ਰਹੇ ਲੋਕਾਂ ਅੰਦਰ ਪਲ਼ ਰਿਹਾ ਲਾਵਾ ਹੈ ਜੋ ਇਹੋ ਜਿਹੀਆਂ ਘਟਨਾਵਾਂ ਵਿੱਚ ਵਾਰ-ਵਾਰ ਫੁੱਟਦਾ ਰਹਿਦਾ ਹੈ।

ਪਰ ਸਮੁੱਚੇ ਭਾਰਤ ਵਿੱਚ ਜਿਸ ਤਰ੍ਹਾਂ ਦੀ ਸਿਆਸੀ ਅਨਪੜ੍ਹਤਾ ਅਤੇ ਗੈਰ-ਤਰਕਸ਼ੀਲਤਾ ਦਾ ਮਹੌਲ ਹੈ ਉਸ ਵਿੱਚ ਭਾਰਤ ਦੀ ਮੱਧਵਰਗੀ ਅਬਾਦੀ ਦਾ ਵੱਡਾ ਹਿੱਸਾ ਬਿਨਾਂ ਕਸ਼ਮੀਰ ਮਸਲੇ ਦਾ ਇਤਿਹਾਸ, ਵਰਤਮਾਨ ਜਾਣੇ ਅਤੇ ਬਿਨਾਂ ਦੇਸ਼ਭਗਤੀ ਦੇ ਅਰਥ ਸਮਝੇ “ਦੇਸ਼ਭਗਤੀ” ਦੇ ਕਸੀਦੇ ਪੜ੍ਹਦਾ ਹੋਇਆ ਭਾਰਤੀ ਹਕੂਮਤ ਦੀ ਸੁਰ ਵਿੱਚ ਬੋਲਦਾ ਰਹਿੰਦਾ ਹੈ। ‘ਕਸ਼ਮੀਰ ਭਾਰਤ ਦਾ ਟੁੱਟੇ ਅੰਗ ਹੈ’, ‘ਕਸ਼ਮੀਰੀ ਲੋਕ ਨਾਸ਼ੁਕਰੇ ਹਨ’, ‘ਕਸ਼ਮੀਰੀ ਦਹਿਸ਼ਗਤਗਰਦਾਂ ਨਾਲ਼ ਇਸ ਤਰ੍ਹਾਂ ਹੀ ਸਿੱਝਿਆ ਜਾਣਾ ਚਾਹੀਦਾ ਹੈ’ ਆਦਿ ਜਿਹੇ ਵਿਚਾਰ ਅੱਜ ਇੱਕ ਵੱਡੀ ਅਬਾਦੀ ਉੱਪਰ ਹਾਵੀ ਹਨ। ਇੱਥੋਂ ਤੱਕ ਕਿ ਜੋ ਕਸ਼ਮੀਰ ਦੀ ਸਮੱਸਿਆ ਦਾ ਥੋੜਾ-ਬਹੁਤਾ ਇਤਿਹਾਸ ਵੀ ਜਾਣਦੇ ਹਨ ਉਹ ਇਹ “ਤਰਕ” ਦੇ ਕੇ ਕਸ਼ਮੀਰ ਵਿੱਚ ਹੁੰਦੇ ਜਬਰ ਨੂੰ ਜਾਇਜ ਠਹਿਰਾਉਣ ਲੱਗ ਜਾਂਦੇ ਹਨ ਕਿ ‘ਜੇ ਭਾਰਤ ਕਸ਼ਮੀਰ ਵਿੱਚੋਂ ਆਪਣੀ ਫੌਜ ਹਟਾ ਲਵੇ ਤਾਂ ਉਹਨਾਂ ਲੋਕਾਂ ਕੋਲ਼ੋਂ ਕਸ਼ਮੀਰ ਸੰਭਾਲ਼ਿਆ ਨਹੀਂ ਜਾਣਾ ਤੇ ਕਸ਼ਮੀਰ ਬਰਬਾਦ ਹੋ ਜਾਵੇਗਾ।’ ਇਹ ਬਿਲਕੁਲ ਉਹੋ ਤਰਕ ਹੈ ਜੋ ਬਰਤਾਨਵੀ ਹੁਕਮਰਾਨ ਵੀ ਭਾਰਤ ਦੀ ਬਸਤੀਵਾਦੀ ਗੁਲਾਮੀ ਦੌਰਾਨ ਅਕਸਰ ਦਿੰਦੇ ਸਨ ਅਤੇ ਇਸੇ ਤਰਕ ਦੀ ਉਪਜ ਵਿੱਚੋਂ ਕਈ ਵਿਦਵਾਨ ਅੱਜ ਵੀ ਇਹ ਆਖਦੇ ਹਨ ਕਿ ‘ਅੰਗਰੇਜਾਂ ਨੇ ਭਾਰਤ ਨੂੰ ਗੁਲਾਮ ਬਣਾ ਕੇ ਭਾਰਤ ਦਾ ਵਿਕਾਸ ਵੀ ਕੀਤਾ ਹੈ, ਨਹੀਂ ਤਾਂ ਭਾਰਤ ਨੇ ਹੋਰ ਵੀ ਜਿਆਦਾ ਪੱਛੜਿਆ ਹੋਣਾ ਸੀ।’ ਇਸ ਤਰ੍ਹਾਂ ਕਸ਼ਮੀਰ ਨੂੰ ਬਰਬਾਦ ਹੋ ਜਾਣ ਦੇ “ਡਰੋਂ” ਅਜ਼ਾਦੀ ਨਾ ਦੇਣ ਦੀ ਮਾਨਸਿਕਤਾ ਇਸੇ ਬਸਤੀਵਾਦੀ ਗੁਲਾਮੀ ਦੀ ਹੀ ਰਹਿੰਦ-ਖੂੰਹਦ ਹੈ। ਇਸ ਲਈ ਅੱਜ  ਭਾਰਤ ਦੀ ਇਸ ਅਬਾਦੀ ਨੂੰ ਇਹ ਦੱਸਣ ਦੀ ਲੋੜ ਹੈ ਕਿ ਕਸ਼ਮੀਰ ਸਮੱਸਿਆ ਦਾ ਇਤਿਹਾਸ ਕੀ ਹੈ। ਉਹਨਾਂ ਨੂੰ ਦੱਸਿਆ ਜਾਣਾ ਚਾਹੀਦਾ ਹੈ ਕਿ 6 ਲੱਖ ਫੌਜੀ ਸੰਗੀਨਾਂ ਦੀ ਛਾਂ ਹੇਠ ਜਿਉਣ ਦਾ ਕੀ ਮਤਲਬ ਹੁੰਦਾ ਹੈ, ਸ਼ੱਕ ਅਧਾਰਤ ਗੋਲ਼ੀ ਮਾਰ ਦਿੱਤੇ ਜਾਣ ਵਾਲ਼ੇ ਕਨੂੰਨਾਂ ਦੇ ਖੌਫ ਹੇਠ ਜਿਉਣ ਦਾ ਕੀ ਮਤਲਬ ਹੁੰਦਾ ਹੈ। ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਲੱਖਾਂ ਲੋਕਾਂ ਦੇ ਕਤਲ ਅਤੇ ਹਜ਼ਾਰਾਂ ਔਰਤਾਂ ਦੇ ਬਲਤਾਕਾਰ ਨਾਲ਼ ਕਾਇਮ ਕੀਤੇ ਅਮਨ ਵਿੱਚ ਸਿਰਫ ਅਸੀਂ ਕੰਨ ਹੀ ਬੰਦ ਕੀਤੇ ਹੁੰਦੇ ਹਨ ਜਦਕਿ ਪੀੜਤਾਂ ਦੀਆਂ ਦਿਲ-ਹੂਲਵੀਆਂ ਚੀਕਾਂ ਉਸੇ ਤਰ੍ਹਾਂ ਜਾਰੀ ਰਹਿੰਦੀਆਂ ਹਨ। ਉਹਨਾਂ ਨੂੰ ਅਹਿਸਾਸ ਕਰਵਾਉਣ ਚਾਹੀਦਾ ਹੈ ਕਿ 8-10 ਸਾਲ ਦੇ ਬੱਚੇ ਨੂੰ ਕਿਹੜੀ ਚੀਜ਼ ਮਜਬੂਰ ਕਰਦੀ ਹੈ ਕਿ ਉਹ ਵਰਦੀਧਾਰੀਆਂ ਦੀਆਂ ਬੰਦੂਕਾਂ ਸਾਮਹਣੇ ਹੱਥ ਵਿੱਚ ਪੱਥਰ ਲੈ ਕੇ ਸੜਕਾਂ ‘ਤੇ ਉਹਨਾਂ ਨੂੰ ਲਲਕਾਰਦਾ ਫਿਰੇ। ਉਹਨਾਂ ਨੂੰ ਦੇਸ਼ ਅਤੇ ਦੇਸ਼ਭਗਤੀ ਦੇ ਅਸਲ ਅਰਥਾਂ ਤੋਂ ਵੀ ਜਾਣੂ ਕਰਵਾਉਣ ਦੀ ਲੋੜ ਹੈ।

ਕਸ਼ਮੀਰ ਦੇ ਇਤਹਾਸ ‘ਤੇ ਸੰਖੇਪ ਗੱਲ ਕਰੀਏ ਤਾਂ 1947 ਵੇਲ਼ੇ ਕਸ਼ੀਮਰ ਇੱਕ ਅਜ਼ਾਦ ਹਿੱਸਾ ਸੀ ਜੋ ਭਾਰਤ ਜਾਂ ਪਾਕਿਸਤਾਨ ਵਿੱਚੋਂ ਕਿਸੇ ਵਿੱਚ ਵੀ ਸ਼ਾਮਲ ਨਹੀਂ ਸੀ। ਪਾਕਿਸਤਾਨ ਵੱਲੋਂ ਕਸ਼ਮੀਰ ਉੱਪਰ ਕਬਜੇ ਲਈ ਕੀਤੇ ਹਮਲੇ ਵਿੱਚ ਭਾਰਤੀ ਫੌਜ ਨੇ ਕਸ਼ਮੀਰੀ ਦੀ ਮਦਦ ਕੀਤੀ ਤੇ ਮੁੜ ਇਸ “ਮਦਦ” ਦੇ ਨਾਂ ‘ਤੇ ਆਪਣਾ ਹੀ ਕਬਜਾ ਜਮਾ ਲਿਆ। ਕਸ਼ਮੀਰੀ ਲੋਕ ਭਾਰਤ ਜਾਂ ਪਾਕਿਸਤਾਨ ਵਿੱਚੋਂ ਕਿਸੇ ਦਾ ਵੀ ਹਿੱਸਾ ਬਣਨ ਨੂੰ ਤਿਆਰ ਨਹੀਂ ਸਨ, ਇਸ ਹਮਲੇ ਮਗਰੋਂ ਪਾਕਿਸਤਾਨ ਵੱਲੋਂ ਆਪਣੀਆਂ ਫੌਜਾਂ ਹਟਾਉਣ ਅਤੇ ਭਾਰਤ ਵੱਲੋਂ ਕਸ਼ਮੀਰ ਵਿੱਚ ਜਨਮਤ ਸੰਗ੍ਰਿਹ ਕਰਵਾਉਣ ਦਾ ਸਮਝੌਤਾ ਹੋਇਆ ਸੀ ਜਿਸ ਮੁਤਾਬਕ ਕਸ਼ਮੀਰ ਦੇ ਲੋਕਾਂ ਚੋਣਾਂ ਰਾਹੀਂ ਇਹ ਫੈਸਲਾ ਲੈਣਗੇ ਕਿ ਉਹਨਾਂ ਨੇ ਭਾਰਤ ਦਾ ਹਿੱਸਾ ਬਣਨਾ ਹੈ, ਪਾਕਿਸਤਾਨ ਦਾ ਹਿੱਸਾ ਬਣਨਾ ਹੈ ਜਾਂ ਫਿਰ ਵੱਖਰੇ ਰਹਿਣਾ ਹੈ। ਪਰ ਭਾਰਤ ਤੇ ਪਾਕਿਸਤਾਨ ਦੇ ਹਾਕਮ ਆਪਣੀਆਂ ਵਿਸਥਾਰਵਾਦੀ ਨੀਤੀਆਂ ਕਾਰਨ ਆਪਣੇ ਵਾਅਦਿਆਂ ਤੋਂ ਮੁੱਕਰ ਗਏ ਤੇ ਕਸ਼ਮੀਰ ਉੱਪਰ ਸਵਾਰ ਹੋ ਗਏ। 