ਜੇ.ਐਨ.ਯੂ. ‘ਤੇ ਫਾਸੀਵਾਦੀ ਹਮਲੇ ਖਿਲਾਫ਼ ਮੁਜ਼ਾਹਰਾ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲੁਧਿਆਣਾ ਵਿਖੇ 20 ਫਰਵਰੀ ਨੂੰ ਜ਼ਿਲ੍ਹਾ ਭਰ ਦੀਆਂ ਸਮੂਹ ਜਨਤਕ-ਜਮੂਹਰੀ ਜਥੇਬੰਦੀਆਂ ਵੱਲ਼ੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ (ਚੌਂਕ ਭਾਈਬਾਲਾ) ਵਿਖੇ ਜੇ.ਐਨ.ਯੂ. ਅਤੇ ਦੇਸ਼ ਦੀਆਂ ਹੋਰ ਥਾਵਾਂ ‘ਤੇ ਹਿੰਦੂਤਵੀ ਫਾਸੀਵਾਦੀਆਂ ਵੱਲੋਂ ਵਿੱਢੇ ਗਏ ਫਾਸੀਵਾਦੀ ਹਮਲੇ ਖਿਲਾਫ਼ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ।

ਬੁਲਾਰਿਆਂ ਨੇ ਕਿਹਾ ਕਿ 9 ਫਰਵਰੀ ਤੋਂ ਸੋਚੀ ਸਮਝੀ ਮਨਸੂਬਾਬੰਦੀ ਤਹਿਤ ਦੇਸ਼ ਭਰ ਵਿੱਚ ਵਿਦਿਆਰਥੀ ਵਿਰੋਧੀ ਤੇ ਲੋਕ ਵਿਰੋਧੀ ਸਰਮਾਏਦਾਰੀ-ਸਾਮਰਾਜ ਪੱਖੀ ਉਦਾਰੀਕਰਨ-ਨਿੱਜੀਕਰਨ ਨੀਤੀਆਂ ਵਿਰੁੱਧ ਉੱਠ ਰਹੀ ਕਿਰਤੀ ਤੇ ਵਿਦਿਆਰਥੀ ਲਹਿਰ ਨੂੰ ਦਬਾਉਣ, ਕੁਚਲਣ ਦੇ ਮਾੜੇ ਮਕਸਦ ਨਾਲ਼ ਜੇ.ਐਨ.ਯੂ ਦਿੱਲੀ ਤੋਂ ਫਿਰਕੂ ਫਾਸੀ ਹਮਲਾ ਵਿੱਢਿਆ ਗਿਆ ਹੈ। ਥਾਂ-ਥਾਂ ‘ਤੇ ਜਮਹੂਰੀ ਜਥੇਬੰਦੀਆਂ ਦੇ ਦਫਤਰਾਂ, ਆਗੂਆਂ ਅਤੇ ਕਾਰਕੁੰਨਾਂ ਉੱਪਰ ਹਮਲ਼ੇ ਕੀਤੇ ਜਾ ਰਹੇ ਹਨ। ਦੇਸ਼ ਦੇ ਲੋਕਾਂ ਦੀਆਂ ਗੱਦਾਰ ਹਿੰਦੂਤਵੀ ਫਾਸੀਵਾਦੀ ਤਾਕਤਾਂ ਲੋਕ ਪੱਖੀ ਤਾਕਤਾਂ ਨੂੰ ਦੇਸ਼ਧ੍ਰੋਹੀ ਕਰਾਰ ਦੇ ਕੇ ਜ਼ਬਰ ਢਾਹੁਣ ‘ਤੇ ਤੁਲ਼ੀਆਂ ਹੋਈਆਂ  ਹਨ। ਇਸ ਵਾਸਤੇ ਸਰਮਾਏਦਾਰਾ ਮੀਡੀਆ ਦੇ ਵਿਸ਼ਾਲ ਤੰਤਰ ਰਾਹੀਂ ਝੂਠੇ ਪ੍ਰਚਾਰ ਦੀ ਹਨੇਰੀ ਝੁਲ਼ਾਈ ਗਈ ਹੈ। ਪਰੰਤੂ ਮੁਲਕ ਦੀਆਂ ਇਨਕਲਾਬੀ ਜਮੂਹਰੀ, ਜਨਤਕ ਜਮਹੂਰੀ ਤਾਕਤਾਂ ਤੇ ਵਿਰੋਧੀ ਪਾਰਟੀਆਂ ਅਤੇ ਜਮੂਹਰੀਅਤ ਪਸੰਦ ਲੋਕਾਂ ਦੀ ਕੋਨੇ-ਕੋਨੇ ਚੋਂ ਉੱਠ ਰਹੀ ਅਵਾਜ਼ ਦੇਸ਼ ਨੂੰ ਹਿਟਲਰਸ਼ਾਹੀ ਦੀ ਇੱਕ ਹੋਰ ਪ੍ਰਯੋਗਸ਼ਾਲਾ ਨਹੀਂ ਬਣਨ ਦੇਵੇਗੀ।

