ਜਮਾਤੀ ਵਿਚਾਰ ਅਤੇ ਜਮਾਤੀ ਹਕੂਮਤ •ਮੌਰਿਸ ਕੋਰਨਫ਼ੋਰਥ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

“ਉੱਚ-ਉਸਾਰ ਆਪਣੇ ਅਧਾਰ ਨੂੰ ਸਰੂਪ ਧਾਰਨ ਕਰਨ ਅਤੇ ਪੱਕੇ ਪੈਰੀਂ ਹੋਣ ‘ਚ ਮਦਦ ਦਿੰਦਾ ਹੈ। ਲੁੱਟ ਅਧਾਰਿਤ ਸਮਾਜ ‘ਚ ਉੱਚ-ਉਸਾਰ ਹਮੇਸ਼ਾ ਹਾਕਮ ਜਮਾਤ ਦੇ ਹਿੱਤਾਂ ਨੂੰ ਪ੍ਰਤੀਬਿੰਬਤ ਕਰਦਾ ਹੈ ਅਤੇ ਉਸਦੀ ਸੇਵਾ ਕਰਦਾ ਹੈ, ਇਸ ਲਈ ਭਾਰੂ ਮਤ ਹਾਕਮ ਜਮਾਤ ਦੇ ਹੀ ਹੁੰਦੇ ਹਨ, ਜਿਹਨਾਂ ਨੂੰ ਉਸਦੇ ਬੌਧਿਕ ਨੁਮਾਇੰਦੇ ਵਿਕਸਿਤ ਕਰਦੇ ਅਤੇ ਕਾਇਮ ਰੱਖਦੇ ਹਨ।

ਇਨਕਲਾਬੀ ਵਕਫ਼ਿਆਂ ‘ਚ ਨਵੇਂ ਇਨਕਲਾਬੀ ਮਤ ਸੂਤਰਬੱਧ ਕੀਤੇ ਜਾਂਦੇ ਹਨ ਅਤੇ ਇਨਕਲਾਬੀ ਜਮਾਤ ਨਵੀਆਂ ਸੰਸਥਾਵਾਂ ਦੀ ਰਚਨਾ ਕਰਦੀ ਹੈ ਜਿਹਨਾਂ ਨੂੰ ਉਹ ਪੁਰਾਣੇ ਸਮਾਜ ਦੀਆਂ ਤਾਕਤਾਂ ਵਿਰੁੱਧ ਘੋਲ਼ ‘ਚ ਵਰਤਦੀ ਹੈ।

ਮਾਰਕਸਵਾਦ ਸਾਨੂੰ ਸਮਾਜਿਕ ਸਿਧਾਂਤਾਂ, ਸੰਸਥਾਵਾਂ ਅਤੇ ਨੀਤੀਆਂ ਪਿੱਛੇ ਹਮੇਸ਼ਾਂ ਪ੍ਰੇਰਕ ਤਾਕਤ ਦੇ ਰੂਪ ‘ਚ ਜਮਾਤੀ-ਹਿੱਤਾਂ ਦੀ ਭਾਲ਼ ਕਰਨ ਅਤੇ ਸਮਾਜ ਦੀ ਕਾਇਆਪਲਟੀ ‘ਚ ਨਵੇਂ ਇਨਕਲਾਬੀ ਵਿਚਾਰਾਂ ਅਤੇ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਪਛਾਣਨ ਦੀ ਸਿੱਖਿਆ ਦਿੰਦਾ ਹੈ।

ਉੱਚ-ਉਸਾਰ ਅਧਾਰ ਦਾ ਸੇਵਕ ਹੁੰਦਾ ਹੈ

ਕਿਸੇ ਸਮਾਜ ਦੇ ਅਧਾਰ ਦੇ ਰੂਪ ‘ਚ ਵਿਦਮਾਨ ਆਰਥਿਕ ਢਾਂਚੇ ਦੀ ਸਥਾਪਨਾ ਨਾਲ਼ ਹਮੇਸ਼ਾ ਉਸ ਅਧਾਰ ਦੇ ਅਨੁਸਾਰੀ ਖ਼ਾਸ ਮਤਾਂ ਅਤੇ ਸੰਸਥਾਵਾਂ ਦਾ ਵਿਕਾਸ ਹੁੰਦਾ ਹੈ। ਅਜਿਹੇ ਮਤ ਅਤੇ ਸੰਸਥਾਵਾਂ ਕਿਹੜਾ ਕਾਰਜ ਪੂਰਾ ਕਰਦੀਆਂ ਹਨ? ਆਪਣੇ ਅਧਾਰ ਨਾਲ਼ ਸਬੰਧ ‘ਚ ਉੱਚ-ਉਸਾਰ ਦਾ ਕੀ ਕੰਮ ਹੁੰਦਾ ਹੈ?

