ਜ਼ਿੰਦਗੀ ਨਾਲ਼ ਪਿਆਰ •ਜੈਕ ਲੰਡਨ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਪਹਿਲੀ ਕਿਸ਼ਤ)

”ਸਭ ਕੁੱਝ ਵਿੱਚੋਂ ਰਹਿ ਜਾਏਗਾ ਬਸ ਇਹੋ ਬਚਿਆ
ਉਹਨਾਂ ਹੈ ਜ਼ਿੰਦਗੀ ਜੀਵੀ ਤੇ ਆਪਣਾ ਪਾਸਾ ਸੁੱਟਿਆ
ਬਹੁਤ ਕੁੱਝ ਖੇਡ ਵਿੱਚ ਜਾਏਗਾ ਜਿੱਤਿਆ
ਪਰ ਦਾਅ ‘ਤੇ ਲੱਗਿਆ ਸੋਨਾ ਤਾਂ ਹੈ ਹਾਰਿਆ ਜਾ ਚੁੱਕਿਆ।”

ਉਹ ਦਰਦ ਨਾਲ਼ ਲੰਗੜਾਉਂਦੇ ਹੋਏ ਕੰਢਿਓਂ ਉੱਤਰੇ ਤੇ ਅੱਗੇ ਤੁਰ ਰਿਹਾ ਬੰਦਾ ਰੁੱਖੜੇ ਪੱਥਰਾਂ ਵਿੱਚ ਇੱਕ ਵਾਰ ਲੜਖੜਾ ਗਿਆ। ਉਹ ਥੱਕੇ ਹੋਏ ਤੇ ਕਮਜ਼ੋਰ ਸਨ ਅਤੇ ਉਨ੍ਹਾਂ ਦੇ ਚਿਹਰਿਆਂ ਉੱਤੇ ਸਬਰ ਦਾ ਉਹ ਭਾਵ ਸੀ ਜੋ ਲੰਮੇ ਸਮੇਂ ਤੱਕ ਔਕੜਾਂ ਦਾ ਸਾਹਮਣਾ ਕਰਨ ਨਾਲ਼ ਆ ਜਾਂਦਾ ਹੈ। ਉਨ੍ਹਾਂ ਦੇ ਮੋਢਿਆਂ ਉੱਤੇ ਭਾਰੀ ਪਿੱਠੂ ਅਤੇ ਲਪੇਟੇ ਹੋਏ ਕੰਬਲ਼ ਲੱਦੇ ਹੋਏ ਸਨ। ਉਨ੍ਹਾਂ ਦੇ ਮੱਥੇ ਉੱਤੋਂ ਲੰਘਦਾ ਪਿੱਠੂ ਦਾ ਚੌੜਾ ਪਟਾ ਉਹਨਾਂ ਨੂੰ ਸਹਾਰਾ ਦੇ ਰਿਹਾ ਸੀ। ਦੋਵਾਂ ਕੋਲ਼ ਇੱਕ-ਇੱਕ ਰਾਇਫਲ ਸੀ। ਉਹ ਝੁਕੇ ਹੋਏ ਚੱਲ ਰਹੇ ਸਨ;  ਮੋਢੇ ਅੱਗੇ ਨੂੰ ਨਿੱਕਲ਼ੇ ਅਤੇ ਸਿਰ ਹੋਰ ਵੀ ਅੱਗੇ ਵਧਿਆ ਹੋਇਆ, ਅੱਖਾਂ ਜ਼ਮੀਨ ਉੱਤੇ ਗੱਡੀਆਂ ਹੋਈਆਂ।

“ਕਾਸ਼ ਸਾਡੇ ਕੋਲ਼ ਉਨ੍ਹਾਂ ਵਿੱਚੋਂ ਬੱਸ ਦੋ ਹੀ ਕਾਰਤੂਸ ਹੁੰਦੇ ਜੋ ਸਾਡੇ ਉਸ ਭੰਡਾਰ ਵਿੱਚ ਪਏ ਹੋਏ ਹਨ,” ਦੂਜੇ ਬੰਦੇ ਨੇ ਕਿਹਾ।

ਉਸਦੀ ਅਵਾਜ਼ ਬਿਲਕੁਲ ਭਾਵਹੀਣ ਅਤੇ ਨੀਰਸ ਸੀ। ਉਸਦੀ ਗੱਲ ਵਿੱਚ ਕੋਈ ਉਤਸ਼ਾਹ ਨਹੀਂ ਸੀ ਅਤੇ ਚੱਟਾਨਾਂ ਉੱਪਰੋਂ ਵਗਦੇ ਫੇਨਿਲ ਦੁਧੀਆ ਵਹਿਣ ਵਿੱਚ ਲੰਗੜਾਉਂਦਿਆਂ ਤੁਰਦੇ ਹੋਏ ਪਹਿਲੇ ਜਣੇ ਨੇ ਕੋਈ ਜਵਾਬ ਨਾ ਦਿੱਤਾ।

ਦੂਜਾ ਜਣਾ ਉਸਦੇ ਪਿੱਛੇ-ਪਿੱਛੇ ਚੱਲਦਾ ਰਿਹਾ। ਉਨ੍ਹਾਂ ਨੇ ਆਪਣੇ ਬੂਟ ਲਾਹੇ ਨਹੀਂ ਸਨ, ਭਾਵੇਂ ਪਾਣੀ ਬਰਫ ਜਿਹਾ ਠੰਡਾ ਸੀ, ਇੰਨਾ ਠੰਡਾ ਕਿ ਉਨ੍ਹਾਂ ਦੇ ਗਿੱਟੇ ਦੁਖਣ ਲੱਗੇ ਅਤੇ ਉਨ੍ਹਾਂ ਦੇ ਪੈਰ ਸੁੰਨ ਹੋ ਗਏ। ਕਿਤੇ-ਕਿਤੇ ਪਾਣੀ ਉਨ੍ਹਾਂ ਦੇ ਗੋਡਿਆਂ ਨਾਲ਼ ਟਕਰਾਉਂਦਾ ਸੀ ਅਤੇ ਦੋਵਾਂ ਨੂੰ ਲੜਖੜਾਉਂਦੇ ਹੋਏ ਆਪਣੇ ਪੈਰ ਠੀਕ ਤਰ੍ਹਾਂ ਟਿਕਾਉਂਣੇ ਪੈਂਦੇ ਸਨ।

ਪਿੱਛੇ ਚੱਲ ਰਿਹਾ ਬੰਦ ਇੱਕ ਮੁਲਾਇਮ ਪੱਥਰ ‘ਤੇ ਤਿਲਕ ਕੇ ਲਗਭਗ ਡਿੱਗ ਪਿਆ; ਉਸਨੇ ਪੂਰਾ ਜ਼ੋਰ ਲਾ ਕੇ ਆਪਣੇ-ਆਪ ਨੂੰ ਸੰਭਾਲ਼ਿਆ, ਪਰ ਉਸਦੇ ਮੂੰਹੋਂ ਦਰਦ ਦੀ ਤੇਜ਼ ਚੀਖ ਨਿੱਕਲ਼ ਪਈ। ਉਸਨੂੰ ਚੱਕਰ ਜਿਹਾ ਆ ਗਿਆ ਅਤੇ ਘੁੰਮਦੇ ਹੋਏ ਉਸਨੇ ਆਪਣਾ ਖਾਲੀ ਹੱਥ ਅੱਗੇ ਵਧਾਇਆ – ਜਿਵੇਂ ਹਵਾ ਨੂੰ ਥੰਮਣਾ ਚਾਹ ਰਿਹਾ ਹੋਵੇ। ਸੰਭਲਣ ਮਗਰੋਂ ਉਸਨੇ ਅੱਗੇ ਕਦਮ ਵਧਾਇਆ, ਪਰ ਇੱਕ ਵਾਰ ਫਿਰ ਲੜਖੜਾ ਕੇ ਲਗਭਗ ਡਿੱਗ ਪਿਆ। ਫਿਰ ਉਹ ਅਡੋਲ ਖੜਾ ਹੋ ਕੇ ਅੱਗੇ ਵਾਲ਼ੇ ਨੂੰ ਦੇਖਣ ਲੱਗਾ, ਜਿਸਨੇ ਇੱਕ ਵਾਰ ਵੀ ਸਿਰ ਨਹੀਂ ਘੁੰਮਾਇਆ ਸੀ।

ਆਦਮੀ ਪੂਰੇ ਇੱਕ ਮਿੰਟ ਤੱਕ ਚੁੱਪਚਾਪ ਖੜਾ ਰਿਹਾ, ਜਿਵੇਂ ਦੁਚਿੱਤੀ ਵਿੱਚ ਹੋਵੇ। ਫਿਰ ਉਸਨੇ ਪੁਕਾਰਿਆ।

“ਸੁਣੀਂ, ਬਿਲ, ਮੇਰੇ ਗਿੱਟੇ ਵਿੱਚ ਮੋਚ ਆ ਗਈ ਹੈ।”

ਬਿਲ ਦੁਧੀਆ ਪਾਣੀ ਵਿੱਚੋਂ ਹੋ ਕੇ ਲੜਖੜਾਉਂਦਾ ਹੋਇਆ ਵਧਦਾ ਗਿਆ। ਉਸਨੇ ਮੁੜ ਕੇ ਨਾ ਵੇਖਿਆ। ਪਹਿਲਾ ਆਦਮੀ ਉਸਨੂੰ ਜਾਂਦੇ ਹੋਏ ਵੇਖਦਾ ਰਿਹਾ। ਭਾਵੇਂ ਉਸਦਾ ਚਿਹਰਾ ਹੁਣ ਵੀ ਪਹਿਲਾਂ ਦੀ ਤਰ੍ਹਾਂ ਭਾਵਹੀਣ ਸੀ, ਪਰ ਉਸਦੀਆਂ ਅੱਖਾਂ ਜਖ਼ਮੀ ਮਿਰਗ ਜਿਹੀਆਂ ਹੋ ਗਈਆਂ ਸਨ।

ਦੂਜਾ ਆਦਮੀ ਲੰਗੜਾਉਂਦਿਆਂ ਦੂਜੇ ਕਿਨਾਰੇ ਦੇ ਤਟ ਉੱਤੇ ਚੜ੍ਹਿਆ ਅਤੇ ਪਿੱਛੇ ਵੇਖੇ ਬਿਨਾਂ ਸਿੱਧਾ ਚੱਲਦਾ ਗਿਆ। ਵਹਿਣ ਵਿੱਚ ਖੜਾ ਆਦਮੀ ਉਸਨੂੰ ਵੇਖ ਰਿਹਾ ਸੀ। ਉਸਦੇ ਬੁੱਲ੍ਹ ਹਲਕੇ ਜਿਹੇ ਕੰਬੇ, ਜਿਸ ਨਾਲ਼ ਉਸਦੇ ਢਕੇ ਹੋਏ ਭੂਰੇ ਵਾਲ਼ਾਂ ਦੇ ਗੁੱਛੇ ਵਿੱਚ ਹਲਚਲ ਸਾਫ਼ ਵਿਖਾਈ ਦਿੱਤੀ। ਉਸਨੇ ਮੁੱਛਾਂ ਉੱਤੇ ਜੀਭ ਫੇਰੀ।

“ਬਿਲ!” ਉਸਨੇ ਫਿਰ ‘ਵਾਜ਼ ਮਾਰੀ। ਇਹ ਇੱਕ ਮੁਸੀਬਤ ‘ਚ ਫਾਥੇ ਮਨੁੱਖ ਦੀ ਮਦਦ ਲਈ ਗੁਹਾਰ ਸੀ, ਪਰ ਬਿਲ ਦੀ ਗਰਦਨ ਨਾਂ ਘੁੰਮੀ। ਆਦਮੀ ਉਸਨੂੰ ਜਾਂਦਿਆਂ ਵੇਖਦਾ ਰਿਹਾ। ਉਹ ਭਿਆਨਕ ਢੰਗ ਨਾਲ਼ ਲੰਗੜਾਉਂਦਾ ਤੇ ਅੱਗੇ ਵੱਲ ਨੂੰ ਝੁਕਿਆ ਹੋਇਆ ਨੀਵੀਂ ਪਹਾੜੀ ਦੇ ਹਲਕੇ ਉਭਾਰ ਉੱਤੇ ਤੁਰਿਆ ਜਾ ਰਿਹਾ ਸੀ। ਉਹ ਉਸਨੂੰ ਜਾਂਦੇ ਹੋਏ ਵੇਖਦਾ ਰਿਹਾ, ਜਦੋਂ ਤੱਕ ਕਿ ਉਹ ਉਭਾਰ ਦੇ ਦੂਜੇ ਪਾਸੇ ਪੁੱਜ ਕੇ ਅੱਖੋਂ ਓਝਲ਼ ਨਹੀਂ ਹੋ ਗਿਆ। ਫਿਰ ਉਸਨੇ ਨਜ਼ਰ ਘੁਮਾਈ ਅਤੇ ਹੌਲ਼ੀ-ਹੌਲ਼ੀ ਆਪਣੇ ਚਾਰੇ ਪਾਸੇ ਦੀ ਉਸ ਦੁਨੀਆ ਨੂੰ ਵੇਖਿਆ ਜਿਸ ਵਿੱਚ ਬਿਲ ਉਸਨੂੰ ਇਕੱਲਾ ਛੱਡ ਗਿਆ ਸੀ।

