ਕਾਸ਼! ਐਪ ਸਟੋਰ ‘ਤੇ ਅਜਿਹੀ ਐਪ ਵੀ ਹੁੰਦੀ ਜੋ ਐਪਲ ਦੀ ਮੈਨੁਫੈਕਚਰਿੰਗ ਦੀ ਤਸਵੀਰ ਦਿਖਾਉਂਦੀ •ਕੁਲਦੀਪ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅੱਜ-ਕੱਲ੍ਹ ‘ਐਪਲ’ ਦੇ ਆਈ ਫੋਨ, ਆਈ ਪੈਡ, ਆਈ ਪੋਡ, ਲੈਪਟਾਪ ਆਦਿ ਦਾ ਸੰਸਾਰ ਭਰ ਦਾ ਮੱਧ-ਵਰਗ ਦਿਵਾਨਾ ਹੈ। ਖ਼ਾਸ ਤੌਰ ‘ਤੇ ਮੱਧਵਰਗੀ ਨੌਜਵਾਨ ਤਾਂ ਐਪਲ ਦੇ ਉਤਪਾਦਾਂ ਦੇ ਸ਼ੁਦਾਈ ਹਨ। ਚੰਗੀ ਬ੍ਰਾਂਡਡ ਕਾਰ, ਕੱਪੜੇ, ਐਨਕਾਂ, ਬੂਟਾਂ ਸਮੇਤ ਐਪਲ ਦੇ ਆਈ ਫੋਨ, ਆਈ ਪੈਡ ਆਦਿ ਵੀ ਅਜੋਕੇ ਰੁੱਖੇ, ਬੇਰਸੇ ਤੇ ਬੇਰੰਗੇ ਮੱਧ-ਵਰਗੀ ਜੀਵਨ ਲਈ ਸਟੇਟਸ ਸਿੰਬਲ ਦਾ ਇੱਕ “ਅਟੁੱਟ” ਅੰਗ ਬਣ ਗਏ ਹਨ। ਆਈ ਫੋਨ 4, 4ਐਸ, 5, 5ਐਸ, 6, 6ਐਸ ਆਦਿ ਹਰ ਨਵੀਂ ਸੀਰੀਜ਼ ਜਦ ਮੰਡੀ ਵਿੱਚ ਆਉਂਦੀ ਹੈ ਤਾਂ ਨੌਜਵਾਨਾਂ ਵਿੱਚ ਉਸਨੂੰ ਖਰੀਦਣ ਦੀ ਚੂਹਾ ਦੌੜ ਲੱਗ ਜਾਂਦੀ ਹੈ। ਵਪਾਰੀ ਬਲੈਕ ਆਦਿ ਵਿੱਚੋਂ ਚੋਖ਼ੀ ਕਮਾਈ ਕਰਦੇ ਹਨ। ਇਹਨਾਂ ਬਿਰਤੀਆਂ ਦਾ ਇਜ਼ਹਾਰ ਅੱਜ-ਕੱਲ੍ਹ ਪੰਜਾਬੀ ਗੀਤਾਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਐਪਲ ਦੇ ਫੋਨਾਂ ‘ਤੇ ਪੰਜਾਬੀ ਗੀਤ ਆ ਰਹੇ ਹਨ।