ਠੀਕ ਉਸੇ ਤਰ੍ਹਾਂ ਜਿਵੇਂ ਲੋਕ ਪੈਦਾਵਾਰ ਦੇ ਨਿਸ਼ਚਿਤ ਸਬੰਧਾਂ ‘ਚ ਸ਼ਰੀਕ ਹੋਏ ਬਿਨਾਂ ਪੈਦਾਵਾਰ ਦਾ ਕਾਰਜ ਪੂਰਾ ਨਹੀਂ ਕਰ ਸਕਦੇ, ਪੈਦਾਵਾਰ ਦੇ ਉਹਨਾਂ ਸਬੰਧਾਂ ਨੂੰ ਵੀ ਅਨੁਕੂਲ ਮਤਾਂ ਅਤੇ ਸੰਸਥਾਵਾਂ ਤੋਂ ਬਿਨਾਂ ਨਾ ਤਾਂ ਕਾਇਮ ਰੱਖਿਆ ਜਾ ਸਕਦਾ ਹੈ, ਅਤੇ ਨਾ ਹੀ ਉਹਨਾਂ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।

ਸਤਾਲਿਨ ਨੇ ਲਿਖਿਆ ਹੈ: “ਉੱਚ-ਉਸਾਰ ਆਪਣੇ ਅਧਾਰ ਦੀ, ਉਸਦੇ ਸਰੂਪ ਧਾਰਨ ਅਤੇ ਪੱਕੇ ਪੈਰੀਂ ਹੋਣ ‘ਚ ਸਰਗਰਮ ਰੂਪ ਨਾਲ਼ ਮਦਦ ਕਰਦੇ ਹੋਏ ਬਹੁਤ-ਜ਼ਿਆਦਾ ਸਰਗਰਮ ਤਾਕਤ ਬਣ ਜਾਂਦਾ ਹੈ… ਉੱਚ-ਉਸਾਰ ਦੀ ਰਚਨਾ ਉਸਦੇ ਅਧਾਰ ਦੁਆਰਾ ਆਪਣੀ ਸੇਵਾ ਲਈ ਹੁੰਦੀ ਹੈ, ਤਾਂ ਕਿ ਉਹ ਉਸਦੇ, ਉਸਦੇ ਸਰੂਪ ਧਾਰਨ ਕਰਨ ਅਤੇ ਮਜ਼ਬੂਤ ਹੋਣ ‘ਚ ਸਰਗਰਮ ਸਹਾਇਤਾ ਕਰੇ, ਪੁਰਾਣੇ ਮਰਨ ਕਿਨਾਰੇ ਪਏ ਅਧਾਰ ਨੂੰ ਉਸਦੇ ਉੱਚ-ਉਸਾਰ ਸਹਿਤ ਨਸ਼ਟ ਕਰਨ ਲਈ ਸਰਗਰਮੀ ਨਾਲ਼ ਯਤਨ ਕਰੇ।”1

ਇਸ ਤਰ੍ਹਾਂ ਵਿਦਮਾਨ ਆਰਥਿਕ ਅਧਾਰ ਦੀ ਸਥਾਪਨਾ ਦੇ ਨਾਲ਼ ਹਮੇਸ਼ਾ ਮਤਾਂ ਅਤੇ ਸੰਸਥਾਵਾਂ ਦਾ, ਜੋ ਉਸ ਅਧਾਰ ਦੇ ਵਿਕਾਸ ਅਤੇ ਪੱਕੇ ਪੈਰੀਂ ਹੋਣ ‘ਚ ਅਨੁਕੂਲ ਸਹਾਇਕ ਦੇ ਰੂਪ ‘ਚ ਵਿਉਂਤਬੱਧ ਕੀਤੇ ਜਾਂਦੇ ਹਨ, ਉੱਚ-ਉਸਾਰ ਉਸਰਦਾ ਹੈ। ਇਸ ਉੱਚ-ਉਸਾਰ ਨੂੰ ਮਤ-ਵਿਵਾਦ ਅਤੇ ਘੋਲ਼ ਦੌਰਾਨ ਉਸ ਜਮਾਤ ਦੁਆਰਾ ਖੜਾ ਕੀਤਾ ਜਾਂਦਾ ਹੈ ਜਿਸਦਾ ਹਿੱਤ ਖ਼ਾਸ ਆਰਥਿਕ ਢਾਂਚੇ ਨੂੰ ਸਥਾਪਿਤ ਕਰਨ ਅਤੇ ਉਸਨੂੰ ਮਜ਼ਬੂਤ ਕਰਨ ‘ਚ ਹੁੰਦਾ ਹੈ। ਇਸ ਤਰ੍ਹਾਂ ਉੱਚ-ਉਸਾਰ ਅਧਾਰ ਦੇ ਸਰੂਪ ਧਾਰਨ ਕਰਨ ਅਤੇ ਪੱਕੇ ਪੈਰੀਂ ਹੋਣ ‘ਚ ਸਰਗਰਮ ਸਹਾਇਤਾ ਲਈ ਸੇਵਕ ਵਜੋਂ ਸਥਾਪਿਤ ਕੀਤਾ ਜਾਂਦਾ ਹੈ।

