ਕਸ਼ਮੀਰ ਵਾਦੀ ਫੇਰ ਹੋਈ ਲਹੂ ਲੁਹਾਣ •ਸੰਪਾਦਕੀ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਤੁਸੀਂ ਪੁੱਛੋਗੇ: ਕਿਉਂ ਉਸਦੀ ਕਵਿਤਾ ਨਹੀਂ ਦੱਸਦੀ
ਸੁਪਨਿਆਂ ਤੇ ਪੱਤਿਆਂ ਬਾਰੇ
ਤੇ ਉਸਦੀ ਧਰਤੀ ਦੇ ਮਹਾਨ ਤੂਫਾਨਾਂ ਬਾਰੇ?
ਆਓ ਦੇਖੋ ਗਲੀਆਂ ‘ਚ ਵਗਦਾ ਲਹੂ
ਆਓ ਦੇਖੋ ਗਲੀਆਂ ‘ਚ ਵਗਦਾ ਲਹੂ
ਆਓ ਦੇਖੋ ਗਲੀਆਂ ‘ਚ ਵਗਦਾ ਲਹੂ

ਫੁੱਲਾਂ, ਰੁੱਖਾਂ, ਪਹਾੜਾਂ, ਝਰਨਿਆਂ, ਬਰਫੀਲੀਆਂ ਚੋਟੀਆਂ ਨਾਲ਼ ਕੱਜੀ ਕਸ਼ਮੀਰ ਦੀ ਧਰਤੀ ਬਾਰੇ ਚਿੱਲੀ ਦੇ ਕਵੀ ਪਾਬਲੋ ਨੇਰੂਦਾ ਦੀਆਂ ਇਹ ਪੰਕਤੀਆਂ ਬਿਲਕੁਲ ਢੁਕਵੀਆਂ ਹਨ। ਕਸ਼ਮੀਰ ‘ਚ ਕੁਦਰਤ ਦੇ ਸੁਹੱਪਣ ਤੋਂ ਵੱਧ ਜੋ ਚੀਜਾਂ ਧਿਆਨ ਖਿੱਚਦੀਆਂ ਹਨ ਉਹ ਹਨ ਲੱਖਾਂ ਦੀ ਗਿਣਤੀ ‘ਚ ਕਾਬਜ ਫੌਜ ਤੇ ਹਥਿਆਰਬੰਦ ਦਹਿਸ਼ਤਗਰਦਾਂ ਵਿਚਕਾਰ ਪਿਸ ਰਹੀ ਜ਼ਿੰਦਗੀ, ਬਿਨਾਂ ਗੱਲੋਂ ਕੁੱਟਮਾਰ ਜਾਂ ਗੋਲ਼ੀ ਮਾਰੇ ਜਾਣ ਦੇ ਡਰ ਹੇਠ ਜਿਉਂਦੇ ਲੋਕ, ਸਹਿਮੇ ਹੋਏ ਗਲ਼ੀਆਂ ‘ਚ ਲੰਘ ਰਹੇ ਬੱਚੇ, ਬਲਾਤਕਾਰ ਦਾ ਸ਼ਿਕਾਰ ਹੋ ਰਹੀਆਂ ਔਰਤਾਂ ਦੀਆਂ ਚੀਕਾਂ, ਬੇਚੈਨੀ ਤੇ ਬੇਵਸੀ ਨਾਲ ਝਾਕਦੀਆਂ ਨੌਜਵਾਨ ਅੱਖਾਂ, ਗਲੀਆਂ ‘ਚ ਬੰਦੂਕਾਂ ਨਾਲ਼ ਟੱਕਰ ਲੈ ਰਹੇ ਹੱਥਾਂ ਵਿਚਲੇ ਪੱਥਰ, ਆਪਣਿਆਂ ਨੂੰ ਉਡੀਕਦੀਆਂ ਅੱਖਾਂ, ਝੂਠੇ ਮੁਕਾਬਲੇ ‘ਚ ਮਾਰੇ ਨੌਜਵਾਨਾਂ ਦੀਆਂ ਲਾਸ਼ਾਂ ਤੇ ਅਣਮਨੁੱਖੀ ਜਬਰ ਦੀਆਂ ਹੋਰ ਬਹੁਤ ਸਾਰੀਆਂ ਦਾਸਤਾਨਾਂ। ਕਸ਼ਮੀਰ ਦਾ ਇਹ ਹਾਲ ਪਿਛਲੇ ਸੱਤ ਦਹਾਕਿਆਂ ਤੋਂ ਹੈ। ਇਸ ਵੇਲ਼ੇ ਫੇਰ ਕਸ਼ਮੀਰ ਦੀ ਧਰਤੀ ਗਲ਼ੀਆਂ ‘ਚ ਵਗਦੇ ਲਹੂ ਦੀ ਗਵਾਹ ਬਣ ਹੋਈ ਹੈ।

ਸ਼੍ਰੀਨਗਰ ਤੋਂ 85 ਕਿਲੋਮੀਟਰ ਦੂਰ ਬੰਮਦੂਰ ‘ਚ ਇੱਕ ਮੁਕਾਬਲੇ ‘ਚ ਭਾਰਤੀ ਫੌਜ ਨੇ ਤਿੰਨ ਕਸ਼ਮੀਰੀ ਨੌਜਵਾਨ ਖਾੜਕੂਆਂ ਨੂੰ ਮਾਰ ਦਿੱਤਾ। ਇਹਨਾਂ ਵਿੱਚ ਇੱਕ 22 ਸਾਲਾ ਬੁਰਹਾਨ ਵਾਨੀ ਵੀ ਸੀ ਜੋ ਹਿਜਬੁਲ ਮੁਜਾਹਿਦੀਨ ਦਾ ਕਮਾਂਡਰ ਸੀ। ਪਿਛਲੇ ਕੁੱਝ ਸਾਲਾਂ ਤੋਂ ਸੋਸ਼ਲ ਮੀਡੀਆ ਦੀ ਵਰਤੋਂ ਕਾਰਨ ਉਹ ਕਾਫੀ ਚਰਚਿਤ ਸੀ ਤੇ ਕਸ਼ਮੀਰ ਦੇ ਲੋਕਾਂ ‘ਚ ਕਾਫੀ ਹਰਮਨ-ਪਿਆਰਾ ਸੀ। ਉਸ ਉੱਪਰ 10 ਲੱਖ ਦਾ ਇਨਾਮ ਵੀ ਰੱਖਿਆ ਗਿਆ ਸੀ। 