ਕਸ਼ਮੀਰ ਵਾਦੀ ‘ਚ ਹਿੰਦੂਆਂ ਦੀ ਹੋਣੀ ਦੀ ਹਕੀਕਤ •ਗੁਰਪ੍ਰੀਤ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਕਸ਼ਮੀਰ ਭਾਰਤੀ ਜਮਹੂਰੀਅਤ ਦਾ ਉਹ ਗੁਨਾਹ ਹੈ ਜੋ ਇਸ ਜਮਹੂਰੀਤ ਦੇ ਲੋਕ ਵਿਰੋਧੀ ਕਿਰਦਾਰ ਦਾ ਪਾਜ ਉਘੇੜਦਾ ਹੈ। ਕਸ਼ਮੀਰੀ ਅਵਾਮ ਅੱਜ ਵੀ 1947 ਦੀ ਵੰਡ ਪਿੱਛੋਂ ਪਾਕਿਸਤਾਨ ਤੇ ਭਾਰਤੀ ਹੁਕਮਰਾਨਾਂ ਵੱਲੋਂ ਜਬਰੀ ਅਧੀਨ ਕੀਤੇ ਜਾਣ ਦੇ ਜਖ਼ਮਾਂ ਦੀ ਪੀੜ ਸਹਿ ਰਹੀ ਹੈ। ਪਰ ਕਸ਼ਮੀਰ ਇਹ ਪੀੜ ਚੁੱਪ-ਚਾਪ ਨਹੀਂ ਸਹਿ ਰਿਹਾ ਸਗੋਂ ਉਸਦੇ ਸੀਨੇ ਅੰਦਰ ਇੱਕ ਰੋਹ ਦਾ ਲਾਵਾ ਮਘ ਰਿਹਾ ਹੈ ਜੋ ਸਮੇਂ-ਸਮੇਂ ਲੋਕ ਬਗਾਵਤਾਂ, ਸੰਘਰਸ਼ਾਂ ਦੇ ਜਵਾਲਾਮੁਖੀਆਂ ਦੇ ਰੂਪ ਵਿੱਚ ਫੁੱਟਦਾ ਰਹਿੰਦਾ ਹੈ। ਅਜਿਹਾ ਤਾਜਾ ਜਵਾਲਾਮੁਖੀ ਪਿਛਲੇ ਵਰੇ ਹੀ ਕਸ਼ਮੀਰ ਵਿੱਚ ਦੁਬਾਰਾ ਫੁੱਟਿਆ ਹੈ ਜਿਸਦਾ ਸੇਕ ਹਾਲੇ ਤੱਕ ਵੀ ਬਰਕਰਾਰ ਹੈ। ਭਾਰਤੀ ਹੁਕਮਰਾਨਾਂ ਨੂੰ ਇਸ ਕਬਜੇ ਲਈ ਦੇਸ਼ ਦੇ ਇੱਕ ਵੱਡੇ ਹਿੱਸੇ ਦੀ ਸਪੱਸ਼ਟ ਜਾਂ ਚੁੱਪ ਸਹਿਮਤੀ ਲੋੜੀਂਦੀ ਹੈ। ਇਸ ਕਰਕੇ ਹੁਕਮਰਾਨਾਂ ਨੇ ਦੇਸ਼ ਦੇ ਲੋਕਾਂ ਅੰਦਰ ਕਸ਼ਮੀਰ ਉੱਪਰ ਕਬਜੇ ਅਤੇ ਕਸ਼ਮੀਰੀ ਲੋਕਾਂ ਨਾਲ਼ ਨਫਰਤ ਦੀ ਭਾਵਨਾ ਕੁੱਟ-ਕੁੱਟ ਕੇ ਭਰਨ ਲਈ ਪੂਰਾ ਤਾਣ ਲਾਇਆ ਹੈ। ਇਸਦੇ ਲਈ ਮੁੱਖ ਦੋ ਢੰਗ ਵਰਤੇ ਗਏ ਹਨ। ਪਹਿਲਾ, ਭਾਰਤ ਦੀ ਅਖੰਡਤਾ ਦਾ ਤਰਾਨਾ ਜੋਰ-ਸ਼ੋਰ ਨਾਲ਼ ਗਾਇਆ ਗਿਆ ਹੈ ਜਿਸਦੇ ਅਸਰ ਹੇਠ ਕਸ਼ਮੀਰ ਨੂੰ ਹਰ ਕੀਮਤ ‘ਤੇ ਭਾਰਤ ਅਧੀਨ ਬਣਾਈ ਰੱਖਣ ਨਾਲ਼ ਭਾਰਤ ਦੀ ਅਬਾਦੀ (ਖਾਸ ਕਰਕੇ ਮੱਧਵਰਗੀ ਅਬਾਦੀ) ਦਾ ਇੱਕ ਵੱਡਾ ਹਿੱਸਾ ਸਹਿਮਤ ਹੈ ਤੇ ਨਾਲ਼ ਹੀ ਅਜ਼ਾਦੀ ਦੀ ਮੰਗ ਕਾਰਨ ਉਹ ਹਿੱਸਾ ਕਸ਼ਮੀਰੀ ਲੋਕਾਂ ਨੂੰ ਨਫਰਤ ਵੀ ਕਰਦਾ ਹੈ। ‘ਭਾਰਤ ਦੀ ਅਖੰਡਤਾ’ ਦੇ ਇਸ ਤਰਾਨੇ ਨੂੰ ਲੋਕਾਂ ਦੇ ਸੰਘ ‘ਚ ਉਤਾਰਨ ਲਈ ਪਾਕਿਸਤਾਨ ਵਿਰੁੱਧ ਨਫਰਤ ਦਾ ਵੀ ਸਹਾਰਾ ਲਿਆ ਗਿਆ ਹੈ। ਮਤਲਬ ਇਹ ਲੋਕ ਕਸ਼ਮੀਰੀ ਲੋਕਾਂ ਨਾਲ਼ ਨਫਰਤ ਕਰਦੇ ਹੋਏ ਉਹਨਾਂ ਨੂੰ ਹਮਵਤਨੀ ਕਹਿਣਾ ਚਾਹੁੰਦੇ ਹਨ।