ਇਸ ਨਜ਼ਰ ਨਾਲ਼ ਸਮਾਜਿਕ ਪੈਦਾਵਾਰ ਪੂਰੀ ਕਰਨ ਅਤੇ ਪੈਦਾਵਾਰ ਦੇ ਅਨੁਸਾਰੀ ਸਬੰਧਾਂ ਨੂੰ ਕਾਇਮ ਰੱਖਣ, ਮਜ਼ਬੂਤ ਅਤੇ ਵਿਕਸਿਤ ਕਰਨ ਲਈ ਪਹਿਲੇ ਪੜਾਅ ਦੇ ਰੂਪ ‘ਚ ਲਾਜ਼ਮੀ ਹੈ ਕਿ “ਸਿਆਸੀ ਅਤੇ ਕਨੂੰਨੀ’ ਮਤਾਂ ਅਤੇ ਸੰਸਥਾਵਾਂ ਦੇ ਉੱਚ-ਉਸਾਰ ਦੀ ਉਸਾਰੀ ਹੋਵੇ। ਰਾਜ ਅਤੇ ਕਨੂੰਨ ਜਾਇਦਾਦ ਦੀ ਰੱਖਿਆ ਕਰਨ, ਉਸਦੀ ਵਰਤੋਂ ਤੇ ਜੱਦੀ ਹੱਕ ਨੂੰ ਕੰਟਰੌਲ ਕਰਨ ਦੇ ਉਦੇਸ਼ ਦੀ ਪੂਰਤੀ ਕਰਦੇ ਹਨ। ਸਿਆਸੀ ਤੇ ਕਨੂੰਨੀ ਮਤ ਅਤੇ ਸੰਸਥਾਵਾਂ ਸਮਾਜਿਕ ਢਾਂਚੇ ਨੂੰ ਸਰੂਪ ਧਾਰਨ ਅਤੇ ਮਜ਼ਬੂਤ ਕਰਨ ‘ਚ ਮਦਦ ਕਰਦੇ ਹਨ।

ਉਦਾਹਰਨ ਵਜੋਂ, ਰੋਮਨਾਂ ਨੇ ਆਪਣਾ ਗ਼ੁਲਾਮਦਾਰੀ ਸਾਮਰਾਜ ਮਜ਼ਬੂਤ ਕਰਨ ਲਈ ਮੁੱਢਲੇ ਕਾਲ਼ ਦੇ ਛੋਟੇ-ਛੋਟੇ ਰਾਜਿਆਂ ਨੂੰ ਹਟਾ ਕੇ ਉਹਨਾਂ ਦੀ ਥਾਂ ‘ਤੇ ਪਹਿਲੀਆਂ ਗਣਤਾਂਤਰਿਕ ਸੰਸਥਾਵਾਂ ਵਿਕਸਿਤ ਕੀਤੀਆਂ, ਅਤੇ ਜਦ ਇਹ ਸੰਸਥਾਵਾਂ ਸਮਾਜਿਕ ਵਿਰੋਧਾਂ ‘ਤੇ ਰੋਕ ਲਾਉਣ ‘ਚ ਅਯੋਗ ਸਿੱਧ ਹੋਈਆਂ ਤਾਂ ਉਹਨਾਂ ਨੇ ਕੇਂਦਰੀਕ੍ਰਿਤ ਫ਼ੌਜੀ ਤਾਨਾਸ਼ਾਹੀ ਦਾ ਵਿਕਾਸ ਕੀਤਾ।

ਗ਼ੁਲਾਮਦਾਰੀ ਦੇ ਪਤਨ ਅਤੇ ਜਗੀਰਦਾਰੀ ਦੇ ਉਭਾਰ ਨਾਲ਼ ਹਕੂਮਤ ਦੇ ਰੂਪ ਬਦਲ ਗਏ। ਰਜਵਾੜੇ, ਰਿਆਸਤਾਂ ਅਤੇ ਡਿਊਕਸ਼ਾਹੀ ਵਗੈਰਾ ਜੋ ਪੂਰੇ ਯੂਰੋਪ ‘ਚ ਸਥਾਪਿਤ ਹੋ ਗਏ ਸਨ, ਤੱਤ ਰੂਪ ‘ਚ, ਜਗੀਰੂ ਹਕੂਮਤ, ਜਗੀਰੂ ਰਾਜਾਂ ਦੇ ਰੂਪ ‘ਚ ਵਿਕਸਿਤ ਹੋਏ, ਜਿਹਨਾਂ ਨੇ ਜਗੀਰੂ ਸਬੰਧਾਂ ਦੀ ਰੱਖਿਆ ਕਰਨ ਅਤੇ ਉਹਨਾਂ ਨੂੰ ਕਾਇਮ ਰੱਖਣ ਤੇ ਮਜ਼ਬੂਤ ਬਣਾਉਣ ਦਾ ਉਦੇਸ਼ ਪੂਰਾ ਕੀਤਾ।

ਉੱਭਰ ਰਹੀ ਬੁਰਜੂਆਜੀ ਨੂੰ ਜਗੀਰੂ ਢਾਂਚੇ ਅਤੇ ਜਗੀਰੂ ਹਕੂਮਤ ਨਾਲ਼ ਲੜਨਾ ਪਿਆ ਅਤੇ ਆਪਣੇ ਇਸ ਘੋਲ਼ ਦੇ ਨਤੀਜੇ ਵਜੋਂ ਉਸ ਨੇ ਕੌਮੀ ਗਣਰਾਜਾਂ, ਪਾਰਲੀਮਾਨੀ ਰਾਜਾਂ ਅਤੇ ਸੰਵਿਧਾਨਕ ਰਾਜਤੰਤਰਾਂ ਦੀ ਸਥਾਪਨਾ ਕੀਤੀ, ਜਿੰਨ੍ਹਾਂ ਨੇ ਸਰਮਾਏਦਾਰੀ ਦੇ ਵਿਕਾਸ ਲਈ ਅਜ਼ਾਦ ਮੌਕੇ ਪੇਸ਼ ਕੀਤੇ, ਬੁਰਜੂਆਜ਼ੀ ਦੇ ਹਿੱਤਾਂ ਦੀ ਰੱਖਿਆ ਕੀਤੀ ਅਤੇ ਇਸ ਤਰ੍ਹਾਂ ਸਮਾਜ ਦੇ ਸਰਮਾਏਦਾਰਾ ਅਧਾਰ ਨੂੰ ਸਰੂਪ ਧਾਰਨ ਕਰਨ ਅਤੇ ਮਜ਼ਬੂਤ ਹੋਣ ‘ਚ ਸਹਾਇਤਾ ਦਿੱਤੀ।

ਅੰਤ ‘ਚ, ਮਜ਼ਦੂਰ ਜਮਾਤ ਨੂੰ ਸਮਾਜਵਾਦ ਦੇ ਉਦੇਸ਼ ਲਈ ਆਪਣੇ ਘੋਲ਼ ਨਾਲ਼ ਜਮਹੂਰੀ ਸਮਾਜਵਾਦੀ ਰਾਜ ਦੀ ਸਥਾਪਨਾ ਕਰਨੀ ਹੈ, ਜਿਸ ‘ਤੇ ਸਰਮਾਏਦਾਰੀ ਦੀ ਰਹਿੰਦ-ਖੂੰਹਦ ਨੂੰ ਨਸ਼ਟ ਕਰਨ, ਸਮਾਜਵਾਦੀ ਜਾਇਦਾਦ ਦੀ ਰੱਖਿਆ ਕਰਨ ਅਤੇ ਸਮਾਜਵਾਦੀ ਉਸਾਰੀ ਦੇ ਕਾਰਜ ਨੂੰ ਨਿਰਦੇਸ਼ਿਤ ਕਰਨ ਦੀ ਜ਼ਿੰਮੇਵਾਰੀ ਹੋਵੇਗੀ।

ਉਦਾਹਰਨ ਵਜੋਂ ਅਜਿਹੇ ਸਾਧਨਾਂ ਦੀ ਅਣਹੋਂਦ ‘ਚ ਗ਼ੁਲਾਮ-ਅਰਥਚਾਰੇ ਕਦੇ ਵੀ ਖੁਦ ਨੂੰ ਮਜ਼ਬੂਤ ਨਹੀਂ ਕਰ ਸਕਦੇ ਸਨ। ਇਹੀ ਗੱਲ ਜਗੀਰੂ-ਅਰਥਚਾਰੇ, ਸਰਮਾਏਦਾਰਾ-ਅਰਥਚਾਰੇ ਅਤੇ ਸਮਾਜਵਾਦੀ-ਅਰਥਚਾਰੇ ਦੇ ਮਾਮਲੇ ‘ਚ ਵੀ ਸੱਚ ਹੈ। ਰਾਜ, ਸਿਆਸੀ ਅਤੇ ਕਨੂੰਨੀ ਮਤਾਂ ਅਤੇ ਸੰਸਥਾਵਾਂ ਦੀ ਸਹਾਇਤਾ ਨਾਲ਼ ਹੀ ਅਰਥਚਾਰੇ ਦੀ ਕੋਈ ਪ੍ਰਣਾਲੀ ਸਰੂਪ ਧਾਰਨ ਕਰਦੀ ਹੈ, ਖੁਦ ਨੂੰ ਪੱਕੇ ਪੈਰੀਂ ਕਰਦੀ ਹੈ ਅਤੇ ਪੁਰਾਣੇ ਅਰਥਚਾਰੇ ਦਾ ਬੀਜ ਨਾਸ਼ ਕਰਦੀ ਹੈ। ਰਾਜ ਦਾ ਸ਼ੁੱਧ ਸਰੂਪ ਅਤੇ ਕਿਰਦਾਰ- ਉਦਾਹਰਨ ਵਜੋਂ, ਭਾਵੇਂ ਉਹ ਬ੍ਰਿਟੇਨ ਵਰਗਾ ਰਾਜਤੰਤਰ ਹੋਵੇ ਜਾਂ ਸੰਯੁਕਤ ਰਾਜ ਅਮਰੀਕਾ ਵਰਗਾ ਗਣਰਾਜ ਹੋਵੇ – ਅਤੇ ਸਿਆਸੀ ਤੇ ਕਨੂੰਨੀ ਮਤਾਂ ਅਤੇ ਸੰਸਥਾਵਾਂ ਅਤੇ ਅਨੇਕ ਤਬਦੀਲੀਆਂ ਜਿਹਨਾਂ ‘ਚੋਂ ਹੋ ਕੇ ਉਹ ਲੰਘਦੇ ਹਨ, ਦੇ ਸਰੂਪ ਤੇ ਕਿਰਦਾਰ ਕੌਮੀ ਜੀਵਨ ਦੀਆਂ ਵੱਖ-ਵੱਖ ਪ੍ਰਸਥਿਤੀਆਂ ਤੇ ਹਰੇਕ ਦੇਸ਼ ਦੀ ਪਰੰਪਰਾ ‘ਤੇ ਨਿਰਭਰ ਕਰਦੇ ਕਰਦੇ ਹਨ। ਅਜਿਹੇ ਪੱਖ ਹਰੇਕ ਦੇਸ਼ ‘ਚ ਪ੍ਰਗਟ ਹੋਣ ਵਾਲ਼ੀਆਂ ਖ਼ਾਸ ਪਰਿਸਥਿਤੀਆਂ ਦੁਆਰਾ ਇਤਿਹਾਸਕ ਰੂਪ ਨਾਲ਼ ਤੈਅ ਹੁੰਦੇ ਹਨ। ਪਰ ਉਹ ਹਮੇਸ਼ਾ ਕੰਟਰੌਲ ਕਰਨ ਵਾਲ਼ੀਆਂ ਹਾਲਤਾਂ ਦੇ ਮਾਤਹਿਤ ਹੁੰਦੇ ਹਨ, ਉਹ ਖ਼ਾਸ ਆਰਥਿਕ ਅਧਾਰ ਦਾ ਉਦੇਸ਼ ਪੂਰਾ ਕਰਦੇ ਹਨ, ਉਸ ਅਧਾਰ ਨੂੰ ਸਰੂਪ ਧਾਰਨ ਕਰਨ ਤੇ ਮਜ਼ਬੂਤ ਹੋਣ ਤੇ ਪੁਰਾਣੇ ਅਧਾਰ ਦਾ ਬੀਜ ਨਾਸ਼ ਕਰਨ ‘ਚ ਸਹਾਇਤਾ ਕਰਦੇ ਹਨ।

ਧਰਮਾਂ, ਫ਼ਲਸਫ਼ਿਆਂ, ਸਾਹਿਤਕ ਤੇ ਕਲਾਤਮਕ ਲਹਿਰਾਂ ਦੇ ਸਬੰਧ ‘ਚ ਵੀ ਇਹੀ ਹਾਲਤ ਹੁੰਦੀ ਹੈ। ਸਮਾਜ ਉਹਨਾਂ ਦੀ ਅਣਹੋਂਦ ‘ਚ ਖੁਦ ਨੂੰ ਉਸੇ ਤਰ੍ਹਾਂ ਹੀ ਕਾਇਮ ਨਹੀਂ ਰੱਖ ਸਕਦਾ, ਜਿਵੇਂ ਉਹ ਸਿਆਸਤ ਅਤੇ ਕਨੂੰਨ ਦੇ ਬਿਨਾਂ ਨਹੀਂ ਰਹਿ ਸਕਦਾ। ਦੂਜੇ ਪਾਸੇ  ਸਿਆਸਤ ਤੇ ਕਨੂੰਨ ਦੇ ਵਾਂਗ ਉਹ ਵੀ ਆਰਥਿਕ ਆਧਾਰ ਤੋਂ ਅਜ਼ਾਦ ਨਹੀਂ ਹੁੰਦੇ। ਉੱਚ-ਉਸਾਰ ਦੇ ਇਹ ਭਾਗ ਵੀ ਆਧਾਰ ਨੂੰ ਸਰੂਪ ਧਾਰਨ ਕਰਨ ਤੇ ਮਜ਼ਬੂਤ ਹੋਣ ‘ਚ ਸਹਾਇਤਾ ਦੇ ਕੇ ਉਸਦੇ ਵਿਕਾਸ ‘ਚ ਅਤੇ ਪੁਰਾਣੇ ਆਧਾਰ ਨੂੰ ਖ਼ਤਮ ਕਰਨ ‘ਚ ਮਦਦਗਾਰ ਹੁੰਦੇ ਹਨ।

ਮਿਸਾਲ ਵਜੋਂ ਫ਼ਲਸਫ਼ੇ ਦੇ ਇਤਿਹਾਸ ‘ਚ ਇਹ ਨਿਰੀਖਣ ਕਰਨਾ ਸੰਭਵ ਹੈ ਕਿ ਦਾਰਸ਼ਨਿਕ ਮਤ ਕਿਸ ਤਰ੍ਹਾਂ ਸਮੇਂ-ਸਮੇਂ ‘ਤੇ ਖ਼ਾਸ ਸਮਾਜਿਕ ਢਾਂਚੇ ਦੇ ਵਿਕਾਸ ਅਤੇ ਪੱਕੇ ਪੈਰੀਂ ਕਰਨ ਦੀਆਂ ਲੋੜਾਂ ਅਨੁਸਾਰ ਉੱਤਮਤਾ ਪ੍ਰਾਪਤ ਕਰਦੇ ਰਹੇ ਹਨ। ਇਸ ‘ਚ, ਜਿਵੇਂ ਕਿ ਏਂਗਲਜ਼ ਨੇ ਟਿੱਪਣੀ ਕੀਤੀ ਹੈ: “ਆਰਥਿਕ ਪ੍ਰਭਾਵ ਆਮ ਤੌਰ ‘ਤੇ ਸਿਆਸੀ ਨਕਾਬ ਪਹਿਨ ਕੇ ਕਾਰਜ ਕਰਦੇ ਹਨ।”

