ਕਸ਼ਮੀਰ ਦੀਆਂ ਗੁੰਮਨਾਮ ਕਬਰਾਂ ਦੀ ਅਣਕਹੀ ਦਾਸਤਾਨ •ਗੁਰਪ੍ਰੀਤ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਗਰ ਫਿਰਦੌਸ ਬਰ-ਰੂਏ ਜਮੀ ਅਸਤੋ,

ਹਮੀਂ ਅਸਤੋ, ਹਮੀਂ ਅਸਤੋ, ਹਮੀਂ ਅਸਤੋ

ਕਸ਼ਮੀਰ ਬਾਰੇ ਇਹ ਸ਼ੇਅਰ ਕਾਫੀ ਪ੍ਰਸਿੱਧ ਹੈ ਜਿਸਦਾ ਅਰਥ ਹੈ ਕਿ ਧਰਤੀ ‘ਤੇ ਜੇ ਕਿਧਰੇ ਸਵਰਗ ਹੈ ਤਾਂ ਇੱਥੇ ਹੈ, ਇੱਥੇ ਹੈ, ਇੱਥੇ ਹੈ। ਪਰ ਕੁਦਰਤੀ ਸੁਹੱਪਣ ਪੱਖੋਂ ਜੰਨਤ ਦਾ ਦਰਜਾ ਰੱਖਦੇ ਕਸ਼ਮੀਰ ਵਿੱਚ ਇੱਕ ਆਮ ਕਸ਼ਮੀਰੀ ਨਾਗਰਿਕ ਹੋਣਾ ਇੱਕ ਸੰਤਾਪ ਹੈ। ਕਸ਼ਮੀਰ ਵਿੱਚ ਫੌਜੀ ਕਬਜੇ, ਲੋਕਾਂ ਦੀ ਜ਼ਿੰਦਗੀ ਵਿੱਚ ਹਕੂਮਤੀ ਦਖਲ-ਅੰਦਾਜੀ, ਬਲਤਾਕਾਰ, ਹਿੰਸਾ, ਕਤਲੇਆਮ, ਗ੍ਰਿਫਤਾਰੀਆਂ, ਤਸੀਹਿਆਂ ਆਦਿ ਜਿਹੇ ਹਕੂਮਤੀ ਜਬਰ ਦੀਆਂ ਹਜ਼ਾਰਾਂ ਕਹਾਣੀਆਂ ਹਨ। ਅਜਿਹੀ ਹੀ ਇੱਕ ਕਹਾਣੀ ਗੁੰਮਨਾਮ ਕਬਰਾਂ ਦੀ ਹੈ। ਇਹਨਾਂ ਗੁੰਮਨਾਮ ਕਬਰਾਂ ਦੀ ਦਾਸਤਾਨ ਪਹਿਲੀ ਵਾਰ 2009 ਵਿੱਚ ਸਾਹਮਣੇ ਆਈ ਜਦੋਂ ‘ਇੰਟਰਨੈਸ਼ਨਲ ਪੀਪਲਜ ਟ੍ਰਿਬਿਊਨਲ ਆਨ ਕਸ਼ਮੀਰ’ ਨਾਮੀ ਸੰਸਥਾ ਨੇ ਉੱਤਰੀ ਕਸ਼ਮੀਰ ਦੇ ਤਿੰਨ ਜ਼ਿਲਿਆਂ (ਬੰਦੀਪੋਰਾ, ਬਾਰਾਮੁੱਲਾ ਤੇ ਕੁਪਵਾੜਾ) ਦੇ 55 ਪਿੰਡਾਂ ‘ਚ ਮਿਲ਼ੀਆਂ 2700 ਕਬਰਾਂ ਦਾ ਖੁਲਾਸਾ ਕੀਤਾ। ਇਹਨਾਂ ਕਬਰਾਂ ਵਿੱਚ 2900 ਲਾਸ਼ਾਂ ਦਫਨਾਈਆਂ ਗਈਆਂ ਸਨ। ਇਹਨਾਂ 2700 ਕਬਰਾਂ ਵਿੱਚੋਂ 2373 ਕਬਰਾਂ ਗੁੰਮਨਾਮ ਕਬਰਾਂ ਸਨ। ਇਹਨਾਂ ਵਿੱਚੋਂ 154 ਕਬਰਾਂ ਵਿੱਚ 2 ਲਾਸ਼ਾਂ ਸਨ ਤੇ 23 ਵਿੱਚ 3 ਤੋਂ ਲੈ ਕੇ 17 ਤੱਕ ਲਾਸ਼ਾਂ ਨੂੰ ਇਕੱਠੇ ਦਫਨਾਇਆ ਗਿਆ ਸੀ। 

ਸਤੰਬਰ 2011 ‘ਚ ਸੂਬਾਈ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਵੀ ਇਸਦੀ ਪੁਸ਼ਟੀ ਕੀਤੀ ਗਈ। ਉਸਤੋਂ ਬਾਅਦ ਕਾਫੀ ਰੌਲ਼ਾ ਵੀ ਪਿਆ, ਪਰ ਹਾਲੇ ਤੱਕ ਇਹਨਾਂ ਗੁੰਮਨਾਮ ਕਬਰਾਂ ਨਾਲ਼ ਕੋਈ ਇਨਸਾਫ ਹੋਣਾਂ ਤਾਂ ਦੂਰ ਦੀ ਗੱਲ ਹੈ ਸਗੋਂ ਇਹਨਾਂ ਦੀ ਪਛਾਣ ਵੀ ਨਹੀਂ ਹੋਈ। ਇਹਨਾਂ ਦੇ ਡੀ.ਐੱਨ.ਏ. ਟੈਸਟ ਕਰਕੇ ਸ਼ਨਾਖਤ ਕਰਨ ਦਾ ਮਾਮਲਾ ਹਾਲੇ ਵੀ ਅਦਾਲਤਾਂ ਵਿੱਚ ਲਟਕ ਰਿਹਾ ਹੈ। 

ਮੈਂ ਚਾਹੁੰਦਾ ਹਾਂ ਕਿ ਇਹ ਜਾਣਕਾਰੀ ਮਹਿਜ਼ ਅੰਕੜੇ ਹੀ ਨਾ ਰਹਿ ਜਾਣ ਜਿਹਨਾਂ ਪਿਛਲੀ ਦਾਸਤਾਨ ਦੀ ਪੀੜ ਤੁਹਾਨੂੰ ਮਹਿਸੂਸ ਹੀ ਨਾ ਹੋਵੇ। ਇਸ ਲਈ ਇਹਨਾਂ ਗੁੰਮਨਾਮ ਕਬਰਾਂ ਦੀ ਗੱਲ ਅੰਕੜਿਆਂ ਤੋਂ ਅੱਗੇ ਵਧਕੇ ਇਸ ਦਾਸਤਾਨ ਨੂੰ ਨੇੜਿਓਂ ਦੇਖਣ ਦੀ ਇੱਕ ਕੋਸ਼ਿਸ਼ ਰਾਹੀਂ ਕਰਦੇ ਹਾਂ। ਆਓ, ਇਹਨਾਂ ਵਿੱਚੋਂ ਇੱਕ ਕਬਰਸਤਾਨ ਦੀ ਕਹਾਣੀ 70 ਸਾਲਾਂ ਤੋਂ ਵੱਧ ਉਮਰ ਦੇ ਬਜ਼ੁਰਗ ਅਤਾ ਮੁਹੰਮਦ ਕੋਲ਼ੋਂ ਸੁਣਦੇ ਹਾਂ ਜੋ ਅਜਿਹੀਆਂ ਕਬਰਾਂ ਪੁੱਟਦਾ ਰਿਹਾ ਹੈ ਤੇ ਲਾਸ਼ਾਂ ਨੂੰ ਦਫਨਾਉਂਦਾ ਰਿਹਾ ਹੈ। ਚਿੱਟੀ ਦਾਹੜੀ ਵਾਲ਼ੇ ਇਸ ਬਜ਼ੁਰਗ ਦੇ ਝੁਰੜੀਆਂ ਵਾਲ਼ੇ ਚਿਹਰੇ ਵਿਚਲੀਆਂ ਅੱਖਾਂ ਵਿੱਚ ਤੁਹਾਨੂੰ ਬੇਖੌਫ ਉਦਾਸੀ ਵਿਖਾਈ ਦੇਵੇਗੀ। ਇਹਨਾਂ ਕਬਰਾਂ ਬਾਰੇ ਗੱਲ ਕਰਨਾ ਉਸ ਲਈ ਔਖਾ ਹੁੰਦਾ ਹੈ ਕਿਉਂਕਿ ਗੱਲ ਕਰਦਿਆਂ ਇੱਕ ਵਾਰ ਫੇਰ ਬਹੁਤ ਸਾਰੇ ਬੇਹਰਕਤ ਜਿਸਮਾਂ ਦੇ ਖੌਫਨਾਕ ਦ੍ਰਿਸ਼ ਉਸਦੀਆਂ ਅੱਖਾਂ ਅੱਗੋਂ ਲੰਘਦੇ ਹਨ ਜੋ ਉਸਦਾ ਚੈਨ ਤੇ ਕਈ ਰਾਤਾਂ ਦੀ ਨੀਂਦ ਖੋਹ ਲੈਂਦੇ ਹਨ। ਪਰ ਉਹ ਇਹ ਵੀ ਚਾਹੁੰਦਾ ਹੈ ਕਿ ਜੰਨਤ ਕਹੀ ਜਾਂਦੀ ਇਸ ਧਰਤੀ ਦੀ ਅਣਕਹੀ ਦਾਸਤਾਨ ਸਭ ਦੇ ਸਾਹਮਣੇ ਆਵੇ, ਕਬਰਾਂ ਵਿੱਚ ਦਫਨਾ ਦਿੱਤੇ ਜਿਸਮਾਂ ਨੂੰ ਕੋਈ ਅਵਾਜ਼ ਮਿਲ਼ੇ ਤੇ ਇਹਨਾਂ 250 ਤੋਂ ਵੱਧ ਮਨੁੱਖਾਂ ਦਾ ਉਹੀ ਇੱਕੋ-ਇੱਕ ਗਵਾਹ ਹੈ। ਇਸ ਲਈ ਅਣਮੰਨੇ ਜਿਹੇ ਮਨ ਨਾਲ਼ ਉਹ ਤੁਹਾਨੂੰ ਉਹ ਕਬਰਾਂ ਵਿਖਾਉਣ ਲੈ ਜਾਵੇਗਾ। 250 ਤੋਂ ਵੱਧ ਕਬਰਾਂ ਵਾਲੇ ਕਬਰਸਤਾਨ ਵਿੱਚ ਪਹੁੰਚ ਕੇ ਪਹਿਲੀ ਕਬਰ ਵੱਲ਼ ਇਸ਼ਾਰਾ ਕਰਨ ਮਗਰੋਂ ਉਹ ਆਪਣੀ ਗੱਲ ਸ਼ੁਰੂ ਕਰੇਗਾ:

“2003 ਦੇ ਆਖਰੀ ਮਹੀਨਿਆਂ ‘ਚ ਰਮਜਾਨ ਦੀ ਇੱਕ ਰਾਤ ਜਦੋਂ ਮੈਂ ਕੰਮ ਤੋਂ ਘਰ ਮੁੜਿਆ ਤਾਂ ਇੱਕ ਪੁਲਿਸ ਵਾਲ਼ਾ ਆਇਆ ਤੇ ਕਿਹਾ ਕਿ ਤੈਨੂੰ ਐੱਸ.ਐੱਚ.ਓ. ਨੇ ਬੁਲਾਇਆ ਹੈ। ਮੈਨੂੰ ਦੱਸਿਆ ਗਿਆ ਕਿ ਮੈਂ ਇੱਕ ਅਫਗਾਨੀ ਅੱਤਵਾਦੀ ਲਈ ਕਬਰ ਪੁੱਟਣੀ ਹੈ। ਐੱਸ.ਐੱਚ.ਓ. ਦੇ ਜੋਰ ਪਾਉਣ ‘ਤੇ ਮੈਂ ਇਸ ਕੰਮ ਲਈ ਰਾਜੀ ਹੋ ਗਿਆ। ਉਹ ਕਬਰ ਪੁੱਟਦਿਆਂ ਮੈਂ ਕੰਬ ਰਿਹਾ ਸੀ ਕੰਮ ਮੁਕਾਉਣ ਮਗਰੋਂ ਰਾਤ ਨੂੰ ਸੌਂ ਵੀ ਨਾ ਸਕਿਆ। ਮਗਰੋਂ ਮੈਨੂੰ ਪਤਾ ਲੱਗਾ ਕਿ ਉਹ ਅਫਗਾਨੀ ਨਹੀਂ ਸੀ ਸਗੋਂ ਬਾਰਾਮੁੱਲਾ ਦਾ ਬਸ਼ੀਰ ਅਹਿਮਦ ਸੀ। ਇਸਤੋਂ ਬਾਅਦ ਕੁੱਝ ਦਿਨਾਂ ਮਗਰੋਂ ਅਣਪਛਾਤੀਆਂ ਲਾਸ਼ਾ ਦਫਨਾਉਣ ਦਾ ਇਹ ਸਿਲਸਿਲਾ ਸ਼ੁਰੂ ਹੋ ਗਿਆ ਤੇ ਉਸ ਰਾਤ ਤੋਂ ਬਾਅਦ ਮੈਂ 235 ਤੋਂ ਵੱਧ ਲੋਕਾਂ ਨੂੰ ਆਪਣੇ ਹੱਥੀਂ ਕਬਰਾਂ ਪੁੱਟ ਕੇ ਦਫਨਾਇਆ ਹੈ। 

“ਜਿਹਨਾਂ ਨੂੰ ਕੋਈ ਸਨਮਾਨ ਵਾਲ਼ੀ ਜ਼ਿੰਦਗੀ ਹਾਸਲ ਨਾ ਹੋ ਸਕੀ ਉਹਨਾਂ ਦੀ ਲਾਸ਼ ਦੇ ਸਨਮਾਨ ਲਈ ਮੈਂ ਉਹਨਾਂ ਨੂੰ ਇਸਲਾਮਿਕ ਰਸਮਾਂ ਮੁਤਾਬਕ ਦਫਨਾਉਂਦਾ ਰਿਹਾ। ਖੂਨ ਨਾਲ਼ ਲੱਥਪੱਥ, ਗੋਲ਼ੀਆਂ ਨਾਲ਼ ਵਿੰਨੀਆਂ ਤੇ ਜ਼ਖਮਾਂ ਨਾਲ਼ ਟੁੱਕੀਆਂ ਲਾਸ਼ਾਂ ਨੂੰ ਦਫਨਾ ਕੇ ਮੈਂ ਲਹੂ ਭਿੱਜੇ ਕੱਪੜਿਆਂ ‘ਚ ਘਰੇ ਪੁੱਜਦਾ ਤਾਂ ਰਾਤ ਕੱਟਣੀ ਮੁਹਾਲ ਹੋ ਜਾਂਦੀ। ਪਿੰਡ ਵਾਲ਼ਿਆਂ ਵਿੱਚੋਂ ਹੋਰ ਕੋਈ ਵੀ ਇਸ ਕੰਮ ਲਈ ਤਿਆਰ ਨਾ ਹੋਇਆ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਲਾਸ਼ਾਂ ਨੂੰ ਦੇਖ ਕੇ ਉਹ ਚੈਨ ਨਾਲ਼ ਸੌਂ ਨਹੀਂ ਸਕਦੇ। ਇੱਕ ਰਾਤ ਉਹ ਦੋ ਲਾਸ਼ਾਂ ਲਿਆਏ ਜੋ ਬੁਰੀ ਤਰਾਂ ਟੁੱਕੀਆਂ ਪਈਆਂ ਸਨ। ਉਹਨਾਂ ਦੀਆਂ ਹੱਡੀਆਂ ਵੀ ਚਮੜੀ ਹੇਠਾਂ ਵਿਖਾਈ ਦੇ ਰਹੀਆਂ ਸਨ। ਮੈਨੂੰ ਹਾਲੇ ਵੀ ਉਹਨਾਂ ਦੇ ਚਿਹਰੇ ਯਾਦ ਹਨ…” 

ਇੰਨਾ ਆਖ ਉਸਦਾ ਗੱਚ ਭਰ ਆਉਂਦਾ ਹੈ ਤੇ ਸਿੱਲੀਆਂ ਅੱਖਾਂ ਨਾਲ਼ ਉਹ ਅੱਗੇ ਦੱਸਦਾ ਹੈ, “ਉਹ ਜੋੜੇ ਭਰਾ ਸਨ ਜੋ ਹਾਲੇ ਮਸਾਂ ਵੀਹਵਿਆਂ ‘ਚ ਵੀ ਨਹੀਂ ਪਹੁੰਚੇ ਹੋਣੇ। ਘਰ ਜਾ ਕੇ ਮੈਂ ਰਾਤ ਭਰ ਰੋਂਦਾ ਰਿਹਾ। ਲੋਕਾਂ ਨੇ ਮੈਨੂੰ ਪੁਲਿਸ ਦਾ ਏਜੰਟ ਕਹਿਣਾ ਸ਼ੁਰੂ ਕਰ ਦਿੱਤਾ। ਪਰ ਮੈਂ ਇਹ ਕੰਮ ਬੰਦ ਨਹੀਂ ਕੀਤਾ… ਆਖਰ ਮੈਂ ਇਹਨਾਂ ਲਾਸ਼ਾਂ ਨੂੰ ਦਫਨਾਉਣ ਦੀ ਥਾਂ ਬਦਖੋਈ ਲਈ ਕਿਵੇਂ ਛੱਡ ਸਕਦਾ ਸਾਂ?”

ਥੋੜਾ ਸਹਿਜ ਹੋਣ ਮਗਰੋਂ ਉਹ ਇੱਕ ਕਬਰ ਤੋਂ ਉੱਠ ਕੇ ਹਲਕੇ ਕਦਮਾਂ ਦੀ ਚਾਪ ਨਾਲ਼ ਅੱਗੇ ਤੁਰਦਾ ਹੈ,“ਔਹ, ਅਗਲੀ ਕਬਰ ‘ਚ ਇੱਕ ਛੇ ਮਹੀਨੇ ਦਾ ਬੱਚਾ ਦਫਨ ਹੈ। ਇਹਦੀ ਮਾਂ ਇਹਨੂੰ ਛਾਤੀ ਨਾਲ਼ ਲਾਈ ਜਾ ਰਹੀ ਕਿ ਫੌਜ ਦੀ ਗੋਲੀਬਾਰੀ ਸ਼ੁਰੂ ਹੋ ਗਈ। ਭਗਦੜ ਵਿੱਚ ਉਸਦਾ ਬੱਚਾ ਉਸਦੇ ਹੱਥੋਂ ਡਿੱਗ ਪਿਆ। ਜਦੋਂ ਉਸਦੀ ਲਾਸ਼ ਮੇਰੇ ਕੋਲ ਆਈ ਤਾਂ ਉਸਦੇ ਕੰਨ ਵਿੱਚੋਂ ਲਹੂ ਵਗ ਰਿਹਾ ਸੀ। ਮੈਂ ਉਸਨੂੰ ਆਪਣੇ ਹੱਥੀਂ ਇੱਥੇ ਦਫਨਾ ਦਿੱਤਾ। …ਇੱਕ ਹੋਰ ਸ਼ਾਮ ਉਹ 5 ਨੌਜਵਾਨਾਂ ਦੀਆਂ ਲਾਸ਼ਾਂ ਲਿਆਏ। ਮੈਂ ਨਾਂਹ ਕੀਤੀ ਤਾਂ ਐੱਸ.ਐੱਸ.ਓ. ਨੇ ਕਿਹਾ ਕਿ ‘ਸਾਨੂੰ ਅਜ਼ਾਦ ਕਰ ਦੇ’। ਮੈਂ ਡਰਿਆਂ ਹੋਇਆ ਨਹੀਂ ਸਾਂ। ਸਗੋਂ ਇਹਨਾਂ ਜਿਸਮਾਂ ਨੂੰ ਵੇਖ ਕੇ ਪੈਦਾ ਹੋਈ ਕੁੱਝ ਹੋਰ ਹੀ ਭਾਵਨਾ ਸੀ ਜਿਸਨੂੰ ਮੈਂ ਸ਼ਬਦਾਂ ‘ਚ ਨਹੀਂ ਬਿਆਨ ਕਰ ਸਕਦਾ।” 

ਹੋਰਨਾਂ ਕਬਰਾਂ ਦੀਆਂ ਅਜਿਹੀਆਂ ਹੀ ਕਹਾਣੀਆਂ ਸੁਣਾਉਣ ਮਗਰੋਂ ਉਹ ਤੁਹਾਨੂੰ ਇੱਕ ਕੋਨੇ ਵੱਲ਼ ਲੈ ਜਾਵੇਗਾ। ਉਸਦੇ ਚਿਹਰੇ ਦੇ ਹਾਵ-ਭਾਵ ਬਿਲਕੁਲ ਬਦਲ ਚੁੱਕੇ ਹੋਣਗੇ। ਉਸਦੇ ਬਿਨਾਂ ਕੁੱਝ ਕਹੇ ਹੀ ਉਸਦੇ ਪਥਰਾਈਆਂ ਅੱਖਾਂ ਵਾਲੇ ਚਿਹਰੇ ਵੱਲ਼ ਵੇਖਦਿਆਂ ਹੀ ਤੁਸੀਂ ਸਮਝ ਜਾਵੋਗੇ ਕਿ ਉਹ ਕੁੱਝ ਹੋਰ ਵੀ ਖੌਫਨਾਕ ਤੇ ਦਰਦ ਵਿੰਨੀ ਦਾਸਤਾਨ ਸੁਣਾਵੇਗਾ। ਇੱਕ ਲੰਮੇ ਹਾਉਂਕੇ ਪਿੱਛੋਂ ਉਸਦੇ ਠਰੰਮੇ ਭਰੇ ਇਹ ਸ਼ਬਦ ਤੁਹਾਡੇ ਕੰਨੀ ਪੈਣਗੇ, “2006 ਦੇ ਇੱਕ ਦਿਨ ਬੋਨਿਆਰ ਤੋਂ ਲਿਆਂਦੀਆਂ ਨੌਂ ਲਾਸ਼ਾਂ ਲਈ ਕਬਰ ਪੁੱਟਣ ਲਈ ਕਿਹਾ ਗਿਆ। ਰਾਤ ਨੂੰ ਜਦੋਂ ਮੈਂ ਕੰਮ ਮੁਕਾਇਆ ਤਾਂ ਅਚਾਨਕ ਮੈਨੂੰ ਜੈਨਪੋਰਾ ਦੇ ਆਪਣੇ ਰਿਸ਼ਤੇਦਾਰਾਂ ਕੋਲੋਂ ਬੁਲਾਵਾ ਆ ਗਿਆ। ਉਸ ਵੇਲ਼ੇ ਤੱਕ ਮੈਨੂੰ ਚਾਰ ਲਾਸ਼ਾਂ ਸੌਂਪੀਆਂ ਗਈਆਂ ਸਨ ਤੇ ਪੰਜ ਹਾਲੇ ਲਿਆਉਣੀਆਂ ਬਾਕੀ ਸਨ। ਉਹਨਾਂ ਚਾਰ ਨੂੰ ਦਫਨਾ ਕੇ ਮੈਂ ਚਲਾ ਗਿਆ। ਜਦੋਂ ਮੈਂ ਵਾਪਸ ਆਇਆ ਤਾਂ ਪੁਲਿਸ ਬਾਕੀ ਪੰਜਾਂ ਨੂੰ ਵੀ ਦਫਨਾ ਚੁੱਕੀ ਸੀ। ਪਿੰਡ ਵਾਲ਼ਿਆਂ ਨੇ ਮੈਨੂੰ ਦੱਸਿਆ ਕਿ ਉਹਨਾਂ ਪੰਜਾਂ ਵਿੱਚ ਇੱਕ ਮੇਰਾ ਭਤੀਜਾ ਸਲੀਮ ਸੀ। ਸੁਣ ਕੇ ਮੈਂ ਇੱਕਦਮ ਸੁੰਨ ਹੋ ਗਿਆ। ਦੋ ਦਿਨਾਂ ਮਗਰੋਂ ਸਲੀਮ ਦੇ ਪਿਓ ਨੇ ਵੀ ਉਸਦੀ ਤਸਵੀਰ ਦੀ ਸ਼ਨਾਖਤ ਕਰ ਲਈ ਸੀ।

“ਮੈਨੂੰ ਪਿਛਲੀ ਰਾਤ ਹੀ ਸਲੀਮ ਨਾਲ਼ ਹੋਈ ਮੁਲਾਕਾਤ ਯਾਦ ਆਈ। ਉਹ ਮੇਰੇ ਘਰੇ ਆਇਆ ਸੀ, ਅਸੀਂ ਇਕੱਠਿਆਂ ਚਾਹ ਪੀਤੀ ਤੇ ਉਹ ਚਲਾ ਗਿਆ। ਉਹ ਮੇਰੀ ਭੈਣ ਦਾ ਇੱਕਲੌਤਾ ਪੁੱਤਰ ਸੀ। ਮੈਂ ਨਹੀਂ ਜਾਣਦਾ ਕਿ ਉਹ ਖਾੜਕੂ ਬਣ ਗਿਆ ਸੀ ਜਾਂ ਉਹ ਬੇਵਜਾ ਮਾਰ ਦਿੱਤਾ ਗਿਆ। …. ਉਸ ਰਾਤ ਤੋਂ ਬਾਅਦ ਮੈਂ ਕਿਸੇ ਹੋਰ ਨੂੰ ਨਹੀਂ ਦਫਨਾਇਆ। ਉਦੋਂ ਤੱਕ ਮੈਂ 235 ਤੋਂ ਵੱਧ ਲਾਸ਼ਾਂ ਦਫਨਾ ਚੁੱਕਾ ਸੀ।”

ਕੁੱਝ ਘੜੀਆਂ ਚੁੱਪ ਪਸਰੀ ਰਹੇਗੀ ਤੇ ਫੇਰ ਉਹ ਗਮਗੀਨ ਲਹਿਜੇ ‘ਚ ਮੁੜ ਆਪਣੀ ਗੱਲ ਛੋਹੇਗਾ। ਉਸਦੀ ਅਵਾਜ਼ ਤੁਹਾਨੂੰ ਕਿਤੋਂ ਦੂਰੋਂ ਆਉਂਦੀ ਪ੍ਰਤੀਤ ਹੋਵੇਗੀ, ਪਰ ਉਸਤੋਂ ਧਿਆਨ ਲਾਂਭੇ ਕਰਨਾ ਵੀ ਤੁਹਾਡੇ ਲਈ ਸੰਭਵ ਨਹੀਂ ਹੋਵੇਗਾ, “…ਉਹ ਬੜੇ ਖੌਫਨਾਕ ਦਿਨ ਸਨ। ਉਹਨਾਂ ਦਿਨਾਂ ਤੋਂ ਬਾਅਦ ਮੈਂ ਕਦੇ ਵੀ ਚੈਨ ਨਾਲ਼ ਨਹੀਂ ਸੌਂ ਸਕਿਆ। ਮੈਂ ਹਾਲੇ ਵੀ ਅਤੀਤ ਵਿੱਚ ਉਹਨਾਂ ਲਹੂ ਭਿੱਜੀਆਂ ਲਾਸ਼ਾਂ ਨਾਲ਼ ਰਹਿੰਦਾ ਹਾਂ। ਹਰ ਚਿਹਰਾ ਹਾਲੇ ਵੀ ਮੇਰੇ ਸਾਹਮਣੇ ਹੈ। ਉਹਨਾਂ ਜਿਸਮਾਂ ਦੀ ਖੌਫਨਾਕ ਦਿੱਖ, ਗੋਲੀਆਂ ਦੇ ਜਖਮ, ਤਸੀਹਿਆਂ ਦੇ ਨਿਸ਼ਾਨ ਹਾਲੇ ਤੱਕ ਮੇਰੀਆਂ ਯਾਦਾਂ ਵਿੱਚ ਤਾਜੇ ਹਨ। ਉਹ ਮੈਨੂੰ ਲਗਾਤਾਰ ਪ੍ਰੇਸ਼ਾਨ ਕਰਦੇ ਹਨ। ਮੈਂ ਉਹਨਾਂ ਮਾਵਾਂ ਨੂੰ ਵੀ ਨਹੀਂ ਭੁੱਲ ਸਕਦਾ ਜੋ ਆਪਣੇ ਪੁੱਤਰਾਂ ਦੀ ਭਾਲ ਵਿੱਚ ਭਟਕਦੀਆਂ ਆਈਆਂ ਤੇ ਉਹਨਾਂ ਨੂੰ ਨਿਰਾਸ਼ ਖਾਲੀ ਹੱਥ ਮੁੜਨਾ ਪਿਆ। 

“…ਕਦੇ-ਕਦੇ ਲਾਪਤਾ ਲੋਕਾਂ ਦੇ ਰਿਸ਼ਤੇਦਾਰ ਇਸ ਕਬਰਿਸਤਾਨ ‘ਚ ਆਉਂਦੇ ਹਨ ਤੇ ਇਹਨਾਂ ਕਬਰਾਂ ਵੱਲ ਦੇਖ ਕੇ ਰੋਣ ਲੱਗ ਪੈਂਦੇ ਹਨ। ਉਹ ਮੈਨੂੰ ਉਹਨਾਂ ਲਾਸ਼ਾਂ ਬਾਰੇ ਪੁੱਛਦੇ ਹਨ। ਉਹਨਾਂ ਦੇ ਜਖਮਾਂ, ਗੋਲੀਆਂ ਤੇ ਤਸੀਹਿਆਂ ਦੇ ਨਿਸ਼ਾਨਾਂ ਬਾਰੇ ਪੁੱਛਦੇ ਹਨ। ਮੈਂ ਉਹਨਾਂ ਨੂੰ ਕੀ ਜੁਆਬ ਦੇਵਾਂ? ਮੈਂ ਹੁਣ ਥੱਕ ਗਿਆ ਹਾਂ। ਇਸ ਬਾਰੇ ਹੋਰ ਗੱਲ ਕਰਨੀ ਮੈਨੂੰ ਪਸੰਦ ਨਹੀਂ ਹੈ। ਮੈਂ ਇਸ ਬਾਰੇ ਕਾਫੀ ਵਾਰ ਬੋਲ ਚੁੱਕਾ ਹਾਂ, ਪਰ ਇਸਦਾ ਕੋਈ ਨਤੀਜਾ ਨਹੀਂ ਨਿੱਕਲ਼ਿਆ। ਇਹਨਾਂ ਕਬਰਾਂ ਦਾ ਖੁਲਾਸਾ ਹੋਣ ਦੇ ਬਾਵਜੂਦ ਹਾਲੇ ਤੱਕ ਵੀ ਇੱਥੇ ਦਫਨ ਹੋਏ ਲੋਕਾਂ ਦੀ ਸ਼ਨਾਖਤ ਨਹੀਂ ਹੋਈ। ਮੈਂ ਇਹੋ ਚਾਹੁੰਦਾ ਹਾਂ ਕਿ ਇਹਨਾਂ ਲਾਸ਼ਾਂ ਦੀ ਸ਼ਨਾਖਤ ਹੋਵੇ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਆਪਣੇ ਪਿਆਰਿਆਂ ਦੀ ਖਬਰ ਹੋ ਸਕੇ।