ਇਸ ਮਕਸਦ ਲਈ ਜੋ ਦੂਜਾ ਹਰਬਾ ਵਰਤਿਆ ਗਿਆ ਹੈ ਉਸ ਤਹਿਤ ਕਸ਼ਮੀਰ ਦੇ ਮਸਲੇ ਨੂੰ ਧਾਰਮਿਕ ਰੰਗਤ ਦਿੱਤੀ ਗਈ ਹੈ। ਕਸ਼ਮੀਰ ਦਾ ਮਸਲਾ ਬਿਨਾਂ ਕਿਸੇ ਧਰਮ, ਜਾਤ, ਨਸਲ ਆਦਿ ਦੇ ਭੇਦ-ਭਾਵ ਤੋਂ ਉੱਥੋਂ ਦੀ ਸਮੁੱਚੀ ਅਬਾਦੀ ਦਾ ਮਸਲਾ ਹੈ। ਪਰ ਇਸ ਮਸਲੇ ਨੂੰ ਫਿਰਕੂ ਰੰਗਤ ਦਿੱਤੀ ਜਾ ਚੁੱਕੀ ਹੈ। ਕਸ਼ਮੀਰ ‘ਚ ਬਹੁਗਿਣਤੀ ਅਬਾਦੀ ਮੁਸਲਮਾਨ ਹੈ ਤੇ ਹਿੰਦੂ ਘੱਟਗਿਣਤੀ ‘ਚ ਹਨ। ਕਸ਼ਮੀਰ ਦੇ ਮੁਸਲਮਾਨਾਂ ਤੇ ਹਿੰਦੂਆਂ ਵਿਚਕਾਰ ਫਿਰਕੂ ਵੰਡੀਆਂ ਪਾ ਕੇ ਕਸ਼ਮੀਰੀਆਂ ਨੂੰ ਮੁਸਲਮਾਨ ਹੋਣ ਦੀ ਪਛਾਣ ਦਿੱਤੀ ਜਾਂਦੀ ਹੈ ਜਿਹਨਾਂ ਬਾਰੇ ਇਹ ਪ੍ਰਚਾਰਿਆ ਜਾਂਦਾ ਹੈ ਕਿ ਉਹ ਉੱਥੋਂ ਦੀ ਹਿੰਦੂ ਅਬਾਦੀ ਉੱਪਰ ਜਬਰ ਕਰਦੇ ਹਨ। ਭਾਰਤ ਵਿੱਚ ਬਹੁਗਿਣਤੀ ਅਬਾਦੀ ਹਿੰਦੂ ਹੋਣ ਕਾਰਨ ਧਾਰਮਿਕ ਭਾਵਨਾਵਾਂ ਦੇ ਅਧਾਰ ‘ਤੇ ਕਸ਼ਮੀਰੀ ਹਿੰਦੂਆਂ ਨਾਲ਼ ਹਮਦਰਦੀ ਪੈਦਾ ਕਰਦੇ ਹੋਏ ਇਸ ਫਿਰਕੂ ਵੰਡ ਨੂੰ ਕਸ਼ਮੀਰੀ (ਮੁਸਲਿਮ) ਲੋਕਾਂ ਵਿਰੁੱਧ ਨਫਰਤ ਲਈ ਵਰਤਿਆ ਜਾਂਦਾ ਹੈ। ਕਸ਼ਮੀਰ ਵਿੱਚ ਹਿੰਦੂਆਂ ਦੀ ਹੋਣੀ ਦੇ ਮਸਲੇ ਨੂੰ ਬਹੁਤ ਗਲਤ ਢੰਗ ਨਾਲ਼ ਤੇ ਬਹੁਤ ਜੋਰ-ਸ਼ੋਰ ਨਾਲ਼ ਪ੍ਰਚਾਰਿਆ ਗਿਆ ਹੈ। ਸਭ ਤੋਂ ਵੱਧ ਇਹ ਪ੍ਰਚਾਰਿਆ ਜਾਣ ਵਾਲਾ ਮਾਮਲਾ 19 ਜਨਵਰੀ 1990 ਨੂੰ ਕਸ਼ਮੀਰੀ ਪੰਡਤਾਂ ਦੀ ਹਿਜਰਤ ਅਤੇ ਉਹਨਾਂ ਦੀ ਨਸਲਕੁਸ਼ੀ ਹੈ। ਕਈ ਫਿਰਕੂ ਨਫਰਤ ਫੈਲਾਉਣ ਵਾਲ਼ੇ ਵਿਦਵਾਨ ਦਾਅਵਾ ਕਰਦੇ ਹਨ ਕਿ 6 ਲੱਖ ਤੋਂ ਲੈ ਕੇ 10 ਲੱਖ ਤੱਕ ਕਸ਼ਮੀਰੀ ਪੰਡਤਾਂ ਨੂੰ ਕਸ਼ਮੀਰ ਛੱਡਣਾ ਪਿਆ ਸੀ। ਇਸੇ ਤਰਾਂ ਜੋਰ-ਸ਼ੋਰ ਨਾਲ਼ ਪ੍ਰਚਾਰਿਆ ਜਾਂਦਾ ਹੈ ਕਿ ਉੱਥੇ ਹਜ਼ਾਰਾਂ ਗਿਣਤੀ ‘ਚ ਕਸ਼ਮੀਰੀ ਪੰਡਤਾਂ ਦੀ ਨਸਲਕੁਸ਼ੀ ਕੀਤੀ ਗਈ। ਆਓ, ਇਸ ਮਸਲੇ ਨੂੰ ਜੜਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।

ਕਸ਼ਮੀਰ ਵਿੱਚ ਹਿੰਦੂ-ਮੁਸਲਿਮ ਫਿਰਕਿਆਂ ਦਾ ਇਤਿਹਾਸ

ਜੇ ਬਹੁਤਾ ਪਿੱਛੇ ਨਾ ਜਾਈਏ ਤਾਂ 1941 ਵਿੱਚ ਕਸ਼ਮੀਰ ਉੱਪਰ ਮਹਾਰਾਜਾ ਹਰੀ ਸਿੰਘ ਦੀ ਹਕੂਮਤ ਸੀ ਜੋ ਕਿ ਹਿੰਦੂ ਸੀ। ਉਸ ਵੇਲ਼ੇ ਵੀ ਕਸ਼ਮੀਰ ਦੀ ਬਹੁਗਿਣਤੀ ਮੁਸਲਿਮ ਸੀ। ਇਕੱਲੇ ਕਸ਼ਮੀਰ ਵਿੱਚ (ਨਾ ਕਿ ਪੂਰੇ ਜੂੰਮ ਕਸ਼ਮੀਰ ਵਿੱਚ) ਹਿੰਦੂ ਅਬਾਦੀ 79,000 ਦੇ ਕਰੀਬ ਸੀ ਜੋ ਕਿ ਕੁੱਲ ਅਬਾਦੀ ਦਾ ਲਗਭਗ 5 ਫੀਸਦੀ ਬਣਦੀ ਹੈ। ਉਸ ਵੇਲ਼ੇ ਕਸ਼ਮੀਰ ਦੀ ਆਮ ਅਬਾਦੀ ਜਗੀਰੂ ਭੂਮੀਪਤੀਆਂ, ਚੌਧਰੀਆਂ ਦੇ ਹੱਥੋਂ ਪਿਸ ਰਹੀ ਸੀ। ਇਹਨਾਂ ਜਗੀਰਦਾਰਾਂ, ਚੌਧਰੀਆਂ ਦੀ ਬਹੁਗਿਣਤੀ ਹਿੰਦੂ ਸਨ ਤੇ ਗਰੀਬ ਕਿਸਾਨਾਂ ਦੀ ਬਹੁਗਿਣਤੀ ਮੁਸਲਮਾਨ ਸੀ। ਇਸ ਤਰਾਂ ਕਸ਼ਮੀਰ ‘ਚ ਮੌਜੂਦ ਜਮਾਤੀ ਟਕਰਾਅ ਤੇ ਧਾਰਮਿਕ ਵੰਡ ਆਪਸ ਵਿੱਚ ਗੁੰਦੀਆਂ ਹੋਈਆਂ ਸਨ ਜੋ ਅੱਗੇ ਜਾ ਕੇ ਕਸ਼ਮੀਰ ਦੇ ਮਾਮਲੇ ਨੂੰ ਫਿਰਕੂ ਰੰਗਤ ਦੇਣ ਦਾ ਅਧਾਰ ਬਣੀਆਂ। 

1947 ਵੇਲੇ ਧਰਮ ਦੇ ਅਧਾਰ ‘ਤੇ ਭਾਰਤ ਤੇ ਪਾਕਿਸਤਾਨ ਦੀ ਵੰਡ ਵੇਲ਼ੇ ਕਸ਼ਮੀਰ ਇੱਕ ਅਜ਼ਾਦ ਰਿਆਸਤ ਸਭ ਧਰਮਾਂ ਦੀ ਸਾਂਝ ਦਾ ਹੋਕਾ ਦੇ ਰਹੀ ਸੀ। ਗਿਲਗਿਟ ਇਲਾਕੇ ਵਿੱਚ ਪਾਕਿਸਤਾਨ ਨੇ ਪਹਿਲ ਕਰਕੇ ਆਪਣੀ ਫੌਜ ਭੇਜੀ ਤੇ ਫੇਰ ਭਾਰਤ ਨੇ ਵੀ ਕਸ਼ਮੀਰ ‘ਚ ਆਪਣੀ ਫੌਜ ਭੇਜੀ, ਉਦੋਂ ਤੋਂ ਕਸਮੀਰੀ ਲੋਕ ਭਾਰਤੀ ਤੇ ਪਾਕਿਸਤਾਨੀ ਹੁਕਮਰਾਨਾਂ ਦੇ ਪੁੜਾਂ ਅੰਦਰ ਪਿਸਣੇ ਸ਼ੁਰੂ ਹੋ ਗਏ। ਜਦੋਂ ਧਰਮ ਦੇ ਅਧਾਰ ‘ਤੇ ਕਸ਼ਮੀਰ ਦੇ ਵੀ ਦੋ ਹਿੱਸੇ ਅਲੱਗ ਕਰਨ ਦੀ ਗੱਲ ਚੱਲੀ ਤਾਂ ਸ਼ੇਖ ਅਬਦੁੱਲਾ ਦੀ ਅਗਵਾਈ ਵਿੱਚ ਕਸ਼ਮੀਰ ਦੇ ਲੋਕਾਂ ਨੇ ਇਸਦਾ ਵਿਰੋਧ ਕੀਤਾ। ਉਸ ਵੇਲ਼ੇ ਲਾਲ ਚੌਂਕ ਵਿੱਚ ‘ਕਸ਼ਮੀਰ ਦੇ ਸ਼ੇਰ ਕੀ ਚਾਹੁੰਦੇ? ਮੁਸਲਿਮ, ਸਿੱਖ, ਹਿੰਦੂ ਏਕਤਾ’ ਦੇ ਨਾਹਰੇ ਲਗਦੇ ਸਨ। ਇਸੇ ਦੌਰਾਨ 1947-48 ਦੇ ਰੌਲ਼ੇ ਦੌਰਾਨ ਕਸ਼ਮੀਰੀ ਹਿੰਦੂਆਂ ਦਾ ਇੱਕ ਹਿੱਸਾ ਕਸ਼ਮੀਰ ਛੱਡ ਗਿਆ। ਉਸਤੋਂ ਬਾਅਦ 1951 ਵਿੱਚ ਸ਼ੇਖ ਅਬਦੁੱਲਾ ਦੀ ਸਰਕਾਰ ਵੱਲੋਂ ਜ਼ਰੱਈ ਸੁਧਾਰ ਕੀਤੇ ਗਏ ਜਿਸ ਕਾਰਨ ਜ਼ਮੀਨ ਮਾਲਕੀ ਦਾ ਜਗੀਰੂ ਢਾਂਚਾ ਹਿੱਲਣ ਲੱਗਾ ਤੇ ਜਗੀਰਦਾਰਾਂ, ਚੌਧਰੀਆਂ ਦੀਆਂ ਜਾਇਦਾਦਾਂ ਖੁੱਸਣ ਲੱਗੀਆਂ। ਇਸ ਕਾਰਨ ਵੀ ਹਿੰਦੂ ਅਬਾਦੀ ਦਾ ਇੱਕ ਹੋਰ ਹਿੱਸਾ ਕਸ਼ਮੀਰ ਛੱਡ ਗਿਆ। ਇੰਝ 1951 ਤੱਕ ਹਿੰਦੂ ਅਬਾਦੀ ਦਾ 20 ਫੀਸਦੀ ਹਿੱਸਾ ਕਸ਼ਮੀਰ ਛੱਡ ਗਿਆ।

