ਕਮਲਾ ਨਹਿਰੂ ਕਲੋਨੀ ਬਠਿੰਡਾ ਵਿਖੇ ਬਿਜਲੀ ਕਾਮੇ ਦੀ ਮੌਤ ਸਬੰਧੀ ‘ਜਮਹੂਰੀ ਅਧਿਕਾਰ ਸਭਾ’ ਦੀ ਪੜਤਾਲੀਆ ਰਿਪੋਰਟ

1

ਮਿਤੀ 30-6-2015 ਨੂੰ ਬਿਜਲੀ ਠੀਕ ਕਰਦੇ ਸਮੇਂ ਠੇਕੇਦਾਰ ਵੱਲੋਂ ਰੱਖੇ ਇੱਕ ਬਿਜਲੀ ਕਾਮੇ ਸੰਦੀਪ ਸਿੰਘ ਦੀ ਮੌਤ ਹੋ ਗਈ। ਸੰਦੀਪ ਸਿੰਘ ਦੇ ਵਾਰਸਾਂ ਨੇ ਇਸ ਫੀਡਰ ਨਾਲ਼ ਸਬੰਧਿਤ ਪਰਮਿੰਦਰ ਸਿੰਘ ਜੇ.ਈ. ਖ਼ਿਲਾਫ਼ ਥਾਣਾ ਕੈਂਟ ਬਠਿਡਾ ਵਿਖੇ ਪੁਲਿਸ ਕੇਸ ਦਰਜ ਕਰਵਾ ਦਿੱਤਾ। ਮਾਮਲਾ ‘ਜਮਹੂਰੀ ਅਧਿਕਾਰ ਸਭਾ’ ਦੇ ਧਿਆਨ ਵਿੱਚ ਆਉਣ ‘ਤੇ ਸਭਾ ਨੇ ਇੱਕ ਤੱਥ ਖੋਜ ਕਮੇਟੀ ਬਣਾ ਕੇ ਇਸ ਦੀ ਪੜਤਾਲ ਕੀਤੀ। ਇਸ ਕਮੇਟੀ ਵਿੱਚ ਸ੍ਰੀ. ਜਵਾਹਰ ਲਾਲ ਸੇਵਾ ਮੁਕਤ ਸਹਾਇਕ ਕਾਰਜਕਾਰੀ ਇੰਜੀਨੀਅਰ, ਸ੍ਰੀ ਸੰਤੋਖ ਸਿੰਘ ਮੱਲਣ, ਸ੍ਰੀਮਤੀ ਪੁਸਪ ਲਤਾ ਅਤੇ ਸ੍ਰੀ ਕਰਮ ਸਿੰਘ ਸ਼ਾਮਲ ਸਨ।

ਤੱਥ ਖੋਜ ਕਮੇਟੀ ਨੇ ਘਟਨਾ ਨਾਲ਼ ਸਬੰਧਿਤ ਤੱਥਾਂ ਦੀ ਪੜਤਾਲ਼ ਲਈ ਮ੍ਰਿਤਕ ਸੰਦੀਪ ਸਿੰਘ ਦੇ ਪ੍ਰੀਵਾਰਕ ਮੈਂਬਰਾਂ, ਸੰਦੀਪ ਸਿੰਘ ਨਾਲ਼ ਮੌਕੇ ‘ਤੇ ਕੰਮ ਕਰਦੇ ਦੂਜੇ ਠੇਕਾ ਕਾਮੇ ਤੇ ਚਸਮਦੀਦ ਗਵਾਹ ਕੁਲਦੀਪ ਸਿੰਘ, ਸ਼੍ਰੀ ਪਰਮਿੰਦਰ ਸਿੰਘ ਜੇ.ਈ. ਸ੍ਰੀ ਅਮਨਪ੍ਰੀਤ ਸਿੰਘ ਭੁੱਲਰ (ਸ਼ਧੌ), ਠੇਕੇਦਾਰ ਬੂਟਾ ਰਾਮ, ਥਾਣਾ ਕੈਂਟ ਦੇ ਤਫਤੀਸ਼ੀ ਅਫਸਰ ਸ੍ਰੀ ਸੁਖਰਾਮ ਸਿੰਘ ਏ.ਐੱਸ.ਆਈ. ਅਤੇ ਘਟਨਾ ਸਥਾਨ ਨੇੜਲੇ ਕਲੋਨੀ ਵਾਸੀਆਂ ਤੋਂ ਜਾਣਕਾਰੀ ਇਕੱਤਰ ਕੀਤੀ, ਬਿਜਲੀ ਸੇਫਟੀ ਕੋਡ ਬੁੱਕ ਅਤੇ ਠੇਕੇਦਾਰ ਨਾਲ਼ ਤਹਿ ਹੋਏ ਵਰਕ ਆਰਡਰ ਦੀ ਘੋਖ ਕੀਤੀ।

