‘ਜਵਾਨੀ ਦਾ ਗੀਤ’ ਚੀਨੀ ਨਾਵਲ: ਹਰ ਸੱਚੇ ਕਮਿਊਨਿਸਟ ਲਈ ਪੜ੍ਹਨਯੋਗ ਰਚਨਾ •ਕੁਲਦੀਪ

9

ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ

ਇਸ ਨਾਵਲ ਦਾ ਅਨੁਵਾਦ ਕਰ ਰਿਹਾ ਹਾਂ। ਅਨੁਵਾਦ ਦੇ ਸ਼ੁਰੂਆਤੀ ਦੌਰ ਵਿੱਚ ਹਾਲੇ ਕੁਝ ਕੁ ਸਫੇ ਹੀ ਅਨੁਵਾਦ ਕੀਤੇ ਸਨ ਕਿ ਨਾਵਲ ਦੇ ਸਾਰਤੱਤ ਨੇ ਅਜਿਹਾ ਅਸਰ ਕੀਤਾ ਕਿ ਅਨੁਵਾਦ ਰੋਕ ਕੇ ਇਸਨੂੰ ਪੜ੍ਹਨਾ ਪਿਆ। ਇਹ ਨਾਵਲ ਚੀਨੀ ਇਨਕਲਾਬ ਦੇ ਪਹਿਲੇ ਪੜਾਅ – ਜਦੋਂ ਚੀਨੀ ਲੋਕ ਜਪਾਨੀ ਸਾਮਰਾਜੀਆਂ ਅਤੇ ਚੀਨੀ ਹਾਕਮਾਂ ਦੇ ਗਠਜੋੜ ਵਿਰੁੱਧ ਬੇਕਿਰਕ ਘੋਲ਼ ਲੜਦੇ ਹਨ ਦਾ ਬਹੁਤ ਜਹੀਨ, ਮਾਰਮਿਕ ਤੇ ਸੰਜ਼ੀਦਾ ਬਿਆਨ ਹੈ। ਚੀਨ ਵਿੱਚ ਲੋਕ-ਜਮਹੂਰੀਅਤ ਦੀ ਸਥਾਪਨਾ ਲਈ ਦੋ ਦਹਾਕੇ ਚੱਲੇ ਚੀਨੀ ਲੋਕਾਂ ਦੇ ਘੋਲ਼ ਨੂੰ ਲੇਖਿਕਾ ਯਾਂਗ ਮੋ – ਬਹੁਤ ਜੀਵੰਤ ਢੰਗ ਨਾਲ਼ ਪੇਸ਼ ਕਰਦੀ ਹੈ। ਕੁਝ ਇਸ ਕਾਰਨ ਵੀ ਨਾਵਲ ਜ਼ਿਆਦਾ ਭਰਵਾਂ ਤੇ ਸਰਬੰਗੀ ਹੈ ਕਿ ਲੇਖਿਕਾ ਨੇ ਖੁਦ ਇਨਕਲਾਬ ਵਿੱਚ ਹਿੱਸਾ ਲਿਆ, ਇਸੇ ਕਰਕੇ ਉਸ ਸਮੇਂ ਦੇ ਜਮਾਤੀ ਘੋਲ਼ ਅਤੇ ਇਸ ਘੋਲ਼ ਵਿੱਚ ਵੱਖ-ਵੱਖ ਜਮਾਤਾਂ ਦੀ ਪੋਜ਼ੀਸ਼ਨ ਅਤੇ ਉਸੇ ਅਨੁਸਾਰ ਹਿੱਸੇਦਾਰੀ ਨੂੰ ਬਹੁਤ ਬੱਝਵੇਂ ਰੂਪ ਵਿੱਚ ਰੂਪਮਾਨ ਕੀਤਾ ਹੈ। ਨਾਵਲ ਵਿੱਚ ਕਿਤੇ ਵੀ ਕਿਸੇ ਤਰਾਂ ਦਾ ਸਤਹੀਪਣ, ਕਾਹਲ ਜਾਂ ਉਲਾਰਤਾ ਨਹੀਂ ਝਲਕਦੀ। ਹਾਂ ਲੇਖਿਕਾ ਧਿਰ ਮੱਲ ਕੇ ਜਰੂਰ ਲਿਖਦੀ ਹੈ ਜੋ ਲੇਖਕ ਦੀ ਵਿਚਾਰਧਾਰਕ ਪ੍ਰਤੀਬੱਧਤਾ ਦਾ ਸਵਾਲ ਹੈ ਅਤੇ ਜਮਾਤੀ ਸਮਾਜ ਵਿੱਚ ਸ਼ਾਇਦ ਹੀ ਕੋਈ ਲੇਖਕ ਇਸ ਤੋਂ ਮੁਕਤ ਰਹਿ ਸਕਦਾ ਹੈ। ਹਾਂ ਲੇਖਿਕਾ ਦੀ ਪ੍ਰਤੀਬੱਧਤਾ ਮਜ਼ਦੂਰ ਜਮਾਤ ਨਾਲ਼ ਹੈ, ਇਸੇ ਕਰਕੇ ਹੀ ਉਹ ਨਾਵਲ ਵਿੱਚ ਚੀਨੀ ਸਮਾਜ ਦੇ ਜੱਦੋ-ਜਹਿਦ ਭਰੇ ਉਸ ਦੌਰ ਦੀ ਤਸਵੀਰ ਨੂੰ ਉਸੇ ਤਰਾਂ ਸਾਹਮਣੇ ਰੱਖ ਸਕੀ ਜਿਵੇਂ ਘਟਨਾਵਾਂ ਉਸ ਘੋਲ਼ ਵਿੱਚ ਵਾਪਰੀਆਂ ਸਨ।