1949 ਵਿੱਚ ਅੰਦਰੂਨੀ ਖੁਦਮੁਖਤਿਆਰੀ ਦੀਆਂ ਸ਼ਰਤਾਂ ਵਾਲੀ ਧਾਰਾ 370 ਤਹਿਤ ਕਸ਼ਮੀਰ ਭਾਰਤੀ ਸੰਘ ਦਾ ਹਿੱਸਾ ਬਣ ਗਿਆ। ਪਰ 1953 ਵਿੱਚ ਨਹਿਰੂ ਨੇ ਸ਼ੇਖ ਅਬਦੁੱਲਾ ਦੀ ਸਰਕਾਰ ਭੰਗ ਕਰ ਦਿੱਤੀ, ਸ਼ੇਖ ਅਬਦੁੱਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕਸ਼ਮੀਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ। ਇਸ ਤਰ੍ਹਾਂ ਧਾਰਾ 370 ਦੀਆਂ ਸ਼ਰਤਾਂ ਦੀ ਉਲੰਘਣਾ ਦੀ ਸ਼ੁਰੂਆਤ ਹੋਈ ਤੇ 1970 ਦੇ ਆਉਣ ਤੱਕ ਇਸਦਾ ਕੋਈ ਮਤਲਬ ਹੀ ਨਹੀਂ ਸੀ ਰਹਿ ਗਿਆ। ਡੰਡੇ ਦੇ ਜੋਰ ‘ਤੇ ਕਸ਼ਮੀਰ ਨੂੰ ਪੂਰੀ ਤਰ੍ਹਾਂ ਅਧੀਨ ਕਰ ਲਿਆ ਗਿਆ। ਨਹਿਰੂ ਦੁਆਰਾ ਕੀਤਾ ਜਨਮਤ ਸੰਗ੍ਰਿਹ ਕਰਵਾਉਣ ਦਾ ਵਾਅਦਾ ਨਾ ਅਜੇ ਤੱਕ ਪੂਰਾ ਹੋਇਆ ਤੇ ਨਾ ਹੀ ਹੁਣ ਇਸਦੀ ਕੋਈ ਸੰਭਾਵਨਾ ਨਜ਼ਰ ਆਉਂਦੀ ਹੈ।

ਭਾਰਤੀ ਹਕੂਮਤ ਵੱਲੋਂ ਕਸ਼ਮੀਰੀ ਲੋਕਾਂ ਨਾਲ਼ ਕੀਤੇ ਇਸ ਵਿਸਾਹਘਾਤ ਨੇ ਉੱਥੋਂ ਦੇ ਲੋਕਾਂ ਵਿੱਚ ਭਾਰਤੀ ਹਕੂਮਤ ਖਿਲਾਫ ਨਫਰਤ ਤੇ ਬੇਗਾਨਗੀ ਦੀ ਭਾਵਨਾ ਨੂੰ ਬਲ ਦਿੱਤਾ। ਜਿਵੇਂ-ਜਿਵੇਂ ਕਸ਼ਮੀਰ ਵਿੱਚ ਜਨਮਤ ਸੰਗ੍ਰਿਹ ਅਤੇ ਖੁਦਮੁਖਤਿਆਰੀ ਦੀ ਮੰਗ ਨੂੰ ਲੈ ਕੇ ਕਸ਼ਮੀਰ ਦੇ ਲੋਕ ਵੱਖੋ-ਵੱਖਰੀਆਂ ਜਥੇਬੰਦੀਆਂ ਅਧੀਨ ਜਥੇਬੰਦ ਹੁੰਦੇ ਗਏ ਉਸਦੇ ਨਾਲ਼ ਭਾਰਤੀ ਹਕੂਮਤ ਦਾ ਕਸ਼ਮੀਰੀ ਲੋਕਾਂ ਉੱਪਰ ਜਬਰ ਵੀ ਵਧਦਾ ਗਿਆ। ਇਸ ਜਬਰ ਨੇ ਉੱਥੇ ਇੱਕ ਹਥਿਆਰਬੰਦ ਵਿਰੋਧ ਨੂੰ ਜਨਮ ਦਿੱਤਾ ਜਿਸਨੂੰ ਪਾਕਿਸਤਾਨ ਨੇ ਵੀ ਅੱਤਵਾਦ ਤੇ ਧਾਰਮਿਕ ਕੱਟੜਪੰਥੀ ਅੱਤਵਾਦ ਦਾ ਰੂਪ ਦੇਣ ਵਿੱਚ ਕੋਈ ਕਸਰ ਨਾ ਛੱਡੀ। 1980 ਦਾ ਦਹਾਕਾ ਕਸ਼ਮੀਰ ਵਿੱਚ ਦਹਿਸ਼ਤਗਰਦੀ ਦੇ ਦੌਰ ਵਜੋਂ ਉੱਭਰਿਆ। 1989 ਤੋਂ 1991 ਦੌਰਾਨ ਕਸ਼ਮੀਰੀ ਲੋਕਾਂ ਨੇ ਅੱਤਵਾਦ ਅਤੇ ਭਾਰਤੀ ਹਕੂਮਤ ਦੇ ਟਕਰਾਅ ਵਿੱਚ ਹਜਾਰਾਂ ਬੇਦੋਸ਼ੇ ਮਾਸੂਮਾਂ ਦੀ ਜਾਨ ਗੁਆਈ ਜਿਸ ਨਾਲ਼ ਧਾਰਮਿਕ ਕੱਟੜਪੰਥੀ ਅੱਤਵਾਦ ਨੂੰ ਵੀ ਮਜਬੂਤੀ ਮਿਲ਼ਦੀ ਗਈ।