ਫਿਰਕੂ ਵੰਡੀਆਂ ਦੇ ਪਹਿਲੇ ਬੀਜ

ਕਸ਼ਮੀਰ ਵਿੱਚ ਬਦਲੇ ਜ਼ਮੀਨ ਮਾਲਕੀ ਦੇ ਰਿਸ਼ਤਿਆਂ ਕਾਰਨ ਪੁਰਾਣੇ ਭੋਇਂ ਮਾਲਕਾਂ ਤੇ ਚੌਧਰੀਆਂ ਦੀ ਸਰਕਾਰ ਨਾਲ਼ ਵਿਰੋਧਤਾਈ ਪੈਦਾ ਹੋ ਗਈ। ਇਹਨਾਂ ਜਗੀਰਦਾਰਾਂ, ਚੌਧਰੀਆਂ ਦੀ ਬਹੁਗਿਣਤੀ ਹਿੰਦੂ ਹੋਣ ਕਾਰਨ ਹਿੰਦੂ ਕੱਟੜਪੰਥੀਆਂ ਨੇ ਇਸਦਾ ਲਾਹਾ ਲੈਂਦੇ ਹੋਏ ਇਸ ਮਸਲੇ ਨੂੰ ਹਿੰਦੂ ਬਨਾਮ ਮੁਸਲਿਮ ਬਣਾ ਕੇ ਕਸ਼ਮੀਰ ਦੀ ਧਰਤੀ ਉੱਤੇ ਫਿਰਕੂ ਵੰਡੀਆਂ ਦੀ ਸ਼ੁਰੂਆਤ ਕਰ ਦਿੱਤੀ। ਇਹ ਕੰਮ ਕਰਨ ਵਿੱਚ ਹਿੰਦੂ ਕੱਟੜਪੰਥੀਆਂ ਦੀ ਰਾਸ਼ਟਰੀ ਸਵੈਸੇਵਕ ਸੰਘ ਦੀ ਹੀ ਇੱਕ ਜਥੇਬੰਦੀ ‘ਜੰਮੂ ਪਰਜਾ ਪਰਿਸ਼ਦ’ ਕੰਮ ਕਰਦੀ ਰਹੀ। ਇਸਦਾ ਆਗੂ ਬਲਰਾਜ ਮਦਹੋਕ ਸੀ ਜਿਸਨੂੰ ਕਿ ਰਾਸ਼ਟਰੀ ਸਵੈਸੇਵਕ ਸੰਘ ਨੇ 1942 ਵਿੱਚ ਕਸ਼ਮੀਰ ਭੇਜਿਆ ਸੀ। ਹਿੰਦੂ ਕੱਟੜਪੰਥੀਆਂ ਵੱਲੋਂ ਬੀਜੇ ਇਹ ਕੰਡੇ ਅੱਗੇ ਹੋਰ ਵੱਡੇ ਜਖ਼ਮ ਪੈਦਾ ਕਰਦੇ ਰਹੇ ਹਨ। ਸਿਰਫ 1951 ਵਿੱਚ ਹੀ ਨਹੀਂ ਸਗੋਂ 1970 ਦੇ ਦਹਾਕੇ ਵਿੱਚ ਵੀ ਇਹਨਾਂ ਕੱਟੜਪੰਥੀਆਂ ਨੇ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ।

ਇਸਤੋਂ ਬਾਅਦ ਭਾਰਤੀ ਤੇ ਪਾਕਿਸਤਾਨੀ ਹੁਕਮਰਾਨਾਂ ਵੱਲੋਂ ਵੀ ਯੋਜਨਾਬੱਧ ਢੰਗ ਨਾਲ਼ ਕਸ਼ਮੀਰ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰ ਵੰਡੀਆਂ ਖੜੀਆਂ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ। ਪਰ ਇਹਨਾਂ ਕੋਸ਼ਿਸ਼ਾਂ ਦਾ ਉਦੋਂ ਤੱਕ ਕੋਈ ਅਸਰ ਨਾ ਵਿਖਾਈ ਦਿੱਤਾ ਜਦੋਂ ਤੱਕ ਕਿ ਕਸ਼ਮੀਰ ਵਿੱਚ ਸ਼ਾਂਤਮਈ ਮਹੌਲ ਰਿਹਾ। 1981 ਦੇ ਦਹਾਕੇ ਵਿੱਚ ਕਸ਼ਮੀਰੀ ਲੋਕਾਂ ਦੀ ਬੇਚੈਨੀ ਦੇ ਲੋਕ ਸੰਘਰਸ਼ਾਂ ਦੇ ਰੂਪ ਵਿੱਚ ਫੁੱਟਣ ਦੇ ਨਾਲ਼ ਹੀ ਇਸ ਫਿਰਕੂ ਵੰਡ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ। ਉਦੋਂ ਤੱਕ ਕਸ਼ਮੀਰੀ ਮੁਸਲਮਾਨਾਂ ਤੇ ਹਿੰਦੂਆਂ ਵਿੱਚ ਕਾਫੀ ਭਾਈਚਾਰਕ ਸਾਂਝ ਸੀ। ਅਨੇਕਾਂ ਮਸਜਿਦਾਂ ਦੇ ਅੰਦਰ ਹੀ ਹਿੰਦੂਆਂ ਦੇ ਮੰਦਰ ਬਣੇ ਹੋਏ ਸਨ। ਕੁੱਲ ਸਮਾਜ ਵਿੱਚ ਵੀ ਧਰਮ ਦਾ ਪ੍ਰਭਾਵ ਕਾਫੀ ਘੱਟ ਸੀ। ਕਸ਼ਮੀਰ ਦੀ ਅਜ਼ਾਦੀ ਲਈ 1977 ‘ਚ ਬਣੀ ਜੰਮੂ ਕਸ਼ਮੀਰ ਲਿਬਰੇਸ਼ਨ ਫੋਰਸ ਵੀ ਇੱਕ ਧਰਮ ਨਿਰਪੱਖ ਤਾਕਤ ਹੀ ਸੀ। 

