ਕਾਰਖਾਨੇ ਵਿੱਚ ਹਾਦਸੇ ਵਿੱਚ ਮਾਰੇ ਗਏ ਮਜ਼ਦੂਰ ਨੂੰ ਮੁਆਵਜ਼ਾ ਦੁਆਉਣ ਲਈ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਦੀ ਅਗਵਾਈ ਵਿੱਚ ਸੰਘਰਸ਼

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

19 ਸਤੰਬਰ ਦੀ ਸ਼ਾਮ 6 ਵਜੇ ਮਹਾਜਨ ਟੈਕਸਟਾਈਲ (ਮੇਹਰਬਾਨ, ਲੁਧਿਆਣਾ) ਵਿੱਚ ਦੇਵ ਬਹਾਦਰ ਨਾਂ ਦਾ ਇੱਕ ਮਜ਼ਦੂਰ ਜੈਕਾਟ ਪਾਵਰਲੂਮ ਮਸ਼ੀਨ ਦੇ ਉੱਪਰੋਂ ਉਸ ਸਮੇਂ ਹੇਠਾਂ ਡਿੱਗ ਗਿਆ ਜਦੋਂ ਉਹ ਮਸ਼ੀਨ ‘ਤੇ ਡਿਜਾਈਨ ਚੇਨ ਚੜਾ ਰਿਹਾ ਸੀ। ਇਹ ਕੰਮ ਦੋ ਜਾਂ ਤਿੰਨ ਮਜ਼ਦੂਰਾਂ ਦੇ ਵੱਸ ਦਾ ਸੀ ਪਰ ਉਸਨੂੰ ਇਕੱਲੇ ਨੂੰ ਹੀ ਇਹ ਕੰਮ ਕਰਨਾ ਪੈ ਰਿਹਾ ਸੀ। ਕਾਰਖਾਨਿਆਂ ਵਿੱਚ ਮਜ਼ਦੂਰਾਂ ਦੀਆਂ ਜ਼ਿੰਦਗੀਆਂ ਨਾਲ਼ ਜਿਸ ਤਰ੍ਹਾਂ ਖੇਡਿਆ ਜਾ ਰਿਹਾ ਹੈ, ਉਹਨਾਂ ਦੀ ਲੁੱਟ-ਖਸੁੱਟ ਹੋ ਰਹੀ ਹੈ ਇਸਦੀ ਇਹ ਇੱਕ ਹੋਰ ਉਦਾਹਰਣ ਹੈ।। ਸਰਮਾਏਦਾਰਾਂ ਵੱਲੋਂ ਹੋਰ ਸਾਰੇ ਕਿਰਤ ਕਨੂੰਨਾਂ ਸਮੇਤ ਸੁਰੱਖਿਆ ਦੇ ਪ੍ਰਬੰਧਾਂ ਸਬੰਧੀ ਕਿਰਤ ਕਨੂੰਨਾਂ ਦੀਆਂ ਵੱਡੇ ਪੱਧਰ ‘ਤੇ ਸ਼ਰੇਆਮ ਧੱਜ਼ੀਆਂ ਉਡਾਏ ਜਾਣ ਕਾਰਨ ਬੇਹੱਦ ਭਿਅੰਕਰ ਹਾਲਤਾਂ ਪੈਦਾ ਹੋ ਚੁੱਕੀਆਂ ਹਨ। ਮਜ਼ਦੂਰਾਂ ਨਾਲ਼ ਰੋਜ਼ਾਨਾ ਵੱਡੇ ਪੱਧਰ ‘ਤੇ ਭਿਆਨਕ ਹਾਦਸੇ ਵਾਪਰ ਰਹੇ ਹਨ। ਮਜ਼ਦੂਰ ਅਪਾਹਿਜ ਹੋ ਰਹੇ ਹਨ, ਮਰ ਰਹੇ ਹਨ, ਉਹਨਾਂ ਦੇ ਪਰਿਵਾਰ ਤਬਾਹ-ਬਰਬਾਦ ਹੋ ਰਹੇ ਹਨ। ਸਰਕਾਰ, ਕਿਰਤ ਵਿਭਾਗ, ਪੁਲਿਸ ਪ੍ਰਸ਼ਾਸਨ ਮਜ਼ਦੂਰਾਂ ਦੀ ਬਾਂਹ ਫੜਨ ਨੂੰ ਤਿਆਰ ਨਹੀਂ। ਮਜ਼ਦੂਰਾਂ ਨੂੰ ਖੁਦ ਹੀ ਲੜਨਾ ਪੈਣਾ ਹੈ।

