ਕੰਮ ਲਈ ਮਿਹਨਤਾਨੇ ਤੋਂ ਲੋੜਾਂ ਦੀ ਸੰਤੁਸ਼ਟੀ ਤੱਕ •ਮੌਰਿਸ ਕਾਰਨਫੋਰਥ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪਹਿਲਾ ਰੂਪ, ਜਿਸ ਵਿੱਚ ਸਮਾਜਵਾਦ ਆਪਣਾ ਸੰਗਰਾਂਦੀ ਕਿਰਦਾਰ ਪੇਸ਼ ਕਰਦਾ ਹੈ, ਖੁਦ ਪੈਦਾਵਾਰ ‘ਚ ਹੁੰਦਾ ਹੈ ਅਤੇ ਉਸ ਪ੍ਰਣਾਲ਼ੀ ‘ਚ ਹੁੰਦਾ ਹੈ ਜਿਸਦੇ ਤਹਿਤ ਸਮਾਜਿਕ ਪੈਦਾਵਾਰ ਦੀ ਵੰਡ ਕੀਤੀ ਜਾਂਦੀ ਹੈ।

ਸਮਾਜਵਾਦ, ਸਰਮਾਏਦਾਰੀ ਦੇ ਤਹਿਤ ਵਿਕਸਿਤ ਹੋ ਚੁੱਕੀਆਂ ਪੈਦਾਵਾਰੀ ਤਾਕਤਾਂ ਦੇ ਕਿਰਦਾਰ ਅਨੁਸਾਰ ਪੈਦਾਵਾਰੀ ਸਬੰਧਾਂ ਨੂੰ ਲਾਗੂ ਕਰਦਾ ਹੈ ਅਤੇ ਪੈਦਾਵਾਰੀ ਤਾਕਤਾਂ ਦੇ ਵਿਕਾਸ ਦਾ ਕਾਰਜ ਸ਼ੁਰੂ ਕਰਦਾ ਹੈ। ਪਰ ਪੈਦਾਵਾਰੀ ਤਾਕਤਾਂ ਦਾ ਵਿਕਾਸ ਉਸ ਪੱਧਰ ਤੋਂ ਸ਼ੁਰੂ ਕਰਦਾ ਹੈ ਜਿੱਥੇ ਤੱਕ ਇਹ ਸਰਮਾਏਦਾਰੀ ਅਧੀਨ ਵਿਕਸਤ ਹੋਈਆਂ ਹੁੰਦੀਆਂ ਹਨ

ਨਤੀਜਨ, ਭਾਵੇਂ ਪੈਦਾਵਾਰ ਦਾ ਉਦੇਸ਼ ਸਮਾਜ ਦੀਆਂ ਸਾਰੀਆਂ ਲਗਾਤਾਰ ਵਧਦੀਆਂ ਹੋਈਆਂ ਪਦਾਰਥਕ ਤੇ ਸੱਭਿਆਚਾਰਕ ਲੋੜਾਂ ਦੀ ਵੱਧ ਤੋਂ ਵੱਧ ਸੰਤੁਸ਼ਟੀ ਹੁੰਦਾ ਹੈ, ਪਰ ਹਰੇਕ ਵਿਅਕਤੀ ਦੀਆਂ ਲਗਾਤਾਰ ਵਧਦੀਆਂ ਹੋਈਆਂ ਸਾਰੀਆਂ ਲੋੜਾਂ ਨੂੰ ਪੂਰਨ ਤੇ ਇੱਕੋ ਜਿੰਨਾ ਸੰਤੁਸ਼ਟ ਕਰਨਾ ਲੰਬੇ ਸਮੇਂ ਤੱਕ ਸੰਭਵ ਨਹੀਂ ਹੁੰਦਾ। ਪੈਦਾਵਾਰੀ ਤਾਕਤਾਂ ਅਜਿਹਾ ਕਰਨ ਲਈ ਕਾਫ਼ੀ ਹੱਦ ਤੱਕ ਲਾਜ਼ਮੀ ਨਹੀਂ ਹੁੰਦੀਆਂ।

ਇਸ ਤਰ੍ਹਾਂ ਭਾਵੇਂ ਸਮਾਜਵਾਦ ਦੇ ਉਦੇਸ਼ ਦਾ ਨਿਸ਼ਚਿਤ ਹੀ ਮਤਲਬ ਇਹ ਹੈ ਕਿ ਅੰਤ ਹਰੇਕ ਵਿਅਕਤੀ ਦੀ ਹਰੇਕ ਲੋੜ ਇੱਕੋ ਜਿੰਨੇ ਰੂਪ ਨਾਲ਼ ਸੰਤੁਸ਼ਟ ਕੀਤੀ ਜਾਵੇਗੀ, ਪਰ ਇਹ ਨਤੀਜਾ ਲੰਬੇ ਸਮੇਂ ਤੱਕ, ਉਸ ਸਮੇਂ ਤੱਕ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਜਦ ਤੱਕ ਪੈਦਾਵਾਰ ‘ਚ ਭਾਰੀ ਵਾਧਾ, ਜੋ ਸਰਮਾਏਦਾਰਾ ਪੈਦਾਵਾਰ ਤੋਂ ਬਹੁਤ ਅੱਗੇ ਹੋਵੇ, ਹਾਸਲ ਨਹੀਂ ਹੁੰਦਾ।