8 ਜੁਲਾਈ ਨੂੰ ਬੁਰਹਾਨ ਵਾਨੀ ਨੂੰ ਦਫਨਾਉਣ ਮਗਰੋਂ ਗੁੱਸੇ ‘ਚ ਭੜਕੇ ਲੋਕ ਹਜ਼ਾਰਾਂ ਦੀ ਗਿਣਤੀ ‘ਚ ਸੜਕਾਂ ‘ਤੇ ਉੱਤਰ ਆਏ ਤੇ ਕਈ ਥਾਂ ਇਹਨਾਂ ਮਜ਼ਾਹਰਿਆਂ ਨੇ ਹਿੰਸਕ ਰੂਪ ਵੀ ਧਾਰ ਲਿਆ। ਇਸਦੇ ਨਾਲ਼ ਹੀ ਭਾਰਤੀ ਹੁਕਮਰਾਨਾਂ ਵੱਲੋਂ ਇੱਕ ਵਾਰ ਫੇਰ ਕਸ਼ਮੀਰ ਵਿੱਚ ਕਤਲੇਆਮ ਤੇ ਜਬਰ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਪਹਿਲੇ 3 ਦਿਨਾਂ ਦੀਆਂ ਝੜਪਾਂ ਦੌਰਾਨ 32 ਜਣੇ ਮਾਰੇ ਗਏ ਤੇ 1500 ਤੋਂ ਵੱਧ ਜਖਮੀ ਹੋ ਗਏ ਤੇ ਇਹ ਸਿਲਸਿਲਾ ਹਾਲੇ ਵੀ ਜਾਰੀ ਹੈ। ਮਾਰੇ ਗਏ ਲੋਕਾਂ ਵਿੱਚ ਬਹੁਤੇ ਆਮ ਕਸ਼ਮੀਰੀ ਨਾਗਰਿਕ ਹੀ ਹਨ। ਬੁਰਹਾਨ ਵਾਨੀ ਦੀ ਮੌਤ ਮਗਰੋਂ ਪੂਰਾ ਦੱਖਣੀ ਕਸ਼ਮੀਰ ਗੁੱਸੇ ਨਾਲ਼ ਮਘ ਰਿਹਾ ਹੈ, ਉੱਤੋਂ ਭਾਰਤੀ ਹਕੂਮਤ ਦਾ ਜਬਰ ਇਸ ਸਥਿਤੀ ਨੂੰ ਹੋਰ ਵੀ ਬੇਕਾਬੂ ਬਣਾ ਰਿਹਾ ਹੈ। 3 ਦਿਨਾਂ ਵਿੱਚ ਹੀ ਇਸ ਇਲਾਕੇ ਵਿੱਚ 2,000 ਦੇ ਕਰੀਬ ਸੀਆਰਪੀਐੱਫ ਦੇ ਜਵਾਨ ਹੋਰ ਭੇਜੇ ਜਾ ਚੁੱਕੇ ਹਨ। ਕਸ਼ਮੀਰ ਦੇ ਕਾਫੀ ਹਿੱਸੇ ਵਿੱਚ ਕਰਫਿਊ ਲਾ ਦਿੱਤਾ ਗਿਆ ਅਤੇ ਇੰਟਰਨੈੱਟ ਤੇ ਮੋਬਾਇਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਕਸ਼ਮੀਰ ਵਾਦੀ ‘ਚ ਇਹ 2010 ਤੋਂ ਬਾਅਦ ਦੂਜੀ ਵੱਡੀ ਹਿੰਸਕ ਘਟਨਾ ਹੈ ਜਦੋਂ ਕਸ਼ਮੀਰੀ ਲੋਕਾਂ ਦੇ ਰੋਹ ਨੂੰ ਗੋਲ਼ੀਆਂ ਦੀ ਵਾਛੜ ਨਾਲ਼ ਦਬਾਇਆ ਜਾ ਰਿਹਾ ਹੈ। 2010 ਵਿੱਚ ਇੱਕ ਨੌਜਵਾਨ ਨੂੰ ਕਤਲ ਕੀਤੇ ਜਾਣ ਮਗਰੋਂ ਕਰੀਬ 3 ਮਹੀਨੇ ਤੱਕ ਕਸ਼ਮੀਰ ਦੀਆਂ ਸੜਕਾਂ ‘ਤੇ ਹਜ਼ਾਰਾਂ ਬੱਚੇ, ਨੌਜਵਾਨਾਂ, ਔਰਤਾਂ ਤੇ ਬਜ਼ੁਰਗ ਹੱਥਾਂ ਵਿੱਚ ਪੱਥਰ ਲੈ ਕੇ ਭਾਰਤੀ ਫੌਜ ਦੀਆਂ ਬੰਦੂਕਾਂ ਦਾ ਟਾਕਰਾ ਕਰਦੇ ਰਹੇ ਤੇ ਇਸ ਵਿਰੋਧ ਨੂੰ ਵੀ 100 ਤੋਂ ਉੱਪਰ ਲੋਕਾਂ ਦੀਆਂ ਲਾਸ਼ਾਂ ਨਾਲ਼ ਦਬਾਇਆ ਗਿਆ ਸੀ। ਇਸ ਸਾਲ ਅਪ੍ਰੈਲ ਮਹੀਨੇ ਵੀ ਇੱਕ ਕੁੜੀ ਨਾਲ਼ ਛੇੜਛਾੜ ਦੇ ਮਸਲੇ ਪਿੱਛੋਂ ਉੱਠੇ ਲੋਕਾਂ ਦੇ ਵਿਰੋਧ ਨੂੰ ਵੀ 5 ਆਮ ਕਸ਼ਮੀਰੀ ਨਾਗਰਿਕਾਂ ਦੇ ਕਤਲ ਨਾਲ਼ ਮੱਠਾ ਪਾਇਆ ਗਿਆ ਸੀ। ਉਦੋਂ ਵੀ ਲੋਕਾਂ ਵੱਲੋਂ ਜ਼ਬਰਦਸਤ ਵਿਰੋਧਾਂ, ਕਰਫਿਊ, ਸੰਚਾਰ ਸੇਵਾਵਾਂ ਠੱਪ ਕੀਤੇ ਜਾਣ ਦਾ ਸਿਲਸਿਲਾ ਇੰਝ ਹੀ ਚੱਲਿਆ ਸੀ।

1947 ਤੋਂ ਬਾਅਦ ਆਪਣੀਆਂ ਵਿਸਥਾਰਵਾਦੀ ਨੀਤੀਆਂ ਲਈ ਭਾਰਤ ਤੇ ਪਾਕਿਸਤਾਨ ਨੇ ਧੋਖੇ ਨਾਲ਼ ਕਸ਼ਮੀਰ ਨੂੰ ਦੋ ਟੋਟਿਆਂ ‘ਚ ਵੰਡ ਕੇ ਇਹਨਾਂ ਉੱਪਰ ਕਬਜਾ ਕਰ ਲਿਆ ਸੀ। ਇਸ ਮਗਰੋਂ ਕਸ਼ਮੀਰ ਵਿੱਚ ਹਥਿਆਰਬੰਦ ਫੌਜ ਦੀ ਮਦਦ ਨਾਲ਼ ਜਬਰ ਦਾ ਸਿਲਸਿਲਾ ਸ਼ੁਰੂ ਹੋਇਆ ਜਿਸਦੇ ਖਿਲਾਫ ਲੋਕਾਂ ਦਾ ਰੋਹ ਵੀ ਉੱਠਦਾ ਰਿਹਾ ਤੇ ਇਹ ਸਭ ਹਾਲੇ ਤੱਕ ਜਾਰੀ ਹੈ। ਕਸ਼ਮੀਰ ‘ਚ ਫੌਜੀ ਜਬਰ ਤੇ ਦਹਿਸ਼ਤਗਰਦੀ ਨੇ ਲੋਕ ਰੋਹ ਨੂੰ ਜਨਮ ਦਿੱਤਾ ਜਿਸ ਵਿੱਚੋਂ ਇੱਕ ਹਿੱਸੇ ਨੇ ਇਸਲਾਮਿਕ ਕੱਟੜਪੰਥੀ ਬਣਕੇ ਹਥਿਆਰ ਚੱਕ ਲਏ ਤੇ ਕਸ਼ਮੀਰੀ ਲੋਕ ਹੋਰ ਵੀ ਬੁਰੀ ਤਰ੍ਹਾਂ ਫੌਜ ਅਤੇ ਕੱਟੜਪੰਥੀਆਂ ਦੀ ਦਹਿਸ਼ਤ ਵਿਚਕਾਰ ਕੁਚਲੇ ਜਾਣ ਲੱਗੇ। 1993 ‘ਚ ਹਥਿਆਰਬੰਦ ਦਹਿਸ਼ਤਗਰਦਾਂ ਦੇ ਖਾਤਮੇ ਤੋਂ ਬਾਅਦ ਵੀ ਹਕੂਮਤੀ ਜਬਰ ਉਸੇ ਤਰਾਂ ਜਾਰੀ ਰਿਹਾ ਤੇ ਕਸ਼ਮੀਰੀ ਲੋਕਾਂ ਵਿੱਚ ਭਾਰਤੀ ਹੁਕਮਰਾਨਾਂ ਖਿਲਾਫ ਨਫਰਤ ਖਤਮ ਹੋਣ ਦੀ ਥਾਂ ਵਧਦੀ ਗਈ। ਇਸ ਫੌਜੀ ਰਾਜ ਤੇ ਹਕੂਮਤੀ ਜਬਰ ਨੂੰ ਅਮਨ ਤੇ ਦੇਸ਼ ਦੀ ਅਖੰਡਤਾ ਦਾ ਨਾਮ ਦਿੱਤਾ ਜਾਂਦਾ ਰਿਹਾ, ਪਰ ਸੰਗੀਨਾਂ ਦੇ ਜੋਰ ‘ਤੇ ਕਾਇਮ ਕੀਤੀ ਇਸ ਅਖੰਡਤਾ ਤੇ ਅਮਨ ਦੀ “ਰਾਖੀ” ਲਈ ਭਾਰਤੀ ਹਕੂਮਤ ਵੱਲੋਂ ਕਸ਼ਮੀਰ ‘ਚ 1989 ਤੋਂ ਲੈ ਮਾਰਚ 2016 ਤੱਕ 94,332 ਕਤਲ ਕੀਤੇ ਜਾ ਚੁੱਕੇ ਹਨ ਅਤੇ 8,000 ਤੋਂ ਵੱਧ ਵਿਅਕਤੀ ਲਾਪਤਾ ਹਨ। ਹੁਣੇ ਜਾਹਰ ਹੋਈਆਂ ਰਿਪੋਰਟਾਂ ਮੁਤਾਬਕ ਅਫਸਪਾ ਕਨੂੰਨ ਰਾਹੀਂ ਭਾਰਤੀ ਫੌਜ ਨੇ 1528 ਫਰਜੀ ਮੁਕਾਬਲੇ ਕੀਤੇ ਹਨ ।

1993 ਤੋਂ ਹੁਣ ਤੱਕ ਦਾ ਦੌਰ ਕਸ਼ਮੀਰ ਵਿੱਚ ਸ਼ਾਂਤੀ ਦਾ ਦੌਰ ਮੰਨਿਆ ਜਾਂਦਾ ਹੈ। ਭਾਰਤੀ ਸਰਕਾਰ ਮੁਤਾਬਕ ਵੀ ਇੱਥੇ ਹਥਿਆਰਬੰਦ ਦਹਿਸ਼ਤਗਰਦਾਂ ਦੀ ਗਿਣਤੀ 1000 ਤੋਂ ਵੀ ਘੱਟ ਰਹਿ ਗਈ ਹੈ ਪਰ ਇਸਦੇ ਬਾਵਜੂਦ 7 ਲੱਖ ਤੋਂ ਵੱਧ ਫੌਜ ਕਸ਼ਮੀਰ ਵਿੱਚ ਮੌਜੂਦ ਹੈ, ਜੋ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਦਖਲਅੰਦਾਜੀ ਕਰਦੀ ਰਹਿੰਦੀ ਹੈ, ਉਹਨਾਂ ਉੱਪਰ ਕਈ ਤਰ੍ਹਾਂ ਦੇ ਜਬਰ-ਜੁਲਮ ਕਰਦੀ ਹੈ ਤੇ ਉਹਨਾਂ ਨੂੰ ਇੱਕ ਗੁਲਾਮੀ ਵਿੱਚ ਰਹਿੰਦੇ ਹੋਣ ਦਾ ਅਹਿਸਾਸ ਕਰਵਾਉਂਦੀ ਹੈ। ਇਸ ਕਰਕੇ ਕਸ਼ਮੀਰ ਦੇ ਲੋਕਾਂ ਵਿੱਚ ਭਾਰਤੀ ਹੁਕਮਰਾਨਾਂ ਖਿਲਾਫ ਨਫਰਤ ਅਜੇ ਵੀ ਬਰਕਰਾਰ ਹੈ। 