ਜਿਸਨੂੰ ਵੀ ਮੈਂ ਦਫਨਾਇਆ ਹੈ ਉਹ ਸਭ ਇੱਕੋ ਕਾਰਨ ਕਰਕੇ ਹੀ ਮਰੇ ਹਨ, ਕਸ਼ਮੀਰ ਵਿੱਚ ਚੱਲ ਰਹੀ ਜੱਦੋ-ਜਹਿਦ ਕਰਕੇ। ਇਹ ਹਿੰਦੋਸਤਾਨ ਨਹੀਂ ਹੈ, ਇਹ ਪਾਕਿਸਤਾਨ ਵੀ ਨਹੀਂ ਹੈ, ਇਹ ਡਾਕਿਸਤਾਨ ਹੈ (ਜਬਰ ਤੇ ਕਤਲੋਗ੍ਰਾਦ ਦਾ ਦੇਸ਼)।”

ਆਪਣੀ ਗੱਲ ਸੁਣਾ ਉਹ ਸਿਰ ਸੁੱਟ ਕੇ ਇੱਕ ਥਾਂ ਬੈਠ ਜਾਵੇਗਾ ਤੇ ਤੁਹਾਡੇ ਵਿੱਚ ਹੋਰ ਕੁੱਝ ਵੀ ਕਹਿਣ ਸੁਣਨ ਦੀ ਹਿੰਮਤ ਨਹੀਂ ਹੋਵੇਗੀ ਤੇ ਤੁਸੀਂ ਜਲਦੀ ਤੋਂ ਜਲਦੀ ਇੱਥੋਂ ਦੂਰ ਜਾਣਾ ਚਾਹੋਗੇ। ਪਰ ਚੇਤੇ ਰੱਖਿਓ ਅਤਾ ਮੁਹੰਮਤ ਮੂੰਹੋਂ ਸੁਣੀ ਇਹ ਦਾਸਤਾਨ ਉੱਤਰੀ ਕਸ਼ਮੀਰ ਦੇ 55 ਪਿੰਡਾਂ ‘ਚ ਮਿਲ਼ੀਆਂ ਸਮੂਹਿਕ ਗੁੰਮਨਾਮ ਕਬਰਾਂ ਵਿੱਚੋਂ ਸਿਰਫ ਇੱਕ ਕਬਰ ਦੀ ਕਹਾਣੀ ਹੈ। 1989 ਤੋਂ ਸ਼ੁਰੂ ਹੋਈ ਹੋਈ ਬਰਬਰ ਹਕੂਮਤੀ ਜਬਰ ਦੀ ਹਨੇਰਗਰਦੀ ਵਿੱਚ 8,000 ਤੋਂ 10,000 ਲੋਕ ਲਾਪਤਾ ਹੋ ਚੁੱਕੇ ਹਨ। ਇਹਨਾਂ ਗੁੰਮਨਾਮ ਕਬਰਾਂ ਵਿੱਚੋਂ ਜ਼ਿਆਦਾਤਰ ਇਹ ਲਾਪਤਾ ਕੀਤੇ ਲੋਕ ਹੀ ਹਨ। ਖਾੜਕੂ ਕਹਿ ਕੇ ਕਤਲ ਕੀਤੇ ਗਏ ਇਹਨਾਂ ਵਿਅਕਤੀਆਂ ਵਿੱਚੋਂ ਬਹੁਤੇ ਬੇਦੋਸ਼ੇ ਸਨ ਜਿਹਨਾਂ ਨੂੰ ਵਿਦੇਸ਼ੀ ਅੱਤਵਾਦੀ ਜਾਂ ਖਾੜਕੂ ਕਹਿ ਕੇ ਚੁੱਪ-ਚਪੀਤਿਆਂ ਦਫਨਾਇਆ ਜਾਂਦਾ ਰਿਹਾ। ਆਖਰ ਜਦੋਂ ਹਰ 18 ਕਸ਼ਮੀਰੀ ਨਾਗਰਿਕਾਂ ਪਿੱਛੇ ਇੱਕ ਹਥਿਆਰਬੰਦ ਸਿਪਾਹੀ ਤਾਇਨਾਤ ਕੀਤਾ ਹੋਵੇ ਜਿਹਨਾਂ ਨੂੰ ਅਫਸਫਾ ਤੇ ਪੀਐੱਸਏ ਜਿਹੇ ਜਾਬਰ ਕਨੂੰਨਾਂ ਦੀ ਸ਼ਹਿ ਮਿਲ਼ੀ ਹੋਵੇ ਤਾਂ ਹੋਰ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ।

ਕਿਸੇ ਵੇਲ਼ੇ ਕਸ਼ਮੀਰ ਦੇ ਖਾੜਕੂ ਨੂੰ ਮਾਰਨ ਦਾ 1 ਲੱਖ ਰੁਪਏ ਇਨਾਮ ਤੇ ਵਿਦੇਸ਼ੀ ਨੂੰ ਮਾਰਨ ਦਾ 3 ਲੱਖ ਰੁਪਏ ਦਾ ਇਨਾਮ ਹੈ ਜੋ ਕਿ ਹੁਣ ਵਧਾ ਦਿੱਤਾ ਗਿਆ ਹੈ। ਮੌਜੂਦਾ ਸਮੇਂ ਇਹਨਾਂ ਖਾੜਕੂਆਂ ਦੇ ਰੁਤਬੇ ਸਮੇਂ ਵੱਧ ਤੋਂ ਵੱਧ 12.5 ਲੱਖ ਰੁਪਏ ਇੱਕ ਅੱਤਵਾਦੀ ਦੇ ਮਿਲ਼ ਸਕਦੇ ਹਨ। ਇਸਤੋਂ ਵੀ ਵੱਡੀ ਗੱਲ ਇਹ ਹੈ ਕਿ ਸੰਸਾਰ ਦੀ ਸਭ ਤੋਂ ਵੱਡੀ ਕਹੀ ਜਾਣ ਵਾਲੀ ਭਾਰਤੀ ਜਮਹੂਰੀਅਤ ਹਰ ਕੀਮਤ ‘ਤੇ ਕਸ਼ਮੀਰ ਉੱਪਰ ਆਪਣਾ ਕਬਜਾ ਬਰਕਰਾਰ ਰੱਖਣਾ ਚਾਹੁੰਦੀ ਹੈ। 

ਉੱਤਰੀ ਕਸ਼ਮੀਰ ਤੋਂ ਬਾਅਦ ਜੰਮੂ ਦੇ ਰਾਜੌਰੀ ਤੇ ਪੁਛਣ ਦੇ ਇਲਾਕਿਆਂ ਵਿੱਚ ਵੀ 4000 ਦੇ ਕਰੀਬ ਅਜਿਹੀਆਂ ਕਬਰਾਂ ਮਿਲ਼ੀਆਂ ਹਨ। ਇਹਨਾਂ ਵਿੱਚੋਂ ਪੁਣਛ ਵਿੱਚ 90 ਥਾਵਾਂ ‘ਤੇ 2717 ਕਬਰਾਂ ਤੇ ਰਾਜੌਰੀ ‘ਚ 118 ਥਾਵਾਂ ‘ਤੇ 1127 ਕਬਰਾਂ ਮਿਲ਼ੀਆਂ ਹਨ। ਪਤਾ ਨਹੀਂ ਭਵਿੱਖ ਵਿੱਚ ਹਾਲੇ ਅਜਿਹੀਆਂ ਹੀ ਹੋਰ ਕਿੰਨੀਆਂ ਕਬਰਾਂ ਲੱਭੀਆਂ ਜਾਣਗੀਆਂ ਤੇ ਪਤਾ ਨਹੀਂ ਕਿੰਨੀਆਂ ਹੀ ਕਬਰਾਂ ਇਤਿਹਾਸ ਦੀਆਂ ਪਰਤਾਂ ਵਿੱਚ ਦੱਬੀਆਂ ਰਹਿ ਜਾਣਗੀਆਂ। ਕਸ਼ਮੀਰ ਉੱਪਰ ਵੱਖ-ਵੱਖ ਰੂਪਾਂ ਵਿੱਚ ਇਹ ਜਬਰ ਹਾਲੇ ਵੀ ਜਾਰੀ ਹੈ। ਉਸਦੇ ਜਖਮ ਹਾਲੇ ਵੀ ਰਿਸ ਰਹੇ ਹਨ। ਪਰ ਕਸ਼ਮੀਰ ਦੀ ਧਰਤੀ ਜਾਬਰਾਂ ਨੂੰ ਮੈਕਸਿਮ ਗੋਰਕੀ ਦੇ ਨਾਵਲ ‘ਮਾਂ’ ਵਿਚਲੇ ਇਹਨਾਂ ਸ਼ਬਦਾਂ ਵਾਂਗ ਸੰਬੋਧਿਤ ਹੁੰਦੀ ਪ੍ਰਤੀਤ ਹੁੰਦੀ ਹੈ, “ਲਹੂ ਦਾ ਪੂਰਾ ਸਮੁੰਦਰ ਵੀ ਕਦੇ ਸੱਚ ਨੂੰ ਗਰਕ ਨਹੀਂ ਕਰ ਸਕਦਾ…ਤੁਸੀਂ ਸਾਡੇ ਦਿਲਾਂ ਵਿੱਚ ਵਧੇਰੇ ਨਫ਼ਰਤ ਹੀ ਜਗਾ ਸਕਦੇ ਹੋ ਤੇ ਇਹ ਸਾਰੀ ਤੁਹਾਡੇ ਸਿਰਾਂ ਉੱਪਰ ਹੀ ਪਏਗੀ।” 

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਸੰਯੁਕਤ ਅੰਕ 4-5, 1 ਤੋਂ 15 ਅਤੇ 16 ਤੋਂ 30 ਅਪ੍ਰੈਲ, 2017 ਵਿੱਚ ਪ੍ਰਕਾਸ਼ਤ

Advertisements