ਉਦਾਹਰਨ ਵਜੋਂ ਜਗੀਰਦਾਰੀ ਦੇ ਮੁੱਢਲੇ ਵਿਕਾਸ ਦੇ ਅਰਸੇ ‘ਚ ਆਗਸਟਿਨ ਸਿੱਖਿਆ ਦੇ ਰਹੇ ਸਨ ਕਿ ਰਾਜ ਨੂੰ ਚਰਚ ਦੇ ਪੂਰੀ ਤਰ੍ਹਾਂ ਮਾਤਹਿਤ ਹੋਣਾ ਚਾਹੀਦਾ ਹੈ ਅਤੇ ਸੰਸਾਰੀ ਵਿਸ਼ੇ ਪੂਰੇ ਰੂਪ ‘ਚ ਆਤਮਾ ਦੇ ਵਿਸ਼ਿਆਂ ਦੇ ਮਾਤਹਿਤ ਹੋਣੇ ਚਾਹੀਦੇ ਹਨ। ਅਜਿਹੀਆਂ ਸਿੱਖਿਆਵਾਂ ਨੇ ਨਿਸ਼ਚਿਤ ਰੂਪ ਨਾਲ਼ ਗ਼ੁਲਾਮ-ਮਾਲਕਾਂ ਦੀ ਫ਼ੌਜੀ ਤਾਨਾਸ਼ਾਹੀ ਦੀ ਰਹਿੰਦ-ਖੂੰਹਦ ਨੂੰ ਖ਼ਤਮ ਕਰਨ ‘ਚ ਸਹਾਇਤਾ ਕੀਤੀ। ਉਹਨਾਂ ਨੇ ਸੰਸਾਰੀ ਤਾਕਤਾਂ ਅੱਗੇ ਗੋਡੇ ਟੇਕਣ ਦੀ ਸਿੱਖਿਆ ਨਹੀਂ ਦਿੱਤੀ, ਇਸਦੇ ਉਲਟ ਉਹਨਾਂ ਨੇ ਕਿਸੇ ਹੋਰ ਤਾਕਤ ਮੂਹਰੇ ਸੰਸਾਰੀ ਤਾਕਤਾਂ ਦੇ ਗੋਡੇ ਟੇਕਣ ਦਾ ਪਾਠ ਪੜ੍ਹਾਇਆ ਅਤੇ ਇਹ ਦੱਸਿਆ ਕਿ ਇਸਦੇ ਬਿਨਾਂ ਉਹ ਅਣਹੱਕੀ ਸਨ। ਸੈਂਕੜੇ ਸਾਲਾਂ ਬਾਅਦ ਇੱਕ ਹੋਰ ਜਗੀਰੂ ਦਾਰਸ਼ਨਿਕ ਏਕਵਿਨਾ “ਯਥਾਰਥਵਾਦੀ” ਫ਼ਲਸਫ਼ਾ ਪ੍ਰਚਾਰ ਰਿਹਾ ਸੀ, ਜਿਸ ‘ਚ ਪਦਾਰਥਕ ਜੀਵਨ ਦਾ ਬਹੁਤ ਪ੍ਰਮੁੱਖ ਸਥਾਨ ਸੀ ਅਤੇ ਜੋ ਰਾਜ ਨੂੰ ਸਰਗਰਮੀਆਂ ਦਾ ਇੱਕ ਅਜ਼ਾਦ ਖੇਤਰ ਐਲਾਨਣ ਦਾ ਪੱਖੀ ਸੀ। ਇਹ ਉਸ ਸਥਿਤੀ ਦੇ ਅਨੁਸਾਰ ਸੀ, ਜਦ ਜਗੀਰਦਾਰੀ ਪੂਰੀ ਤਰ੍ਹਾਂ ਪੱਕੇ ਪੈਰੀਂ ਹੋ ਚੁੱਕੀ ਸੀ ਅਤੇ ਉਸਨੇ ਉਸ ਦੇ ਪੱਕੇ ਪੈਰੀਂ ਹੋਣ ‘ਚ ਸਹਾਇਤਾ ਪਹੁੰਚਾਈ।

ਸਰਮਾਏਦਾਰ ਜਮਾਤ ਦੇ ਉੱਭਰਨ ਨਾਲ਼ ਫ਼ਲਸਫ਼ੇ ਦੇ ਨਵੇਂ ਰੂਪ ਵਿਕਸਿਤ ਹੋਏ। ਫ਼ਲਾਸਫ਼ਰਾਂ ਨੇ ਵਿਗਿਆਨ ਤੇ ਤਰਕ ਦੀ ਸੰਸਾਰ-ਵਿਆਪਕਤਾ ਨੂੰ ਪੇਸ਼ ਕੀਤਾ ਅਤੇ ਇਸ ਨਜ਼ਰੀਏ ਤੋਂ ਪੁਰਾਣੇ ਜਗੀਰੂ ਵਿਚਾਰਾਂ ‘ਤੇ ਤਬਾਹਕੁੰਨ ਆਲੋਚਨਾ ਨਾਲ਼ ਹਮਲਾ ਕੀਤਾ। ਉਹਨਾਂ ਨੇ ਗਿਆਨ ਦੇ ਅਧਾਰਾਂ ਦਾ ਨਵੇਂ ਸਿਰੇ ਤੋਂ ਪ੍ਰੀਖਣ ਕੀਤਾ ਅਤੇ ਇਹ ਦਿਖਾਉਣ ਦਾ ਯਤਨ ਕੀਤਾ ਕਿ ਗਿਆਨ ਨੂੰ ਕਿਸ ਤਰ੍ਹਾਂ ਵਿਸਥਾਰਿਆ ਜਾ ਸਕਦਾ ਹੈ ਅਤੇ ਮਨੁੱਖ-ਜਾਤੀ ਨੂੰ ਕਿਸ ਤਰ੍ਹਾਂ ਤਰੱਕੀ ਦੇ ਰਾਹ ‘ਤੇ ਚਲਾਇਆ ਜਾ ਸਕਦਾ ਹੈ। ਇਸ ਤਰ੍ਹਾਂ ਉਹਨਾਂ ਨੇ ਜਗੀਰਦਾਰੀ ਤੋਂ ਅਜ਼ਾਦ ਹੋਣ ‘ਚ ਅਤੇ ਸਰਮਾਏਦਾਰੀ ਨੂੰ ਮਜ਼ਬੂਤ ਕਰਨ ‘ਚ ਸਰਮਾਏਦਾਰ ਜਮਾਤ ਦੀ ਪ੍ਰਭਾਵਸ਼ਾਲੀ ਢੰਗ ਨਾਲ਼ ਸੇਵਾ ਕੀਤੀ।