ਦੁਮੇਲ਼ ਕੋਲ਼ ਸੂਰਜ ਦਾ ਸੁਲ਼ਗਦਾ ਗੋਲ਼ਾ ਧੁੰਦ ਅਤੇ ਭਾਫ ਵਿੱਚੋਂ ਧੁੰਦਲਾ ਜਿਹਾ ਵਿਖਾਈ ਦੇ ਰਿਹਾ ਸੀ। ਆਦਮੀ ਨੇ ਇੱਕ ਲੱਤ ਉੱਤੇ ਭਾਰ ਦੇਕੇ ਖਲ੍ਹੋਂਦਿਆਂ ਜੇਬ ‘ਚੋਂ ਘੜੀ ਕੱਢੀ। ਚਾਰ ਵੱਜ ਰਹੇ ਸਨ, ਬੇਸ਼ੱਕ ਜੁਲਾਈ ਦਾ ਆਖ਼ਰੀ ਜਾਂ ਅਗਸਤ ਦਾ ਪਹਿਲਾ ਦਿਨ ਸੀ  — ਉਸਨੂੰ ਮਿਤੀ ਸਹੀ-ਸਹੀ ਨਹੀਂ ਪਤਾ ਸੀ — ਇਸ ਤੋਂ ਉਸਨੇ ਅੰਦਾਜ਼ਾ ਲਾਇਆ ਕਿ ਸੂਰਜ ਲਗਭਗ ਉੱਤਰ-ਪੱਛਮ ਵਿੱਚ ਸੀ। ਉਸਨੇ ਦੱਖਣ ਵੱਲ ਵੇਖਿਆ। ਉਸਨੂੰ ਪਤਾ ਸੀ ਕਿ ਉਨ੍ਹਾਂ ਧੁੰਦਲ਼ੀਆਂ ਪਹਾੜੀਆਂ ਦੇ ਪਾਰ ਕਿਤੇ ਗ੍ਰੇਟ ਬੀਅਰ ਝੀਲ਼ ਹੈ। ਉਸਨੂੰ ਇਹ ਵੀ ਪਤਾ ਸੀ ਕਿ ਉਸ ਦਿਸ਼ਾ ਵਿੱਚ ਕਨੇਡੀਅਨ ਬੈਰਨ ਦੇ ਉਜਾੜ ਵਿਸਥਾਰ ਨੂੰ ਵਿਚਾਲ਼ਿਓਂ ਚੀਰਦਾ ਆਰਕਟਿਕ ਸਾਗਰ ਲੰਘਦਾ ਹੈ। ਜਿਸ ਵਹਿਣ ਵਿੱਚ ਉਹ ਖੜਾ ਸੀ, ਉਹ ਕਾਪਰਮਾਇਨ ਨਦੀ ਵਿੱਚ ਜਾਕੇ ਮਿਲ਼ਦਾ ਸੀ, ਜੋ ਉੱਤਰ ਵੱਲ ਰੁੜ੍ਹਕੇ ਕੋਰੋਨੇਸ਼ਨ ਖਾੜੀ ਅਤੇ ਆਰਕਟਿਕ ਸਾਗਰ ਵਿੱਚ ਡਿੱਗਦੀ ਸੀ। ਉਹ ਕਦੇ ਉੱਥੇ ਨਹੀਂ ਸੀ ਗਿਆ, ਪਰ ਉਸਨੇ ਇੱਕ ਵਾਰ ਹਡਸਨ ਬੇ ਕੰਪਨੀ ਦੇ ਚਾਰਟ ਉੱਤੇ ਇਸਨੂੰ ਵੇਖਿਆ ਸੀ।

ਇੱਕ ਵਾਰ ਫਿਰ ਉਸਨੇ ਆਪਣੇ ਆਲ਼ੇ-ਦੁਆਲ਼ੇ ਨਜ਼ਰ ਫੇਰੀ। ਇਹ ਕੋਈ ਉਤਸ਼ਾਹਜਨਕ ਦ੍ਰਿਸ਼ ਨਹੀਂ ਸੀ। ਹਰ ਪਾਸੇ ਦੁਮੇਲ਼ ਧੁੰਦਲ਼ਾ ਜਿਹਾ ਸੀ। ਸਭ ਪਹਾੜੀਆਂ ਨੀਵੀਆਂ ਸਨ। ਕਿਤੇ ਕੋਈ ਦਰੱਖ਼ਤ ਨਹੀਂ ਸੀ, ਨਾ ਕੋਈ ਝਾੜੀ, ਨਾ ਘਾਹ, ਕੁੱਝ ਨਹੀਂ, ਬਸ ਇੱਕ ਜ਼ਬਰਦਸਤ ਅਤੇ ਭਿਆਨਕ ਸੁੰਨ੍ਹਾਪਣ ਜੋ ਉਸਦੀਆਂ ਅੱਖਾਂ ਵਿੱਚ ਡਰ ਭਰਦਾ ਜਾ ਰਿਹਾ ਸੀ।

“ਬਿਲ!” ਉਹ ਬੁੜਬੁੜਾਇਆ, ਪਹਿਲਾਂ ਇੱਕ ਵਾਰ, ਫਿਰ ਦੁਬਾਰਾ, “ਬਿਲ!”

ਉਹ ਦੁਧੀਆ ਪਾਣੀ ਵਿੱਚ ਇੰਝ ਡਰਿਆ ਖੜਾ ਸੀ ਜਿਵੇਂ ਦ੍ਰਿਸ਼ ਦੀ ਵਿਸ਼ਾਲਤਾ ਉਸਨੂੰ ਅਥਾਹ ਤਾਕਤ ਨਾਲ਼ ਦਬਾ ਰਹੀ ਹੋਵੇ, ਆਪਣੀ ਭਿਆਨਕਤਾ ਨਾਲ਼ ਉਸਨੂੰ ਬੁਰੀ ਤਰ੍ਹਾਂ ਕੁਚਲ ਰਹੀ ਹੋਵੇ। ਉਹ ਠਾਰੇ ਦੇ ਦੌਰੇ ਵਾਂਗ ਕੰਬਣ ਲੱਗਾ ਅਤੇ ਛਪਾਕ ਦੀ ਅਵਾਜ਼ ਨਾਲ਼ ਬੰਦੂਕ ਉਸਦੇ ਹੱਥੋਂ ਡਿੱਗ ਪਈ। ਇਸ ਤੋਂ ਉਹ ਚੌਂਕ ਗਿਆ। ਉਸਨੇ ਆਪਣੇ ਦਿਲੋਂ ਡਰ ਦੂਰ ਕੀਤਾ ਅਤੇ ਆਪਣੇ-ਆਪ ਨੂੰ ਸੰਭਾਲ਼ ਕੇ ਪਾਣੀ ਵਿੱਚ ਲੱਭਦਿਆਂ ਹਥਿਆਰ ਬਾਹਰ ਕੱਢ ਲਿਆ। ਉਸਨੇ ਆਪਣਾ ਪਿੱਠੂ ਖੱਬੇ ਪਾਸੇ ਮੋਢੇ ਉੱਤੇ ਹੋਰ ਉੱਪਰ ਚੜ੍ਹਾ ਲਿਆ ਤਾਂ ਜੋ ਜਖ਼ਮੀ ਗਿੱਟੇ ਉੱਤੇ ਉਸਦਾ ਭਾਰ ਕੁੱਝ ਘਟ ਸਕੇ। ਫਿਰ ਉਹ ਹੌਲ਼ੀ-ਹੌਲ਼ੀ ਤੇ ਸਾਵਧਾਨੀ ਨਾਲ਼ ਕਿਨਾਰੇ ਵੱਲ਼ ਤੁਰ ਪਿਆ। ਹਰ ਕਦਮ ‘ਤੇ ਦਰਦ ਦੀ ਲਹਿਰ ਉਸਦੇ ਪੈਰਾਂ ਤੋਂ ਹੁੰਦਿਆਂ ਪੂਰੇ ਸਰੀਰ ਵਿੱਚ ਦੌੜ ਜਾਂਦੀ ਸੀ।

ਉਹ ਰੁਕਿਆ ਨਾ। ਪਾਗਲ਼ਪਨ ਦੀ ਹੱਦ ਤੱਕ ਪਹੁੰਚੀ ਬਦਹਵਾਸੀ ਨਾਲ਼ ਦਰਦ ‘ਤੇ ਧਿਆਨ ਦਿੱਤੇ ਬਿਨਾਂ, ਉਹ ਹੜਬੜਾਉਂਦਾ ਹੋਇਆ ਉਸ ਪਹਾੜੀ ਉੱਤੇ ਚੜ੍ਹ ਗਿਆ ਜਿਸਦੇ ਦੂਜੇ ਪਾਸੇ ਉਸਦਾ ਸਾਥੀ ਗੁੰਮ ਹੋ ਗਿਆ ਸੀ। ਉਹ ਲੰਗੜਾਉਂਦਾ ਅਤੇ ਲੱਤਾਂ ਘੜੀਸਦਾ ਆਪਣੇ ਸਾਥੀ ਨਾਲ਼ੋਂ ਵੀ ਜ਼ਿਆਦਾ ਭੱਦਾ ਅਤੇ ਹਾਸੋਹੀਣਾ ਲੱਗ ਰਿਹਾ ਸੀ। ਉੱਤੇ ਪੁੱਜ ਕੇ ਉਸਨੇ ਇੱਕ ਜੀਵਨ ਤੋਂ ਸੱਖਣੀ, ਉਜਾੜ ਘਾਟੀ ਵੇਖੀ। ਉਸਨੇ ਇੱਕ ਵਾਰ ਫਿਰ ਆਪਣੇ ਡਰ ਉੱਤੇ ਕਾਬੂ ਪਾਇਆ, ਪਿੱਠੂ ਨੂੰ ਖੱਬੇ ਪਾਸੇ ਮੋਢੇ ‘ਤੇ ਹੋਰ ਉੱਪਰ ਚੜ੍ਹਾਇਆ ਅਤੇ ਇੱਕ ਪਾਸੇ ਨੂੰ ਝੁਕਿਆ ਢਲ਼ਾਣ ਤੋਂ ਹੇਠਾਂ ਉੱਤਰਨ ਲੱਗਾ।

ਘਾਟੀ ਦਾ ਤਲ ਬਿਲਕੁਲ ਗਿੱਲਾ ਸੀ। ਸੰਘਣੀ, ਮੋਟੀ ਕਾਈ ਪਾਣੀ ਨੂੰ ਸਪੰਜ ਵਾਂਗ ਸਤ੍ਹਾ ਦੇ ਕਰੀਬ ਰੱਖਦੀ ਸੀ। ਹਰ ਕਦਮ ‘ਤੇ ਉਸਦੇ ਪੈਰਾਂ ਹੇਠੋਂ ਪਾਣੀ ਛਲਕ ਨਿੱਕਲ਼ਦਾ ਸੀ ਅਤੇ ਹਰ ਵਾਰ ਜਦੋਂ ਉਹ ਪੈਰ ਚੁੱਕਦਾ ਸੀ ਤਾਂ ਕਾਈ ਨਾਲ਼ ‘ਸਕਕ’ ਦੀ ਅਵਾਜ਼ ਹੁੰਦੀ ਸੀ। ਉਹ ਕਾਈ ਦੇ ਸਮੁੰਦਰ ਵਿੱਚ ਛੋਟੇ-ਛੋਟੇ ਟਾਪੂਆਂ ਵਾਂਗ  ਉੱਭਰੀਆਂ ਚੱਟਾਨਾਂ ਉੱਤੇ ਪੈਰ ਰੱਖਦਿਆਂ ਪਹਿਲੇ ਆਦਮੀ ਦੇ ਪੈਰਾਂ ਦੇ ਨਿਸ਼ਾਨਾਂ ਉੱਤੇ ਚੱਲ ਰਿਹਾ ਸੀ।

ਉਹ ਇਕੱਲਾ ਸੀ, ਪਰ ਗਵਾਚਾ ਨਹੀਂ ਸੀ। ਉਸਨੂੰ ਪਤਾ ਸੀ ਕਿ ਹੋਰ ਅੱਗੇ ਉਹ ਇੱਕ ਅਜਿਹੀ ਜਗ੍ਹਾ ਪਹੁੰਚੇਗਾ ਜਿੱਥੇ ਛੋਟੇ-ਛੋਟੇ ਸੁੱਕੇ ਫਰ ਰੁੱਖਾਂ ਨਾਲ਼ ਘਿਰੀ ਇੱਕ ਛੋਟੀ ਜਿਹੀ ਝੀਲ਼ ‘ਤੀਤਵਿਨ ਨਿਚੀਲੀ’ ਸੀ, ਉਸ ਇਲਾਕੇ ਦੀ ਜ਼ੁਬਾਨ ਵਿੱਚ ਜਿਸਦਾ ਮਤਲਬ ਸੀ “ਨਿੱਕੀਆਂ ਸੋਟੀਆਂ ਦੀ ਧਰਤੀ।” ਉਸ ਝੀਲ ਵਿੱਚ ਇੱਕ ਛੋਟੀ ਜਿਹੀ ਨਦੀ ਰੁੜ੍ਹਕੇ ਆਉਂਦੀ ਸੀ, ਜਿਸਦਾ ਪਾਣੀ ਦੁਧੀਆ ਨਹੀਂ ਸੀ। ਉਸ ਨਦੀ ਦੇ ਕੰਡੇ ਉੱਚਾ ਘਾਹ ਸੀ — ਇਹ ਉਸਨੂੰ ਚੰਗੀ ਤਰ੍ਹਾਂ ਯਾਦ ਸੀ — ਪਰ ਦਰੱਖ਼ਤ ਨਹੀਂ ਸਨ। ਉਹ ਇਸ ਨਦੀ ਦੇ ਨਾਲ਼-ਨਾਲ਼ ਉੱਥੇ ਤੱਕ ਜਾਵੇਗਾ ਜਿੱਥੇ ਇਹ ਖੜੀ ਚੱਟਾਨ ਤੱਕ ਪੁੱਜ ਕੇ ਖਤਮ ਹੋ ਜਾਂਦੀ ਹੈ। ਉਹ ਇਸ ਚੱਟਾਨ ਨੂੰ ਪਾਰ ਕਰੇਗਾ ਅਤੇ ਪੱਛਮ ਵੱਲ ਰੁੜ੍ਹਨ ਵਾਲ਼ੀ ਦੂਜੀ ਨਦੀ ਦੇ ਨਾਲ਼-ਨਾਲ਼ ਉੱਥੇ ਤੱਕ ਜਾਵੇਗਾ ਜਿੱਥੇ ਇਹ ਡੀਜ਼ ਨਦੀ ਵਿੱਚ ਡਿੱਗਦੀ ਹੈ। ਉੱਥੇ ਉਸਨੂੰ ਕਈ ਚੱਟਾਨਾਂ ਨਾਲ਼ ਢਕੀ ਇੱਕ ਮੂਧੀ ਕਿਸ਼ਤੀ ਹੇਠਾਂ ਲੁਕਿਆ ਆਪਣਾ ਗੁਪਤ ਭੰਡਾਰ ਮਿਲ਼ੇਗਾ। ਇਸ ਭੰਡਾਰ ਵਿੱਚ ਹਨ ਉਸਦੀ ਖਾਲੀ ਬੰਦੂਕ ਲਈ ਗੋਲ਼ੀਆਂ, ਮੱਛੀ ਫੜਨ ਦੇ ਕੰਡੇ ਅਤੇ ਡੋਰੀ ਅਤੇ ਛੋਟਾ ਜਿਹਾ ਜਾਲ਼ – ਕੁੱਲ ਮਿਲ਼ਾ ਕੇ ਖਾਣਾ ਇਕੱਠਾ ਕਰਨ ਜੋਗਾ ਸਾਜੋ-ਸਾਮਾਨ। ਨਾਲ਼ ਹੀ, ਉਸਨੂੰ ਥੋੜ੍ਹਾ ਜਿਹਾ ਆਟਾ, ਲੂਣ ਲੱਗੇ ਸੂਰ ਦੇ ਮਾਸ ਦਾ ਇੱਕ ਟੁਕੜਾ ਅਤੇ ਕੁੱਝ ਗਿਰੀਆਂ ਵੀ ਮਿਲ਼ ਜਾਣਗੀਆਂ।
ਬਿਲ ਉੱਥੇ ਉਸਦਾ ਇੰਤਜ਼ਾਰ ਕਰ ਰਿਹਾ ਹੋਵੇਗਾ ਅਤੇ ਉਹ ਦੋਵੇਂ ਬੇੜੀ ਵਿੱਚ ਇਕੱਠੇ ਡੀਜ਼ ਦੀ ਧਾਰਾ ਨਾਲ਼ ਦੱਖਣ ਵੱਲ ਗਰੇਟ ਬੀਅਰ ਝੀਲ ਤੱਕ ਨਿੱਕਲ਼ ਜਾਣਗੇ। ਫਿਰ ਉਹ ਵਿਸ਼ਾਲ ਝੀਲ ਤੋਂ ਪਾਰ, ਦੱਖਣ ਵੱਲ ਚਲਦੇ ਜਾਣਗੇ, ਜਦੋਂ ਤੱਕ ਕਿ ਉਹ ਮੈਕੇਂਜੀ ਨਹੀਂ ਪਹੁੰਚਦੇ। ਪਾਲ਼ਾ ਉਨ੍ਹਾਂ ਦਾ ਪਿੱਛਾ ਕਰੇਗਾ ਅਤੇ ਉਹ ਦੱਖਣ ਵੱਲ ਹੋਰ ਅੱਗੇ ਵਧਦੇ ਜਾਣਗੇ। ਨਦੀਆਂ-ਵਹਿਣ ਸਭ ਜੰਮ ਜਾਣਗੇ ਤੇ ਦਿਨ ਠੰਡੇ ਅਤੇ ਖੁਸ਼ਕ ਹੁੰਦੇ ਜਾਣਗੇ, ਪਰ ਉਹ ਆਰਕਟਿਕ ਦੀ ਠੰਡ ਦੀ ਮਾਰ ਤੋਂ ਦੂਰ, ਹਡਸਨ ਬੇ ਕੰਪਨੀ ਦੀ ਕਿਸੇ ਗਰਮ ਚੌਂਕੀ ਉੱਤੇ ਪਹੁੰਚ ਜਾਣਗੇ, ਜਿੱਥੇ ਦਰੱਖ਼ਤ ਉੱਚੇ ਅਤੇ ਸੰਘਣੇ ਹੋਣਗੇ ਅਤੇ ਖਾਣ ਨੂੰ ਭਰਪੂਰ ਹੋਵੇਗਾ।

