ਅੱਜ ਵੀ ਓਨਾ ਹੀ ਸਾਰਥਕ ਹੈ ‘ਜੰਗਲ਼’ ਨਾਵਲ -ਅਰਵਿੰਦ

jangle

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)   

‘ਜੰਗਲ਼’ ਨਾਵਲ ਆਪਟਨ ਸਿੰਕਲੇਅਰ ਦੁਆਰਾ ਲਿਖਤ ਉਹ ਰਚਨਾ ਹੈ ਜਿਸਨੇ 20ਵੀਂ ਸਦੀ ਦੇ ਅਮਰੀਕੀ ਸਮਾਜ ਦੇ ਸ਼ੁਰੂਆਤੀ ਦੌਰ ‘ਤੇ ਡੂੰਘਾ ਪ੍ਰਭਾਵ ਪਾਇਆ। ਇਹ ‘ਜੰਗਲ਼’ ਨਾਵਲ ਹੀ ਸੀ ਜਿਸਨੇ ਅਮਰੀਕਾ ਵਿੱਚ ਇੱਕ ਲਹਿਰ ਜਿਹੀ ਖੜ੍ਹੀ ਕਰ ਦਿੱਤੀ ਸੀ। 1852 ਈ: ਵਿੱਚ ਪ੍ਰਕਾਸ਼ਿਤ ਹੈਰੀਅਟ ਬੀਚਰ ਸਟੋ ਦੇ ਨਾਵਲ ‘ਅੰਕਲ ਟਾਮਸ ਕੇਬਿਨ’ ਦੇ ਬਾਅਦ ਇਹ ਪਹਿਲੀ ਪੁਸਤਕ ਸੀ ਜਿਸਨੇ ਇੰਨਾ ਡੂੰਘਾ ਪ੍ਰਭਾਵ ਛੱਡਿਆ। ਇਸ ਨਾਵਲ ਦਾ ਲੜੀਵਾਰ ਪ੍ਰਕਾਸ਼ਨ ‘ਅਪੀਲ ਟੂ ਰੀਜ਼ਨ’ ਨਾਮੀ ਮੈਗਜ਼ੀਨ ਵਿੱਚ 1905 ਈ: ਵਿੱਚ ਸ਼ੁਰੂ ਹੋਇਆ। ਕੁਝ ਹੀ ਅੰਕਾਂ ਬਾਅਦ ਇਸ ਮੈਗਜ਼ੀਨ ਦੀ ਵਿਕਰੀ ਦੀ ਸੰਖਿਆ 1,75,000 ਤੱਕ ਪਹੁੰਚ ਗਈ। ਆਪਟਨ ਸਿੰਕਲੇਅਰ ਇਹੋ-ਜਿਹੇ ਰਚਨਾਕਾਰ ਸਨ ਜਿੰਨ੍ਹਾਂ ਨੇ ਜਮਾਤੀ-ਵੰਡ ਅਤੇ ਮੁਨਾਫੇ ਉੱਪਰ ਅਧਾਰਿਤ ਸਰਮਾਏਦਾਰੀ ਢਾਂਚੇ ਦੀਆਂ ਕਮੀਆਂ, ਕਰੂਪਤਾਵਾਂ ਅਤੇ ਮਾਨਵ-ਵਿਰੋਧੀ ਚਰਿੱਤਰ ਨੂੰ ਆਪਣੀ ਲੇਖਣ ਕਲਾ ਨਾਲ਼ ਵੱਧ ਤੋਂ ਵੱਧ ਉਘਾੜਨ ਦਾ ਕੰਮ ਕੀਤਾ। ਸਿੰਕਲੇਅਰ ਨੇ ਆਪਣੀ ਲੇਖਣ ਕਲਾ ਦਾ ਇਸਤੇਮਾਲ ਕੁਝ ਇਸ ਤਰ੍ਹਾਂ ਕੀਤਾ ਕਿ ਉਹ ਲੋਕਾਂ ਵਿੱਚ ਇੱਕ ਤਰ੍ਹਾਂ ਦੀ ਮਿਸਾਲ ਬਣ ਗਏ। ਸਿੰਕਲੇਅਰ ਦੇ ਹੀ ਸ਼ਬਦਾਂ ਵਿੱਚ “ਮਜ਼ਦੂਰ ਜਮਾਤ ਦਾ ਲੇਖਕ ਇੱਕ ਉਦੇਸ਼ ਨਾਲ ਲੈੱਸ ਲੇਖਕ ਹੁੰਦਾ ਹੈ; ‘ਕਲਾ, ਕਲਾ ਲਈ’ ਦੇ ਬਾਰੇ ਵਿੱਚ ਉਹ ਇੰਨਾ ਹੀ ਸੋਚਦਾ ਹੈ ਜਿੰਨਾ ਇੱਕ ਡੁੱਬਦੇ ਹੋਏ ਜਹਾਜ ਦੇ ਕੈਬਿਨ ਵਿੱਚ ਬੈਠਾ ਕੋਈ ਆਦਮੀ ਇਕ ਖੂਬਸੂਰਤ ਚਿੱਤਰ ਬਣਾਉਣ ਬਾਰੇ ਸੋਚੇ; ਉਹ ਪਹਿਲਾਂ ਕਿਨਾਰੇ ਪਹੁੰਚਣ ਬਾਰੇ ਸੋਚੇਗਾ – ਫਿਰ ਕਲਾ ਲਈ ਸੋਚਣ ਬਾਰੇ ਕਾਫੀ ਸਮਾਂ ਹੋਵੇਗਾ”
 

   ‘ਦਿ ਜੰਗਲ਼’ ਨਾਵਲ ਇੱਕ ਲਿਥੁਆਨੀਅਨ ਪ੍ਰਵਾਸੀ ਮਜ਼ਦੂਰ ਯੂਰਗਿਸ ਰੂਦਕਸ ਦੀ ਕਹਾਣੀ ਹੈ ਜੋ ਆਪਣੇ ਪਿਤਾ ਅੰਤਾਨਾਸ ਰੂਦਕਸ, ਆਪਣੀ ਮੰਗਤੇਰ ਅੋਨਾ, ਅੋਨਾ ਦੀ ਚਚੇਰੀ ਭੈਣ ਮਾਰਿਆ ਬੇਰਜਿਨਸਕਾਸ, ਉਸਦੀ ਮਤਰੇਈ ਮਾਂ ਤੇਤਾ ਏਲਜ਼ਬਿਯੇਤਾ, ਭਰਾ ਯੌਨਸ ਅਤੇ ਏਲਜ਼ਬਿਯੇਤਾ ਦੇ ਛੇ ਬੱਚਿਆਂ ਨਾਲ਼ ਸੰਯੁਕਤ ਰਾਜ ਅਮਰੀਕਾ ਵਿੱਚ ਸੁੰਦਰ ਸੁਨਹਿਰੇ ਸੁਪਨੇ ਲੈ ਕੇ ਆਉਂਦਾ ਹੈ। ਯੂਰਗਿਸ ਊਰਜਾ ਅਤੇ ਜੋਸ਼ ਨਾਲ਼ ਲਬਰੇਜ਼ ਇੱਕ ਨੌਜਵਾਨ ਸੀ ਜਿਸਦੇ ਅੰਦਰ ਜੀਵਨ ਹਲੋਰੇ ਲੈ ਰਿਹਾ ਸੀ। ਯੂਰਗਿਸ ਨੇ ਸੋਚਿਆ ਸੀ ਕਿ ਉਹ ਅਮਰੀਕਾ ਵਿੱਚ ਅਮੀਰ ਬਣ ਜਾਵੇਗਾ। ਉਸ ਨੇ ਸੁਣ ਰੱਖਿਆ ਸੀ ਕਿ ਇਸ ਦੇਸ਼ ਵਿੱਚ ਅਮੀਰ ਹੋਵੇ ਜਾਂ ਗਰੀਬ, ਹਰ ਆਦਮੀ ਅਜ਼ਾਦ ਸੀ ਅਤੇ ਆਪਣੀ ਖੂਨ-ਪਸੀਨੇ ਦੀ ਕਮਾਈ ਭ੍ਰਿਸ਼ਟ ਅਫਸਰਾਂ ਨੂੰ ਦੇਣ ਲਈ ਮਜ਼ਬੂਰ ਨਹੀਂ ਸੀ। ਉਸਨੇ ਸੋਚਆ ਸੀ ਕਿ ਉਹ ਵੀ ਸ਼ਾਨ ਨਾਲ ਜਿੰਦਗੀ ਜੀਵੇਗਾ। ਹਰ ਜ਼ਿੰਦਾਦਿਲ ਇਨਸਾਨ ਦੀ ਤਰ੍ਹਾਂ ਉਸਨੂੰ ਵੀ ਆਪਣੀਆਂ ਬਾਹਵਾਂ ਉਪਰ ਮਾਣ ਸੀ। ਯੂਰਗਿਸ ਅਤੇ ਉਸਦਾ ਪਰਿਵਾਰ ਸ਼ਿਕਾਗੋ ਤੋਂ ਸਟਾਕਯਾਰਡ ਨਾਮੀ ਇਲਾਕੇ ਵਿੱਚ ਪਹੁੰਚਿਆ ਕਿਉਂਕਿ ਇਥੇ ਯੋਨਾਸ ਦਾ ਦੋਸਤ ਯੋਕੁਬਾਸ ਜੇਦਵਿਲਾਸ ਰਹਿੰਦਾ ਸੀ ਜਿਸਨੇ ਉਸਨੂੰ ਅਮਰੀਕਾ ਦੇ ਬਾਰੇ ਦੱਸਿਆ ਸੀ। ਯੂਰਗਿਸ ਰੂਦਕਸ ਨੂੰ ਜਲਦੀ ਹੀ ਸਟਾਕਯਾਰਡ ਦੇ ਮਾਸ ਪੈਕਿੰਗ ਕਾਰਖਾਨੇ ਵਿੱਚ ਕੰਮ ਮਿਲ ਜਾਂਦਾ ਹੈ। ਇਸਦੇ ਨਾਲ ਹੀ ਮਾਰਿਆ ਅਤੇ ਯੋਨਾਸ ਨੂੰ ਵੀ ਉਥੇ ਹੀ ਅਲੱਗ-ਅਲੱਗ ਤਰ੍ਹਾਂ ਦਾ ਕੰਮ ਮਿਲ ਜਾਂਦਾ ਹੈ। ਯੂਰਗਿਸ ਦੇ ਪਿਤਾ ਅੰਤਾਨਾਸ ਵੀ ਕੰਮ ਦੀ ਤਲਾਸ਼ ਵਿੱਚ ਨਿਕਲ ਪੈਂਦੇ ਹਨ ਅਤੇ ਉਹਨਾਂ ਨੇ ਫੋਰਮੈਨ ਦੀ ਜੇਬ ਗਰਮ ਕਰਕੇ ਕੰਮ ਲੈ ਲਿਆ। ਬੱਚਿਆਂ ਦੀ ਪੜ੍ਹਾਈ ਦੇ ਬਾਰੇ ਵੀ ਸੋਚਿਆ ਗਿਆ ਅਤੇ ਅੋਨਾ ਨੂੰ ਘਰ ਵਿਚ ਹੀ ਰਹਿ ਕੇ ਏਲਜ਼ਬਿਯੇਤਾ ਦੀ ਕੰਮ ਵਿੱਚ ਮੱਦਦ ਕਰਨੀ ਪੈਂਦੀ ਸੀ। ਜਲਦੀ ਹੀ ਉਹਨਾਂ ਆਪਣਾ ਮਕਾਨ ਵੀ ਲੈ ਲਿਆ ਜੋ ਕਿਸ਼ਤਾਂ ‘ਤੇ ਸੀ। ਉਹਨਾਂ ਨੂੰ ਆਪਣੇ ਸੁਪਨੇ ਸਾਕਾਰ ਹੁੰਦੇ ਦਿੱਸੇ।

    ਇਹਨਾਂ ਲੋਕਾਂ ਨੂੰ ਜਿੱਥੇ ਕੰਮ ਮਿਲਿਆ ਸੀ ਉਹਨਾਂ ਕੁਰੱਖਤ ਕਾਰਖਾਨਿਆਂ ਵਿੱਚ ਸਿਰਫ਼ ਮਾਸ ਦੀ ਪੈਕਿੰਗ ਹੀ ਨਹੀਂ ਹੁੰਦੀ ਸੀ ਸਗੋਂ ਪਸ਼ੂਆਂ ਦੇ ਰੌਲੇ ਨੂੰ ਛੱਡ ਕੇ ਉਹਨਾਂ ਦੇ ਹਰ ਅੰਗ ਨੂੰ ‘ਉਪਯੋਗੀ’ ਬਣਾਕੇ ਵੇਚ ਦਿੱਤਾ ਜਾਂਦਾ ਸੀ, ਗਲੇ-ਸੜੇ ਮਾਸ ਨੂੰ ਵੀ ਕੈਮਿਕਲ ਮਿਲਾਕੇ ਵੇਚ ਦਿੱਤਾ ਜਾਂਦਾ ਸੀ। ਇੱਥੇ ਯੂਰਗਿਸ ਨੇ ਬਹੁਤ ਵੱਡੇ ਪੱਧਰ ‘ਤੇ ਇਕੱਠੀ ਹੋਈ ਪੂੰਜੀ ਅਤੇ ਮਨੁੱਖੀ ਮਿਹਨਤ ਦੇ ਜੋੜ ਨੂੰ ਦੇਖਿਆ। ਉਸਨੇ ਮਿਹਨਤ ਦੇ ਸਮਾਜੀਕਰਨ ਨੂੰ ਦੇਖਿਆ। ਇੱਥੇ ਹਜਾਰਾਂ ਲੋਕ ਇਕੱਠੇ ਕੰਮ ਕਰਦੇ ਸਨ। ਉਸਨੇ ਉਤਪਾਦਕਤਾ ਵਧਾਉਣ ਵਾਲ਼ੇ ਹੱਥਕੰਡੇ ਵੀ ਦੇਖੇ ਜਿਹਨਾਂ ਦੁਆਰਾ ਮਜ਼ਦੂਰਾਂ ਦੀ ਤਾਕਤ ਦਾ ਆਖਰੀ ਕਤਰਾ ਤੱਕ ਨਿਚੋੜ ਲਿਆ ਜਾਂਦਾ ਸੀ। ਇੱਥੇ ਯੂਰਗਿਸ ਨੂੰ ਮਜ਼ਦੂਰ ਯੂਨੀਅਨਾਂ ਬਾਰੇ ਵੀ ਪਤਾ ਲੱਗਿਆ ਜੋ ਮਜ਼ਦੂਰਾਂ ਦੇ ਹਿੱਤਾਂ ਦੇ ਲਈ ਅਵਾਜ਼ ਉਠਾਉਂਦੀਆਂ ਸਨ। ਇਥੇ ਹੀ ਯੂਰਗਿਸ ਦਾ ਸਾਹਮਣਾ ਮੁਨਾਫੇ ਦੀ ਦੁਨੀਆਂ ਨਾਲ਼ ਹੋਣਾ ਸ਼ੁਰੂ ਹੋਇਆ। ਇੰਨੀ ਮਿਹਨਤ ਕਰਕੇ ਜਿਸ ਤਰੱਕੀ ਬਾਰੇ ਉਹ ਇੰਨੀ ਸਰਲਤਾ ਨਾਲ਼ ਸੋਚਦਾ ਸੀ ਉਸਦੀ ਅਸਲੀਅਤ ਜਲਦੀ ਹੀ ਉਸਦੇ ਸਾਹਮਣੇ ਆ ਗਈ।

  “ਯੂਰਗਿਸ ਇੱਥੇ ਇਹ ਸੋਚ ਕੇ ਆਇਆ ਸੀ ਕਿ ਉਹ ਉਪਯੋਗੀ ਕੰਮ ਕਰੇਗਾ ਅਤੇ ਕੁਸ਼ਲ ਮਜ਼ਦੂਰ ਬਣਕੇ ਤਰੱਕੀ ਕਰੇਗਾ ਪਰ ਜਲਦੀ ਹੀ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਏਗਾ ਕਿਉਂਕਿ ਪੂਰੇ ਪੈਕਿੰਗਟਾਊਨ ਵਿੱਚ ਚੰਗਾ ਕੰਮ ਕਰਕੇ ਕੋਈ ਤਰੱਕੀ ਨਹੀਂ ਕਰ ਸਕਦਾ। ਤੁਸੀਂ ਇਸਨੂੰ ਇੱਕ ਨਿਯਮ ਮੰਨ ਸਕਦੇ ਹੋ। ਜੇਕਰ ਤੁਹਾਨੂੰ ਪੈਕਿੰਗਟਾਊਨ ਵਿੱਚ ਤਰੱਕੀ ਕਰਦਾ ਹੋਇਆ ਕੋਈ ਆਦਮੀ ਮਿਲੇ ਤਾਂ ਮੰਨ ਲੈਣਾ ਤੁਹਾਡੀ ਮੁਲਾਕਾਤ ਕਿਸੇ ਚਲਾਕ ਆਦਮੀ ਨਾਲ਼ ਹੋਈ ਹੈ। ਆਪਣੇ ਸਾਥੀਆਂ ਦੇ ਬਾਰੇ ਕਿੱਸੇ ਘੜ੍ਹਨ ਵਾਲ਼ਾ ਅਤੇ ਉਹਨਾਂ ਦੀ ਜਾਸੂਸੀ ਕਰਨ ਵਾਲ਼ਾ ਆਦਮੀ ਤਰੱਕੀ ਕਰੇਗਾ ਪਰ ਜੋ ਆਦਮੀ ਬਸ ਆਪਣੇ ਕੰਮ ਨਾਲ਼ ਮਤਲਬ ਰੱਖੇਗਾ ਉਸਨੂੰ ਇਹ ਲੋਕ ‘ਰਫ਼ਤਾਰ ਵਧਾਕੇ’ ਨਿਚੋੜ ਸੁੱਟਣਗੇ ਅਤੇ ਫਿਰ ਗਟਰ ਵਿੱਚ ਸੁੱਟ ਦੇਣਗੇ। “ਮਾਰਿਆ, ਯੋਨਾਸ ਅਤੇ ਅੰਤਾਨਾਸ ਦੀਆਂ ਕੰਮ ਕਰਨ ਦੀਆਂ ਸਥਿਤੀਆਂ ਵੀ ਲਗਭਗ ਅਜਿਹੀਆਂ ਹੀ ਸਨ। ਉਹਨਾਂ ਦੀਆਂ ਹੀ ਨਹੀਂ ਸਗੋਂ ਉਹਨਾਂ ਵਰਗੇ ਲੱਖਾਂ ਮਜ਼ਦੂਰ ਬਿਨਾਂ ਕਿਸੇ ਸੁਰੱਖਿਆ ਸਾਧਨ ਦੇ ਆਪਣਾ ਖੁਨ-ਪਸੀਨਾ ਇੱਕ ਕਰਦੇ ਸਨ ਅਤੇ ਪਸ਼ੂਆਂ ਦੀ ਤਰ੍ਹਾਂ ਖੁਦ ਵੀ ਮੌਤ ਦਾ ਸ਼ਿਕਾਰ ਹੁੰਦੇ ਸਨ। ਜਲਦੀ ਹੀ ਯੂਰਗਿਸ ਨੂੰ ਪਤਾ ਚੱਲਿਆ ਕਿ ਜੋ ਮਕਾਨ ਉਹਨਾਂ ਨੇ ਕਿਸ਼ਤਾਂ ‘ਤੇ ਲਿਆ ਸੀ ਉਸ ਵਿੱਚ ਵੀ ਉਹਨਾਂ ਦੇ ਨਾਲ਼ ਧੋਖਾ ਹੋਇਆ ਹੈ। ਜਿਸ ਕੰਪਨੀ ਨੇ ਉਹਨਾਂ ਨੂੰ ਮਕਾਨ ਵੇਚਿਆ ਸੀ, ਉਹ ਕਈ ਵਾਰ ਇਸ ਮਕਾਨ ਨੂੰ ਵੇਚ ਚੁੱਕੀ ਹੈ ਅਤੇ ਇਥੇ ਉਹਨਾਂ ਦਾ ਇਕ ਪੂਰਾ ਗਿਰੋਹ ਸੀ ਜਿਸਦਾ ਕੰਮ ਲੋਕਾਂ ਨੂੰ ਸਬਜ਼ਬਾਗ ਦਿਖਾ ਕੇ ਠੱਗਣਾ ਸੀ। ਕੰਪਨੀ ਨੇ ਯੂਰਗਿਸ ਅਤੇ ਉਸਦੇ ਪਰਿਵਾਰ ਨੂੰ ਵਿਆਜ ਬਾਰੇ ਨਹੀਂ ਦੱਸਿਆ ਸੀ ਅਤੇ ਜੇਕਰ ਉਹ ਕਿਸ਼ਤ ਦੇ ਨਾਲ਼ ਵਿਆਜ ਨਹੀਂ ਦੇਂਦੇ ਤਾਂ ਦਿੱਤੇ ਗਏ ਪੈਸੇ ਅਤੇ ਮਕਾਨ ਦੋਨਾਂ ਤੋਂ ਹੀ ਉਹਨਾਂ ਨੂੰ ਹੱਥ ਧੋਣਾ ਪੈਂਦਾ। ਪਰ ਹਰ ਵਾਰ ਦੀ ਤਰ੍ਹਾਂ ਉਹਨਾਂ ਨੇ ਸੋਚਿਆ ਸੀ ਕਿ ਅਸੀਂ ਕਰੜੀ ਮਿਹਨਤ ਨਾਲ ਕੰਮ ਕਰਾਂਗੇ। ਅੋਨਾ ਅਤੇ ਏਲਜ਼ਬਿਅਤਾ ਦੇ ਵੱਡੇ ਲੜਕੇ (ਜੋ ਸਿਰਫ਼ 14 ਸਾਲ ਦਾ ਸੀ) ਨੇ ਵੀ ਕੰਮ ‘ਤੇ ਜਾਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਯੂਰਗਿਸ ਅਤੇ ਅੋਨਾ ਦਾ ਵਿਆਹ ਵੀ ਹੋ ਗਿਆ ਜਿਸਨੇ ਉਹਨਾਂ ਸਿਰ ਲਗਪਗ 100 ਡਾਲਰ ਦਾ ਕਰਜਾ ਚੜਾ੍ਹ ਦਿੱਤਾ। ਵਿਆਹ ਦੇ ਅਗਲੇ ਦਿਨ ਤੋਂ ਹੀ ਉਹਨਾਂ ਨੂੰ ਮੁਨਾਫੇ ਦੀ ਬੇਰਹਿਮ ਦੁਨੀਆਂ ਨਾਲ਼ ਟਕਰਾਉਣ ਲਈ ਕੰਮ ‘ਤੇ ਨਿਕਲਣਾ ਪਿਆ। “ਉਹਨਾਂ ਦੇ ਸਿਰਾਂ ‘ਤੇ ਥੁੜਾਂ ਦਾ ਨਿਰਦਈ ਚਾਬੁਕ ਲਹਿਰਾ ਰਿਹਾ ਸੀ। ਵਿਆਹ ਦੀ ਅਗਲੀ ਸਵੇਰ ਉਸਨੇ ਉਹਨਾਂ ਨੂੰ ਲੱਭ ਲਿਆ ਅਤੇ ਦਿਨ ਨਿਕਲਣ ਤੋਂ ਪਹਿਲਾਂ ਉਹਨਾਂ ਨੂੰ ਕੰਮ ‘ਤੇ ਭੇਜ ਦਿੱਤਾ।”

ਅੰਤਾਨਾਸ (ਯੂਗ੍ਰਿਸ ਦੇ ਪਿਤਾ) ਦੇ ਕੰਮ ਦੀਆਂ ਭਿਅੰਕਰ ਗੰਦੀਆਂ ਸਥਿਤੀਆਂ ਕਾਰਨ ਪੈਰ ਗਲਣ ਲੱਗੇ ਅਤੇ ਹਰ ਵਕਤ ਰਹਿਣ ਵਾਲ਼ੀ ਸਿਲ੍ਹ ਕਾਰਨ ਉਹਨੂੰ ਭਿਅੰਕਰ ਖੰਘ ਨੇ ਜਕੜ ਲਿਆ ਤੇ ਐਸਾ ਜਕੜਿਆ ਕਿ ਖੂਨੀ ਖੰਘ ਦੇ ਇੱਕ ਜ਼ਬਰਦਸਤ ਦੌਰੇ ਨੇ ਉਸਦੀ ਜਾਨ ਹੀ ਲੈ ਲਈ। ਅੰਤਾਨਾਸ ਪਹਿਲਾ ਵਿਅਕਤੀ ਨਹੀਂ ਸੀ ਜਿਸਦੀ ਜਾਨ ਗਈ। ਸਰਦੀਆਂ ਵਿੱਚ ਨਿਮੋਨੀਏ ਅਤੇ ਫਲੂ ਦੇ ਹਮਲੇ ਹੁੰਦੇ ਸਨ ਜੋ ਸਾਲ ਭਰ ਭੁੱਖ ਅਤੇ ਕਪੋਸ਼ਣ ਨਾਲ਼ ਕਮਜ਼ੋਰ ਪਏ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਵੱਡੀ ਸੰਖਿਆ ਵਿੱਚ ਲੋਕ ਮੌਤ ਦਾ ਸ਼ਿਕਾਰ ਹੋ ਜਾਂਦੇ ਸਨ। ਪਰ ਹਜ਼ਾਰਾਂ ਨਵੇਂ ਬੇਰੁਜ਼ਗਾਰ ਲੋਕ ਉਹਨਾਂ ਦਾ ਸਥਾਨ ਲੈਣ ਲਈ ਆ ਜਾਂਦੇ ਸਨ। ਬੁੱਚੜਖਾਨਿਆਂ ਵਿੱਚ ਕੰਮ ਕਰਨ ਵਾਲ਼ੇ ਲੋਕਾਂ ਕੋਲ ਸੁਰੱਖਿਆ ਦੇ ਨਾਮ ‘ਤੇ ਦਸਤਾਨਿਆਂ ਵਰਗਾ ਕੁੱਝ ਨਹੀਂ ਸੀ ਅਤੇ ਛੁਰੀਆਂ- ਚਾਕੂਆਂ ਨਾਲ ਕੰਮ ਕਰਦੇ ਸਮੇਂ ਹਮੇਸ਼ਾ ਕੀਟਾਣੂਆਂ ਸੰਬੰਧੀ ਬਿਮਾਰੀਆਂ ਫੈਲਣ ਦਾ ਖਤਰਾ ਸੀ। ਸਰਦੀਆਂ ਵਿਚ ਪਰਿਵਾਰ ਨੂੰ ਭਿਅੰਕਰ ਤੰਗੀ ਦਾ ਸ਼ਿਕਾਰ ਹੋਣਾ ਪਿਆ, ਉਹਨਾਂ ਕੋਲ ਨਾ ਤਾਂ ਜਲਾਉਣ ਲਈ ਕੋਲਾ ਸੀ ਤੇ ਨਾ ਹੀ ਉੱਤੇ ਲੈਣ ਲਈ ਪੂਰੇ ਕੱਪੜੇ ਸਨ। ਇਸ ਪ੍ਰਕਾਰ ਉਹ ਜੀਵਨ ਦੀਆਂ ਕਠੋਰ ਸ਼ਰਤਾਂ ‘ਤੇ ਜੀ ਰਹੇ ਸਨ। “ਉਹ ਸਾਰਾ ਦਿਨ ਅਤੇ ਸਾਰੀ ਰਾਤ ਡਰ ਨਾਲ ਜਿਉਂਦੇ ਸਨ, ਦਰਅਸਲ ਇਹ ਜਿਉਂਣਾ ਨਹੀਂ ਸੀ; ਇਸਨੂੰ ਤਾਂ ਹੋਂਦ ਨੂੰ ਬਣਾਈ ਰੱਖਣਾ ਵੀ ਬੜੀ ਮੁਸ਼ਕਿਲ ਨਾਲ ਕਿਹਾ ਜਾ ਸਕਦਾ ਸੀ। ਉਹਨਾਂ ਨੂੰ ਲੱਗਦਾ ਸੀ ਕੇ ਉਹ ਬੜੀ ਮਹਿੰਗੀ ਕੀਮਤ ਚੁੱਕਾ ਰਹੇ ਹਨ। ਉਹ ਸਾਰਾ ਸਮਾਂ ਕੰਮ ਕਰਨ ਲਈ ਤਿਆਰ ਸਨ; ਅਤੇ ਜਦੋਂ ਲੋਕ ਆਪਣੀ ਪੂਰੀ ਤਾਕਤ ਲਗਾ ਕੇ ਕੰਮ ਕਰਦੇ ਹਨ ਤਾਂ ਕੀ ਉਹਨਾਂ ਨੂੰ ਜੀਉਣ ਦਾ ਵੀ ਅਧਿਕਾਰ ਨਹੀਂ ਮਿਲਣਾ ਚਾਹੀਦਾ? ਹੁਣ ਘਟਨਾਵਾਂ ਮੋੜ ਲੈਣਾ ਸ਼ੁਰੂ ਕਰਦੀਆਂ ਹਨ। ਮਾਰਿਆ ਦੀ ਨੌਕਰੀ ਛੁੱਟ ਜਾਂਦੀ ਹੈ ਅਤੇ ਅੋਨਾ ਨੂੰ ਉਸਦੀ ਫੈਕਟਰੀ ਦੀ ਮਾਲਕਣ ਅਤੇ ਫੋਰਮੈਨ ਦੇ ਦੁਆਰਾ ਮਜ਼ਬੂਰ ਕੀਤਾ ਜਾਂਦਾ ਹੈ ਕਿ ਉਹ ਆਪਣੇ ਅਤੇ ਆਪਣੇ ਪਰਿਵਾਰ ਦੀ ਹੋਂਦ ਨੂੰ ਬਚਾਉਣ ਲਈ ਦੇਹ ਦਾ ਸੌਦਾ ਕਰੇ। ਇਸੇ ਦੌਰਾਨ ਯੂਰਗਿਸ ਇਕ ਬੱਚੇ ਦਾ ਪਿਤਾ ਬਣ ਗਿਆ ਅਤੇ ਉਸਦਾ ਨਾਂ ਵੀ ਯੂਰਗਿਸ ਦੇ ਪਿਤਾ ਦੀ ਯਾਦ ਵਿੱਚ ਅੰਤਾਨਾਸ ਰੱਖਿਆ ਗਿਆ। ਯੋਨਾਸ ਬਦਹਾਲੀ ਤੋਂ ਤੰਗ ਆ ਕੇ ਕਿਤੇ ਚਲਿਆ ਗਿਆ ਕਿਉਂਕਿ ਆਪਣੇ ਹਿੱਸੇ ਦਾ ਖਰਚ ਦੇਣ ਦੇ ਬਾਵਜੂਦ ਵੀ ਪਰਿਵਾਰ ਵਿਚ ਉਸਨੂੰ ਸਕੂਨ ਨਸੀਬ ਨਹੀਂ ਹੋਇਆ। ਯੂਰਗਿਸ ਕੰਮ ਦੌਰਾਨ ਜਦੋਂ ਕਿਸੇ ਜਾਨਵਰ ਤੋਂ ਜਖ਼ਮੀ ਹੋ ਗਿਆ ਤਾਂ ਉਸਨੂੰ ਕਈ ਦਿਨਾਂ ਤੱਕ ਆਰਾਮ ਦੀ ਜਰੂਰਤ ਪਈ ਪਰ ਉਸਦੀ ਜਗ੍ਹਾ ‘ਤੇ ਦੂਜਾ ਆਦਮੀ ਰੱਖ ਲਿਆ ਗਿਆ, “ਹੁਣ ਉਸਨੂੰ ਹੋਰ ਹਜ਼ਾਰਾਂ ਲੋਕਾਂ ਦੀ ਤਰ੍ਹਾਂ ਬੇਰੁਜ਼ਗਾਰ ਹੋਣਾ ਪਿਆ ਕਿਉਂਕਿ ਹੁਣ ਉਹ ਇੱਕ ਕਮਜ਼ੋਰ ਅਤੇ ਨਿਚੋੜ ਲਿਆ ਗਿਆ ਪੁਰਜਾ ਮਾਤਰ ਸੀ। ਅੇਲਜ਼ਬਿਯਤਾ ਦੇ ਸਭ ਤੋਂ ਛੋਟੇ ਬੱਚੇ ਦੀ ਬਦਹਾਲੀ ਕਾਰਨ ਮੌਤ ਹੋ ਗਈ ਅਤੇ ਦੂਜੇ ਬੱਚੇ ਅਖਬਾਰ ਵੇਚ ਕੇ ਪਰਿਵਾਰ ਦੀ ਮੱਦਦ ਕਰਨ ਲੱਗੇ। ਜਦੋਂ ਯੂਰਗਿਸ ਨੂੰ ਪਤਾ ਲੱਗਿਆ ਕਿ ਕਾਨਰ ਨਾਂ ਦੇ ਫੋਰਮੈਨ ਨੇ ਅੋਨਾ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ ਤਾਂ ਯੂਰਗਿਸ ਦਾ ਖੂਨ ਖੌਲ ਉੱਠਿਆ। ਉਸਨੇ ਕਾਨਰ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਜਿਸ ਕਰਕੇ ਉਸਨੂੰ 33 ਦਿਨਾਂ ਦੀ ਜੇਲ੍ਹ ਹੋ ਗਈ। ਇਸ ਤਰ੍ਹਾਂ ਉਸਦੇ ਸੁਪਨੇ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਖਿੰਡਦੇ ਚਲੇ ਗਏ। ਯੂਰਗਿਸ ਇਥੋਂ ਹੀ ਟੁੱਟਣਾ ਸ਼ੁਰੂ ਹੋ ਗਿਆ ਅਤੇ ਜੇਲ੍ਹ ਵਿੱਚੋਂ ਛੁੱਟਣ ਤੱਕ ਉਸਦਾ ਮਕਾਨ ਵੀ ਖੋਹ ਲਿਆ ਗਿਆ ਸੀ। ਉਹ ਫਿਰ ਤੋਂ ਕਿਰਾਏ ਦੇ ਘਰ ਵਿੱਚ ਆ ਗਏ। ਉੱਥੇ ਅੋਨਾ ਦੀ ਕਮਜ਼ੋਰੀ ਕਾਰਨ ਦੂਸਰਾ ਬੱਚਾ ਪੈਦਾ ਹੁੰਦੇ ਸਮੇਂ ਮੌਤ ਹੋ ਜਾਂਦੀ ਹੈ।ਪਰ ਯੂਰਗਿਸ ਨੇ ਆਪਣੇ ਪਹਿਲੇ ਬੇਟੇ ਅੰਤਾਨਾਸ ਦੀ ਖਾਤਿਰ ਇੱਕ ਵਾਰ ਫਿਰ ਸੰਘਰਸ਼ ਕਰਨ ਦੀ ਕੋਸ਼ਿਸ਼ ਕੀਤੀ। ਉਹ ਅੋਨਾ ਦੇ ਦਫਨਾਏ ਜਾਣ ਤੋਂ ਪਹਿਲਾਂ ਹੀ ਕੰਮ ਲੱਭਣ ਨਿਕਲ ਪਿਆ ਪਰ ਉਸਨੂੰ “ਬਲੈਕ ਲਿਸਟ” ਵਿੱਚ ਪਾਇਆ ਜਾ ਚੁੱਕਿਆ ਸੀ ਕਿਉਂਕਿ ਉਸਨੇ ਇੱਕ ਫੋਰਮੈਨ ਨੂੰ ਕੁੱਟਣ ਦੀ ਹਿੰਮਤ ਕੀਤੀ ਸੀ। ਯੂਨੀਅਨ ਦੇ ਕੁਝ ਪੁਰਾਣੇ ਸਾਥੀਆਂ ਦੀ ਮੱਦਦ ਨਾਲ਼ ਉਸਨੂੰ ਹਾਰਵੈਸਟਰ ਦੇ ਕਾਰਖਾਨੇ ਵਿੱਚ ਕੰਮ ਮਿਲ ਗਿਆ ਜੋ ਨੌਂ ਦਿਨ ਬਾਅਦ ਹੀ ਤਾਲਾਬੰਦੀ ਕਾਰਨ ਛੁੱਟ ਗਿਆ। ਫਿਰ ਯੂਰਗਿਸ ਨੇ ਅਨੇਕ ਥਾਵਾਂ ‘ਤੇ ਕੰਮ ਲੱਭਣ ਦੀ ਕੋਸ਼ਿਸ਼ ਕੀਤੀ ਪਰ ਹਰ ਜਗ੍ਹਾ ਨਿਰਾਸ਼ਾ ਹੀ ਹੱਥ ਲੱਗੀ। ਫਿਰ ਯੂਰਗਿਸ ਨੂੰ ਇੱਕ ਸਟੀਲ ਕਾਰਖਾਨੇ ਵਿੱਚ ਕੰਮ ਮਿਲਦਾ ਹੈ। ਇਸੇ ਦੌਰਾਨ ਇਕ ਟੋਭੇ ਵਿੱਚ ਡੁੱਭਣ ਕਰਕੇ ਅੰਤਾਨਾਸ ਦੀ ਮੌਤ ਹੋ ਗਈ। ਇਸ ਨੇ ਯੂਰਗਿਸ ਨੂੰ ਬੁਰੀ ਤਰ੍ਹਾਂ ਨਾਲ਼ ਤੋੜ ਦਿੱਤਾ। ਜੀਵਨ ਵਿੱਚ ਹੁਣ ਉਸਦੀ ਆਸਥਾ ਡਗਮਗਾਉਣ ਲੱਗੀ ਅਤੇ ਉਸਦੀਆਂ ਭਾਵਨਾਵਾਂ ਖਤਮ ਹੋ ਗਈਆਂ। ਉਹ ਘਰ ਛੱਡ ਕੇ ਦੇਹਾਤੀ ਖੇਤਰ ਵੱਲ ਚਲਾ ਗਿਆ। ਕੁਝ ਦਿਨ ਅਵਾਰਾਗਰਦੀ ਵਿੱਚ ਬਿਤਾਉਣ ਤੋਂ ਬਾਅਦ ਉਹ ਫਿਰ ਸ਼ਹਿਰ ਆ ਜਾਂਦਾ ਹੈ ਜਿੱਥੇ ਉਸਨੂੰ ਰੇਲਵੇ ਸੁਰੰਗ ਖੋਦਣ ਦਾ ਕੰਮ ਮਿਲ ਜਾਂਦਾ ਹੈ। ਉਥੇ ਫਿਰ ਤੋਂ ਇੱਕ ਦੁਰਘਟਨਾ ਨੇ ਉਸਨੂ ਲੰਗੜਾ ਬਣਾ ਦਿੱਤਾ ਅਤੇ ਉਹ ਫਿਰ ਤੋਂ ਸੜਕ ‘ਤੇ ਆ ਗਿਆ ਜਿੱਥੇ ਉਸ ਵਰਗੇ ਥੱਕੇ-ਟੁੱਟੇ ਬਹੁਤ ਲੋਕ ਸੀ ਜਿਹਨਾਂ ਨੂੰ ਮੁਨਾਫੇ ਦੀ ਦੁਨੀਆਂ ਨੇ ਨਿਚੋੜ ਕੇ ਸਮਾਜ ‘ਚੋਂ ਬਾਹਰ ਕਰ ਦਿੱਤਾ ਸੀ। ਇੱਥੇ ਯੂਰਗਿਸ ਭੀਖ ਮੰਗਣ ਲਈ ਮਜਬੂਰ ਹੋ ਗਿਆ। ਇਹਨਾਂ ਉਤਾਰਾਂ-ਚੜਾਵਾਂ ਦੇ ਦੌਰਾਨ ਹੀ ਅਮਰੀਕਾ ਵਿਚ ਚੋਣਾਂ ਸ਼ੁਰੂ ਹੋ ਗਈਆਂ ਜਿੱਥੇ ਯੂਰਗਿਸ ਨੇ ਡੈਮੋਕ੍ਰੇਟਾਂ ਅਤੇ ਰਿਪਬਲਿਕਨਾਂ ਦੀਆਂ ਵੋਟ ਤਿਕੜਮਾਂ ਤੇ ਧੋਖੇਬਾਜੀਆਂ ਦੇਖੀਆਂ। “ਅਤੇ ਇਸ ਤਰ੍ਹਾਂ ਯੂਰਗਿਸ  ਨੂੰ ਸ਼ਿਕਾਗੋ ਦੀ ਦੁਨੀਆਂ ਦੇ ਉੱਚੇ ਤਬਕਿਆਂ ਦੀ ਇੱਕ ਝਲਕ ਮਿਲੀ। ਇਸ ਸ਼ਹਿਰ ‘ਤੇ ਨਾਮ ਲਈ ਤਾਂ ਲੋਕਾਂ ਦਾ ਸ਼ਾਸਨ ਸੀ ਪਰ ਇਸਦਾ ਅਸਲੀ ਮਾਲਕ ਸਰਮਾਏਦਾਰਾਂ ਦੀ ਇੱਕ ਜੁੰਡਲੀ ਸੀ। ਅਤੇ ਸੱਤਾ ਆਪਣੇ ਹੱਥਾਂ ਵਿਚ ਕਾਇਮ ਰੱਖਣ ਲਈ ਅਪਰਾਧੀਆਂ ਦੀ ਇੱਕ ਲੰਬੀ-ਚੌੜੀ ਫੋਜ ਦੀ ਜਰੂਰਤ ਪੈਂਦੀ ਸੀ। ਸਾਲ ਵਿਚ ਦੋ ਵਾਰ ਬਸੰਤ ਅਤੇ ਪੱਤਝੜ ਦੇ ਮੌਸਮ ਦੇ ਸਮੇਂ ਹੋਣ ਵਾਲ਼ੀਆਂ ਚੋਣਾਂ ਵਿੱਚ ਸਰਮਾਏਦਾਰ ਲੱਖਾਂ ਡਾਲਰ ਮੁਹੱਈਆ ਕਰਵਾਉਂਦੇ ਸੀ ਜਿਹਨਾਂ ਨੂੰ ਇਹ ਫੌਜ ਖਰਚ ਕਰਦੀ ਸੀ – ਮੀਟਿੰਗਾਂ ਅਯੋਜਿਤ ਕੀਤੀਆਂ ਜਾਂਦੀਆਂ ਸਨ ਅਤੇ ਕੁਸ਼ਲ ਬੁਲਾਰੇ ਭਾੜੇ ‘ਤੇ ਬੁਲਾਏ ਜਾਂਦੇ ਸਨ ਅਤੇ ਆਤਿਸ਼ਬਾਜੀ ਕੀਤੀ ਜਾਂਦੀ ਸੀ, ਟਨਾਂ ਦੀ ਗਿਣਤੀ ਵਿੱਚ ਪਰਚੇ ਅਤੇ ਹਜਾਰਾਂ ਲਿਟਰ ਸ਼ਰਾਬ ਵੰਡੀ ਜਾਂਦੀ ਸੀ। ਕਈ ਹਜ਼ਾਰਾਂ ਵੋਟ ਪੈਸੇ ਦੇ ਕੇ ਖਰੀਦੇ ਜਾਂਦੇ ਸਨ। ਜਾਹਿਰ ਹੈ ਕਿ ਅਪਰਾਧੀਆਂ ਦੀ ਇਸ ਫੌਜ ਨੂੰ ਸਾਲ ਭਰ ਟਿਕਾਈ ਰੱਖਣਾ ਪੈਂਦਾ ਸੀ। ਲੀਡਰਾਂ ਅਤੇ ਜੱਥਬੰਦਕਾਂ ਦਾ ਖਰਚ ਸਰਮਾਏਦਾਰਾਂ ਤੋਂ ਸਿੱਧੇ ਮਿਲਣ ਵਾਲੇ ਪੈਸੇ ਨਾਲ ਚੱਲਦਾ ਸੀ – ਪ੍ਰੀਸ਼ਦਾਂ ਅਤੇ ਵਿਧਾਨਿਕਾਂ ਦਾ ਰਿਸ਼ਵਤ ਨਾਲ, ਪਾਰਟੀ ਅਹੁਦੇਦਾਰਾਂ ਦਾ ਚੋਣ ਪ੍ਰਚਾਰ ਦੇ ਫੰਡ ਨਾਲ਼, ਵਕੀਲਾਂ ਦਾ ਤਨਖਾਹ ਨਾਲ਼, ਯੂਨੀਅਨ ਆਗੂਆਂ ਦਾ ਚੰਦੇ ਨਾਲ਼ ਅਤੇ ਅਖਬਾਰ ਮਾਲਕਾਂ ਅਤੇ ਸੰਪਾਦਕਾਂ ਦਾ ਵਿਗਿਆਪਨਾਂ ਨਾਲ…“ਅੰਤ ਵਿਚ ਇਹ ਸਾਰਾ ਖਰਚ ਮਜ਼ਦੂਰ ਅਤੇ ਗਰੀਬ ਆਬਾਦੀ ਤੋਂ ਹੀ ਵਸੂਲ ਹੁੰਦਾ ਸੀ। ਚੋਣਾਂ ਵਿੱਚ ਯੂਰਗਿਸ ਨੇ ਵੀ ਕੁਝ ਹੱਥ ਮਾਰਿਆ ਅਤੇ ਪੈਸੇ ਨੂੰ ਅਮਾਨਵੀਕਰਨ ਦੇ ਕਾਰਣ ਜੂਏ, ਸ਼ਰਾਬ ਅਤੇ ਮੌਜ ਮਸਤੀ ਵਿੱਚ ਉਡਾ ਦਿੱਤਾ। ਉਸਨੇ ਅਲਜ਼ਬਿਯੇਤਾ ਅਤੇ ਪਰਿਵਾਰ ਬਾਰੇ ਸੋਚਣਾ ਹੀ ਛੱਡ ਦਿੱਤਾ। ਚੋਣਾਂ ਦੇ ਬਾਅਦ ਪੈਕਰਾਂ ਅਤੇ ਯੂਨੀਅਨਾਂ ਦੇ ਵਿੱਚ ਹੋਏ ਸਮਝੋਤੇ ਦਾ ਅਰਸਾ ਖਤਮ ਹੋ ਗਿਆ। ਇੱਕ ਪਾਸੇ ਮਾਲਕ ਮਜ਼ਦੂਰੀ ਨੂੰ ਘਟਾਉਂਦੇ ਜਾ ਰਹੇ ਸਨ ਅਰਥਾਤ ਛਾਂਟੀ ਕਰ ਰਹੇ ਸੀ ਦੂਜੇ ਪਾਸੇ ਮਜ਼ਦੂਰ ਇਸਦੇ ਵਿਰੋਧ ਵਿੱਚ ਹੜਤਾਲ ਦਾ ਫੈਸਲਾ ਕਰ ਚੁੱਕੇ ਸਨ। ਪੰਜਾਹ-ਸੱਠ ਹਜ਼ਾਰ ਮਜ਼ਦੂਰਾਂ ਨੇ ਕੰਮ ਛੱਡ ਦਿੱਤਾ ਅਤੇ ਫੈਕਟਰੀਆਂ ਵਿੱਚੋਂ ਬਾਹਰ ਆ ਗਏ। ਦੇਸ਼ ਵਿਆਪੀ ‘ਮਾਸ ਹੜਤਾਲ’ ਸ਼ੁਰੂ ਹੋ ਗਈ। ਯੂਰਗਿਸ ਹੜਤਾਲ ਦੇ ਗ਼ੱਦਾਰਾਂ ਵਿੱਚ ਸ਼ਾਮਲ ਹੋ ਜਾਂਦਾ ਹੈ। ਪੂੰਜੀਪਤੀ ਭਿੰਨ-ਭਿੰਨ ਤਰੀਕਿਆਂ ਨਾਲ਼ ਮਜ਼ਦੂਰਾਂ ਨੂੰ ਹਰਾਉਣ ‘ਤੇ ਆਏ ਹੋਏ ਸਨ। ਦੂਰ-ਦੂਰ ਤੋਂ ਖਿਚ ਕੇ ਮਜ਼ਦੂਰਾਂ ਨੂੰ ਕੰਮ ਲਈ ਲਿਆਇਆ ਜਾ ਰਿਹਾ ਸੀ। ਯੂਰਗਿਸ ਨੇ ਇਸ ਸਮੇਂ ਮਹਿੰਗੀ ਮਜ਼ਦੂਰੀ ‘ਤੇ ਕੰਮ ਕੀਤਾ ਅਤੇ ਖੂਬ ਪੈਸਾ ਕਮਾਇਆ। ਇੱਥੇ ਉਸਦੀ ਕਾਨਰ ਨਾਲ਼ ਫਿਰ ਲੜਾਈ ਹੋ ਜਾਂਦੀ ਹੈ ਅਤੇ ਯੂਰਗਿਸ ਫਸਾਦ ਦੇ ਆਰੋਪ ਵਿੱਚ ਫਿਰ ਜੇਲ੍ਹ ਜਾਂਦਾ ਹੈ ਅਤੇ ਸਾਰਾ ਪੈਸਾ ਗਵਾ ਦਿੰਦਾ ਹੈ।