ਇਸ ਸਮੇਂ ਜਦ ਸਰਮਾਏਦਾਰੀ ਪਤਨ ਦੀ ਹਾਲਤ ਵਿੱਚ ਹੈ ਅਤੇ ਉਸਨੂੰ ਸਮਾਜਵਾਦ ਵੱਲੋਂ ਵੰਗਾਰਿਆ ਜਾ ਰਿਹਾ ਹੈ, ਸਰਮਾਏਦਾਰਾ ਫ਼ਲਾਸਫ਼ਰ ਇੱਕ ਦੂਜੀ ਹੀ ਕਹਾਣੀ ਕਹਿ ਰਹੇ ਹਨ। ਉਹ ਕਹਿੰਦੇ ਹਨ ਕਿ ਤਰਕ ਤਾਕਤ ਵਿਹੂਣਾ ਹੈ, ਗਿਆਨ ਭਰਮ ਹੈ, ਪਦਾਰਥਕ ਤਰੱਕੀ ਇੱਕ ਭੁੱਲ ਹੈ ਅਤੇ ਜਿਹਨਾਂ ਸਾਧਨਾਂ ਨਾਲ਼ ਮਨੁੱਖ ਨੇ ਇਸਨੂੰ ਪ੍ਰਾਪਤ ਕਰਨ ਦੀ ਆਸ ਕੀਤੀ ਸੀ, ਉਹ ਸਾਧਨ ਹੀ ਉਹਨਾਂ ਨੂੰ ਮੁਸ਼ਕਿਲਾਂ ਅਤੇ ਤਬਾਹੀ ਵੱਲ ਧੱਕ ਰਹੇ ਹਨ। ਇਹ ਸਿਧਾਂਤ ਮੌਜੂਦਾ ਰੂਪ ‘ਚ ਮਰ ਰਹੇ ਢਾਂਚੇ ਦੀ ਰੱਖਿਆ ਕਰਨ ਅਤੇ ਸਮਾਜਵਾਦ ਦੀ ਵੰਗਾਰ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ।

ਇਸ ਤਰ੍ਹਾਂ, ਉਦਾਹਰਨ ਵਜੋਂ ਇਹ ਵੀ ਖੋਜਿਆ ਜਾ ਸਕਦਾ ਹੈ ਕਿ ਮੱਧਕਾਲੀ ਗੀਤਾਂ, ਕਹਾਣੀਆਂ ਅਤੇ ਧਾਰਮਿਕ ਕਲਾ ਨੇ ਕਿਸ ਤਰ੍ਹਾਂ ਜਗੀਰੂ ਢਾਂਚੇ ਨੂੰ ਸਰੂਪ ਧਾਰਨ ਅਤੇ ਮਜ਼ਬੂਤ ਹੋਣ ‘ਚ ਸਹਾਇਤਾ ਕੀਤੀ, ਅਤੇ ਆਧੁਨਿਕ ਨਾਵਲ, ਨਾਟਕ ਆਦਿ ਨੇ ਕਿਸ ਤਰ੍ਹਾਂ ਜਗੀਰੂ ਮਤਾਂ ਸਹਿਤ ਜਗੀਰਦਾਰੀ ਦਾ ਬੀਜ ਨਾਸ਼ ਕਰਨ ਅਤੇ ਸਰਮਾਏਦਾਰਾ ਢਾਂਚੇ ਨੂੰ ਸਰੂਪ ਧਾਰਨ ਕਰਨ ਅਤੇ ਮਜ਼ਬੂਤ ਹੋਣ ‘ਚ ਸਹਾਇਤਾ ਕੀਤੀ।