ਇਸ ਦੌਰਾਨ ਹਰੇਕ ਵਿਅਕਤੀ ਨੂੰ ਉਸਦੀ ਲੋੜ ਅਨੁਸਾਰ ਨਹੀਂ ਸਗੋਂ ਕੰਮ ਦੀ ਮਾਤਰਾ ਅਤੇ ਗੁਣਵੱਤਾ ਦੇ ਅਨੁਸਾਰ ਸਮਾਜਿਕ ਪੈਦਾਵਾਰ ‘ਚ ਆਪਣਾ-ਆਪਣਾ ਹਿੱਸਾ ਮਿਲ਼ਦਾ ਹੈ। ਇਸ ਤਰ੍ਹਾਂ ਹਰੇਕ ਵਿਅਕਤੀ ਆਪਣੀ ਲੋੜ ਅਨੁਸਾਰ ਨਹੀਂ, ਸਗੋਂ ਆਪਣੇ ਯੋਗਦਾਨ ਦੇ ਅਨੁਸਾਰ ਹਾਸਲ ਕਰਦਾ ਹੈ।

ਇਸਦਾ ਅਰਥ, ਅਸਲ ‘ਚ ਇਹ ਹੈ ਕਿ ਸਾਰਿਆਂ ਦੀਆਂ ਲੋੜਾਂ ਇੱਕੋ ਜਿੰਨੇ ਰੂਪ ਨਾਲ਼ ਸੰਤੁਸ਼ਟ ਨਹੀਂ ਹੁੰਦੀਆਂ। ਜੋ ਜ਼ਿਆਦਾ ਕੰਮ ਕਰਦਾ ਹੈ, ਜਾਂ ਉੱਤਮ ਗੁਣਵੱਤਾ ਵਾਲ਼ਾ ਕੰਮ ਕਰਦਾ ਹੈ, ਉਸਨੂੰ ਜ਼ਿਆਦਾ ਮਿਲ਼ਦਾ ਹੈ। ਹੋਰ ਅੱਗੇ, ਬਰਾਬਰ ਕੰਮ ਕਰਨ ਵਾਲ਼ੇ ਇੱਕੋ ਜਿਹਾ ਲੈਂਦੇ ਹਨ ਪਰ ਉਹਨਾਂ ਦੀਆਂ ਲੋੜਾਂ ਇੱਕੋ ਜਿਹੀਆਂ ਨਹੀਂ ਵੀ ਹੋ ਸਕਦੀਆਂ: ਉਦਾਹਰਨ ਵਜੋਂ ਇੱਕ ਵਿਅਕਤੀ ਵਿਆਹਿਆ ਹੈ, ਦੂਜਾ ਕਆਰਾ; ਕਿਸੇ ਵਿਅਕਤੀ ਨੂੰ ਦੂਜੇ ਦੇ ਮੁਕਾਬਲਤਨ ਜ਼ਿਆਦਾ ਬੱਚਿਆਂ ਨੂੰ ਪਾਲਣਾ ਪੈਂਦਾ ਹੈ ਆਦਿ। ਇਸ ਲਈ ਉਹਨਾਂ ਦੀਆਂ ਲੋੜਾਂ ਇੱਕੋ ਜਿੰਨੀਆਂ ਸੰਤੁਸ਼ਟ ਨਹੀਂ ਹੁੰਦੀਆਂ।

ਇਸ ਤਰ੍ਹਾਂ, ਸਮਾਜਵਾਦ ਦੇ ਦੌਰ ‘ਚ, ਪੈਦਾਵਰ ਕੰਟਰੌਲ ਹੇਠ ਰਹਿੰਦੀ ਹੈ, ਅਤੇ “ਹਰੇਕ ਤੋਂ ਉਸਦੀ ਯੋਗਤਾ ਅਨੁਸਾਰ, ਹਰੇਕ ਨੂੰ ਉਸਦੇ ਕੰਮ ਅਨੁਸਾਰ” ਦਾ ਸਿਧਾਂਤ ਅਪਣਾਇਆ ਜਾਂਦਾ ਹੈ। ਪਰ ਸਮਾਜਵਾਦ ਦੇ ਉੱਚੇ ਪੜਾਅ ‘ਚ ਪੈਦਾਵਾਰ ‘ਚ ਇੰਨਾ ਜ਼ਿਆਦਾ ਵਾਧਾ ਹੋ ਜਾਂਦਾ ਹੈ ਕਿ ਪੂਰੀ ਤਰ੍ਹਾਂ ਵੱਖਰਾ ਸਿਧਾਂਤ ਕੰਮ ਕਰਦਾ ਹੈ: “ਹਰੇਕ ਤੋਂ ਉਸਦੀ ਯੋਗਤਾ ਅਨੁਸਾਰ, ਹਰੇਕ ਨੂੰ ਉਸਦੀ ਲੋੜ ਅਨੁਸਾਰ।”