80 ਦੇ ਦਹਾਕੇ ਦਾ ਖੂਨੀ ਦੌਰ ਤੇ ਕੱਟੜਪੰਥ

1951 ਤੋਂ 1981 ਦੇ ਇਸ ਅਰਸੇ ਦਰਮਿਆਨ ਦੋ ਵਰਤਾਰਿਆਂ ਨੂੰ ਸਮਝਣਾ ਜਰੂਰੀ ਹੈ। ਪਹਿਲਾ ਇਹ ਕਿ ਇਸ ਅਰਸੇ ਦੌਰਾਨ ਕਸ਼ਮੀਰੀ ਲੋਕ ਆਪਣਾ ਰੋਸ ਸ਼ਾਂਤਮਈ ਢੰਗਾਂ ਨਾਲ਼ ਜਤਾਉਂਦੇ ਰਹੇ ਜਿਹਨਾਂ ਨੂੰ ਵਾਰ-ਵਾਰ ਕੁਚਲਿਆ ਜਾਂਦਾ ਰਿਹਾ। ਇਸ ਕਰਕੇ 1981 ਤੋਂ ਬਾਅਦ ਕਸ਼ਮੀਰ ਵਿੱਚ ਹਥਿਆਰਬੰਦ ਸੰਘਰਸ਼ ਦੀ ਸ਼ੁਰੂਆਤ ਹੋ ਗਈ। ਜੇਕੇਐਲਐੱਫ ਦੇ ਆਗੂ 1984 ਵਿੱਚ ਮਕਬੂਲ ਬੱਟ ਦੇ ਫਾਂਸੀ ਲੱਗਣ ਤੋਂ ਬਾਅਦ ਦਹਾਕੇ ਦੇ ਮਗਰਲੇ ਅੱਧ ਵਿੱਚ ਇਹ ਸੰਘਰਸ਼ ਹੋਰ ਵੀ ਖੂਨੀ ਹੋ ਗਿਆ। ਇਸੇ ਦੌਰਾਨ ਹੀ ਮੁਸਲਿਮ ਕੱਟੜਪੰਥੀ ਦਹਿਸ਼ਤਗਰਦ ਤਾਕਤਾਂ ਦਾ ਉਭਾਰ ਹੁੰਦਾ ਹੈ ਤੇ ਪਾਕਿਸਤਾਨ ਵੱਲੋਂ ਵੀ ਮੁਜਾਹਿਦੀਨ ਭੇਜੇ ਜਾਂਦੇ ਹਨ। ਦੂਜਾ, ਕਸ਼ਮੀਰ ਵਿੱਚ ਨੌਕਰਸ਼ਾਹੀ ਤੇ ਅਫਸਰਸ਼ਾਹੀ ਵਿੱਚ ਵੱਡੇ ਪੱਧਰ ‘ਤੇ ਭਰਤੀ ਹਿੰਦੂਆਂ ਵਿੱਚੋਂ ਹੀ ਹੋਈ। ਜਦੋਂ 1981 ਤੋਂ ਬਾਅਦ ਭਾਰਤੀ ਸੱਤਾ ਨਾਲ਼ ਖੂਨੀ ਜੱਦੋ-ਜਹਿਦ ਦੀ ਸ਼ੁਰੂਆਤ ਹੋਈ ਤਾਂ ਇਸ ਵਿੱਚ ਭਾਰਤੀ ਹਕੂਮਤ ਦੇ ਅਫਸਰਾਂ, ਨੌਕਰਸ਼ਾਹਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਣ ਲੱਗਾ। ਇਹਨਾਂ ਦੇ ਹਿੰਦੂ ਹੋਣ ਕਾਰਨ ਇੱਕ ਵਾਰ ਫੇਰ ਹਿੰਦੂ ਕੱਟੜਪੰਥੀਆਂ ਨੂੰ ਇਸਨੂੰ ਮੁਸਲਮਾਨਾਂ ਵੱਲੋਂ ਹਿੰਦੂਆਂ ਦੇ ਕਤਲ ਬਣਾ ਕੇ ਪੇਸ਼ ਕਰਨ ਦਾ ਬਹਾਨਾ ਮਿਲ਼ ਗਿਆ। ਇਹਨਾਂ ਦੋਹਾਂ ਹੀ ਕਾਰਨਾਂ ਨੇ ਕਸ਼ਮੀਰ ਦੀਆਂ ਖਾੜਕੂ ਤਾਕਤਾਂ ਵਿੱਚ ਮੁਸਲਿਮ ਕੱਟੜਪੰਥ ਨੂੰ ਵਧਾਉਣ ਦਾ ਕੰਮ ਕੀਤਾ ਜਿਸਦਾ ਨਤੀਜਾ 1990 ਦੀਆਂ ਘਟਨਾਵਾਂ ਵਿੱਚ ਨਿੱਕਲ਼ਿਆ।

ਕਸ਼ਮੀਰੀ ਪੰਡਤਾਂ ਨਾਲ਼ ਕੀ ਵਾਪਰਿਆ?

1989 ਤੋਂ 1992 ਤੱਕ ਦਾ ਸਮਾਂ ਕਸ਼ਮੀਰ ਵਿੱਚ ਜਬਰਦਸਤ ਖੂਨੀ ਉੱਥਲ-ਪੁੱਥਲ ਦਾ ਦੌਰ ਦਾ ਸਿਖਰ ਰਿਹਾ। ਇਸੇ ਦੌਰ ਵਿੱਚ ਹੀ ਮੁਸਲਿਮ ਕੱਟੜਪੰਥੀਆਂ ਵੱਲੋਂ ਹਿੰਦੂਆਂ ਨੂੰ ਧਮਕੀਆਂ ਦਿੱਤੀਆਂ ਗਈਆਂ ਜਿਸਦੇ ਨਤੀਜੇ ਵਜੋਂ 19 ਜਨਵਰੀ 1990 ਦੀ ਰਾਤ ਤੋਂ ਬਾਅਦ ਵੱਡੀ ਗਿਣਤੀ ਵਿੱਚ ਕਸ਼ਮੀਰੀ ਪੰਡਤਾਂ ਨੂੰ ਕਸ਼ਮੀਰ ਛੱਡਣਾ ਪਿਆ। ਪਰ ਇਸ ਪਿੱਛੇ ਮੁਸਲਿਮ ਕੱਟੜਪੰਥੀਆਂ ਦੀਆਂ ਧਮਕੀਆਂ ਨਾਲ਼ੋਂ ਭਾਰਤੀ ਹਕੂਮਤ ਦੀਆਂ ਨੀਤੀਆਂ ਜ਼ਿਆਦਾ ਜ਼ਿੰਮੇਵਾਰ ਸਨ। 1984 ਵਿੱਚ ਕਾਂਗਰਸ ਸਰਕਾਰ ਵੱਲੋਂ ਜਗਮੋਹਨ ਨੂੰ ਕਸ਼ਮੀਰ ਦਾ ਗਵਰਨਰ ਬਣਾਇਆ ਗਿਆ। ਜਦੋਂ 1990 ਵਿੱਚ ਕਸ਼ਮੀਰੀ ਪੰਡਤ ਦਹਿਸ਼ਤ ਦੇ ਮਹੌਲ ਵਿੱਚ ਸਨ ਤਾਂ ਉਸ ਵੇਲ਼ੇ ਦੇ ਇੱਕ ਪ੍ਰਸ਼ਾਸਨਿਕ ਅਧਿਕਾਰੀ ਵਜਾਹਤ ਹਬੀਬਉੱਲਾ ਨੇ ਕਸ਼ਮੀਰੀ ਮੁਸਲਮਾਨਾਂ ਵੱਲੋਂ ਹਿੰਦੂਆਂ ਦੀ ਮਦਦ ਦੀ ਪੇਸ਼ਕਸ਼ ਕੀਤੇ ਜਾਣ ਤੋਂ ਬਾਅਦ ਗਵਰਨਰ ਜਗਮੋਹਨ ਨਾਲ਼ ਗੱਲ ਕੀਤੀ ਕਿ ਉਹ ਟੀਵੀ ਉੱਪਰ ਬਿਆਨ ਜਾਰੀ ਕਰਕੇ ਮੁਸਲਮਾਨਾਂ ਨੂੰ ਹਿੰਦੂਆਂ ਦੀ ਮਦਦ ਕਰਨ ਲਈ ਕਹਿਣ, ਪਰ ਉਸਨੇ ਅਜਿਹਾ ਕੋਈ ਬਿਆਨ ਜਾਰੀ ਨਹੀਂ ਕੀਤਾ। ਸਗੋਂ ਇਸਦੇ ਉਲਟ ਉਸਨੇ ਬਿਆਨ ਦਿੱਤਾ ਕਿ ਸਰਕਾਰ ਕਸ਼ਮੀਰ ਵਿਚਲੇ ਹਿੰਦੂਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨਹੀਂ ਲੈ ਸਕਦੀ, ਇਸਦੇ ਉਲਟ ਕਸ਼ਮੀਰ ਛੱਡਣ ਵਾਲੇ ਹਿੰਦੂਆਂ ਲਈ ਖਾਸ ਪ੍ਰਬੰਧ ਕੀਤੇ ਜਾਣਗੇ ਤੇ ਪ੍ਰਸ਼ਾਸ਼ਨ ਵਿਚਲੇ ਹਿੰਦੂਆਂ ਦੀਆਂ ਤਨਖਾਹਾਂ, ਪੈਨਸ਼ਨਾਂ ਉਸੇ ਤਰਾਂ ਬਰਕਰਾਰ ਰੱਖੀਆਂ ਜਾਣਗੀਆਂ। ਉਸਨੇ ਹਿੰਦੂਆਂ ਦੇ ਕਸ਼ਮੀਰ ਛੱਡਣ ਲਈ ਵਾਹਨਾਂ ਦਾ ਵੀ ਪ੍ਰਬੰਧ ਕੀਤਾ। ਕਿਹਾ ਜਾਂਦਾ ਹੈ ਕਿ ਇਸ ਪਿੱਛੇ ਸਰਕਾਰ ਦੀ ਨੀਅਤ ਇਹ ਸੀ ਕਿ ਹਿੰਦੂਆਂ ਦੇ ਕਸ਼ਮੀਰ ਵਿੱਚ ਨਿੱਕਲਣ ਮਗਰੋਂ ਉਹਨਾਂ ਲਈ ਬਾਗੀ ਮੁਸਲਮਾਨਾਂ ਨਾਲ਼ ਸਿੱਝਣਾ ਸੌਖਾ ਹੋ ਜਾਵੇਗਾ। ਇੱਥੋਂ ਸੌਖ ਨਾਲ਼ ਸਮਝਿਆ ਜਾ ਸਕਦਾ ਹੈ ਕਿ ਭਾਰਤੀ ਹਕੂਮਤ ਹਿੰਦੂਆਂ ਦੀ ਹਿਜਰਤ ਲਈ ਵਧੇਰੇ ਜਿੰਮੇਵਾਰ ਸੀ। ਆਖਰ ਜੋ ਸਰਕਾਰ ਕਸ਼ਮੀਰ ਵਿੱਚ ਅੱਤਵਾਦ ਨਾਲ਼ ਸਿੱਝਣ ਦੇ ਨਾਮ ‘ਤੇ 7 ਲੱਖ ਫੌਜ ਲਾ ਸਕਦੀ ਹੈ, ਅਫਸਪਾ ਜਿਹੇ ਕਨੂੰਨ ਲਾਗੂ ਕਰ ਸਕਦੀ ਹੈ ਭਲਾ ਉਹ ਹਿੰਦੂ ਅਬਾਦੀ ਦੀ ਸੁਰੱਖਿਆ ਦੇ ਪ੍ਰਬੰਧ ਕਿਉਂ ਨਹੀਂ ਸੀ ਕਰ ਸਕਦੀ? ਜਗਮੋਹਨ ਦਾ ਦੌਰ ਕਸ਼ਮੀਰ ਲਈ ਸਭ ਤੋਂ ਬੁਰਾ ਦੌਰ ਸਾਬਤ ਹੋਹਿਆ। ਮੁੜ ਜਗਮੋਹਨ ਭਾਜਪਾ ‘ਚ ਸ਼ਾਮਲ ਹੋ ਗਿਆ ਤੇ ਉਸਨੂੰ ਆਪਣੇ ਕਾਰਿਆ ਲਈ ਪਦਮ ਭੂਸ਼ਣ ਜਿਹੇ ਸਨਮਾਨ ਵੀ ਮਿਲ਼ੇ।

ਇਸ ਤਰਾਂ ਕਸ਼ਮੀਰੀ ਹਿੰਦੂਆਂ ਨੂੰ ਕਸ਼ਮੀਰ ਛੱਡਣਾ ਪਿਆ, ਪਰ ਇਹ ਗਿਣਤੀ 7 ਤੋਂ 10 ਲੱਖ ਜਿੰਨੀ ਵੱਡੀ ਨਹੀਂ ਸੀ। 1951 ਤੱਕ ਦੀ ਅਬਾਦੀ ਦੇ ਅੰਕੜਿਆਂ ਨੂੰ ਧਿਆਨ ਵਿੱਚ ਰੱਖਦਿਆਂ ਮਾਹਿਰਾਂ ਦੇ ਅਨੁਮਾਨ ਮੁਤਾਬਕ 1990 ਵਿੱਚ ਕਸ਼ਮੀਰੀ ਪੰਡਤਾਂ ਦੀ ਗਿਣਤੀ ਵੱਧ ਤੋਂ ਵੱਧ 1.5 ਲੱਖ ਦੇ ਆਸ-ਪਾਸ ਹੋਵੇਗੀ, ਇਸ ਲਈ 7-10 ਲੱਖ ਦੇ ਅੰਕੜੇ ਵਧਾ-ਚੜਾ ਕੇ ਪੇਸ਼ ਕੀਤੇ ਗਏ ਹਨ। 2011 ਦੀ ਭਾਰਤ ਦੀ ਜਨਗਣਨਾ ਵਿੱਚੋਂ ਜੰਮੂ ਕਸ਼ਮੀਰ ਦੀ ਅਬਾਦੀ ਸਬੰਧੀ 30 ਦਸਬੰਰ ਦੇ ਇੰਡੀਅਨ ਐਕਸਪ੍ਰੈੱਸ ਅਖਬਾਰ ਵਿੱਚ ਅੰਕੜੇ ਛਪੇ ਹਨ। ਇਹਨਾਂ ਅੰਕੜਿਆਂ ਮੁਤਾਬਕ 1961 ਤੋਂ 2011 ਦਰਮਿਆਨ ਜੰਮੂ ਤੇ ਕਸ਼ਮੀਰ ਦੀ ਹਿੰਦੂ ਤੇ ਮੁਸਲਿਮ ਅਬਾਦੀ ਦੇ ਅਨੁਪਾਤ ਵਿੱਚ ਕੋਈ ਜ਼ਿਕਰਯੋਗ ਤਬਦੀਲੀ ਨਹੀਂ ਆਈ ਹੈ। 1961 ਵਿੱਚ ਮੁਸਲਿਮ ਅਬਾਦੀ 68.31 ਫੀਸਦੀ ਤੇ ਹਿੰਦੂ ਅਬਾਦੀ 28.45 ਫੀਸਦੀ ਸੀ ਤੇ 2011 ਵਿੱਚ ਮੁਸਲਿਮ ਅਬਾਦੀ 68.31 ਫੀਸਦੀ ਤੇ ਹਿੰਦੂ ਅਬਾਦੀ 28.43 ਫੀਸਦੀ ਹੈ। ਜੰਮੂ ਕਸ਼ਮੀਰ ਵਿੱਚ ਵਿੱਚ ਕੁੱਲ 14 ਜ਼ਿਲੇ ਹਨ ਜਿਹਨਾਂ ਵਿੱਚ 6 ਜ਼ਿਲੇ ਕਸ਼ਮੀਰ ਵਿੱਚ ਹਨ। 2001 ਤੋਂ 2011 ਦਰਮਿਆਨ ਕਸ਼ਮੀਰ ਦੇ ਇਹਨਾਂ ਜਿਲਿਆਂ ਵਿੱਚੋਂ 5 ਜ਼ਿਲਿਆਂ ਵਿੱਚ ਮੁਸਲਮਾਨਾਂ ਦੀ ਅਬਾਦੀ ਘਟੀ ਹੈ ਤੇ ਹਿੰਦੂਆਂ ਦੀ ਅਬਾਦੀ ਵਧੀ ਹੈ। ਇਕੱਲੇ ਸ਼੍ਰੀਨਗਰ ਵਿੱਚ ਇਸ ਨਾਲ਼ੋਂ ਉਲਟ ਰੁਝਾਨ ਹੈ, ਭਾਵ ਉੱਥੇ ਮੁਸਲਮਾਨਾਂ ਦੀ ਅਬਾਦੀ ਵਧੀ ਹੈ ਤੇ ਹਿੰਦੂਆਂ ਦੀ ਘਟੀ ਹੈ। ਇਹਨਾਂ ਸਭ ਜਿਲਿਆਂ ਵਿੱਚ ਅਬਾਦੀ ਦੇ ਵਾਧੇ-ਘਾਟੇ ਦੀ ਦਰ 1 ਫੀਸਦੀ ਦੇ ਆਸ-ਪਾਸ ਹੀ ਰਹੀ ਹੈ ਤੇ ਕੁੱਲ ਮਿਲ਼ਾ ਕੇ ਹਿੰਦੂ ਅਬਾਦੀ ਵਿੱਚ ਵਾਧਾ ਹੀ ਹੋਇਆ ਹੈ।