ਨਾਵਲ 1930 ਵਿਆਂ ਦੇ ਦਹਾਕੇ ਦੇ ਸਮੇਂ ਦੁਆਲੇ ਘੁੰਮਦਾ ਹੈ। ਇਹ ਚੀਨ ਦੇ ਲੋਕਾਂ ਲਈ ਬਹੁਤ ਔਖਾ ਸਮਾਂ ਸੀ ਜਦੋਂ ਜਪਾਨੀ ਸਾਮਰਾਜੀਆਂ ਨੇ ਦੇਸ਼ ਦੇ ਵੱਡੇ ਹਿੱਸੇ ’ਤੇ ਕਬਜ਼ਾ ਕਰ ਲਿਆ ਸੀ। ਕੌਮਿਨਤਾਂਗ ਸਰਕਾਰ ਨੇ ਜਪਾਨੀ ਸਾਮਰਾਜੀਆਂ ਅੱਗੇ ਗੋਡੇ ਟੇਕ ਦਿੱਤੇ ਸਨ ਅਤੇ ਉਹਨਾਂ ਨਾਲ਼ ਸਮਝੌਤਾ ਕਰ ਲਿਆ ਸੀ। ਅਜਿਹੇ ਸਮੇਂ ਕਾਮਰੇਡ ਮਾਉ ਅਤੇ ਚੀਨੀ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਚੀਨ ਦੇ ਆਮ ਕਿਰਤੀਆਂ ਖ਼ਾਸ ਕਰਕੇ ਨੌਜਵਾਨਾਂ ਨੇ ਜਥੇਬੰਦ ਹੋਣਾ ਸ਼ੁਰੂ ਕੀਤਾ। ਅਸਲ ਵਿੱਚ ਕਹਿਣਾ ਹੋਵੇ ਤਾਂ ਇਹ ਨਾਵਲ ਉਸ ਸਮੇਂ ਦੀ ਚੀਨੀ ਜਵਾਨੀ ਦੀ ਬਹਾਦਰੀ ਅਤੇ ਦਲੇਰੀ ਦੀ ਗਾਥਾ ਹੈ ਜੋ ਸੱਚੀਆਂ ਘਟਨਾਵਾਂ ’ਤੇ ਅਧਾਰਿਤ ਹੈ। ਲੇਖਿਕਾ ਯਾਂਗ ਮੋ ਦੇ ਸ਼ਬਦਾਂ ਵਿੱਚ, “…ਮਸ਼ੀਨਗੰਨਾਂ, ਸੰਗੀਨਾਂ, ਕੈਦ, ਤਸੀਹੇ, ਇੱਥੋਂ ਤੱਕ ਕਿ ਮੌਤ ਤੋਂ ਵੀ ਨਿਧੜਕ ਅਣਗਿਣਤ ਹੋਣਹਾਰ ਗੱਭਰੂਆਂ ਅਤੇ ਮੁਟਿਆਰਾਂ ਨੇ ਦੁਸ਼ਮਣ ਵਿਰੁੱਧ ਇੱਕ ਸਿਰੜੀ ਘੋਲ਼ ਲੜਿਆ। ਜਦੋਂ ਇੱਕ ਡਿੱਗਦਾ ਤਾਂ ਦੂਜਾ ਉਸਦੀ ਥਾਂ ਲੈਣ ਲਈ ਉੱਠ ਖੜ੍ਹਾ ਹੁੰਦਾ। ਕਈਆਂ ਨੇ ਹੱਸਦੇ-ਹੱਸਦੇ ਸ਼ਹਾਦਤ ਦਿੱਤੀ, ਇਸ ਯਕੀਨ ਨਾਲ਼ ਕਿ ਦੇਸ਼ ਦਾ ਭਵਿੱਖ ਉੱਜਲ ਸੀ; ਵੱਧ ਤੋਂ ਵੱਧ ਲੋਕ ਸ਼ਹੀਦਾਂ ਦੇ ਲਹੂ ਭਿੱਜੇ ਪੈਰ-ਚਿੰਨਾਂ ’ਤੇ ਅੱਗੇ ਵਧੇ…।”

ਇਹਨਾਂ ਗੱਭਰੂਆਂ ਮੁਟਿਆਰਾਂ ਨੇ ਸਿਰਫ ਆਪਣੀ ਬਹਾਦਰੀ ਦੇ ਹੀ ਜੌਹਰ ਨਹੀਂ ਦਿਖਾਏ ਸਗੋਂ ਵਿਗਿਆਨਕ ਸਮਝ, ਗਿਆਨ, ਵਿਗਿਆਨ ਦੀ ਰੌਸ਼ਨੀ ਵਿੱਚ ਚੀਜਾਂ ਨੂੰ ਸਮਝਣ ਅਤੇ ਆਪਣੇ ਸਿਧਾਂਤ ਨੂੰ ਆਮ ਲੋਕਾਂ ਦੇ ਅਭਿਆਸ ਨਾਲ਼ ਜੋੜਣ ਦੀ ਬੇਜੋੜ ਮਿਸਾਲ ਵੀ ਕਾਇਮ ਕੀਤੀ। ਨਾਵਲ ਦੇ ਕਮਿਊਨਿਸਟ ਪਾਤਰਾਂ ਵਿੱਚ ਦਲੇਰੀ, ਸਿਰੜ ਅਤੇ ਕਿਸੇ ਵੀ ਕੀਮਤ ’ਤੇ ਹਾਰ ਨਾ ਮੰਨਣ ਦੇ ਗੁਣਾਂ ਦੇ ਨਾਲ਼-ਨਾਲ਼ ਵਿਗਿਆਨਕ ਸਮਝ ਦਾ ਸੁਮੇਲ ਵੀ ਮਿਲ਼ਦਾ ਹੈ। ਜਿਸ ਕਰਕੇ ਉਹਨਾਂ ਦੀ ਕਾਰਵਾਈ ਮਾਅਰਕੇਬਾਜੀ ਨਹੀਂ ਬਣਦੀ ਸਗੋਂ ਅਭਿਆਸ ਨਾਲ਼ ਨੂੰਹ-ਮਾਸ ਦਾ ਰਿਸ਼ਤਾ ਬਣਾਈ ਰੱਖਦੀ ਹੈ। ਨਾਵਲ ਦਾ ਇੱਕ ਪਾਤਰ ਹੈ ਲੀ ਚੁਆ ਚਿਆਨ ਜੋ ਲੋਕ ਘੋਲ਼ ’ਚ ਤਪਿਆ ਇੱਕ ਕਮਿਊਨਿਸਟ ਹੈ ਜਿਸਦੀ ਜ਼ਿੰਮੇਵਾਰੀ ਪੇਈਪਿੰਗ ਯੂਨੀਵਰਸਿਟੀ ਵਿੱਚ ਲੱਗੀ ਹੁੰਦੀ ਹੈ। ਪਰ ਯੂਨੀਵਰਸਿਟੀ ਖ਼ਾਸ ਤੌਰ ’ਤੇ ਸਰਕਾਰ ਦੀ ਨਿਗਰਾਨੀ ਵਿੱਚ ਹੁੰਦੀ ਹੈ ਅਤੇ ਉਹਨਾਂ ਨੂੰ ਗੁਪਤ ਕੰਮ ਕਰਨਾ ਪੈਂਦਾ ਹੈ। ਗੁਪਤ ਰਹਿੰਦੇ ਹੋਏ ਵਿਦਿਆਰਥੀਆਂ ਨਾਲ਼ ਸੰਪਰਕ ਸਥਾਪਿਤ ਕਰਨੇ, ਮੀਟਿੰਗਾਂ ਕਰਾਉਣੀਆਂ, ਦੇਰ-ਰਾਤ ਨੂੰ ਸੌਂ ਕੇ ਵੀ ਸਵੇਰੇ ਉੱਠ ਕੇ ਕਸਰਤ ਕਰਨੀ, ਆਪਣੇ ਨੇਹਚੇ ਪ੍ਰਤੀ ਅਡਿੱਗ, ਨਾਲ਼ ਦੇ ਕਾਮਰੇਡਾਂ ਨੂੰ ਹਮੇਸ਼ਾਂ ਸਿੱਖਿਅਤ ਕਰਨਾ ਅਤੇ ਉਹਨਾਂ ਦਾ ਖਿਆਲ ਰੱਖਣਾ ਆਦਿ ਉਸਦੀ ਸ਼ਖਸ਼ੀਅਤ ਦੇ ਗੁਣ ਹਨ।

ਜਦੋਂ ਉਹ ਫੜਿਆ ਜਾਂਦਾ ਹੈ ਤਾਂ ਉਸਨੂੰ ਤਸੀਹੇ ਦਿੱਤੇ ਜਾਂਦੇ ਹਨ, ਪਿਛਾਖੜੀ ਵਹਿਸ਼ੀ ਉਸਦੀਆਂ ਦੋਵੇਂ ਲੱਤਾਂ ਤੋੜ ਦਿੰਦੇ ਹਨ ਪਰ ਜਿੰਨਾ ਚਿਰ ਵੀ ਉਸ ਵਿੱਚ ਸਾਹ ਬਾਕੀ ਰਹਿੰਦੇ ਹਨ ਉਹ ਇਨਕਲਾਬ ਬਾਰੇ ਸੋਚਦਾ ਹੈ, ਬੇਹੋਸ਼ ਹੋ ਜਾਂਦਾ ਹੈ, ਪਰ ਹੋਸ਼ ਆਉਣ ’ਤੇ ਫਿਰ ਸੋਚਦਾ ਹੈ ਕਿ “ਮੈਂ ਹੁਣ ਪਾਰਟੀ ਦੇ ਕੀ ਕੰਮ ਆ ਸਕਦਾ ਹਾਂ”। ਮਰਨ ਤੋਂ ਪਹਿਲਾਂ ਜਦੋਂ ਉਸਨੂੰ ਪਤਾ ਲੱਗਦਾ ਹੈ ਕਿ ਸਰਕਾਰ ਨੇ ਕਮਿਊਨਿਸਟ ਪਾਰਟੀ ਵਿੱਚ ਕੁਝ ਲੋਕਾਂ ਨੂੰ ਏਜੰਟ ਬਣਾ ਕੇ ਭੇਜਿਆ ਹੋਇਆ ਹੈ ਜੋ ਬਹੁਤ ਸਾਰੇ ਕਮਿਊਨਿਸਟਾਂ ਨੂੰ ਗਿ੍ਰਫਤਾਰ ਕਰਵਾ ਰਹੇ ਹਨ ਤਾਂ ਉਹ ਸੋਚਦਾ ਹੈ ਕਿ ਕਿਸ ਤਰਾਂ ਇਹ ਸੁਨੇਹਾ ਸਾਥੀਆਂ ਤੱਕ ਲਾਵਾਂ। ਉਹਦੇ ਲਈ ਉਸਨੂੰ ਬਹੁਤ ਸੰਘਰਸ਼ ਕਰਨਾ ਪੈਂਦਾ ਹੈ ਪਰ ਆਪਣਾ ਕੰਮ ਕਰਦਾ ਹੈ ਭਾਵੇਂ ਬਾਅਦ ਵਿੱਚ ਸਰਕਾਰ ਉਹਨੂੰ ਸ਼ਹੀਦ ਕਰ ਦਿੰਦੀ ਹੈ। ਪਰ ਇਸਦੇ ਨਾਲ਼ ਹੀ ਯੂ ਤਾਈ ਵਰਗੇ ਪਾਤਰ ਵੀ ਹਨ ਜੋ ਪਿਛਾਖੜੀ ਸਰਕਾਰ ਦੇ ਡੰਡੇ ਦੀ ਮਾਰ ਨਾ ਝੱਲਦੇ ਹੋਏ ਸਟੇਟ ਦੇ ਏਜੰਟ ਬਣਦੇ ਹਨ ਅਤੇ ਸਾਥੀਆਂ ਨੂੰ ਸ਼ਹੀਦ ਕਰਵਾਉਣ ਦੇ ਦੋਸ਼ੀ ਗੱਦਾਰ ਵੀ ਸਿੱਧ ਹੁੰਦੇ ਹਨ।

ਨਾਵਲ ਦੀ ਮੁੱਖ ਪਾਤਰ ਲਿਨ ਤਾਓ ਚਿੰਗ ਨੂੰ ਸਿੱਖਿਅਤ ਕਰਨ ਦਾ ਸ਼ੁਰੂਆਤੀ ਕੰਮ ਲੂ ਚਿਆ ਚੁਆਨ ਹੀ ਕਰਦਾ ਹੈ। ਲਿਨ ਤਾਉ ਚਿੰਗ ਜੋ ਕਿ ਨਾਵਲ ਦੀ ਮੁੱਖ ਪਾਤਰ ਹੈ, ਦੇ ਪਾਤਰ ਰਾਹੀਂ ਲੇਖਿਕਾ ਚੀਨ ਦੇ ਵੱਖ-ਵੱਖ ਜਮਾਤਾਂ ਜਾਂ ਤਬਕਿਆਂ ਦੇ ਲੋਕਾਂ ਦੇ ਜੀਵਨ, ਰੁਚੀਆਂ, ਸੁਹਜ-ਸੁਆਦਾਂ ਬਾਰੇ ਵੀ ਖਾਸੀ ਜਾਣਕਾਰੀ ਦਿੰਦੀ ਹੈ। ਲਿਨ ਤਾਓ ਚਿੰਗ ਦੀ ਮਾਂ ਇੱਕ ਗਰੀਬ ਮੁਜਾਹਰੇ ਦੀ ਕੁੜੀ ਸੀ ਜਿਸ ਨਾਲ਼ ਇਲਾਕੇ ਦਾ ਜਗੀਰਦਾਰ ਜ਼ਬਰਦਸਤੀ ਕਰਦਾ ਹੈ ਅਤੇ ਉਸਨੂੰ ਆਪਣੇ ਮਹਿਲ ’ਚ ਰਖੇਲ ਬਣਾ ਕੇ ਲੈ ਜਾਂਦਾ ਹੈ, ਜਿੱਥੇ ਉਹ ਇੱਕ ਕੁੜੀ ਲਿਨ ਤਾਓ ਚਿੰਗ ਨੂੰ ਜਨਮ ਦਿੰਦੀ ਹੈ। ਵੱਡੀ ਰਾਣੀ ਦੇ ਕੋਈ ਜਵਾਕ ਨਹੀਂ ਹੁੰਦਾ। ਜਦੋਂ ਲਿਨ ਤਾਓ ਚਿੰਗ 2 ਕੁ ਸਾਲ ਦੀ ਹੁੰਦੀ ਹੈ ਤਾਂ ਉਸਦਾ ਜਗੀਰਦਾਰ ਪਿਉ ਲਿਨ ਦੀ ਮਾਂ ਨੂੰ ਆਪਣੇ ਕਿਸੇ ਦੋਸਤ ਦੀ ਰਖੇਲ ਬਣਾ ਦਿੰਦਾ ਹੈ ਪਰ ਕੁਝ ਸਮੇਂ ਬਾਅਦ ਉਹ ਉੱਥੋਂ ਭੱਜ ਆਉਂਦੀ ਹੈ ਅਤੇ ਜਗੀਰਦਾਰ ਤੋਂ ਆਪਣੀ ਕੁੜੀ ਲਿਨ – ਮੰਗਦੀ ਹੈ ਪਰ ਉਹ ਉਸਨੂੰ ਧੱਕੇ-ਮਾਰ ਕੇ ਬਾਹਰ ਕੱਢ ਦਿੰਦੇ ਹਨ। ਕੋਈ ਵਾਹ ਨਾ ਜਾਂਦੀ ਦੇਖ ਦੁਖਿਆਰੀ ਮਾਂ ਉਸੇ ਨਦੀ ’ਚ ਛਾਲ ਮਾਰ ਕੇ ਮਰ ਜਾਂਦੀ ਹੈ ਜਿਸ ’ਚ ਉਸਦੀ ਮਾਂ ਨੂੰ ਜਗੀਰਦਾਰ ਦੁਆਰਾ ਉਧਾਲੇ ਜਾਣ ਬਾਅਦ ਉਸਦਾ ਦਾਦਾ ਛਾਲ ਮਾਰ ਕੇ ਮਰਦਾ ਹੈ। ਥੋੜ੍ਹੇ ਚਿਰ ਬਾਅਦ ਲਿਨ ਤਾਓ ਚਿੰਗ ਦੀ ਮਤਰੇਈ ਮਾਂ ਦੇ ਬੱਚਾ ਹੋ ਜਾਂਦਾ ਹੈ ਤਾਂ ਲਿਨ ਉੱਤੇ ਉਸਦੇ ਮਤਰੇਏ ਮਾਂ-ਪਿਉ ਜ਼ੁਲਮ ਸ਼ੁਰੂ ਹੁੰਦੇ ਹਨ, ਨਿੱਕੀ-2 ਗੱਲ ’ਤੇ ਉਸਦੀ ਕੁੱਟ-ਮਾਰ ਹੋਣ ਲੱਗਦੀ ਹੈ। ਵੱਡੀ ਹੋਈ ਨੂੰ ਉਹ ਉਸਨੂੰ ਸਕੂਲ ਇਸ ਲਈ ਭੇਜਦੇ ਹਨ ਕਿ ਪੜ੍ਹਾ-ਲਿਖਾ ਕੇ ਉਹ ਉਸਨੂੰ ਕਿਸੇ ਅਮੀਰ ਨੂੰ ਵੇਚ ਦੇਣਗੇ। ਜਦੋਂ ਪੜ੍ਹਾਈ ਪੂਰੀ ਹੁੰਦੀ ਹੈ ਤਾਂ ਉਸਦਾ ਪਿਤਾ ਸਾਰੀ ਜਾਇਦਾਦ ਕਿਸੇ ਸ਼ਰੀਕ ਦੇ ਦਾਵੇ ’ਚ ਹਾਰ ਜਾਂਦਾ ਹੈ ਅਤੇ ਉਸਦੀ ਮਾਂ ਨੂੰ ਛੱਡ ਕੇ ਚਲਾ ਜਾਂਦਾ ਹੈ। ਇੱਥੇ ਉਸ ਜਗੀਰੂ ਔਰਤ ਜੋ ਹੁਣ ਤੱਕ ਅਯਾਸ਼ੀ ਕਰਦੀ ਆਈ ਸੀ – ਨੂੰ ਨਾਨੀ ਚੇਤੇ ਆਉਂਦੀ ਹੈ। ਉਹ ਇੰਨੀ ਡਿੱਗ ਜਾਂਦੀ ਹੈ ਕਿ ਲਿਨ ਦਾ ਰਿਸ਼ਤਾ ਇੱਕ ਅਮਰੀਜ਼ਾਦੇ ਨਾਲ਼ ਤੈਅ ਕਰ ਦਿੰਦੀ ਹੈ ਜੋ ਉਸ ਤੋਂ ਦੁੱਗਣੀ ਉਮਰ ਦਾ ਹੁੰਦਾ ਹੈ। ਉਹ ਬਜ਼ੁਰਗ ਨੌਕਰਾਣੀ ਦੀ ਮਦਦ ਰਾਹੀਂ ਘਰੋਂ ਭੱਜ ਜਾਂਦੀ ਹੈ। ਇਸ ਦੌਰਾਨ ਉਸਨੂੰ ਇੱਕ ਬੁੱਧੀਜੀਵੀ ਨਾਲ਼ ਪਿਆਰ ਹੋ ਜਾਂਦਾ ਹੈ ਅਤੇ ਉਹ ਉਸ ਨਾਲ਼ ਪੇਇਪਿੰੰਗ ਚਲੀ ਜਾਂਦੀ ਹੈ। ਬੁੱਧੀਜੀਵੀ ਹਰ ਸਮੇਂ ਪੁਰਾਤਨ ਚੀਨੀ ਇਤਿਹਾਸ ਦੀਆਂ ਕਿਤਾਬਾਂ ਵਿੱਚ ਖੁੱਭਿਆ ਰਹਿੰਦਾ ਹੈ। ਉਹ ਘਰ ਦੀ ਚਾਰ-ਦਿਵਾਰੀ ’ਚ ਕੈਦ ਮਹਿਸੂਸ ਕਰਦੀ ਹੈ। ਹੌਲ਼ੀ-ਹੌਲ਼ੀ ਉਸ ਬੁੱਧੀਜੀਵੀ ਨਾਲ਼ ਰਹਿ ਕੇ ਉਸਨੂੰ ਉਸਦੀ ਮਤਲਬਪ੍ਰਸਤੀ ਦਾ ਪਤਾ ਲੱਗਦਾ ਹੈ ਜੋ ਆਪਣੇ ਤੋਂ ਬਿਨਾਂ ਕਿਸੇ ਬਾਰੇ ਨਹੀਂ ਸੋਚਦਾ।