ਸੰਦੀਪ ਸਿੰਘ ਦੇ ਸਾਥੀ ਠੇਕਾ ਕਾਮੇ ਕੁਲਦੀਪ ਸਿੰਘ ਅਨੁਸਾਰ ਉਸ ਦਿਨ ਉਹਨਾ ਕੋਲ ਬਹੁਤ ਸਾਰੀਆਂ ਸ਼ਿਕਾਇਤਾ ਠੀਕ ਕਰਨ ਲਈ ਬਾਕੀ ਸਨ। ਇਹਨਾਂ ਵਿੱਚੋਂ ਇੱਕ ਮਕਾਨ ਨੰਬਰ 356 ਕਮਲਾ ਨਹਿਰੂ ਕਲੋਨੀ ਦੀ ਵੀ ਸੀ। ਮੌਕੇ ‘ਤੇ ਪਹੁੰਚ ਕੇ ਅਸੀਂ ਜੇ.ਈ ਪਰਮਿੰਦਰ ਸਿੰਘ ਦਾ ਫੋਨ ਨਾ ਮਿਲਣ ਕਰ ਕੇ ਜੇ. ਈ. ਰੇਸ਼ਮ ਸਿੰਘ ਰਾਹੀਂ ਐਚ.ਟੀ. ਲਾਈਨ ਬੰਦ ਕਰਵਾਈ। ਮੈਂ ਫਿਊਜ ਲਗਾ ਦਿੱਤੇ ਅਤੇ ਫੋਨ ਰਾਹੀਂ ਬਿਜਲੀ ਚਾਲੂ ਕਰਵਾ ਦਿੱਤੀ। ਪਰ ਮਕਾਨ ਨੰਬਰ 356 ਅਤੇ ਕੁੱਝ ਹੋਰ ਘਰਾਂ ਦੀ ਬਿਜਲੀ ਫੇਰ ਵੀ ਚਾਲੂ ਨਾ ਹੋਈ।। ਦੁਬਾਰਾ ਲਾਈਨ ਬੰਦ ਕਰਵਾਉਣ ਲਈ ਅਸੀਂ ਫੇਰ ਰੇਸ਼ਮ ਸਿੰਘ ਨੂੰ ਫੋਨ ਕੀਤਾ ਤਾਂ ਉਸਨੇ ਕਿਹਾ ਕਿ ਇਹ ਇਲਾਕਾ ਪਰਮਿੰਦਰ ਸਿੰਘ ਜੇ.ਈ. ਹੇਠ ਹੈ, ਤੁਸੀ ਉਸ ਨਾਲ ਸੰਪਰਕ ਕਰੋ। ਜਦੋਂ ਅਸੀ ਪਰਮਿੰਦਰ ਸਿੰਘ ਜੇ.ਈ. ਨਾਲ਼ ਫੋਨ ਮਿਲਾਇਆ ਤਾਂ ਫੋਨ ਵਿਅਸਤ ਆ ਰਿਹਾ ਸੀ। ਇੱਕ ਵਾਰ ਫੋਨ ਮਿਲ਼ ਵੀ ਗਿਆ ਪਰ ਗੱਲ ਨਹੀਂ ਹੋ ਸਕੀ। ਫੇਰ ਸੰਦੀਪ ਸਿੰਘ ਨੇ ਮੈਨੂੰ ਕਿਹਾ ਕਿ ਸ਼ਿਕਾਇਤ ਕਰਤਾ ਦੀ ਸਿਫਾਰਸ਼ ਹੈ, ਬਿਜਲੀ ਜਰੂਰ ਹੀ ਠੀਕ ਕਰਨੀ ਹੈ ਅਤੇ ਕੰਪਲੇਂਟਾਂ ਵੀ ਕਈ ਹਨ, ਆਪਾਂ ਦੁਵਾਰਾ ਲਾਈਨ ਬੰਦ ਨਹੀਂ ਕਰਵਾ ਸਕਦੇ, ਆਪਾਂ ਟਰਾਂਸਫਾਰਮਰ ਦੀ ਸਵਿੱਚ ਕੱਟ ਕੇ ਕੇ ਬਿਜਲੀ ਠੀਕ ਕਰ ਦਿੰਦੇ ਹਾਂ। ਸ਼ਵਿੱਚ ਕੱਟ ਕੇ ਜਿਉਂ ਹੀ ਉਹ ਖੰਭੇ ‘ਤੇ ਚੜ• ਕੇ ਪਲਾਸ ਨਾਲ਼ ਤਾਰ ਚੁੱਕਣ ਲੱਗਿਆ ਤਾਂ ਉਪਰੋਂ ਜਾ ਰਹੀ 11 ਕੇ. ਵੀ. ਲਾਈਨ ਦਾ ਕਰੰਟ ਲੱਗਣ ਕਾਰਨ ਹੇਠਾਂ ਡਿੱਗ ਪਿਆ। ਸਿਰ ਵਿੱਚ ਸੱਟ ਲੱਗਣ ਕਾਰਨ ਕਾਫ਼ੀ ਖ਼ੂਨ ਵਹਿ ਰਿਹਾ ਸੀ। ਸਥਾਨਕ ਲੋਕਾਂ ਦੀ ਮੱਦਦ ਨਾਲ ਉਸ ਨੁੰ ਹਸਪਤਾਲ ਲੈ ਕੇ ਗਏ। ਉੱਥੇ ਡਾਕਟਰ ਨੇ ਕਿਹਾ ਕਿ ਇਸ ਦੀ ਮੌਤ ਹੋ ਚੁੱਕੀ ਹੈ। ਮੈਂ ਸੰਦੀਪ ਦੇ ਘਰ ਫੋਨ ਕਰ ਦਿੱਤਾ। ਥੋੜੇ ਸਮੇਂ ਬਾਅਦ ਹੀ ਉਹ ਹਸਪਤਾਲ ਆ ਗਏ ਤੇ ਪੁਲਸ ਕਾਰਵਾਈ ਤੋਂ ਬਾਅਦ ਉਸ ਦੀ ਲਾਸ਼ ਪਿੰਡ ਲੈ ਗਏ। ਸੰਦੀਪ ਬਾਰੇ ਉਸਨੇ ਕਿਹਾ ਕਿ ਉਹ ਕੰਮ ਦਾ ਮਾਹਰ ਸੀ। ਉਸਦਾ 6-7 ਸਾਲ ਦਾ ਤਜ਼ਰਬਾ ਸੀ। ਮੈ ਤਾਂ ਅਜੇ ਸਿੱਖ ਰਿਹਾ ਹਾਂ। ਮੈਨੂੰ ਤਾਂ ਇੱਥੇ ਇੱਕ ਮਹੀਨਾ ਹੀ ਹੋਇਆ ਹੈ। ਤਨਖਾਹ ਬਾਰੇ ਉਸਨੇ ਕਿਹਾ ਕਿ 1800 ਰੁਪਏ ਕੱਟ ਕੇ 4500 ਰੁਪਏ ਨਕਦ ਤਨਖਾਹ ਹੈ। ਪਲਾਸ-ਪੇਚਕਸ ਤੋਂ ਲੈ ਕੇ ਸਾਰਾ ਸਮਾਨ ਸਾਡਾ ਆਪਣਾ ਹੈ। ਠੇਕੇਦਾਰ ਜਾਂ ਬਿਜਲੀ ਮਹਿਕਮੇ ਵੱਲੋਂ ਕੁੱਝ ਨਹੀਂ ਦਿੱਤਾ ਜਾਂਦਾ।

ਅਮਨਪ੍ਰੀਤ ਸਿੰਘ ਭੁੱਲਰ ਅੱੈਸ. ਡੀ.ਓ. ਨੇ ਸਭਾ ਦੀ ਟੀਮ ਨੂੰ ਦੱਸਿਆ ਕਿ ਸੰਦੀਪ ਦੀ ਮੌਤ ਕਰੰਟ ਲੱਗਣ ਕਾਰਨ ਹੀ ਹੋਈ ਹੈ। ਉਨ•ਾਂ ਨੂੰ ਦੁਬਾਰਾ ਲਾਈਨ ਬੰਦ ਕਰਵਾਉਣੀ ਚਾਹੀਦੀ ਸੀ। ਉਹਨਾਂ ਕਿਹਾ ਕਿ ਦਫ਼ਤਰ ਅਧੀਨ ਆਉਂਦਾ ਇਲਾਕਾ ਬਹੁਤ ਜ਼ਿਆਦਾ ਹੈ, ਖਪਤਕਾਰਾਂ ਦੀ ਗਿਣਤੀ ਅਨੁਸਾਰ ਸਟਾਫ ਘੱਟ ਹੈ। ਕਾਮਿਆਂ ‘ਤੇ ਕੰਮ ਦਾ ਦਬਾਅ ਰਹਿੰਦਾ ਹੈ। ਬਹੁਤ ਸਾਰੀਆਂ ਆਸਾਮੀਆਂ ਖਾਲੀ ਪਈਆਂ ਹਨ। ਠੇਕੇਦਾਰ ਵੱਲੋਂ ਰੱਖੇ ਕਾਮਿਆਂ ਦੀ ਯੋਗਤਾ ਠੇਕੇਦਾਰ ਹੀ ਦੇਖਦਾ ਹੈ, ਅਸੀ ਤਾਂ ਕੰਮ ਹੀ ਦੇਖਦੇ ਹਾਂ।
ਠੇਕੇਦਾਰ ਬੂਟਾ ਰਾਮ ਅਨੁਸਾਰ ਕਾਮਿਆਂ ਨੇ ਦੁਬਾਰਾ ਲਾਈਨ ਬੰਦੀ ਲੈਣ ਤੋਂ ਬਿਨਾ ਹੀ ਕੰਮ ਸ਼ੁਰੂ ਕਰ ਦਿੱਤਾ ਤੇ ਘਟਨਾ ਵਾਪਰ ਗਈ। ਸੰਦੀਪ ਤਜਰਬੇਕਾਰ ਮੰਡਾ ਸੀ। 7600 ਰੁਪਏ ਤਨਖਾਹ ਵਿੱਚੋਂ 14.3 ਫੀਸਦੀ ਸਰਵਿਸ ਟੈਕਸ ਅਤੇ ਕੱਟ ਕੇ ਤਨਖਾਹ ਦਿੱਤੀ ਜਾਂਦੀ ਹੈ। ਡਿਵੀਜ਼ਨ ਵਿੱਚ ਕੁੱਲ 40 ਕਾਮੇ ਰੱਖੇ ਹੋਏ ਹਨ। ਸਾਰੇ ਕਾਮੇ ਤਜਰਬੇਕਾਰ ਹੀ ਰੱਖਦੇ ਹਾਂ।

ਟੀਮ ਮੈਂਬਰ ਸੰਦੀਪ ਸਿੰਘ ਨੇ ਪ੍ਰੀਵਾਰਕ ਮੈਂਬਰਾਂ ਨੂੰ ਉਸਦੇ ਪਿੰਡ ਕੋਟ ਫੱਤਾ ਮਿਲ਼ੇ। ਸੰਦੀਪ ਸਿੰਘ ਦੇ ਪਿਤਾ ਹਰਬੰਸ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਪੰਜ ਕੁ ਜਮਾਤਾਂ ਪੜਿਆ ਸੀ ਪਰ ਮਿਹਨਤੀ ਅਤੇ ਤਜਰਬੇਕਾਰ ਮੁੰਡਾ ਸੀ। 7-8 ਸਾਲਾਂ ਤੋਂ ਠੇਕੇਦਾਰਾਂ ਨਾਲ਼ ਹੀ ਕੰਮ ਕਰਕੇ ਕੰਮ ਸਿੱਖ ਲਿਆ। ਘਰ ਦੀ ਸਾਰੀ ਕਬੀਲਦਾਰੀ ਉਸਦੀ ਕਮਾਈ ਨਾਲ਼ ਹੀ ਚਲਦੀ ਸੀ। ਅਜੇ ਕੁੱਝ ਸਮਾਂ ਪਹਿਲਾਂ ਹੀ ਉਸਦਾ ਵਿਆਹ ਕੀਤਾ ਸੀ। ਵਿੱਚ ਜੇ.ਈ. ਪਰਮਿੰਦਰ ਸਿੰਘ ਦਾ ਨਾਂ ਲਿਖਾਉਣ ਬਾਰੇ ਉਸ ਨੇ ਕਿਹਾ ਕਿ ਉਸਨੇ ਸੰਦੀਪ ਦਾ ਫੋਨ ਨਹੀਂ ਚੱਕਿਆ, ਉਸਦੀ ਅਣਗਹਿਲੀ ਕਾਰਨ ਹੀ ਘਟਨਾ ਹੋਈ ਹੈ। ਠੇਕਾਦਾਰ ਘਰ ਜਰੂਰ ਆਇਆ ਸੀ ਪਰ ਅਜੇ ਤੱਕ ਠੇਕੇਦਾਰ ਜਾਂ ਬਿਜਲੀ ਮਹਿਕਮੇ ਨੇ ਕੋਈ ਮੱਦਦ ਨਹੀਂ ਕੀਤੀ।

ਪਰਮਿੰਦਰ ਸਿੰਘ ਜੇ.ਈ. ਨੇ ਟੀਮ ਨੂੰ ਦੱਸਿਆ ਕਿ ਸੰਦੀਪ ਸਿੰਘ ਨੇ ਜਦੋਂ ਲਾਈਨ ਬੰਦ ਕਰਵਾਉਣ (ਟ੍ਰਿਪਿੰਗ ਲੈਣ) ਲਈ ਮੈਨੂੰ ਫੋਨ ਕੀਤਾ ਸੀ ਤਾਂ ਮੇਰਾ ਫੋਨ ਬਿਜੀ ਸੀ। ਜਦੋਂ ਮੈਂ ਬੈਕ ਕਾਲ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਲਾਈਨ ਬੰਦ ਕਰਵਾ ਲਈ ਹੈ। ਪਰ ਉਹਨਾਂ ਦੁਬਾਰਾ ਲਾਈਨ ਬੰਦ ਕਰਵਾਉਣ ਲਈ ਫੋਨ ਕੀਤਾ ਤਾਂ ਉਸ ਸਮੇਂ ਮੈਂ ਮੋਟਰ ਸਾਈਕਲ ਉੱਤੇ ਜਾ ਰਿਹਾ ਸੀ, ਇਸ ਕਰ ਕੇ ਕਾਲ ਨਹੀ ਸੁਣੀ। ਪਰ ਕੁੱਝ ਸਮੇਂ ਬਾਅਦ ਰੇਸ਼ਮ ਸਿੰਘ ਜੇ.ਈ. ਦਾ ਫੋਨ ਆਇਆ ਤੇ ਉਸਨੇ ਦੱਸਿਆ ਕਿ ਐਕਸੀਡੈਂਟ ਹੋ ਗਿਆ ਹੈ। ਸੰਦੀਪ ਸਿੰਘ ਮਿਹਨਤੀ ਮੁੰਡਾ ਸੀ ਸਾਰੀਆਂ ਕੰਪਲੇਂਟਾਂ ਕਰ ਕੇ ਹੀ ਘਰ ਜਾਂਦਾ ਸੀ। ਮੈਨੂੰ ਬਹੁਤ ਅਫਸੋਸ ਹੈ।