    ਜੇਲ੍ਹ ਤੋਂ ਛੁੱਟਣ ਤੋਂ ਬਾਅਦ ਯੂਰਗਿਸ ਫਿਰ ਤੋਂ ਸਮਾਜ ਤੋਂ ਛੇਕਿਆ ਆਵਾਰਾ ਅਤੇ ਲੰਗੜਾ ਹੋ ਗਿਆ। ਕਈ ਦਿਨਾਂ ਤੱਕ ਉਹ ਇਸ ਤਰ੍ਹਾਂ ਹੀ ਭੁੱਖ ਨਾਲ਼ ਤੜਫਦਾ ਭਟਕਦਾ ਰਿਹਾ। ਕੁਝ ਦਿਨਾਂ ਬਾਅਦ ਹੜਤਾਲ ਖਤਮ ਹੋ ਜਾਣ ਅਤੇ ਅੱਧੇ ਹੜਤਾਲੀਆਂ ਨੂੰ ਕੰਮ ‘ਤੇ ਵਾਪਸ ਰੱਖਣ ਤੋਂ ਬਾਅਦ ਵੀ ਬੇਰੁਜ਼ਗਾਰੀ ਦੇ ਸੰਕਟ ‘ਤੇ ਕੋਈ ਫਰਕ ਨਹੀਂ ਪਿਆ। ਹਜਾਰਾਂ ਲੋਕ ਹੁਣ ਵੀ ਕੰਮ ਦੀ ਤਲਾਸ਼ ਵਿਚ ਸੜਕਾਂ ‘ਤੇ ਸਨ। “ਸਵੇਰ ਤੋਂ ਯੂਰਗਿਸ ਕੰਮ ਦੇ ਲਈ ਭੀਖ ਮੰਗਦਾ ਹੋਇਆ ਉਦੋਂ ਤੱਕ ਚੱਲਦਾ ਰਹਿੰਦਾ ਜਦੋਂ ਤੱਕ ਥੱਕ ਕੇ ਬੈਠ ਨਾ ਜਾਂਦਾ, ਉਹ ਇੱਕ ਜਗ੍ਹਾ ਰੁਕ ਨਹੀਂ ਸਕਦਾ ਸੀ – ਬੇਚੈਨ ਅੱਖਾਂ ਨਾਲ਼ ਚਾਰ-ਚੁਫੇਰੇ ਦੇਖਦਾ ਹੋਇਆ ਉਹ ਭਟਕਦਾ ਰਹਿੰਦਾ। ਉਸ ਵਿਸ਼ਾਲ ਸ਼ਹਿਰ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜਿੱਥੇ ਵੀ ਉਹ ਜਾਂਦਾ, ਉਸ ਵਰਗੇ ਸੈਂਕੜੇ ਲੋਕ ਉਥੇ ਪਹਿਲਾਂ ਤੋਂ ਹੀ ਮੌਜੂਦ ਹੁੰਦੇ। ਹਰ ਜਗ੍ਹਾ ਇੱਕੋ ਜਿਹਾ ਹੀ ਦ੍ਰਿਸ਼ ਸੀ – ਕੰਮ ਲਈ ਭਕਟਦੇ ਹੋਏ ਲੋਕਾਂ ਦੀ ਭੀੜ ਅਤੇ ਉਸਨੂੰ ਖਦੇੜਦੇ ਹੋਏ ਸੱਤਾ ਦੇ ਹੱਥ। ਇੱਕ ਤਰ੍ਹਾਂ ਦੀ ਜੇਲ੍ਹ ਉਹ ਹੁੰਦੀ ਹੈ ਜਿਸ ਵਿਚ ਆਦਮੀ ਸਲਾਖਾਂ ਪਿੱਛੇ ਅਤੇ ਉਸਦੀ ਚਾਹਤ ਦੀ ਹਰ ਚੀਜ਼ ਬਾਹਰ ਹੁੰਦੀ ਹੈ; ਪਰ ਇੱਕ ਤਰ੍ਹਾਂ ਦੀ ਜੇਲ੍ਹ ਹੁੰਦੀ ਹੈ ਜਿੱਥੇ ਸਾਰੀਆਂ ਚੀਜਾਂ ਸਲਾਖਾਂ ਦੇ ਪਿੱਛੇ ਰਹਿੰਦੀਆਂ ਹਨ ਪਰ ਆਦਮੀ ਬਾਹਰ ਹੁੰਦਾ ਹੈ।” ਇੱਕ ਦਿਨ ਯੂਰਗਿਸ ਦੀ ਮੁਲਾਕਾਤ ਮਾਰਿਆ ਨਾਲ਼ ਹੋ ਗਈ ਜਿਸਨੂੰ ਹਾਲਾਤਾਂ ਨੇ ਵੇਸ਼ਵਾਗਮਨੀ ਦੇ ਵੱਲ ਧੱਕ ਦਿੱਤਾ ਸੀ, ਉਹ ਹੀ ਹੁਣ ਪਰਿਵਾਰ ਦਾ ਖਰਚ ਚਲਾ ਰਹੀ ਸੀ। ਮਾਰਿਆ ਤੋਂ ਯੂਰਗਿਸ ਨੂੰ ਪਤਾ ਚੱਲਿਆ ਕਿ ਏਲਜ਼ਬਿਅਤਾ ਦੇ ਵੱਡੇ ਲੜਕੇ ਸਤਾਨਿਸਲੋਵਾਸ ਦੀ ਵੀ ਮੌਤ ਹੋ ਗਈ ਹੈ ਜੋ ਕੇਵਲ 14-15 ਸਾਲਾਂ ਦਾ ਸੀ। ਇਹ ਉਸ ਸਮੇਂ ਹੋਇਆ ਜਦ ਉਹ ਗਲਤੀ ਨਾਲ ਇੱਕ ਰਾਤ ਫੈਕਟਰੀ ਵਿੱਚ ਹੀ ਸੌਂ ਗਿਆ ਜਿੱਥੇ ਚੂਹਿਆਂ ਨੇ ਉਸਨੂੰ ਕੁਤਰ ਦਿੱਤਾ। ਮਾਰਿਆ ਨੇ ਯੂਰਗਿਸ ਨੂੰ ਘਰ ਜਾਣ ਲਈ ਵੀ ਕਿਹਾ ਪਰ ਹੁਣ ਉਹ ਜਾਣ ਦੀ ਹਿੰਮਤ ਨਹੀਂ ਕਰ ਸਕਿਆ।

     ਇਸ ਤਰ੍ਹਾਂ ਹੀ ਯੂਰਗਿਸ ਇੱਕ ਵਾਰ ਠੰਢ ਤੋਂ ਬਚਣ ਲਈ ਇੱਕ ਹਾਲ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਇੱਕ ਸਭਾ ਹੋ ਰਹੀ ਸੀ, ਇੱਥੇ ਯੂਗਰਿਸ ਨੂੰ ਕੁਝ ਭਾਸ਼ਣ ਸੁਣਨ ਦਾ ਮੌਕਾ ਮਿਲਦਾ ਹੈ। ਇਹ ਸਭਾ ਸੋਸ਼ਲਿਸਟਾਂ ਦੀ ਸੀ ਜੋ ਸਮਾਜਵਾਦ ਦਾ ਪ੍ਰਚਾਰ ਕਰ ਰਹੇ ਸਨ। ਇੱਕ ਆਦਮੀ  ਮੰਚ ਤੋਂ ਭਾਸ਼ਣ ਦੇ ਰਿਹਾ ਸੀ :

      “ਮੈਂ ਤੁਹਾਨੂੰ ਅਪੀਲ ਕਰਦਾ ਹਾਂ” ਉਸਨੇ ਕਿਹਾ, “ਤੁਸੀਂ ਚਾਹੇ ਜੋ ਵੀ  ਹੋਵੋਂ, ਬਾਸ਼ਰਤੇ ਤੁਸੀਂ ਸੱਚਾਈ ਦੀ ਫਿਕਰ ਕਰਦੇ ਹੋ; ਪਰ ਸਭ ਤੋਂ ਵੱਧ ਮੈਂ ਮਜ਼ਦੂਰਾਂ ਨੂੰ ਅਪੀਲ ਕਰਦਾ ਹਾਂ ਜਿਹਨਾਂ ਲਈ ਇਹ ਭਿਆਨਕ ਗੱਲਾਂ ਜਿਸਦਾ ਮੈਂ ਹੁਣੇ ਹੀ ਜਿਕਰ ਕੀਤਾ, ਮਹਿਜ਼ ਭਾਵਨਾ ਦੀਆਂ ਗੱਲਾਂ ਨਹੀਂ ਹਨ ਜਿਹਨਾਂ ਨਾਲ ਦਿਲ ਬਹਿਲਾਇਆ ਜਾਵੇ ਅਤੇ ਫਿਰ ਕਿਨਾਰੇ ਰੱਖ ਕੇ ਭੁੱਲ ਜਾਈਏ – ਜਿਹਨਾਂ ਲਈ ਇਹ ਰੋਜਾਨਾ ਦੀਆਂ ਕਠੋਰ ਅਤੇ ਤਲਖ ਸੱਚਾਈਆਂ ਹਨ, ਉਹਨਾਂ ਦੇ ਸਰੀਰ ‘ਤੇ ਜਕੜੀਆਂ ਜ਼ੰਜੀਰਾਂ ਹਨ, ਉਹਨਾਂ ਦੀ ਪਿੱਠ ‘ਤੇ ਪੈਣ ਵਾਲ਼ੇ ਸ਼ੈਂਟੇ ਹਨ ਅਤੇ ਉਹਨਾਂ ਦੀ ਆਤਮਾ ਨੂੰ ਝੁਲਸਾਉਣ ਵਾਲ਼ੇ ਅੰਗਿਆਰ। ਮੈਂ ਤੁਹਾਨੂੰ ਕਹਿੰਦਾ ਹਾਂ ਕਿਰਤੀ ਲੋਕੋ! ਤੁਹਾਨੂੰ ਸਭ ਮਿਹਨਤ ਕਰਨ ਵਾਲ਼ਿਆਂ ਨੂੰ ਜਿਹਨਾਂ ਨੇ ਇਹ ਦੇਸ਼ ਬਣਾਇਆ ਹੈ ਪਰ ਇਸਨੂੰ ਚਲਾਉਣ ਵਾਲ਼ੀਆਂ ਸਭ ਪ੍ਰੀਸ਼ਦਾਂ ਵਿੱਚ ਜਿਹਨਾਂ ਦੀ ਕੋਈ ਆਵਾਜ਼ ਨਹੀਂ। ਤੁਹਾਨੂੰ, ਜਿਹਨਾਂ ਦੀ ਤਕਦੀਰ ਹੈ ਸਿਰਫ ਬੀਜਣਾ ਤਾਂਕਿ ਫਸਲ ਦੂਜੇ ਕੱਟ ਕੇ ਲੈ ਜਾਣ; ਦੂਜਿਆਂ ਦੇ ਹੁਕਮ ਦੇ ਕੰਮ ਵਿੱਚ ਲੱਗੇ ਰਹਿਣਾ  ਅਤੇ ਬੋਝ ਢੋਣ ਵਾਲੇ ਪਸ਼ੂ ਤੋਂ ਵੱਧ ਕਿਸੇ ਚੀਜ ਦੀ ਮੰਗ ਨਾ ਕਰਨਾ, ਬਸ ਇੰਨਾ ਹੀ ਪਾਉਣਾ ਕਿ ਅਗਲੇ ਦਿਨ ਤੱਕ ਜੀ ਸਕੋ। ਮੈਂ ਤੁਹਾਡੇ ਕੋਲ ਹੀ ਮੁਕਤੀ ਦਾ ਸੰਦੇਸ਼ ਲੈ ਕੇ ਆਇਆ ਹਾਂ, ਮੈਂ ਤੁਹਾਨੂੰ ਹੀ ਅਪੀਲ ਕਰਦਾ ਹਾਂ…”

ਯੂਰਗਿਸ ਨੇ ਮਹਿਸੂਸ ਕੀਤਾ ਕਿ ਇਹ ਗੱਲਾਂ ਸਿੱਧੇ ਤੌਰ ‘ਤੇ ਉਸਦੀ ਜਿੰਦਗੀ ਨਾਲ਼ ਜੁੜਦੀਆਂ ਸੀ। ਉਸਨੇ ਜਾਣਿਆ ਕਿ ਸਮਾਜਵਾਦੀ ਉਹ ਲੋਕ ਸਨ ਜਿਹਨਾਂ ਨੂੰ ਖਰੀਦਿਆ ਨਹੀਂ ਜਾ ਸਕਦਾ ਸੀ। ਇੱਥੇ ਯੁਰਗਿਸ ਦੀ ਹੋਰ ਲੋਕਾਂ ਨਾਲ਼ ਵੀ ਮੁਲਾਕਾਤ ਹੋਈ ਅਤੇ ਉਸਨੂੰ ਸਮਾਜਵਾਦ ਦੇ ਬਾਰੇ ਵਿੱਚ ਬਹੁਤ ਸਾਰੀਆਂ ਗੱਲਾਂ ਪਤਾ ਲੱਗੀਆਂ। ਯੂਰਗਿਸ ਵੀ ਸਮਾਜਵਾਦ ਦਾ ਕਾਇਲ ਹੋ ਜਾਂਦਾ ਹੈ ਅਤੇ ਖੁਦ ਵੀ ਪ੍ਰਚਾਰ ਵਿੱਚ ਲੱਗ ਜਾਂਦਾ ਹੈ। ਇੱਥੇ ਹੀ ਨਾਵਲ ਸਮਾਪਤ ਹੋ ਜਾਂਦਾ ਹੈ।

‘ਜੰਗਲ਼’ ਨਾਵਲ ਉਹ ਰਚਨਾ ਸੀ ਜਿਸਨੇ ਗਹਿਰਾ ਸਮਾਜਿਕ ਪ੍ਰਭਾਵ ਛੱਡਿਆ ਸੀ। ਮੈਗਜ਼ੀਨ ਵਿੱਚ ਲਗਾਤਾਰ ਲੜੀਵਾਰ ਛਪਣ ਦੇ ਬਾਅਦ ਜਦ ਪੁਸਤਕ ਰੂਪ ਵਿੱਚ ਇਸਨੂੰ ਪ੍ਰਕਾਸ਼ਿਤ ਕਰਨ ਦੀ ਵਾਰੀ ਆਈ ਛੇ ਪ੍ਰਕਾਸ਼ਿਕ ਸਿੱਧੇ ਤੌਰ ‘ਤੇ ਹੱਥ ਖੜੇ ਕਰ ਗਏ। ਜਦੋਂ ਸਿੰਕਲੇਅਰ ਨੇ ਇਸਨੂੰ ਖੁਦ ਪ੍ਰਕਾਸ਼ਿਤ ਕਰਨ ਦਾ ਨਿਰਣਾ ਲਿਆ ਤਾਂ ਡਬਲਸੇ ਇਸਨੂੰ ਪ੍ਰਕਾਸ਼ਿਤ ਕਰਨ ਲਈ ਤਿਆਰ ਹੋ ਗਏ। 1906 ਈ: ਵਿੱਚ ਪੁਸਤਕ ਰੂਪ ਵਿਚ ਆਉਂਦੇ ਹੀ ਇਸ ਦੀ ਨਾਵਲ ਦੀਆਂ 1,50,000 ਕਾਪੀਆਂ ਵਿਕ ਗਈਆਂ ਅਤੇ ਅਗਲੇ ਕੁਝ ਸਾਲਾਂ ਵਿਚ 17 ਭਾਸ਼ਾਵਾਂ ਵਿੱਚ ਇਸਦਾ ਅਨੁਵਾਦ ਹੋ ਚੁੱਕਾ ਸੀ ਇੰਨਾ ਹੀ ਨਹੀਂ ਅਮਰੀਕਾ ਦੇ ਉਸ ਵੇਲੇ ਦੇ ਰਾਸ਼ਟਰਪਤੀ ਥਿਓਡੋਰ ਰੂਜ਼ਵੇਲਟ ਨੇ ਖੁਦ ‘ਜੰਗਲ਼’ ਨਾਵਲ ਪੜ੍ਹਣ ਬਾਅਦ ਆਪਟਨ ਸਿੰਕਲੇਅਰ ਨਾਲ ਮੁਲਾਕਾਤ ਕੀਤੀ ਅਤੇ ਤੁਰੰਤ ਹੀ ਇੱਕ ਜਾਂਚ ਕਮੇਟੀ ਨਿਯੁਕਤ ਕੀਤੀ ਜਿਸਦੀ ਰਿਪੋਰਟ ਦੇ ਅਧਾਰ ‘ਤੇ ਉਸੇ ਸਾਲ ਹੀ ‘ਪਿਉਰ ਫੂਡ ਐਂਡ ਡਰਗਜ਼ ਐਕਟ’ ਅਤੇ ‘ਮੀਟ ਇੰਸਪੈਕਸ਼ਨ ਐਕਟ’ ਨਾਮੀ ਦੋ ਕਾਨੂੰਨ ਬਣਾਏ ਅਤੇ ਮਾਸ ਪੈਕਿੰਗ ਉਦਯੋਗ ਦੇ ਮਜ਼ਦੂਰਾਂ ਦੀਆਂ ਜੀਵਨ ਸਥਿਤੀਆਂ ਵਿੱਚ ਸੁਧਾਰ ਕਰਨ ਲਈ ਕੁਝ ਕਦਮ ਉਠਾਏ ਗਏ। ਇਸ ਨਾਵਲ ਨੇ ਮਜ਼ਦੂਰਾਂ ਦੀ ਵਿਆਪਕ ਅਬਾਦੀ ਨੂੰ ਟ੍ਰੇਡ ਯੂਨੀਅਨ ਅਤੇ ਸਮਾਜਵਾਦੀ ਲਹਿਰਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਆਪਟਨ ਸਿੰਕਲੇਅਰ ਨੇ ਕਈ ਵਾਰ ਸਪੱਸ਼ਟ ਕੀਤਾ ਕਿ ਉਸਦਾ ਉਦੇਸ਼ ਪੈਕਿੰਗ ਉਦਯੋਗ ਦੀਆਂ ਅਮਾਨਵੀ ਸਥਿਤੀਆਂ ਨੂੰ ਹੀ ਪੇਸ਼ ਕਰਨਾ ਨਹੀਂ ਸੀ ਸਗੋਂ ਮੁੱਖ ਤੌਰ ‘ਤੇ ਉਜਰਤੀ ਗੁਲਾਮੀ ਨੂੰ ਕਟਹਿਰੇ ਵਿੱਚ ਖੜ੍ਹਾ ਕਰਨਾ ਸੀ। ਉਹਨਾਂ ਨੇ ਦੱਸਿਆ ਕਿ ਨਾਵਲ ਦਾ ਉਦੇਸ਼ ਸਨਅਤੀ ਸਰਮਾਏਦਾਰੀ ਵਿੱਚ ਕਿਰਤੀ ਇਸਤਰੀ-ਪੁਰਸ਼ਾਂ ਦੀਆਂ ਅਮਾਨਵੀ ਸਥਿਤੀਆਂ ਦਾ ਜੀਵਨ ਦਸਤਾਵੇਜ ਪੇਸ਼ ਕਰਨਾ ਸੀ। ਜਾਹਿਰ ਹੈ, ਰੂਜ਼ਵੇਲਟ ਦੁਆਰਾ ਸੁਧਾਰ ਦੇ ਕੁਝ ਕਦਮ ਉਠਾਉਣ ਨਾਲ ਅਮਰੀਕਾ ਦੇ ਮਜ਼ਦੂਰ ਜਮਾਤ ਦੇ ਲਈ ਸਥਿਤੀਆਂ ਬਹੁਤ ਸਾਜ਼ਗਾਰ ਨਹੀਂ ਹੋ ਗਈਆਂ ਸਨ। ਪਰ ਮਜ਼ਦੂਰ ਜਮਾਤ ਦੇ ਸੰਘਰਸ਼ ਅਤੇ ਟਾਕਰੇ ਤੇ ਨਾਲ ਹੀ ਮਜ਼ਦੂਰ ਜਮਾਤ ਦੇ ਭਿਅੰਕਰ ਜੀਵਨ ਚਿਤਰਨ ਦੁਆਰਾ ਇਸ ਨਾਵਲ ਨੇ ਅਸਲ ਵਿੱਚ ਮਜ਼ਦੂਰ ਜਮਾਤ ਦੀ ਸਿਆਸਤ ਨੂੰ ਅੱਗੇ ਵਧਾਇਆ।