ਅੱਗੇ ਵਧਦੇ ਹੋਏ ਉਹ ਆਦਮੀ ਇਹੀ ਸਭ ਸੋਚ ਰਿਹਾ ਸੀ। ਪਰ ਉਹ ਆਪਣੇ ਸਰੀਰ ਨਾਲ਼ ਜਿੰਨਾ ਜ਼ੋਰ ਲਗਾ ਰਿਹਾ ਸੀ, ਓਨਾ ਹੀ ਜ਼ੋਰ ਉਸਦਾ ਦਿਮਾਗ਼ ਵੀ ਲਾ ਰਿਹਾ ਸੀ – ਇਹ ਸੋਚਣ ਵਿੱਚ ਕਿ ਬਿਲ ਉਸ ਨਾਲ਼ ਗੱਦਾਰੀ ਨਹੀਂ ਕਰ ਗਿਆ ਸੀ, ਕਿ ਬਿਲ ਉਸ ਭੰਡਾਰ ਕੋਲ਼ ਉਸਦੀ ਉਡੀਕ ਜਰੂਰ ਕਰੇਗਾ। ਉਸਨੂੰ ਅਜਿਹਾ ਸੋਚਣਾ ਹੀ ਪੈਣਾ ਸੀ, ਨਹੀਂ ਤਾਂ ਕੋਸ਼ਿਸ਼ ਕਰਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਅਤੇ ਉਹ ਉੱਥੇ ਹੀ ਪਿਆ-ਪਿਆ ਮਰ ਜਾਂਦਾ। ਜਦੋਂ ਸੂਰਜ ਦਾ ਧੁੰਦਲ਼ਾ ਗੋਲ਼ਾ ਉੱਤਰ-ਪੱਛਮ ਵਿੱਚ ਹੌਲ਼ੀ-ਹੌਲ਼ੀ ਡੁੱਬ ਰਿਹਾ ਸੀ ਤਦ ਤੱਕ ਉਹ ਆਉਣ ਵਾਲ਼ੀ ਠੰਡ ਤੋਂ ਪਹਿਲਾਂ ਆਪਣੇ ਅਤੇ ਬਿਲ ਦੇ ਦੱਖਣ ਵੱਲ ਰਵਾਨਾ ਹੋਣ ਦਾ ਪੂਰਾ ਰਾਹ, ਇੱਕ-ਇੱਕ ਇੰਚ, ਕਈ ਵਾਰ ਮਨ ਵਿੱਚ ਤੈਅ ਕਰ ਚੁੱਕਿਆ ਸੀ। ਉਹ ਆਪਣੇ ਗੁਪਤ ਭੰਡਾਰ ਦਾ ਖਾਣਾ ਅਤੇ ਹਡਸਨ ਬੇ ਕੰਪਨੀ ਦੀ ਚੌਂਕੀ ਦਾ ਖਾਣਾ ਕਈ ਵਾਰ ਹੜੱਪ ਕਰ ਚੁੱਕਿਆ ਸੀ। ਪਿਛਲੇ ਦੋ ਦਿਨ ਤੋਂ ਉਸਨੇ ਕੁੱਝ ਨਹੀਂ ਖਾਧਾ ਸੀ। ਉਸਤੋਂ ਪਹਿਲਾਂ ਵੀ ਕਾਫ਼ੀ ਸਮੇਂ ਤੋਂ ਉਸਨੂੰ ਰੱਜਕੇ ਖਾਣ ਨੂੰ ਨਹੀਂ ਮਿਲ਼ਿਆ ਸੀ। ਕਦੇ-ਕਦਾਈਂ ਉਹ ਰੁਕ ਕੇ ਬੇਰੰਗ ਮਸਕੇਗ ਬੇਰੀਆਂ ਚੁੱਕ ਕੇ ਮੂੰਹ ਵਿੱਚ ਰੱਖਦਾ ਅਤੇ ਉਨ੍ਹਾਂ ਨੂੰ ਚੱਬ ਕੇ ਨਿਗਲ਼ ਲੈਂਦਾ ਸੀ। ਮਸਕੇਗ ਬੇਰੀ ਦੇ ਰਸੀਲੇ ਗੁੱਦੇ ਅੰਦਰ ਇੱਕ ਛੋਟਾ ਜਿਹਾ ਬੀਜ ਹੁੰਦਾ ਹੈ। ਮੂੰਹ ਵਿੱਚ ਰੱਖਦਿਆਂ ਹੀ ਗੁੱਦਾ ਪਾਣੀ ਬਣ ਜਾਂਦਾ ਹੈ ਅਤੇ ਬੀਜ ਚੱਬਣ ਉੱਤੇ ਤਿੱਖਾ ਲਗਦਾ ਹੈ। ਉਹ ਆਦਮੀ ਜਾਣਦਾ ਸੀ ਕਿ ਬੇਰੀਆਂ ਵਿੱਚ ਜ਼ਰਾ ਵੀ ਪੋਸ਼ਣ ਨਹੀਂ ਹੈ, ਪਰ ਉਹ ਉਸ ਉਮੀਦ ਨਾਲ਼ ਉਨ੍ਹਾਂ ਨੂੰ ਚਬਾਈ ਜਾ ਰਿਹਾ ਸੀ ਜੋ ਗਿਆਨ ਤੋਂ ਵੱਡੀ ਹੁੰਦੀ ਹੈ ਅਤੇ ਤਜ਼ਰਬੇ ਨੂੰ ਝੁਠਲਾਉਂਦੀ ਹੈ।

ਨੌਂ ਵਜੇ ਉਸਦੀ ਇੱਕ ਬਾਹਰ ਨਿੱਕਲ਼ੀ ਹੋਈ ਚੱਟਾਨ ਨਾਲ਼ ਠੁੱਡ ਲੱਗੀ ਅਤੇ ਥਕਾਣ ਤੇ ਕਮਜ਼ੋਰੀ ਨਾਲ਼ ਲੜਖੜਾ ਕੇ ਉਹ ਡਿੱਗ ਪਿਆ। ਕੁੱਝ ਦੇਰ ਤੱਕ ਉਹ ਬਿਨਾਂ ਹਿੱਲੇ-ਡੁੱਲ੍ਹੇ ਖੱਬੇ ਪਾਸੇ ਭਾਰ ਪਿਆ ਰਿਹਾ। ਫਿਰ ਉਹ ਪਿੱਠੂ ਦੇ ਕਮਰਕੱਸਿਆ ਵਿੱਚੋਂ ਖਿਸਕ ਕੇ ਨਿੱਕਲ਼ ਆਇਆ ਤੇ ਕਿਸੇ ਤਰ੍ਹਾਂ ਘਿਸਰ ਕੇ ਬੈਠਣ ਦੀ ਮੁਦਰਾ ਵਿੱਚ ਆ ਗਿਆ। ਹਾਲੇ ਹਨ੍ਹੇਰਾ ਨਹੀਂ ਹੋਇਆ ਸੀ ਤੇ ਢਲ਼ਦੀ ਰਾਤ ਦੇ ਘੁਸਮੁਸੇ ਵਿੱਚ ਉਹ ਚੱਟਾਨਾਂ ਵਿੱਚ ਸੁੱਕੀ ਕਾਈ ਟਟੋਲਣ ਲੱਗਾ। ਜਦੋਂ ਇੱਕ ਢੇਰ ਕੁ ਜਿੰਨੀ ਇਕੱਠੀ ਹੋਈ ਤਾਂ ਉਸਨੇ ਅੱਗ ਬਾਲ਼ੀ — ਸੁਲ਼ਗਦੀ, ਧੂੰਆਂ ਦਿੰਦੀ ਅੱਗ — ਅਤੇ ਟੀਨ ਦੇ ਇੱਕ ਬਰਤਨ ਵਿੱਚ ਪਾਣੀ ਉੱਬਲ਼ਣਾ ਰੱਖ ਦਿੱਤਾ।

ਉਸਨੇ ਆਪਣਾ ਪਿੱਠੂ ਲਾਹਿਆ ਤੇ ਸਭ ਤੋਂ ਪਹਿਲਾਂ ਮਾਚਿਸ ਦੀਆਂ ਤੀਲੀਆਂ ਗਿਣੀਆਂ ਜੋ ਕੁੱਲ ਸਤਾਹਟ ਸਨ। ਉਸਨੇ ਪੱਕਾ ਕਰਨ ਲਈ ਉਨ੍ਹਾਂ ਨੂੰ ਤਿੰਨ ਵਾਰ ਗਿਣਿਆ। ਫਿਰ ਉਸਨੇ ਉਨ੍ਹਾਂ ਦੇ ਕਈ ਹਿੱਸੇ ਕੀਤੇ ਅਤੇ ਉਨ੍ਹਾਂ ਨੂੰ ਮੋਮੀ ਕਾਗਜ਼ ਵਿੱਚ ਲਪੇਟ ਲਿਆ। ਇੱਕ ਪੁੜੀ ਉਸਨੇ ਤੰਬਾਕੂ ਦੀ ਖਾਲੀ ਥੈਲੀ ਵਿੱਚ ਰੱਖੀ, ਇੱਕ ਆਪਣੇ ਮੁੜੇ-ਤੁੜੇ ਟੋਪ ਅੰਦਰਲੇ ਫੀਤੇ ਵਿੱਚ ਫਸਾਈ ਅਤੇ ਤੀਜੀ ਨੂੰ ਕਮੀਜ਼ ਅੰਦਰ ਪਾ ਲਿਆ। ਇਹ ਕਰ ਚੁੱਕਣ ਮਗਰੋਂ ਉਹ ਇੱਕਦਮ ਘਬਰਾ ਗਿਆ ਤੇ ਉਸਨੇ ਸਭ ਨੂੰ ਖੋਲ੍ਹ ਕੇ ਦੁਬਾਰਾ ਗਿਣਿਆ। ਉਹ ਹੁਣ ਵੀ ਸਤਾਹਟ ਸਨ।

ਉਸਨੇ ਅੱਗ ਦੇ ਕੋਲ਼ ਬੈਠ ਕੇ ਆਪਣੇ ਗਿੱਲੇ ਬੂਟ ਅਤੇ ਜੁਰਾਬਾਂ ਸੁਕਾਈਆਂ। ਹਿਰਨ ਦੀ ਖੱਲ ਵਾਲ਼ੇ ਬੂਟ ਗਿੱਲੇ ਹੋਕੇ ਫੁੱਲ ਗਏ ਸਨ ਤੇ ਤਾਰ-ਤਾਰ ਹੋ ਰਹੇ ਸਨ। ਮੋਟੀਆਂ ਊਨੀ ਜੁਰਾਬਾਂ ਥਾਂ-ਥਾਂ ਤੋਂ ਘਸ ਗਈਆਂ ਸਨ ਅਤੇ ਉਸਦੇ ਜਖ਼ਮੀ ਪੈਰਾਂ ਵਿੱਚੋਂ ਖੂਨ ਵਗ ਰਿਹਾ ਸੀ। ਉਸਦਾ ਗਿੱਟਾ ਦਰਦ ਨਾਲ਼ ਥਰਥਰਾ ਰਿਹਾ ਸੀ। ਉਸਨੇ ਗੌਰ ਨਾਲ਼ ਉਸਦਾ ਮੁਆਇਨਾ ਕੀਤਾ। ਉਹ ਸੁੱਜ ਕੇ ਉਸਦੇ ਗੋਡੇ ਬਰਾਬਰ ਹੋ ਗਿਆ ਸੀ। ਉਸਨੇ ਆਪਣੇ ਦੋ ਕੰਬਲ਼ਾਂ ਵਿੱਚੋਂ ਇੱਕ ਨਾਲ਼ੋਂ ਇੱਕ ਲੰਬੀ ਪੱਟੀ ਫਾੜੀ ਅਤੇ ਗਿੱਟੇ ਨੂੰ ਕਸ ਕੇ ਬੰਨ੍ਹ ਦਿੱਤਾ। ਉਸਨੇ ਕੁੱਝ ਹੋਰ ਪੱਟੀਆਂ ਚੀਰੀਆਂ ਤੇ ਉਨ੍ਹਾਂ ਨੂੰ ਆਪਣੇ ਪੈਰਾਂ ਉੱਤੇ ਲਪੇਟ ਲਿਆ ਤਾਂ ਕਿ ਉਹ ਬੂਟ-ਜੁਰਾਬਾਂ, ਦੋਵਾਂ ਦਾ ਕੰਮ ਕਰਨ। ਫਿਰ ਉਸਨੇ ਭਾਫ਼ ਛੱਡਦਾ ਉੱਬਲ਼ਿਆ ਪਾਣੀ ਪੀਤਾ, ਘੜੀ ਵਿੱਚ ਚਾਬੀ ਦਿੱਤੀ ਅਤੇ ਕੰਬਲ ਵਿੱਚ ਵੜ ਗਿਆ।

ਉਹ ਮੁਰਦੇ ਵਾਂਗ ਸੁੱਤਾ। ਅੱਧੀ ਰਾਤ ਦੇ ਕਰੀਬ ਕੁੱਝ ਚਿਰ ਲਈ ਹਨ੍ਹੇਰਾ ਛਾਇਆ ਅਤੇ ਖਿੰਡ ਗਿਆ। ਉੱਤਰ-ਪੂਰਬ ਵਿੱਚ ਸੂਰਜ ਉੱਗਿਆ — ਜਾਂ ਇੰਝ ਕਹਿ ਲਓ ਕਿ ਉਸ ਪਾਸਿਓਂ ਪਹੁ ਫੁੱਟੀ ਕਿਉਂਕਿ ਸੂਰਜ ਤਾਂ ਭੂਰੇ ਬੱਦਲ਼ਾਂ ਨਾਲ਼ ਢਕਿਆ ਹੋਇਆ ਸੀ।

ਛੇ ਵਜੇ ਉਹ ਜਾਗਿਆ, ਪਰ ਚੁੱਪਚਾਪ ਪਿੱਠ ਪਰਨੇ ਲੇਟਿਆ ਰਿਹਾ। ਭੂਰੇ ਅਸਮਾਨ ਨੂੰ ਨਿਹਾਰਦਿਆਂ ਉਸਨੂੰ ਭੁੱਖ ਮਹਿਸੂਸ ਹੋਈ। ਕੂਹਣੀ ਦੇ ਭਾਰ ਪਾਸਾ ਬਦਲਦਿਆਂ ਜ਼ੋਰ ਨਾਲ਼ ਗੁਰਾਉਣ ਦੀ ਅਵਾਜ਼ ਨਾਲ਼ ਉਹ ਚੌਂਕਿਆ ਤੇ ਵੇਖਿਆ ਕਿ ਇੱਕ ਨਰ ਬਾਰਾਂਸਿੰਗਾ ਡੂੰਘੀ ਦਿਲਚਸਪੀ ਨਾਲ਼ ਉਸਨੂੰ ਵੇਖ ਰਿਹਾ ਹੈ। ਜਾਨਵਰ ਉਸ ਤੋਂ ਪੰਜਾਹ ਫੁੱਟ ਤੋਂ ਜ਼ਿਆਦਾ ਦੂਰੀ ‘ਤੇ ਨਹੀਂ ਸੀ, ਆਦਮੀ ਦੇ ਮਨ ਵਿੱਚ ਝੱਟਪੱਟ ਹੀ ਅੱਗ ਉੱਤੇ ਭੁੰਨਦੇ ਹਿਰਨ ਦੇ ਮਾਸ ਦਾ ਦ੍ਰਿਸ਼ ਅਤੇ ਸਵਾਦ ਦੌੜ ਗਿਆ। ਇੱਕਦਮ ਉਸਨੇ ਖਾਲੀ ਬੰਦੂਕ ਚੁੱਕੀ, ਘੋੜਾ ਚੜ੍ਹਾਇਆ ਅਤੇ ਟ੍ਰਿਗਰ ਦੱਬਾ ਦਿੱਤਾ। ਜਾਨਵਰ ਫੁੰਕਾਰਿਆ ਤੇ ਪੱਥਰਾਂ ਉੱਤੋਂ ਟਾਪਾਂ ਦੀ ਤੇਜ਼ ਅਵਾਜ਼ ਨਾਲ਼ ਉੱਛਲ਼ ਕੇ ਭੱਜਿਆ।

ਆਦਮੀ ਨੇ ਗਾਲ਼ ਕੱਢ ਕੇ ਖਾਲੀ ਬੰਦੂਕ ਦੂਰ ਸੁੱਟ ਦਿੱਤੀ। ਖੜੇ ਹੋਣ ਦੀ ਕੋਸ਼ਿਸ਼ ਕਰਦਿਆਂ ਉਹ ਜ਼ੋਰ ਨਾਲ਼ ਕਰਾਹਿਆ। ਇਹ ਕੰਮ ਔਖਾ ਸੀ ਤੇ ਬੜੀ ਹੌਲ਼ੀ ਹੋ ਰਿਹਾ ਸੀ। ਉਸਦੇ ਜੋੜ ਜੰਗਾਲੇ ਕਬਜ਼ਿਆਂ ਵਾਂਗ ਹੋ ਗਏ ਸਨ। ਹਰ ਹਰਕਤ ‘ਤੇ ਉਸਦਾ ਜੋੜ-ਜੋੜ ਕੜਕੜ ਕਰ ਉੱਠਦਾ ਸੀ ਤੇ ਪੂਰਾ ਜ਼ੋਰ ਲਾ ਕੇ ਹੀ ਉਹ ਹੱਥ-ਪੈਰ ਮੋੜ ਜਾਂ ਖੋਲ੍ਹ ਰਿਹਾ ਸੀ। ਆਖ਼ਰ, ਜਦੋਂ ਉਹ ਆਪਣੇ ਪੈਰਾਂ ‘ਤੇ ਖੜਾ ਹੋ ਗਿਆ, ਉਸਤੋਂ ਬਾਅਦ ਵੀ ਮਨੁੱਖ ਵਾਂਗ ਸਿੱਧਾ ਖੜਾ ਹੋਣ ਵਿੱਚ ਉਸਨੂੰ ਇੱਕ ਮਿੰਟ ਹੋਰ ਲੱਗ ਗਿਆ।

ਉਹ ਇੱਕ ਛੋਟੇ ਜਿਹੇ ਟਿੱਲੇ ਉੱਤੇ ਚੜ੍ਹ ਗਿਆ ਅਤੇ ਚਾਰੇ ਪਾਸੇ ਵੇਖਿਆ। ਨਾ ਕਿਤੇ ਕੋਈ ਦਰੱਖ਼ਤ ਸੀ, ਨਾ ਝਾੜੀ, ਬਸ ਕਾਈ ਦਾ ਮਟਮੈਲ਼ਾ ਸਮੁੰਦਰ ਸੀ ਜਿਸ ਵਿੱਚ ਕਿਤੇ-ਕਿਤੇ ਮਟਮੈਲ਼ੀਆਂ ਚੱਟਾਨਾਂ, ਮਟਮੈਲ਼ੇ ਜਲਕੁੰਡ ਅਤੇ ਮਟਮੈਲ਼ੀਆਂ ਜਲ-ਧਾਰਾਵਾਂ ਕੁੱਝ ਵੰਨ-ਸੁਵੰਨਤਾ ਪੈਦਾ ਕਰ ਰਹੀਆਂ ਸਨ। ਅਸਮਾਨ ਵੀ ਮਟਮੈਲ਼ਾ ਸੀ। ਸੂਰਜ ਜਾਂ ਧੁੱਪ ਦਾ ਨਾਮੋ-ਨਿਸ਼ਾਨ ਨਹੀਂ ਸੀ। ਉਸਨੂੰ ਉੱਤਰ ਦਿਸ਼ਾ ਦੀ ਕੋਈ ਜਾਣਕਾਰੀ ਨਹੀਂ ਸੀ ਤੇ ਉਹ ਭੁੱਲ ਚੁੱਕਿਆ ਸੀ ਕਿ ਪਿਛਲੀ ਰਾਤ ਕਿਸ ਰਸਤਿਓਂ ਇੱਥੇ ਅੱਪੜਿਆ ਸੀ। ਪਰ ਉਸਨੂੰ ਇਹ ਭਰੋਸਾ ਸੀ ਕਿ ਉਹ ਭਟਕਿਆ ਨਹੀਂ ਸੀ। ਜਲਦੀ ਹੀ ਉਹ ਨਿੱਕੀਆਂ ਸੋਟੀਆਂ ਦੀ ਧਰਤੀ ਤੱਕ ਪੁੱਜ ਜਾਵੇਗਾ। ਉਸਨੂੰ ਲੱਗਿਆ ਕਿ ਉਹ ਥਾਂ ਕਿਤੇ ਖੱਬੇ ਪਾਸੇ ਵੱਲ ਸੀ, ਜ਼ਿਆਦਾ ਦੂਰ ਨਹੀਂ — ਸ਼ਾਇਦ ਉਸ ਨੀਵੀਂ ਪਹਾੜੀ ਤੋਂ ਪਾਰ ਹੀ।

ਉਹ ਪਰਤ ਕੇ ਆਪਣਾ ਪਿੱਠੂ ਯਾਤਰਾ ਲਈ ਤਿਆਰ ਕਰਨ ਲੱਗਾ। ਉਸਨੇ ਮਾਚਿਸ ਦੀਆਂ ਤਿੰਨਾਂ ਪੁੜੀਆਂ ਨੂੰ ਟੋਹ ਕੇ ਵੇਖਿਆ, ਬੇਸ਼ੱਕ ਉਸਨੇ ਉਹਨਾਂ ਨੂੰ ਦੁਬਾਰਾ ਨਹੀਂ ਗਿਣਿਆ। ਪਰ ਉਹ ਬਾਰ੍ਹਾਂਸਿੰਗੇ ਦੇ ਚਮੜੇ ਦੀ ਇੱਕ ਮੋਟੀ ਜਿਹੀ ਥੈਲੀ ਨੂੰ ਲੈ ਕੇ ਕੁੱਝ ਦੇਰ ਦੁਚਿੱਤੀ ਵਿੱਚ ਰਿਹਾ। ਉਹ ਜ਼ਿਆਦਾ ਵੱਡੀ ਨਹੀਂ ਸੀ। ਉਹ ਆਪਣੀਆਂ ਦੋਵਾਂ ਹਥੇਲ਼ੀਆਂ ਨਾਲ਼ ਉਸਨੂੰ ਢਕ ਸਕਦਾ ਸੀ। ਪਰ ਉਸਦਾ ਭਾਰ ਪੰਦਰਾਂ ਪੌਂਡ ਸੀ — ਬਾਕੀ ਦੇ ਸਾਰੇ ਬੋਝ ਬਰਾਬਰ — ਤੇ ਇਸ ਗੱਲ ਤੋਂ ਉਸਨੂੰ ਫਿਕਰ ਹੋ ਰਹੀ ਸੀ। ਅਖ਼ੀਰ ਉਸਨੇ ਥੈਲੀ ਇੱਕ ਪਾਸੇ ਰੱਖ ਦਿੱਤੀ ਅਤੇ ਕੰਬਲ਼ਾਂ ਨੂੰ ਲਪੇਟਣ ਲੱਗਾ। ਉਹ ਰੁਕਿਆ ਅਤੇ ਬਾਰ੍ਹਾਂਸਿੰਗੇ ਦੇ ਚਮੜੇ ਦੀ ਮੋਟੀ ਜਿਹੀ ਥੈਲੀ ਉੱਤੇ ਨਜ਼ਰ ਫੇਰੀ। ਫਿਰ ਉਸਨੇ ਆਪਣੇ ਆਲ਼ੇ-ਦੁਆਲ਼ੇ ਇੱਕ ਘੋਖਵੀਂ ਨਜ਼ਰ ਮਾਰਦਿਆਂ ਉਸਨੂੰ ਚੱਕ ਲਿਆ, ਜਿਵੇਂ ਇਹ ਉਜਾੜ ਇਸ ਨੂੰ ਉਸ ਤੋਂ ਖੋਹਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਅਤੇ ਜਦੋਂ ਉਹ ਲੜਖੜਾਉਂਦੇ ਕਦਮਾਂ ਨਾਲ਼ ਸਫ਼ਰ ਜਾਰੀ ਰੱਖਣ ਲਈ ਉੱਠਿਆ, ਤਾਂ ਇਹ ਉਸਦੇ ਪਿੱਠੂ ਵਿੱਚ ਸ਼ਾਮਲ ਸੀ।

ਉਹ ਖੱਬੇ ਵੱਲ ਚੱਲਦਾ ਰਿਹਾ, ਬਸ ਕਦੇ-ਕਦਾਈਂ ਮਸਕੇਗ ਬੇਰੀਆਂ ਖਾਣ ਲਈ ਰੁਕ ਜਾਂਦਾ। ਉਸਦਾ ਗਿੱਟਾ ਆਕੜ ਗਿਆ ਸੀ ਅਤੇ ਉਹ ਪਹਿਲਾਂ ਨਾਲ਼ੋਂ ਜ਼ਿਆਦਾ ਲੰਗੜਾ ਰਿਹਾ ਸੀ, ਪਰ ਉਸਦਾ ਦਰਦ ਢਿੱਡ ਦੇ ਦਰਦ ਅੱਗੇ ਕੁੱਝ ਨਹੀਂ ਸੀ। ਭੁੱਖ ਨਾਲ਼ ਆਂਦਰਾਂ ਕੁਰਬੁਲਾ ਰਹੀਆਂ ਸਨ। ਉਨ੍ਹਾਂ ਦੀ ਕੁਰਬੁਲਾਹਟ ਇੰਨੀ ਵਧ ਗਈ ਕਿ ਉਸਦੇ ਲਈ ਨਿੱਕੀਆਂ ਸੋਟੀਆਂ ਦੀ ਧਰਤੀ ਤੱਕ ਪਹੁੰਚਣ ਦੇ ਰਾਹ ‘ਤੇ ਧਿਆਨ ਟਿਕਾਈ ਰੱਖਣਾ ਔਖਾ ਹੋ ਗਿਆ। ਮਸਕੇਗ ਬੇਰੀਆਂ ਨਾਲ਼ ਆਂਦਰਾਂ ਦੀ ਜਲਣ ਘੱਟ ਨਹੀਂ ਸੀ ਰਹੀ, ਪਰ ਉਨ੍ਹਾਂ ਦੇ ਕੌੜੇ ਰਸ ਨਾਲ਼ ਉਸਦੀ ਜੀਭ ਅਤੇ ਤਾਲੂ ‘ਤੇ ਛਾਲੇ ਪੈ ਗਏ ਸਨ।

ਉਹ ਇੱਕ ਘਾਟੀ ਵਿੱਚ ਅੱਪੜਿਆ ਜਿੱਥੇ  ਪਹਾੜੀ ਤਿੱਤਰਾਂ ਦਾ ਇੱਕ ਝੁੰਡ ਖੰਭ ਫੜਫੜਾਉਂਦਾ ਹੋਇਆ ਚੱਟਾਨਾਂ ਤੇ ਮਸਕੇਗ ਦੇ ਬੂਟਿਆਂ ਤੋਂ ਅਚਾਨਕ ਉੱਡਿਆ। ਉਹ ਕੈਰ-ਕੈਰ-ਕੈਰ ਦੀ ਅਵਾਜ਼ ਕੱਢ ਰਹੇ ਸਨ। ਉਸਨੇ ਉਨ੍ਹਾਂ ਉੱਤੇ ਪੱਥਰ ਸੁੱਟੇ ਪਰ ਕੋਈ ਨਿਸ਼ਾਨਾ ਠਿਕਾਣੇ ‘ਤੇ ਨਹੀਂ ਵੱਜਿਆ। ਉਸਨੇ ਆਪਣਾ ਪਿੱਠੂ ਜ਼ਮੀਨ ਉੱਤੇ ਰੱਖ ਦਿੱਤਾ ਅਤੇ ਚਿੜੀ ਪਿੱਛੇ ਲੱਗੀ ਬਿੱਲੀ ਵਾਂਗ ਉਹਨਾਂ ਮਗਰ ਲੱਗ ਗਿਆ। ਨੁਕੀਲੇ ਪੱਥਰਾਂ ਨਾਲ਼ ਉਸਦਾ ਪਜਾਮਾ ਫਟ ਗਿਆ ਅਤੇ ਉਸਦੇ ਗੋਡਿਆਂ ਤੋਂ ਲਹੂ ਵਹਿਣ ਲੱਗਿਆ, ਪਰ ਇਸਦੀ ਪੀੜ ਨੂੰ ਭੁੱਖ ਦੀ ਪੀੜ ਨੇ ਦਬਾ ਦਿੱਤਾ। ਗਿੱਲੀ ਕਾਈ ਉੱਤੇ ਰੀਂਗਦਿਆਂ ਉਸਦੇ ਕੱਪੜੇ ਤਾਰ-ਤਾਰ ਹੋ ਗਏ ਅਤੇ ਸਰੀਰ ਠੰਡਾ ਹੋਣ ਲੱਗਿਆ; ਪਰ ਭੁੱਖ ਦੀ ਤੜਫ ਇੰਨੀ ਤੀਬਰ ਸੀ ਕਿ ਉਹ ਇਸਨੂੰ ਅਣਗੌਲ਼ਿਆਂ ਵੀ ਨਹੀਂ ਕਰ ਸਕਦਾ ਸੀ। ਹਰ ਵਾਰ ਪਹਾੜੀ ਤਿੱਤਰ ਉਸਦੇ ਸਾਹਮਣੇ ਖੰਭ ਫੜਫੜਾਉਂਦੇ ਹੋਏ ਉੱਡ ਜਾਂਦੇ। ਉਨ੍ਹਾਂ ਦੀ ਕੈਰ-ਕੈਰ-ਕੈਰ ਨਾਲ਼ ਉਸਨੂੰ ਖਿੱਝ ਚੜਨ ਲੱਗੀ ਅਤੇ ਉਹ ਗਾਲ਼ਾਂ ਕੱਢਦੇ ਹੋਏ ਉਨ੍ਹਾਂ ਦੀ ਅਵਾਜ਼ ਵਿੱਚ ਉਨ੍ਹਾਂ ਉੱਤੇ ਚੀਕਣ ਲੱਗਾ।

ਇੱਕ ਵਾਰ ਉਹ ਰੀਂਗ ਕੇ ਉਹਨਾਂ ਵਿੱਚੋਂ ਇੱਕ ਕੋਲ਼ ਪਹੁੰਚ ਗਿਆ ਜੋ ਸ਼ਾਇਦ ਸੁੱਤਾ ਹੋਇਆ ਸੀ। ਆਦਮੀ ਨੇ ਵੀ ਉਸਨੂੰ ਉਦੋਂ ਤੱਕ ਨਹੀਂ ਵੇਖਿਆ ਜਦੋਂ ਤੱਕ ਉਹ ਚੱਟਾਨ ਦੇ ਖੱਡੇ ਓਹਲਿਓਂ ਇੱਕਦਮ ਉਸਦੇ ਚਿਹਰੇ ਦੇ ਸਾਹਮਣੇ ਨਹੀਂ ਆ ਗਿਆ। ਉਸਨੇ ਹਾਬੜ ਕੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਸਦੇ ਹੱਥ ਵਿੱਚ ਪੂੰਛ ਦੇ ਤਿੰਨ ਖੰਭ ਹੀ ਆਏ। ਉਸਨੂੰ ਉੱਡਦਾ ਵੇਖ ਉਹ ਨਫ਼ਰਤ ਨਾਲ਼ ਭਰ ਗਿਆ, ਜਿਵੇਂ ਪੰਛੀ ਨੇ ਉਸ ਖਿਲਾਫ਼ ਕੋਈ ਜੁਰਮ ਕਰ ਦਿੱਤਾ ਹੋਵੇ। ਫਿਰ ਉਹ ਪਰਤ ਆਇਆ ਅਤੇ ਪਿੱਠੂ ਮੋਢੇ ਉੱਤੇ ਲੱਦ ਲਿਆ।

ਜਿਵੇਂ-ਜਿਵੇਂ ਦਿਨ ਗੁਜ਼ਰਦਾ ਗਿਆ ਉਹ ਅਜਿਹੀਆਂ ਵਾਦੀਆਂ ਵਿੱਚੋਂ ਗੁਜ਼ਰਿਆ ਜਿੱਥੇ ਪਸ਼ੂ-ਪੰਛੀ ਹੋਰ ਵੀ ਜ਼ਿਆਦਾ ਸਨ। ਮਿਰਗਾਂ ਦਾ ਇੱਕ ਝੁੰਡ ਕੁੱਝ ਦੂਰੀ ਤੋਂ ਗੁਜ਼ਰਿਆ। ਉਸ ਵਿੱਚ ਵੀਹ ਕੁ ਜਾਨਵਰ ਸਨ ਅਤੇ ਬਿਲਕੁਲ ਬੰਦੂਕ ਦੀ ਮਾਰ ਵਿੱਚ ਸਨ। ਉਸਨੇ ਆਪਣੇ ਅੰਦਰ ਉਨ੍ਹਾਂ ਦੇ ਪਿੱਛੇ ਦੌੜਨ ਇੱਕ ਅਮੋੜ ਇੱਛਾ ਮਹਿਸੂਸ ਕੀਤੀ। ਉਸਨੂੰ ਲੱਗ ਰਿਹਾ ਸੀ ਕਿ ਉਹ ਭੱਜ ਕੇ ਉਨ੍ਹਾਂ ਨੂੰ ਫੜ ਸਕਦਾ ਹੈ। ਫਿਰ ਇੱਕ ਕਾਲ਼ੀ ਲੂੰਬੜੀ ਉਸਨੂੰ ਆਪਣੇ ਵੱਲ ਆਉਂਦੀ ਵਿਖਾਈ ਦਿੱਤੀ ਜਿਸਦੇ ਮੂੰਹ ਵਿੱਚ ਇੱਕ ਪਹਾੜੀ ਤਿੱਤਰ ਸੀ। ਆਦਮੀ ਚੀਕਿਆ, ਇਹ ਇੱਕ ਡਰਾਉਣੀ ਚੀਕ ਸੀ, ਪਰ ਡਰਕੇ ਭੱਜੀ ਲੂੰਬੜੀ ਨੇ ਪਹਾੜੀ ਤਿੱਤਰ ਨੂੰ ਨਾ ਛੱਡਿਆ।

ਦੁਪਹਿਰ ਬਾਅਦ ਉਹ ਇੱਕ ਨਦੀ ਦੇ ਵਹਾਅ ਦੇ ਨਾਲ਼-ਨਾਲ਼ ਚੱਲਣ ਲੱਗਾ, ਜੋ ਆਲ਼ੇ-ਦੁਆਲ਼ੇ ਉੱਗੇ ਸਰਕੜੇ ਦੇ ਝੁੰਡ ਵਿੱਚੋਂ ਹੋ ਕੇ ਵਗ ਰਹੀ ਸੀ। ਚੂਨੇ ਕਾਰਨ ਇਸਦਾ ਪਾਣੀ ਦੂਧੀਆ ਸੀ। ਉਸਨੇ ਸਰਕੜੇ ਨੂੰ ਜੜ੍ਹਾਂ ਕੋਲ਼ੋਂ ਮਜ਼ਬੂਤੀ ਨਾਲ਼ ਫੜਕੇ ਖਿੱਚਿਆ ਅਤੇ ਇੱਕ ਛੋਟੇ ਪਿਆਜ਼ ਵਰਗੀ ਗੰਢ ਕੱਢੀ। ਉਹ ਨਰਮ ਸੀ ਅਤੇ ਉਸ ਵਿੱਚ ਦੰਦ ਖੁਭੋਂਦਿਆਂ ਹੀ ਪੈਦਾ ਹੋਈ ਕੱਚਚਚ ਦੀ ਅਵਾਜ਼ ਸੁਆਦਲੇ ਭੋਜਨ ਦੀ ਸ਼ਾਹਦੀ ਭਰ ਰਹੀ ਸੀ। ਪਰ ਇਸਦੇ ਰੇਸ਼ੇ ਸਖਤ ਸਨ। ਉਸ ਵਿੱਚ ਬੇਰੀਆਂ ਵਾਂਗ ਬਸ ਪਾਣੀ ਨਾਲ਼ ਭਰੇ ਬੇਰਾਂ ਵਰਗੇਂ ਰੇਸ਼ੇ ਸਨ ਜਿਨ੍ਹਾਂ ਵਿੱਚ ਕੋਈ ਪੋਸ਼ਕ ਤੱਤ ਨਹੀਂ ਸੀ। ਉਸਨੇ ਆਪਣਾ ਪਿੱਠੂ ਪਟਕ ਦਿੱਤਾ ਅਤੇ ਗੋਡਿਆਂ ਪਰਨੇ ਸਰਕੜੇ ਦੇ ਝੁੰਡ ਵਿੱਚ ਵੜਕੇ ਚਰਨ ਵਾਲੇ ਜਾਨਵਰ ਵਾਂਗ ਗੰਢੀਆਂ ਕੱਢ-ਕੱਢ ਕੇ ਚੱਬਣ ਲਗਾ।

ਉਹ ਬਹੁਤ ਥੱਕਿਆ ਹੋਇਆ ਸੀ ਤੇ ਆਰਾਮ ਕਰਨ ਦੀ ਇੱਛਾ ਅਕਸਰ ਉਸਦੇ ਮਨ ਵਿੱਚ ਆਉਂਦੀ ਸੀ। ਉਹ ਕਿਤੇ ਵੀ ਲੇਟ ਕੇ ਸੌਂ ਜਾਣਾ ਚਾਹੁੰਦਾ ਸੀ, ਪਰ ਉਹ ਲਗਾਤਾਰ ਤੁਰਦਾ ਜਾ ਰਿਹਾ ਸੀ। ਹੁਣ ਉਸਨੂੰ ਨਿੱਕੀਆਂ ਸੋਟੀਆਂ ਦੀ ਭੂਮੀ ਤੱਕ ਪਹੁੰਚਣ ਦੀ ਇੱਛਾ ਨਹੀਂ ਸਗੋਂ ਢਿੱਡ ਵਿੱਚ ਬਲ਼ਦੀ ਅੱਗ ਤੋਰ ਰਹੀ ਸੀ। ਉਹ ਪਾਣੀ ਦੇ ਛੋਟੇ ਚਲ਼੍ਹਿਆਂ ਵਿੱਚ ਡੱਡੂ ਲੱਭਦਾ ਤੇ ਗੰਡੋਇਆਂ ਦੀ ਭਾਲ਼ ਵਿੱਚ ਨਹੁੰਆਂ ਨਾਲ਼ ਮਿੱਟੀ ਪੁੱਟਦਾ, ਬੇਸ਼ੱਕ ਉਹ ਜਾਣਦਾ ਸੀ ਕਿ ਇੱਥੇ ਦੂਰ ਉੱਤਰ ਵਿੱਚ ਨਾ ਤਾਂ ਡੱਡੂ ਹੁੰਦੇ ਹਨ ਤੇ ਨਾ ਹੀ ਗੰਡੋਏ।