ਇਸਦੇ ਨਾਲ਼ ਹੀ ਪ੍ਰਚਾਰੀ ਜਾਂਦੀ ਇਹ ਧਾਰਨਾ ਵੀ ਝੂਠੀ ਹੀ ਹੈ ਕਿ ਕਸ਼ਮੀਰ ਵਿੱਚ ਹਜ਼ਾਰਾਂ ਹਿੰਦੂਆਂ ਦੀ ਨਸਲਕੁਸ਼ੀ ਕੀਤੀ ਗਈ ਸੀ। ਜੰਮੂ ਕਸ਼ਮੀਰ ਦੀ ਸਰਕਾਰ ਮੁਤਾਬਕ 1989 ਤੋਂ 2004 ਦਰਮਿਆਨ ਕਤਲ ਹੋਏ ਹਿੰਦੂਆਂ ਦੀ ਗਿਣਤੀ 219 ਹੈ, ਜਦਕਿ ਕਸ਼ਮੀਰੀ ਪੰਡਤਾਂ ਦੀ ਇੱਕ ਸੰਸਥਾ ਮੁਤਾਬਕ ਇਹ ਗਿਣਤੀ 650 ਹੈ। ਪਰ ਇਹਨਾਂ ਕਤਲਾਂ ਨੂੰ ਵੀ ਨਸਲਕੁਸ਼ੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਪਹਿਲੀ ਗੱਲ ਇਹਨਾਂ ਕਤਲਾਂ ਵਿੱਚ ਇੱਕ ਵੱਡਾ ਹਿੱਸਾ ਖਾੜਕੂਆਂ ਹੱਥੋਂ ਅਫਸਰ, ਨੌਕਰਸ਼ਾਹ ਹੋਣ ਕਾਰਨ ਮਾਰਿਆ ਗਿਆ, ਨਾ ਕਿ ਹਿੰਦੂ ਹੋਣ ਕਾਰਨ। ਅਤੇ ਅਜਿਹੇ ਕਤਲਾਂ ਦੇ ਸ਼ਿਕਾਰ ਹੋਏ ਅਫਸਰਾਂ, ਨੌਕਰਸ਼ਾਹਾਂ ਵਿੱਚ ਮੁਸਲਮਾਨ ਵੀ ਸਨ। ਦੂਜੀ ਗੱਲ, ਬੇਸ਼ੱਕ ਇਹਨਾਂ ਕਤਲਾਂ ਵਿੱਚ ਇੱਕ ਹਿੱਸਾ ਵੱਖ-ਵੱਖ ਘਟਨਾਵਾਂ ਵਿੱਚ ਧਾਰਮਿਕ ਪਛਾਣ ਤਹਿਤ ਮਾਰੇ ਗਏ ਹਿੰਦੂਆਂ ਦਾ ਵੀ ਸੀ, ਪਰ ਨਸਲਕੁਸ਼ੀ ਦੀ ਪਰਿਭਾਸ਼ਾ ਮੁਤਾਬਕ ਨਾ ਤਾਂ ਮਾਰੇ ਗਏ ਹਿੰਦੂ ਵੱਡੀ ਗਿਣਤੀ ਵਿੱਚ ਸਨ ਤੇ ਨਾ ਹੀ ਉਹਨਾਂ ਦਾ ਯੋਜਨਾਬੱਧ ਢੰਗ ਨਾਲ਼ ਕਤਲੇਆਮ ਕੀਤਾ ਗਿਆ ਸੀ। ਤੀਜਾ ਕਾਰਨ ਇਹ ਬਣਦਾ ਹੈ ਕਿ ਭਾਵੇਂ ਇੱਕ ਹਿੰਦੂ ਅਬਾਦੀ ਦਾ ਵੱਡਾ ਹਿੱਸਾ ਕਸ਼ਮੀਰ ਛੱਡ ਗਿਆ ਸੀ ਪਰ ਇੱਕ ਹਿੱਸਾ ਉੱਥੇ ਹੀ ਰਿਹਾ, ਜੇ ਕਸ਼ਮੀਰ ‘ਚ ਹਿੰਦੂਆਂ ਦੀ ਨਸਲਕੁਸ਼ੀ ਹੋ ਰਹੀ ਹੁੰਦੀ ਤਾਂ ਇਹ ਅਬਾਦੀ ਉੱਥੇ ਜਿਉਂਦੀ ਨਾ ਰਹਿੰਦੀ। ਇਸ ਵੇਲ਼ੇ ਵੀ ਕਸ਼ਮੀਰ ਵਿੱਚ 3000 ਤੋਂ ਵੱਧ ਹਿੰਦੂ ਪਰਿਵਾਰ ਰਹਿ ਰਹੇ ਹਨ। ਇਸ ਵਿੱਚ ਸਮਝਣ ਵਾਲ਼ੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਹਿੰਦੂਆਂ ਨਾਲ਼ ਜੋ ਵੀ ਹੋਇਆ ਉਸ ਲਈ ਭਾਰਤੀ ਤੇ ਪਾਕਿਸਤਾਨ ਦੇ ਹੁਕਮਰਾਨ ਤੇ ਧਾਰਮਿਕ ਕੱਟੜਪੰਥੀ ਖਾੜਕੂ ਜਿੰਮੇਵਾਰ ਸਨ ਨਾ ਕਿ ਕਸ਼ਮੀਰ ਦੀ ਆਮ ਮੁਸਲਿਮ ਅਬਾਦੀ, ਸਗੋਂ ਆਮ ਮੁਸਲਿਮ ਅਬਾਦੀ ਨੇ ਇਹਨਾਂ ਹਿੰਦੂਆਂ ਦੀ ਮਦਦ ਕੀਤੀ ਜਿਸ ਕਾਰਨ ਉਹ ਅੱਜ ਤੱਕ ਕਸ਼ਮੀਰ ਵਿੱਚ ਰਹਿ ਰਹੇ ਹਨ।

ਕਸ਼ਮੀਰ ਦੇ ਹਿੰਦੂਆਂ ਨੂੰ ਉਜਾੜੇ, ਕਤਲ ਤੇ ਹੋਰ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ, ਪਰ ਇਸਦੇ ਜ਼ਿੰਮੇਵਾਰ ਕਸ਼ਮੀਰ ਦੇ (ਮੁਸਲਿਮ) ਲੋਕ ਨਹੀਂ ਸਗੋਂ ਪਾਕਿਸਤਾਨ ਤੇ ਭਾਰਤ ਦੇ ਹੁਕਮਰਾਨ ਤੇ ਕੱਟੜਪੰਥੀ ਤਾਕਤਾਂ ਸਨ। ਕਸ਼ਮੀਰ ਛੱਡ ਕੇ ਜਾਣ ਵਾਲ਼ੇ ਹਿੰਦੂ ਜੰਮੂ, ਦਿੱਲੀ ਤੇ ਹੋਰ ਸੂਬਿਆਂ ਵਿੱਚ ਜਾ ਵਸੇ। ਇਹਨਾਂ ਵਿੱਚੋਂ ਕਈਆਂ ਨੂੰ ਭਾਰਤੀ ਹਕੂਮਤ ਨੇ ਵਿਸ਼ੇਸ਼ ਸਹੂਲਤਾਂ ਵੀ ਮੁਹੱਈਆਂ ਕਰਵਾਈਆਂ, ਪਰ ਵੱਡੇ ਹਿੱਸੇ ਲਈ ਸਰਕਾਰ ਨੇ ਵਸੇਵੇਂ, ਰੁਜ਼ਗਾਰ ਆਦਿ ਦੇ ਕੋਈ ਠੋਸ ਪ੍ਰਬੰਧ ਨਾ ਕੀਤੇ ਜਿਸ ਕਾਰਨ ਇਹਨਾਂ ਦੀਆਂ ਤਕਲੀਫਾਂ ਵਿੱਚ ਵਾਧਾ ਹੋਇਆ। ਹਿੰਦੂ ਕੱਟੜਪੰਥੀਆਂ ਨੇ ਕਸ਼ਮੀਰੀ ਪੰਡਤਾਂ ਨੂੰ ਭੜਕਾਉਣ ਤੇ ਇਸ ਮਸਲੇ ਨੂੰ ਹਵਾ ਦੇਣ ਵਿੱਚ ਪੂਰੀ ਵਾਹ ਲਾਈ, ਪਰ ਉਹਨਾਂ ਸ਼ਰਨਾਰਥੀ ਕਸ਼ਮੀਰੀ ਪੰਡਤਾਂ ਦੀ ਆਰਥਿਕ ਮਦਦ ਲਈ ਕਦੇ ਵੀ ਕੁੱਝ ਨਹੀਂ ਕੀਤਾ। ਇਹ ਕਸ਼ਮੀਰ ਦੇ ਹਿੰਦੂਆਂ ਦੀ ਹੋਣੀ ਹੈ ਜਿਸਦੇ ਇਤਿਹਾਸਕ ਕਾਰਨਾਂ ਤੇ ਅਸਲ ਸਥਿਤੀ ਦੀ ਅਸੀਂ ਚਰਚਾ ਕਰ ਚੁੱਕੇ ਹਾਂ। ਇਹ ਇਸ ਲਈ ਜਰੂਰੀ ਸੀ ਕਿਉਂਕਿ ਕਸ਼ਮੀਰ ਵਿੱਚ ਇਹਨਾਂ ਨਾਲ਼ ਹੋਏ ਵਿਤਕਰੇ ਤੇ ਧੱਕੇਸ਼ਾਹੀ ਨੂੰ ਵਧਾ-ਚੜਾ ਕੇ ਪ੍ਰਚਾਰਨ ਰਾਹੀਂ ਭਾਰਤੀ ਲੋਕਾਂ ਵਿੱਚ ਕਸ਼ਮੀਰ ਦੇ ਆਮ ਲੋਕਾਂ ਪ੍ਰਤੀ ਨਫਰਤ ਖੜੀ ਕੀਤੀ ਜਾਂਦੀ ਹੈ, ਸਗੋਂ ਇਸ ਤੋਂ ਵੱਧ ਇਸ ਰਾਹੀਂ ਭਾਰਤੀ ਹਕੂਮਤ ਵੱਲੋਂ ਕਸ਼ਮੀਰੀ ਲੋਕਾਂ ਉੱਪਰ ਕੀਤੇ ਜਾਂਦੇ ਜ਼ਬਰ ਨੂੰ ਜਾਇਜ ਠਹਿਰਾਇਆ ਜਾਂਦਾ ਹੈ। ਇਸ ਢੰਗ ਰਾਹੀਂ ਕਸ਼ਮੀਰ ਦੇ ਪੀੜਤ ਲੋਕਾਂ ਨੂੰ ਹੀ ਦੋਸ਼ੀ ਬਣਾ ਕੇ ਪੇਸ਼ ਕੀਤਾ ਜਾਂਦਾ ਰਿਹਾ ਹੈ।