ਇੱਥੇ ਹੀ ਉਸਦੀ ਮੁਲਾਕਾਤ ਲੂ ਚਿਆ ਚੁਆਨ ਨਾਲ਼ ਹੁੰਦੀ ਹੈ ਜੋ ਉਸਨੂੰ ਮਾਰਕਾਸਵਾਦ ਦੀ ਮੁੱਢਲੀ ਸਿੱਖਿਆ ਦਿੰਦਾ ਹੈ। ਲੂ ਚਿਆ ਚੁਆਨ ਦੀ ਗਿ੍ਰਫਤਾਰੀ ਬਾਅਦ ਲਿਨ ਦੀ ਆਪਣੇ ਬੁੱਧੀਜੀਵੀ ਪਤੀ ਨਾਲ਼ ਬਹੁਤ ਵਿਗੜ ਜਾਂਦੀ ਹੈ, ਖਾਸ ਕਰਕੇ ਉਦੋਂ ਜਦੋਂ ਉਸਨੂੰ ਪਤਾ ਲੱਗਦਾ ਹੈ ਕਿ ਉਸਦੀ ਪਤਨੀ ਕਮਿਊਨਿਸਟ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਗਈ ਹੈ। ਉਹ ਆਪਣੀ ਪਤਨੀ ਨੂੰ ਗੁੰਮਰਾਹ ਕਰਕੇ ਆਪਣੇ ਪਿੰਜਰੇ ਦੀ ਕੈਦ ਵਿੱਚ ਰੱਖਣ ਦੇ ਬਹੁਤ ਬੇਕਾਰ ਤੇ ਕਮੀਨੇ ਯਤਨ ਕਰਦਾ ਹੈ। ਪਰ ਅਖੀਰ ਲਿਨ ਉਸਨੂੰ ਛੱਡ ਕੇ ਚਲੀ ਜਾਂਦੀ ਹੈ। ਪਹਿਲਾਂ ਆਪਣੇ ਤੌਰ ’ਤੇ ਉਹ ਜਿੰਨਾ ਕੁ ਉਸਨੂੰ ਸਮਝ ਆਉਂਦਾ ਕਮਿਉਨਿਸਟਾਂ ਲਈ ਕੰਮ ਕਰਦੀ, ਕਿਉਂਕਿ ਲੂ ਚਿਆ ਚੁਆਨ ਦੀ ਗਿ੍ਰਫਤਾਰੀ ਬਾਅਦ ਉਸਨੂੰ ਕੋਈ ਕਾਮਰੇਡ ਨਹੀਂ ਮਿਲ਼ਦਾ ਸੀ। ਫਿਰ ਹੌਲ਼ੀ-ਹੌਲ਼ੀ ਉਹ ਪਾਰਟੀ ਦੇ ਨੇੜੇ ਆਉਂਦੀ ਹੈ, ਇੱਕ ਅਧਿਆਪਕ ਦੀ ਨੌਕਰੀ ਕਰਦੀ ਹੋਈ ਪਾਰਟੀ ਕੰਮ ਕਰਦੀ ਹੈ। ਉਸਦੇ ਅਧਿਆਪਨ ਦੌਰਾਨ ਅਧਿਆਪਕਾਂ ਦੇ ਨੀਰਸ ਜੀਵਨ ਨੂੰ ਦੇਖਣ ਦਾ ਮੌਕਾ ਮਿਲ਼ਦਾ ਹੈ। ਪਰ ਜਦੋਂ ਉੱਥੇ ਉਸ ’ਤੇ ਕਮਿਊਨਿਸਟ ਹੋਣ ਦਾ ਸ਼ੱਕ ਹੁੰਦਾ ਹੈ ਤਾਂ ਪਾਰਟੀ ਕਾਮਰੇਡ ਚਿਆਂਗ ਹੁਆ ਰਾਹੀਂ ਉਸਨੂੰ ਉੱਥੋਂ ਕੱਢ ਲੈਂਦੀ ਹੈ। ਫਿਰ ਉਹ ਇੱਕ ਜਗੀਰਦਾਰ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰਦੀ ਹੈ। ਵਿਹਲੇ ਸਮੇਂ ਉਹ ਕਿਸਾਨਾਂ/ਮਜ਼ਦੂਰਾਂ ਵਿੱਚ ਜਾਂਦੀ ਹੈ ਜੋ ਸਾਰੀ ਦੌਲਤ ਪੈਦਾ ਕਰਨ ਦੇ ਬਾਵਜੂਦ ਫਾਕੇ ਕੱਟਦੇ ਹਨ। ਜਿੱਥੇ ਹਾਕਮਾਂ ਦੇ ਕੁੱਤੇ ਦੁੱਧ ਪੀਂਦੇ ਉਸਨੇ ਦੇਖੇ ਉੱਥੇ ਗਰੀਬਾਂ ਦੇ ਬੱਚੇ ਭੁੱਖ ਨਾਲ਼ ਵਿਲਕ-ਵਿਲਕ ਕੇ ਮਰਦੇ ਵੀ ਦੇਖੇ, ਅਜਿਹੇ ਦਿ੍ਰਸ਼ ਧੁੜਧੜੀ ਛੇੜ ਦਿੰਦੇ ਹਨ। ਪਾਰਟੀ ਕੰਮ ਦੇ ਸ਼ੱਕ ਵਿੱਚ ਉਸਨੂੰ ਗਿ੍ਰਫਤਾਰ ਕੀਤਾ ਜਾਂਦਾ ਹੈ। ਉੱਥੇ ਉਸਦੀ ਮੁਲਾਕਾਤ ਇੱਕ ਅਡਿੱਗ ਬਾਲਸ਼ਵਿਕ ਕਿਰਦਾਰ ਦੀ ਔਰਤ ਨਾਲ਼ ਹੁੰਦੀ ਹੈ ਜੋ ਉਸਨੂੰ ਜੇਲ੍ਹ ਵਿੱਚ ਸਿੱਖਿਅਤ ਕਰਦੀ ਹੈ। ਜੇਲ੍ਹ ਵਿੱਚ ਹੜਤਾਲ ਵਿੱਚ ਉਹ ਹਿੱਸਾ ਲੈਂਦੀਆਂ ਹਨ। ਉਸਦੀ ਸਾਥੀ ਕਾਮਰੇਡ ਨੂੰ ਕੁਝ ਕਾਮਰੇਡਾਂ ਸਮੇਤ ਨਵਾਂ ਅਫਸਰ ਜਿਉਂਦਿਆਂ ਨੂੰ ਮਿੱਟੀ ਵਿੱਚ ਦੱਬ ਦਿੰਦਾ ਹੈ। ਇਹ ਦਿ੍ਰਸ਼ ਪੜ੍ਹ ਕੇ ਮਨ ਬਹੁਤ ਭਾਰਾ ਹੋ ਗਿਆ। ਜੇਲ੍ਹ ਤੋਂ ਰਿਹਾ ਹੋ ਕੇ ਉਹ ਫਿਰ ਪਾਰਟੀ ਕੰਮ ’ਚ ਰੁੱਝ ਜਾਂਦੀ ਹੈ, ਹੁਣ ਉਹ ਪਾਰਟੀ ਦੀ ਬਕਾਇਦਾ ਮੈਂਬਰ ਬਣ ਜਾਂਦੀ ਹੈ। ਆਪਣੀ ਸਹੇਲੀ ਸਿਆਓ ਯੇਨ ਜੋ ਕਿ ਇੱਕ ਪ੍ਰੋਫੈਸਰ ਦੀ ਕੁੜੀ ਹੈ ਨੂੰ ਵੀ ਆਪਣੇ ਵਿਚਾਰਾਂ ਨਾਲ਼ ਕਾਇਲ ਕਰਦੀ ਹੈ। ਸਿਆਓ ਯੇਨ ਇੱਕ ਕਿਤਾਬੀ ਕੀੜਾ ਕੁੜੀ ਹੈ, ਜਦੋਂ ਲਿਨ ਉਸਨੂੰ ਚੀਨ ਦੀ ਮਾੜੀ ਹਾਲਤ ਅਤੇ ਜਪਾਨੀ ਹਮਲੇ ਬਾਰੇ ਦੱਸਦੀ ਹੈ ਤਾਂ ਉਹ ਕਹਿੰਦੀ ਹੈ ਕਿ ਵਿਦਿਆਰਥੀ ਦਾ ਕੰਮ ਬਸ ਪੜ੍ਹਨਾ ਹੈ ਸਿਆਸਤ ਤਾਂ ਸਿਆਸਤਦਾਨਾਂ ਦਾ ਕੰਮ ਏ। ਤਾਂ ਲਿਨ ਕਹਿੰਦੀ ਹੈ, “ਸਿਆਓ ਯੇਨ, ਜਦੋਂ ਜੰਗਲ ਨੂੰ ਅੱਗ ਲੱਗੀ ਹੋਵੇ ਤਾਂ ਇੱਕ ਵੀ ਆਲ੍ਹਣੇ ਦੇ ਬਚਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ।”

ਇਸ ਤੋਂ ਬਾਅਦ ਦੋਵੇਂ ਸਹੇਲੀਆਂ ਬਹੁਤ ਗਰਮਜੋਸ਼ੀ ਨਾਲ਼ ਜਪਾਨ ਵਿਰੋਧੀ ਵੱਡਾ ਮੁਜ਼ਾਹਰਾ ਜਥੇਬੰਦ ਕਰਨ ਵਿੱਚ ਪਾਰਟੀ ਦੇ ਕੰਮ ਵਿੱਚ ਜੁੱਟ ਜਾਂਦੀਆਂ ਹਨ। ਸਿਆਓ ਯੇਨ ਦਾ ਪਿਤਾ ਜੋ ਕਿ ਇੱਕ ਪ੍ਰੋਫੈਸਰ ਹੈ, ਵੀ ਉਹਨਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੁੰਦਾ ਹੈ।