ਸੁਭਾਵਿਕ ਹੀ ਆਪਣੇ ਅਧਾਰਾਂ ਦੀ ਸੇਵਾ ‘ਚ ਰੁੱਝੇ ਉੱਚ-ਉਸਾਰ ਦੇ ਵਿਕਾਸ ਦਾ ਵਿਗਿਆਨਕ ਅਧਿਐਨ ਬਹੁਤ ਹੀ ਔਖਾ ਕੰਮ ਹੈ। ਇਤਿਹਾਸ, ਧਰਮ, ਕਲਾ ਅਤੇ ਸਾਹਿਤ ਦੇ ਖੇਤਰਾਂ ‘ਚ ਇਸ ਕੰਮ ਦਾ ਫ਼ਰਜ਼ ਵਿਗਿਆਨ ਦਾ ਹੈ। ਇੱਥੇ ਅਸੀਂ ਕੇਵਲ ਇਹ ਦਰਸਾਉਣ ਦਾ ਯਤਨ ਕਰ ਰਹੇ ਹਾਂ ਕਿ ਉੱਚ-ਉਸਾਰ ਦੁਆਰਾ ਅਧਾਰ ਦੀ ਸੇਵਾ ਦਾ ਕੀ ਅਰਥ ਹੁੰਦਾ ਹੈ।  ਪਰ ਇਹ ਨਿਰਖਾਂ ਉੱਚ-ਉਸਾਰ ਦੀ ਬਣਤਰ ‘ਤੇ ਕੁਝ ਚਾਨਣਾ ਪਾਉਂਦੀਆਂ ਹਨ।

ਉੱਚ-ਉਸਾਰ ਆਪਣੇ ਅਧਾਰ ਦੀ ਸੇਵਾ ਲਈ ਵਿਕਸਿਤ ਹੁੰਦੇ ਹੋਏ ਆਪਣੇ ਨਾਲ਼ ਜੁੜੀਆਂ ਵੱਖ-ਵੱਖ ਸਥਾਪਿਤੀਆਂ ਨੂੰ ਦਰਸਾਉਂਦਾ ਹੈ, ਜਿਹਨਾਂ ‘ਚੋਂ ਹਰੇਕ ਇੱਕ ਲਾਜ਼ਮੀ ਸਮਾਜਿਕ ਕਾਰਜ ਪੂਰਾ ਕਰਦੀ ਹੈ। ਇਹਨਾਂ ‘ਚ ਰਾਜ ਤੇ ਸਿਆਸੀ ਮਤਾਂ ਤੇ ਰਾਜ ਅਤੇ ਸਿਆਸੀ ਸੰਸਥਾਵਾਂ ਦਾ ਵਿਕਾਸ ਕੇਂਦਰੀ ਮਹੱਤਵ ਰੱਖਦਾ ਹੈ। ਇਸੇ ਦੇ ਨਾਲ਼ ਵਿਧਾਨਕ ਮਤਾਂ, ਕਨੂੰਨਾਂ ਅਤੇ ਵਿਧਾਨਕ ਸੰਸਥਾਵਾਂ, ਪਰਿਵਾਰ ਆਦਿ ਦਾ ਵਿਕਾਸ ਚੱਲਦਾ ਹੈ; ਅਤੇ ਨੈਤਿਕ ਵਿਚਾਰਾਂ ਦਾ ਵਿਕਾਸ ਵੀ ਉਸਦੇ ਨਾਲ਼ ਗੂੜ੍ਹਾ ਸਬੰਧ ਰੱਖਦਾ ਹੈ। ਇਸ ਤੋਂ ਬਾਅਦ ‘ਚ ਸਾਨੂੰ ਧਾਰਮਿਕ ਮਤਾਂ ਅਤੇ ਧਾਰਮਿਕ ਸੰਸਥਾਵਾਂ ‘ਤੇ ਵਿਚਾਰ ਕਰਨਾ ਹੋਵੇਗਾ। ਅਤੇ ਅੰਤ ‘ਚ ਦਾਰਸ਼ਨਿਕ ਮਤਾਂ, ਕਲਾ ਅਤੇ ਸਾਹਿਤ ਤੇ ਸਮਾਜ ਦੇ ਬੌਧਿਕ ਤੇ ਸੱਭਿਆਚਾਰਕ ਜੀਵਨ ਨਾਲ਼ ਜੁੜੀਆਂ ਵੱਖ-ਵੱਖ ਸੰਸਥਾਵਾਂ ਦੇ ਵਿਕਾਸ ਦੀ ਵਾਰੀ ਆਉਂਦੀ ਹੈ।

ਇਹ ਸਾਰੇ ਮਿਲ ਕੇ ਉੱਚ-ਉਸਾਰ ਦੇ ਆਪਸੀ ਸੰਬੰਧਿਤ ਅਤੇ ਆਪਸੀ ਸਰਗਰਮ ਭਾਗਾਂ ਦੀ ਰਚਨਾ ਕਰਦੇ ਹਨ। ਇਹਨਾਂ ‘ਚੋਂ ਹਰੇਕ ਅਜ਼ਾਦ ਵਿਕਾਸ ਦਾ ਭੁਲੇਖਾ ਪਾਉਂਦਾ ਹੈ, ਪਰ ਇਹ ਸਾਰੇ ਆਰਥਿਕ ਅਧਾਰ ‘ਤੇ ਟਿਕੇ ਹੋਏ ਉੱਚ-ਉਸਾਰ ਦੀਆਂ ਸਬੰਧਿਤ ਬਣਤਰਾਂ ਦੇ ਰੂਪ ‘ਚ ਜਨਮ ਲੈਂਦੇ ਤੇ ਵਿਕਸਿਤ ਹੁੰਦੇ ਹਨ।

ਹਵਾਲੇ:
1. ਸਤਾਲਿਨ, Concerning Marxism in Linguistics

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 50, 16 ਮਾਰਚ 2016 ਵਿਚ ਪਰ੍ਕਾਸ਼ਤ

Advertisements