ਦੇਵ ਬਹਾਦਰ ਮੂਲ ਰੂਪ ਵਿੱਚ ਨੇਪਾਲ ਦਾ ਰਹਿਣ ਵਾਲਾ ਸੀ। ਵੀਹ ਵਰਿਆਂ ਤੋਂ ਇੱਥੇ ਲੁਧਿਆਣਾ ਵਿੱਚ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾ ਰਿਹਾ ਸੀ। ਉਸਦੇ ਤਿੰਨ ਵਰਿਆਂ ਤੋਂ ਲੈ ਕੇ 12 ਸਾਲ ਤੱਕ ਦੇ ਤਿੰਨ ਬੱਚੇ ਸਨ। ਦੋ ਬੱਚੇ ਗੂੰਗੇ ਹਨ। ਸਭ ਤੋਂ ਵੱਡੀ ਲੜਕੀ ਦਾ ਦਿਮਾਗੀ ਸੰਤੁਲਨ ਵੀ ਠੀਕ ਨਹੀਂ ਹੈ। ਅਜਿਹੀ ਹਾਲਤ ਵਿੱਚ ਦੇਵ ਬਹਾਦਰ ਦੀ ਮੌਤ ਕਾਰਨ ਇਸ ਗਰੀਬ ਪਰਿਵਾਰ ‘ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਹੈ। ਮਾਲਕ ਪਰਿਵਾਰ ਨੂੰ ਕੁੱਝ ਹਜ਼ਾਰ ਰੁਪਏ ਦੇ ਕੇ ਪਿੱਛਾ ਛਡਾਉਣ ਦੀਆਂ ਯੁਗਤਾਂ ਲੜਾ ਰਿਹਾ ਸੀ ਪਰ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੀ ਅਗਵਾਈ ਵਿੱਚ ਸੈਂਕੜੇ ਮਜ਼ਦੂਰ ਆਪਣੀਆਂ ਤਿੰਨ ਦਿਨ ਦਿਹਾੜੀਆਂ ਤੋੜ ਕੇ ਪਰਿਵਾਰ ਨਾਲ਼ ਖੜੇ ਰਹੇ।

ਕਈ ਕਾਰਖਾਨਿਆਂ ਦੇ ਮਜ਼ਦੂਰਾਂ ਨੇ ਹੜਤਾਲ ਕਰਕੇ ਧਰਨੇ-ਮੁਜ਼ਾਹਰੇ ਵਿੱਚ ਸ਼ਮੂਲੀਅਤ ਕੀਤੀ। ਲੁਧਿਆਣੇ ਵਿੱਚ ਕਿਸੇ ਕਾਰਖਾਨੇ ਵਿੱਚ ਹਾਦਸੇ ਵਿੱਚ ਮਜ਼ਦੂਰਾਂ ਦੇ ਮਾਰੇ ਜਾਣ ‘ਤੇ ਆਮ ਤੌਰ ਤੇ ਮਾਲਕ ਪੁਲਿਸ ਤੇ ਕਿਰਤ ਅਫ਼ਸਰਾਂ ਨਾਲ਼ ਮਿਲ ਕੇ ਦਲਾਲਾਂ ਦੀ ਮਦਦ ਨਾਲ਼ ਪੀੜਤ ਪਰਿਵਾਰ ਨੂੰ 20-25 ਹਜ਼ਾਰ ਵਿੱਚ ਮਾਮਲਾ ਰਫਾ-ਦਫਾ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ। ਪਰ ਜਦੋਂ ਮਜ਼ਦੂਰ ਇੱਕਮੁੱਠ ਹੋ ਕੇ ਲੜਦੇ ਹਨ ਤਾਂ ਉਹਨਾਂ ਨੂੰ ਵੱਧ ਮੁਆਵਜ਼ਾ ਦੇਣਾ ਪੈਂਦਾ ਹੈ। ਇਸ ਮਾਮਲੇ ਵਿੱਚ ਵੀ ਮਾਲਕਾਂ ਨੇ ਇਹ ਕੋਸ਼ਿਸ਼ ਕੀਤੀ। ਪਰ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੀ ਅਗਵਾਈ ਵਿੱਚ ਇਕਮੁੱਠ ਹੋਏ ਮਜ਼ਦੂਰਾਂ ਨੇ ਪੁਲਿਸ ਅਤੇ ਮਾਲਕ ਨੂੰ ਇੱਕ ਹੱਦ ਤੱਕ ਝੁਕਣ ਲਈ ਮਜ਼ਬੂਰ ਕਰ ਦਿੱਤਾ। ਪੁਲਿਸ ਨੇ ਮਾਲਕ ਨੂੰ ਹਿਰਾਸਤ ਵਿੱਚ ਲੈ ਲਿਆ। ਮਾਲਕਾਂ ਵੱਲੋਂ ਪੀੜਤ ਪਰਿਵਾਰ ਨੂੰ ਦੋ ਲੱਖ ਰੁਪਏ ਮੁਆਵਜ਼ਾ ਦੇਣਾ ਪਿਆ। ਮਹਾਜਨ ਟੈਕਸਟਾਈਲ ਅਤੇ ਮੇਹਰਬਾਨ ਪੁਲਿਸ ਥਾਣੇ ਸਾਹਮਣੇ ਹੋਏ ਧਰਨੇ-ਮੁਜ਼ਾਹਰਿਆਂ ਨੂੰ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂਆਂ ਲਖਵਿੰਦਰ, ਬਲਜੀਤ, ਕਾਰਖਾਨਾ ਮਜ਼ਦੂਰ ਯੂਨੀਅਨ ਦੇ ਆਗੂ ਵਿਸ਼ਾਲ, ਕੁੱਲ ਹਿੰਦ ਨੇਪਾਲੀ ਏਕਤਾ ਮੰਚ ਦੇ ਆਗੂ ਟੇਕ ਬਹਾਦਰ ਆਦਿ ਨੇ ਸੰਬੋਧਿਤ ਕੀਤਾ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 62, 16 ਅਕਤੂਬਰ 2016 ਵਿੱਚ ਪ੍ਰਕਾਸ਼ਤ

Advertisements