1993 ਤੋਂ ਬਾਅਦ ਲੋਕਾਂ ਨੇ ਜਿਆਦਾਤਰ ਸ਼ਾਂਤਮਈ ਘਟਨਾਵਾਂ ਰਾਹੀਂ ਹੀ ਆਪਣਾ ਗੁੱਸਾ ਜਤਾਇਆ ਹੈ, ਵੱਧ ਤੋਂ ਵੱਧ ਅੱਗ ਲਾਉਣ ਤੇ ਪੱਥਰਬਾਜੀ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਹਨ ਤੇ ਹਥਿਆਰਬੰਦ ਟਾਕਰੇ ਦੀਆਂ ਘਟਨਾਵਾਂ ਬਹੁਤ ਨਾਮਾਤਰ ਰਹਿ ਗਈਆਂ ਹਨ। ਪਰ ਇਸਦਾ ਮਤਲਬ ਇਹ ਵੀ ਨਹੀਂ ਕਿ ਉੱਥੇ ਹਥਿਆਰਬੰਦ ਵਿਰੋਧ ਕਰਨ ਵਾਲ਼ੀਆਂ ਕੱਟੜਪੰਥੀ ਤਾਕਤਾਂ ਖਤਮ ਹੋ ਗਈਆਂ। ਕਸ਼ਮੀਰ ਦੇ ਨੌਜਵਾਨ ਦੇ ਹਥਿਆਰ ਚੁੱਕਣ ਅਤੇ ਪਾਕਿਸਤਾਨ ਵਾਲ਼ੇ ਪਾਸਿਓਂ ਅੱਤਵਾਦੀਆਂ ਦੇ ਆਉਣ ਦਾ ਸਿਲਸਿਲਾ ਚਲਦਾ ਰਿਹਾ ਹੈ, ਪਰ ਪਹਿਲਾਂ ਨਾਲ਼ੋਂ ਬਹੁਤ ਛੋਟੇ ਪੱਧਰ ‘ਤੇ।

ਹੁਣ ਇੱਕ ਨਵੀਂ ਤਬਦੀਲੀ ਆ ਰਹੀ ਹੈ ਤੇ ਇੱਕ ਨਵੀਂ ਕਿਸਮ ਦਾ ਖਾੜਕੂਵਾਦ ਫਿਰ ਤੋਂ ਸਿਰ ਚੱਕ ਰਿਹਾ ਹੈ। ਅੱਜ ਪੜ੍ਹੇ-ਲਿਖੇ ਨੌਜਵਾਨਾਂ ਦਾ ਇੱਕ ਹਿੱਸਾ ਹਥਿਆਰ ਚੱਕ ਰਿਹਾ ਹੈ। ਇਹ ਨੌਜਵਾਨ ਸੋਸ਼ਲ ਮੀਡੀਆ ਨੂੰ ਆਪਣੇ ਪ੍ਰਚਾਰ ਦੇ ਮੰਚ ਵਜੋਂ ਵਰਤਦੇ ਹਨ, ਪਹਿਲਾਂ ਵਾਂਗ ਰੂਪੋਸ਼ ਰਹਿਣ ਦੀ ਥਾਂ ਹੁਣ ਆਪਣੀ ਪਛਾਣ ਖੁੱਲ੍ਹ ਕੇ ਐਲਾਨਦੇ ਹਨ ਜਿਸ ਨਾਲ ਉਹ ਇੱਕ ਹੱਦ ਤੱਕ ਲੋਕਾਂ ਅੰਦਰ ਹਮਦਰਦੀ ਹਾਸਲ ਕਰ ਲੈਂਦੇ ਹਨ। ਬੁਰਹਾਨ ਵਾਨੀ ਇਸੇ ਨਵੀਂ ਕਿਸਮ ਦੇ ਖਾੜਕੂਵਾਦ ਵਿੱਚੋਂ ਸੀ। 2010 ਵਿੱਚ ਜਦੋਂ ਉਹ ਦਸਵੀਂ ਜਮਾਤ ‘ਚ ਪੜ੍ਹਦਾ ਸੀ ਤਾਂ ਭਾਰਤੀ ਫੌਜੀਆਂ ਵੱਲੋਂ ਉਸਨੂੰ, ਉਸਦੇ ਭਰਾ ਤੇ ਇੱਕ ਦੋਸਤ ਨੂੰ ਬਿਨਾਂ ਵਜ੍ਹਾ ਕੁੱਟਿਆ ਗਿਆ ਜਿਸ ਮਗਰੋਂ ਉਸਨੇ ਘਰ ਛੱਡ ਕੇ ਹਥਿਆਰ ਚੱਕ ਲਏ। ਪਿਛਲੇ ਸਾਲ ਉਸਦਾ ਭਰਾ ਇੱਕ ਫਰਜੀ ਮੁਕਾਬਲੇ ‘ਚ ਮਾਰਿਆ ਗਿਆ। ਉਸਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਪ੍ਰਚਾਰ ਕੀਤਾ, ਵੀਡੀਓ ਬਣਾ ਕੇ ਨੌਜਵਾਨਾਂ ਨੂੰ ਹਥਿਆਰ ਚੱਕਣ ਲਈ ਪ੍ਰੇਰਿਆ ਜਿਸ ਨਾਲ ਉਸਨੇ ਕਸ਼ਮੀਰ ਦੇ ਲੋਕਾਂ ‘ਚ ਆਪਣੀ ਇੱਕ ਪਛਾਣ ਬਣਾ ਲਈ। ਅੱਜ ਹਥਿਆਰਾਂ ਵੱਲ ਮੁੜ ਤੋਂ ਮੂੰਹ ਕਰ ਰਹੀ ਇਹ ਪੀੜੀ ਉਹਨਾਂ ਨੌਜਵਾਨਾਂ ਦੀ ਹੈ ਜਿਹਨਾਂ ਨੇ ਆਪਣੇ ਬਚਪਨ ਦੇ ਆਖਰੀ ਸਾਲਾਂ ‘ਚ 2008, 2009 ਤੇ 2010 ਦੇ ਸ਼ਾਂਤਮਈ ਵਿਰੋਧਾਂ ਨੂੰ ਹਥਿਆਰਾਂ ਨਾਲ਼ ਬੁਰਹ ਤਰ੍ਹਾਂ ਕੁਚਲੇ ਜਾਂਦੇ ਦੇਖਿਆ ਹੈ। ਇਹਨਾਂ ਨੇ 1993 ਤੋਂ ਹੁਣ ਤੱਕ ਦਾ ਸ਼ਾਂਤਮਈ ਵਿਰੋਧ ਦਾ ਦੌਰ ਦੇਖਿਆ ਹੈ ਜਿਸ ਰਾਹੀਂ ਕੁੱਝ ਵੀ ਹਾਸਲ ਨਹੀਂ ਹੋਇਆ, ਜਦਕਿ ਕਸ਼ਮੀਰੀ ਲੋਕਾਂ ਉੱਪਰ ਸੱਤ੍ਹਾ ਦਾ ਜਬਰ ਉਸੇ ਤਰ੍ਹਾਂ ਬਰਕਰਾਰ ਰਿਹਾ। ਇਸ ਲਈ ਸ਼ਾਂਤਮਈ ਵਿਰੋਧ, ਮੁਜ਼ਾਹਰਿਆਂ ਤੋਂ ਉਹਨਾਂ ਦਾ ਵਿਸ਼ਵਾਸ਼ ਉੱਠ ਰਿਹਾ ਹੈ ਤੇ ਉਹ ਮੁੜ ਖਾੜਕੂ ਗਰੁੱਪਾਂ ‘ਚ ਸਰਗਰਮ ਹੋਣ ਲੱਗੇ ਹਨ। ਬੁਰਹਾਨ ਵਾਨੀ ਹਿਜਬੁਲ ਮੁਜਾਹਿਦੀਨ ਦਾ ਕਮਾਂਡਰ ਸੀ। ਹਿਜਬੁਲ ਮੁਜਾਹਿਦੀਨ ਇੱਕ ਇਸਲਾਮਿਕ ਕੱਟੜਪੰਥੀ ਜਥੇਬੰਦੀ ਹੈ ਤੇ ਪਾਕਿਸਤਾਨ ਪੱਖੀ ਹੈ। ਅਜਿਹੀ ਕੋਈ ਵੀ ਕੱਟੜਪੰਥੀ ਤਾਕਤ ਕਸ਼ਮੀਰ ਦੇ ਲੋਕਾਂ ਦੀ ਸਮੱਸਿਆ ਦਾ ਸਹੀ ਹੱਲ ਪੇਸ਼ ਨਹੀਂ ਕਰਦੀ ਅਤੇ ਇਹ ਲੋਕਾਂ ਨੂੰ ਜਥੇਬੰਦ ਕਰਨ ਦੀ ਥਾਂ ਨਿਰੋਲ ਹਥਿਆਰਾਂ ਦੇ ਸਿਰ ‘ਤੇ ਟੇਕ ਰੱਖਦੀ ਹੈ, ਇਸ ਲਈ ਹਿਜਬੁਲ ਮੁਜਾਹਿਦੀਨ ਜਾਂ ਬੁਰਹਾਨ ਵਾਨੀ ਦੇ ਸੰਘਰਸ਼ ਨਾਲ਼ ਸਾਡੀ ਕਿਸੇ ਵੀ ਤਰ੍ਹਾਂ ਦੀ ਸਹਿਮਤੀ ਨਹੀਂ ਹੋ ਸਕਦੀ। ਪਰ ਕਸ਼ਮੀਰ ਦੇ ਕਿਰਤੀ ਲੋਕਾਂ ਨਾਲ਼ ਸਾਡੀ ਲਾਜ਼ਮੀ ਹੀ ਇੱਕਜੁੱਟਤਾ ਹੋਣੀ ਚਾਹੀਦੀ ਹੈ ਤੇ ਦਹਿਸ਼ਗਤਰਦੀ ਨੂੰ ਬਹਾਨਾ ਬਣਾ ਕੇ ਉਹਨਾਂ ਉੱਪਰ ਜਬਰ ਢਾਹੇ ਜਾਣ ਦੇ ਹਰ ਕਾਰੇ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ।

ਸ਼ੁਰੂਆਤੀ ਦੌਰ ‘ਚ ਕਸ਼ਮੀਰ ਦੀ ਅਜ਼ਾਦੀ ਲਈ ਸੰਘਰਸ਼ ਦੀ ਵਾਗਡੋਰ ਜੰਮੂ ਐਂਡ ਕਸ਼ਮੀਰ ਲਿਬਰੇਸ਼ਨ ਫਰੰਟ (ਜੇਕੇਐੱਲਐੱਫ) ਦੇ ਹੱਥ ਵਿੱਚ ਸੀ। 1978 ‘ਚ ਬਣੀ ਇਹ ਜਥੇਬੰਦੀ ਭਾਰਤ ਅਤੇ ਪਾਕਿਸਤਾਨ ਦੋਵਾਂ ਤੋਂ ਕਸ਼ਮੀਰ ਨੂੰ ਅਜ਼ਾਦ ਕਰਵਾ ਕੇ ਇੱਕਜੁੱਟ ਕਸ਼ਮੀਰ ਸਿਰਜਣਾ ਚਾਹੁੰਦੀ ਸੀ। ਮਕਬੂਲ ਬੱਟ ਤੇ ਅਮਾਨਉੱਲਾ ਖਾਨ ਇਸਦੇ ਅਹਿਮ ਆਗੂ ਸਨ। ਮਕਬੂਲ ਬੱਟ ਭਾਰਤੀ ਕਬਜੇ ਵਾਲ਼ੇ ਕਸ਼ਮੀਰ ਵਿੱਚ ਸਰਗਰਮ ਸੀ ਤੇ ਅਮਾਨਉੱਲਾ ਖਾਨ ਪਾਕਿਸਤਾਨ ਵਾਲ਼ੇ ਕਸ਼ਮੀਰ ਵਿੱਚ। ਮਕਬੂਲ ਬੱਟ ਨੂੰ 11 ਫਰਬਰੀ 1984 ਚ ਤਿਹਾੜ ਜੇਲ ‘ਚ ਫਾਸੀਂ ਦਿੱਤੀ ਗਈ ਸੀ ਜਿਸ ਮਗਰੋਂ ਕਸ਼ਮੀਰ ਦੇ ਨੌਜਵਾਨਾਂ ‘ਚ ਹੋਰ ਵੀ ਗੁੱਸਾ ਤੇ ਬੇਚੈਨੀ ਭੜਕੀ। ਜੇਕੇਐੱਲਐੱਫ ਇੱਕ ਧਰਮ-ਨਿਰਪੱਖ ਤਾਕਤ ਸੀ, ਪਰ ਇਸ ਉੱਪਰ ਸੱਤ੍ਹਾ ਦੇ ਜਬਰ ਨੇ ਹਿਜਬੁਲ ਮੁਜਾਹਿਦੀਨ ਜਿਹੀਆਂ ਧਾਰਮਿਕ ਕੱਟੜਪੰਥੀ ਤਾਕਤਾਂ ਦੇ ਜੰਮਣ ਦੀ ਜ਼ਮੀਨ ਤਿਆਰ ਕੀਤੀ। ਇਹ ਜਥੇਬੰਦੀਆਂ ਜਾਂ ਤਾਂ ਇਸਲਾਮ ਅਧਾਰਤ ਕਸ਼ਮੀਰ ਚਾਹੁੰਦੀਆਂ ਹਨ ਜਾਂ ਫੇਰ ਪਾਕਿਸਤਾਨ ਵਿੱਚ ਰਲਣਾ ਚਾਹੁੰਦੀਆਂ ਹਨ, ਜਦਕਿ ਬਹੁਗਿਣਤੀ ਕਸ਼ਮੀਰੀ ਲੋਕਾਂ ਦਾ ਇਸ ਨਾਲ਼ ਕੋਈ ਸਰੋਕਾਰ ਨਹੀਂ ਹੈ। ਬਹੁਗਿਣਤੀ ਕਸ਼ਮੀਰੀ ਲੋਕ ਧਰਮ ਨਿਰਪੱਖ ਹਨ ਤੇ ਪਾਕਿਸਤਾਨ ਤੇ ਭਾਰਤ ਦੋਵਾਂ ਦੇ ਜਬਰ ਤੋਂ ਮੁਕਤੀ ਚਾਹੁੰਦੇ ਹਨ। ਇਸ ਤਰ੍ਹਾਂ ਜੇਕੇਐੱਲਐੱਫ ਨੇ ਕਸ਼ਮੀਰ ਦੀ ਮੁਕਤੀ ਦੀ ਜੋ ਕੋਸ਼ਿਸ਼ ਕੀਤੀ ਸੀ ਉਹ ਹਕੂਮਤੀ ਜਬਰ ਕਾਰਨ ਕੁਰਾਹੇ ਜਾ ਪਈ ਹੈ। ਬੁਰਹਾਨ ਵਾਨੀ ਇਸੇ ਕੁਰਾਹੇ ਦਾ ਸ਼ਿਕਾਰ ਨੌਜਵਾਨ ਸੀ।

ਇਸ ਲਈ ਇਹ ਸਾਫ ਹੈ ਕਿ ਕਸ਼ਮੀਰ ਵਿੱਚ ਭਾਰਤ ਤੇ ਪਾਕਿਸਤਾਨ ਦੇ ਹੁਕਮਰਾਨਾਂ ਦੇ ਸਾਜਿਸ਼ੀ ਵਿਸਾਹਘਾਤ, ਦਹਾਕਿਆਂ ਤੋਂ ਕਸ਼ਮੀਰੀ ਅਵਾਮ ਉੱਪਰ ਹੁੰਦਾ ਆਇਆ ਜਬਰ ਹੀ ਕਸ਼ਮੀਰ ਦੀ ਮੌਜੂਦਾ ਹਾਲਤ ਲਈ ਜਿੰਮੇਵਾਰ ਹੈ। ਇਸੇ ਜਬਰ ਕਾਰਨ ਪੈਦਾ ਹੁੰਦੀ ਜਿੱਲਤ, ਬੇਚੈਨੀ ਤੇ ਰੋਸ ਵਿੱਚੋਂ ਹੀ ਕੱਟੜਪੰਥੀਆਂ ਦੀ ਤਾਕਤ ਨੂੰ ਬਲ ਮਿਲ਼ਦਾ ਹੈ। ਕਸ਼ਮੀਰੀ ਨੌਜਵਾਨ ਭਾਰਤ ਨਾਲ਼ੋਂ ਬੇਗਾਨਗੀ ਮਹਿਸੂਸ ਕਰ ਰਹੇ ਹਨ। ਪਿੱਛੇ ਜਿਹੇ ਇੰਡੀਅਨ ਐਕਸਪ੍ਰੈੱਸ ਅਖ਼ਬਾਰ ਦੀ ਰਿਪੋਰਟ ‘ਚ ਨੌਜਵਾਨਾਂ ਦੇ ਬਿਆਨ ਛਪੇ ਸਨ ਜੋ ਕਸ਼ਮੀਰ ਦੇ ਨੌਜਵਾਨ ਮਨਾਂ ਅੰਦਰ ਪਲ ਰਹੀ ਖਿੱਚੋਤਾਣ ਨੂੰ ਉਜਾਗਰ ਕਰਦੇ ਹਨ। ਪੁਲਵਾਮਾ ਦੇ ਇੱਕ ਨਾਬਾਲਗ ਵਿਦਿਆਰਥੀ ਦਾ ਇਹ ਕਹਿਣਾ ਸੀ ਕਿ, “’ਕਸ਼ਮੀਰ ਤੋਂ ਬਾਹਰ ਉਹ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਪਾਣੀ ਦੀਆਂ ਬੁਛਾੜਾਂ ਮਾਰਦੇ ਹਨ। ਇਹਨਾਂ ਦੀ ਵਰਤੋਂ ਉਹ ਇੱਥੇ ਕਿਉਂ ਨਹੀਂ ਕਰਦੇ? ਮੁਜ਼ਾਹਰੇ ਰੋਕਣ ਲਈ ਸਿਰਫ਼ ਜੰਮੂ ਕਸ਼ਮੀਰ ‘ਚ ਹੀ ਉਹ ਗੋਲ਼ੀਆਂ ਮਾਰਦੇ ਹਨ। ਕਸ਼ਮੀਰੀ ਨੌਜਵਾਨਾਂ ਪ੍ਰਤੀ ਇਹ ਵਖਰੇਵਾਂ ਕਿਉਂ? ਸੰਖੇਪ ‘ਚ ਅਸੀਂ ਆਪਣੀ ਧਰਤੀ ‘ਤੇ ਵੀ ਸੁਰੱਖਿਅਤ ਨਹੀਂ ਹਾਂ। ਭਾਰਤ ਕਹਿੰਦਾ ਹੈ ਕਿ ਅਸੀਂ ਭਾਰਤ ਦਾ ਹਿੱਸਾ ਹਾਂ। ਪਰ ਸਾਡੇ ਨਾਲ਼ ਭਾਰਤ ਦੇ ਹਿੱਸੇ ਵਰਗਾ ਵਿਹਾਰ ਨਹੀਂ ਹੁੰਦਾ। ਭਾਰਤ ਸਾਡੀ ਧਰਤੀ ਚਾਹੁੰਦਾ ਹੈ, ਲੋਕ ਨਹੀਂ।”

ਅੱਜ ਵੀ ਭਾਰਤੀ ਹੁਕਮਰਾਨ ਨਾ ਤਾਂ ਕਸ਼ਮੀਰ ਦੇ ਲੋਕਾਂ ਨੂੰ ਉਹਨਾਂ ਦੇ ਹੱਕ ਦੇਣ ਲਈ ਤਿਆਰ ਹਨ ਤੇ ਨਾ ਹੀ ਉੱਥੋਂ ਫੌਜੀ ਜਬਰ ਖਤਮ ਕਰਨ ਦੇ ਹੱਕ ਵਿੱਚ ਹਨ। ਧਾਰਾ 370 ਦਾ ਮਾਮਲਾ ਸਭ ਦੇ ਸਾਹਮਣੇ ਹੈ। ‘ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ’ ਜਿਹੀ ਮਾਨਸਿਕਤਾ ਕਿਸੇ ਤੋਂ ਲੁਕੀ ਨਹੀਂ ਹੋਈ, ਭਾਵੇਂ ਇਸ ਅਟੁੱਟ ਅੰਗ ਵਿਚਲੀਆਂ ਤਰੇੜਾਂ ਨੂੰ ਲੁਕਾਉਣ ਲਈ ਲੱਖਾਂ ਸੰਗੀਨਾਂ ਨਾਲ਼ ਬੇਦੋਸ਼ੇ ਕਸ਼ਮੀਰੀਆਂ ਦਾ ਲਹੂ ਵਹਾਇਆ ਜਾਂਦਾ ਹੈ। ਮੌਜੂਦਾ ਹਿੰਸਾ ਦੀ ਘਟਨਾ ਦੇ ਪਹਿਲੇ ਦਿਨ ਮਗਰੋਂ ਪੰਜਾਬੀ ਟ੍ਰਿਬਿਊਨ ਅਖ਼ਬਾਰ ‘ਚ ਛਪੇ ਇਹ ਬਿਆਨ ਦੇਖੋ, “ਅਤਿਵਾਦੀ ਬੁਰਹਾਨ ਵਾਨੀ ਦੀ ਹੱਤਿਆ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਹਿੰਸਾ ਭੜਕਣ ਮਗਰੋਂ ਸੱਤਾਧਾਰੀ ਭਾਜਪਾ ਨੇ ਦਾਅਵਾ ਕੀਤਾ ਕਿ ਅਤਿਵਾਦ ਵਿਰੁੱਧ ਲੜਾਈ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਭਾਜਪਾ ਦੇ ਸੀਨੀਅਰ ਆਗੂ ਅਤੇ ਰਾਜ ਵਿੱਚ ਪਾਰਟੀ ਮਾਮਲਿਆਂ ਦੇ ਇੰਚਾਰਜ ਰਾਮ ਮਾਧਵ ਨੇ ਟਵੀਟ ਕੀਤਾ ਕਿ ਭਾਵੇਂ ਹਿੰਸਾ ਹੁੰਦੀ ਹੈ ਜਾਂ ਨਹੀਂ ਪਰ ਸਰਕਾਰ ਦਾ ਸਟੈਂਡ ਪੁਖਤਾ ਰਹੇਗਾ। ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਕਸ਼ਮੀਰ ਵਿੱਚ ਮੌਜੂਦਾ ਹਾਲਾਤ ਤੋਂ ਸੰਕੇਤ ਮਿਲਦਾ ਹੈ ਕਿ ਅਤਿਵਾਦੀ ਗਤੀਵਿਧੀਆਂ ਦੇ ਮੁੱਖ ਸਾਜਸ਼ਿਘਾੜੇ ਨਿਰਾਸ਼ ਹਨ ਅਤੇ ਉਹ ਹੁਣ ਇਵੇਂ ਮਹਿਸੂਸ ਕਰ ਰਹੇ ਹਨ, ਜਿਵੇਂ ਉਨ੍ਹਾਂ ਦੇ ਗਲ਼ ਦੁਆਲੇ ਫੰਦਾ ਕਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀ ਸਥਿਤੀ ਹੁਣ ਜੰਮੂ ਕਸ਼ਮੀਰ ਦੀ ਹੈ, ਉਵੇਂ ਹੀ ਪੰਜਾਬ ਵਿੱਚ ਉਦੋਂ ਸੀ, ਜਦੋਂ ਅਤਿਵਾਦ ਆਖਰੀ ਸਾਹਾਂ ਉਤੇ ਸੀ। ਉਨ੍ਹਾਂ ਕਿਹਾ ਕਿ ਅਤਿਵਾਦ ਦੇ ਮੌਜੂਦਾ ਸਿਧਾਂਤਾਂ ਮੁਤਾਬਕ ਜੰਮੂ ਕਸ਼ਮੀਰ ਵਿੱਚ ਸ਼ਾਂਤੀ ਪਰਤ ਰਹੀ ਹੈ।” ਮਤਲਬ ਸਾਫ ਹੈ ਕਿ ਭਾਰਤੀ ਹੁਕਮਰਾਨ ਕਿਸੇ ਵੀ ਕੀਮਤ ‘ਤੇ ਕਸ਼ਮੀਰ ‘ਚ ਕਤਲੇਆਮ ਬੰਦ ਕਰਨ ਨੂੰ ਤਿਆਰ ਨਹੀਂ ਹਨ। ਮੌਜੂਦਾ ਕਤਲੇਆਮ, ਇਸ ਨਾਲ਼ ਸਿੱਝਣ ਦੇ ਸਰਕਾਰੀ ਯਤਨ ਤੇ ਸਰਕਾਰੀ ਬਿਆਨਬਾਜੀ ਭਾਰਤੀ ਹਾਕਮਾਂ ਦੇ ਜਾਬਰ ਕਿਰਦਾਰ ਦੀ ਹੀ ਇੱਕ ਹੋਰ ਮਿਸਾਲ ਹਨ। ਲਾਜ਼ਮੀ ਹੀ ਇਹ ਰਵੱਈਆ ਉੱਥੇ ਬੁਰਗਨ ਵਾਨੀ ਜਿਹੇ ਹੋਰ ਨੌਜਵਾਨਾਂ ਨੂੰ ਹਥਿਆਰ ਚੱਕਣ ਦੇ ਕੁਰਾਹੇ ਪਾਵੇਗਾ। ਇਹ ਮਾਮਲਾ ਨਾਬਾਲਗ ਕਸ਼ਮੀਰੀ ਵਿਦਿਆਰਥੀ ਦੇ ਇਹਨਾਂ ਸ਼ਬਦਾਂ ਨੂੰ ਸੱਚ ਕਰਦਾ ਹੈ ਕਿ “ਭਾਰਤ ਸਾਡੀ ਧਰਤੀ ਚਾਹੁੰਦਾ ਹੈ, ਲੋਕ ਨਹੀਂ।”

ਅੱਜ ਕਸ਼ਮੀਰ ਦੀ ਬਹੁਗਿਣਤੀ ਅਬਾਦੀ ਫੌਜੀ ਜਬਰ ਤੋਂ ਵੀ ਮੁਕਤੀ ਚਾਹੁੰਦੀ ਹੈ ਤੇ ਕੱਟੜਪੰਥੀ ਦਹਿਸ਼ਤਗਰਦੀ ਤੋਂ ਵੀ। ਪਰ ਵੱਧ ਰੋਸ ਉਹਨਾਂ ਵਿੱਚ ਫੌਜੀ ਜਬਰ ਖਿਲਾਫ ਹੀ ਹੈ ਜਿਸਤੋਂ ਮਜਬੂਰ ਹੋਕੇ ਨੌਜਵਾਨ ਕੱਟੜਪੰਥੀਆਂ ‘ਚ ਰਲ਼ਦੇ ਹਨ ਤੇ ਮੁੜ ਇਸੇ ਫੌਜ ਹੱਥੋਂ ਮਾਰੇ ਜਾਂਦੇ ਹਨ। ਬੇਵਸੀ, ਬੇਚੈਨੀ ਤੇ ਰੋਸ ਵਿੱਚ ਪਲ਼ ਰਹੀ ਇਹ ਅਬਾਦੀ ਵਾਰ-ਵਾਰ ਸੜਕਾਂ ‘ਤੇ ਉੱਤਰ ਕੇ ਆਪਣਾ ਗੁੱਸਾ ਵਿਖਾਉਂਦੀ ਰਹੀ ਹੈ। ਕਸ਼ਮੀਰ ਦੀ ਸਮੱਸਿਆ ਦਾ ਹੱਲ ਇਹੋ ਹੈ ਕਿ ਕਸ਼ਮੀਰ ਦੇ ਇਹਨਾਂ ਲੋਕਾਂ ਨੂੰ ਇਹਨਾਂ ਦਾ ਭਵਿੱਖ ਚੁਣਨ ਦਾ ਹੱਕ ਦਿੱਤਾ ਜਾਣਾ ਚਾਹੀਦਾ ਹੈ, ਜਿਸਦਾ ਕਿ ਨਹਿਰੂ ਨੇ ਵਾਅਦਾ ਕੀਤਾ ਤੇ ਜਿਸ ਉੱਪਰ ਹਾਲੇ ਤੱਕ ਅਮਲ ਨਹੀਂ ਕੀਤਾ ਗਿਆ। ਇਹ ਵੀ ਸਾਫ ਹੈ ਕਿ ਭਾਰਤ ਜਾਂ ਪਾਕਿਸਤਾਨ ਵਿੱਚੋਂ ਕੋਈ ਵੀ ਕਸ਼ਮੀਰੀ ਅਵਾਮ ਨੂੰ ਇਹ ਹੱਕ ਦੇਣ ਲਈ ਤਿਆਰ ਨਹੀਂ ਹੈ। ਇਹ ਤਾਂ ਹੀ ਸੰਭਵ ਹੈ ਜੇ ਭਾਰਤ ਤੇ ਪਾਕਿਸਤਾਨ ਦੇ ਲੋਕ ਆਪਣੀਆਂ ਸਰਕਾਰਾਂ ਉੱਪਰ ਅਜਿਹਾ ਕਰਨ ਲਈ ਦਬਾਅ ਪਾਉਣ। ਇਹ ਰਾਹ ਵੀ ਹਾਲੇ ਦੂਰ ਹੈ ਤੇ ਇਸ ਲਈ ਭਾਰਤ ਦੇ ਲੋਕਾਂ ਨੂੰ ਕਸ਼ਮੀਰ ਦੇ ਇਤਿਹਾਸ, ਉੱਥੋਂ ਦੇ ਲੋਕਾਂ ਦਾ ਰੋਜ਼ਾਨਾ ਜੀਵਨ, ਉਹਨਾਂ ਨਾਲ਼ ਹੁੰਦੀਆਂ ਬੇਇਸਫਾਸੀਆਂ, ਉਹਨਾਂ ਨੂੰ ਆਪਣਾ ਭਵਿੱਖ ਚੁਣਨ ਦੇ ਹੱਕ ਦੇਣ ਤੇ ਇਸਦਾ ਸਹੀ ਹੱਲ ਕਰਨ ਸਬੰਧੀ ਸਿੱਖਿਅਤ, ਲਾਮਬੰਦ ਕੀਤੇ ਜਾਣ ਦੀ ਲੋੜ ਹੈ। ਇਸੇ ਲਈ ਫੌਜ ਵੱਲੋਂ ਕਸ਼ਮੀਰ ਅਤੇ ਪੂਰਬੀ ਭਾਰਤ ਦੀਆਂ ਦੱਬੀਆਂ-ਕੁਚਲੀਆਂ ਕੌਮਾਂ ਦੇ ਲੋਕਾਂ ਉੱਪਰ ਹੁੰਦੇ ਜਬਰ ਨੂੰ ਉਘਾੜ ਕੇ ਉਹਨਾਂ ਦੀਆਂ ਹਾਕਮ ਜਮਾਤੀ ਦੇਸ਼ਭਗਤੀ ਦੀਆਂ ਐਨਕਾਂ ਲਾਹ ਕੇ ਉਹਨਾਂ ਨੂੰ ਜਮਾਤੀ ਏਕਤਾ ਦੇ ਅਧਾਰ ‘ਤੇ ਇੱਥੋਂ ਦੇ ਲੋਕਾਂ ਦੇ ਹੱਕ ‘ਚ ਖੜੇ ਕਰਨ ਦੀ ਲੋੜ ਹੈ। ਇਹ ਕੰਮ ਸਿਰਫ ਇਨਕਲਾਬੀ ਤਾਕਤਾਂ ਹੀ ਕਰ ਸਕਦੀਆਂ ਹਨ, ਇਸ ਲਈ ਕਸ਼ਮੀਰ ਸਮੇਤ ਦੱਬੀਆਂ ਕੁਚਲੀਆਂ ਕੌਮਾਂ ਦੇ ਸਵਾਲ ‘ਤੇ ਲੋਕਾਂ ਨੂੰ ਸਿੱਖਿਅਤ ਕਰਨਾ ਇਨਕਲਾਬੀ ਲੜਾਈ ਦਾ ਹੀ ਇੱਕ ਅੰਗ ਹੈ। ਇਸ ਲਈ ਕਸ਼ਮੀਰ ਉੱਤੇ ਹੁੰਦੇ ਹਰ ਜਬਰ ਖਿਲਾਫ ਖੜੇ ਹੋਣਾ ਹਰ ਇਨਸਾਫ ਪਸੰਦ ਨਾਗਰਿਕ ਦਾ ਫਰਜ ਬਣਦਾ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਅੰਕ 57, 1 ਜੁਲਾਈ ਤੇ 16 ਜੁਲਾਈ 2016 (ਸੰਯੁਕਤ ਅੰਕ) ਵਿੱਚ ਪ੍ਰਕਾਸ਼ਤ

 

 

Advertisements