ਸਭਾ ਦੀ ਟੀਮ ਨੇ ਬਿਜਲੀ ਮੁਲਾਜਮਾਂ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨਾਲ ਗੱਲ ਕੀਤੀ ਜਿਹਨਾਂ ਵਿੱਚ ਸ੍ਰੀ ਬਿੱਕਰ ਸਿੰਘ ਮਘਾਣੀਆਂ(ਇੰਪਲਾਈਜ਼ ਫੈਡਰੇਸ਼ਨ), ਸ੍ਰੀ ਉਮ ਪ੍ਰਕਾਸ਼ (ਟੈਕਨੀਕਲ ਸਰਵਿਸ ਯੂਨੀਅਨ) ਅਤੇ ਸ੍ਰੀ ਕੁਲਵੰਤ ਸਿੰਘ (ਜੇ.ਈ. ਕੌਂਸਲ) ਦੇ ਆਗੂ ਸ਼ਾਮਲ ਸਨ। ਉਹਨਾਂ ਕਿਹਾ ਕਿ ਸੰਦੀਪ ਦੀ ਮੌਤ ਦਾ ਸਾਨੂੰ ਅਫਸੋਸ ਹੈ ਪਰ ਪਰਮਿੰਦਰ ਸਿੰਘ ਜੇ.ਈ. ਨਾਲ ਜਦੋਂ ਦੁਬਾਰਾ ਟ੍ਰਿਪਿੰਗ ਲੈਣ ਲਈ ਸੰਪਰਕ ਹੀ ਨਹੀਂ ਹੋਇਆ ਤਾਂ ਉਹ ਕਸੂਰਵਾਰ ਕਿਵੇਂ ਹੈ? ਉਸ ਖ਼ਿਲਾਫ਼ ਪਰਚਾ ਗਲਤ ਦਰਜ਼ ਕੀਤਾ ਗਿਆ ਹੈ। ਅਸੀਂ ਪਰਚਾ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਾਂ। ਉਸ ਦਿਨ ਵੀ ਦਫ਼ਤਰ ਅੱਗੇ ਧਰਨਾ ਚੱਲ ਰਿਹਾ ਸੀ। ਥਾਣਾ ਕੈਂਟ ਦੇ ਘਟਨਾ ਦੇ ਤਫਤੀਸ਼ੀ ਅਫਸਰ ਸ੍ਰੀ ਸੁਖਰਾਮ ਸਿੰਘ ਏ.ਐਸ.ਆਈ. ਨੇ ਟੀਮ ਨੂੰ ਦੱਸਿਆ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਅਧਾਰ ‘ਤੇ ਪ੍ਰਮਿੰਦਰ ਸਿੰਘ ਜੇ.ਈ. ਖ਼ਿਲਾਫ਼ ਧਾਰਾ 304 ਤਹਿਤ 30 ਜੂਨ ਨੂੰ 56 ਨੰਬਰ ਐਫ.ਆਈ.ਆਰ. ਦਰਜ਼ ਕੀਤੀ ਹੈ ਅਗਲੀ ਕਾਰਵਾਈ ਮਾਮਲੇ ਦੀ ਪੜਤਾਲ ਕਰਕੇ ਹੀ ਕੀਤੀ ਜਾਵੇਗੀ।

ਟੀਮ ਮੈਂਬਰਾਂ ਨੂੰ ਕਮਲਾ ਨਹਿਰੂ ਕਲੋਨੀ ਵਿੱਚ ਘਟਨਾ ਸਥਾਨ ਦੇ ਆਸੇ ਪਾਸੇ ਦੇ ਲੋਕਾਂ ਤੋਂ ਮਿਲ਼ੀ ਜਾਣਕਾਰੀ ਅਨੁਸਾਰ ਸੰਦੀਪ ਸਿੰਘ ਦੀ ਮੌਤ ਬਿਜਲੀ ਦੇ ਕਰੰਟ ਨਾਲ ਹੋਣ ਦੀ ਪੁਸ਼ਟੀ ਹੋਈ।