ਕਸ਼ਮੀਰੀ ਮੁਸਲਮਾਨਾਂ ਨਾਲ਼ ਕੀ ਵਾਪਰਿਆ?

ਇਹ ਵੀ ਧਿਆਨ ‘ਚ ਰੱਖਣਾ ਚਾਹੀਦਾ ਹੈ ਕਿ ਕਸ਼ਮੀਰੀ ਹਿੰਦੂਆਂ ਦੇ ਕਤਲ ਤੇ ਉਜਾੜੇ ਦੀਆਂ ਘਟਨਾਵਾਂ ਉਸ ਦੌਰ ਵਿੱਚ ਵਾਪਰੀਆਂ ਹਨ ਜਿਸ ਵਿੱਚ ਪੂਰਾ ਕਸ਼ਮੀਰ ਹੀ ਸੜ ਰਿਹਾ ਸੀ। 1989 ਤੋਂ ਲੈ ਕੇ ਹੁਣ ਤੱਕ ਕਸ਼ਮੀਰ ਵਿੱਚ 70,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ, 8,000 ਦੇ ਕਰੀਬ ਲਾਪਤਾ ਹਨ, ਹਜ਼ਾਰਾਂ ਲੋਕਾਂ ਦੀਆਂ ਗੁੰਮਨਾਮ ਸਮੂਹਿਕ ਕਬਰਾਂ ਮਿਲ਼ੀਆਂ ਹਨ, ਹਜ਼ਾਰਾਂ ਔਰਤਾਂ ਵਿਧਵਾ ਹੋਈਆਂ, ਲੱਖਾਂ ਬੱਚੇ ਅਪਾਹਿਜ ਤੇ ਯਤੀਮ ਹੋਏ ਹਨ। ਇਹਨਾਂ ਵਿੱਚ ਅਨੇਕਾਂ ਸਮੂਹਿਕ ਕਤਲ ਦੀਆਂ ਘਟਨਾਵਾਂ ਹਨ, 1992 ਦਾ ਕੁਨਾਨ-ਪੋਸ਼ਪੋਰਾ ਦੀਆਂ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਹਨ। ਇਹਨਾਂ ਸਭ ਦੇ ਪੀੜਤ ਮੁਸਲਮਾਨ ਹਨ। ਇਸ ਤਰਾਂ ਕਸ਼ਮੀਰ ਦੇ ਸੰਤਾਪ ਦੇ ਪੀੜਤ ਇਕੱਲੇ ਹਿੰਦੂ ਨਹੀਂ ਸਗੋਂ ਮੁਸਲਮਾਨ ਤੇ ਕਸ਼ਮੀਰ ਵਿੱਚ ਮੌਜੂਦ ਹੋਰ ਸਭ ਫਿਰਕਿਆਂ ਦੇ ਲੋਕ ਹਨ। ਅਸਲ ‘ਚ ਕਸ਼ਮੀਰ ਦੇ ਮੁਸਲਮਾਨਾਂ ਦੀ ਪੀੜ ਹਿੰਦੂਆਂ ਨਾਲ਼ੋਂ ਕਿਤੇ ਜ਼ਿਆਦਾ ਹੈ। ਕਸ਼ਮੀਰੀ ਪੰਡਤਾਂ ਦੇ ਇੱਕ ਹਿੱਸੇ ਨੂੰ ਸਰਕਾਰ ਵੱਲੋਂ ਕਈ ਰਿਆਇਤਾਂ ਮਿਲ਼ੀਆਂ ਹਨ ਤੇ ਨਾਲ਼ ਹੀ ਭਾਰਤੀ ਨਾਗਰਿਕਾਂ ਦੀ ਹਮਦਰਦੀ ਵੀ ਹਾਸਿਲ ਹੋਈ ਹੈ। ਪਰ ਕਸ਼ਮੀਰ ਦੇ ਮੁਸਲਮਾਨਾਂ ਨੂੰ ਹੁਣ ਵੀ ਕਸ਼ਮੀਰ ਤੋਂ ਬਾਹਰ ਵੀ ਕਈ ਤਰਾਂ ਦੇ ਸੰਤਾਪ ਹੰਢਾਉਣੇ ਪੈਂਦੇ ਹਨ। ਉਹਨਾਂ ਨਾਲ਼ ਬਦਸਲੂਕੀ, ਕੁੱਟਮਾਰ ਹੁੰਦੀ ਹੈ, ਖੁਫੀਆ ਏਜੰਸੀਆਂ ਲਗਾਤਾਰ ਉਹਨਾਂ ਉੱਪਰ ਨਜ਼ਰ ਰੱਖਦੀਆਂ ਹਨ ਤੇ ਉਹਨਾਂ ਲਈ ਦੋਸਤ ਬਣਾਉਣੇ, ਇੱਕ ਆਮ ਨਾਗਰਿਕ ਵਾਂਗ ਜ਼ਿੰਦਗੀ ਜਿਉਣਾ ਔਖਾ ਹੁੰਦਾ ਹੈ। ਜੇ ਹਿੰਦੂਆਂ ਨੂੰ ਆਪਣੀ ਧਰਤੀ ਛੱਡਣੀ ਪਈ ਤਾਂ ਕਸ਼ਮੀਰੀ ਮੁਸਲਮਾਨ ਆਪਣੇ ਹੀ ਘਰਾਂ ਅੰਦਰ ਜੇਲ ਤੇ ਤਸੀਹਾਘਰ ਜਿਹੀ ਜ਼ਿੰਦਗੀ ਜਿਉਂ ਰਹੇ ਹਨ। 

