ਜਿਵੇਂ ਕਿ ਉਹ ਜਾਣਦੇ ਨਾ ਹੋਣ •ਕਮਲਦੀਪ ਜਲੂਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਜਿਵੇਂ ਕਿ ਉਹ ਜਾਣਦੇ ਨਾ ਹੋਣ
ਹਰ ਵਾਰ ਨਿਸ਼ਾਨੇ ਦੀ ਅੱਖ ਦੀ ਪੁਤਲੀ ‘ਤੇ
ਸਾਨੂੰ ਹੀ ਸੇਧਦੇ ਨੇ ਉਹ
ਬੜੇ ਭੁਲੇਖੇਬਾਜ਼ ਨੇ,
ਜਿਵੇਂ ਕਿ ਉਹ ਜਾਣਦੇ ਨਾ ਹੋਣ…
ਰੀਂਘਦੇ ਕੀੜੇ ਦੀ ਤੋਰ ਤੋਂ ਨਫ਼ਰਤ ਹੈ ਸਾਨੂੰ
ਯੁੱਗਾਂ ਤੋਂ,
ਸਿਰ ਉਠਾ ਕੇ ਜਿਉਂਣ ਦੇ ਪਾਂਧੀ ਹਾਂ
ਤਰਸ਼ ਦੀਆਂ ਬਸਾਖ਼ੀਆਂ ਤੋੜ ਕੇ ਸੁੱਟਦੇ ਆਏ ਹਾਂ
ਹਰ ਵਾਰ ਅਸੀਂ
ਤੇ ਉਹਨਾ ਦੀਆਂ ਬਸਾਖ਼ੀਆਂ ‘ਤੇ ਥੁੱਕਿਆ ਐ।
ਜਿਵੇਂ ਕਿ ਉਹ ਜਾਣਦੇ ਨਾ ਹੋਣ…
ਹੋ ਸਕਦੈ ਲੋਹਾ ਉਹਨਾਂ ਲਈ
ਧਾਤ ਦਾ ਬਣਿਆ ਸਿਰਫ਼ ਪੁਰਜਾ ਹੋਵੇ
ਪਰ ਲੋਹੇ ਦਾ ਅਕਾਰ ਬਦਲਦੇ ਆਏ ਨੇ
“ਹੱਥ ਸਾਡੇ”
ਇਹ ਸਾਡੇ ਹੀ ਹੱਥ ਐ
ਲੋਹੇ ਦੀ ਕਾਰ ਬਣਾਉਣੈ
ਜਾ ਫਿਰ ਬੰਦੂਕ।
ਜਿਵੇਂ ਕਿ ਉਹ ਜਾਣਦੇ ਨਾ ਹੋਣ…
ਸੱਚ ਨੂੰ ਕਤਲ ਕਰਨ ਦੀ ਮਨਸ਼ਾ
ਹਰ ਵਾਰ ਅਧੂਰੀ ਰਹੀ ਐ ਥੋਡੀ
ਸਨਮਾਨਾ ‘ਚ ਚੰਦ ਸ਼ਿੱਲੜਾ ਦੇ ਚੈਕ
ਦੁਸ਼ਾਲੇ ਵੰਡੋ ਤੁਸੀਂ

ਮਹਿਕਦਾਰ ਸ਼ੈਲੀ ਦੀਆਂ ਕਲਮਾਂ ਨੂੰ,
ਸਾਡੇ ਕੋਲ ਤਾਂ ਕਰੜੇ-ਬਰੜੇ ਸ਼ਬਦ ਨੇ
ਜਾਂ ਨਾਅਰੇ ਜਿਹੀ ਰਚਨਾ
ਬਾਜ਼ਾਰ ‘ਚ ਵਿਕਣੇ ਜਿਹੀ ਰਚਨਾ
ਬਾਜ਼ਾਰ ‘ਚ ਵਿਕਣੇ ਬ੍ਰਾਂਡ ਨਹੀਂ ਅਸੀਂ।
ਜਿਵੇਂ ਕਿ ਉਹ ਜਾਣਦੇ ਨਾ ਹੋਣ
ਸੂਰਜ ਨੂੰ ਡੱਕਣ ਲਈ
ਬੰਦੀ ਘਰਾਂ ਦੀ ਨੀਹ ਰੱਖੀ ਜਾ ਰਹੀ ਐ
ਚੌਰਾਹਿਆ ‘ਤੇ ਸਲੀਬਾਂ ਗੱਡ ਰਹੇ ਨੇ
ਜਿਵੇਂ ਕਿ ਉਹ ਜਾਣਦੇ ਨਾ ਹੋਣ
ਫਾਂਸੀ ਦੇ ਤਖਤਿਆਂ, ਚਰਖੜੀਆਂ,
ਆਰਿਆ ਦੇ ਦੰਦਿਆਂ ਅੱਗੇ
ਸਦਾ ਹਿੱਕਾਂ ਤਾਣ ਕੇ ਖੜੇ ਨੇ ਸੂਰਜ
‘ਤੇ ਖੜਦੇ ਹੀ ਰਹਿਣਗੇ।
“ਕਿਉਂਕਿ ਸੂਰਜ ਦੀ ਕੋਈ ਪਿੱਠ ਨੀਂ ਹੁੰਦੀ।”
ਜਿਵੇਂ ਕਿ ਉਹ ਜਾਣਦੇ ਨਾ ਹੋਣ।।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 9, 16 ਤੋਂ 30 ਜੂਨ 2017 ਵਿੱਚ ਪ੍ਰਕਾਸ਼ਿਤ

Advertisements