ਜਦੋਂ ਪਿਛਾਖੜੀ ਹਕੂਮਤ ਡੰਡਾ ਵਾਹੁਣ ਲੱਗਦੀ ਹੈ ਤਾਂ ਸੱਚੀ ਕਮਿਊਨਿਸਟ ਪਾਰਟੀ ਜਿਸਦਾ ਆਗੂ ਮਾਓ ਸੀ, ਤੋਂ ਬਿਨਾਂ ਸਭ ਤਰਾਂ ਦੇ ਪੁਰਾਤਨ ਪੰਥੀ, ਤਰਾਤਸਕੀਪੰਥੀ, ਆਧੁਨਿਕਤਾਵਾਦੀ, ਲਿਬਰਲ ਆਦਿ ਗੋਡੇ ਟੇਕ ਦਿੰਦੇ ਹਨ। ਖਾਸ ਤੌਰ ’ਤੇ ਤਰਾਤਸਕੀਪੰਥੀ ਆਪਣੇ ਆਕਾ ਤਰਾਤਸਕੀ ਤੋਂ ਘੱਟ ਕਿਵੇਂ ਰਹਿ ਸਕਦੇ ਸਨ। ਪੇਇਪਿੰਗ ਯੂਨੀਵਰਸਿਟੀ ਦਾ ਤਰਾਤਸਕੀਪੰਥੀ ਗਰੁੱਪ ਕੌਮਿਨਤਾਂਗ ਸਰਕਾਰ ਦਾ ਏਜੰਟ ਬਣਦਾ ਹੈ ਅਤੇ ਕਮਿਊਨਿਸਟਾਂ ਨੂੰ ਫੜਵਾਉਣ ਅਤੇ ਭੰਨ-ਤੋੜ ਦੀਆਂ ਕਾਰਵਾਈਆਂ ਕਰਨ ਵਿੱਚ ਸੱਤ੍ਹਾ ਦਾ ਦਲਾਲ ਬਣਦਾ ਹੈ।

ਪਰ ਖਰੀ ਇਨਕਲਾਬੀ ਅਗਵਾਈ ਅਤੇ ਲੋਕਾਂ ਦਾ ਕਮਿਊਨਿਸਟ ਪਾਰਟੀ ਵਿੱਚ ਦਿਨੋਂ-ਦਿਨ ਵਧਦਾ ਵਿਸ਼ਵਾਸ ਅਜਿਹੇ ਡਰਪੋਕਾਂ ਨੂੰ ਭਜਾ ਦਿੰਦਾ ਹੈ, ਭਾਵੇਂ ਇਹੀ ਤਰਾਤਸਕੀਪੰਥੀ ਸਟੇਜਾਂ ਤੋਂ ਬਹੁਤ ਦਲੇਰਾਨਾ ਭਾਸ਼ਣ ਦਿੰਦੇ ਸਨ, ਪਰ ਇਸ ਮੌਕੇ ਸੱਤ੍ਹਾ ਦੇ ਪੈਰਾਂ ’ਚ ਪੂਛ ਹਿਲਾਉਣ ਲੱਗਦੇ ਹਨ। ਨਾਵਲ ਦੇ ਅਖ਼ੀਰ ਤੱਕ ਜਾਂਦੇ-ਜਾਂਦੇ ਪਾਰਟੀ ਦੀ ਅਗਵਾਈ ਵਿੱਚ ਸ਼ਹਿਰ ਵਿੱਚ ਇੱਕ ਬਹੁਤ ਵੱਡਾ ਮੁਜ਼ਾਹਰਾ ਹੁੰਦਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਚੀਨੀ ਕਿਰਤੀ ਲੋਕ ਸ਼ਾਮਲ ਹੁੰਦੇ ਹਨ।

ਤਕਰੀਬਨ 500 ਪੰਨਿਆਂ ਦਾ ਇਹ ਨਾਵਲ 1930 ਦੇ ਦੌਰ ਦੇ ਚੀਨੀ ਇਨਕਲਾਬ ਦਾ ਇੱਕ ਜੀਵੰਤ ਦਸਤਾਵੇਜ਼ ਹੈ ਜੋ ਬਹੁਤ ਮੋੜਾਂ-ਘੋੜਾਂ, ਪਿੱਛਲ-ਮੋੜਿਆਂ ਅਤੇ ਹਾਰਾਂ ਦੇ ਬਾਵਜੂਦ ਅੰਤ ਚੀਨੀ ਲੋਕਾਂ ਦੀ ਜਿੱਤ ਦੀ ਸ਼ਾਹਦੀ ਭਰਦਾ ਹੈ। ਹਰ ਸੱਚੇ ਕਮਿਊਨਿਸਟ ਲਈ ਇਹ ਪੜ੍ਹਨਯੋਗ ਨਾਵਲ ਹੈ ਜੋ ਸਿਧਾਂਤ ਤੇ ਅਭਿਆਸ ਦੀ ਏਕਤਾ ਦੀ ਚੀਨੀ ਪਾਰਟੀ ਦੀ ਇਨਕਲਾਬੀ ਲੀਹ ਨੂੰ ਪ੍ਰਤੀਬਿੰਬਤ ਕਰਦਾ ਹੋਇਆ ਜਾਗੀ ਹੋਈ ਜਨਤਾ ਦੀ ਅਸਲ ਤਾਕਤ ਨੂੰ ਵੀ ਰੂਪਮਾਨ ਕਰਦਾ ਹੈ।

10.07.2019

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 8, ਅੰਕ 21, 16 ਤੋਂ 31 ਦਸੰਬਰ 2019 ਵਿੱਚ ਪਰ੍ਕਾਸ਼ਿਤ