ਪਰ ਕਦੇ ਅਸੀਂ ਸੋਚਿਆ ਹੈ ਕਿ ਜਿਹੜੇ ਐਪਲ ਦੇ ਉਤਪਾਦਾਂ ਦੇ ਅਸੀਂ ਇੰਨੇ ਸ਼ੁਦਾਈ ਹਾਂ ਉਹ ਬਣਦੇ ਕਿਵੇਂ ਹਨ। ਵੈਸੇ ਤਾਂ ਸਰਮਾਏਦਾਰੀ ਸਮਾਜ ‘ਚ ਹਰ ਪੈਦਾਵਾਰ ਲਈ ਮਜ਼ਦੂਰ ਹੀ ਮੁਨਾਫ਼ੇ ਦੀ ਕੁਲ੍ਹਾੜੀ ‘ਚ ਨਪੀੜੇ ਜਾਂਦੇ ਹਨ। ਐਪਲ ਦੇ ਉਤਪਾਦਾਂ ‘ਤੇ ਵੀ ਬਿਨਾਂ ਛੋਟ ਇਹ ਗੱਲ ਲਾਗੂ ਹੁੰਦੀ ਹੈ। ਇਸਦੀ ਇੱਕ ਮਿਸਾਲ ਚੀਨ ‘ਚ ਬਣਦੇ ਐਪਲ ਦੇ ਪੁਰਜੇ ਅਤੇ ਸੈਂਬਲਿੰਗ ਦਾ ਕੰਮ ਕਰਦੀਆਂ ਚੀਨ ਦੀਆਂ ਦੋ ਵੱਡੀਆਂ ਕੰਪਨੀਆਂ ਫਾਕਸਕੋਨ ਅਤੇ ਪੀਗਾਟ੍ਰੋਨ ਦੇ ਮਜ਼ਦੂਰਾਂ ਦੇ ਜੀਵਨ ਦੀ ਭਿਅੰਕਰ ਤਸਵੀਰ ਹੈ ਜੋ ਗ਼ੁਲਾਮਾਂ ਦੇ ਯੁੱਗ ਦੀ ਯਾਦ ਕਰਵਾ ਦਿੰਦੀ ਹੈ। ਫਾਕਸਕੋਨ ਸੰਸਾਰ ਦੀਆਂ ਵੱਡੀਆਂ ਕੰਪਨੀਆਂ ਵਿੱਚੋਂ ਇੱਕ ਹੈ ਜੋ ਕੇਵਲ ਐਪਲ ਦੇ ਹੀ ਨਹੀਂ ਸਗੋਂ ਸੈਮਸੰਗ, ਡੈੱਲ, ਨੋਕੀਆ, ਸੋਨੀ, ਮੋਟੋਰੋਲਾ ਆਦਿ ਕੰਪਨੀਆਂ ਲਈ ਬਿਜਲਈ ਪੁਰਜੇ ਵੀ ਬਣਾਉਂਦੀ ਹੈ।

ਫਾਕਸਕੋਨ ਅਤੇ ਪੀਗਾਟ੍ਰੋਨ ਕੰਪਨੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਦੇ ਜੀਵਨ ਬਾਰੇ ਇੱਕ ਜਾਂਚ ਹੋਈ ਜਿਸ ਵਿੱਚ ਉਹਨਾਂ ਦੀ ਬਰਬਰ ਜ਼ਿੰਦਗੀ ਦਾ ਖੁਲਾਸਾ ਹੋਇਆ। ਜਾਂਚ ਵਿੱਚ ਪਾਇਆ ਗਿਆ ਕਿ ਫਾਕਸਕੋਨ ਤੇ ਪੀਗਾਟ੍ਰੋਨ ਆਦਿ ਕੰਪਨੀਆਂ ਆਪਣੇ ਮਜ਼ਦੂਰਾਂ ਤੋਂ 72-72 ਘੰਟੇ ਪ੍ਰਤੀ ਹਫ਼ਤਾ ਕੰਮ ਲੈਂਦੀਆਂ ਹਨ ਭਾਵ ਇੱਕ ਦਿਨ ਵਿੱਚ 12 ਘੰਟੇ ਕੰਮ ਅਤੇ ਕੇਵਲ ਐਤਵਾਰ ਦੀ ਛੁੱਟੀ ਜੋ ਕਿ ਨਾਮ ਦੀ ਛੁੱਟੀ ਹੁੰਦੀ ਹੈ ਕਿਉਂਕਿ ਇਸ ਦੌਰਾਨ ਵੀ ਮਜ਼ਦੂਰਾਂ ਤੋਂ ਓਵਰ ਟਾਇਮ ਬਹਾਨੇ ਕੰਮ ਕਰਵਾਇਆ ਜਾਂਦਾ ਹੈ। ਇਸ ਹੱਡ ਭੰਨਵੀਂ ਮਿਹਨਤ ਦੇ ਬਾਵਜੂਦ ਉਹਨਾਂ ਨੂੰ ਲਗਪਗ ਇੱਕ ਜਾਂ ਡੇਢ ਡਾਲਰ ਪ੍ਰਤੀ ਘੰਟਾ ਜਾਂ ਫਿਰ 16 ਡਾਲਰ ਪ੍ਰਤੀ ਦਿਨ ਦੇ ਮਿਲਦੇ ਹਨ ਪਰ ਬਹੁਤਿਆਂ ਨੂੰ ਤਾਂ ਇਹ ਵੀ ਨਹੀਂ ਮਿਲਦੇ, ਸਗੋਂ 12 ਡਾਲਰ ਪ੍ਰਤੀ ਦਿਨ ‘ਤੇ ਹੀ ਗੁਜ਼ਾਰਾ ਕਰਨਾ ਪੈਂਦਾ ਹੈ। ਜਦ ਕਿ ਐਪਲ ਦੇ ਸੀਈਓ ਟਿਮ ਕੁੱਕ ਨੂੰ 5.9 ਬਿਲੀਅਨ ਡਾਲਰ ਭਾਵ 5900000000 ਰੁਪੈ ਮਿਲਦੇ ਹਨ ਅਤੇ ਫਾਕਸਕੋਨ ਦੇ ਸੀਈਓ ਟੈਰੀ ਗੂ ਨੂੰ ਵੀ ਇੰਨੀ ਹੀ ਤਨਖ਼ਾਹ ਮਿਲਦੀ ਹੈ। ਭਾਵ ਫਾਕਸਕਾਨ ਦੇ ਔਸਤ ਮਜ਼ਦੂਰ ਨੂੰ ਇੰਨੇ ਪੈਸੇ ਕਮਾਉਣ ਲਈ 951000 ਸਾਲ ਕੰਮ ਕਰਨਾ ਪਵੇਗਾ, ਫਿਰ ਕਿਤੇ ਜਾ ਕੇ ਟਿਮ ਕੁੱਕ ਜਿੰਨੀ ਕਮਾਈ ਕਰ ਸਕਦਾ ਹੈ। ਇਹ ਤੱਥ ਇਸ ਮੱਧ-ਵਰਗੀ “ਤਰਕ” ਦੀ ਵੀ ਹਵਾ ਕੱਢ ਦਿੰਦੇ ਹਨ ਜੋ ਕਹਿੰਦੇ ਹਨ ਕਿ ‘ਜਿਹੜੇ ਜ਼ਿਆਦਾ ਕੰਮ ਕਰਦੇ ਹਨ ਉਹ ਅਮੀਰ ਹੁੰਦੇ ਹਨ ਤੇ ਜੋ ਘੱਟ ਕੰਮ ਕਰਦੇ ਹਨ ਉਹ ਗ਼ਰੀਬ’।

ਇਸੇ ਤਰ੍ਹਾਂ ਹੀ ਤਾਈਵਾਨੀ ਕੰਪਨੀ ਪੀਗਾਟ੍ਰੋਨ – ਜਿਸਨੇ ਐਪਲ ਆਈ 6ਐਸ ਦੇ ਲੱਖਾਂ ਹੀ ਫੋਨ ਐਪਲ ਲਈ ਬਣਾਏ ਹਨ ਤੇ ਹਾਲੇ ਵੀ ਬਣਾ ਰਹੀ ਹੈ, ਵਿੱਚ ਵੀ 10 ਤੋਂ 14 ਸਾਲ ਤੱਕ ਦੇ ਬੱਚਿਆਂ ਤੋਂ 