ਲੋਕਾਂ ਨੇ ਮੰਗ ਕੀਤੀ ਕਿ ਕਨ੍ਹਈਆ ਕੁਮਾਰ ਤੇ ਪ੍ਰੋ. ਐਸ.ਏ.ਆਰ ਗਿਲਾਨੀ ‘ਤੇ ਪਾਏ ਝੂਠੇ ਦੇਸ਼ਧ੍ਰੋਹੀ ਕੇਸ ਵਾਪਸ ਲੈ ਕੇ ਫੌਰੀ ਰਿਹਾਅ ਕੀਤਾ ਜਾਵੇ, ਜੇ.ਐਨ.ਯੂ. ਦੇ ਹੋਰ ਸਾਰੇ ਵਿਦਿਆਰਥੀ ਆਗੂਆਂ ‘ਤੇ ਪਾਏ ਝੂਠੇ ਦੇਸ਼ਧ੍ਰੋਹੀ ਕੇਸ ਵੀ ਰੱਦ ਕੀਤੇ ਜਾਣ, ਤਸ਼ੱਦਦ ਕਰਨ ਵਾਲੇ ਪੁਲਸ ਅਧਿਕਾਰੀਆਂ, ਵਿਦਿਆਰਥੀਆਂ, ਪ੍ਰੋਫੈਸਰਾਂ ਤੇ ਪੱਤਰਕਾਰਾਂ ਤੇ ਹਮਦਰਦਾਂ ਦੀ ਕੁੱਟਮਾਰ ਕਰਨ ਵਾਲੇ ਭਾਜਪਾ ਵਿਧਾਇਕ ਓ.ਪੀ ਸ਼ਰਮਾ, ਲੱਠ-ਮਾਰ ਵਕੀਲਾਂ ਤੇ ਹੋਰ ਫਿਰਕੂ ਫਾਸੀ ਅਨਸਰਾਂ ਦੀ ਗ੍ਰਿਫਤਾਰੀ ਤੇ ਸਜ਼ਾਵਾਂ ਯਕੀਨੀ ਬਣਾਈਆਂ ਜਾਣ, ਜੇ.ਐਨ.ਯੂ. ‘ਚੋਂ ਪੁਲਸੀ ਧਾੜਾਂ ਵਾਪਸ ਬੁਲਾਈਆਂ ਜਾਣ ਤੇ ਵਿੱਦਿਅਕ ਮਹੌਲ ਆਮ ਵਰਗਾ ਬਣਾਇਆ ਜਾਵੇ।

ਅੰਤ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਤੋਂ ਲੈ ਕੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਬੁੱਤ ਤੱਕ (ਜਗਰਾਉਂ ਪੁੱਲ) ਤੱਕ ਰੋਹ ਭਰਪੂਰ ਮਾਰਚ ਕੀਤਾ ਗਿਆ।

ਅੱਜ ਦੇ ਮੁਜ਼ਾਹਰੇ ਵਿੱਚ ਬਿਗੁਲ ਮਜ਼ਦੂਰ ਦਸਤਾ, ਇਨਕਲਾਬੀ ਕੇਂਦਰ ਪੰਜਾਬ, ਮੌਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਏਟਕ, ਸਰਵ ਸਾਂਝਾ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ, ਸੀਟੂ, ਕਾਮਾਗਾਟਾ ਮਾਰੂ ਯਾਦਗਾਰੀ ਕਮੇਟੀ, ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ ਪੰਜਾਬ, ਪਲਸ ਮੰਚ, ਡੈਮੋਕ੍ਰੇਟਿਕ ਇੰਪਲਾਈਜ ਫਰੰਟ ਆਦਿ ਜਥੇਬੰਦੀਆਂ ਦੇ ਆਗੂ, ਕਾਰਕੁੰਨ ਤੇ ਹੋਰ ਇਨਸਾਫ਼ਪਸੰਦ-ਜਮਹੂਰੀ ਲੋਕ ਸ਼ਾਮਲ ਸਨ। ਮੁਜ਼ਾਹਰੇ ਨੂੰ ਲਖਵਿੰਦਰ, ਪ੍ਰੋ. ਜਗਮੋਹਨ ਸਿੰਘ, ਜਸਵੰਤ ਜੀਰਖ, ਕਸਤੂਰੀ ਲਾਲ, ਕਾ. ਡੀ.ਪੀ ਮੌੜ, ਜਗਦੀਸ਼ ਚੰਦਰ, ਮਾ. ਜਸਦੇਵ ਸਿੰਘ ਲਲਤੋਂ, ਚਰਨ ਸਰਾਭਾ, ਐਡਵੋਕੇਟ ਕੁਲਦੀਪ ਸਿੰਘ, ਡਾ. ਗੁਰਵਿੰਦਰ ਆਦਿ ਨੇ ਸੰਬੋਧਿਤ ਕੀਤਾ।

-ਪੱਤਰ ਪ੍ਰੇਰਕ

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 49, 1 ਮਾਰਚ 2016 ਵਿਚ ਪਰ੍ਕਾਸ਼ਤ

Advertisements