ਉਹ ਹਰ ਪਾਣੀ ਦੇ ਚਲ੍ਹੇ ਵਿੱਚ ਝੁਕ ਕੇ ਝਾਕਦਾ ਸੀ ਅਤੇ ਆਖਰ ਜਦੋਂ ਲੰਮੀ ਸ਼ਾਮ ਢਲ਼ਣੀ ਸ਼ੁਰੂ ਹੋ ਗਈ ਤਾਂ ਉਸਨੂੰ ਇੰਝ ਹੀ ਇੱਕ ਕੁੰਡ ਵਿੱਚ ਇੱਕ ਇਕੱਲੀ ਛੋਟੀ ਜਿਹੀ ਮੱਛੀ ਵਿਖਾਈ ਦਿੱਤੀ। ਉਹ ਉਸਨੂੰ ਫੜਨ ਲਈ ਝਪਟਿਆ ਤੇ ਮੋਢੇ ਤੱਕ ਉਸਦਾ ਹੱਥ ਪਾਣੀ ਵਿੱਚ ਡੁੱਬ ਗਿਆ ਤੇ  ਮੱਛੀ ਫੜੀ ਵੀ ਨਹੀਂ ਗਈ। ਉਸਨੇ ਦੋਵਾਂ ਹੱਥਾਂ ਨਾਲ਼ ਫੜਨ ਦੀ ਕੋਸ਼ਿਸ਼ ਕੀਤੀ ਜਿਸ ਨਾਲ਼ ਤਲ ਦੀ ਦੂਧੀਆ ਮਿੱਟੀ ਹਿੱਲ ਗਈ। ਉਤੇਜਨਾ ਵਿੱਚ ਉਹ ਪਾਣੀ ਵਿੱਚ ਡਿੱਗ ਪਿਆ ਅਤੇ ਲੱਕ ਤੱਕ ਭਿੱਜ ਗਿਆ। ਹੁਣ ਪਾਣੀ ਇੰਨਾ ਗੰਧਲ਼ਾ ਹੋ ਗਿਆ ਸੀ ਕਿ ਉਹ ਮੱਛੀ ਨੂੰ ਵੇਖ ਨਹੀਂ ਸਕਦਾ ਸੀ ਅਤੇ ਉਸਨੂੰ ਪਾਣੀ ਦੇ ਠਹਿਰ ਜਾਣ ਅਤੇ ਮਿੱਟੀ ਹੇਠਾਂ ਬੈਠ ਜਾਣ ਤੱਕ ਉਡੀਕਣਾ ਪਿਆ।

ਕੋਸ਼ਿਸ਼ ਫਿਰ ਸ਼ੁਰੂ ਹੋਈ ਅਤੇ ਇੱਕ ਵਾਰ ਫਿਰ ਪਾਣੀ ਗੰਧਲ਼ਾ ਹੋ ਗਿਆ। ਪਰ ਉਹ ਉਡੀਕ ਨਹੀਂ ਸਕਦਾ ਸੀ। ਉਸਨੇ ਟੀਨ ਦੀ ਬਾਲਟੀ ਕੱਢੀ ਅਤੇ ਚਲ੍ਹੇ ਨੂੰ ਖਾਲੀ ਕਰਨ ਲੱਗਾ। ਸ਼ੁਰੂ ਵਿੱਚ ਉਹ ਪਾਗਲਾਂ ਦੀ ਤਰ੍ਹਾਂ ਪਾਣੀ ਸੁੱਟਣ ਲੱਗਾ ਜਿਸ ਨਾਲ ਉਹ ਖੁਦ ਵੀ ਭਿੱਜ ਰਿਹਾ ਸੀ ਅਤੇ ਪਾਣੀ ਇੰਨਾ ਨੇੜੇ ਡਿੱਗ ਰਿਹਾ ਸੀ ਕਿ ਰੁੜ੍ਹਕੇ ਵਾਪਸ ਆ ਜਾਂਦਾ ਸੀ। ਫਿਰ ਉਹ ਜ਼ਿਆਦਾ ਸਾਵਧਾਨੀ ਨਾਲ਼ ਕੰਮ ਕਰਨ ਲੱਗਾ। ਉਹ ਸ਼ਾਂਤ ਰਹਿਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ ਜਦਕਿ ਉਸਦਾ ਦਿਲ ਜ਼ੋਰ ਨਾਲ਼ ਧੜਕ ਰਿਹਾ ਸੀ ਅਤੇ ਉਸਦੇ ਹੱਥ ਕੰਬ ਰਹੇ ਸਨ। ਅੱਧੇ ਘੰਟੇ ਬਾਅਦ ਕੁੰਡ ਤਕਰੀਬਨ ਸੁੱਕ ਚੁੱਕਿਆ ਸੀ। ਉਸ ਵਿੱਚ ਇੱਕ ਕੱਪ ਵੀ ਪਾਣੀ ਨਹੀਂ ਸੀ। ਪਰ ਮੱਛੀ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ। ਉਸਨੂੰ ਪੱਥਰਾਂ ਵਿੱਚ ਇੱਕ ਤਰੇੜ ਵਿਖਾਈ ਦਿੱਤੀ ਜਿਸ ਵਿੱਚੋਂ ਹੋਕੇ ਉਹ ਨਾਲ਼ ਦੇ ਇੱਕ ਵੱਡੇ ਕੁੰਡ ਵਿੱਚ ਭੱਜ ਗਈ ਸੀ ਜਿਸਨੂੰ ਉਹ ਸਾਰਾ ਦਿਨ ਅਤੇ ਸਾਰੀ ਰਾਤ ਕੰਮ ਕਰਕੇ ਵੀ ਖਾਲੀ ਨਹੀਂ ਕਰ ਸਕਦਾ ਸੀ। ਜੇ ਉਸਨੂੰ ਤਰੇੜ ਦਾ ਪਤਾ ਹੁੰਦਾ ਤਾਂ ਉਹ ਸ਼ੁਰੂ ਵਿੱਚ ਹੀ ਇੱਕ ਪੱਥਰ ਨਾਲ਼ ਉਸਨੂੰ ਬੰਦ ਕਰ ਸਕਦਾ ਸੀ ਅਤੇ ਫਿਰ ਮੱਛੀ ਉਸਦੀ ਹੋ ਚੁੱਕੀ ਹੁੰਦੀ।

ਇਹ ਸੋਚਦੇ ਹੋਏ ਉਹ ਮਸੋਸ ਕੇ ਭਿੱਜੀ ਜ਼ਮੀਨ ਉੱਤੇ ਧੜਾਕ ਕਰਕੇ ਬੈਠ ਗਿਆ। ਪਹਿਲਾਂ ਤਾਂ ਉਹ ਆਪਣੇ-ਆਪ ਵਿੱਚ ਹੌਲ਼ੀ-ਹੌਲ਼ੀ ਘੁਸਰ-ਮੁਸਰ ਕਰਦਾ ਰਿਹਾ, ਫਿਰ ਉਹ ਚਾਰੇ ਪਾਸੇ ਫੈਲੇ ਬੇਰਹਿਮ ਵੀਰਾਨੇ ਵਿੱਚ ਉੱਚੀ ਅਵਾਜ਼ ਵਿੱਚ ਰੋ ਪਿਆ ਅਤੇ ਕਾਫੀ ਦੇਰ ਤੱਕ ਉਸਦਾ ਸਰੀਰ ਸਿਸਕੀਆਂ ਅਤੇ ਹਿਚਕੀਆਂ ਨਾਲ਼ ਕੰਬਦਾ ਰਿਹਾ।

ਉਸਨੇ ਅੱਗ ਬਾਲ਼ੀ ਅਤੇ ਗਰਮ ਪਾਣੀ ਪੀ-ਪੀ ਆਪਣੇ ਅੰਦਰ ਗਰਮੀ ਪੈਦਾ ਕੀਤੀ ਤੇ ਪਿਛਲੀ ਰਾਤ ਵਾਂਗ ਇੱਕ ਚੱਟਾਨ ਉੱਤੇ ਲੇਟ ਗਿਆ। ਸੌਣ ਤੋਂ ਪਹਿਲਾਂ ਉਸਨੇ ਆਪਣੀ ਮਾਚਿਸ ਦੀਆਂ ਤੀਲੀਆਂ ਨੂੰ ਟੋਹ ਕੇ ਵੇਖਿਆ ਅਤੇ ਘੜੀ ਵਿੱਚ ਚਾਬੀ ਦਿੱਤੀ। ਕੰਬਲ ਭਿੱਜ ਕੇ ਗੱਚ ਹੋ ਗਏ ਸਨ। ਉਸਦਾ ਗਿੱਟਾ ਦਰਦ ਨਾਲ਼ ਟਸ-ਟਸ ਕਰ ਰਿਹਾ ਸੀ। ਪਰ ਉਸਨੂੰ ਸਿਰਫ ਭੁੱਖ ਦਾ ਅਹਿਸਾਸ ਹੋ ਰਿਹਾ ਸੀ ਅਤੇ ਆਪਣੀ ਬੇਆਰਮ ਨੀਂਦ ਦੌਰਾਨ ਉਹ ਦਾਅਵਤਾਂ ਅਤੇ ਭੋਜਾਂ ਤੇ ਵੰਨ-ਸੁਵੰਨੇ ਢੰਗ ਨਾਲ਼ ਸਜੀਆਂ ਖਾਣ ਦੀਆਂ ਚੀਜ਼ਾਂ ਦੇ ਸੁਪਨੇ ਵੇਖਦਾ ਰਿਹਾ।

ਉਹ ਜਾਗਿਆ ਤਾਂ ਪਾਲ਼ਾ ਉਸਦੀਆਂ ਹੱਡੀਆਂ ਵਿੱਚ ਸਮਾ ਚੁੱਕਾ ਸੀ ਅਤੇ ਉਹ ਬਿਮਾਰ ਮਹਿਸੂਸ ਕਰ ਰਿਹਾ ਸੀ। ਸੂਰਜ ਦਾ ਕੋਈ ਥਹੁ-ਪਤਾ ਨਹੀਂ ਸੀ। ਧਰਤੀ ਤੇ ਅਸਮਾਨ ਦਾ ਮਟਮੈਲਾ ਰੰਗ ਹੋਰ ਡੂੰਘਾ ਤੇ ਗਾੜਾ ਹੋ ਗਿਆ ਸੀ। ਠੰਡੀ, ਖੁਸ਼ਕ ਹਵਾ ਵਗ ਰਹੀ ਸੀ ਅਤੇ ਪਹਾੜੀਆਂ ਦੀਆਂ  ਚੋਟੀਆਂ ਮੌਸਮ ਦੀ ਪਹਿਲੀ ਬਰਫ ਨਾਲ਼ ਸਫੇਦ ਦਿਸਣ ਲੱਗੀਆਂ ਸਨ। ਜਿੰਨੀਂ ਦੇਰ ਵਿੱਚ ਉਸਨੇ ਅੱਗ ਜਲ਼ਾਈ ਤੇ ਪਾਣੀ ਉਬਾਲ਼ਿਆ, ਓਨੇ ਵਿੱਚ ਹੀ ਉਸਦੇ ਆਲ਼ੇ-ਦੁਆਲ਼ੇ ਦੀ ਹਵਾ ਗਾੜੀ ਤੇ ਸਫੇਦ ਹੋਣ ਲੱਗੀ। ਇਹ ਮੀਂਹ ਭਿੱਜੀ ਬਰਫ ਸੀ ਅਤੇ ਬਰਫ ਦੇ ਇਹ ਫਾਹੇ ਵੱਡੇ ਤੇ ਗਿੱਲੇ  ਸਨ। ਸ਼ੁਰੂ ਵਿੱਚ ਉਹ ਧਰਤੀ ਨੂੰ ਛੂੰਹਦਿਆਂ ਹੀ ਪਿਘਲ਼ ਜਾਂਦੇ ਸਨ, ਪਰ ਫਿਰ ਉਨ੍ਹਾਂ ਦੀ ਨਫਰੀ ਵੱਧਦੀ ਗਈ। ਉਨ੍ਹਾਂ ਨੇ ਜ਼ਮੀਨ ਨੂੰ ਢਕ ਲਿਆ, ਅੱਗ ਬੁਝਾ ਦਿੱਤੀ ਅਤੇ ਸੁੱਕੀ ਕਾਈ ਦਾ ਉਸਦਾ ਬਾਲਣ ਬਰਬਾਦ ਕਰ ਦਿੱਤਾ।

ਇਹ ਉਸਦੇ ਲਈ ਸੰਕੇਤ ਸੀ ਕਿ ਆਪਣਾ ਪਿੱਠੂ ਲੱਦੇ ਅਤੇ ਡਿੱਗਦਾ-ਢਹਿੰਦਾ ਅੱਗੇ ਤੁਰ ਪਵੇ। ਜਾਣਾ ਕਿੱਥੇ ਹੈ ਇਹ ਹੁਣ ਉਸਨੂੰ ਪਤਾ ਨਹੀਂ ਸੀ। ਹੁਣ ਉਸਨੂੰ ਨਾ ਤਾਂ ਨਿੱਕੀਆਂ ਸੋਟੀਆਂ ਦੀ ਧਰਤੀ ਦੀ ਫਿਕਰ ਸੀ, ਨਾ ਬਿਲ ਦੀ ਤੇ ਨਾ ਹੀ ਡੀਜ਼ ਨਦੀ ਕੰਢੇ ਮੂਧੀ ਕਿਸ਼ਤੀ  ਹੇਠਾਂ ਲੁਕੇ ਭੰਡਾਰ ਦੀ। ਉਸ ਉੱਤੇ ਬੱਸ ਇੱਕ ਵਿਚਾਰ ਹਾਵੀ ਸੀ, “ਕੁੱਝ ਖਾਣਾ ਹੈ।” ਉਹ ਭੁੱੱਖ ਨਾਲ਼ ਪਾਗਲ਼ ਹੋ ਰਿਹਾ ਸੀ। ਉਸਨੂੰ ਇਸ ਗੱਲ ਦਾ ਜ਼ਰਾ ਵੀ ਧਿਆਨ ਨਹੀਂ ਸੀ ਕਿ ਉਹ ਕਿੱਧਰ ਜਾ ਰਿਹਾ ਸੀ। ਬੱਸ ਉਹ ਰਾਹ ਵਾਦੀਆਂ ਦੇ ਤਲ ਦੇ ਨਾਲ਼-ਨਾਲ਼ ਲੰਘਦਾ ਹੋਣਾ ਚਾਹੀਦਾ ਸੀ ਤਾਂਕਿ ਉਹ ਭਿੱਜੀ ਬਰਫ ਵਿੱਚੋਂ ਭਾਲ਼ ਕੇ ਮਸਕੇਗ ਬੇਰੀਆਂ ਅਤੇ ਗੰਢਾਂ ਵਾਲ਼ਾ ਘਾਹ ਖਿੱਚ ਕੇ ਕੱਢ ਸਕੇ। ਪਰ ਇਹ ਸਭ ਬਿਲਕੁਲ ਬੇਸੁਆਦ ਸਨ ਅਤੇ ਉਨ੍ਹਾਂ ਤੋਂ ਤਸੱਲੀ ਨਹੀਂ ਮਿਲ਼ਦੀ ਸੀ। ਉਸਨੂੰ ਇੱਕ ਕਾਈ ਮਿਲ਼ੀ ਜਿਸਦਾ ਸਵਾਦ ਖੱਟਾ ਜਿਹਾ ਸੀ ਅਤੇ ਉਹ ਜਿੰਨੀਆਂ ਵੀ ਲੱਭ ਸਕਿਆ, ਸਭ ਖਾ ਗਿਆ। ਭਾਵੇਂ ਇਹ ਜ਼ਿਆਦਾ ਨਹੀਂ ਸਨ ਕਿਉਂਕਿ ਉਸਦੀਆਂ ਲਟਾਂ ਕਈ ਇੰਚ ਬਰਫ ਹੇਠਾਂ ਲੁਕ ਗਈਆਂ ਸਨ।