12-12 ਘੰਟੇ ਪ੍ਰਤੀ ਦਿਨ ਕੰਮ ਲਿਆ ਜਾਂਦਾ ਹੈ। ਜੇਕਰ ਉਹਨਾਂ ਦੇ ਰਹਿਣ ਦੇ ਕਮਰੇ ਦੇਖੇ ਜਾਣ ਤਾਂ ਖੁੱਡਿਆਂ ਵਰਗੇ ਕਮਰਿਆਂ ਵਿੱਚ 14-14 ਬੰਦੇ ਤੂੜੇ ਜਾਂਦੇ ਹਨ। ਦਿਨ ਭਰ ਹੱਡਭੰਨਵੀਂ ਮਿਹਨਤ ਕਰਨ ਤੋਂ ਬਾਅਦ ਮਜ਼ਦੂਰ ਚੰਗੀ ਤਰ੍ਹਾਂ ਸੌਂ ਵੀ ਨਹੀਂ ਸਕਦੇ। ਬੀਬੀਸੀ ਦੀ ਇੱਕ ਹੋਰ ਜਾਂਚ ਨੇ ਦੱਸਿਆ ਕਿ ਪੀਗਾਟ੍ਰੋਨ ‘ਚ ਬੱਚਿਆਂ ਤੋਂ 14-14 ਘੰਟੇ ਕੰਮ ਲਿਆ ਜਾਂਦਾ ਹੈ। ਇੱਥੋਂ ਤੱਕ ਕਿ ਕਈ ਕਾਮੇ ਤਾਂ ਪੂਰਾ ਹਫ਼ਤਾ ਕੰਮ ਕਰਦੇ ਰਹਿੰਦੇ ਹਨ। ਇੰਨਾ ਕੰਮ ਕਰਨ ਦੇ ਬਾਵਜੂਦ ਬਹੁਤ ਥੋੜ੍ਹਾ ਖਾਣ ਨੂੰ ਮਿਲਦਾ ਹੈ ਅਤੇ ਕਈ ਕਾਮੇ ਤਾਂ ਇੰਨੇ ਥੱਕੇ ਹੁੰਦੇ ਹਨ ਕਿ ਖਾਣ ‘ਚ “ਸਮਾਂ ਬਿਤਾਉਣ” ਦੀ ਬਜਾਏ ਸੌਣਾ ਪਸੰਦ ਕਰਦੇ ਹਨ। ਇਸ ਤੋਂ ਬਰਬਰ ਤੇ ਭਿਅੰਕਰ ਜੀਵਨ ਕੀ ਹੋ ਸਕਦਾ ਹੈ ਕਿ ਇੱਕ ਇਨਸਾਨ ਢਿੱਡ ਭਰਨ ਦੀ ਬਜਾਏ ਭੁੱਖਾ ਹੀ ਸੌਣ ਨੂੰ ਤਰਜੀਹ ਦੇ ਰਿਹਾ ਹੈ ਅਤੇ ਕਈ ਵਾਰ ਤਾਂ ਅਜਿਹਾ ਵਾਰ-ਵਾਰ ਕਰਨ ਨਾਲ਼ ਮਜ਼ਦੂਰ ਸੁੱਤੇ ਹੀ ਮੌਤ ਦੇ ਮੂੰਹ ਚਲੇ ਜਾਂਦੇ ਹਨ ਕਿਉਂਕਿ ਪੂਰਾ ਦਿਨ ਕੰਪਨੀ ਲਈ “ਜਿਉਂਣ” ਤੋਂ ਬਿਨਾਂ ਰਾਤ ਨੂੰ ਹੀ ਉਹ ਖੁਦ ਫੈਸਲਾ ਲੈਣ ਲਈ “ਅਜ਼ਾਦ” ਹੁੰਦਾ ਹੈ ਕਿ ਉਸਨੇ ਭੁੱਖਾ ਸੌਣਾ ਹੈ ਜਾਂ ਖਾਣਾ ਖਾ ਕੇ। ਇੰਨੇ ਸਰੀਰਕ ਤੇ ਮਾਨਸਿਕ ਦਬਾਅ ਦੇ ਕਰਕੇ ਬਹੁਤ ਸਾਰੇ ਮਜ਼ਦੂਰਾਂ ਨੇ ਆਤਮ-ਹੱਤਿਆਵਾਂ ਕੀਤੀਆਂ ਹਨ ਜਿਹਨਾਂ ਦੇ ਕੇਸ ਕੰਪਨੀ ਵੱਲੋਂ ਰਫ਼ਾ-ਦਫ਼ਾ ਕਰ ਦਿੱਤੇ ਜਾਂਦੇ ਸਨ। ਪਰ 2010 ‘ਚ ਫਾਕਸਕੋਨ ‘ਚ ਹੋਈਆਂ 14 ਮਜ਼ਦੂਰਾਂ ਦੀਆਂ ਮੌਤਾਂ ਨੇ ਇਹ ਢਕੀ ਰਿੱਝਣ ਨਾ ਦਿੱਤੀ। ਉਸ ਤੋਂ ਬਾਅਦ ਤਾਂ ਹਰ ਦਿਨ ਫਾਕਸਕੋਨ ਜਾਂ ਪੀਗਾਟ੍ਰੋਨ ‘ਚ ਮਜ਼ਦੂਰ ਦੀਆਂ ਮੌਤਾਂ ਦੀ ਖ਼ਬਰ ਆਉਂਦੀ ਰਹਿੰਦੀ ਹੈ। ਫਰਵਰੀ, 2015 ‘ਚ ਪੀਗਾਟ੍ਰੋਨ ਦਾ ਇੱਕ 26 ਸਾਲਾ ਮਜ਼ਦੂਰ ਆਪਣੇ ਕਮਰੇ ‘ਚ ਮਰਿਆ ਹੋਇਆ ਮਿਲਿਆ। ਜਾਂਚ-ਪੜਤਾਲ ਕਰਨ ‘ਤੇ ਪਤਾ ਲੱਗਾ ਕਿ ਉਹ 12 ਘੰਟੇ ਪ੍ਰਤੀ ਦਿਨ ਦੇ ਹਿਸਾਬ ਨਾਲ਼ ਪੂਰਾ ਹਫ਼ਤਾ ਕੰਮ ਕਰਦਾ ਸੀ। ਆਤਮ-ਹੱਤਿਆਵਾਂ ਦਾ ਇਹ ਸਿਲਸਿਲਾ ਹਾਲੇ ਵੀ ਬਾਦਸਤੂਰ ਜਾਰੀ ਹੈ। ਬਹੁਤ ਸਾਰੇ ਮਜ਼ਦੂਰ ਆਪਣੇ ਕਮਰਿਆਂ ‘ਚੋਂ ਕੁੱਦ ਕੇ ਆਤਮ-ਹੱਤਿਆ ਕਰ ਲੈਂਦੇ ਸਨ ਤਾਂ ਫਾਕਸਕੋਨ ਕੰਪਨੀ ਨੇ ਇਸਦਾ “ਹੱਲ” ਇਹ ਕੱਢਿਆ ਕਿ ਸਾਰੇ ਕਮਰਿਆਂ ਦੀਆਂ ਬਾਰੀਆਂ ‘ਤੇ ਲੋਹੇ ਦੀਆਂ ਗਰਿੱਲਾਂ ਲਗਾ ਦਿੱਤੀਆਂ ਤਾਂ ਜੋ ਕੋਈ ਮਜ਼ਦੂਰ ਕੁੱਦ ਕੇ ਆਤਮ-ਹੱਤਿਆ ਨਾ ਕਰੇ। ਭਾਵ ਮਜ਼ਦੂਰਾਂ ਦੇ ਆਤਮ-ਹੱਤਿਆ ਦੇ “ਸਵੈ-ਫੈਸਲੇ ਦੀ ਅਜ਼ਾਦੀ” ਨੂੰ ਵੀ ਕੰਪਨੀ ਖੋਹਣ ਦਾ ਯਤਨ ਕਰਦੀ ਹੈ। ਇਹ ਜੀਵਨ ਕਿਸੇ ਵੀ ਤਰ੍ਹਾਂ ਗ਼ੁਲਾਮਾਂ ਦੇ ਜੀਵਨ ਤੋਂ ਘੱਟ ਨਹੀਂ ਹੈ ਜਿਸ ‘ਚ ਇਨਸਾਨ ਤੋਂ ਪਸ਼ੂਆਂ ਵਾਂਗ ਕੰਮ ਲੈਣਾ, ਖਾਣ-ਪੀਣ, ਸੌਣ, ਵਿਹਲ, ਸਮਾਜਿਕ ਰਿਸ਼ਤੇ-ਨਾਤੇਦਾਰੀ ਜਿਹੇ ਮੁੱਢਲੇ ਇਨਸਾਨੀ ਹੱਕ ਵੀ ਇੱਕ ਮਨੁੱਖ ਤੋਂ ਖੋਹ ਲੈਣਾ ਸ਼ਾਮਲ ਹੈ।

ਫਾਕਸਕੌਨ ਕੰਪਨੀ ਵਿੱਚ 300000-400000 ਮਜ਼ਦੂਰ ਕੰਮ ਕਰਦੇ ਹਨ। ਵਰਕਸ਼ਾਪਾਂ ‘ਚ ਹਜ਼ਾਰਾਂ-ਹਜ਼ਾਰ ਮਜ਼ਦੂਰ ਇਕੱਠੇ ਕੰਮ ਕਰਦੇ ਹਨ ਪਰ ਉਹਨਾਂ ਨੂੰ ਆਪਸ ‘ਚ ਗੱਲ ਕਰਨ ਦੀ ਵੀ ਮਨਾਹੀ ਹੈ। ਜੇਕਰ ਕੋਈ ਮਜ਼ਦੂਰ ਗੱਲ ਕਰਦਾ “ਫੜਿਆ” ਜਾਵੇ ਤਾਂ ਉਸਨੂੰ ਜੁਰਮਾਨਾ ਹੁੰਦਾ ਹੈ। ਕੋਈ ਗੱਲਾਂ ਨਹੀਂ, ਆਸੇ-ਪਾਸੇ ਦੇਖਣਾ ਨਹੀਂ, ਬਸ ਕੰਮ ਕਰਨਾ ਹੈ ਤੇ ਉਹ ਵੀ 12-12, 16-16 ਘੰਟੇ ਲਗਾਤਾਰ। ਤਾਂ ਅਜਿਹੇ ਮਾਹੌਲ਼ ‘ਚ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿਹੋ ਜਿਹੀ ਬਰਬਰ ਜ਼ਿੰਦਗੀ ਫਾਕਸਕੋਨ ਤੇ ਪੀਗਾਟ੍ਰੋਨ ਦੇ ਮਜ਼ਦੂਰ ਬਸਰ ਕਰਦੇ ਹਨ। ਇਹ ਸਰਮਾਏਦਾਰ ਪੈਦਾਵਾਰੀ ਪ੍ਰਕਿਰਿਆ ਦੀ ਪੂਰੀ ਫ਼ਿਲਮ ਦਾ ਕੇਵਲ ਨਿੱਕਾ ਜਿਹਾ ਟ੍ਰੇਲਰ ਹੈ।

ਪਰ ਇਸਦਾ ਮਤਲਬ ਇਹ ਨਹੀਂ ਕਿ ਇਨਸਾਨ ਨੂੰ ਸਭ ਛੱਡ-ਛਡਾ ਕੇ ਜੰਗਲੀ ਜੀਵਨ ‘ਚ ਚਲਿਆ ਜਾਣਾ ਚਾਹੀਦਾ ਹੈ ਜੋ ਕਿ ਬਹੁਤ ਸਾਰੇ ਬੀਤੇ ਦੇ ਖ਼ੈਰ-ਗਵਾਹਾਂ ਦੀ ਪਸੰਦ ਹੈ। ਸਗੋਂ ਤਕਨੀਕੀ ਵਿਕਾਸ ਤਾਂ ਮਨੁੱਖ ਦੇ ਉੱਚੇ ਸੁਹਜਾਤਮਕ ਤੇ ਸੱਭਿਆਚਾਰਕ ਵਿਕਾਸ ਦਾ ਵਾਹਕ ਹੁੰਦਾ ਹੈ ਕਿਉਂਕਿ ਤਕਨੀਕ ਮਨੁੱਖ ਨੂੰ ਵਿਹਲ ਦਿੰਦੀ ਹੈ ਜਿਸ ‘ਚ ਉਹ ਕਲਾ, ਸਾਹਿਤ, ਸੈਰ-ਸਪਾਟਾ, ਗੀਤ-ਸੰਗੀਤ ਆਦਿ ਸੁਹਜਾਤਮਕ ਕਦਰਾਂ ਦਾ ਆਨੰਦ ਮਾਣ ਸਕਦਾ ਹੈ। ਪਰ ਤਕਨੀਕੀ ਵਿਕਾਸ ਕਿਸ ਕੀਮਤ ‘ਤੇ ਹੋ ਰਿਹਾ ਹੈ? ਇਹ ਬਹੁਤ ਹੀ ਮਹੱਤਵਪੂਰਨ ਸਵਾਲ ਹੈ। ਅਜੋਕੇ ਸਰਮਾਏਦਾਰਾ ਸਮਾਜ ਵਿੱਚ ਜਿੱਥੇ ਪੈਦਾਵਾਰੀ ਸਾਧਨਾਂ ‘ਤੇ ਮੁੱਠੀ ਭਰ ਸਰਮਾਏਦਾਰਾ ਦਾ ਕਬਜ਼ਾ ਹੈ ਅਤੇ ਬਹੁ-ਗਿਣਤੀ ਵਸੋਂ ਫਾਕਸਕੋਨ, ਪੀਗਾਟ੍ਰੋਨ ਆਦਿ ਦੇ ਮਜ਼ਦੂਰਾਂ ਵਰਗੀ ਬਰਬਰ ਤੇ ਭਿਅੰਕਰ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੈ ਤਾਂ ਅਜਿਹੇ ਸਮੇਂ ਨਾ ਕੇਵਲ ਤਕਨੀਕੀ ਵਿਕਾਸ ਸਗੋਂ ਹਰ ਪੈਦਾਵਾਰ ਤੇ ਵਿਕਾਸ ਨੂੰ ਮਨੁੱਖ ਕੇਂਦਰਿਤ ਬਣਾਉਣਾ ਅੱਜ ਸਮੇਂ ਦੀ ਅਣ-ਸਰਦੀ ਲੋੜ ਹੈ, ਜਿੱਥੇ ਤਕਨੀਕ ਦਾ ਲਾਭ ਹਰ ਇਨਸਾਨ ਨੂੰ ਹੋਵੇ ਨਾ ਕਿ ਬਹੁ-ਗਿਣਤੀ ਲੋਕਾਂ ਨੂੰ, ਬਰਬਰ, ਭਿਅੰਕਰ ਗ਼ਰੀਬੀ ਤੇ ਭੁੱਖਮਰੀ ਦੀ ਜ਼ਿੰਦਗੀ ਇਸ ਕੀਮਤ ‘ਤੇ ਨਾ ਬਿਤਾਉਣੀ ਪਵੇ ਕਿ ਉਹ ਕੁਝ ਲੋਕਾਂ ਨੂੰ ਸਟੇਟਸ ਸਿੰਬਲ ਲਈ ਨਵੇਂ-ਨਵੇਂ ਖਿਡੌਣੇ ਦੇ ਸਕਣ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 52, 16 ਅਪ੍ਰੈਲ 2016

Advertisements