ਜੋਧਾਂ ਥਾਣੇ ਦੀ ਮਰਹੂਮ ਕਾਂਸਟੇਬਲ ਦੀ ਮੌਤ ਤੇ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਘੋਲ਼

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

8 ਜੂਨ ਦੀ ਰਾਤ ਨੂੰ ਲੁਧਿਆਣਾ ਦੇ ਜੋਧਾਂ ਥਾਣੇ ਵਿੱਚ ਉੱਥੇ ਦੀ ਮਹਿਲਾ ਕਾਂਸਟੇਬਲ ਅਮਨਪ੍ਰੀਤ ਕੌਰ ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋਈ। ਪਰਿਵਾਰ ਨੇ ਥਾਣੇ ਦੇ ਮੁਨਸ਼ੀ ਵਿਰੁੱਧ ਪਰਚਾ ਕਰਨ ਲਈ ਕਿਹਾ ਕਿਉਂਕਿ ਅਮਨਪ੍ਰੀਤ ਕੌਰ ਨੇ ਪਹਿਲਾਂ ਵੀ ਮੁਨਸ਼ੀ ਨਿਰਭੈ ਸਿੰਘ ‘ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਸਨ। ਪਰ ਥਾਣੇ ਵਾਲ਼ੇ ਪਹਿਲਾਂ ਤਾਂ ਟਾਲ਼-ਮਟੋਲ ਕਰਦੇ ਰਹੇ ਪਰ ਲੋਕਾਂ ਦੇ ਦਬਾਅ ਕਾਰਨ ਸਵੇਰੇ 3 ਵਜੇ ਦੇ ਕਰੀਬ ਪਰਚਾ ਦਰਜ ਕੀਤਾ ਗਿਆ। ਸ਼ੁਰੂ ਵਿੱਚ ਸਾਰੇ ਮਾਮਲੇ ਨੂੰ ਸਥਾਨਕ ਪੁਲਿਸ ਹੋਰ ਰੰਗ ਦੇਣ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਅਗਲੇ ਦਿਨ ਤੋਂ ਹੀ ਉੱਥੇ ਜਨਤਕ ਜਥੇਬੰਦੀਆਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਉਹਨਾਂ ਲੋਕਾਂ ਨੂੰ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ। ਨੌਜਵਾਨ ਭਾਰਤ ਸਭਾ, ਇਨਕਲਾਬੀ ਕੇਂਦਰ ਪੰਜਾਬ, ਪੇਂਡ ਮਜ਼ਦੂਰ ਯੂਨੀਅਨ (ਮਸ਼ਾਲ), ਡੈਮੋਕ੍ਰੇਟਿਕ ਟੀਚਰਜ਼ ਫਰੰਟ ਅਤੇ ਹੋਰ ਕਈ ਜਨਤਕ ਤੇ ਜਮਹੂਰੀ ਜਥੇਬੰਦੀਆਂ ਪੱਤਰਕਾਰ ਦੇਵ ਸਰਾਭਾ ਅਤੇ ਹਰਦੀਪ ਸਰਾਭਾ ਜਿਹੇ ਸਮਾਜਕ ਕਾਰਕੁੰਨਾ ਨੇ ਮਿਲ਼ ਕੇ ਇੱਕੀ ਮੈਂਬਰੀ ਐਕਸ਼ਨ ਕਮੇਟੀ ਬਣਾ ਲਈ ਅਤੇ ਐਲਾਨ ਕੀਤਾ ਕਿ ਲੜਕੀ ਦੀ ਮ੍ਰਿਤਕ ਦੇਹ ਦਾ ਸੰਸਕਾਰ ਉਦੋਂ ਕੀਤਾ ਜਾਵੇਗਾ ਜਦੋਂ ਕਿ ਮੁਜਰਮ ਨਿਰਭੈ ਸਿੰਘ ਫੜ ਲਿਆ ਜਾਵੇਗਾ। ਜਥੇਬੰਦੀਆਂ ਨੇ ਆਸ ਪਾਸ ਦੇ ਕਈ ਪਿੰਡਾਂ ਵਿੱਚ ਮੋਮਬੱਤੀ ਮਾਰਚ ਵੀ ਕੱਡੇ ਅਤੇ ਬਹੁਤ ਸਾਰੇ ਪਿੰਡਾਂ ਵਿੱਚ ਲੋਕਾਂ ਨੇ ਆਪ-ਮੁਹਾਰੇ ਮੋਮਬੱਤੀ ਮਾਰਚ ਵੀ ਕੱਡੇ। ਲੋਕਾਂ ਦੇ ਦਬਾਅ ਹੇਠ ਪੁਲਿਸ ਨੂੰ ਨਿਰਭੈ ਸਿੰਘ ਗ੍ਰਿਫਤਾਰ ਕਰਨਾ ਪਿਆ। ਉਪਰੰਤ ਇਸਦੇ ਐਕਸ਼ਨ ਕਮੇਟੀ ਨੇ ਐਸ.ਐਸ.ਪੀ. ਜਗਰਾਓਂ ਅੱਗੇ ਇਹ ਮੰਗ ਰੱਖੀ ਕਿ ਮਹਿਕਮਾ ਪਰਿਵਾਰ ਨੂੰ ਮੁਆਵਜ਼ਾ ਦੇਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਵੇ ਕਿਉਂਕਿ ਪਰਿਵਾਰ ਦੀ ਆਮਦਨ ਦਾ ਮੁਖ ਸਾਧਨ ਅਮਨਪ੍ਰੀਤ ਕੌਰ ਦੀ ਨੌਕਰੀ ਹੀ ਸੀ। ਜਿਸ ਉਪਰੰਤ ਅਮਨਪ੍ਰੀਤ ਕੌਰ ਦੇ ਭੋਗ ‘ਤੇ ਮਹਿਕਮੇ ਵੱਲੋਂ ਸਾਡੇ ਪੰਜ ਲੱਖ ਦੀ ਮਾਲੀ ਸਹਾਇਤਾ ਦਿੱਤੀ ਗਈ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦਾ ਵਾਅਦਾ ਕੀਤਾ। ਇਸ ਮਾਮਲੇ ਦੀ ਤਫਤੀਸ਼ ਲਈ ਕਰਾਈਮ ਬ੍ਰਾਂਚ ਵੱਲੋਂ ਬਿਊਰੋ ਆਫ਼ ਇਨਵੈਸਟੀਗੇਸ਼ਨ ਦਾ ਵੀ ਗਠਨ ਕੀਤਾ ਗਿਆ ਹੈ ਜਿਸ ਨੇ ਕੇਸ ਸਬੰਧੀ ਐਕਸ਼ਨ ਕਮੇਟੀ ਦੇ ਦੱਸੇ ਨੁਕਤਿਆਂ ‘ਤੇ ਵੀ ਧਿਆਨ ਦੇਣ ਦਾ ਭਰੋਸਾ ਦਿੱਤਾ ਹੈ। ਤਫ਼ਤੀਸ਼ ਦੀ ਰਿਪੋਰਟ 22 ਜੁਲਾਈ ਤੱਕ ਦੇਣੀ ਮਿਥੀ ਗਈ ਹੈ। ਐਕਸ਼ਨ ਕਮੇਟੀ ਇਸ ਕੇਸ ‘ਤੇ ਪੂਰਾ ਧਿਆਨ ਰੱਖ ਰਹੀ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 10-11, 1 ਤੋਂ 15 ਅਤੇ 16 ਤੋਂ 31 ਜੁਲਾਈ (ਸੰਯੁਕਤ ਅੰਕ)  2017 ਵਿੱਚ ਪ੍ਰਕਾਸ਼ਿਤ

Advertisements