ਮਾਰਕਸ ਸਮਾਜਵਾਦ ਦੇ ਸਿਧਾਂਤ ਇੱਕੋ ਜਿਹੇ ਕੰਮ ਲਈ ਇੱਕੋ ਜਿਹੀ ਤਨਖ਼ਾਹ ਨੂੰ “ਸਰਮਾਏਦਾਰਾ ਹੱਕ” ਦੀ ਰਹਿੰਦ-ਖੂੰਹਦ ਮੰਨਦੇ ਸਨ। ਇਹ “ਸਰਮਾਏਦਾਰਾ ਹੱਕ” ਸੰਪੂਰਨਤਾ-ਪ੍ਰਾਪਤ ਕਮਿਊਨਿਸਟ ਸਮਾਜ ‘ਚ ਅੰਤਿਮ ਰੂਪ ‘ਚ ਖ਼ਤਮ ਕਰ ਦਿੱਤਾ ਜਾਂਦਾ ਹੈ।5 ਉਸ ਸਮੇਂ ਹਰੇਕ ਵਿਅਕਤੀ ਨੂੰ ਆਪਣੀ ਹਰੇਕ ਲੋੜ ਦੀ ਪੂਰਤੀ ਦਾ ਬਰਾਬਰ ਹੱਕ ਹੁੰਦਾ ਹੈ।

ਅਸਲ ‘ਚ ਸਾਰਿਆਂ ਦੀਆਂ ਲੋੜਾਂ ਨੂੰ ਇੱਕੋ ਜਿਹੇ ਰੂਪ ਨਾਲ਼ ਸੰਤੁਸ਼ਟ ਕਰਨ ਦਾ ਮਤਲਬ ਹਰੇਕ ਵਿਅਕਤੀ ਦੀ ਪ੍ਰਾਪਤੀ ‘ਚ ਗ਼ੈਰ-ਬਰਬਰੀ ਪ੍ਰਗਟ ਕਰਦਾ ਹੈ, ਕਿਉਂਕਿ ਲੋੜਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਇਸ ਤਰ੍ਹਾਂ ਇਹ ਧਿਆਨ ਦੇਣ ਵਾਲ਼ੀ ਗੱਲ ਹੈ ਕਿ ਇਸ ਵਿਚਾਰ ਦਾ, ਕਿ ਸਮਾਜਿਕ ਪੈਦਾਵਾਰ ਦੀ ਸਾਰਿਆਂ ‘ਚ ਇੱਕੋ ਜਿਹੀ ਵੰਡ ਹੋਣੀ ਚਾਹੀਦੀ ਹੈ, ਸਮਾਜਵਾਦ ਤੇ ਕਮਿਊਨਿਜ਼ਮ ਨਾਲ਼ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਸਮਾਜਿਕ ਪੈਦਾਵਾਰਾਂ ਹਮੇਸ਼ਾ ਗ਼ੈਰ-ਬਰਾਬਰ ਰੂਪ ਨਾਲ਼ ਵੰਡੀਆਂ ਜਾਂਦੀਆਂ ਹਨ, ਪਹਿਲਾਂ ਗ਼ੈਰ-ਬਰਾਬਰ ਕੰਮ ਦੇ ਅਨੁਸਾਰ ਅਤੇ ਫਿਰ ਬਾਅਦ ‘ਚ ਗ਼ੈਰ-ਬਰਾਬਰ ਲੋੜ ਅਨੁਸਾਰ। ਕਮਿਊਨਿਜ਼ਮ ਜਿਸ ਬਰਾਬਰੀ ਨੂੰ ਸਥਾਪਿਤ ਕਰਦਾ ਹੈ, ਉਹ ਹਰੇਕ ਵਿਅਕਤੀ ਨੂੰ ਬਹੁ-ਪੱਖੀ ਵਿਅਕਤੀ ਵਜੋਂ ਆਪਣੀਆਂ ਸਾਰੀਆਂ ਯੋਗਤਾਵਾਂ ਵਿਕਸਿਤ ਕਰਨ ਲਈ ਇੱਕੋ ਜਿਹੇ ਮੌਕੇ ਦੇ ਰੂਪ ‘ਚ ਹੁੰਦੀ ਹੈ।