ਸਿੰਕਲੇਅਰ ਨੇ ਆਪਣੀਆਂ ਹੋਰ ਵੀ ਰਚਨਾਵਾਂ ਦੁਆਰਾ ਲਗਾਤਾਰ ਸਰਮਾਏਦਾਰੀ ਨੂੰ ਨੰਗਾ ਕੀਤਾ। ਉਸਦੀ ਪ੍ਰਮੁੱਖ ਰਚਨਾਵਾਂ ‘ਦਿ ਮੈਟ੍ਰੋਪੋਲੀਸ’ (1908), ‘ਕਿੰਗ ਕੋਲ’ (1917), ‘ਆਇਲ’ (1927), ‘ਬੋਸਟਨ’ (1928), ‘ਦਿ ਫਿਲਵਰ ਕਿੰਗ’ (1937), ‘ਨੋ ਪੈਸਾਰਾਨ’ (1937), ਅਤੇ ‘ਦਿ ਬ੍ਰਾਸ ਚੈਕ’ (1919) ਆਦਿ ਸਨ। ਇੱਥੇ ਇਹ ਵੀ ਦੱਸ ਦੇਈਏ ਕਿ ਮਜ਼ਦੂਰ ਜਮਾਤ ਅਤੇ ਉਸਦੇ ਇਤਿਹਾਸਿਕ ਮਿਸ਼ਨ ਪ੍ਰਤੀ ਡੂੰਘੀ ਭਾਵਨਾਤਮਕ ਨਿਸ਼ਠਾ, ਸਰਮਾਏਦਾਰੀ ਲੁੱਟ ਨਾਲ਼ ਜ਼ਬਰਦਸਤ ਘ੍ਰਿਣਾ ‘ਤੇ ਮਾਨਵਤਾ ਦੇ ਸੁੰਦਰ ਭਵਿੱਖ ਵਿਚ ਡੂੰਘੀ ਆਸਥਾ ਹੋਣ ‘ਤੇ ਵੀ ਉਸਦੀ ਵਿਚਾਰ ਪ੍ਰਕ੍ਰਿਆ ਵਿੱਚ ਅੰਤ ਤੱਕ ਅਨੁਭਵਵਾਦ ਅਤੇ ਪ੍ਰਤੱਖਵਾਦ ਦਾ ਰੁਝਾਣ ਬਣਿਆ ਰਿਹਾ। ਲੈਨਿਨ ਨੇ ਕਿਹਾ ਸੀ ਕਿ ਉਹ ਭਾਵਨਾਵਾਂ ਤੋਂ ਸਮਾਜਵਾਦੀ ਹੈ ਪਰ ਉਸਦਾ ਕੋਈ ਸਿਧਾਂਤਕ ਪਹੁੰਚ ਨਹੀਂ ਹੈ। ਉਹਨਾਂ ਨੇ ਸਿਆਸੀ ਜੀਵਨ ਵਿੱਚ ਵੀ ਕਈ ਵਾਰ ਅਨੁਭਵਵਾਦੀ ਢੰਗ ਨਾਲ਼ ਕੰਮ ਕੀਤੇ । ਉਸਨੇ ਪਹਿਲੀ ਸੰਸਾਰ ਜੰਗ ਵਿਚ ਅਮਰੀਕਾ ਦੇ ਸ਼ਾਮਲ ਹੋਣ ਦੇ ਪੱਖ ਵਿੱਚ ਪੋਜ਼ੀਸ਼ਨ ਲਈ, ਜਿਸਨੂੰ ਬਾਅਦ ਵਿੱਚ ਉਸਨੇ ਆਪਣੀ ਇੱਕ ਗਲਤੀ ਦੇ ਰੂਪ ਵਿੱਚ ਪ੍ਰਵਾਨ ਕੀਤਾ। ਸਿੰਕਲੇਅਰ ਦੀਆਂ ਸੋਵੀਅਤ ਸੰਘ ਬਾਰੇ ਕਈ ਸ਼ੰਕਾਵਾਂ ਸਨ। ਉਹ ਜੀਵਨ ਵਿੱਚ ਕਈ ਵਾਰ ਉਦਾਰਵਾਦੀ ਅਤੇ ਸੁਧਾਰਵਾਦੀ ਭਰਮਾਂ ਦਾ ਸ਼ਿਕਾਰ ਹੋਏ ਅਤੇ ਉਹਨਾਂ ਵਿੱਚੋਂ ਅਨੁਭਵਵਾਦੀ ਢੰਗ ਨਾਲ਼ ਹੀ ਉਭਰਦੇ ਰਹੇ। ਮਾਰਕਸਵਾਦ ਅਤੇ ਵਿਗਿਆਨਿਕ ਸਮਾਜਵਾਦ ਦੀ ਸਮਝ ਨਾਲ਼ ਲੈਸ ਨਾ ਹੋਣ ਕਰਕੇ ਕਈ ਵਾਰ ਸੁਧਾਰਵਾਦੀ ਅਤੇ ਸਮਾਜਿਕ ਜਮਹੂਰੀ ਪੋਜ਼ੀਸ਼ਨ ਅਪਨਾਉਂਦੇ ਅਤੇ ਅਮਰੀਕੀ ਮਜ਼ਦੂਰ ਜਮਾਤ ਦੀ ਲਹਿਰ ਜਿਸ ਸੁਧਾਰਵਾਦ, ਟ੍ਰੇਡਯੂਨੀਅਨਵਾਦ, ਆਰਥਿਕਤਾਵਾਦ, ਗੁੱਟਵਾਦ ਅਤੇ ਸਮਝੌਤਾਪ੍ਰਸਤੀ ਦਾ ਸ਼ਿਕਾਰ ਰਹੀ ਸੀ ਉਸਦਾ ਸ਼ਿਕਾਰ ਇਕ ਹੱਦ ਤੱਕ ਉਹ ਵੀ ਰਹੇ ਸਨ।

ਆਪਣੇ ਸਭ ਢਿੱਲੇਪਣ ਦੇ ਬਾਵਜੂਦ ਸਿੰਕਲੇਅਰ 20ਵੀਂ ਸਦੀ ਦੇ ਇੱਕ ਮਹਾਨ ਯਥਾਰਥਵਾਦੀ ਰਚਨਾਕਾਰ ਸਨ ਅਤੇ ਸੰਸਾਰ ਭਰ ਵਿੱਚ ਉਹਨਾਂ ਦਾ ਵੱਡਾ ਪਾਠਕ ਵਰਗ ਸੀ। ਸਪੱਸ਼ਟ ਤੌਰ ‘ਤੇ ਉਹਨਾਂ ਨੇ ਮਜ਼ਦੂਰ ਜਮਾਤ ਦਾ ਪੱਖ ਚੁਣਿਆ।ਸਭ ਸਰਮਾਏਦਾਰਾਂ ਕਲਮਘਸੀਟ ਉਸਦੀ ਚਰਚਾ ਘੱਟ ਤੋਂ ਘੱਟ ਕਰਦੇ ਹਨ। ਇਸਦਾ ਇੱਕ ਹੀ ਕਾਰਨ ਹੈ ਕਿ ਸਿੰਕਲੇਅਰ ਦੀਆਂ ਰਚਨਾਵਾਂ ਅੱਜ ਵੀ ਸਰਮਾਏਦਾਰ ਜਮਾਤ ਲਈ ਉਨੀਆਂ ਹੀ ਖਤਰਨਾਕ ਹਨ ਜਿੰਨੀਆਂ 20ਵੀਂ ਸਦੀ ਦੇ ਸ਼ੁਰੂ ਵਿੱਚ ਸਨ। ਅੱਜ ਜਦੋਂ ਸਾਹਿਤ ਵਿੱਚੋਂ ਮਜ਼ਦੂਰ ਜਮਾਤ ਗਾਇਬ ਨਜ਼ਰ ਆਉਂਦੀ ਹੈ ਤਾਂ ਆਪਟਨ ਸਿੰਕਲੇਅਰ ਵਰਗੇ ਰਚਨਾਕਾਰਾਂ ਦੀ ਜ਼ਰੂਰਤ ਹੋਰ ਵੀ ਜ਼ਿਆਦਾ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 2, ਮਾਰਚ 2012 ਵਿਚ ਪ੍ਰਕਾਸ਼ਿ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s