ਸਿੱਟੇ: ਪੜਤਾਲ ਅਨੁਸਾਰ ਸਭਾ ਦੀ ਟੀਮ ਇਸ ਸਿੱਟੇ ਤੇ ਪਹੁੰਚੀ ਕਿ (1) ਸੰਦੀਪ ਸਿੰਘ ਦੀ ਮੌਤ ਬਿਜਲੀ ਦਾ ਕਰੰਟ ਲੱਗਣ ਨਾਲ਼ ਹੋਈ। ਉਹਨਾਂ ਵੱਲੋਂ ਦੁਬਾਰਾ ਟ੍ਰਿਪਿੰਗ ਲੈਣ ਤੋਂ ਬਿਨਾਂ ਹੀ ਕੰਮ ਸ਼ੁਰੂ ਕਰ ਦੇਣ ਪਿੱਛੇ ਅਧਿਕਾਰੀਆਂ/ ਠੇਕੇਦਾਰਾਂ ਦੀਆਂ ਝਿੜਕਾਂ ਦਾ ਡਰ ਅਤੇ ਸ਼ਿਕਾਇਤਾਂ ਨਿਪਟਾਉਣ ਦਾ ਦਬਾਅ ਕੰਮ ਕਰ ਰਿਹਾ ਸੀ। ਕੰਮ ਅੱਧ ਵਿਚਕਾਰ ਛੱਡਣ ਦੀ ਹਾਲਤ ਵਿੱਚ ਖਪਤਕਾਰਾਂ ਦਾ ਮਾਨਸਕ ਦਬਾਅ ਵੀ ਸੀ। ਉਹ ਠੇਕਾ ਕਾਮੇ ਹੋਣ ਕਰ ਕੇ ਨੌਕਰੀ ਦਾ ਵੀ ਖਤਰਾ ਸੀ। ਭਾਵੇਂ ਬਿਜਲੀ ਸੁਰੱਖਿਆ ਨਿਯਮਾਂ ਅਨੁਸਾਰ ਇੱਕੋ ਖੰਭੇ ਉੱਪਰ ਐਚ.ਟੀ. ਅਤੇ ਐਲ.ਟੀ. ਦੀਆਂ ਲਾਈਨਾਂ ਵਿਚਕਾਰਾ ਵਿੱਥ ਮਿੱਥੀ ਗਈ ਹੈ। ਪਰ ਇੱਥੇ ਇਹ ਵਿੱਥ ਘੱਟ ਸੀ ਜਿਸ ਕਾਰਨ ਸੰਦੀਪ ਸਿੰਘ ਦੀ ਉਪਰਲੀ ਐਚ. ਟੀ. ਲਾਈਨ ਦੇ ਨਾਲ ਸੰਪਰਕ ਵਿੱਚ ਆਉਣ ਨਾਲ ਕਰੰਟ ਲੱਗਣ ਅਤੇ ਹੇਠਾ ਡਿੱਗਣ ਨਾਲ਼ ਮੌਤ ਹੋ ਗਈ। ਇਸ ਲਈ ਇਸ ਗਲਤ ਲਾਈਨ ਨੂੰ ਪਾਉਣ, ਪਾਸ ਕਰਨ ਅਤੇ ਅਤੇ ਚਾਲੂ ਰੱਖਣ ਲਈ ਠੇਕੇਦਾਰ ਅਤੇ ਪਾਵਰਕੌਮ ਜ਼ਿੰਮੇਵਾਰ ਹੈ। (2) ਇਹਨਾਂ ਠੇਕਾ ਕਾਮਿਆਂ ਕੋਲ਼ ਲੋੜੀਂਦੇ ਸੁਰੱਖਿਆ ਯੰਤਰ, ਵਿਸ਼ੇਸ਼ ਤੌਰ ‘ਤੇ ਸੇਫਟੀ ਬੈਲਟ, ਦਸਤਾਨੇ, ਢੁਕਵੀਂ ਪੌੜੀ ਆਦਿ ਜੋ ਠੇਕੇਦਾਰਾਂ ਨੇ ਦੇਣੇ ਹੁੰਦੇ ਹਨ, ਵੀ ਨਹੀ ਸਨ। ਸੇਫਟੀ ਬੈਲਟ ਹੇਠਾਂ ਡਿੱਗਣ ਤੋਂ ਬਚਾਅ ਦਾ ਕੰਮ ਕਰਦੀ। ਹੇਠਾਂ ਡਿੱਗਣ ਸਮੇਂ ਲੋੜੀਂਦੇ ਬਚਾਓ ਬੰਦੋਬਸਤ ਉਸਨੂੰ ਸਿਰ ਦੀ ਸੱਟ ਤੋਂ ਸੁਰੱਖਿਅਤ ਰੱਖਦੇ। (3) ਠੇਕੇਦਾਰ ਵੱਲੋਂ ਰੱਖੇ ਕਾਮਿਆਂ ਨੂੰ ਨਿਯਮਾਂ ਅਨੁਸਾਰ ਤਨਖਾਹ, ਜੀ.ਆਈ.ਐੱਸ ਅਤੇ ਈ.ਪੀ.