‘ਬੋਝ ਵਜੋਂ ਕਿਰਤ’ ਤੋਂ ‘ਜੀਵਨ ਦੀ ਪ੍ਰਮੁੱਖ ਲੋੜ ਦੇ ਰੂਪ ‘ਚ ਕਿਰਤ’ ਤੱਕ

ਦੂਜਾ ਰੂਪ, ਜਿਸ ‘ਚ ਸਮਾਜਵਾਦ ਆਪਣਾ ਸੰਗਰਾਂਦੀ ਕਿਰਦਾਰ ਪ੍ਰਗਟਾਉਂਦਾ ਹੈ, ਕਿਰਤ ਦੇ ਪੱਧਰ ਅਤੇ ਕਿਰਤ ਪ੍ਰਤੀ ਲੋਕਾਂ ਦੀ ਧਾਰਨਾ ‘ਚ ਪ੍ਰਗਟ ਹੁੰਦਾ ਹੈ।

ਸਰਮਾਏਦਾਰੀ ਦੇ ਤਹਿਤ ਮਜ਼ਦੂਰ ਆਪਣੀ ਕਿਰਤ ਸਰਮਾਏਦਾਰਾਂ ਨੂੰ ਵੇਚਦਾ ਹੈ। ਇਸ ਤਰ੍ਹਾਂ ਕਿਰਤ ਕਿਸੇ ਦੂਜੇ ਲਈ ਕੀਤਾ ਗਿਆ ਕੰਮ, ਯਾਨੀ ਬੋਝ ਬਣ ਜਾਂਦੀ ਹੈ। ਬਾਇਬਲ ਦੇ ਕਥਨ ਅਨੁਸਾਰ ਇਹ “ਮਨੁੱਖ ਦਾ ਸ਼ਰਾਪ” ਹੁੰਦਾ ਹੈ।

ਸਮਾਜਵਾਦ ‘ਚ ਕਿਰਤ ਸ਼ਕਤੀ ਖਰੀਦੀ ਅਤੇ ਵੇਚੀ ਨਹੀਂ ਜਾਂਦੀ। ਪੈਦਾਕਾਰ, ਜੋ ਆਪਣੇ ਕੰਮ ਅਨੁਸਾਰ ਪ੍ਰਾਪਤ ਕਰਦਾ ਹੈ, ਆਪਣੀ ਵੇਚੀ ਹੋਈ ਕਿਰਤ ਸ਼ਕਤੀ ਦੀ ਕਦਰ ਨਹੀਂ ਹਾਸਲ ਕਰ ਰਿਹਾ ਹੁੰਦਾ ਹੈ। ਉਹ ਸਮਾਜਿਕ ਪੈਦਾਵਾਰ ‘ਚੋਂ ਆਪਣਾ ਹਿੱਸਾ ਆਪਣੇ ਯੋਗਦਾਨ ਅਨੁਸਾਰ ਹਾਸਲ ਕਰਦਾ ਹੈ, ਜੋ ਉਸਨੇ ਸਮਾਜਿਕ ਪੈਦਾਵਾਰ ‘ਚ ਦਿੱਤਾ ਹੁੰਦਾ ਹੈ।  ਇਸ ਤਰ੍ਹਾਂ, ਉਹ ਪੈਦਾਵਾਰ ‘ਚ ਜਿੰਨੀ ਜ਼ਿਆਦਾ ਮਦਦ ਕਰਦਾ ਹੈ, ਓਨਾ ਹੀ ਜ਼ਿਆਦਾ ਉਹ ਪ੍ਰਾਪਤ ਕਰ ਸਕਦਾ ਹੈ।

ਇਸ ਅਧਾਰ ‘ਤੇ, ਸਤਾਲਿਨ ਸੋਵੀਅਤ ਸਮਾਜਵਾਦੀ ਗਣਰਾਜ ਸੰਘ ‘ਚ ਕਿਰਤ ਦੇ ਵਿਸ਼ੇ ਬਾਰੇ ਪਹਿਲਾਂ ਹੀ ਲਿਖ ਚੁੱਕੇ ਸਨ:

“ਸਾਥੀਓ, ਜੀਵਨ ਉੱਚਾ ਉੱਠ ਰਿਹਾ ਹੈ। ਜੀਵਨ ਜ਼ਿਆਦਾ ਅੰਨਦਮਈ ਹੋਇਆ ਹੈ। ਅਤੇ, ਜਦ ਜੀਵਨ ਪੂਰਨ ਹੋ ਜਾਂਦਾ ਹੈ, ਕੰਮ ਚੰਗੀ ਤਰ੍ਹਾਂ ਚੱਲਦਾ ਹੈ। ਇਸ ਲਈ ਪੈਦਾਵਾਰ ਦੀਆਂ ਦਰਾਂ ਉੱਚੀਆਂ ਹਨ… ਇੱਥੇ ਕਿਰਤੀ ਵਿਅਕਤੀ ਨਾਲ਼ ਸਤਿਕਾਰ-ਪੂਰਨ ਵਿਹਾਰ ਕੀਤਾ ਜਾਂਦਾ ਹੈ। ਇੱਥੇ ਉਹ ਲੋਟੂਆਂ ਲਈ ਨਹੀਂ, ਸਗੋਂ ਖੁਦ ਆਪਣੇ ਲਈ, ਆਪਣੀ ਜਮਾਤ ਲਈ, ਸਮਾਜ ਲਈ ਕੰਮ ਕਰਦਾ ਹੈ। ਇਸ ਤਰ੍ਹਾਂ ਕਿਰਤੀ ਵਿਅਕਤੀ ਅਣਗੌਲ਼ਿਆ ਅਤੇ ਇਕੱਲਾ ਮਹਿਸੂਸ ਨਹੀਂ ਕਰ ਸਕਦਾ। ਇਸਦੇ ਉਲਟ, ਜੋ ਵਿਅਕਤੀ ਕਿਰਤ ਕਰਦਾ ਹੈ ਉਹ ਖੁਦ ਨੂੰ ਆਪਣੇ ਦੇਸ਼ ਦਾ ਅਜ਼ਾਦ ਸ਼ਹਿਰੀ, ਇੱਕ ਤਰ੍ਹਾਂ ਨਾਲ਼ ਸਰਵਜਨਕ ਹਸਤੀ ਸਮਝਦਾ ਹੈ। ਜੇਕਰ ਉਹ ਚੰਗੀ ਤਰ੍ਹਾਂ ਕੰਮ ਕਰਦਾ ਹੈ ਅਤੇ ਸਮਾਜ ਨੂੰ ਆਪਣੀ ਯੋਗਤਾ ਅਨੁਸਾਰ ਸਭ ਤੋਂ ਉੱਤਮ ਯੋਗਦਾ ਨੂੰ ਦਿੰਦਾ ਹੈ, ਉਹ ਕਿਰਤ ਦਾ ਨਾਇਕ ਹੈ ਅਤੇ ਸਨਮਾਨਿਆ ਜਾਂਦਾ ਹੈ।”6

ਇੰਨਾ ਹੋਣ ‘ਤੇ ਵੀ, ਅਜਿਹਾ ਹੁੰਦਾ ਹੈ ਕਿ ਕਿਰਤ ਲਈ “ਹੱਲਾਸ਼ੇਰੀਆਂ” ਦੀ ਲੋੜ ਹੁੰਦੀ ਹੈ। ਇਹ ਹੱਲਾਸ਼ੇਰੀਆਂ ਸਮਾਜਵਾਦੀ ਸਮਾਜ ਦੇ ਮੁੱਖ ਤੌਰ ‘ਤੇ “ਹਰੇਕ ਨੂੰ ਉਸਦੇ ਕੰਮ ਅਨੁਸਾਰ” ਦੇ ਸਿਧਾਂਤ ਅਨੁਸਾਰ ਦਿੱਤੀਆਂ ਜਾਂਦੀਆਂ ਹਨ। ਹਰੇਕ ਵਿਅਕਤੀ ਜਾਣਦਾ ਹੈ ਕਿ ਉਹ ਬਿਹਤਰ ਕੰਮ ਕਰੇਗਾ, ਉਸਨੂੰ ਜ਼ਿਆਦਾ ਮਿਲ਼ੇਗਾ। ਇਸੇ ਦੇ ਨਾਲ਼ ਸਮਾਜਿਕ ਹੱਲਾਸ਼ੇਰੀਆਂ ਦਾ ਮਹੱਤਵ ਵਧ ਜਾਂਦਾ ਹੈ: ਮਜ਼ਦੂਰ “ਨਾਇਕ” ਹੁੰਦਾ ਹੈ ਅਤੇ ਉਹ “ਮਾਣ ਨਾਲ਼ ਉਚਿਆਇਆ” ਜਾਂਦਾ ਹੈ। ਉਹ ਜਾਣਦਾ ਹੈ ਕਿ ਉਹ “ਆਪਣੀ ਜਮਾਤ ਲਈ, ਸਮਾਜ ਲਈ” ਕੰਮ ਕਰ ਰਿਹਾ ਹੈ। ਜਿਵੇਂ-ਜਿਵੇਂ ਸਰਮਾਏਦਾਰਾ ਹਾਲਤਾਂ ਦੀਆਂ ਯਾਦਾਂ ਮਿਟਦਿਆਂ ਜਾਂਦੀਆਂ ਹਨ ਅਤੇ ਜਿਵੇਂ-ਜਿਵੇਂ ਕਿਰਤ ਦਾ ਸਨਮਾਨ ਵਧਦਾ ਹੈ, ਸਮਾਜਿਕ ਹੱਲਾਸ਼ੇਰੀ ਦਾ ਮਹੱਤਵ ਵਧਦਾ ਜਾਂਦਾ ਹੈ।