ਉਸ ਰਾਤ ਉਸਨੂੰ ਅੱਗ ਅਤੇ ਗਰਮ ਪਾਣੀ ਤੋਂ ਬਿਨਾਂ ਹੀ ਕੰਮ ਚਲਾਉਣਾ ਪਿਆ ਤੇ ਉਹ ਭਿੱਜੇ ਕੰਬਲਾਂ ਵਿੱਚ ਲਿਪਟਿਆ ਭੁੱਖ ਦੇ ਸੁਪਨੇ ਵੇਖਦਾ ਹੋਇਆ ਸੌਂ ਗਿਆ। ਬਰਫ ਠੰਢੇ ਮੀਂਹ ਵਿੱਚ ਬਦਲ ਗਈ। ਉਹ ਕਈ ਵਾਰ ਜਾਗਿਆ ਅਤੇ ਆਪਣੇ ਚਿਹਰੇ ਉੱਤੇ ਇਸਨੂੰ ਮਹਿਸੂਸ ਕੀਤਾ। ਦਿਨ ਨਿੱਕਲ਼ਿਆ ਇੱਕ ਹੋਰ ਬਿਨਾਂ ਸੂਰਜ ਵਾਲ਼ਾ ਮਟਮੈਲ਼ਾ ਦਿਨ। ਮੀਂਹ ਬੰਦ ਹੋ ਗਿਆ ਸੀ। ਉਸਦੀ ਭੁੱਖ ਹੁਣ ਤੇਜ਼ ਨਹੀਂ ਸੀ ਰਹਿ ਗਈ। ਜਿੱਥੋਂ ਤੱਕ ਖਾਣ ਦੀ ਲਾਲਸਾ ਦਾ ਸਵਾਲ ਸੀ, ਉਸਦੀਆਂ ਇੰਦਰੀਆਂ ਮਰ ਚੁੱਕੀਆਂ ਸਨ। ਉਸਨੂੰ ਆਪਣੇ ਢਿੱਡ ਵਿੱਚ ਇੱਕ ਮੱਧਮ, ਭਾਰਾ ਜਿਹਾ ਦਰਦ ਮਹਿਸੂਸ ਹੋ ਰਿਹਾ ਸੀ, ਪਰ ਇਸ ਤੋਂ ਜ਼ਿਆਦਾ ਪ੍ਰੇਸ਼ਾਨੀ ਨਹੀਂ ਸੀ ਹੋ ਰਹੀ। ਹੁਣ ਉਹ ਪਹਿਲਾਂ ਨਾਲ਼ੋਂ ਜ਼ਿਆਦਾ ਤਾਰਕਿਕ ਢੰਗ ਨਾਲ਼ ਸੋਚ ਸਕਦਾ ਸੀ ਅਤੇ ਇੱਕ ਵਾਰ ਫਿਰ ਉਸਦਾ ਧਿਆਨ ਨਿੱਕੀਆਂ ਸੋਟੀਆਂ ਦੀ ਭੂਮੀ ਅਤੇ ਡੀਜ਼ ਨਦੀ ਨੇੜਲੇ ਗੁਪਤ ਭੰਡਾਰ ਉੱਤੇ ਸੀ।

ਉਸਨੇ ਇੱਕ ਕੰਬਲ ਦੇ ਬਚੇ ਹੋਏ ਹਿੱਸੇ ਨਾਲ਼ੋਂ ਹੋਰ ਪੱਟੀਆਂ ਫਾੜੀਆਂ ਤੇ ਆਪਣੇ ਲਹੂ-ਲੁਹਾਣ ਪੈਰਾਂ ਉੱਤੇ ਲਪੇਟ ਲਈਆਂ। ਉਸਨੇ ਜਖ਼ਮੀ ਗਿੱਟੇ ਨੂੰ ਵੀ ਦੁਬਾਰਾ ਕੱਸਿਆ ਅਤੇ ਸਫਰ ਲਈ ਤਿਆਰ ਹੋ ਗਿਆ। ਪਿੱਠੂ ਕੋਲ ਆਕੇ ਉਹ ਦੇਰ ਤੱਕ ਬਾਰਾਂਸਿੰਗੇ ਦੇ ਚਮੜੇ ਦੀ ਮੋਟੀ ਥੈਲੀ ਨੂੰ ਵੇਖਦਾ ਰਿਹਾ ਪਰ ਆਖ਼ਰ ਉਸਨੂੰ ਨਾਲ ਲੈ ਲਿਆ।

ਮੀਂਹ ਨਾਲ਼ ਬਰਫ ਪਿਘਲ਼ ਗਈ ਸੀ ਅਤੇ ਸਿਰਫ ਪਹਾੜੀਆਂ ਦੀਆਂ ਸਿਖਰਾਂ ਉੱਤੇ ਹੀ ਸਫੇਦੀ ਦਿਸ ਰਹੀ ਸੀ। ਸੂਰਜ ਨਿੱਕਲ਼ ਆਇਆ ਅਤੇ ਉਸਨੂੰ ਦਿਸ਼ਾਵਾਂ ਦਾ ਪਤਾ ਲੱਗ ਗਿਆ, ਪਰ ਉਹ ਇਹ ਵੀ ਜਾਣ ਗਿਆ ਕਿ ਉਹ ਭਟਕ ਗਿਆ ਹੈ। ਸ਼ਾਇਦ, ਪਿਛਲੇ ਦੋ ਦਿਨਾਂ ਵਿੱਚ ਉਹ ਭਟਕਦਾ ਹੋਇਆ ਕੁੱਝ ਵਧੇਰੇ ਹੀ ਖੱਬੇ ਵੱਲ ਚਲਾ ਗਿਆ ਸੀ। ਹੁਣ ਉਹ ਨੱਕ ਦੀ ਸੇਧ ਵਿੱਚ ਸੱਜੇ ਪਾਸੇ ਚੱਲ ਪਿਆ ਤਾਂ ਜੋ ਇਸ ਵਿਚਲਣ ਦੀ ਭਰਪਾਈ ਹੋ ਸਕੇ।

ਭਾਵੇਂ ਭੁੱਖ ਹੁਣ ਉਸ ਤਰ੍ਹਾਂ ਚੁਭ ਨਹੀਂ ਰਹੀ ਸੀ ਪਰ ਉਹ ਬਹੁਤ ਕਮਜ਼ੋਰੀ ਮਹਿਸੂਸ ਕਰ ਰਿਹਾ ਸੀ। ਉਸਨੂੰ ਅਕਸਰ ਅਰਾਮ ਕਰਨ ਲਈ ਰੁਕਣਾ ਪੈਂਦਾ ਸੀ ਅਤੇ ਰੁਕਦਿਆਂ ਹੀ ਉਹ ਮਸਕੇਗ ਬੇਰੀਆਂ ਅਤੇ ਘਾਹ ਦੀਆਂ ਗੰਢਾਂ ਉੱਤੇ ਟੁੱਟ ਪੈਂਦਾ ਸੀ। ਉਸਦੀ ਜੀਭ ਸੁੱਕੀ ਅਤੇ ਵਧੀ ਹੋਈ ਮਹਿਸੂਸ ਹੋ ਰਹੀ ਸੀ, ਜਿਵੇਂ ਉਸ ਉੱਤੇ ਲੂੰ ਉੱਗ ਆਏ ਹੋਣ ਤੇ ਉਸਦਾ ਮੂੰਹ ਕੁੜੱਤਣ ਨਾਲ਼ ਭਰਿਆ ਪਿਆ ਸੀ। ਉਸਦਾ ਦਿਲ ਵੀ ਉਸਨੂੰ ਕਾਫ਼ੀ ਤੰਗ ਕਰ ਰਿਹਾ ਸੀ। ਜਿਵੇਂ ਹੀ ਉਹ ਕੁੱਝ ਮਿੰਟ ਤੱਕ ਚਲਦਾ ਸੀ ਉਹ ਜ਼ੋਰ ਨਾਲ਼ ਧੜਕਣ ਲਗਦਾ ਤੇ ਫਿਰ ਇਸ ਤਰ੍ਹਾਂ ਉੱਛਲ਼ਕੇ ਉਸਦੇ ਮੂੰਹ ਨੂੰ ਆ ਜਾਂਦਾ ਕਿ ਉਸਨੂੰ ਘੁਟਣ ਜਿਹੀ ਹੋਣ ਲੱਗਦੀ ਅਤੇ ਉਸਦਾ ਸਿਰ ਚਕਰਾਉਣ ਲਗਦਾ ਸੀ। ਦੁਪਹਿਰ ਸਮੇਂ ਉਸਨੂੰ ਪਾਣੀ ਨਾਲ਼ ਭਰੇ ਇੱਕ ਟੋਏ ਵਿੱਚ ਦੋ ਨਿੱਕੀਆਂ ਮੱਛੀਆਂ ਵਿਖਾਈ ਦਿੱਤੀਆਂ। ਉਸਨੂੰ ਖਾਲੀ ਕਰਨਾ ਤਾਂ ਅਸੰਭਵ ਸੀ ਪਰ ਹੁਣ ਉਹ ਪਹਿਲਾਂ ਨਾਲ਼ੋਂ ਜ਼ਿਆਦਾ ਸ਼ਾਂਤ ਸੀ ਅਤੇ ਆਪਣੀ ਟੀਨ ਦੀ ਬਾਲਟੀ ਵਿੱਚ ਉਨ੍ਹਾਂ ਨੂੰ ਫੜਨ ਵਿੱਚ ਕਾਮਯਾਬ ਰਿਹਾ। ਉਹ ਉਸਦੀ ਛੋਟੀ ਉਂਗਲ਼ੀ ਤੋਂ ਵੱਡੀਆਂ ਨਹੀਂ ਸਨ ਪਰ ਉਹ ਜ਼ਿਆਦਾ ਭੁੱਖਾ ਨਹੀਂ ਸੀ। ਉਸਦੇ ਢਿੱਡ ਦਾ ਹਲਕਾ ਦਰਦ ਹੋਰ ਵੀ ਹਲਕਾ ਅਤੇ ਮੰਦ ਪੈਂਦਾ ਜਾ ਰਿਹਾ ਸੀ। ਅਜਿਹਾ ਲੱਗਦਾ ਸੀ ਜਿਵੇਂ ਉਸਦਾ ਢਿੱਡ ਊਂਘ ਰਿਹਾ ਹੋਵੇ। ਉਹ ਦੋਵਾਂ ਮੱਛੀਆਂ ਕੱਚੀਆਂ ਹੀ ਖਾ ਗਿਆ। ਉਹ ਬੜੇ ਧਿਆਨ ਨਾਲ਼ ਹੌਲੀ-ਹੌਲੀ  ਚਬਾ ਰਿਹਾ ਸੀ ਕਿਉਂਕਿ ਇਸ ਸਮੇਂ ਖਾਣਾ ਉਸਦੇ ਲਈ ਇੱਕ ਖਾਲਸ ਬੌਧਿਕ ਕਿਰਿਆ ਸੀ। ਉਸਨੂੰ ਖਾਣ ਦੀ ਕੋਈ ਇੱਛਾ ਨਹੀਂ ਸੀ ਪਰ ਉਹ ਜਾਣਦਾ ਸੀ ਕਿ ਜਿਉਂਦਾ ਰਹਿਣ ਲਈ ਉਸਨੂੰ ਖਾਣਾ ਪਵੇਗਾ।

ਸ਼ਾਮ ਨੂੰ ਉਸਨੇ ਤਿੰਨ ਹੋਰ ਮੱਛੀਆਂ ਫੜੀਆਂ, ਦੋ ਨੂੰ ਖਾ ਲਿਆ ਅਤੇ ਤੀਜੀ ਨੂੰ ਨਾਸ਼ਤੇ ਲਈ ਰੱਖ ਲਿਆ। ਧੁੱਪ ਨਾਲ਼ ਕਾਈ ਕਿਤੇ-ਕਿਤੇ ਸੁੱਕ ਗਈ ਸੀ ਅਤੇ ਉਸਨੂੰ ਇੱਕ ਵਾਰ ਫਿਰ ਗਰਮ ਪਾਣੀ ਮਿਲ਼ ਗਿਆ। ਉਸ ਦਿਨ ਉਹ ਦਸ ਮੀਲ ਤੋਂ ਜ਼ਿਆਦਾ ਨਹੀਂ ਤੈਅ ਕਰ ਸਕਿਆ ਅਤੇ ਅਗਲੇ ਦਿਨ ਉਹ ਪੰਜ ਮੀਲ ਹੀ ਚੱਲ ਸਕਿਆ। ਉਹ ਉਦੋਂ ਤੱਕ ਚੱਲ ਸਕਦਾ ਸੀ ਜਦੋਂ ਤੱਕ ਉਸਦਾ ਕਲੇਜਾ ਮੂੰਹ ਨੂੰ ਨਹੀਂ ਸੀ ਆਉਣ ਲੱਗਦਾ। ਪਰ ਉਸਦਾ ਢਿੱਡ ਹੁਣ ਉਸਨੂੰ ਜ਼ਰਾ ਵੀ ਪ੍ਰੇਸ਼ਾਨ ਨਹੀਂ ਕਰ ਰਿਹਾ ਸੀ। ਉਹ ਸੌਂ ਚੁੱਕਿਆ ਸੀ। ਹੁਣ ਉਹ ਇੱਕ ਨਵੇਂ ਇਲਾਕੇ ਵਿੱਚ ਪਹੁੰਚ ਗਿਆ ਸੀ ਜਿੱਥੇ ਮਿਰਗ ਜ਼ਿਆਦਾ ਸਨ ਅਤੇ ਨਾਲ ਹੀ ਬਘਿਆੜ ਵੀ। ਅਕਸਰ ਉਨ੍ਹਾਂ ਦਾ ਹਵਾਂਕਣਾ ਸੁੰਨਸਾਨ ਵਿੱਚ ਤੈਰਦਾ ਹੋਇਆ ਉਸ ਤੱਕ ਪੁੱਜਦਾ ਸੀ ਅਤੇ ਇੱਕ ਵਾਰ ਉਸਨੇ ਆਪਣੇ ਰਾਹ ਵਿੱਚ ਤਿੰਨ ਬਘਿਆੜ ਵੇਖੇ ਸਨ ਜੋ ਉਸਨੂੰ ਵੇਖਦੇ ਹੀ ਉੱਥੋਂ ਖਿਸਕ ਗਏ।