1993 ਤੋਂ ਬਾਅਦ ਸ਼ਾਂਤੀ ਦੇ ਮੰਨੇ ਜਾਂਦੇ ਦੌਰ ਵਿੱਚ ਵੀ ਭਾਰਤੀ ਹੁਕਮਰਾਨਾਂ ਨੇ ਕਸ਼ਮੀਰ ਦੀ ਫਿਜਾ ਵਿੱਚ ਫਿਰਕੂ ਜ਼ਹਿਰ ਘੋਲਣ ਦੀਆਂ ਕੋਸ਼ਿਸਾਂ ਨਹੀਂ ਛੱਡੀਆਂ। 2009 ਦਾ ਅਮਰਨਾਥ ਮੁੱਦਾ ਵੀ ਇਸਦੀ ਉਦਾਹਰਨ ਸੀ। ਜਿਸ ਵਿੱਚ ਬਹੁਤ ਘੱਟ ਵਰਤੋਂ ਵਿੱਚ ਆਉਂਦੇ ਤੇ ਔਖੇ ਰਾਹ ਨੂੰ ਮਾਹਿਰਾਂ ਦੀ ਰਾਇ ਦੇ ਵਿਰੁੱਧ ਜਾ ਕੇ ਜਾਣ-ਬੁੱਝ ਕੇ ਵਰਤੋਂ ਵਿੱਚ ਲਿਆਉਣ ਲਈ ਯਤਨ ਕੀਤੇ ਗਏ ਤੇ ਇਸ ਲਈ ਜ਼ਮੀਨ ਅਲਾਟ ਕੀਤੀ ਗਈ। ਇਹੋ ਜਿਹੀਆਂ ਸਾਜਿਸ਼ਾਂ ਅੱਜ ਵੀ ਜਾਰੀ ਹਨ। ਜੰਮੂ ਵਿੱਚ ਰਾਸ਼ਟਰੀ ਸਵੈਸੇਵਕ ਸੰਘ ਲਗਾਤਾਰ ਪੈਰ ਪਸਾਰ ਰਹੀ ਹੈ। ਜੰਮੂ ਕਸ਼ਮੀਰ ਵਿੱਚ ਪਹਿਲੀ ਵਾਰ ਭਾਜਪਾ ਦੇ ਗੱਠਜੋੜ ਵਾਲੀ ਸਰਕਾਰ ਬਣੀ ਹੈ। ਹਾਲੇ ਕੱਲ ਹੀ 2009 ਦੇ ਦਿੱਲੀ ਬੰਬ ਧਮਾਕੇ ਦੇ ਸ਼ੱਕ ਵਿੱਚ ਦੋ ਕਸ਼ਮੀਰੀ ਮੁਸਲਮਾਨਾਂ ਰਫੀਕ ਸ਼ਾਹ ਤੇ ਹੁਸੈਨ ਫਾਜਿਲੀ ਨੂੰ ਬੇਦੋਸ਼ੇ ਹੋਣ ਦੇ ਬਾਵਜੂਦ 8 ਸਾਲ ਦੀ ਕੈਦ ਕੱਟਣੀ ਪਈ। ਅਫਜਲ ਗੁਰੂ ਨੂੰ ਬਿਨਾਂ ਸਬੂਤੋਂ ਸਿਰਫ ਕਸ਼ਮੀਰੀ ਹੋਣ ਕਾਰਨ “ਰਾਸ਼ਟਰ ਦੀਆਂ ਭਾਵਨਾਵਾਂ ਦੀ ਸੰਤੁਸ਼ਟੀ” ਦੇ ਨਾਮ ‘ਤੇ ਫਾਂਸੀ ਦਿੱਤੀ ਗਈ। ਦੂਜੇ ਪਾਸੇ ਇਸ ਸਾਰੇ ਸਮੇਂ ਦੌਰਾਨ ਕਸ਼ਮੀਰੀ ਮੁਸਲਮਾਨ ਉੱਥੇ ਰਹਿ ਰਹੇ ਹਿੰਦੂਆਂ ਦੀ ਮਦਦ ਕਰਦੇ ਰਹੇ ਹਨ। ਪਿਛਲੇ ਸਾਲ ਦੇ ਹਿੰਸਾ ਦੇ ਦੌਰ ਵਿੱਚ ਵੀ ਉਹਨਾਂ ਨੇ ਅਮਰਨਾਥ ਯਾਤਰੀਆਂ ਦੀ ਮਦਦ ਕਰਨ ਤੋਂ ਕੰਨੀ ਨਹੀਂ ਕਤਰਾਈ ਤੇ ਹੁਣ ਸ਼ਿਵਰਾਤਰੀ ਦੇ ਮੌਕੇ ਸ਼੍ਰੀਨਗਰ ਦੇ ਨੇੜੇ ਮੁਸਲਮਾਨਾਂ ਨੇ ਹਿੰਦੂਆਂ ਲਈ ਮੰਦਰ ਨੂੰ ਖੋਲਿਆ ਤੇ ਉਸਦੀ ਸਫਾਈ ਕੀਤੀ। ਮਤਲਬ ਕਸ਼ਮੀਰ ਦੇ ਲੋਕਾਂ ਲਈ ਹਿੰਦੂ-ਮੁਸਲਿਮ ਵਿੱਚ ਉਸ ਤਰਾਂ ਦੀ ਨਫਰਤ ਨਹੀਂ ਹੈ ਜਿਵੇਂ ਕਿ ਪ੍ਰਚਾਰ ਕੀਤਾ ਜਾਂਦਾ ਹੈ।

ਅਸਲ ਵਿੱਚ ਪੂਰਾ ਮਾਮਲਾ ਕਸ਼ਮੀਰ ਉੱਪਰ ਕੀਤੇ ਗਏ ਜਬਰੀ ਕਬਜੇ ਨੂੰ ਬਰਕਰਾਰ ਰੱਖਣ ਤੇ ਆਪਣੀ ਅਜ਼ਾਦੀ ਲਈ ਜੂਝ ਰਹੇ ਲੋਕਾਂ ਦੇ ਵਿਦਰੋਹਾਂ ਨੂੰ ਕੁਚਲਣ ਦਾ ਹੈ। ਕਸ਼ਮੀਰ ਵਿੱਚ ਹੁੰਦੇ ਇਸ ਜਬਰ ਲਈ ਭਾਰਤੀ ਹਕੂਮਤ ਦੇਸ਼ ਦੇ ਲੋਕਾਂ ਤੋਂ ਸਹਿਮਤੀ ਹਾਸਲ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਇਸਦੇ ਲਈ ਕਸ਼ਮੀਰ ਦੇ ਪੀੜਤਾਂ ਨੂੰ ਹੀ ਵੱਖ-ਵੱਖ ਢੰਗਾਂ ਨਾਲ਼ ਦੋਸ਼ੀ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤੇ ਇੰਝ ਆਪਣੇ ਵੱਲੋਂ ਕੀਤੇ ਜਾਂਦੇ ਜਬਰ ਨੂੰ ਜਾਇਜ ਠਹਿਰਾਇਆ ਜਾਂਦਾ ਹੈ। ਕਸ਼ਮੀਰ ਦੇ ਲੋਕਾਂ ਦੀ ਆਪਣੀ ਅਜ਼ਾਦੀ ਲਈ ਸੰਘਰਸ਼ ਇੱਕ ਹੱਕੀ ਸੰਘਰਸ਼ ਹੈ, ਇਸ ਲਈ ਉਹਨਾਂ ਦੇ ਆਪਾ-ਨਿਰਣੇ ਦੇ ਹੱਕ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਦੇ ਇਸ ਹੱਕੀ ਸੰਘਰਸ਼ ਨੂੰ ਬਦਨਾਮ ਕੀਤੇ ਜਾਣ ਤੇ ਇਸ ਮਸਲੇ ਨੂੰ ਫਿਰਕੂ ਰੰਗਤ ਦਿੱਤੇ ਜਾਣ ਦੀ ਹਰ ਸਾਜਿਸ਼ ਦਾ ਪਾਜ ਉਘੇੜਿਆ ਜਾਣਾ ਚਾਹੀਦਾ ਹੈ ਤੇ ਸਮੁੱਚੇ ਕਸ਼ਮੀਰ ਮਸਲੇ ਦੀ ਸੱਚਾਈ ਲੋਕਾਂ ਵਿੱਚ ਲਿਜਾ ਕੇ ਭਾਰਤ ਤੇ ਪਾਕਿਸਤਾਨ ਦੇ ਹਾਕਮਾਂ ਦੇ ਵਿਸਥਾਰਵਾਦੀ ਤੇ ਲੋਕ ਵਿਰੋਧੀ ਮਨਸੂਬਿਆਂ ਨੂੰ ਲੋਕਾਂ ਵਿੱਚ ਜਾਹਿਰ ਕਰਨਾ ਚਾਹੀਦਾ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 2, ਸਾਲ 6, 1 ਤੋਂ 15 ਮਾਰਚ, 2017 ਵਿੱਚ ਪ੍ਰਕਾਸ਼ਤ

Advertisements