ਐੱਫ. ਵਰਗੀਆਂ ਹੋਰ ਸਹੂਲਤਾਂ ਨਹੀਂ ਮਿਲ਼ ਰਹੀਆਂ। (4) ਠੇਕੇਦਾਰ ਵੱਲੋਂ ਰੱਖੇ ਕਾਮਿਆਂ ਦੀ ਤਕਨੀਕੀ ਯੋਗਤਾ ਵੀ ਵਰਕ ਆਰਡਰ ਮੁਤਾਬਿਕ ਨਹੀਂ ਹੈ। ਪਾਵਰ ਕਾਮ ਦੇ ਅਧਿਕਾਰੀ ਵੀ ਇਸਦੀ ਜਾਂਚ ਨਹੀਂ ਕਰਦੇ। ਅਜਿਹੀ ਯੋਗਤਾ ਦੀ ਘਾਟ ਕਾਰਨ ਹੀ ਠੇਕੇਦਾਰ ਦੇ ਕਾਮੇ ਬਿਜਲੀ ਦੇ ਜਾਣ ਲੇਵਾ ਖਤਰਿਆਂ ਤੋਂ ਅਣਜਾਣ ਹਨ। ਠੇਕੇਦਾਰ ਵੱਲੋਂ ਵਰਕ ਆਰਡਰ ਦੀ ਉਲੰਘਣਾ ਅਤੇ ਪਾਵਰ ਕੌਮ ਵੱਲੋਂ ਬਣਦੀ ਜਿੰਮੇਵਾਰੀ ਨਾ ਨਿਭਾਉਣ ਕਾਰਨ ਠੇਕਾ-ਕਾਮੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। (5) ਨਿਜੀਕਰਨ ਦੀਆਂ ਨੀਤੀਆਂ ਕਾਰਨ ਨਾ ਤਾਂ ਬਿਜਲੀ ਕਾਮਿਆਂ ਦੇ ਹਿੱਤਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਨਾ ਹੀ ਖਪਤਕਾਰਾਂ ਦਾ। ਲੰਮੇ ਸਮੇਂ ਆਸਾਮੀਆਂ ਨੂੰ ਖਾਲੀ ਰੱਖ ਕੇ ਕਾਮਿਆਂ ‘ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ। ਇਸ ਤਰ•ਾਂ ਉਹਨਾਂ ਦਾ ਮਾਨਸਿਕ ਅਤੇ ਆਰਥਿਕ ਸ਼ੋਸਣ ਕੀਤਾ ਜਾ ਰਿਹਾ ਹੈ। ਠੇਕੇਦਾਰ ਬੇਰੁਜ਼ਗਾਰਾਂ ਨੂੰ ਨਿਗੂਣੀਆਂ ਤਨਖਾਹਾਂ ‘ਤੇ ਰੱਖ ਕੇ ਉਹਨਾਂ ਦੀ ਆਰਥਿਕ ਲੁੱਟ ਕਰ ਰਹੇ ਹਨ।

ਮੰਗਾਂ: ਸਭਾ ਮੰਗ ਕਰਦੀ ਹੈ ਕਿ (1) ਹਾਦਸੇ ਵਿੱਚ ਮਾਰੇ ਗਏ ਸੰਦੀਪ ਸਿੰਘ ਦੇ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਉਸਦੇ ਵਾਰਸਾਂ ਵਿੱਚੋਂ ਕਿਸੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। (2) ਹਾਦਸੇ ਲਈ ਨੁਕਸਦਾਰ ਬਿਜਲੀ ਲਾਈਨ ਕੱਢਣ, ਪਾਸ ਕਰਨ ਅਤੇ ਚਾਲੂ ਰੱਖਣ ਲਈ ਅਤੇ ਕਾਮਿਆਂ ਦੀ ਸੁਰੱਖਿਆ ਲਈ ਵਰਕ ਆਰਡਰ ਅਤੇ ਸੇਫਟੀ ਕੋਡ ਨੂੰ ਲਾਗੂ ਨਾ ਕਰਨ ਦੇ ਜ਼ਿੰਮੇਵਾਰ ਠੇਕੇਦਾਰ ਅਤੇ ਪਾਵਰ ਕਾਮ ਦੇ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਅੱਗੇ ਤੋਂ ਹਾਦਸੇ ਰੋਕਣ ਲਈ ਸੁਰੱਖਿਆ ਨਿਯਮਾਂ ਦੀ ਪੂਰਤੀ ਯਕੀਨੀ ਬਣਾਈ ਜਾਵੇ। (3) ਸੰਦੀਪ ਸਿੰਘ ਦਾ ਜੀ.ਆਈ.ਐਸ. ਜਮਾਂ ਨਾ ਕਰਵਾਉਣ ਬਦਲੇ ਠੇਕੇਦਾਰ ਤੋਂ 3 ਲੱਖ ਰਾਸ਼ੀ ਵਸੂਲ ਕੇ ਸੰਦੀਪ ਦੇ ਵਾਰਸਾਂ ਨੂੰ ਦਿੱਤੀ ਜਾਵੇ। ਠੇਕੇ ਕਾਮਿਆਂ ਦੀਆਂ ਸਹੂਲਤਾਂ ਯਕੀਨੀ ਬਣਾਈਆਂ ਜਾਣ ਅਤੇ ਇਸ ਮਾਮਲੇ ਦੀ ਪੂਰੀ ਪੜਤਾਲ ਕਰਵਾਈ ਜਾਵੇ। (4) ਠੇਕੇ ‘ਤੇ ਰੱਖੇ ਕਾਮਿਆਂ ਨੂੰ ਡੀ.ਸੀ. ਰੇਟਾਂ ਅਨੁਸਾਰ ਤਨਖਾਹ ਦੇਣੀ, ਈ.ਪੀ.ਐਫ. ਕੱਟਣਾ, ਕਟੌਤੀ ਬਰਾਬਰ ਰਕਮ ਠੇਕੇਦਾਰ ਵੱਲੋਂ ਜਮਾਂ ਕਰਵਾਉਣੀ ਯਕੀਨੀ ਬਣਾਈ ਜਾਵੇ। (5) ਸਾਰੇ ਕਾਮਿਆਂ ਨੂੰ ਵਰਕ ਆਰਡਰ-ਸੇਫਟੀ ਨਿਯਮਾਂ ਅਨੁਸਾਰ ਸੇਫਟੀ ਯੰਤਰ ਮੁਹੱਈਆ ਕਰਵਾਉਣੇ ਯਕੀਨੀ ਬਣਾਏ ਜਾਣ। (6) ਵਰਕ ਆਰਡਰ ਅਨੁਸਾਰ ਠੇਕੇ ‘ਤੇ ਰੱਖੇ ਕਾਮਿਆਂ ਦੀ ਤਕਨੀਕੀ ਯੋਗਤਾ ਲਾਜ਼ਮੀ ਹੋਣਾ ਯਕੀਨੀ ਬਣਾਈ ਜਾਵੇ, ਉਲੰਘਣਾ ਕਰਨ ਵਾਲ਼ੇ ਠੇਕੇਦਾਰਾਂ ਅਤੇ ਅਣਦੇਖੀ ਕਰਨ ਵਾਲ਼ੀ ਪਾਵਰਕੌਮ ਖ਼ਿਲਾਫ਼ ਕਾਰਵਾਈ ਯਕੀਨੀ ਬਣਾਈ ਜਾਵੇ। (7) ਠੇਕੇਦਾਰੀ ਸਿਸਟਮ ਬੰਦ ਕਰਕੇ ਪਾਵਰ ਕਾਰਪੋਰੇਸ਼ਨ ਵਿੱਚ ਹਰ ਵਰਗ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਰੈਗੂਲਰ ਭਰਤੀ ਨੂੰ ਯਕੀਨੀ ਬਣਇਆ ਜਾਵੇ।

ਜਾਰੀ ਕਰਤਾ
ਬੱਗਾ ਸਿੰਘ ਪ੍ਰਧਾਨ, ਰਣਧੀਰ ਗਿੱਲਪੱਤੀ ਜਨਰਲ ਸਕੱਤਰ
ਜਮਹੂਰੀ ਅਧਿਕਾਰ ਸਭਾ ਪੰਜਾਬ (ਇਕਾਈ ਬਠਿੰਡਾ)
20 ਜੁਲਾਈ 2015

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s