ਇੱਕ ਹੋਰ ਰਾਤ ਬੀਤੀ, ਸਵੇਰੇ ਉਸਦਾ ਦਿਮਾਗ਼ ਪਹਿਲਾਂ ਨਾਲ਼ ਜ਼ਿਆਦਾ ਸਾਫ਼ ਸੀ। ਉਸਨੇ ਬਾਰ੍ਹਾਂਸਿੰਗੇ ਦੇ ਚਮੜੇ ਦੀ ਮੋਟੀ ਥੈਲੀ ਦਾ ਚਮੜੇ ਦਾ ਫ਼ੀਤਾ ਖੋਲ੍ਹ ਦਿੱਤਾ। ਥੈਲੀ ਵਿੱਚੋਂ ਸੋਨੇ ਦੇ ਮੋਟੇ-ਮੋਟੇ ਕਣਾਂ ਅਤੇ ਡਲ਼ਿਆਂ ਦੀ ਪੀਲ਼ੀ ਧਾਰ ਜ਼ਮੀਨ ਉੱਤੇ ਖਿੰਡ ਗਈ। ਉਸ ਨੇ ਸੋਨੇ ਨੂੰ ਦੋ ਹਿੱਸਿਆਂ ਵਿੱਚ ਵੰਡਿਆ, ਅੱਧੇ ਨੂੰ ਕੰਬਲ ਦੇ ਇੱਕ ਟੁਕੜੇ ਵਿੱਚ ਲਪੇਟ ਕੇ ਇੱਕ ਅਲੱਗ ਜਿਹੀ ਦਿਸ ਰਹੀ ਚੱਟਾਨ ਦੇ ਹੇਠਾਂ ਲੁਕਾਇਆ ਅਤੇ ਬਾਕੀ ਅੱਧੇ ਨੂੰ ਪਿੱਠੂ ਵਿੱਚ ਰੱਖ ਲਿਆ। ਬਚੇ ਹੋਏ ਇੱਕ ਕੰਬਲ ਨਾਲ਼ੋਂ ਵੀ ਪੱਟੀਆਂ ਪਾੜ ਕੇ ਉਸ ਨੇ ਪੈਰਾਂ ਉੱਤੇ ਲਪੇਟ ਲਈਆਂ। ਉਹ ਹੁਣ ਵੀ ਆਪਣੀ ਬੰਦੂਕ ਨਾਲ਼ ਲਿਜਾ ਰਿਹਾ ਸੀ ਕਿਉਂਕਿ ਡੀਜ਼ ਨਦੀ ਦੇ ਕੰਢੇ ਦੇ ਭੰਡਾਰ ਵਿੱਚ ਕਾਰਤੂਸ ਵੀ ਰੱਖੇ ਹੋਏ ਸਨ। ਇਹ ਦਿਨ ਧੁੰਦ ਭਰਿਆ ਸੀ ਅਤੇ ਇੱਕ ਵਾਰ ਫਿਰ ਉਸਦੀ ਭੁੱਖ ਜਾਗ ਪਈ। ਉਹ ਬੇਹੱਦ ਕਮਜ਼ੋਰ ਸੀ ਅਤੇ ਉਸਦਾ ਸਿਰ ਇਸ ਤਰ੍ਹਾਂ ਚਕਰਾ ਰਿਹਾ ਸੀ ਕਿ ਕਦੇ-ਕਦੇ ਉਸਦੀਆਂ ਅੱਖਾਂ ਅੱਗੇ ਹਨ੍ਹੇਰਾ ਛਾ ਜਾਂਦਾ ਸੀ। ਹੁਣ ਉਹ ਅਕਸਰ ਹੀ ਠੋਕਰ ਖਾ ਕੇ ਡਿੱਗ ਪੈਂਦਾ ਸੀ ਅਤੇ ਇੱਕ ਵਾਰ ਉਹ ਸਿੱਧਾ ਪਹਾੜੀ ਤਿੱਤਰ ਦੇ ਇੱਕ ਆਲ੍ਹਣੇ ਉੱਤੇ ਡਿੱਗ ਪਿਆ। ਉਸ ਵਿੱਚ ਚਾਰ ਬੱਚੇ ਸਨ, ਸ਼ਾਇਦ ਇੱਕ ਦਿਨ ਪਹਿਲਾਂ ਹੀ ਜੰਮੇ ਹੋਏ। ਉਹ ਉਨ੍ਹਾਂ ਨੂੰ ਜਿਉਂਦੇ ਹੀ ਚਬਾ ਗਿਆ। ਉਨ੍ਹਾਂ ਦੀ ਮਾਂ ਜ਼ੋਰ ਨਾਲ਼ ਚੀਕਦੀ ਅਤੇ ਖੰਭ ਫੜਫੜਾਉਂਦੀ ਹੋਈ ਉਸਦੇ ਚਾਰੇ ਪਾਸੇ ਨੱਚ ਰਹੀ ਸੀ। ਉਸਨੇ ਆਪਣੀ ਬੰਦੂਕ ਦੇ ਬੱਟ ਨਾਲ਼ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਬਚ ਨਿੱਕਲ਼ੀ। ਉਸਨੇ ਉਸ ਉੱਤੇ ਪੱਥਰ ਸੁੱਟੇ ਅਤੇ ਤੁੱਕੇ ਨਾਲ਼ ਇੱਕ ਪੱਥਰ ਉਸਦੇ ਵੱਜਿਆ ਜਿਸ ਨਾਲ ਉਸਦਾ ਇੱਕ ਖੰਭ ਟੁੱਟ ਗਿਆ। ਫਿਰ ਉਹ ਉੱਠੀ ਤੇ ਖੰਭ ਘਸੀਟਦੇ ਹੋਏ ਉੱਥੋਂ ਭੱਜੀ। ਆਦਮੀ ਉਸਦੇ ਪਿੱਛੇ ਸੀ।

ਪਹਾੜੀ ਤਿੱਤਰ ਦੇ ਬੱਚਿਆਂ ਨਾਲ਼ ਉਸਦੀ ਭੁੱਖ ਹੋਰ ਭੜਕ ਉੱਠੀ ਸੀ। ਉਹ ਜਖ਼ਮੀ ਗਿੱਟੇ ਉੱਤੇ ਟੱਪਦਾ ਤੇ ਘਿਸੜਦਾ ਹੋਇਆ ਪੰਛੀ ਦੇ ਪਿੱਛੇ ਲੱਗਾ ਸੀ। ਕਦੇ ਉਹ ਗਲ਼ਾ ਪਾੜਕੇ ਚੀਖਦਾ ਹੋਇਆ ਉਸ ਉੱਤੇ ਪੱਥਰ ਸੁੱਟਦਾ ਸੀ, ਤਾਂ ਕਦੇ ਚੁੱਪਚਾਪ ਸਬਰ ਨਾਲ ਡਿੱਗਦਾ-ਢਹਿੰਦਾ  ਪਿੱਛਾ ਕਰਦਾ ਸੀ। ਕਈ ਵਾਰ ਉਸਨੂੰ ਕੁੱਝ ਸੁੱਝਦਾ ਨਹੀਂ ਸੀ, ਤਦ ਉਹ ਰੁਕ ਕੇ ਆਪਣੀ ਅੱਖਾਂ ਅਤੇ ਮੱਥੇ ਨੂੰ ਮਲ਼ਦਾ ਰਹਿੰਦਾ ਸੀ।

ਪਿੱਛਾ ਕਰਦੇ ਹੋਏ ਉਹ ਵਾਦੀ ਵਿੱਚ ਦਲਦਲੀ ਜ਼ਮੀਨ ਉੱਤੇ ਚਲਾ ਗਿਆ ਅਤੇ ਉਸਨੂੰ ਭਿੱਜੀ ਕਾਈ ਉੱਤੇ ਕਦਮਾਂ ਦੇ ਨਿਸ਼ਾਨ ਵਿਖਾਈ ਦਿੱਤੇ। ਇਹ ਤਾਂ ਸਾਫ਼ ਸੀ ਕਿ ਉਹ ਉਸਦੇ ਨਹੀਂ ਸਨ। ਜਰੂਰ ਹੀ ਉਹ ਬਿਲ ਦੇ ਹੋਣਗੇ। ਪਰ ਉਹ ਰੁਕ ਨਹੀਂ ਸਕਦਾ ਸੀ, ਕਿਉਂਕਿ ਪਹਾੜੀ ਤਿੱਤਰ ਭੱਜੀ ਜਾ ਰਹੀ ਸੀ। ਪਹਿਲਾਂ ਉਹ ਉਸਨੂੰ ਫੜੇਗਾ ਤੇ ਫਿਰ ਪਰਤ ਕੇ ਜਾਂਚ ਕਰੇਗਾ।

ਉਸਨੇ ਪਹਾੜੀ ਤਿੱਤਰ ਨੂੰ ਥਕਾ ਦਿੱਤਾ, ਪਰ ਉਹ ਖੁਦ ਵੀ ਬਹੁਤ ਥੱਕ ਗਿਆ। ਉਹ ਹਫਦੀ ਹੋਈ ਲਿਟੀ ਪਈ ਸੀ ਤੇ ਦਸ ਕਦਮ ਉੱਤੇ ਉਹ ਵੀ ਹਫਦਾ ਹੋਇਆ ਲਿਟਿਆ ਪਿਆ ਸੀ। ਉਸ ਵਿੱਚ ਇੰਨੀ ਵੀ ਤਾਕਤ ਨਹੀਂ ਸੀ ਕਿ ਰੀਂਗ ਕੇ ਪੰਛੀ ਕੋਲ ਚਲਿਆ ਜਾਵੇ। ਜਦੋਂ ਤੱਕ ਉਹ ਸੰਭਲ਼ਿਆ, ਉਦੋਂ ਤੱਕ ਪਹਾੜੀ ਤਿੱਤਰ ਵੀ ਸੰਭਲ਼ ਗਈ ਅਤੇ ਖੰਭ ਫੜਫੜਾਉਂਦੇ ਹੋਏ ਉਸਦੇ ਭੁੱਖੇ ਹੱਥ ਦੀ ਮਾਰ ‘ਚੋਂ ਨਿੱਕਲ਼ ਗਈ। ਸ਼ਿਕਾਰ ਫਿਰ ਸ਼ੁਰੂ ਹੋ ਗਿਆ। ਰਾਤ ਢਲ਼ ਆਈ ਤੇ ਉਹ ਬਚਕੇ ਭੱਜ ਗਈ। ਆਦਮੀ ਕਮਜ਼ੋਰੀ ਨਾਲ਼ ਲੜਖੜਾ ਗਿਆ ਤੇ ਪਿੱਠ ਉੱਤੇ ਪਿੱਠੂ ਸਮੇਤ ਮੂੰਹ ਪਰਨੇ ਡਿੱਗ ਪਿਆ। ਉਸਦੀ ਗੱਲ੍ਹ ਝਰੀਟੀ ਗਈ। ਕਾਫ਼ੀ ਦੇਰ ਤੱਕ ਉਹ ਇੰਝ ਹੀ ਪਿਆ ਰਿਹਾ ਤੇ ਫਿਰ ਪਾਸਾ ਪਰਤਿਆ, ਘੜੀ ਵਿੱਚ ਚਾਬੀ ਦਿੱਤੀ ਅਤੇ ਸਵੇਰੇ ਤੱਕ ਉਥੇ ਹੀ ਲਿਟਿਆ ਰਿਹਾ।

ਅਗਲੇ ਦਿਨ ਵੀ ਧੁੰਦ ਘਿਰ ਆਈ ਸੀ। ਉਸਦੇ ਆਖਰੀ ਕੰਬਲ ਦਾ ਅੱਧਾ ਹਿੱਸਾ ਪੈਰਾਂ ਦੀਆਂ ਪੱਟੀਆਂ ਦੀ ਭੇਂਟ ਚੜ੍ਹ ਚੁੱਕਾ ਸੀ। ਉਹ ਬਿਲ ਦੇ ਕਦਮਾਂ ਦੇ ਨਿਸ਼ਾਨ ਲੱਭਣ ਵਿੱਚ ਨਾਕਾਮ ਰਿਹਾ। ਇਸ ਨਾਲ਼ ਕੋਈ ਫਰਕ ਨਹੀਂ ਸੀ ਪੈਂਦਾ। ਉਸਦੀ ਭੁੱਖ ਉਸਨੂੰ ਇਸ ਤਰ੍ਹਾਂ ਨਚਾ ਰਹੀ ਸੀ ਕਿ ਉਹ ਸੋਚਣ ਲੱਗਾ ਕਿ ਸ਼ਾਇਦ ਬਿਲ ਵੀ ਰਸਤਾ  ਭਟਕ ਗਿਆ ਸੀ। ਦੁਪਹਿਰ ਤੱਕ ਉਸਦੀ ਪਿੱਠ ਦਾ ਬੋਝ ਅਸਹਿ ਹੋ ਗਿਆ। ਇੱਕ ਵਾਰ ਫਿਰ ਉਸਨੇ ਸੋਨੇ ਨੂੰ ਦੋ ਹਿੱਸਿਆਂ ਵਿੱਚ ਵੰਡਿਆ, ਪਰ ਇਸ ਵਾਰ ਅੱਧਾ ਹਿੱਸਾ ਉਂਝ ਹੀ ਜ਼ਮੀਨ ਉੱਤੇ ਡੇਗ ਦਿੱਤਾ। ਦੁਪਹਿਰ ਬਾਅਦ ਉਸਨੇ ਬਾਕੀ ਨੂੰ ਵੀ ਸੁੱਟ ਦਿੱਤਾ ਅਤੇ ਹੁਣ ਉਸ ਕੋਲ਼ ਸਿਰਫ ਅੱਧਾ ਕੰਬਲ, ਟੀਨ ਦੀ ਬਾਲਟੀ ਅਤੇ ਰਾਇਫਲ ਰਹਿ ਗਈ ਸੀ।

(ਬਾਕੀ ਅਗਲੇ ਅੰਕ ‘ਚ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 46, ਦਸੰਬਰ 2015 ਵਿਚ ਪਰ੍ਕਾਸ਼ਤ