ਕਸ਼ਮੀਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ਼ ਧੱਕੇਸ਼ਾਹੀ : ਵਿਦਿਆਰਥੀਆਂ ਦੇ ਜਮਹੂਰੀ ਹੱਕਾਂ ਉੱਤੇ ਹੱਲੇ ਦੀ ਇੱਕ ਹੋਰ ਘਟਨਾ •ਗੁਰਪ੍ਰੀਤ

10

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਕਸ਼ਮੀਰ ਭਾਰਤ ਦਾ ਇੱਕ ਅਹਿਮ ਸਿਆਸੀ ਮਸਲਾ ਹੈ। 1947 ਤੋਂ ਬਾਅਦ ਕਸ਼ਮੀਰ ਦੇ ਲੋਕਾਂ ਨੂੰ ਉਹਨਾਂ ਦੀ ਮਰਜੀ ਨਾਲ਼ ਭਾਰਤ ਜਾਂ ਪਕਿਸਤਾਨ ਵਿੱਚ ਸ਼ਾਮਲ ਹੋਣ ਜਾਂ ਖੁਦਮੁਖਤਿਆਰ ਦੇਸ਼ ਦੇ ਰੂਪ ਵਿੱਚ ਰਹਿਣ ਦੇਣਾ ਚਾਹੀਦਾ ਸੀ, ਪਰ ਇਸਦੀ ਥਾਂ ਭਾਰਤੀ ਹਾਕਮ ਜਮਾਤ ਦੇ ਨੁਮਾਇੰਦੇ ਨਹਿਰੂ ਵੱਲੋਂ ਆਪਣੀ ਵਿਸਥਾਰਵਾਦੀ ਨੀਤੀ ਤਹਿਤ ਕੀਤੇ ਧੋਖੇ ਤੋਂ ਬਾਅਦ ਕਸ਼ਮੀਰ ਦੀ ਲੋਕਾਈ ਲਗਾਤਾਰ ਭਾਰਤ ਅਤੇ ਪਾਕਿਸਤਾਨ ਦੀ ਸੱਤ੍ਹਾ ਦੀ ਦਹਿਸ਼ਤ ਅਤੇ ਇਹਨਾਂ ਦੇ ਵਿਰੋਧ ਵਜੋਂ ਪੈਦਾ ਹੋਈਆਂ ਅੱਤਵਾਦੀ ਜਥੇਬੰਦੀਆਂ ਵਿਚਕਾਰ ਪਿਸ ਰਹੀ ਹੈ। ਕੇਂਦਰ ਵਿੱਚ ਭਾਜਪਾ ਹੋਵੇ ਜਾਂ ਕਾਂਗਰਸ, ਕਸ਼ਮੀਰ ਨੂੰ ਫੌਜੀ ਜਬਰ ਨਾਲ਼ ਭਾਰਤ ਅਧੀਨ ਰੱਖਣ ਦੀ ਨੀਤੀ ‘ਤੇ ਦੋਵੇਂ ਪਾਰਟੀਆਂ ਇੱਕਮਤ ਰਹੀਆਂ ਹਨ। ਭਾਜਪਾ ਲਈ ਤਾਂ ਕਸ਼ਮੀਰ ਆਪਣੇ ਹਿੰਦੂਤਵੀ ਕੱਟੜਵਾਦ ਲਈ ਵੀ ਅਹਿਮ ਮਹੱਤਤਾ ਰੱਖਦਾ ਹੈ। ਇਸੇ ਲਈ ਕੇਂਦਰ ਵਿੱਚ ਸਰਕਾਰ ਬਣਨ ਤੋਂ ਬਾਅਦ ਭਾਜਪਾ ਦੀ ਕੁਵੱਲੀ ਅੱਖ ਖਾਸ ਤੌਰ ‘ਤੇ ਕਸ਼ਮੀਰ ‘ਤੇ ਰਹਿੰਦੀ ਹੈ। ਇਸ ਵਾਰ ਦੀਆਂ ਚੋਣਾਂ ਵਿੱਚ ਭਾਜਪਾ ਨੇ ਪੀਪਲਜ ਡੈਮੋਕਰੈਟਿਕ ਪਾਰਟੀ ਨਾਲ਼ ਗੱਠਜੋੜ ਕਰਕੇ ਕਸ਼ਮੀਰ ਵਿੱਚ ਸਰਕਾਰ ਬਣਾਈ ਹੈ, ਇਸ ਤੋਂ ਬਿਨਾਂ ਜੰਮੂ ਵਿੱਚ ਵੀ ਸੰਘੀ ਗੁੰਡਿਆਂ ਵੱਲੋਂ ਲਗਾਤਾਰ ਆਪਣੀ ਧੁੱਸ ਵਧਾਈ ਜਾ ਰਹੀ ਹੈ। ਅਜਿਹੇ ਨਾਜੁਕ ਮਹੌਲ ਵਿੱਚ ਕਸ਼ਮੀਰ ਵਿੱਚ ਇੱਕ ਹੋਰ ਨਵਾਂ ਮੁੱਦਾ ਖੜ੍ਹਾ ਹੋਇਆ ਹੈ, ਜੋ ਨਾ ਸਿਰਫ ਕਸ਼ਮੀਰ ਦੇ ਸਿਆਸੀ ਮਹੌਲ ਦੀ ਝਲਕ ਪੇਸ਼ ਕਰਦਾ ਹੈ ਸਗੋਂ ਇਸਦੀ ਵਿਦਿਆਰਥੀ ਲਹਿਰ ਵਜੋਂ ਵੀ ਖਾਸ ਮਹੱਤਤਾ ਹੈ।

21 ਜੂਨ ਨੂੰ ਜਦੋਂ ਮੋਦੀ ਸਰਕਾਰ ਨੇ ‘ਯੋਗ ਦਿਵਸ’ ਦੇ ਨਵੇਂ ਤਮਾਸ਼ੇ ਦਾ ਦਿੱਲੀ ਦੇ ਰਾਜਘਾਟ ਵਿੱਚ ਪ੍ਰਦਰਸ਼ਨ ਕਰਨਾ ਸੀ ਤਾਂ ਉਸ ਵੇਲ਼ੇ ਕਸ਼ਮੀਰ ਯੂਨੀਵਰਸਿਟੀ ਪ੍ਰਸ਼ਾਸ਼ਨ ਨੇ ਵੀ ਯੂਨੀਵਰਸਿਟੀ ਵਿੱਚ ‘ਯੋਗ ਦਿਵਸ’ ਮਨਾਉਣ ਤੇ ਸਭ ਵਿਦਿਆਰਥੀਆਂ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਸੁਣਾ ਦਿੱਤਾ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਸ ਮਸਲੇ ਵਿੱਚੋਂ ਫਿਰਕੂ ਬੋਅ ਆਉਣ ਕਾਰਨ ਅਤੇ ਵਿਦਿਆਰਥੀਆਂ ਨੂੰ ਧੱਕੇ ਨਾਲ਼ ਇਸ ਵਿੱਚ ਸ਼ਾਮਲ ਕਰਨ ਦੇ ਗੈਰ-ਜਮਹੂਰੀ ਫੈਸਲੇ ਕਾਰਨ 20 ਜੂਨ ਨੂੰ ਇਸ ਵਿਰੁੱਧ ਭਰਵਾਂ ਰੋਸ ਮੁਜ਼ਾਹਰਾ ਕੀਤਾ ਤੇ 21 ਜੂਨ ਨੂੰ ਹੋਏ ‘ਯੋਗ ਦਿਵਸ’ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਆਪਣੇ ਪੈਂਤੜੇ ਦੇ ਅਸਫਲ ਹੋਣ ਮਗਰੋਂ ਸਰਕਾਰ ਨੇ ਗੁੱਸੇ ਵਿੱਚ ਆ ਕੇ 23 ਜੂਨ (ਸੋਮਵਾਰ) ਦੀ ਰਾਤ ਨੂੰ ਮੁਜ਼ਾਮਿਲ ਫਾਰੂਖ਼ ਨਾਂ ਦੇ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਉੱਤੇ ਅੱਤਵਾਦੀਆਂ ਨਾਲ਼ ਸਬੰਧ ਹੋਣ ਦਾ ਘੜਿਆ-ਘੜਾਇਆ ਬਹਾਨਾ ਲਾ ਕੇ ਪਰਚਾ ਦਰਜ ਕਰ ਦਿੱਤਾ। ਜਦੋਂ ਅਗਲੇ ਦਿਨ ਉਸਦੇ ਜਮਾਤੀ ਵਿਦਿਆਰਥੀਆਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਇਸ ਸਬੰਧੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਮਿਲ਼ੇ ਤਾਂ ਉਸਨੇ ਕੋਈ ਤਸੱਲੀਬਖਸ਼ ਜੁਆਬ ਨਾ ਦਿੱਤਾ। ਇਸ ਮਗਰੋਂ ਕੁੜੀਆਂ ਸਮੇਤ ਕੁੱਝ ਵਿਦਿਆਰਥੀਆਂ ਨੇ ਹੜਤਾਲ ਕਰ ਦਿੱਤੀ ਤੇ ਕੁੱਝ ਭੁੱਖ ਹੜਤਾਲ ‘ਤੇ ਬੈਠ ਗਏ।

ਘਟਨਾ ਬਾਰੇ ਪਤਾ ਲੱਗਣ ‘ਤੇ ਅਗਲੇ ਦਿਨ 24 ਜੂਨ ਨੂੰ ਇਸ ਵਿੱਚ ਯੂਨੀਵਰਸਿਟੀ ਦੇ ਹਜ਼ਾਰਾਂ ਵਿਦਿਆਰਥੀ ਇਸ ਹੜਤਾਲ ਵਿੱਚ ਸ਼ਾਮਲ ਹੋ ਗਏ ਅਤੇ ਮੁਜ਼ਾਮਿਲ ਫਾਰਖ਼ ਦੀ ਰਿਹਾਈ ਦੀ ਮੰਗ ਕਰਨ ਲੱਗੇ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਮੁਜ਼ਾਮਿਲ ਫਾਰੂਖ਼ ਨੂੰ ‘ਯੋਗ ਦਿਵਸ’ ਦੇ ਵਿਰੋਧ ਕਾਰਨ ਗ੍ਰਿਫਤਾਰ ਕੀਤਾ ਗਿਆ ਹੈ ਤੇ ਅੱਤਵਾਦੀਆਂ ਨਾਲ਼ ਸਬੰਧ ਦਾ ਬਾਹਨਾ ਬਣਾਇਆ ਜਾ ਰਿਹਾ ਹੈ। ਇਹ ਹੜਤਾਲ ਅਗਲੇ ਦਿਨ ਵੀ ਜਾਰੀ ਰਹੀ ਜਿਸ ਵਿੱਚ ਯੂਨੀਵਰਸਿਟੀ ਵਿੱਚ ਤੈਨਾਤ ਮੁਲਜਮਾਂ ਨੇ ਵਿਦਿਆਰਥੀਆਂ ਨੂੰ ਖਿੰਡਾਉਣ ਲਈ ਹਵਾਈ ਫਾਇਰ ਵੀ ਕੀਤੇ ਗਏ। ਇਸ ਘਟਨਾ ਮਗਰੋਂ ਵਿਦਿਆਰਥੀਆਂ ਦੇ ਰੋਹ ਨੂੰ ਦੇਖਦੇ ਹੋਏ ਤੇ ਇਸ ਸੰਘਰਸ਼ ਨੂੰ ਅਸਫਲ ਬਣਾਉਣ ਲਈ ਯੂਨੀਵਰਸਿਟੀ 27 ਜੂਨ ਤੱਕ ਲਈ ਬੰਦ ਕਰ ਦਿੱਤੀ ਗਈ। 26 ਜੂਨ ਨੂੰ ਜਦੋਂ ਵਿਦਿਆਰਥੀ ਯੂਨੀਵਰਸਿਟੀ ਪਹੁੰਚੇ ਤਾਂ ਉੱਥੇ ਭਾਰੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਸਨ ਅਤੇ ਯੂਨੀਵਰਸਿਟੀ ਦੇ ਦਰਵਾਜੇ ਬੰਦ ਸਨ। ਕੁੜੀਆਂ ਸਮੇਤ ਸਭ ਵਿਦਿਆਰਥੀਆਂ ਤੋਂ ਧੱਕੇ ਨਾਲ਼ ਹੋਸਟਲ ਖਾਲੀ ਕਰਵਾ ਲਏ ਗਏ ਅਤੇ ਉਹਨਾਂ ਨੂੰ ਜਬਰੀ ਬੱਸਾਂ ਵਿੱਚ ਬਿਠਾ ਕੇ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ‘ਤੇ ਛੱਡ ਦਿੱਤਾ ਗਿਆ। ਇਸ ਪੂਰੇ ਅਮਲ ਵਿੱਚ ਕੁੜੀਆਂ ਨੂੰ ਅਸ਼ਲੀਲ ਭਾਸ਼ਾ ਵਿੱਚ ਗਾਲ਼ਾਂ ਵੀ ਕੱਢੀਆਂ, ਜਿਸ ਖਿਲਾਫ ਉਹਨਾਂ ਨੇ ਹੋਸਟਲ ਦੇ ਗੇਟ ‘ਤੇ ਧਰਨਾ ਵੀ ਦਿੱਤਾ। ਪਰ ਪੁਲਿਸ ਦੀ ਧੱਕੇਸ਼ਾਹੀ ਨਾਲ ਉਹਨਾਂ ਨੂੰ ਵੀ ਬੱਸਾਂ ‘ਚ ਚੜਾ ਕੇ ਘਰੀਂ ਤੋਰ ਦਿੱਤਾ ਗਿਆ। ਕਈ ਵਿਦਿਆਰਥੀਆਂ ਨੇ ਐਤਵਾਰ 28 ਜੂਨ ਨੂੰ ਹੋ ਰਹੀ ਕੌਮੀ ਯੋਗਤਾ ਪ੍ਰੀਖਿਆ (NET“) ਦੇਣੀ ਸੀ, ਉਹਨਾਂ ਦਾ ਵੀ ਇਸ ਨਾਲ ਕਾਫੀ ਨੁਕਾਸਨ ਹੋਇਆ ਹੈ।

ਇਹ ਘਟਨਾ ਇੱਕ ਵਾਰ ਫੇਰ ਪੂਰੇ ਦੇਸ਼ ਵਿੱਚ ਵਿਦਿਆਰਥੀਆਂ ਦੇ ਜਮਹੂਰੀ ਹੱਕ ਖੋਹੇ ਜਾਣ ਅਤੇ ਉਨ੍ਹਾਂ ਉੱਤੇ ਸਰਕਾਰੀ ਜਬਰ ਦੀ ਗਵਾਹ ਹੈ। ਭਾਰਤੀ ਸੰਵਿਧਾਨ ਮੁਤਾਬਕ ਪ੍ਰਗਟਾਵੇ ਦੀ ਅਜ਼ਾਦੀ ਮੁਤਾਬਕ ਆਪਣੀ ਗੱਲ ਕਹਿਣ ਦਾ ਹੱਕ ਸਭ ਨੂੰ ਹੈ, ਪਰ ਜਿਸ ਤਰ੍ਹਾਂ ਕਸ਼ਮੀਰ ਦੇ ਵਿਦਿਆਰਥੀਆਂ ਉੱਤੇ ਧੱਕੇ ਨਾਲ਼ ‘ਯੋਗ ਦਿਵਸ’ ਵਿੱਚ ਸ਼ਾਮਲ ਹੋਣ ਦੀ ਸ਼ਰਤ ਥੋਪੀ ਜਾ ਰਹੀ ਹੈ ਅਤੇ ਇਸਦਾ ਵਿਰੋਧ ਪ੍ਰਗਟਾਉਣ ਲਈ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ, ਉਸਤੋਂ ਇਹ ਸਾਬਿਤ ਹੁੰਦਾ ਹੈ ਕਿ ਸਭ ਸੰਵਿਧਾਨਕ ਹੱਕ ਸਿਰਫ ਜੁਬਾਨੀ ਜਮ੍ਹਾਂ-ਖਰਚ ਅਤੇ ਕਾਗਜ਼ ਕਾਲ਼ੇ ਕਰਨ ਲਈ ਹੀ ਹਨ। ਵਿਦਿਆਰਥੀਆਂ, ਨੌਜਵਾਨਾਂ ਸਮੇਤ ਦੇਸ਼ ਦੀ ਕਰੋੜਾਂ ਦੀ ਕਿਰਤੀ ਅਬਾਦੀ ਲਈ ਇਹਨਾਂ ਜਮਹੂਰੀ ਹੱਕਾਂ ਦਾ ਕੋਈ ਮਤਲਬ ਨਹੀਂ ਹੈ, ਇਹ ਜਮਹੂਰੀ ਹੱਕ ਸਿਰਫ ਸਰਮਾਏਦਾਰਾਂ, ਅਮੀਰਾਂ ਤੇ ਉਹਨਾਂ ਦੀਆਂ ਸਰਕਾਰਾਂ ਲਈ ਹਨ।

ਵਿਦਿਆਰਥੀਆਂ ਨਾਲ਼ ਧੱਕੇਸ਼ਾਹੀ ਦੀ ਇਹ ਘਟਨਾ ਕਸ਼ਮੀਰ ਦੀਆਂ ਖਾਸ ਹਾਲਤਾਂ ਦਾ ਹੀ ਨਤੀਜਾ ਨਹੀਂ ਹੈ। ਪੂਰੇ ਦੇਸ਼ ਵਿੱਚ ਹੀ ਵਿਦਿਆਰਥੀਆਂ ਨਾਲ਼ ਧੱਕੇਸ਼ਾਹੀ ਦਾ ਵਰਤਾਰਾ ਆਮ ਹੈ। ਹਾਲੇ ਕੁੱਝ ਦਿਨ ਪਹਿਲਾਂ ਹੀ ਆਈ.ਆਈ. ਟੀ. ਮਦਰਾਸ ਵਿੱਚ ਵਿਦਿਆਰਥੀਆਂ ਵੱਲੋਂ ਸਮਾਜਕ ਮਸਲਿਆਂ ਉੱਤੇ ਵਿਚਾਰ-ਚਰਚਾ ਲਈ ਬਣਾਏ ਗਏ ਗਰੁੱਪ ‘ਅੰਬੇਡਕਰ-ਪੇਰੀਅਰ ਸਟੱਡੀ ਸਰਕਲ’ ਉੱਪਰ ਵੀ ਪਬੰਦੀ ਲਾ ਦਿੱਤੀ ਗਈ ਸੀ। ਇਹਨਾਂ ਵਿਦਿਆਰਥੀਆਂ ਨੇ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਉੱਪਰ ਇੱਕ ਚਰਚਾ ਰੱਖੀ ਸੀ, ਜਿਸ ਮਗਰੋਂ ਇਸ ਸਟੱਡੀ ਸਰਕਲ ਉੱਤੇ ਮੋਦੀ ਖਿਲਾਫ “ਨਫਰਤ ਫੈਲਾਉਣ” ਦਾ ਦੋਸ਼ ਲਾ ਕੇ ਪਬੰਦੀ ਲਾ ਦਿੱਤੀ ਗਈ। ਵਿਦਿਆਰਥੀਆਂ ਦੇ ਪ੍ਰਗਟਾਵੇ ਦੀ ਅਜ਼ਾਦੀ ਦੀ ਜਮਹੂਰੀ ਹੱਕ ਉੱਤੇ ਹੋਏ ਇਸ ਹੱਲੇ ਮਗਰੋਂ ਦੇਸ਼ ਦੀਆਂ ਕਈ ਵਿੱਦਿਅਕ ਸੰਸਥਾਵਾਂ ਵਿੱਚ ਇਸ ਖਿਲਾਫ ਧਰਨੇ, ਮੁਜ਼ਾਹਰੇ ਹੋਏ ਜਿਨ੍ਹਾਂ ਕਾਰਨ ਕੁੱਝ ਦਿਨਾਂ ਮਗਰੋਂ ਇਹ ਪਬੰਦੀ ਵਾਪਸ ਲੈਣੀ ਪਈ। ਅਜਿਹੇ ਮਾਮਲਿਆਂ ਦੀ ਸੂਚੀ ਬਹੁਤ ਲੰਬੀ ਹੈ।

ਕਸ਼ਮੀਰ ਤੇ ਸਮੁੱਚੇ ਦੇਸ਼ ਵਿੱਚ ਵਿਦਿਆਰਥੀਆਂ ਪ੍ਰਤੀ ਸਰਕਾਰ ਦੇ ਇਸ ਰਵੱਈਏ ਦਾ ਕਾਰਨ ਵਿਦਿਆਰਥੀਆਂ ਦੇ ਗੈਰ-ਸਿਆਸੀਕਰਨ ਦੀ ਸਾਜਿਸ਼ ਹੈ। ਭਾਰਤੀ ਹਾਕਮ ਜਮਾਤ ਚਾਹੁੰਦੀ ਹੈ ਕਿ ਉਹਨਾਂ ਕੋਲ਼ ਪੜ੍ਹੇ ਲਿਖੇ ਕਲਰਕਾਂ, ਤਕਨੀਸ਼ੀਅਨਾਂ, ਵਿਗਿਆਨਕਾਂ ਤੇ ਨੌਕਰਸ਼ਾਹਾਂ ਦੀ ਫੌਜ ਤਾਂ ਹੋਵੇ, ਪਰ ਜੋ ਸਮਾਜਕ ਸਰੋਕਾਰਾਂ ਤੋਂ ਟੁੱਟੇ ਹੋਏ ਹੋਣ, ਜੋ ਆਲ਼ੇ-ਦੁਆਲ਼ੇ ਵਾਪਰ ਰਹੇ ਸਮਾਜਕ ਤੇ ਸਿਆਸੀ ਵਰਤਾਰਿਆਂ ਤੋਂ ਉੱਕਾ ਹੀ ਬੇਖਬਰ ਰਹਿਣ। ਮਤਲਬ ਉਹਨਾਂ ਨੂੰ ਖੋਪੇ ਲੱਗੇ ਖੱਚਰ ਜਿਹੇ ਵਿਦਿਆਰਥੀ ਚਾਹੀਦੇ ਹਨ। ਪਰ ਤੇਜੀ ਨਾਲ਼ ਵਧ ਰਹੇ ਨਿੱਜੀਕਰਨ, ਮਹਿੰਗੀ ਹੁੰਦੀ ਸਿੱਖਿਆ, ਵਧਦੀ ਬੇਰੁਜਗਾਰੀ ਤੇ ਕੈਂਪਸਾਂ ‘ਚ ਘਟਦੀ ਜਮਹੂਰੀ ਸਪੇਸ ਦੇ ਮਹੌਲ ਵਿੱਚ ਸਮਾਜ ਦੇ ਚੇਤੰਨ, ਸੰਵੇਦਨਸ਼ੀਲ, ਊਰਜਾਵਾਨ ਤੇ ਬਹਾਦਰ ਵਿਦਿਆਰਥੀਆਂ ਵਿੱਚ ਰੋਸ ਪੈਦਾ ਹੋਣਾ ਸੁਭਾਵਿਕ ਹੈ। ਲਾਜ਼ਮੀ ਹੀ ਅਜਿਹੇ ਵਿਦਿਆਰਥੀ ਆਪਣੀਆਂ ਸਮੱਸਿਆਵਾਂ ਬਾਰੇ ਸੋਚ-ਵਿਚਾਰ ਕਰਦੇ ਹੋਏ ਸਮਾਜਕ ਢਾਂਚੇ ‘ਤੇ ਵੀ ਸਵਾਲ ਖੜੇ ਕਰਨਗੇ, ਕਿਉਂਕਿ ਮੌਜੂਦਾ ਵਿੱਦਿਅਕ ਢਾਂਚਾ ਵੀ ਇੱਕ ਖਾਸ ਸਮਾਜਕ ਢਾਂਚੇ ਦਾ ਹਿੱਸਾ ਹੈ, ਇਸ ਤਰ੍ਹਾਂ ਵਿਦਿਆਰਥੀ ਲੁਟੇਰੀਆਂ ਹਾਕਮ ਜਮਾਤਾਂ ਲਈ ਖਤਰਾ ਬਣਦੇ ਹਨ। ਅੱਜ ਦੇਸ਼ ਭਰ ਵਿੱਚ ਵਿਦਿਆਰਥੀਆਂ ਦੀ ਅਜਿਹੀਆਂ ਕੋਸ਼ਿਸ਼ਾਂ ਨੂੰ ਇੱਕ ਸਹੀ ਵਿਗਿਆਨਕ ਸੇਧ ਵਾਲ਼ੀ ਦੇਸ਼ ਵਿਆਪੀ ਵਿਦਿਆਰਥੀ ਲਹਿਰ ਵਿੱਚ ਪਰੋਣ ਦੀ ਲੋੜ ਹੈ।

ਕਸ਼ਮੀਰ ਯੂਨੀਵਰਸਿਟੀ ਦੇ ਮਸਲੇ ਵਿੱਚ ਇਹ ਗੱਲ ਵੀ ਧਿਆਨ ਦੇਣ ਵਾਲ਼ੀ ਹੈ ਕਿ ਭਾਰਤ ਵਿੱਚ ਅੰਨ੍ਹੇ ਕੌਮਵਾਦ ਤੇ ਫਿਰਕੂ ਪ੍ਰਭਾਵ ਕਾਰਨ ਕਸ਼ਮੀਰ ਤੇ ਬਾਕੀ ਭਾਰਤ ਦੇ ਲੋਕਾਂ ਵਿੱਚ ਇੱਕ ਹੱਦ ਤੱਕ ਬੇਗਾਨਗੀ ਦਾ ਮਹੌਲ ਹੈ। ਇਹ ਬੇਗਾਨਗੀ ਵਿਦਿਆਰਥੀਆਂ ਵਿੱਚ ਵੀ ਹੈ। ਜਿੱਥੇ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਵਿਦਿਆਰਥੀਆਂ ਦੀ ਲਹਿਰ ਨੂੰ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਥੋੜੀ ਜਾਂ ਬਹੁਤੀ ਹਮਾਇਤ ਮਿਲ਼ ਜਾਂਦੀ ਹੈ, ਉੱਥੇ ਕਸ਼ਮੀਰ ਦੇ ਮਾਮਲੇ ਵਿੱਚ ਅੰਨ੍ਹੇ ਕੌਮਵਾਦ ਤੇ ਧਾਰਮਿਕ ਕੱਟੜਤਾ ਕਾਰਨ ਬਾਕੀ ਸੂਬਿਆਂ ਦੇ ਵਿਦਿਆਰਥੀਆਂ ਤੋਂ ਉਹਨਾਂ ਨੂੰ ਬਹੁਤੀ ਸਰਗਰਮ ਹਮਾਇਤ ਨਹੀਂ ਮਿਲ਼ਦੀ। ਇਸ ਲਈ ਹਰ ਵਿਦਿਆਰਥੀ ਲਹਿਰ ਅੱਗੇ ਵਿਦਿਆਰਥੀਆਂ ਦੀਆਂ ਅੱਖਾਂ ਵਿੱਚੋਂ ਅੰਨ੍ਹੇ ਕੌਮਵਾਦ ਤੇ ਧਾਰਮਿਕ ਕੱਟੜਤਾ ਦੇ ਜਾਲ਼ੇ ਸਾਫ ਕਰਨ ਤੇ ਉਹਨਾਂ ਨੂੰ ਇਹ ਸਿਖਾਉਣ ਦਾ ਕਾਰਜ ਵੀ ਹੈ ਕਿ ਹਰ ਤਰ੍ਹਾਂ ਦੀਆਂ ਧਾਰਮਿਕ, ਖੇਤਰੀ, ਭਾਸ਼ਾਈ ਵੰਡੀਆਂ ਦੇ ਬਾਵਜੂਦ ਕਸ਼ਮੀਰ ਸਮੇਤ ਸਮੁੱਚੇ ਦੇਸ਼ ਦੇ ਵਿਦਿਆਰਥੀਆਂ ਦੇ ਹਿੱਤ ਸਾਂਝੇ ਹਨ ਤੇ ਉਹਨਾਂ ਦੇ ਦੁਸ਼ਮਣ ਵੀ ਇੱਕੋ ਹੀ ਹਨ। ਇਸ ਲਈ ਇੱਕ ਥਾਂ ਦੇ ਵਿਦਿਆਰਥੀਆਂ ਉੱਤੇ ਜਬਰ ਦਾ ਵਿਰੋਧ ਅਤੇ ਉਹਨਾਂ ਦੇ ਹੱਕੀ ਸੰਘਰਸ਼ ਦੀ ਹਮਾਇਤ ਕਰਨਾ ਨਾ ਸਿਰਫ ਹੋਰਨਾਂ ਸੰਸਥਾਵਾਂ ਦੇ ਵਿਦਿਆਰਥੀਆਂ ਦੇ ਅਹਿਮ ਜ਼ਿੰਮੇਵਾਰੀ ਹੈ ਸਗੋਂ ਇਹ ਵਿਦਿਆਰਥੀ ਲਹਿਰ ਦੀ ਮਜ਼ਬੂਤੀ ਲਈ ਲਾਜਮੀ ਸ਼ਰਤ ਹੈ। ਵਿਦਿਆਰਥੀਆਂ ਨੂੰ ਤਾਂ ਸਗੋਂ ਇਸਤੋਂ ਵੀ ਅੱਗੇ ਵਧ ਕੇ ਸਮਾਜ ਦੇ ਹੋਰਨਾਂ ਕਿਰਤੀ, ਮਜ਼ਦੂਰ ਤੇ ਨੌਜਵਾਨ ਤਬਕਿਆਂ ਦੀਆਂ ਹੱਕੀ ਮੰਗਾਂ ਨਾਲ਼ ਵੀ ਆਪਣੇ ਆਪ ਨੂੰ ਜੋੜਨਾ ਚਾਹੀਦਾ ਹੈ, ਉਹਨਾਂ ਦੇ ਸੰਘਰਸ਼ਾਂ ਵਿੱਚ ਉਹਨਾਂ ਦੀ ਹਮਾਇਤ ਕਰਨੀ ਚਾਹੀਦੀ ਹੈ। ਇਹਨਾਂ ਸਾਂਝੇ ਹਿੱਤਾਂ ਨੂੰ ਜੋੜਦੀ ਹੋਈ ਇੱਕ ਵਿਆਪਕ ਏਕਤਾ ਵਾਲ਼ੀ ਲਹਿਰ ਤੋਂ ਬਿਨਾਂ ਕਿਸੇ ਵੀ ਵਿਦਿਆਰਥੀ ਲਹਿਰ ਦਾ ਭਵਿੱਖ ਬਹੁਤਾ ਰੌਸ਼ਨ ਨਹੀਂ ਹੋ ਸਕਦਾ।

ਅੱਜ ਮੋਦੀ ਦੇ ਭਾਰਤ ਵਿੱਚ ਵਿਦਿਆਰਥੀਆਂ ਉੱਤੇ ਨਿੱਜੀਕਰਨ, ਮਹਿੰਗਾਈ, ਬੇਰੁਜਗਾਰੀ ਤੇ ਜਮਹੂਰੀ ਹੱਕਾਂ ‘ਤੇ ਡਾਕੇ ਪਹਿਲਾਂ ਦੇ ਸਮਿਆਂ ਨਾਲ਼ੋਂ ਜ਼ਿਆਦਾ ਹਨ, ਇਸ ਲਈ ਇਹ ਸਮਾਂ ਵਧੇਰੇ ਔਖਾ ਤੇ ਚੁਣੌਤੀਪੂਰਨ ਹੈ ਅਤੇ ਇਹੋ ਸਮਾਂ ਇੱਕ ਮਜ਼ਬੂਤ ਵਿਦਿਆਰਥੀ ਲਹਿਰ ਉਸਾਰਨ ਲਈ ਸਾਜ਼ਗਾਰ ਵੀ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 41, ਜੁਲਾਈ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s