1993 ਤੱਕ ਭਾਰਤੀ ਹਕੂਮਤ ਨੇ ਦਾਅਵਾ ਕੀਤਾ ਕਿ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਨੂੰ ਕੁਚਲ ਦਿੱਤਾ ਗਿਆ ਹੈ ਤੇ ਵਾਦੀ ਵਿੱਚ ਸਿਰਫ 600 ਤੋਂ 1000 ਹਥਿਆਰਬੰਦ ਦਹਿਸ਼ਗਰਦ ਹੀ ਮੌਜੂਦ ਹਨ। ਪਰ ਖਤਮ ਹੋ ਚੁੱਕੀ ਇਸ ਦਹਿਸ਼ਤਰਦੀ ਨਾਲ਼ ਸਿੱਝਣ ਦੇ ਨਾਂ ‘ਤੇ ਪਹਿਲਾਂ ਵਰਗੀ ਫੌਜੀ ਤਾਨਸ਼ਾਹੀ ਅੱਜ ਤੱਕ ਜਾਰੀ ਹੈ। 6 ਲੱਖ ਫੌਜ, ‘ਹਥਿਆਰਬੰਦ ਤਾਕਤਾਂ ਵਿਸ਼ੇਸ਼ ਅਧਿਕਾਰ ਕਨੂੰਨੀ’ (ਅਫਸਪਾ) ਅਤੇ ‘ਡਿਸਟਰਬਡ ਏਰੀਆਜ ਐਕਟ’ਵਰਗੇ ਜਾਬਰ ਕਨੂੰਨਾਂ ਦੇ ਸਿਰ ‘ਤੇ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਬਣਾ ਕੇ ਰੱਖਿਆ ਗਿਆ ਹੈ।

ਆਪਣੇ ਸਿਆਸੀ ਹਿੱਤਾਂ ਲਈ ਭਾਰਤ ਤੇ ਪਾਕਿਸਤਾਨ ਦੀਆਂ ਹਕੂਮਤਾਂ ਦੇ ਜਬਰ ਤੇ ਇਸ ਜਬਰ ਦੇ ਪ੍ਰਤੀਕਰਮ ਵਿੱਚੋਂ ਪੈਦਾ ਹੋਈ ਕੱਟੜ ਦਹਿਸ਼ਤਗਰਦੀ ਨੇ ਕਸ਼ਮੀਰ ਦੇ ਆਮ ਲੋਕਾਂ ਦੀ ਅਜ਼ਾਦੀ, ਜ਼ਿੰਦਗੀ ਨੂੰ ਬੁਰੀ ਤਰਾਂ ਮਧੋਲ ਕੇ ਰੱਖ ਦਿੱਤਾ ਹੈ। ਕਸ਼ਮੀਰ ਉੱਪਰ ਚਾੜ੍ਹੀ 6 ਲੱਖ ਫੌਜ ਦੀਆਂ ਸੰਗੀਨਾਂ ਦੇ ਜੋਰ ‘ਤੇ ਕਾਇਮ ਕੀਤੀ ਏਕਤਾ ਤੇ ਅਖੰਡਤਾ ਦੀ “ਰਾਖੀ“ ਲਈ ਭਾਰਤੀ ਹਕੂਮਤ ਵੱਲੋਂ ਕਸ਼ਮੀਰ ‘ਚ 1989 ਤੋਂ ਲੈ ਮਾਰਚ 2016 ਤੱਕ 94,332 ਕਤਲ ਕੀਤੇ ਜਾ ਚੁੱਕੇ ਹਨ ਅਤੇ 8000 ਤੋਂ ਵੱਧ ਵਿਅਕਤੀ ਲਾਪਤਾ ਹਨ। ਇਹ ਅੰਕੜੇ ਕਸ਼ਮੀਰ ਮੀਡੀਆ ਸਰਵਿਸ ਵੱਲੋਂ ਸੰਸਾਰ ਮਨੁੱਖੀ ਅਧਿਕਾਰ ਦਿਵਸ ਮੌਕੇ ਜਾਰੀ ਕੀਤੀ ਰਿਪੋਰਟ ਵਿੱਚ ਦਿੱਤੇ ਗਏ ਹਨ ਜੋ ਇੱਥੇ ਸਾਰਣੀ ਦੇ ਰੂਪ ਵਿੱਚ ਦਿੱਤੇ ਜਾ ਰਹੇ ਹਨ। ਕਸ਼ਮੀਰ ਵਿੱਚ ਅਮਨ ਕਾਇਮ ਕਰਨ ਦੇ ਨਾਂ ‘ਤੇ ਕੁਨਾਨ-ਪੋਸ਼ਪੋਰਾ ਜਿਹੀਆਂ ਸਮੂਹਿਕ ਬਲਾਤਕਾਰਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ। ਹਜ਼ਾਰਾਂ ਦੀ ਗਿਣਤੀ ‘ਚ ਲੋਕਾਂ ਨੂੰ ਗੁੰਮਨਾਮ ਢੰਗ ਨਾਲ਼ ਕਬਰਾਂ ‘ਚ ਦਫਨਾਇਆ ਗਿਆ ਹੈ। ਘਰ ਤੋਂ ਲੈ ਕੇ ਸਕੂਲਾਂ, ਕਾਲਜਾਂ ਤੇ ਕੰਮ ਕਰਨ ਦੀਆਂ ਥਾਵਾਂ ਆਦਿ ਤੱਕ ਕਿਤੇ ਵੀ ਲੋਕਾਂ ਦੀ ਜ਼ਿੰਦਗੀ ਪੁਲਿਸ/ਫੌਜ ਦੇ ਦਖਲ ਤੋਂ ਮੁਕਤ ਨਹੀਂ ਹੈ। ਇੱਥੇ ਸਭ ਮਨੁੱਖੀ ਅਧਿਕਾਰ ਹਫੇ ਹੋਏ ਦਿਸਦੇ ਹਨ।

ਇੱਥੇ ਇਹ ਗੱਲ ਵੀ ਸਾਫ ਹੋਣੀ ਚਾਹੀਦੀ ਹੈ ਕਿ ਕਸ਼ਮੀਰ ਵਿੱਚ ਸਭ ਵੱਖਵਾਦੀ ਹੀ ਧਾਰਮਿਕ ਕੱਟੜਪੰਥੀ ਦਹਿਸ਼ਤਗਰਦ ਨਹੀਂ ਹਨ। ਕਸ਼ਮੀਰ ਵਿੱਚ ਪਹਿਲਾਂ ਚੱਲੀਆਂ ਕਈ ਲਹਿਰਾਂ ਬਿਨਾਂ ਹਥਿਆਰਾਂ ਤੋਂ ਅਤੇ ਧਰਮ-ਨਿਰਪੱਖ ਸਨ ਜਿਨ੍ਹਾਂ ਨੂੰ ਵਿਆਪਕ ਲੋਕ ਹਮਾਇਤ ਪ੍ਰਾਪਤ ਹੁੰਦੀ ਸੀ। ਜੰਮੂ ਐਂਡ ਕਸ਼ਮੀਰ ਲਿਬਰੇਸ਼ਨ ਫੋਰਸ (ਜੇਕੇਐੱਲਐੱਫ) ਵੀ ਬਹੁਤ ਸਮੇਂ ਤੱਕ ਧਰਮ ਨਿਰਪੱਖ ਲਹਿਰ ਸੀ ਜੋ ਹਥਿਆਰਾਂ ਦੀ ਥਾਂ ਲੋਕਾਂ ਦੀ ਜਥੇਬੰਦ ਤਾਕਤ ਦੇ ਦਮ ‘ਤੇ ਚਲਦੀ ਸੀ ਪਰ ਹੌਲ਼ੀ-ਹੌਲ਼ੀ ਭਾਰਤੀ ਹਕੂਮਤ ਦੇ ਜਬਰ ਦੇ ਪ੍ਰਤੀਕਰਮ ਵਜੋਂ ਇਹ ਵਿਰੋਧ ਹਥਿਆਰਬੰਦ ਰੂਪ ਧਾਰਨ ਕਰ ਗਏ। ਅੱਜ ਵੀ ਕਸ਼ਮੀਰ ਦੀ ਬਹੁਗਿਣਤੀ ਅਬਾਦੀ ਵਿੱਚ ਭਾਰਤੀ ਹੁਕਮਰਾਨਾਂ ਪ੍ਰਤੀ ਨਫਰਤ ਹੈ। 1993 ਵਿੱਚ ਹਥਿਆਰਬੰਦ ਦਹਿਸ਼ਤਗਰਦਾਂ ਦੇ ਖਾਤਮੇ ਤੋਂ ਬਾਅਦ ਮੁੱਖ ਤੌਰ ‘ਤੇ ਆਮ ਅਬਾਦੀ ਹੀ ਹਕੂਮਤੀ ਜਬਰ ਦੇ ਵਿਰੋਧ ਵਿੱਚ ਮਜ਼ਬੂਰ ਹੋ ਕੇ ਨਿਹੱਥੀ ਜਾਂ ਡਾਂਗਾਂ, ਪੱਥਰਾਂ ਨਾਲ਼ ਸੜਕਾਂ ‘ਤੇ ਉੱਤਰਦੀ ਰਹੀ ਹੈ। 1989 ਤੋਂ ਬਾਅਦ ਕਸ਼ਮੀਰੀ ਵਿੱਚ ਮਾਰੇ ਗਏ 94,000 ਤੋਂ ਵਧੇਰੇ ਜਣਿਆਂ ਵਿੱਚੋਂ ਬਹੁਗਿਣਤੀ ਆਮ ਨਾਗਰਿਕਾਂ ਦੀ ਹੀ ਸੀ ਜਿਨ੍ਹਾਂ ਦਾ ਕਿਸੇ ਦਹਿਸ਼ਤਗਰਦ ਜਥੇਬੰਦੀ ਨਾਲ਼ ਕੋਈ ਸਬੰਧ ਨਹੀਂ ਹੈ। ਇਸ ਵਾਰ ਮਾਰੇ ਗਏ 18 ਤੋਂ 24 ਸਾਲ ਦੇ 4 ਨੌਜਵਾਨ ਤੇ 60 ਸਾਲਾ ਬਜੁਰਗ ਔਰਤ ਵੀ ਆਮ ਕਸ਼ਮੀਰੀ ਨਾਗਰਿਕ ਹੀ ਸਨ।

ਕਸ਼ਮੀਰ ਇਲਾਕਾਈ ਵਿਸਥਾਰ ਤੇ ਇਸ ਨਾਲ਼ ਵਧਦੀ ਫੌਜੀ-ਸਿਆਸੀ ਤਾਕਤ, ਖਪਤ ਦੀ ਇੱਕ ਵੱਡੀ ਮੰਡੀ, ਕੱਚੇ ਮਾਲ ਤੇ ਕਿਰਤ ਸ਼ਕਤੀ ਦਾ ਸੋਮਾ ਹੋਣ ਦੇ ਨਾਲ਼-ਨਾਲ਼ ਸੈਰ-ਸਪਾਟੇ ਰਾਹੀਂ ਵਿਦੇਸ਼ੀ ਮੁਦਰਾ ਕਮਾਉਣ ਦਾ ਵੀ ਬਹੁਤ ਵੱਡਾ ਜਰੀਆ ਹੈ, ਇਸ ਲਈ ਭਾਰਤ ਤੇ ਪਾਕਿਸਤਾਨ ਦੋਵੇਂ ਇਸਨੂੰ ਕਬਜਾਉਣਾ ਚਾਹੁੰਦੇ ਹਨ। ਸਰਮਾਏਦਾਰਾ ਢਾਂਚੇ ਵਿੱਚ ਸੱਤ੍ਹਾ ਜਾਇਦਾਦ ਮਾਲਕਾਂ ਤੇ ਮੰਡੀ ਦੀਆਂ ਤਾਕਤਾਂ ਦੇ ਹੀ ਹੱਥ ਹੁੰਦੀ ਹੈ ਅਤੇ ਸਰਮਾਏਦਾਰੀ ਅਧੀਨ ਦੇਸ਼ਭਗਤੀ ਵੀ ਮੰਡੀ ਵਿੱਚੋਂ ਹੀ ਪੈਦਾ ਹੁੰਦੀ ਹੈ। ਇਸ ਲਈ ਭਾਰਤ ਤੇ ਪਾਕਿਸਤਾਨੀ ਹਕੂਮਤ ਲਈ ਕਸ਼ਮੀਰ ਦੇ ਲੋਕਾਂ ਦੀ ਰਜਾ ਦਾ ਕੋਈ ਮਤਲਬ ਹੀ ਨਹੀਂ ਹੈ ਸਗੋਂ ਉਹਨਾਂ ਨੇ ਆਪਣੇ ਨਫੇ ਵੇਖਣੇ ਹਨ। ਇਸ ਲਈ ਭਾਰਤ, ਪਾਕਿਸਤਾਨ ਦੀਆਂ ਸਰਮਾਏਦਾਰਾਂ ਹਕੂਮਤਾਂ ਤੋਂ ਲੈ ਕੇ ਸੰਯੁਕਤ ਰਾਸ਼ਟਰ ਆਦਿ ਤੱਕ ਕੋਲ਼ ਕਸ਼ਮੀਰੀ ਅਵਾਮ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਹੋ ਹੀ ਨਹੀਂ ਸਕਦਾ। ਮਨੁੱਖਤਾ ਉੱਪਰ ਦੋ ਸੰਸਾਰ ਜੰਗਾਂ ਅਤੇ ਵੀਅਤਨਾਮ, ਸੀਰੀਆ, ਇਰਾਕ, ਅਫਗਾਨਿਸਤਾਨ, ਗਾਜਾ ਆਦਿ ਜਿਹੀਆਂ ਭਿਆਨਕ ਜੰਗਾਂ ਥੋਪਣ ਵਾਲ਼ੇ ਢਾਂਚੇ ਤੋਂ ਕਿਸੇ ਵੀ ਕੌਮ/ਕੌਮੀਅਤ ਨੂੰ ਆਪਾ-ਨਿਰਣੇ ਦਾ ਹੱਕ ਦਾ ਹੱਕ ਦੇਣ ਦੀ ਉਮੀਦ ਹੀ ਨਹੀਂ ਕੀਤੀ ਜਾ ਸਕਦੀ।

ਜੋ ਕੌਮ ਦੂਜੀਆਂ ਕੌਮਾਂ ਨੂੰ ਗੁਲਾਮ ਬਣਾ ਕੇ ਰੱਖਦੀ ਹੈ ਉਹ ਖੁਦ ਵੀ ਅਜ਼ਾਦ ਨਹੀਂ ਹੋ ਸਕਦੀ। ਇਸ ਲਈ ਕਸ਼ਮੀਰ ਸਮੇਤ ਜਬਰੀ ਅਧੀਨ ਕੀਤੀਆਂ ਕੌਮੀਅਤਾਂ ਦਾ ਭਵਿੱਖ ਕੀ ਹੋਣਾ ਚਾਹੀਦਾ ਹੈ ਉਹ ਉੱਥੋਂ ਦੀ ਬਹੁਗਿਣਤੀ ਅਬਾਦੀ ਨੂੰ ਫੈਸਲਾ ਕਰਨ ਦੇਣਾ ਚਾਹੀਦਾ ਹੈ, ਨਾ ਕਿ ਦੇਸ਼ਭਗਤੀ ਦੇ ਭਰਮ ਵਿੱਚ ਜਿਉਂਦੇ ਹੋਏ ਸਾਨੂੰ ਉਸ ਉੱਪਰ ਆਪਣਾ ਕੋਈ ਫੈਸਲਾ ਸੁਣਾਉਣਾ ਚਾਹੀਦਾ ਹੈ। ਸਿਰਫ ਸਮਾਜਵਾਦੀ ਜਮਹੂਰੀਅਤ ਹੀ ਕੌਮੀਅਤਾਂ ਦੇ ਆਪਾ ਨਿਰਣੇ ਦੇ ਹੱਕ ਨੂੰ ਪ੍ਰਵਾਨ ਕਰਦੀ ਹੈ ਤੇ ਇਸਨੂੰ ਅਮਲੀ ਰੂਪ ਦਿੰਦੀ ਹੈ ਅਤੇ ਇਤਿਹਾਸ ਵਿੱਚ ਵੀ ਸਮਾਜਵਾਦੀ ਹਕੂਮਤਾਂ ਇਹੋ ਕਰਦੀਆਂ ਰਹੀਆਂ ਹਨ। ਇਸ ਲਈ ਕਸ਼ਮੀਰੀ ਲੋਕਾਂ ਦੀ ਸਮੱਸਿਆ ਦਾ ਅੰਤਮ ਹੱਲ ਇੱਕ ਸਮਾਜਵਾਦੀ ਹਕੂਮਤ ਦੀ ਸਥਾਪਨਾ ਮਗਰੋਂ ਹੀ ਨਿੱਕਲਣਾ ਹੈ।

ਅੰਤ ਵਿੱਚ ਕੁੱਝ ਗੱਲਾਂ ਦੇਸ਼ਭਗਤੀ ਬਾਰੇ ਵੀ ਕਰਨੀਆਂ ਬਣਦੀਆਂ ਹਨ। ਕਸ਼ਮੀਰ ਵਿੱਚ ਜੋ ਹੋ ਰਿਹਾ ਹੈ ਉਸ ਵਿੱਚ ਸਾਨੂੰ ਫਿਲਮੀ ਕਿਸਮ ਦੀ ਦੇਸ਼ਭਗਤੀ ਦੀਆਂ ਐਨਕਾਂ ਲਾਹ ਕੇ ਵੇਖਣਾ ਚਾਹੀਦਾ ਹੈ। ਇਹ ਗੱਲ ਨਹੀਂ ਕਿ ਦੇਸ਼ਭਗਤੀ ਦੀ ਕੋਈ ਹੋਂਦ ਹੀ ਨਹੀਂ ਹੁੰਦੀ, ਸਗੋਂ ਜਮਾਤੀ ਸਮਾਜ ਵਿੱਚ ਦੇਸ਼ਭਗਤੀ ਦਾ ਵੀ ਜਮਾਤੀ ਖਾਸਾ ਹੁੰਦਾ ਹੈ। ਭਾਰਤ ਦੀ ਸਰਮਾਏਦਾਰ ਜਮਾਤ ਤੇ ਉਸਦੀਆਂ ਕਠਪੁਤਲੀ ਹਕੂਮਤਾਂ ਦੇ ਹਿੱਤ ਅਤੇ ਦੇਸ਼ ਦੀ ਬਹੁਗਿਣਤੀ ਕਿਰਤੀ ਅਬਾਦੀ ਦੇ ਹਿੱਤ ਆਪਸ ਵਿੱਚ ਟਕਰਾਵੇਂ ਹਨ। ਇਹਨਾਂ ਦੋਵਾਂ ਲਈ ਦੇਸ਼ਭਗਤੀ ਦੀਆਂ ਵੀ ਵੱਖੋ-ਵੱਖਰੀਆਂ ਤੇ ਟਕਰਾਵੀਆਂ ਪਰਿਭਾਸ਼ਾਵਾਂ ਹਨ। ਅੱਜ ਸਰਕਾਰੀ ਦੇਸ਼ਭਗਤ ਦਾ ਹੈ ਮਤਲਬ ਹੈ ਮੁੱਠੀ ਭਰ ਦੇਸੀ-ਵਿਦੇਸ਼ੀ ਜਾਇਦਾਦ ਮਾਲਕਾਂ ਦੇ ਹਿੱਤਾਂ ਵਿੱਚ ਭੁਗਤਣਾ, ਉਹਨਾਂ ਖਿਲਾਫ ਕੁੱਝ ਨਾ ਬੋਲਣਾ ਤੇ ਚੁੱਪਚਾਪ ਸਭ ਕੁੱਝ ਸਹਿੰਦੇ ਜਾਣਾ ਅਤੇ ਜੋ ਵੀ ਇੱਥੇ ਜਾਇਦਾਦ ਮਾਲਕਾਂ ਤੇ ਉਹਨਾਂ ਦੀਆਂ ਸੇਵਕ ਸਰਕਾਰਾਂ ਦੇ ਹਿੱਤਾਂ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰਦਾ ਹੈ ਉਹ ਉਹਨਾਂ ਲਈ ਦੇਸ਼ਧ੍ਰੋਹੀ ਹੈ। ਪਰ ਦੇਸ਼ ਦੀ ਬਹੁਗਿਣਤੀ ਅਬਾਦੀ ਲਈ ਦੇਸ਼ਭਗਤੀ ਦਾ ਮਤਲਬ ਹੈ ਦੇਸ਼ ਦੀ 80 ਫੀਸਦੀ ਕਿਰਤੀ-ਮਜਦੂਰ ਅਬਾਦੀ ਦੇ ਹਿੱਤਾਂ ਦੀ ਗੱਲ ਕਰਨਾ, ਹਰ ਤਰ੍ਹਾਂ ਦੇ ਜਬਰ ਦਾ ਵਿਰੋਧ ਕਰਨਾ ਅਤੇ ਜੋ ਵੀ ਇਸ ਅਬਾਦੀ ਦੇ ਹਿੱਤਾਂ ਵਿਰੁੱਧ ਜਾਂਦਾ ਉਹ ਇਸ ਅਬਾਦੀ ਲਈ ਦੇਸ਼ਧ੍ਰੋਹੀ ਹੈ। ਇਸ ਤਰ੍ਹਾਂ ਜੋ ਚੀਜ ਹਾਕਮਾਂ ਲਈ ਦੇਸ਼ਭਗਤੀ ਹੈ ਉਹ ਸਾਡੇ ਲਈ ਦੇਸ਼ਧ੍ਰੋਹ ਹੈ ਤੇ ਜੋ ਸਾਡੇ ਲਈ ਦੇਸ਼ਭਗਤੀ ਹੈ ਉਹ ਹਾਕਮਾਂ ਲਈ ਦੇਸ਼ਧ੍ਰੋਹ ਹੈ। ਇਸ ਤਰ੍ਹਾਂ ਅੱਜ ਦੇਸ਼ਭਗਤੀ ਨੂੰ ਜਮਾਤੀ ਵਿਰੋਧਾਂ ਦੇ ਸੰਦਰਭ ਵਿੱਚ ਹੀ ਰੱਖ ਕੇ ਵੇਖਣਾ ਚਾਹੀਦਾ ਹੈ। ਇੱਥੋਂ ਹੀ ਅੱਜ ਅਸੀਂ ਜੋਰ-ਸ਼ੋਰ ਨਾਲ਼ ਪ੍ਰਚਾਰੇ ਜਾ ਰਹੇ “ਭਾਰਤ ਮਾਤਾ ਦੀ ਜੈ” ਦੇ ਨਾਹਰੇ ਹੇਠ ਲੁਕੇ ਅਰਥ ਸਮਝ ਸਕਦ ਹਾਂ। ਇਸੇ ਨਾਹਰੇ ਹੇਠ ਭਾਰਤ ਦੀਆਂ ਸਰਮਾਏਦਾਰਾ ਹਕੂਮਤਾਂ ਕਸ਼ਮੀਰ ਤੇ ਪੂਰਬੀ ਭਾਰਤ ਦੀਆਂ ਜਬਰੀ ਅਧੀਨ ਕੀਤੀਆਂ ਕੌਮਾਂ, ਛੱਤੀਸਗੜ ਦੇ ਆਦਿਵਾਸੀਆਂ, ਆਪਣੇ ਹੱਕਾਂ ਲਈ ਜਥੇਬੰਦ ਹੁੰਦੇ ਵਿਦਿਆਰਥੀਆਂ, ਮੁਲਾਜ਼ਮਾਂ, ਕਿਰਤੀਆਂ ਤੇ ਮਜ਼ਦੂਰਾਂ ਉੱਪਰ ਜਬਰ ਢਾਹ ਰਹੀਆਂ ਹਨ। ਆਮ ਕਿਰਤੀ ਲੋਕ ਚਾਹੇ ਕਸ਼ਮੀਰ ਦੇ ਹੋਣ ਜਾਂ ਬਾਕੀ ਭਾਰਤ ਦੇ, ਉਹਨਾਂ ਸਭ ਦੇ ਹਿੱਤ ਸਾਂਝੇ ਹਨ ਤੇ ਮੌਜੂਦਾ ਹਕੂਮਤਾਂ ਬਿਨਾਂ ਭੇਦਭਾਵ ਦੇ ਸਭ ਦੀ ਲੁੱਟ, ਜਬਰ ‘ਤੇ ਹੀ ਚਲਦੀਆਂ ਹਨ। ਹਕੂਮਤ ਦੀ ਪਰਿਭਾਸ਼ਾ ਵਾਲ਼ੀ ਦੇਸ਼ਭਗਤੀ ਲੋਕਾਂ ਦੀ ਅਸਲ ਏਕਤਾ ਦੇ ਅਧਾਰ ਨੂੰ ਖੋਰਾ ਲਾਉਂਦੀ ਹੈ ਤੇ ਉਹਨਾਂ ਵਿਰੁੱਧ ਹੀ ਭੁਗਤਦੀ ਹੈ।

ਮੁੜ ਹੰਦਵਾੜਾ ਦੀ ਮੌਜੂਦਾ ਘਟਨਾ ਉੱਪਰ ਆਉਂਦੇ ਹਾਂ। ਭਾਰਤ ਵਿੱਚ “ਭਾਰਤ ਮਾਤਾ ਕੀ ਜੈ” ਦੇ ਨਾਹਰੇ ਜਾਂ ਫੌਜ ਦੇ ਅੰਨ੍ਹੇ ਗੁਣਗਾਣ ਹੇਠ ਪੈਦਾ ਕੀਤੀ ਝੂਠੀ ਦੇਸ਼ਭਗਤੀ ਰਾਹੀਂ ਆਮ ਲੋਕਾਂ ਤੋਂ ਜੋ ਸਹਿਮਤੀ ਹਾਸਲ ਕੀਤੀ ਜਾਂਦੀ ਹੈ ਉਹ ਕਸ਼ਮਰੀ ਵਿੱਚ ਹੁੰਦੇ ਜਬਰ ਦੀ ਤਾਕਤ ਬਣਦੀ ਹੈ। ਇਸ ਲਈ ਕਸ਼ਮੀਰ ਦੇ ਲੋਕਾਂ ‘ਤੇ ਹੁੰਦੇ ਜਬਰ ਵਿੱਚ ਭਾਰਤੀ ਹਕੂਮਤ ਦਾ ਵਿਰੋਧ ਕਰਨਾ ਚਾਹੀਦਾ ਹੈ ਤੇ ਕਸ਼ਮੀਰੀ ਲੋਕਾਂ ਦੀ ਹਮਾਇਤ ਕਰਨੀ ਚਾਹੀਦੀ ਹੈ। ਜਾਂ ਇੰਝ ਕਹੀਏ ਕਿ ਕਸ਼ਮੀਰ ਸਮੇਤ ਕਿਧਰੇ ਵੀ ਹੁੰਦੇ ਜ਼ਬਰ ਦਾ ਵਿਰੋਧ ਕਰਨ ਨਾਲ਼ ਜੋ ਤਾਕਤ ਬਣਦੀ ਹੈ ਉਹੀ ਕਿਰਤੀ ਲੋਕਾਂ ਦੀ ਇਨਕਲਾਬੀ ਏਕਤਾ ਜਾਂ ਸੱਚੀ ਦੇਸ਼ਭਗਤੀ ਦਾ ਅਧਾਰ ਬਣਦੀ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 53, 1 ਮਈ 2016 ਵਿੱਚ ਪਰ੍ਕਾਸ਼ਤ

Advertisements