ਪਰ ਕਮਿਊਨਿਜ਼ਮ ਦੇ ਪੜਾਅ ‘ਚ, ਜਦ ਹਰੇਕ ਵਿਅਕਤੀ ਦੀਆਂ ਸਾਰੀਆਂ ਲੋੜਾਂ ਦੀ ਸੰਤੁਸ਼ਟੀ ਹੋ ਜਾਂਦਾ ਹੈ, ਕਿਰਤ ਪ੍ਰਤੀ ਲਾਜ਼ਮੀ ਹੀ ਨਵੀਂ ਧਾਰਨਾ ਪੈਦਾ ਹੁੰਦੀ ਹੈ। ਉਸ ਸਮੇਂ “ਕਿਰਤ ਕੇਵਲ ਜੀਵਨ ਦਾ ਸਾਧਨ ਨਹੀਂ, ਸਗੋਂ ਜੀਵਨ ਦੀ ਪ੍ਰਮੁੱਖ ਲੋੜ” ਬਣ ਜਾਂਦੀ ਹੈ।7 ਲੋਕ “ਯੋਗਤਾ ਅਨੁਸਾਰ” ਯੋਗਦਾਨ ਦਿੰਦੇ ਹਨ, ਜੀਵਨ ਦੇ ਸਾਧਨ ਪ੍ਰਾਪਤ ਕਰਨ ਦੇ ਬੰਧੇਝ ਕਾਰਨ ਨਹੀਂ, ਸਗੋਂ ਇਸ ਕਾਰਨ ਕਿ ਸਮਾਜਿਕ ਪੈਦਾਵਾਰ ‘ਚ ਹਿੱਸਾ ਲੈਣਾ “ਜੀਵਨ ਦੀ ਪ੍ਰਧਾਨ ਲੋੜ” ਹੁੰਦਾ ਹੈ। ਉਸ ‘ਚ ਇਹ ਵੀ ਪੂਰਵ-ਕਲਪਨਾ ਹੁੰਦੀ ਹੈ ਕਿ ਔਖੇ ਅਤੇ ਅਰੌਚਕ ਕੰਮ ਖ਼ਤਮ ਕਰ ਦਿੱਤਾ ਗਿਆ ਹੈ ਜਾਂ ਸਾਰੀਆਂ ਲੋੜਾਂ ‘ਚ ਉਸਨੂੰ ਸਭ ਤੋਂ ਹੇਠਾਂ ਕਰ ਦਿੱਤਾ ਗਿਆ ਹੈ ਅਤੇ ਇਹ ਕਿ ਕੰਮ ਨਾਲ਼ ਅਕਾਊ ਸਥਿਤ ਜੁੜੀ ਨਹੀਂ ਰਹਿ ਜਾਂਦੀ ਹੈ।

ਏਂਗਲਜ਼ ਨੇ ਲਿਖਿਆ ਹੈ: “ਪੈਦਾਵਾਰੀ ਕਿਰਤ ਮਨੁੱਖਾਂ ਦੀ ਅਧੀਨਤਾ ਦਾ ਸਾਧਨ ਬਣਨ ਦੀ ਬਜਾਏ ਹਰੇਕ ਵਿਅਕਤੀ ਨੂੰ ਉਸਦੀਆਂ ਸਾਰੀਆਂ ਸਰੀਰਕ ਤੇ ਮਾਨਸਿਕ ਤਾਕਤਾਂ ਦੇ, ਸਾਰੀਆਂ ਦਿਸ਼ਾਵਾਂ ‘ਚ, ਵਿਕਸਿਤ ਤੇ ਯੋਗ ਹੋਣ ਦਾ ਮੌਕਾ ਦੇ ਕੇ ਉਸਦੀ ਮੁਕਤੀ ਦਾ ਸਾਧਨ ਬਣੇਗਾ। ਇਸ ਤਰ੍ਹਾਂ ਪੈਦਾਵਾਰੀ ਕਿਰਤ ਬੋਝ ਦੀ ਬਜਾਏ ਆਨੰਦ ਬਣ ਜਾਵੇਗੀ।”8

ਕੇਵਲ ਕਿਰਤ ਦੇ ਅਜਿਹੇ ਪੱਧਰ ਅਤੇ ਇਸਦੇ ਪ੍ਰਤੀ ਅਜਿਹੀ ਧਾਰਨਾ ਨਾਲ਼ ਹੀ ਕਮਿਊਨਿਸਟ ਸਮਾਜ ਮੌਜੂਦ ਰਹਿ ਸਕੇਗਾ। ਜਦ ਹਰੇਕ ਵਿਅਕਤੀ ਆਪਣੇ ਕੰਮ ਅਨੁਸਾਰ ਨਹੀਂ, ਸਗੋਂ ਆਪਣੀਆਂ ਲੋੜਾਂ ਅਨੁਸਾਰ ਪ੍ਰਾਪਤ ਕਰਦਾ ਹੈ, ਤਾਂ ਸਪੱਸ਼ਟ ਹੈ ਕਿ ਹੁਣ ਕੰਮ ਕਿਸੇ ਤਰ੍ਹਾਂ ਦੇ ਬੰਧੇਝ ਦੇ ਨਤੀਜੇ ਵਜੋਂ ਨਹੀਂ, ਸਗੋਂ ਇਸ ਲਈ ਕੀਤਾ ਜਾਂਦਾ ਹੈ ਕਿ ਲੋਕ ਇਸ ‘ਚੋਂ ਆਨੰਦ ਮਹਿਸੂਸ ਕਰਦੇ ਹਨ ਅਤੇ ਇਸ ਲਈ ਕਿ ਇਹ ਜੀਵਨ ਦਾ ਲਾਜ਼ਮੀ ਅੰਗ ਹੈ।

ਸਰਾਮਏਦਾਰਾ ਸਬੰਧਾਂ ‘ਚ ਆਰਥਿਕ ਬੰਧੇਝ ਦੇ ਛਾਂਟੇ ਨਾਲ਼ ਹੱਕੇ ਜਾਣ ਕਾਰਨ ਕਿਰਤੀ ਲੋਕ ਆਪਣੇ ਜੀਵਨ ਦਾ ਇੱਕ ਤਿਹਾਈ ਜਾਂ ਉਸ ਤੋਂ ਵੱਡਾ ਭਾਗ ਦੂਜਿਆਂ ਲਈ ਕੰਮ ਕਰਨ ‘ਚ ਬਲੀਦਾਨ ਕਰ ਦਿੰਦਾ ਹੈ। ਮਨੁੱਖ ਦਾ ਨਿੱਜੀ ਜੀਵਨ ਉਸ ਸਮੇਂ ਹੀ ਸ਼ੁਰੂ ਹੁੰਦਾ ਹੈ ਜਦ ਉਹ ਕੰਮ ਕਰਨਾ ਤਿਆਗ ਦਿੰਦਾ ਹੈ, ਉਸਦਾ ਕੰਮ ਦਾ ਸਮਾਂ ਖ਼ਤਮ ਹੋ ਜਾਂਦਾ ਹੈ। ਇਹ ਉਸਦੀ ਮਰਜ਼ੀ ਨਾਲ਼ ਨਹੀਂ, ਉਸ ਤੋਂ ਖੋਹ ਲਿਆ ਜਾਂਦਾ ਹੈ। ਕੇਵਲ ਕੁਝ ਖ਼ਾਸ-ਹੱਕ ਪ੍ਰਾਪਤ ਲੋਕਾਂ ਲਈ ਰਚਨਾਤਮਕ ਕੰਮ ਅਤੇ ਇਸ ਚੇਤਨਾ ਦਾ ਆਨੰਦ ਸੁਰੱਖਿਅਤ ਰਹਿੰਦਾ ਹੈ ਕਿ ਉਹ ਆਪਣੇ ਕੰਮ ਦੇ ਸਮੇਂ ਆਪਣਾ ਨਿੱਜੀ ਜੀਵਨ ਜੀਅ ਰਹੇ ਹੁੰਦੇ ਹਨ ਅਤੇ ਉਸ ‘ਚ ਜੀਵਨ ਉਹਨਾਂ ਤੋਂ ਖੋਹਿਆ ਨਹੀਂ ਜਾ ਰਿਹਾ ਹੈ। ਵਿਸ਼ਾਲ ਲੋਕਾਂ ਲਈ ਅਜਿਹੀ ਹਾਲਤ ਹੁੰਦੀ ਹੈ ਜਿਸ ਬਾਰੇ ਰਾਬਰਟ ਟ੍ਰੇਸੇਲ ਨੇ ਇਸ ਤਰ੍ਹਾਂ ਕਿਹਾ ਹੈ:

ਜਦ ਮਜ਼ਦੂਰ ਸਵੇਰੇ ਪਹੁੰਚੇ ਸੀ ਤਾਂ ਉਹਨਾਂ ਦੀ ਇੱਛਾ ਸੀ ਕਿ ਤੁਰੰਤ ਨਾਸ਼ਤੇ ਦਾ ਸਮਾਂ ਹੋ ਜਾਵੇ। ਜਦ ਉਹਨਾਂ ਨੇ ਨਾਸ਼ਤੇ ਤੋਂ ਬਾਅਦ ਕੰਮ ਸ਼ੁਰੂ ਕੀਤਾ ਤਾਂ ਉਹਨਾਂ ਦੀ ਇੱਛਾ ਹੋਈ ਸੀ ਕਿ ਭੋਜਨ ਦਾ ਸਮਾਂ ਹੁਣੇ ਆ ਜਾਵੇ। ਭੋਜਨ ਤੋਂ ਬਾਅਦ ਉਹ ਕਲਪਨਾ ਕਰਨ ਲੱਗੇ, ਕਾਸ਼, ਅੱਜ ਸ਼ਨਿੱਚਰਵਾਰ ਦੀ ਦੁਪਹਿਰ ਦਾ ਇੱਕ ਵੱਜਿਆ ਹੁੰਦਾ। ਇਸ ਤਰ੍ਹਾਂ ਉਹ ਰੋਜ਼-ਰੋਜ਼, ਸਾਲ-ਦਰ-ਸਾਲ ਇਹੀ ਚਾਹੁੰਦੇ ਹੋਏ ਕੰਮ ਕਰਦੇ ਰਹੇ ਕਿ ਉਸੇ ਪਲ ਉਹਨਾਂ ਦੀ ਛੁੱਟੀ ਦਾ ਸਮਾਂ ਹੋ ਜਾਂਦਾ ਅਤੇ ਬਿਨਾਂ ਮਹਿਸੂਸ ਕੀਤੇ ਉਹ ਸੱਚਮੁੱਚ ਇਹੀ ਚਾਹੁੰਦੇ ਰਹੇ ਕਿ ਉਹ ਮਰ ਜਾਣ।”9

ਕਮਿਊਨਿਜ਼ਮ ‘ਚ ਲੋਕਾਂ ਦਾ ਸਾਰਾ ਸਮਾਂ ਉਹਨਾਂ ਨੂੰ ਹੀ ਸੌਂਪ ਦਿੱਤਾ ਜਾਂਦਾ ਹੈ, ਉਹਨਾਂ ਦਾ ਸਾਰਾ ਜੀਵਨ ਉਹਨਾਂ ਦਾ ਆਪਣਾ ਹੁੰਦਾ ਹੈ।

ਵਿਲਿਅਮ ਮੌਰਿਸ ਨੇ ਭਵਿੱਖੀ ਕਮਿਊਨਿਜ਼ਮ ‘ਚ ਇੱਕ ਸੰਵਾਦ ਦੀ ਕਲਪਨਾ ਕਰਦੇ ਹੋਏ ਉਸ ਤੀਖਣ ਭੇਦ ਵੱਲ ਸੰਕੇਤ ਕੀਤਾ ਹੈ, ਇਸ ਸਵਾਲ ਦਾ: “ਤੁਸੀਂ ਲੋਕਾਂ ਨੂੰ ਕੰਮ ‘ਚ ਕਿਵੇਂ ਲਗਾ ਸਕਦੇ ਹੋ, ਜਦ ਕਿਰਤ ਦਾ ਕੋਈ ਇਨਾਮ ਨਹੀਂ ਹੈ? ਉੱਤਰ ਸੀ :

“ਕਿਰਤ ਦਾ ਇਨਾਮ ਜੀਵਨ ਹੈ। ਕੀ ਇਹ ਕਾਫ਼ੀ ਨਹੀਂ ਹੈ? ਇਨਾਮ ਦੇ ਢੇਰ- ਰਚਨਾ ਦਾ ਇਨਾਮ। ਜੋ ਮਿਹਨਤਾਨਾ ਰੱਬ ਪਾਉਂਦਾ ਹੈ, ਜਿਵੇਂ ਲੋਕਾਂ ਨੇ ਬੀਤੇ ਸਮੇਂ ‘ਚ ਕਿਹਾ ਸੀ… ਦਿਨ ਭਰ ਕੰਮ ਬਿਨਾਂ ਖੁਸ਼ੀ ਅਸੰਭਵ ਹੈ।” ਅਤੇ ਇਸ ਸਵਾਲ ਦਾ ਕਿ “ਤੁਸੀਂ ਇਹ ਖੁਸ਼ੀ ਕਿਵੇਂ ਹਾਸਲ ਕੀਤੀ? ਉੱਤਰ ਸੀ:

“ਸੰਖੇਪ ‘ਚ, ਨਕਲੀ ਦਾਬੇ ਦੀ ਅਣਹੋਂਦ ਦੁਆਰਾ ਅਤੇ ਹਰੇਕ ਵਿਅਕਤੀ ਨੂੰ ਉਹ ਕੰਮ ਕਰਨ ਦੀ ਅਜ਼ਾਦੀ ਦੁਆਰਾ, ਜਿਸ ਨੂੰ ਉਹ ਚੰਗੀ ਤਰ੍ਹਾਂ ਕਰ ਸਕੇ ਅਤੇ ਉਸਦੇ ਨਾਲ਼ ਇਹ ਗਿਆਨ ਜੁੜਿਆ ਰਹੇ ਕਿ ਕਿਰਤ ਦੀਆਂ ਕਿਹੜੀਆਂ ਪੈਦਾਵਾਰਾਂ ਨੂੰ ਅਸੀਂ ਸੱਚਮੁੱਚ ਚਾਹੁੰਦੇ ਹਾਂ।”10

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 56, 16 ਜੂਨ 2016 ਵਿੱਚ ਪ੍ਰਕਾਸ਼ਤ

Advertisements